ਚੰਨੀ ਤੇ ਕੈਪਟਨ ਦੀ ਮਿਲਣੀ ਦੇ ਸਿਆਸੀ ਕਿਆਫੇ ਲੱਗਣੇ ਸ਼ੁਰੂ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫਾਰਮ ਹਾਊਸ ‘ਤੇ ਪਲੇਠੀ ਮੀਟਿੰਗ ਕੀਤੀ, ਜਿਸ ਨੂੰ ਲੈ ਕੇ ਸਿਆਸੀ ਕਿਆਫੇ ਲੱਗਣੇ ਸ਼ੁਰੂ ਹੋ ਗਏ ਹਨ। ਬਾਹਰੀ ਨਜ਼ਰੇ ਇਹ ਮਿਲਣੀ ਪਰਿਵਾਰਕ ਜਾਪਦੀ ਹੈ, ਪਰ ਸਿਆਸੀ ਮਾਹਿਰ ਇਸ ਨੂੰ ਨਵੇਂ ਰਾਜਸੀ ਜੋੜ-ਤੋੜ ਵਜੋਂ ਦੇਖ ਰਹੇ ਹਨ।

ਮੁੱਖ ਮੰਤਰੀ ਬਣਨ ਮਗਰੋਂ ਚਰਨਜੀਤ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਇਹ ਮਿਲਣੀ ਉਦੋਂ ਕੀਤੀ ਹੈ ਜਦੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਈਕਮਾਂਡ ਨਾਲ ਮੁਲਾਕਾਤ ਕਰਨ ਲਈ ਦਿੱਲੀ ਵਿਚ ਸਨ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਨਵਵਿਆਹੇ ਪੁੱਤਰ ਅਤੇ ਨੂੰਹ ਨੂੰ ਆਸ਼ੀਰਵਾਦ ਦਿਵਾਉਣ ਲਈ ਸਿਸਵਾਂ ਫਾਰਮ ਹਾਊਸ ਪੁੱਜੇ, ਜਿੱਥੇ ਚੰਨੀ ਨਾਲ ਉਨ੍ਹਾਂ ਦੀ ਪਤਨੀ ਅਤੇ ਦੂਸਰੇ ਲੜਕੇ ਤੋਂ ਇਲਾਵਾ ਭਰਾ ਵੀ ਹਾਜਰ ਸਨ। ਇਸ ਮੌਕੇ ਯਾਦਗਾਰੀ ਤਸਵੀਰ ਵੀ ਖਿਚਾਈ ਗਈ ਅਤੇ ਤਸਵੀਰ ਤੋਂ ਇਹ ਮਿਲਣੀ ਨਿੱਘ ਭਰੀ ਜਾਪ ਰਹੀ ਸੀ। ਸੂਤਰ ਦੱਸਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਨੂੰ ਕੁਝ ਦਿਨ ਪਹਿਲਾਂ ਫੋਨ ਕਰ ਕੇ ਲੜਕੇ ਦੇ ਵਿਆਹ ਦੀ ਮੁਬਾਰਕਬਾਦ ਦਿੱਤੀ ਸੀ। ਦੱਸ ਦਈਏ ਕਿ ਨਵਜੋਤ ਸਿੱਧੂ ਚੰਨੀ ਦੇ ਲੜਕੇ ਦੇ ਵਿਆਹ ਸਮਾਗਮਾਂ ਵਿਚੋਂ ਗੈਰਹਾਜ਼ਰ ਰਹੇ ਸਨ। ਸੂਤਰ ਦੱਸਦੇ ਹਨ ਕਿ ਅਮਰਿੰਦਰ ਸਿੰਘ ਵੱਲੋਂ ਚੰਨੀ ਪਰਿਵਾਰ ਨੂੰ ਖਾਣੇ ਦਾ ਸੱਦਾ ਦਿੱਤਾ ਗਿਆ ਸੀ। ਪਰਿਵਾਰ ਆਖ ਰਿਹਾ ਹੈ ਕਿ ਅਮਰਿੰਦਰ ਸਿੰਘ ਨਾਲ ਇਹ ਸ਼ਿਸ਼ਟਾਚਾਰ ਮਿਲਣੀ ਸੀ ਅਤੇ ਇਸ ਤੋਂ ਵੱਧ ਕੁਝ ਨਹੀਂ ਸੀ। ਦੱਸਦੇ ਹਨ ਕਿ ਇਸ ਮੌਕੇ ਚਰਨਜੀਤ ਚੰਨੀ ਅਤੇ ਅਮਰਿੰਦਰ ਸਿੰਘ ਦਰਮਿਆਨ ਸਿਆਸੀ ਵਿਚਾਰਾਂ ਵੀ ਹੋਈਆਂ ਹਨ ਅਤੇ ਖਾਸ ਤੌਰ ‘ਤੇ ਨਵਜੋਤ ਸਿੱਧੂ ਦਾ ਵੀ ਜ਼ਿਕਰ ਹੋਇਆ ਹੈ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਮੁੱਖ ਮੰਤਰੀ ਬਣੇ ਚੰਨੀ ਅਜੇ ਤੱਕ ਅਮਰਿੰਦਰ ਸਿੰਘ ਨੂੰ ਮਿਲੇ ਨਹੀਂ ਸਨ। ਚੰਨੀ ਪਰਿਵਾਰ ਕਰੀਬ ਇਕ ਘੰਟਾ ਸਿਸਵਾਂ ਫਾਰਮ ‘ਤੇ ਠਹਿਰਿਆ। ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਨਵਜੋਤ ਸਿੱਧੂ ਨੂੰ ਨਿਸ਼ਾਨੇ ‘ਤੇ ਲੈਂਦੇ ਰਹੇ ਹਨ ਅਤੇ ਚਰਨਜੀਤ ਚੰਨੀ ਪ੍ਰਤੀ ਅਮਰਿੰਦਰ ਸਿੰਘ ਦਾ ਵਤੀਰਾ ਨਾ ਸਿਰਫ ਨਰਮੀ ਵਾਲਾ ਰਿਹਾ ਬਲਕਿ ਅਮਰਿੰਦਰ ਸਿੰਘ ਚੰਨੀ ਦਾ ਪੱਖ ਵੀ ਪੂਰਦੇ ਰਹੇ ਹਨ। ਜਦੋਂ ਨਵਜੋਤ ਸਿੱਧੂ ਨੇ ਹੱਲਾ ਬੋਲ ਕੇ ਚੰਨੀ ਨਾਲੋਂ ਵੀ ਦੂਰੀ ਬਣਾ ਲਈ ਹੈ ਤਾਂ ਇਸ ਮੌਕੇ ਅਮਰਿੰਦਰ ਸਿੰਘ ਤੇ ਚਰਨਜੀਤ ਚੰਨੀ ਦੀ ਮਿਲਣੀ ਸਿਆਸੀ ਨਜ਼ਰੀਏ ਤੋਂ ਖਾਸ ਜਾਪਦੀ ਹੈ।
______________________________________
ਨਰਮ ਪਏ ਸਿੱਧੂ ਦੇ ਸੁਰ, ਭਰੋਸੇ ਮਗਰੋਂ ਅਸਤੀਫਾ ਵਾਪਸ
ਚੰਡੀਗੜ੍ਹ: ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਨਵਜੋਤ ਸਿੰਘ ਸਿੱਧੂ ਆਪਣਾ ਅਸਤੀਫਾ ਵਾਪਸ ਲੈਣ ਲਈ ਰਾਜ਼ੀ ਹੋ ਗਏ ਹਨ ਜਿਸ ਨਾਲ ਪਿਛਲੇ 18 ਦਿਨ ਤੋਂ ਪੰਜਾਬ ਕਾਂਗਰਸ ‘ਚ ਚੱਲ ਰਿਹਾ ਰੇੜਕਾ ਖਤਮ ਹੋ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਆਗੂ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ।
ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਸਨ। ਕਰੀਬ ਸਵਾ ਘੰਟਾ ਚੱਲੀ ਮੀਟਿੰਗ ਵਿਚ ਨਵਜੋਤ ਸਿੱਧੂ ਨੇ 18 ਨੁਕਾਤੀ ਏਜੰਡੇ ਦੀ ਮਸਲਾ ਰੱਖਿਆ ਜਿਸ ‘ਤੇ ਹਾਈ ਕਮਾਂਡ ਵੱਲੋਂ ਅਮਲ ਕਰਨ ਭਰੋਸਾ ਦਿਵਾਇਆ ਗਿਆ।
ਮੀਟਿੰਗ ਮਗਰੋਂ ਨਵਜੋਤ ਸਿੱਧੂ ਨੇ ਸਿਰਫ ਇੰਨਾ ਹੀ ਕਿਹਾ ਕਿ ਉਨ੍ਹਾਂ ਆਪਣੇ ਸਰੋਕਾਰ ਰਾਹੁਲ ਗਾਂਧੀ ਨਾਲ ਸਾਂਝੇ ਕੀਤੇ ਹਨ ਅਤੇ ਹੁਣ ਉਹ ਸਭ ਨਜਿੱਠੇ ਗਏ ਹਨ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਦੇ ਸਰੋਕਾਰਾਂ ਦਾ ਖਿਆਲ ਰੱਖਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ (ਸਿੱਧੂ) ਬਤੌਰ ਪ੍ਰਧਾਨ ਆਪਣੀ ਡਿਊਟੀ ਸ਼ੁਰੂ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ 28 ਸਤੰਬਰ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਜਿਸ ਪਿੱਛੇ ਉਨ੍ਹਾਂ ਡੀ.ਜੀ.ਪੀ. ਅਤੇ ਐਡਵੋਕੇਟ ਜਨਰਲ ਦੇ ਤਬਾਦਲਿਆਂ ਤੋਂ ਇਲਾਵਾ ਕੈਬਨਿਟ ਵਿਚ ਦਾਗੀ ਮੰਤਰੀਆਂ ਦੀ ਸ਼ਮੂਲੀਅਤ ਦਾ ਮਾਮਲਾ ਵੀ ਉਠਾਇਆ ਸੀ।