ਕੇਜਰੀਵਾਲ ਨੇ ਕਾਰੋਬਾਰੀਆਂ ਕੋਲੋਂ ‘ਆਪ` ਲਈ ਇਕ ਮੌਕਾ ਮੰਗਿਆ

ਜਲੰਧਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਉਦਯੋਗ, ਵਪਾਰ ਅਤੇ ਕਾਰੋਬਾਰ ਦੇ ਵਿਕਾਸ ਦੀ ਬਿਹਤਰੀ ਲਈ 10 ਵਾਅਦੇ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ` ਦੀ ਸਰਕਾਰ ਬਣਾਉਣ ਵਿਚ ਉਹ ਆਪਣਾ ਯੋਗਦਾਨ ਪਾਉਣ।

ਇਥੇ ਇਕ ਰਿਜ਼ੌਰਟ ਵਿਚ ਸ੍ਰੀ ਕੇਜਰੀਵਾਲ ਨੇ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਸਾਥ ਮੰਗਦਿਆਂ ਕਿਹਾ, ‘’ਤੁਸੀਂ ਕਾਂਗਰਸ ਵਿਚ ਕੈਪਟਨ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਬਾਦਲਾਂ ਨੂੰ ਪਰਖ ਕੇ ਦੇਖ ਲਿਆ ਹੈ। ਹੁਣ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਦਿਓ।“ ਉਨ੍ਹਾਂ ਸਪੱਸ਼ਟ ਤੌਰ `ਤੇ ਕਿਹਾ ਕਿ ਪਾਰਟੀ ਨੂੰ ਕਾਰੋਬਾਰੀਆਂ ਕੋਲੋਂ ਫੰਡ ਨਹੀਂ ਚਾਹੀਦੇ ਹਨ, ਉਹ ਸਿਰਫ ਉਨ੍ਹਾਂ ਦਾ ਸਾਥ ਚਾਹੁੰਦੇ ਹਨ। ਸ੍ਰੀ ਕੇਜਰੀਵਾਲ ਨੇ ਅਪੀਲ ਕੀਤੀ,’’ਇਕ ਮੌਕਾ ਸਾਨੂੰ ਵੀ ਦਿਓ, ਬਾਕੀ ਸਾਰਿਆਂ ਨੂੰ ਭੁੱਲ ਜਾਓਗੇ।“ ਉਨ੍ਹਾਂ ‘ਆਪ` ਦੀ ਦਿੱਲੀ `ਚ ਬਣੀ ਸਰਕਾਰ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ ਕਿ ਵਪਾਰ ਅਤੇ ਕਾਰੋਬਾਰ ਲਈ ਦਿੱਲੀ `ਚ ਕ੍ਰਿਸ਼ਮਾ ਕਰਕੇ ਦਿਖਾਇਆ ਹੈ ਤੇ ਪੰਜਾਬ `ਚ ਸਰਕਾਰ ਬਣਨ `ਤੇ ਵੀ ਅਜਿਹਾ ਕਰਕੇ ਦਿਖਾਉਣਗੇ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਪੰਜਾਬ ਦੇ ਕੁਝ ਮੰਤਰੀ ਅਤੇ ਵਿਧਾਇਕ ਕਾਰੋਬਾਰੀਆਂ ਕੋਲੋਂ ਗੁੰਡਾ ਟੈਕਸ ਵਸੂਲਦੇ ਹਨ ਜੋ ਉਨ੍ਹਾਂ ਦੀ ਸਰਕਾਰ ਬਣਨ `ਤੇ ਬੰਦ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ‘ਆਪ` ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਵੱਡੀਆਂ ਪਾਰਟੀਆਂ ‘ਆਪ` ਨੂੰ ਦੇਖ ਦੇ ਰਾਜਨੀਤਕ ਏਜੰਡੇ ਤੈਅ ਕਰਨ ਲੱਗ ਪਈਆਂ ਹਨ।
______________________________________
ਕੇਜਰੀਵਾਲ ਦੇ ਦਾਅਵੇ ਝੂਠੇ ਕਰਾਰ
ਜਲੰਧਰ: ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਨਅਤਕਾਰਾਂ ਨਾਲ ਕੀਤੇ ਵਾਅਦਿਆਂ ਨੂੰ ਝੂਠੇ ਦਾਅਵੇ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੇ ਵਾਅਦਾ ਕੀਤਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਸੂਬੇ ਨੂੰ 24 ਘੰਟੇ ਬਿਜਲੀ ਸਪਲਾਈ ਦੇਵੇਗੀ। ਉਨ੍ਹਾਂ ਕਿਹਾ ਕਿ ਸ਼ਾਇਦ ਕੇਜਰੀਵਾਲ ਇਹ ਨਹੀਂ ਜਾਣਦੇ ਕਿ ਪੰਜਾਬ ਸਰਕਾਰ ਅਣਕਿਆਸੇ ਹਾਲਾਤ ਤੇ ਮੁਰੰਮਤ ਦੇ ਸਮੇਂ ਨੂੰ ਛੱਡ ਕੇ ਲੋਕਾਂ ਨੂੰ ਪਹਿਲਾਂ ਹੀ 24 ਘੰਟੇ ਬਿਜਲੀ ਸਪਲਾਈ ਦੇ ਰਹੀ ਹੈ। ਉਨ੍ਹਾਂ ਦੀ ਸਰਕਾਰ ਸੂਬੇ ਭਰ ਵਿਚ ਇੰਸਪੈਕਟਰੀ ਰਾਜ ਪਹਿਲਾਂ ਦੀ ਖਤਮ ਕਰ ਚੁੱਕੀ ਹੈ।
_____________________________________
ਕਾਂਗਰਸ ਨੇ ਸਦਾ ਗੁਮਰਾਹ ਕੀਤਾ: ਸਿਸੋਦੀਆ
ਜਲੰਧਰ: ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਜਲੰਧਰ ਵਿਚ ਕੱਢੀ ਗਈ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲਈ ਪਹੁੰਚੇ ‘ਆਪ` ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ `ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਦੇਣ ਦੇ ਵਾਅਦੇ ਨਾਲ ਗਰੀਬਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਗੁਮਰਾਹ ਕੀਤਾ ਸੀ। ਉਨ੍ਹਾਂ ਕਿਹਾ ਕਿ ਚੰਨੀ ਹੁਣ ਪੰਜਾਬ ਦੇ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲਾ ਪਲਾਟਾਂ ਦੇ ਸੁਫਨੇ ਦਿਖਾਉਣ ਲੱਗੇ ਹਨ। ਜਿਸ ਤਰ੍ਹਾਂ ਰੁਜ਼ਗਾਰ ਕਾਰਡ ਇਕ ਝਾਂਸਾ ਸੀ, ਉਸੇ ਤਰ੍ਹਾਂ ਪੰਜ ਮਰਲਾ ਜ਼ਮੀਨ ਦੇਣ ਦਾ ਦਾਅਵਾ ਵੀ ਮਹਿਜ਼ ਫਰਜ਼ੀਵਾੜਾ ਹੈ।