ਕੇਂਦਰ ਦੇ ਹੱਲਿਆਂ ਖਿਲਾਫ ਸਿਆਸੀ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਲੜਾਈ ਬੰਦ ਕਰ ਕੇ ਕੇਂਦਰ ਵੱਲੋਂ ਪੰਜਾਬ ਨੂੰ ਪਿਛਲੇ ਦਰਵਾਜੇ ਰਾਹੀਂ ਬੀ.ਐਸ.ਐਫ. ਵਰਗੇ ਕੇਂਦਰੀ ਸੁਰੱਖਿਆ ਬਲਾਂ ਹਵਾਲੇ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਬਦਲਣ ਦੇ ਯਤਨਾਂ ਵਿਰੁੱਧ ਇਕਜੁੱਟ ਹੋ ਕੇ ਹੰਭਲਾ ਮਾਰਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਇਸ ਕਦਮ ਨਾਲ ਪਹਿਲਾਂ ਹੀ ਖਤਰੇ ਵਿਚ ਪਿਆ ਦੇਸ਼ ਦਾ ਸੰਘੀ ਢਾਂਚਾ ਹੋਰ ਕਮਜ਼ੋਰ ਹੋ ਜਾਵੇਗਾ ਤੇ ਇਸ ਨਾਲ ਸੂਬਾ ਸਰਕਾਰ ਮਿਉਂਸਪੈਲਟੀ ਬਣ ਕੇ ਰਹਿ ਜਾਵੇਗੀ।

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ ਨੇ ਕੇਂਦਰ ਸਰਕਾਰ ਵੱਲੋਂ ਸਰਹੱਦਾਂ ‘ਤੇ ਤਾਇਨਾਤ ਬੀ.ਐਸ.ਐਫ. ਦੇ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਇਸ ਨੂੰ ਰਾਜਾਂ ਦੇ ਅਧਿਕਾਰਾਂ ਦਾ ਉਲੰਘਣ ਆਖਦਿਆਂ ਕੇਂਦਰ ਸਰਕਾਰ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਬਾਬਾ ਹਰਨਾਮ ਸਿੰਘ ਖਾਲਸਾ ਨੇ ਸਮੂਹ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਇਹ ਫੈਸਲਾ ਭਾਰਤੀ ਸੰਵਿਧਾਨ ਅਤੇ ਸੰਘੀ ਢਾਂਚੇ ਦੀ ਰੂਹ ਨਾਲ ਖਿਲਵਾੜ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸਰਹੱਦੀ ਸੁਰੱਖਿਆ ਦਲ (ਬੀ.ਐਸ.ਐਫ.) ਦੇ ਅਧਿਕਾਰੀਆਂ ਦੇ ਅਧਿਕਾਰ ਖੇਤਰ ਵਿਚ ਵਾਧਾ ਕੀਤਾ ਹੈ। ਇਹ ਅਧਿਕਾਰੀ ਹੁਣ ਭਾਰਤ ਦੇ ਸਰਹੱਦੀ ਸੂਬਿਆਂ (ਪੰਜਾਬ, ਪੱਛਮੀ ਬੰਗਾਲ, ਅਸਾਮ ਤੇ ਤ੍ਰਿਪੁਰਾ) ਦੇ ਕੌਮਾਤਰੀ ਸਰਹੱਦ ਤੋਂ 50 ਕਿਲੋਮੀਟਰ ਦੇ ਘੇਰੇ ਵਿਚ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਸਕਣਗੇ, ਉਨ੍ਹਾਂ ਦੀ ਤਲਾਸ਼ੀ ਲੈ ਸਕਣਗੇ ਤੇ ਇਤਰਾਜ਼ਯੋਗ ਸਾਮਾਨ ਨੂੰ ਜ਼ਬਤ ਵੀ ਕਰ ਸਕਣਗੇ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਇਸ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਬੀ.ਐਸ.ਐਫ. ਨੂੰ ਹੁਣ ਸੀ.ਆਰ.ਪੀ.ਸੀ. (ਕੋਡ ਆਫ ਕ੍ਰਿਮੀਨਲ ਪ੍ਰੋਸਿਜਰ), ਪਾਸਪੋਰਟ ਐਕਟ ਅਤੇ ਪਾਸਪੋਰਟ (ਐਂਟਰੀ ਟੂ ਇੰਡੀਆ) ਐਕਟ ਤਹਿਤ ਕਾਰਵਾਈ ਕਰਨ ਲਈ ਅਥਾਰਿਟੀ ਦੇ ਦਿੱਤੀ ਗਈ ਹੈ।
__________________________________
ਸੁਰੱਖਿਆ ਬਲਾਂ ਦੀ ਸਿਆਸੀ ਸੰਦ ਵਜੋਂ ਵਰਤੋਂ ਨਾ ਹੋਵੇ: ਜਾਖੜ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਬੀ.ਐਸ.ਐਫ. ਨੂੰ ਵਧੇਰੇ ਖ਼ੁਦਮੁਖ਼ਤਿਆਰੀ ਦੇਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਸੁਰੱਖਿਆ ਬਲਾਂ ਨੂੰ ਸਿਆਸੀ ਸੰਦ ਵਜੋਂ ਇਸਤੇਮਾਲ ਨਾ ਕੀਤਾ ਜਾਵੇ। ਸ੍ਰੀ ਜਾਖੜ ਨੇ ਇਕ ਟਵੀਟ ਵਿਚ ਕਿਹਾ, ‘’ਸਾਨੂੰ ਆਪਣੇ ਸੁਰੱਖਿਆ ਜਵਾਨਾਂ `ਤੇ ਮਾਣ ਹੈ, ਜਿਨ੍ਹਾਂ ਦਾ ਕੰਮ ਨਾ ਸਿਰਫ ਸਾਡੀਆਂ ਸਰਹੱਦਾਂ ਦੀ ਰਾਖੀ ਕਰਨਾ ਬਲਕਿ ਭਾਰਤ ਨੂੰ ਵਿਦੇਸ਼ ਹਮਲਿਆਂ ਤੋਂ ਬਚਾਉਣਾ ਵੀ ਹੈ। ਇਨ੍ਹਾਂ ਨੂੰ ਆਪਣੀਆਂ ਨਾਕਾਮੀਆਂ ਛੁਪਾਉਣ ਅਤੇ ਆਗੂਆਂ ਤੇ ਸਰਕਾਰਾਂ ਵੱਲੋਂ ਪਾਏ ਖਿਲਾਰੇ ਨੂੰ ਸਮੇਟਣ ਲਈ ਢਾਲ ਵਜੋਂ ਵਰਤਣਾ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਬਹਾਦਰ ਸੁਰੱਖਿਆ ਬਲਾਂ ਦਾ ਮਨੋਬਲ ਡਿੱਗਦਾ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਿਹਤਰ ਇਹ ਗੱਲ ਕੋਈ ਨਹੀਂ ਜਾਣਦਾ।“