ਗੁਲਾਬੀ ਸੁੰਡੀ ਨਾਲ ਕਿਸਾਨਾਂ ਨੂੰ ਤਿੰਨ ਹਜ਼ਾਰ ਕਰੋੜ ਦੀ ਵਿੱਤੀ ਮਾਰ

ਚੰਡੀਗੜ੍ਹ: ਗੁਲਾਬੀ ਸੁੰਡੀ ਨੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਮੋਟਾ ਰਗੜਾ ਲਾਇਆ ਹੈ। ਇਕੱਲੇ ਬਠਿੰਡਾ ਤੇ ਮਾਨਸਾ ਜਿਲ੍ਹੇ ‘ਚ ਕਿਸਾਨਾਂ ਨੂੰ ਤਕਰੀਬਨ ਤਿੰਨ ਹਜ਼ਾਰ ਕਰੋੜ ਰੁਪਏ ਦੀ ਵਿੱਤੀ ਮਾਰ ਪਈ ਹੈ। ਬਠਿੰਡਾ ਤੇ ਮਾਨਸਾ ਜਿਲ੍ਹੇ ਵਿਚ ਨਰਮੇ ਦੀ ਸੌ ਫੀਸਦੀ ਫਸਲ ਤਬਾਹ ਹੋ ਗਈ ਹੈ। ਮਾਲ ਵਿਭਾਗ ਪੰਜਾਬ ਨੇ ਪ੍ਰਭਾਵਿਤ ਫਸਲਾਂ ਦੀ ਗਿਰਦਾਵਰੀ ਕਰਨ ਮਗਰੋਂ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ ਜਿਸ ‘ਚ ਇਹ ਤੱਥ ਉੱਭਰੇ ਹਨ।

ਮਾਲ ਵਿਭਾਗ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਬਠਿੰਡਾ ਜਿਲ੍ਹੇ ਵਿਚ ਕੁੱਲ 2.43 ਲੱਖ ਏਕੜ ਰਕਬਾ ਨਰਮੇ ਹੇਠ ਹੈ। ਇਸ ‘ਚੋਂ ਵੱਡੇ ਰਕਬੇ ‘ਚ ਨਰਮੇ ਦੀ ਫਸਲ 76 ਤੋਂ ਸੌ ਫੀਸਦ ਤੱਕ ਨੁਕਸਾਨੀ ਗਈ ਹੈ ਜਦਕਿ 150 ਏਕੜ ਰਕਬੇ ਦਾ ਨੁਕਸਾਨ ਥੋੜ੍ਹਾ ਘੱਟ ਹੋਇਆ ਹੈ। ਇਸੇ ਤਰ੍ਹਾਂ ਮਾਨਸਾ ਜਿਲ੍ਹੇ ਦੇ ਕੁੱਲ 1.52 ਲੱਖ ਏਕੜ ਰਕਬੇ ‘ਚੋਂ ਸੌ ਫੀਸਦੀ ਫਸਲ 76 ਤੋਂ 100 ਫੀਸਦੀ ਪ੍ਰਭਾਵਿਤ ਹੋਈ ਹੈ। ਸੰਗਰੂਰ ਜਿਲ੍ਹੇ ਵਿਚ ਕੁੱਲ 6600 ਏਕੜ ਰਕਬੇ ‘ਚ ਨਰਮਾ ਬੀਜਿਆ ਗਿਆ ਜਿਸ ‘ਚੋਂ 4092 ਏਕੜ ਰਕਬਾ ਪ੍ਰਭਾਵਿਤ ਹੋਇਆ ਹੈ।
ਗਿਰਦਾਵਰੀ ਰਿਪੋਰਟ ਦੇ ਆਧਾਰ ‘ਤੇ ਬਠਿੰਡਾ ਮਾਨਸਾ ਜਿਲ੍ਹਿਆਂ ਦੇ ਨਰਮਾ ਕਾਸ਼ਤਕਾਰਾਂ ਦਾ 3081 ਕਰੋੜ ਰੁਪਏ ਨੁਕਸਾਨ ਹੋਇਆ ਹੈ। ਲੰਘੇ ਵਰ੍ਹੇ ਇਨ੍ਹਾਂ ਜਿਲ੍ਹਿਆਂ ਵਿਚ ਨਰਮੇ ਦਾ ਪ੍ਰਤੀ ਏਕੜ ਝਾੜ 14 ਕੁਇੰਟਲ ਰਿਹਾ ਸੀ। ਇਸੇ ਤਰ੍ਹਾਂ ਮੌਜੂਦਾ ਭਾਅ ਵੱਲ ਵੇਖੀਏ ਤਾਂ ਬਠਿੰਡਾ ਜਿਲ੍ਹੇ ਵਿਚ 5890 ਤੋਂ 7910 ਰੁਪਏ ਪ੍ਰਤੀ ਕੁਇੰਟਲ ਅਤੇ ਮਾਨਸਾ ਜਿਲ੍ਹੇ ਵਿਚ 5800 ਰੁਪਏ ਤੋਂ ਲੈ ਕੇ 7750 ਰੁਪਏ ਪ੍ਰਤੀ ਕੁਇੰਟਲ ਤੱਕ ਨਰਮਾ ਵਿਕ ਰਿਹਾ ਹੈ। ਐਤਕੀਂ ਔਸਤਨ 12 ਕੁਇੰਟਲ ਪ੍ਰਤੀ ਏਕੜ ਦੇ ਝਾੜ ਅਤੇ 6500 ਰੁਪਏ ਪ੍ਰਤੀ ਕੁਇੰਟਲ ਦਾ ਔਸਤਨ ਭਾਅ ਹੋਣ ਦੇ ਲਿਹਾਜ਼ ਨਾਲ ਮਾਨਸਾ ਜਿਲ੍ਹੇ ਵਿਚ ਨੁਕਸਾਨੀ ਫਸਲ ਕਰ ਕੇ ਕਿਸਾਨਾਂ ਦਾ 1185 ਕਰੋੜ ਅਤੇ ਬਠਿੰਡਾ ਜਿਲ੍ਹੇ ‘ਚ 1895 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋ ਚੁੱਕਾ ਹੈ।
ਸਰਕਾਰੀ ਰਿਪੋਰਟ ਅਨੁਸਾਰ ਬਠਿੰਡਾ ਤੇ ਮਾਨਸਾ ਜਿਲ੍ਹਿਆਂ ਵਿਚ ਕਰੀਬ 3081 ਕਰੋੜ ਦੀ ਫਸਲ ਨੁਕਸਾਨੀ ਗਈ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਖਰਾਬੇ ਦਾ ਮੁਆਵਜ਼ਾ 477.76 ਕਰੋੜ ਰੁਪਏ ਦਿੱਤਾ ਜਾਣਾ ਹੈ। ਇਸ ‘ਚ ਕੇਂਦਰ ਸਰਕਾਰ ਵੱਲੋਂ 216.11 ਕਰੋੜ ਅਤੇ ਰਾਜ ਸਰਕਾਰ ਨੇ 261.65 ਕਰੋੜ ਰੁਪਏ ਦੀ ਹਿੱਸੇਦਾਰੀ ਪਾਉਣੀ ਹੈ। ਸਮੁੱਚੀ ਨਰਮਾ ਪੱਟੀ ਵਿਚ ਗੁਲਾਬੀ ਸੁੰਡੀ ਕਰਕੇ 3.96 ਲੱਖ ਏਕੜ ਫਸਲ 76 ਤੋਂ 100 ਫੀਸਦੀ ਤਬਾਹ ਹੋਈ ਹੈ। ਕੁਝ ਵਰ੍ਹੇ ਪਹਿਲਾਂ ਜਦੋਂ ਨਰਮੇ ‘ਤੇ ਚਿੱਟੀ ਮੱਖੀ ਦਾ ਹਮਲਾ ਹੋਇਆ ਸੀ ਤਾਂ ਉਦੋਂ 23 ਹਜ਼ਾਰ ਕਰੋੜ ਦੀ ਫਸਲ ਨੁਕਸਾਨੀ ਗਈ ਸੀ ਅਤੇ ਸਰਕਾਰ ਨੇ ਕਿਸਾਨਾਂ ਨੂੰ 643 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਸੀ।
__________________________________________
ਮੁੱਖ ਮੰਤਰੀ ਨੂੰ ਗਿਰਦਾਵਰੀ ‘ਤੇ ਸ਼ੱਕ
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਲਾਬੀ ਸੁੰਡੀ ਕਾਰਨ ਹੋਏ ਖਰਾਬੇ ਦੇ ਮਾਮਲੇ ‘ਤੇ ਉੱਚ ਅਫਸਰਾਂ ਨਾਲ ਮੀਟਿੰਗ ਕੀਤੀ ਹੈ ਜਿਸ ਵਿਚ ਗਿਰਦਾਵਰੀ ਦੀ ਪੇਸ਼ ਰਿਪੋਰਟ ‘ਤੇ ਮੁੱਖ ਮੰਤਰੀ ਨੇ ਉਂਗਲ ਉਠਾਈ ਹੈ ਅਤੇ ਉਨ੍ਹਾਂ ਮਾਲ ਵਿਭਾਗ ਨੂੰ ਹੋਈ ਗਿਰਦਾਵਰੀ ਦੀ ਮੁੜ ਚੈਕਿੰਗ ਕਰਨ ਵਾਸਤੇ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਨਰਮੇ ਦੀ ਫਸਲ ਵੀ ਆ ਰਹੀ ਹੈ ਤੇ ਇਧਰ ਗਿਰਦਾਵਰੀ ਮੁਤਾਬਕ ਸਮੁੱਚੀ ਫਸਲ ਦੀ ਤਬਾਹੀ ਦਿਖਾਈ ਜਾ ਰਹੀ ਹੈ। ਪਤਾ ਲੱਗਾ ਹੈ ਕਿ ਹੁਣ ਮਾਲ ਮਹਿਕਮੇ ਵੱਲੋਂ ਕਾਨੂੰਗੋਆਂ ਤੋਂ ਪੜਤਾਲ ਕਰਾਈ ਜਾਣੀ ਹੈ।