ਬੇਅਦਬੀ ਬਨਾਮ ਅਧਾਰਮਿਕ ਬਿਰਤੀ

ਨਿਹੰਗ ਸਿੰਘਾਂ ਦੇ ਕੀਤੇ ਕਤਲ ਨੇ ਨਾ ਸਿਰਫ ਮੋਰਚੇ ਦੇ ਜ਼ਾਬਤਾਬੱਧ ਅਕਸ ਨੂੰ ਢਾਹ ਲਾ ਕੇ ਆਰ.ਐਸ.ਐਸ.-ਬੀ.ਜੇ.ਪੀ. ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਬਹਾਨਾ ਦਿੱਤਾ ਹੈ ਸਗੋਂ ਇਹ ਕਿਸਾਨ ਅੰਦੋਲਨ ਅਤੇ ਸਿੱਖ ਕੱਟੜਪੰਥੀਆਂ ਦਰਮਿਆਨ ਤਣਾਓ ਨੂੰ ਹੋਰ ਵਧਾਉਣ ਦਾ ਕਾਰਨ ਵੀ ਬਣਿਆ ਹੈ। ਇਸ ਸਮੁੱਚੇ ਹਾਲਾਤ ਬਾਰੇ ਚਰਚਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

ਬੂਟਾ ਸਿੰਘ
ਫੋਨ: +91-94634-74342
ਸਿੰਘੂ-ਕੁੰਡਲੀ ਹੱਦ ਉੱਪਰ ਨਿਹੰਗ ਸਿੰਘਾਂ ਵੱਲੋਂ ‘ਸਰਬ ਲੋਹ` ਗ੍ਰੰਥ ਦੀ ਬੇਅਦਬੀ ਦੇ ਨਾਂ ਹੇਠ ਇਕ ਵਿਅਕਤੀ ਦੇ ਕਤਲ ਦੀਆਂ ਪਰਤਾਂ ਉੱਧੜ ਰਹੀਆਂ ਹਨ। ਇਸ ਕਤਲ ਦੀ ਜਨਤਕ ਤੌਰ `ਤੇ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਮੁਖੀਆਂ ਵਿਚੋਂ ਅਮਨ ਸਿੰਘ ਨਿਹੰਗ ਜੁਲਾਈ ਮਹੀਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਗੁਪਤ ਮੀਟਿੰਗਾਂ ਕਰਦਾ ਰਿਹਾ ਜਿਨ੍ਹਾਂ ਵਿਚ ਉਸ ਨਾਲ ਪਿੰਕੀ ਕੈਟ ਵੀ ਸੀ। ਅਮਨ ਸਿੰਘ ਨਿਹੰਗ ਉਹ ਮੁੱਖ ਸ਼ਖਸ ਹੈ ਜਿਸ ਨੇ ਦਾਅਵਾ ਕੀਤਾ ਸੀ ਕਿ ਬੇਅਦਬੀ ਦੇ ਕਥਿਤ ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਸਾਜ਼ਿਸ਼ ਤਹਿਤ 8 ਹੋਰ ਵਿਅਕਤੀਆਂ ਨੂੰ 30-30 ਹਜ਼ਾਰ ਰੁਪਏ ਦੇ ਕੇ ਬੇਅਦਬੀ ਕਾਂਡਾਂ ਨੂੰ ਅੰਜਾਮ ਦੇਣ ਲਈ ਭੇਜਿਆ ਗਿਆ ਹੈ ਅਤੇ ਕਥਿਤ ਦੋਸ਼ੀ ਵੱਲੋਂ ਉਨ੍ਹਾਂ `ਚੋਂ ਕੁਝ ਦੇ ਫੋਨ ਨੰਬਰ ਵੀ ਦੱਸੇ ਗਏ ਹਨ। ਨਿਹੰਗ ਮੁਖੀਆਂ ਵੱਲੋਂ ਮੀਡੀਆ ਅੱਗੇ ਲਾਈਵ ਹੋ ਕੇ ਉਸ ਨੂੰ ‘ਸੋਧਾ ਲਾਉਣ` ਦੀ ਜ਼ਿੰਮੇਵਾਰੀ ਲਈ ਗਈ। ਜਿਹੜੇ ਨਿਹੰਗਾਂ ਨੇ ਪੁਲਿਸ ਅੱਗੇ ਆਤਮ-ਸਮਰਪਣ ਕੀਤਾ ਹੈ ਅਤੇ ਜੋ ਹੁਣ ਪੁਲਿਸ ਰਿਮਾਂਡ `ਤੇ ਹਨ, ਉਨ੍ਹਾਂ ਨੇ ਕਤਲ `ਚ ਆਪਣੀ ਭੂਮਿਕਾ ਦਾ ਮੀਡੀਆ ਕੈਮਰਿਆਂ ਅੱਗੇ ਇਕਬਾਲ ਕੀਤਾ ਹੈ। ਉਨ੍ਹਾਂ ਅਨੁਸਾਰ, ਜਿਹੜਾ ਕੋਈ ਬੇਅਦਬੀ ਕਰੇਗਾ, ਉਸ ਦਾ ਇਹੀ ਹਸ਼ਰ ਕੀਤਾ ਜਾਵੇਗਾ।
ਇਸ ਕਤਲ ਨੇ ਨਾ ਸਿਰਫ ਮੋਰਚੇ ਦੇ ਸ਼ਾਂਤਮਈ, ਜ਼ਾਬਤਾਬੱਧ ਅਕਸ ਨੂੰ ਢਾਹ ਲਾ ਕੇ ਫਾਸ਼ੀਵਾਦੀ ਆਰ.ਐਸ.ਐਸ.-ਬੀ.ਜੇ.ਪੀ. ਨੂੰ ਇਸ ਅੰਦੋਲਨ ਨੂੰ ਬਦਨਾਮ ਕਰਨ ਦਾ ਬਹਾਨਾ ਦਿੱਤਾ ਹੈ ਸਗੋਂ ਇਹ ਕਿਸਾਨ ਅੰਦੋਲਨ ਅਤੇ ਸਿੱਖ ਕੱਟੜਪੰਥੀਆਂ ਦਰਮਿਆਨ ਤਣਾਓ ਹੋਰ ਵਧਾਉਣ ਦਾ ਕਾਰਨ ਵੀ ਬਣਿਆ ਜੋ ਪਹਿਲਾਂ ਹੀ ਕਾਮਰੇਡ ਬਨਾਮ ਸਿੱਖ ਦਾ ਮਨਘੜਤ ਬਿਰਤਾਂਤ ਪ੍ਰਚਾਰ ਕੇ ਅੰਦੋਲਨ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੋਰਚੇ ਦੇ ਆਗੂਆਂ ਨੇ ਬਾਕਾਇਦਾ ਪ੍ਰੈੱਸ ਬਿਆਨ ਜਾਰੀ ਕਰਕੇ ਆਪਣਾ ਪੱਖ ਸਪਸ਼ਟ ਕੀਤਾ ਹੈ ਕਿ ਮੋਰਚੇ ਦਾ ਨਾ ਨਿਹੰਗਾਂ ਦੀ ਉੱਥੇ ਮੌਜੂਦਗੀ ਨਾਲ ਕੋਈ ਸੰਬੰਧ ਹੈ, ਨਾ ਇਸ ਵਾਰਦਾਤ ਨਾਲ। ਇਸ ਦੇ ਬਾਵਜੂਦ ਗੋਦੀ ਮੀਡੀਆ ਅਤੇ ਬੀ.ਜੇ.ਪੀ. ਦੇ ਆਗੂ ਅੰਦੋਲਨ ਨੂੰ ਹਿੰਸਕ ਸਾਬਤ ਕਰਨ ਲਈ ਇਸ ਕਾਂਡ ਦਾ ਸਹਾਰਾ ਲੈ ਰਹੇ ਹਨ। ਜਾਤਪਾਤੀ ਸਿਆਸਤ ਕਰਨ ਵਾਲੀਆਂ ਤਾਕਤਾਂ ਇਸ ਕਤਲ ਨੂੰ ਦਲਿਤ ਮੁੱਦਾ ਬਣਾ ਕੇ ਮਜ਼ਦੂਰਾਂ ਨੂੰ ਅੰਦੋਲਨ ਵਿਰੁੱਧ ਭੜਕਾਉਣ ਲਈ ਯਤਨਸ਼ੀਲ ਹਨ।
ਨਿਹੰਗਾਂ ਨੇ ਇਹ ਦਾਅਵਾ ਵਾਰ-ਵਾਰ ਕੀਤਾ ਹੈ ਕਿ ਕਥਿਤ ਦੋਸ਼ੀ ਨੇ ਇਕਬਾਲ ਕੀਤਾ ਕਿ ਉਸ ਨੂੰ ਸਾਜ਼ਿਸ਼ ਤਹਿਤ ਬੇਅਦਬੀ ਨੂੰ ਅੰਜਾਮ ਦੇਣ ਲਈ ਸਿੰਘੂ-ਕੁੰਡਲੀ ਸਰਹੱਦ `ਤੇ ਭੇਜਿਆ ਗਿਆ। ਉਨ੍ਹਾਂ ਨੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਣਾ ਕੇ ਪੇਸ਼ ਕਰਨ ਦੀ ਚਲਾਕੀ ਵੀ ਕੀਤੀ ਗਈ। ਮ੍ਰਿਤਕ ਦੀ ਭੈਣ ਵੱਲੋਂ ਲਖਬੀਰ ਦਾ ਕਿਸੇ ਸੰਧੂ ਨਾਂ ਦੇ ਅਣਪਛਾਤੇ ਸ਼ਖਸ ਨਾਲ ਫੋਨ `ਤੇ ਲਗਾਤਾਰ ਸੰਪਰਕ `ਚ ਹੋਣ ਦਾ ਖੁਲਾਸਾ ਵੀ ਕਿਸੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਫਿਰ ਵੀ, ਹੁਣ ਤੱਕ ਐਸਾ ਕੋਈ ਵੀਡੀਓ ਸਬੂਤ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਨਿਹੰਗ ਮੁਖੀਆਂ ਨੇ ਐਸਾ ਕੋਈ ਸਬੂਤ ਪੇਸ਼ ਕੀਤਾ ਹੈ ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਕਥਿਤ ਦੋਸ਼ੀ ਨੇ ਕਿੱਥੇ ਅਤੇ ਕਿਸ ਰੂਪ `ਚ ਬੇਅਦਬੀ ਕੀਤੀ। ਜੇ ਉਨ੍ਹਾਂ ਕੋਲ ਐਸਾ ਕੋਈ ਸਬੂਤ ਸੀ, ਉਸ ਨੂੰ ਜਨਤਕ ਨਾ ਕਰਕੇ ਅਤੇ ਸਾਜ਼ਿਸ਼ ਦੇ ਗਵਾਹ ਨੂੰ ਮਾਰ ਕੇ ਨਿਹੰਗਾਂ ਨੇ ਉਲਟਾ ਪੁਲਿਸ ਨੂੰ ਇਸ ਪਿੱਛੇ ਕੰਮ ਕਰਦੀ ਸਾਜ਼ਿਸ਼ ਦੇ ਸਬੂਤ ਮਿਟਾ ਦੇਣ ਅਤੇ ਅੰਦੋਲਨ ਦਾ ਅਕਸ ਵਿਗਾੜਨ ਲਈ ਪੂਰੇ ਮਾਮਲੇ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਮੌਕਾ ਦਿੱਤਾ ਹੈ। ਇਸੇ ਦੌਰਾਨ ਬੇਅਦਬੀ ਦੇ ਨਾਂ `ਤੇ ਵਹਿਸ਼ੀਆਨਾ ਕਤਲ ਨੂੰ ਜਾਇਜ਼ ਠਹਿਰਾਉਣ ਦੀ ਜੋ ਅੰਨ੍ਹੀ ਧਾਰਮਿਕ ਬਿਰਤੀ ਸਾਹਮਣੇ ਆਈ, ਉਹ ਹੋਰ ਵੀ ਖਤਰਨਾਕ ਹੈ।
ਇੰਨੇ ਗੰਭੀਰ ਮਾਮਲੇ `ਚ ਸਭ ਤੋਂ ਮਹੱਤਵਪੂਰਨ ਸੀ ਕਥਿਤ ਬੇਅਦਬੀ ਪਿੱਛੇ ਕੰਮ ਕਰਦੀ ਸਾਜ਼ਿਸ਼ ਨੂੰ ਬੇਪਰਦ ਕਰਨਾ ਅਤੇ ਉਨ੍ਹਾਂ ਅੱਠ ਵਿਅਕਤੀਆਂ ਦੀ ਸ਼ਨਾਖਤ ਕਰਨਾ ਜੋ ਨਿਹੰਗ ਸਿੰਘਾਂ ਦੇ ਦਾਅਵੇ ਅਨੁਸਾਰ ਐਸੀਆਂ ਹੋਰ ਵਾਰਦਾਤਾਂ ਕਰਨ ਲਈ ਭੇਜੇ ਗਏ ਦੱਸੇ ਜਾ ਰਹੇ ਹਨ। ਜੇ ਇਹ ਸੱਚ ਹੈ ਤਾਂ ਨਿਹੰਗਾਂ ਨੇ ਭਾੜੇ ਦੇ ਮਾਮੂਲੀ ਕਾਰਿੰਦੇ ਨੂੰ ਮਾਰ ਕੇ ਅਸਲ ਸਾਜ਼ਿਸ਼ ਦੇ ਬੇਪਰਦ ਹੋਣ ਦੀ ਗੁੰਜਾਇਸ਼ ਖਤਮ ਕਰ ਦਿੱਤੀ। ਅੰਦੋਲਨ ਦੇ ਹਿਤ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ ਸਭ ਤੋਂ ਜ਼ਰੂਰੀ ਸੀ, ਇਸ ਕਥਿਤ ਸਾਜ਼ਿਸ਼ ਦੀ ਸੂਤਰਧਾਰ ਤਾਕਤ ਅਤੇ ਸਮੁੱਚੀ ਸਾਜ਼ਿਸ਼ ਨੂੰ ਸਾਹਮਣੇ ਲਿਆਉਣਾ। ਇਕ ਕਥਿਤ ਦੋਸ਼ੀ ਨੂੰ ਦਿੱਤੀ ਸਜ਼ਾ ਨਿਹੰਗਾਂ ਅਤੇ ਇਸ ਕਤਲ ਨੂੰ ਜਾਇਜ਼ ਦੱਸਣ ਵਾਲੇ ਹਿੱਸਿਆਂ ਦੀ ਜੰਗਜੂ ਕੌਮ ਹੋਣ ਦੀ ਸਵੈ-ਸੰਤੁਸ਼ਟੀ ਦਾ ਸਾਧਨ ਤਾਂ ਹੋ ਸਕਦੀ ਹੈ ਲੇਕਿਨ ਇਸ ਨਾਲ ਬੇਅਦਬੀ ਦੀਆਂ ਸਾਜ਼ਿਸ਼ਾਂ ਬੰਦ ਨਹੀਂ ਹੋਣਗੀਆਂ। ਇਸ ਤੋਂ ਪਹਿਲਾਂ 2016 `ਚ ਵੀ ਆਲਮਗੀਰ (ਲੁਧਿਆਣਾ) ਅਤੇ ਵੈਰੋਕੇ (ਤਰਨਤਾਰਨ) `ਚ ਬੇਅਦਬੀ ਦੇ ਮਾਮਲਿਆਂ `ਚ ਦੋ ਕਥਿਤ ਦੋਸ਼ੀ ਔਰਤਾਂ ਦੇ ਕਤਲ ਕੀਤੇ ਗਏ ਪਰ ਨਾ ਤਾਂ ਬੇਅਦਬੀ ਦਾ ਸਿਲਸਿਲਾ ਬੰਦ ਹੋਇਆ ਅਤੇ ਨਾ ਬੇਅਦਬੀ ਦੀਆਂ ਵਾਰਦਾਤਾਂ ਦੇ ਅਸਲ ਸਾਜ਼ਿਸ਼ਘਾੜੇ ਬੇਪਰਦ ਹੋਏ।
ਚੇਤੇ ਰੱਖਣਾ ਹੋਵੇਗਾ ਕਿ ਹਜੂਮੀ ਕਤਲ ਖਤਰਨਾਕ ਵਰਤਾਰਾ ਹੈ। ਸੰਘ ਪਰਿਵਾਰ ਮੁਸਲਮਾਨਾਂ ਅਤੇ ਦਲਿਤਾਂ ਦੇ ਹਜੂਮੀ ਕਤਲ ਲਈ ਗਊ ਹੱਤਿਆ ਦੇ ਇਲਜ਼ਾਮ ਲਗਾਉਣ ਦਾ ਇਸੇ ਤਰ੍ਹਾਂ ਦਾ ਤਰੀਕਾ ਅਪਣਾਉਂਦਾ ਹੈ। ਬੇਅਦਬੀ ਦੇ ਬਹਾਨੇ ਹਜੂਮੀ ਕਤਲ ਨੂੰ ਜਾਇਜ਼ ਠਹਿਰਾਉਣਾ ਅਤੇ ਸਿੱਖ ਫਿਰਕੇ ਦੇ ਕੁਝ ਹਿੱਸਿਆਂ ਵੱਲੋਂ ਧਾਰਮਿਕ ਭਾਵਨਾਵਾਂ ਦੇ ਵਹਿਣ ਵਿਚ ਇਸ ਦੀ ਹਮਾਇਤ ਕਰਨਾ ਬੇਹੱਦ ਚਿੰਤਾਜਨਕ ਹੈ। ਇਹ ਸਿੱਖ ਫਲਸਫੇ ਅਤੇ ਗੁਰਬਾਣੀ ਦੀ ਵਿਚਾਰਧਾਰਾ ਨਾਲ ਬੇਮੇਲ ਹੈ। ਸਿੱਖ ਇਤਿਹਾਸ ਵਿਚ ਲੋਕਾਂ ਉੱਪਰ ਜਬਰ ਕਰਨ ਵਾਲੇ ਜਿਨ੍ਹਾਂ ਵੀ ਹੰਕਾਰੇ ਹੋਏ ਦੁਸ਼ਟਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ, ਉਨ੍ਹਾਂ ਦੇ ਮਨੁੱਖਤਾ ਵਿਰੁੱਧ ਜੁਰਮ ਜੱਗ ਜ਼ਾਹਿਰ ਸਨ। ਨਿਹੰਗਾਂ ਵੱਲੋਂ ਦਿੱਤੀ ਮੌਤ ਦੀ ਸਜ਼ਾ ਇਤਿਹਾਸ ਦੀਆਂ ਉਨ੍ਹਾਂ ਮਿਸਾਲਾਂ ਨਾਲ ਕਿਸੇ ਵੀ ਤਰ੍ਹਾਂ ਮੇਲ ਨਹੀਂ ਖਾਂਦੀ। ਇਹ ਵੀ ਚੇਤੇ ਰੱਖਣਾ ਹੋਵੇਗਾ ਕਿ ਨਿਹੰਗਾਂ ਅਤੇ ਸਿੱਖੀ ਦੇ ਹੋਰ ਕਥਿਤ ਵਾਰਿਸਾਂ ਦਾ ਖੂਨ ਕਮਜ਼ੋਰ ਵਿਅਕਤੀਆਂ ਦੇ ਮਾਮਲੇ `ਚ ਹੀ ਖੌਲ਼ਦਾ ਹੈ, ਬੇਅਦਬੀ ਵਿਰੁੱਧ ਰੋਸ ਪ੍ਰਗਟਾਵਿਆਂ ਨੂੰ ਪੁਲਿਸ/ਫੌਜ ਦੀ ਤਾਕਤ ਨਾਲ ਕੁਚਲ ਦੇਣ ਵਾਲੀਆਂ ਹਕੂਮਤਾਂ ਵੱਲ ਇਹ ਕਦੇ ਮੂੰਹ ਨਹੀਂ ਕਰਦੇ (ਇਤਿਹਾਸ ਗਵਾਹ ਹੈ ਕਿ ਬਾਬਾ ਸੰਤਾ ਸਿੰਘ ਦਾ ਨਿਹੰਗ ਦਲ ਤਾਂ ਸਗੋਂ 1984 `ਚ ਫੌਜੀ ਹਮਲਾ ਕਰਕੇ ਢਾਹੇ ਅਕਾਲ ਤਖਤ ਦੀ ਮੁੜ ਉਸਾਰੀ ਕਰਨ ਲਈ ਸਿੱਖ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਤੱਤਕਾਲੀ ਕਾਂਗਰਸ ਹਕੂਮਤ ਦਾ ਮੋਹਰਾ ਬਣਿਆ ਸੀ)। ਪੰਜਾਬ ਵਿਚ ਅਕਾਲੀ-ਭਾਜਪਾ (ਬਾਦਲ) ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਹੋਈ। ਨਿਹੰਗ ਅਤੇ ਹੋਰ ਜਥੇਬੰਦੀਆਂ ਨੇ ਅਸਲ ਸਾਜ਼ਿਸ਼ ਨੂੰ ਬੇਪਰਦ ਕਰਨ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕਦੇ ਵੀ ਕੋਈ ਸੰਜੀਦਾ ਅੰਦੋਲਨ ਨਹੀਂ ਕੀਤਾ। ਹੁਣ ਕਿਸਾਨ ਅੰਦੋਲਨ ਦੌਰਾਨ ਬੇਅਦਬੀ ਨੂੰ ਬਰਦਾਸ਼ਤ ਨਾ ਕਰਨ ਦੇ ਦਮਗਜੇ ਮਾਰੇ ਜਾ ਰਹੇ ਹਨ। ਸਵਾਲ ਤਾਂ ਇਹ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰਦਾਤਾਂ ਗੁਰਬਾਣੀ ਦੀ ਬੇਅਦਬੀ ਦਾ ਸਿਰਫ ਇਕ ਰੂਪ ਹੈ। ਗੁਰੂ ਸਾਹਿਬਾਨ ਦੀਆਂ ਵਿਚਾਰਧਾਰਾ ਤੋਂ ਉਲਟ ਅਮਲ ਕਰਕੇ ਵੱਖ-ਵੱਖ ਰੂਪਾਂ `ਚ ਆਏ ਦਿਨ ਕੀਤੀ ਜਾ ਰਹੀ ਬੇਅਦਬੀ ਇਸ ਤੋਂ ਵੀ ਗੰਭੀਰ ਹੈ ਜਿਸ ਦਾ ਨਾ ਅਕਾਲ ਤਖਤ ਦੇ ਜਥੇਦਾਰਾਂ ਸਮੇਤ ਸਿੱਖ ਸੰਸਥਾਵਾਂ ਕਦੇ ਨੋਟਿਸ ਲੈਂਦੀਆਂ ਹਨ ਜੋ ਖੁਦ ਇਸ ਲਈ ਜ਼ਿੰਮੇਵਾਰ ਹਨ ਅਤੇ ਨਾ ਇਹ ਬੇਅਦਬੀ ਕਦੇ ਸਿੱਖੀ ਦੇ ਉਪਰੋਕਤ ਕਥਿਤ ਪੈਰੋਕਾਰਾਂ ਲਈ ਫਿਕਰਮੰਦੀ ਅਤੇ ਰੋਹ ਦਾ ਕਾਰਨ ਬਣੀ ਹੈ।
ਬਹੁਤ ਸਾਰੇ ਸ਼ਖਸ ਆਪਣੀ ਖਸਲਤ ਅਨੁਸਾਰ ਧਾਰਮਿਕ ਮਾਮਲਿਆਂ ਨੂੰ ਜਾਣ-ਬੁੱਝ ਕੇ ਤੂਲ ਦੇ ਰਹੇ ਹਨ। ਦੀਪ ਸਿੱਧੂ ਕੁਝ ਨਿਹੰਗਾਂ ਵੱਲੋਂ ਕੀਤੇ ਵਹਿਸ਼ੀਆਨਾ ਕਤਲ ਨੂੰ ‘ਪੰਥ ਵੱਲੋਂ ਦਿੱਤੀ ਸਜ਼ਾ` ਦੱਸ ਰਿਹਾ ਹੈ। ਇਹ ਲੋਕ ਸਿੱਖ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਆਪਣੇ ਸੌੜੇ ਸਿਆਸੀ ਏਜੰਡੇ ਥੋਪਣਾ ਚਾਹੁੰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੀ ਕਾਮਯਾਬੀ ਅਤੇ ਸਲਾਮਤੀ ਦਾ ਰਾਜ਼ ਇਸ ਦਾ ਧਰਮਨਿਰਪੱਖ ਖਾਸਾ ਹੈ। ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਕਿਸਾਨ-ਮਜ਼ਦੂਰ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਇਸ ਵਿਚ ਕਿਸਾਨ-ਮਜ਼ਦੂਰ ਵਜੋਂ ਸ਼ਾਮਿਲ ਹਨ। ਅੰਦੋਲਨ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਅਤੇ ਜਥੇਬੰਦੀਆਂ ਨੇ ਕਦੇ ਵੀ ਕਿਸੇ ਦੇ ਧਰਮ ਨੂੰ ਮੰਨਣ ਦੇ ਨਿੱਜੀ ਹੱਕ `ਚ ਦਖਲ ਨਹੀਂ ਦਿੱਤਾ। ਇਸੇ ਮਜ਼ਬੂਤੀ ਕਾਰਨ ਆਰ.ਐਸ.ਐਸ-ਬੀ.ਜੇ.ਪੀ. ਅਤੇ ਅੰਦੋਲਨ ਦੀਆਂ ਦੁਸ਼ਮਣ ਹੋਰ ਤਾਕਤਾਂ ਦੀ ਅੰਦੋਲਨ ਨੂੰ ਖਾਲਸਤਾਨੀ ਜਾਂ ਹੋਰ ਠੱਪੇ ਲਗਾ ਕੇ ਬਦਨਾਮ ਕਰਨ ਦੀ ਹਰ ਕੋਸ਼ਿਸ਼ ਅਸਫਲ ਹੋਈ ਹੈ ਲੇਕਿਨ ਸਿੱਖੀ ਦੇ ਇਹ ਔਤੀ ਵਾਰਸ ਧਰਮ ਨੂੰ ਅੰਦੋਲਨ ਵਿਰੁੱਧ ਖੜ੍ਹਾ ਕਰਕੇ ਅਤੇ ਆਪਣੇ ਧਰਮ ਨੂੰ ਅੰਦੋਲਨ ਉੱਪਰ ਥੋਪਣ ਦੀ ਜ਼ਿੱਦ ਕਰਕੇ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨਿਹੰਗਾਂ ਦੀ ਵਹਿਸ਼ੀਆਨਾ ਕਾਰਵਾਈ ਨੇ ਫਾਸ਼ੀਵਾਦੀ ਹਕੂਮਤ ਲਈ ਅੰਦੋਲਨ ਨੂੰ ਭੰਡਣ ਦਾ ਕੰਮ ਸੌਖਾ ਕਰ ਕੀਤਾ ਹੈ। ਗੋਦੀ ਮੀਡੀਆ ਅਤੇ ਭਗਵੇਂ ਪ੍ਰਚਾਰਤੰਤਰ ਵੱਲੋਂ ਕਿਸਾਨਾਂ ਦੇ ਕਤਲਾਂ ਤੋਂ ਧਿਆਨ ਹਟਾਉਣ ਲਈ ਨਿਹੰਗਾਂ ਵੱਲੋਂ ਕੀਤੇ ਕਤਲ ਦੀਆਂ ਖਬਰਾਂ ਨੂੰ ਵਾਰ-ਵਾਰ ਦਿਖਾਉਣਾ ਸਾਬਤ ਕਰਦਾ ਹੈ ਕਿ ਲਖੀਮਪੁਰ ਖੀਰੀ ਕਾਂਡ `ਚ ਘਿਰੀ ਹਕੂਮਤ ਲਈ ਇਹ ਕਾਂਡ ਕਿੰਨੀ ਵੱਡੀ ਰਾਹਤ ਬਣਿਆ ਹੈ।
ਕਤਲ ਦੇ ਹਮਾਇਤੀਆਂ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਬੇਅਦਬੀ ਦੀਆਂ ਘਟਨਾਵਾਂ `ਚ ਹਕੂਮਤਾਂ ਤੋਂ ਨਿਆਂ ਨਹੀਂ ਮਿਲਿਆ, ਇਸ ਲਈ ਕਾਨੂੰਨ ਹੱਥ `ਚ ਲੈ ਕੇ ਨਿਆਂ ਹਾਸਲ ਕਰਨਾ ਜਾਇਜ਼ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਪ੍ਰਬੰਧ ਅਨਿਆਂਕਾਰੀ ਹੈ ਜਿਸ ਵਿਚ ਮਜ਼ਲੂਮ ਧਿਰ ਨੂੰ ਨਿਆਂ ਨਹੀਂ ਮਿਲਦਾ। ਫਿਰ ਵੀ, ਨਿਆਂ ਲੈਣ ਲਈ ਕਤਲ ਬਦਲੇ ਕਤਲ ਦੀ ਵਕਾਲਤ ਨਹੀਂ ਕੀਤੀ ਜਾ ਸਕਦੀ। ਮਨੁੱਖੀ ਸਮਾਜ ਜਹਾਲਤ ਦੇ ਯੁੱਗ ਤੋਂ ਸ਼ੁਰੂ ਹੋ ਕੇ ਮੱਧਯੁਗੀ ਵਹਿਸ਼ੀ ਨਿਆਂ ਵਿਚੋਂ ਹੁੰਦਾ ਹੋਇਆ ਕਾਨੂੰਨ ਦੇ ਰਾਜ ਤੱਕ ਪੁੱਜਾ ਹੈ। ਆਲਮੀ ਪੱਧਰ `ਤੇ ਮਨੁੱਖੀ ਹੱਕਾਂ ਨੂੰ ਸਰਵਵਿਆਪਕ ਮਾਨਤਾ ਮਿਲੀ ਹੈ। ਲੋਕ ਵਿਰੋਧੀ ਹਾਕਮ ਜਮਾਤ ਅਤੇ ਆਦਮਖੋਰ ਰਾਜ ਪ੍ਰਬੰਧ ਤਾਂ ਪਹਿਲਾਂ ਹੀ ਲੋਕਾਂ ਦੇ ਲਹੂ ਦੇ ਤਿਹਾਏ ਹਨ ਅਤੇ ਤੁਰੰਤ ਨਿਆਂ ਦੇ ਭਰਮ ਰਾਹੀਂ ਗੈਰ ਅਦਾਲਤੀ ਕਤਲਾਂ ਦਾ ਰਾਹ ਸਾਫ ਕਰਨਾ ਚਾਹੁੰਦੇ ਹਨ ਜੋ ਕਥਿਤ ਪੁਲਿਸ ਮੁਕਾਬਲਿਆਂ ਅਤੇ ਮੌਤ ਦੀਆਂ ਸਜ਼ਾਵਾਂ `ਚ ਦੇਖਿਆ ਜਾ ਸਕਦਾ ਹੈ। ਰਾਜ ਪ੍ਰਬੰਧ ਨੂੰ ਕਾਨੂੰਨ ਦਾ ਰਾਜ ਲਾਗੂ ਕਰਨ ਲਈ ਮਜਬੂਰ ਕਿਵੇਂ ਕਰਨਾ ਹੈ ਅਤੇ ਇਸ ਦੇ ਖੂਨੀ ਹੱਥਾਂ ਨੂੰ ਕਿਵੇਂ ਰੋਕਣਾ ਹੈ, ਇਸ ਦੇ ਪ੍ਰਭਾਵਸ਼ਾਲੀ ਤਰੀਕੇ ਲੱਭਣੇ ਜ਼ਰੂਰੀ ਹਨ ਜੋ ਵਿਆਪਕ ਅੰਦੋਲਨ ਦੇ ਜਨਤਕ ਦਬਾਓ ਨਾਲ ਹੀ ਸੰਭਵ ਹੈ। ਐਸੀਆਂ ਵਹਿਸ਼ੀਆਨਾ ਕਾਰਵਾਈਆਂ ਤਾਂ ਸਗੋਂ ਹਕੂਮਤ ਅਤੇ ਰਾਜ ਮਸ਼ੀਨਰੀ ਵੱਲੋਂ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਮਨਮਾਨੀਆਂ ਕਰਨ ਦੇ ਹੱਕ `ਚ ਹੀ ਭੁਗਤਦੀਆਂ ਹਨ।
ਤਸੱਲੀ ਦੀ ਗੱਲ ਹੈ ਕਿ ਸਿੱਖ ਭਾਈਚਾਰੇ ਦੇ ਸੰਜੀਦਾ ਹਿੱਸਿਆਂ ਨੇ ਨਿਹੰਗਾਂ ਦੀ ਵਹਿਸ਼ੀਆਨਾ ਕਾਰਵਾਈ ਉੱਪਰ ਸਵਾਲ ਉਠਾਏ ਹਨ। ਉਮੀਦ ਹੈ ਕਿ ਹੋਰ ਹਿੱਸੇ ਵੀ ਧਾਰਮਿਕ ਭਾਵਨਾਵਾਂ ਦੇ ਵਹਿਣ `ਚ ਵਹਿਣ ਦੀ ਬਜਾਇ ਗੁਰਮਤਿ ਦੇ ਤਰਕਪੂਰਨ ਮਾਪਦੰਡਾਂ ਨੂੰ ਆਪਣੀ ਸੋਚ ਦਾ ਹਿੱਸਾ ਬਣਾਉਣਗੇ ਅਤੇ ਐਸੀਆਂ ਵਹਿਸ਼ੀ ਕਾਰਵਾਈਆਂ ਤੋਂ ਆਪਣੇ ਆਪ ਨੂੰ ਅਲੱਗ ਕਰਨਗੇ।