ਪੰਜਾਬ ਦੀ ਦਰਦਨਾਇਕ ਵੰਡ ਦੇ ਮੋਹਰੇ ਤੇ ਤੱਥ

ਸਰੀ, ਕੈਨੇਡਾ ਵਸਦੇ ਬਹੁਰੰਗੀ ਤੇ ਬਹੁਪੱਖੀ ਪੰਜਾਬੀ ਲੇਖਕ ਸੰਤੋਖ ਸਿੰਘ ਮੰਡੇਰ ਆਪਣੀ ਨਿਵੇਕਲੀ ਸ਼ੈਲੀ ਵਿਚ ਖੇਡਾਂ-ਖਿਡਾਰੀਆਂ, ਸਫਰਨਾਮੇ ਤੇ ਇਤਿਹਾਸ ਦੇ ਜੀਵਨ ਦੀਆਂ ਪਰਤਾਂ ਫਰੋਲਦਿਆਂ ਅਸਲ ਦੀ ਤਲਾਸ਼ ਵਿਚ ਰਹਿੰਦਾ ਹੈ। ਆਪਣੇ ਪਹਿਲੇ ਲੇਖ (ਪੰਜਾਬ ਟਾਈਮਜ਼ ਦੇ ਅੰਕ 16 ਅਤੇ 17 ਵਿਚ ਛਪੇ) ਵਿਚ ਲੇਖਕ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ‘ਦੇਸ ਪੰਜਾਬ’ ਵਿਚ ਸਿੱਖ ਰਾਜ ਦੇ ਢਾਂਚੇ ਬਾਰੇ ਨਿਵੇਕਲੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਸੀ। ਹਥਲੇ ਲੇਖ ਵਿਚ ਉਨ੍ਹਾਂ 1947 ਦੀ ਦੇਸ਼ ਵੰਡ ਯਾਨਿ ਭਾਰਤ-ਪਾਕਿਸਤਾਨ ਬਟਵਾਰੇ ਦੇ ਸੰਦਰਭ ਵਿਚ ਪੰਜਾਬ ਦੀ ਦਰਦਨਾਇਕ ਵੰਡ ਲਈ ਉਘੜੀਆਂ ਪ੍ਰਸਥਿਤੀਆਂ, ਉਸ ਦੇ ਮੋਹਰੇ ਤੇ ਤੱਥਾਂ ਦਾ ਵਿਖਿਆਨ ਕੀਤਾ ਹੈ। ਪੇਸ਼ ਹੈ, ਲੇਖ ਦੀ ਪਹਿਲੀ ਕਿਸ਼ਤ।

ਸੰਤੋਖ ਸਿੰਘ ਮੰਡੇਰ, ਸਰੀ
ਫੋਨ: 604-505-7000

ਭਾਰਤ ਵਿਚ ਅੰਗਰੇਜ਼ ਸਾਮਰਾਜ ਦੇ ਆਖਰੀ ਵਾਇਸਰਾਏ, ਲੂਇਸ ਫਰਾਂਸਿਸ ਐਲਬਰਟ ਵਿਕਟਰ ਨਿਕੋਲਸ, ਅਰਲ ਮਾਊਂਟਬੈਟਨ ਆਫ ਬਰਮਾ ਤੇ ਗਵਰਨਰ ਜਨਰਲ ਭਾਰਤ ਲਾਰਡ ਮਾਊਂਟਬੈਟਨ ਦੀ ਪ੍ਰਧਾਨਗੀ ਵਿਚ 11 ਮਈ 1947 ਨੂੰ ਪੰਜਾਬ ਦੀ ਵੰਡ ਬਾਰੇ ਇਕ ਬੈਠਕ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਹੋਈ, ਜਿਸ ਵਿਚ ਭਾਰਤੀ ਕਾਂਗਰਸ ਪਾਰਟੀ ਦੇ ਆਗੂ ਤੇ ਪ੍ਰਧਾਨ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਸੂਬੇ ਦੇ ਆਖਰੀ ਗਵਰਨਰ ‘ਸਰ ਈਵਾਨ ਮਰਦਿਥ ਜੈਨਕਿਨਜ਼’ ਹਾਜ਼ਰ ਸਨ। ਇਸ ਬੈਠਕ ਵਿਚ ਭਾਰਤ ਦੇ ਵਾਇਸਰਾਏ ਤੇ ਗਵਰਨਰ ਜਨਰਲ ਨੇ ਕਿਹਾ ਕਿ ਬਰਤਾਨਵੀ ਹਕੂਮਤ ਨੂੰ ਕੰਮ-ਕਾਜ ਦੇ ਮਕਸਦ ਨਾਲ ਪੰਜਾਬ ਵਿਚ ਕਾਲਪਨਿਕ ਮੁਸਲਿਮ ਤੇ ਗੈਰ-ਮੁਸਲਿਮ ਜਿਲਿਆਂ ਦੇ ਆਧਾਰ `ਤੇ ਵੰਡ ਕਰਨ ਦੀ ਲੋੜ ਹੈ। ਇਸ ਨਾਲ ਭਾਰਤ ਦੀ ਵੰਡ ਲਈ ਨਾਮਜ਼ਦ ਹੱਦਬੰਦੀ ਕਮਿਸ਼ਨ ਵਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮ ਉੱਪਰ ਇਸ ਦਾ ਅਸਰ ਨਹੀਂ ਪਵੇਗਾ। ਪੰਡਿਤ ਨਹਿਰੂ ਨੇ ਮੰਨਿਆ ਕਿ ਜਾਇਦਾਦਾਂ ਦੀ ਮਲਕੀਅਤ ਵਾਲਾ ਅਸੂਲ, ਜਿਸ ਉਪਰ ਸਾਰੇ ਸਿੱਖ ਜੋਰ ਦੇ ਰਹੇ ਹਨ, ਨੂੰ ਇਲਾਕੇ ਸਪੁਰਦ ਕੀਤੇ ਜਾਣ ਦਾ ਵਾਜਬ ਆਧਾਰ ਨਹੀਂ ਬਣਾਇਆ ਜਾ ਸਕਦਾ। ਪੱਛਮੀ ਪੰਜਾਬ ਵਿਚ ਅੰਗਰੇਜ਼ ਸਾਮਰਾਜ ਸਮੇਂ ਸਿੱਖਾਂ ਕੋਲ ਜਮੀਨ ਜਾਇਦਾਦ ਦੀ ਮਾਲਕੀ ਹੋਰ ਕੌਮਾਂ ਦੇ ਮੁਕਾਬਲੇ ਸਭ ਨਾਲੋਂ ਵੱਧ ਸੀ। ਜੇ ਘਰੇਲੂ ਜਮੀਨ ਜਾਇਦਾਦ ਦੇ ਆਧਾਰ `ਤੇ ਮੁਲਕ ਦੀ ਵੰਡ ਹੁੰਦੀ ਤਾਂ ਹੁਣ ਦਾ ਅੱਧਾ ਪਾਕਿਸਤਾਨ ਭਾਰਤੀ ਪੰਜਾਬ ਦਾ ਹਿੱਸਾ ਬਣਦਾ ਸੀ। ਉਜਾੜ ਪਏ ਪੱਛਮੀ ਪੰਜਾਬ ਵਿਚ ਸਾਂਦਲ ਬਾਰ, ਗੰਜੀ ਬਾਰ, ਕਰਾਨਾ ਬਾਰ, ਨੀਲੀ ਬਾਰ, ਗੋਦਲ ਬਾਰ ਤੇ ਰਚਨਾ ਦੁਆਬ ਬਾਰ ਦੇ ਨਾਲ ਨਾਲ ਲਾਇਲਪੁਰ ਸ਼ਹਿਰ ਨੂੰ ਵਸਾਇਆ ਹੀ ਅੰਗਰੇਜ਼ਾਂ ਦੇ ਨਹਿਰੀ ਪਾਣੀ ਅਤੇ ਜੱਟ ਸਿੱਖਾਂ ਦੀ ਸਖਤ ਤੇ ਬੇਖੌਫ ਮਿਹਨਤ ਨੇ ਸੀ। ਪੰਡਿਤ ਨਹਿਰੂ ਨੇ ਸਿਰਫ ਇੰਨਾ ਕਿਹਾ ਸੀ, “ਕੁਝ ਮੁਸਲਿਮ ਬਹੁਲਤਾ ਵਾਲੇ ਇਲਾਕਿਆਂ ਵਿਚ ਸਿੱਖਾਂ ਦੇ ਧਾਰਮਿਕ ਅਸਥਾਨ ਜਰੂਰ ਮੌਜੂਦ ਹਨ, ਇਸ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।”
ਭਾਰਤੀ ਮਹਾਂਦੀਪ ਵਿਚ ਨਵੇਂ ਬਣਨ ਵਾਲੇ ਦੇਸ਼ ਪਾਕਿਸਤਾਨ ਨੂੰ ਅੰਗਰੇਜ਼ ਸਰਕਾਰ ਨੇ ਪ੍ਰਵਾਨ ਕਰਨ ਦਾ ਪੱਕਾ ਮਨ ਬਣਾ ਲਿਆ ਸੀ। ਭਾਰਤੀ ਉਪ-ਮਹਾਂਦੀਪ ਵਿਚ ਨਵੇਂ ਪਾਕਿਸਤਾਨ ਦੇਸ਼ ਦੇ ਜਨਮਦਾਤਾ ਕਾਇਦੇ ਆਜ਼ਮ-ਮੁਹੰਮਦ ਅਲੀ ਜਿਨਾਹ ਦੇ ਇਰਾਦੇ ਬਹੁਤ ਮਜਬੂਤ ਤੇ ਪੱਕੇ ਸਨ ਅਤੇ ਸਾਰੀ ਮੁਸਲਿਮ ਕੌਮ ਉਨ੍ਹਾਂ ਨਾਲ ਅਡੋਲ ‘ਖੰਭੇ ਵਾਂਗ’ ਖੜ੍ਹੀ ਸੀ। ਸਾਰੇ ਭਾਰਤ ਵਿਚ ਮੁਸਲਿਮ ਭਾਈਚਾਰੇ ਲਈ ਉਨ੍ਹਾਂ ਦਾ ਆਖਿਆ ਤੇ ਲਿਖਿਆ ਹੁਕਮ ਰੱਬ ਦਾ ਬੋਲ ਸੀ। ਸਿੱਖਾਂ ਵਿਚ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੋਈ ਵੀ ਪਾਏਦਾਰ ਸਿੱਖ ਇਸ ਬਹਾਦਰ ਤੇ ਨਿਡਰ ਕੌਮ ਦਾ ਨੇਤਾ ਨਾ ਬਣ ਸਕਿਆ, ਜਿਸ ਕਾਰਨ ਸੰਸਾਰ ਦੀ ਇਹ ਧਰਮੀ ਤੇ ਕਰਮੀ ਕੌਮ ਖੇਰੂੰ ਖੇਰੂੰ ਹੋ ਗਈ, ਤੇ ਅੱਜ ਤੱਕ ਰੁਲ ਰਹੀ ਹੈ।
ਪੰਜਾਬ ਦੇ ਗਵਰਨਰ ਸਰ ਜੈਨਕਿਨਜ਼-ਜੀ. ਸੀ. ਆਈ. ਈ., ਕੇ. ਸੀ. ਐਸ. ਆਈ. (ਭਾਰਤੀ ਅੰਗਰੇਜ਼ ਸਰਕਾਰ ਦੇ ਬਹੁਤ ਮਸ਼ਹੂਰ ਤੇ ਸਤਿਕਾਰਤ ਤਮਗੇ/ਮੈਡਲ) ਦਾ ਖਿਆਲ ਸੀ ਕਿ ਪੱਛਮੀ ਪੰਜਾਬ ਵਿਚ ਸਿੱਖਾਂ ਦੇ ਕਈ ਧਾਰਮਿਕ ਅਸਥਾਨ ਨਨਕਾਣਾ ਸਾਹਿਬ, ਸੱਚਾ ਸੌਦਾ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਅਤੇ ਪਿੰਡਾਂ ਕਸਬਿਆਂ ਵਿਚ ਸੈਂਕੜੇ ਇਤਿਹਾਸਕ ਸ਼ਾਨਦਾਰ, ਧਾਰਮਿਕ ਸਥਾਨ ਗੁਰਦੁਆਰੇ ਵੀ ਹਨ, ਜਿਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ; ਪਰ ਸਿੱਖਾਂ ਦਾ ਅਸਲੀ ਪਵਿੱਤਰ ਅਸਥਾਨ ਪੂਰਬੀ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਚ ਹੀ ਹੈ, ਜੋ ਹਰ ਹਾਲ ਵਿਚ ਸਿੱਖਾਂ ਨੂੰ ਮਿਲਣਾ ਹੀ ਚਾਹੀਦਾ ਹੈ। ਅੰਗਰੇਜ਼ ਗਵਰਨਰ ਸਾਹਿਬ ਭਵਿੱਖ ਵਿਚ ਪੰਜਾਬ ਦੇ ਦੋ ਜਿਲਿਆਂ-ਲਾਹੌਰ ਤੇ ਗੁਰਦਾਸਪੁਰ ਨੂੰ ਹੱਦਬੰਦੀ ਕਮਿਸ਼ਨ ਵਲੋਂ ਦੋ ਟੁਕੜਿਆਂ ਵਿਚ ਵੰਡਿਆ ਵੀ ਵੇਖ ਰਿਹਾ ਸੀ। ਇਸ ਦੌਰਾਨ ਪੰਜਾਬ ਦੀ ਵੰਡ ਦੇ ਢੰਗ ਤਰੀਕੇ ਬਾਰੇ ਗੱਲਬਾਤ ਸ਼ੁਰੂ ਹੋ ਗਈ।
‘ਕਿਆਸੀ ਵੰਡ’ ਦਾ ਮਕਸਦ ਇਹ ਪਤਾ ਕਰਨ ਲਈ, ਕਾਰਵਾਈ ਢਾਂਚਾ ਕਾਇਮ ਕਰਨਾ ਸੀ ਕਿ ਆਮ ਜਨਤਾ ਦੇ ਉਲਟ ਸੰਵਿਧਾਨਕ ਅਸੈਂਬਲੀ ਵਿਚ ਚੁਣੇ ਗਏ ਪੰਜਾਬੀਆਂ ਦੇ ਨੁਮਇੰਦੇ ਕੀ ਸੋਚਦੇ ਹਨ। ਪੰਜਾਬ ਸੂਬੇ ਦੇ 29 ਜਿਲਿਆਂ-ਅੰਬਾਲਾ, ਰੋਹਤਕ, ਹਿਸਾਰ, ਗੁੜਗਾਉਂ, ਕਰਨਾਲ (ਅੰਬਾਲਾ ਡਿਵੀਜਨ); ਜਲੰਧਰ, ਕਾਂਗੜਾ, ਸਿ਼ਮਲਾ, ਹੁਸਿ਼ਆਰਪੁਰ, ਲੁਧਿਆਣਾ, ਫਿਰੋਜ਼ਪੁਰ (ਜਲੰਧਰ ਡਿਵੀਜਨ); ਲਾਹੌਰ, ਗੁਜਰਾਂਵਾਲਾ, ਸਿਆਲਕੋਟ, ਸ਼ੇਖੂਪੁਰਾ, ਅੰਮ੍ਰਿਤਸਰ, ਗੁਰਦਾਸਪੁਰ (ਲਾਹੌਰ ਡਿਵੀਜਨ); ਰਾਵਲਪਿੰਡੀ, ਗੁਜਰਾਤ, ਜੇਹਲਮ, ਸ਼ਾਹਪੁਰ, ਅਟਕ, ਮੀਆਂਵਾਲੀ (ਰਾਵਲਪਿੰਡੀ ਡਿਵੀਜਨ); ਮੁਲਤਾਨ, ਮਿੰਟਗੁਮਰੀ, ਝੰਗ, ਲਾਇਲਪੁਰ, ਮੁਜੱਫਰਗੜ੍ਹ, ਡੇਰਾ ਗਾਜੀਖਾਨ (ਮੁਲਤਾਨ ਡਿਵੀਜਨ) ਅਤੇ 5 ਕਮਿਸ਼ਨਰੀਆਂ-ਅੰਬਾਲਾ, ਜਲੰਧਰ, ਲਾਹੌਰ, ਰਾਵਲਪਿੰਡੀ, ਮੁਲਤਾਨ ਨੂੰ ਕਾਲਪਨਿਕ ਤੌਰ `ਤੇ ਮੁਸਲਿਮ ਤੇ ਗੈਰ-ਮੁਸਲਿਮ ਬਹੁਗਿਣਤੀ ਵਾਲੇ ਸੂਬਿਆਂ ਵਿਚ ਵੰਡਣ ਲਈ, ਜਿਲੇ ਨੇ ਇਕਾਈ ਦਾ ਕੰਮ ਕਰਨਾ ਸੀ।
ਇਨ੍ਹਾਂ ਖਿਆਲਾਂ ਨੂੰ 13 ਮਈ 1947 ਦੇ ਵਾਇਸਰਾਏ ਦੇ ਉਸ ਭਾਸ਼ਣ ਦੇ ਖਰੜੇ ਵਿਚ ਹੋਰ ਵਿਕਸਿਤ ਕੀਤਾ ਗਿਆ, ਜਿਸ ਵਿਚ ਹਿੰਦੋਸਤਾਨੀਆਂ ਨੂੰ ਹਿੰਦੋਸਤਾਨ ਦੇ ਦੋ ਸੂਬਿਆਂ-ਪੰਜਾਬ ਤੇ ਬੰਗਾਲ ਦੀ ਵੰਡ ਦੇ ਫੈਸਲੇ ਬਾਰੇ ਦੱਸਿਆ ਜਾਣਾ ਸੀ। ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਨੇ ਖਰੜੇ ਵਿਚਲੇ ਬਿਆਨ ਉਪਰ ਟਿੱਪਣੀ ਕਰਦਿਆਂ ਐਲਾਨ ਕੀਤਾ ਕਿ ‘ਅਖਲ ਭਾਰਤੀ ਮੁਸਲਿਮ ਲੀਗ’ ਨੇ ਪੱਕੇ ਤੌਰ `ਤੇ ਫੈਸਲਾ ਕੀਤਾ ਹੈ ਕਿ ਉਹ ਕੈਬਨਿਟ ਮਿਸ਼ਨ ਯੋਜਨਾ ਨੂੰ ਕਿਸੇ ਵੀ ਰੂਪ ਵਿਚ ਮਨਜ਼ੂਰ ਨਹੀਂ ਕਰੇਗੀ। ਜਨਾਬ ਜਿਨਾਹ ਨੇ ਦੁਹਰਾਇਆ ਕਿ ਪੰਜਾਬ ਤੇ ਬੰਗਾਲ ਦੀ ਵੰਡ ਉਸ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ, ਪਰ ਨਵੇਂ ਮੁਸਲਿਮ ਮੁਲਕ ਅਤੇ ਘੱਟ-ਗਿਣਤੀਆਂ, ਖਾਸਕਰ ‘ਸਿੱਖਾਂ’ ਦੇ ਦੇਸ਼ ਪਾਕਿਸਤਾਨ ਲਈ ਉਸ ਦੇ ਠੋਸ ਇਰਾਦੇ ਅਤੇ ਮਜਬੂਤ ਨਿਸ਼ਾਨੇ ਸਨ। 17 ਮਈ 1947 ਵਾਲੇ ਬਿਆਨ ਦੇ ਸੋਧੇ ਖਰੜੇ ਵਿਚ ਇਕ ਅੰਤਿਕਾ ਜੋੜੀ ਗਈ, ਜਿਸ ਵਿਚ ਪੰਜਾਬ ਨੂੰ 1941 ਦੀ ਮਰਦਮ ਸੁਮਾਰੀ ਦੇ ਆਧਾਰ `ਤੇ 17 ਮੁਸਲਿਮ ਬਹੁਗਿਣਤੀ ਵਾਲੇ ਅਤੇ 12 ਹਿੰਦੂ-ਸਿੱਖ ਬਹੁ-ਗਿਣਤੀ ਵਾਲੇ ਜਿਲਿਆਂ ਵਿਚ ਵੰਡਣ ਦੀ ਕਲਪਨਾ ਕੀਤੀ ਗਈ ਸੀ। ਲਾਹੌਰ ਦੇ ਮਸ਼ਹੂਰ ‘ਐਚੀਸੰਨ ਕਾਲਜ’ ਦਾ ਪੜ੍ਹਿਆ, ਲੈਫਟੀਨੈਂਟ ਕਰਨਲ, ਸਰ ਮਲਿਕ ਖਿਜਰ ਹਯਾਤ ਟਿਵਾਣਾ ਇਸ ਸਮੇਂ ਸੰਯੁਕਤ ਅੰਗਰੇਜ਼ੀ ਪੰਜਾਬ ਦੇ ਮੁੱਖ ਮੰਤਰੀ ਸਨ। ਅੰਗਰੇਜ਼ ਸਾਮਰਾਜ ਵਿਚ ਪੰਜਾਬ ਦੇ ਲੋਕਾਂ ਦੀ ਮੁੱਖ ਬੋਲੀ ਬਾਬੇ ਨਾਨਕ ਵਾਲੀ ‘ਗੁਰਮੁਖੀ’ ਸੀ, ਪਰ ਸਕੂਲਾਂ ਵਿਚ ਹਰ ਕੌਮ ਦੇ ਬੱਚਿਆਂ ਨੂੰ ‘ਉਰਦੂ’ ਵਿਚ ਹੀ ਸਾਰੀ ਪੜ੍ਹਾਈ ਕਰਵਾਈ ਜਾਂਦੀ ਸੀ। ‘ਸਤਿ ਸ੍ਰੀ ਅਕਾਲ’, ‘ਨਮਸਤੇ’ ਅਤੇ ‘ਅਸਲਾਮਾਲੇਕਮ’ ਪੰਜਾਬੀਆਂ ਵਿਚ ਆਮ ਪ੍ਰਚਲਤ ਸਨ।
ਲਾਰਡ ਮਾਊਂਟਬੈਟਨ ਨੇ 15-16 ਮਈ 1947 ਨੂੰ ਦਿੱਲੀ ਵਿਖੇ ਹੋਈ ਇਕ ਬੈਠਕ ਵਿਚ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਨੂੰ ਰਾਜ਼ੀ ਕਰ ਲਿਆ ਸੀ ਕਿ ਉਹ ਪਟਿਆਲੇ ਦੇ ਸਿੱਖ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਮਿਲ ਕੇ ਪਤਾ ਕਰੇ ਕਿ ਕੀ ਮੁਸਲਮਾਨ ਅਤੇ ਸਿੱਖ ਕਿਸ ਤਰਕੀਬ ਉਪਰ ਰਜ਼ਾਮੰਦ ਹੋ ਕੇ ਪੰਜਾਬ ਨੂੰ ਇੱਕਠਾ ਰੱਖ ਸਕਦੇ ਹਨ, ਜਾਂ ਨਹੀਂ? ਮੁਹੰਮਦ ਅਲੀ ਜਿਨਾਹ ਨੇ ਮਹਾਰਾਜਾ ਪਟਿਆਲਾ ਨੂੰ ਭਰੋਸਾ ਦਿਵਾਇਆ ਕਿ ਨਵੇਂ ਬਣਨ ਵਾਲੇ ਮੁਲਕ ਪਾਕਿਸਤਾਨ ਵਿਚ ਘੱਟ-ਗਿਣਤੀਆਂ ਦੀ ਪੂਰੀ ਹਿਫਾਜ਼ਤ ਕੀਤੀ ਜਾਵੇਗੀ, ਭਾਵੇਂ ਉਹ ਕੋਈ ਠੋਸ ਤਜਵੀਜ਼ ਜਾਂ ਢੰਗ ਤਰੀਕਾ ਹਾਲੀ ਨਹੀਂ ਸੁਝਾਵੇਗਾ। ਜਿਥੋਂ ਤਕ ਨਵੇਂ ਹਿੰਦੋਸਤਾਨ ਨਾਲ ਅੰਤਰਰਾਸ਼ਟਰੀ ਸਰਹੱਦ ਦਾ ਸਵਾਲ ਸੀ, ਮਹਾਰਾਜਾ ਪਟਿਆਲਾ ਨੇ ਸਿੱਖਾਂ ਦੀ ਮੰਗ ਨੂੰ ਦੁਹਰਾਇਆ ਕਿ ਇਹ ਚਨਾਬ ਦਰਿਆ ਤੱਕ ਹੋਵੇ, ਜਦੋਂ ਕਿ ਜਨਾਬ ਜਿਨਾਹ ਚਾਹੁੰਦਾ ਸੀ ਕਿ ਇਹ ਹੱਦ ਦਰਿਆ ਸਤਲੁਜ ਤੱਕ ਬਣੇ। ਆਮ ਪੰਜਾਬ ਦੇ ਲੋਕਾਂ ਨੂੰ ਲਗਦਾ ਸੀ ਕਿ ਅਜਿਹੀ ਸਰਹੱਦ ਲਈ ਦਰਿਆ ਰਾਵੀ ਨੂੰ ਸਾਂਝੇ ਸਮਝੌਤੇ ਵਾਂਗ ਮਨਜ਼ੂਰ ਕਰ ਲਿਆ ਜਾਵੇਗਾ।
ਅੰਗਰੇਜ਼ ਸਰਕਾਰ ਦੇ ਵਾਇਸਰਾਏ ਸਾਹਿਬ ਦੇ ਮੁੱਖ ਸਕੱਤਰ, ਸਰ ਐਰਿਕ ਮੀਵਿਲ ਨੇ 20 ਮਈ 1947 ਦੀ ਇਕ ਤਾਰ ਵਿਚ ਵਾਇਸਰਾਏ ਹਿੰਦੋਸਤਾਨ ਲਾਰਡ ਮਾਊਂਟਬੈਟਨ ਨੂੰ ਜਨਾਬ ਜਿਨਾਹ ਤੇ ਮਹਾਰਾਜਾ ਪਟਿਆਲਾ ਦਰਮਿਆਨ ਮਿਲਣੀ ਬਾਰੇ ਦੱਸਿਆ ਅਤੇ ਮਹਾਰਾਜਾ ਪਟਿਆਲਾ ਦੇ ਹਵਾਲੇ ਨਾਲ ਲਿਖਿਆ ਕਿ ਉਸ ਯਾਨਿ ਮਹਾਰਾਜਾ ਪਟਿਆਲਾ ਨੇ ਲੰਬੀ ਗੱਲਬਾਤ ਕੀਤੀ ਤੇ ਜਨਾਬ ਜਿਨਾਹ ਨੂੰ ਹਿੰਦੋਸਤਾਨ ਦੀ ਵੰਡ ਦੇ ਤਬਾਹਕੁੰਨ ਨਤੀਜਿਆਂ ਬਾਰੇ ਸਮਝਾਉਣ ਦੀ ਕੋਸਿ਼ਸ਼ ਕੀਤੀ; ਪਰ ਉਸ ਨੇ ਵੇਖਿਆ ਕਿ ਜਨਾਬ ਜਿਨਾਹ ਇਸ ਬਾਰੇ ਜਿ਼ੱਦੀ ਤੇ ਦ੍ਰਿੜ ਸੀ।
ਉਸੇ ਤਾਰ ਵਿਚ ਸਕੱਤਰ ਮੀਵਿਲ ਨੇ ਲਿਖਿਆ ਕਿ ਸਿੱਖ ਆਗੂ ਪੰਜਾਬ ਦੀ ਵੰਡ ਨੂੰ ਜਰੂਰੀ ਸਮਝਦੇ ਹਨ ਤੇ ਸੂਬੇ ਦੀ ਕਿਸੇ ਤਰ੍ਹਾਂ ਦੀ ਅਜਿਹੀ ਵੰਡ ਦਾ ਸਿੱਖਾਂ ਵਲੋਂ ਸਖਤ ਵਿਰੋਧ ਹੋਵੇਗਾ, ਜਿਹੜੀ ਉਨ੍ਹਾਂ ਦੀ ਜਮੀਨ ਜਾਇਦਾਦ, ਉਨ੍ਹਾਂ ਦੇ ਅਤੀ ਪਵਿੱਤਰ ਧਾਰਮਿਕ ਸਥਾਨਾਂ ਸਬੰਧੀ ਉਨ੍ਹਾਂ ਦੇ ਹੱਕਾਂ ਦੀ ਪ੍ਰਵਾਹ ਨਾ ਕਰਦੀ ਹੋਵੇ ਅਤੇ ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਆਪਣਾ ਦੇਸ਼ ਮੁਹੱਈਆ ਨਹੀਂ ਕਰਾਉਂਦੀ। ਜੇ ਪੰਜਾਬ ਦੀ ਵੰਡ ਕੌਮੀ ਜਾਇਦਾਦ ਵਿਚ ਵੱਖ ਵੱਖ ਭਾਈਚਾਰਿਆਂ ਦੇ ਤੁਲਨਾਤਮਕ ਹਿੱਸੇ, ਸੂਬੇ ਦੀ ਖੁਸ਼ਹਾਲੀ ਵਿਚ ਪਾਏ ਉਨ੍ਹਾਂ ਦੇ ਤੁਲਨਾਤਮਕ ਯੋਗਦਾਨ ਅਤੇ ਵੰਡੀਆਂ ਗਈਆਂ ਇਕਾਈਆਂ ਨੂੰ ਸਵੈ-ਨਿਰਭਰ ਬਣਾਉਣ ਦੀ ਖਾਹਿਸ਼ ਵਰਗੇ ਸਾਰੇ ਦੂਸਰੇ ਪੱਖਾਂ ਨੂੰ ਨਜ਼ਰ ਅੰਦਾਜ਼ ਕਰਕੇ ਮਹਿਜ ਆਬਾਦੀ ਦੇ ਆਧਾਰ `ਤੇ ਕੀਤੀ ਜਾਂਦੀ ਹੈ ਤਾਂ ਇਹ ਸਿੱਖਾਂ ਅਤੇ ਹਿੰਦੂਆਂ ਨਾਲ ਬੇਹੱਦ ਜਿ਼ਆਦਤੀ ਹੋਵੇਗੀ।
ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਵੀ ਮਹਿਸੂਸ ਕਰਦਾ ਸੀ ਕਿ ਸਰਕਾਰੀ ਅਧਿਕਾਰੀਆਂ, ਖਾਸ ਕਰਕੇ ਪੁਲਿਸ ਨੇ ਮੁਸਲਿਮ ਪੱਖੀ ਨੀਤੀ ਅਪਨਾਈ ਹੋਈ ਹੈ। ਮਹਾਰਾਜਾ ਨੇ ਬੇਨਤੀ ਕੀਤੀ ਕਿ ਜੇ ਹਕੂਮਤ ਵੰਡੇ ਗਏ ਹਿੰਦੋਸਤਾਨ ਨੂੰ ਸੌਂਪੀ ਜਾਂਦੀ ਹੈ, ਤਾਂ ਸ਼ਾਹੀ ਬਰਤਾਨਵੀ ਸਰਕਾਰ ਅਤੇ ਵਾਇਸਰਾਏ ਸਾਹਿਬ ਪੰਜਾਬ ਦੀ ਵੰਡ ਉਸ ਬੁਨਿਆਦ `ਤੇ ਕਰਨ ਦਾ ਇੰਤਜ਼ਾਮ ਕਰਨ, ਜੋ ਸਿੱਖਾਂ ਦੀਆਂ ਕੁਰਬਾਨੀਆਂ, ਦੂਜੀ ਸੰਸਾਰ ਜੰਗਾਂ ਵਿਚ ਸਿੱਖਾਂ ਦਾ ਯੋਗਦਾਨ ਅਤੇ ਪੰਜਾਬ ਸੂਬੇ ਨੂੰ ਜਰਖੇਜ ਬਣਾਉਣ ਲਈ ਕੀਤੀ ਸਖਤ ਮਿਹਨਤ ਨੂੰ ਧਿਆਨ ਵਿਚ ਰੱਖ ਕੇ ਉਚਿਤ ਤੇ ਨਿਆਂਕਾਰੀ ਹੋਵੇ।
ਸਿੱਖਾਂ ਨੂੰ ਜਨਾਬ ਜਿਨਾਹ ਦੀ ਪੇਸ਼ਕਸ਼: ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਸਿੱਖਾਂ ਨੂੰ ਬੜੀਆਂ ਉਦਾਰ ਤੇ ਠੋਸ ਸ਼ਰਤਾਂ ਪੇਸ਼ ਕੀਤੀਆਂ ਸਨ ਤਾਂ ਕਿ ਜੇ ਹਿੰਦੋਸਤਾਨ ਦੀ ਵੰਡ ਹੋਵੇ ਤਾਂ ਉਹ ਪੰਜਾਬ ਵੰਡਣ ਦੀ ਮੰਗ ਨਾ ਕਰਨ। ਇਸ ਦਾਅਵੇ ਦੀ ਭਰਪੂਰ ਤਸਦੀਕ ਪਟਿਆਲਾ ਰਿਆਸਤ ਦੇ ਸਵਰਗਵਾਸੀ ਮਹਾਰਾਜਾ ਯਾਦਵਿੰਦਰ ਸਿੰਘ ਬਹਾਦਰ ਵਲੋਂ 19 ਜੁਲਾਈ 1959 ਦੇ ਅਖਬਾਰ ਟ੍ਰਿਬਿਊਨ ਵਿਚ ਲਿਖੇ ਇਕ ਲੇਖ ਤੋਂ ਸਾਫ ਜਾਹਰ ਹੈ, “ਮੈਨੂੰ ਯਾਦ ਹੈ, ਜਨਾਬ ਜਿਨਹਾ ਵਲੋਂ ਸਿੱਖ ਦੇਸ਼ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਜਦੋਂ ਇਹ ਗੱਲਬਾਤ ਹੋਈ, ਉਸ ਵਕਤ ਲਾਰਡ ਮਾਊਂਟਬੈਟਨ, ਨਵਾਬਜ਼ਾਦਾ ਲਿਆਕਤ ਅਲੀ ਖਾਨ ਅਤੇ ਉਸ ਦੀ ਪਤਨੀ ਬੇਗਮ ਰੈਨਾ ਲਿਆਕਤ ਅਲੀ ਖਾਨ ਵੀ ਉਥੇ ਮੌਜੂਦ ਸਨ।”
ਇਸ ਮੁਲਾਕਾਤ ਵਿਚੋਂ ਕੁਝ ਅੰਸ਼ ਇਸ ਤਰ੍ਹਾਂ ਹਨ: “ਅਸੀਂ ਇਕ ਇਕ ਜਾਮ ਪੀਤਾ ਤੇ ਖਾਣ ਚਲੇ ਗਏ। ਗੱਲਬਾਤ ਸ਼ੁਰੂ ਹੋਈ ਅਤੇ ਜਿਨਾਹ ਸਾਹਿਬ ਨੇ ਸਭ ਕੁਝ ਦੇਣ ਦੀ ਪੇਸ਼ਕਸ਼ ਕੀਤੀ, ਬਸ਼ਰਤੇ ਮੈਂ ਉਸ ਦੀ ਤਰਕੀਬ ਮੰਨ ਲਵਾਂ। ਇਸ ਦੇ ਦੋ ਪਹਿਲੂ ਸਨ-ਇਕ ਰਾਜਸਥਾਨ ਬਾਰੇ ਅਤੇ ਦੂਜਾ ਪੰਜਾਬ ਵਿਚ ਦੱਖਣ ਦੇ ਇੱਕ-ਦੋ ਜਿਲਿਆਂ ਨੂੰ ਛੱਡ ਕੇ ਆਜ਼ਾਦ ਸਿੱਖ ਸੂਬੇ ਬਾਰੇ ਸੀ। ਸਿੱਖਾਂ ਦੇ ਪੰਥਕ ਲੀਡਰ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਦੂਜੇ ਸਿੱਖ ਆਗੂਆਂ ਨਾਲ ਮੇਰੀਆਂ ਲੰਬੀਆਂ ਗੱਲਾਂਬਾਤਾਂ ਹੋਈਆਂ ਸਨ। ਸਿੱਖਾਂ ਦੇ ਸਿਰ `ਤੇ ਹੋਏ ਸਾਰੇ ਭਾਅ-ਤੋਲ ਦਾ ਮੈਨੂੰ ਪਤਾ ਸੀ, ਕਿਉਂਕਿ ਅਸਲ ਵਿਚ ਮੇਰਾ ਕਈ ਤਰ੍ਹਾਂ ਨਾਲ ਉਨ੍ਹਾਂ ਨਾਲ ਵੱਡਾ ਸੰਬੰਧ ਸੀ। ਮੈਂ ਜਨਾਬ ਜਿਨਾਹ ਨੂੰ ਕਿਹਾ ਕਿ ਉਸ ਦੀਆਂ ਦੋਵੇਂ ਪੇਸ਼ਕਸ਼ਾਂ ਵਿਚੋਂ ਕੋਈ ਵੀ ਮੈਨੂੰ ਮਨਜੂ਼ਰ ਨਹੀਂ ਤੇ ਉਸ ਬਹੁਤ ਕੁਝ ਕਿਹਾ, ਜੋ ਮੇਰੇ ਮਨ ਵਿਚ ਸੀ। ਨਵਾਬਜ਼ਾਦਾ ਜਨਾਬ ਲਿਆਕਤ ਅਲੀ ਖਾਨ ਅਤੇ ਬੇਗਮ ਰੈਨਾ ਲਿਆਕਤ ਅਲੀ ਖਾਨ ਮੇਰੇ ਨਾਲ ਬੇਹੱਦ ਦੋਸਤਾਨਾ ਸਨ ਤੇ ਸਾਰੀਆਂ ਹੱਦਾਂ ਪਾਰ ਕਰਕੇ ਮੁਸਲਿਮ ਲੀਗ ਦੀ ਤਰਫੋਂ ਉਹ ਸਭ ਕੁਝ ਦੇਣ ਲਈ ਤਿਆਰ ਸਨ, ਜੋ ਸੰਭਵ ਸੀ।”
ਕਾਇਦੇ ਮਿਲਤ-ਨਵਾਬਜ਼ਾਦਾ ਲਿਆਕਤ ਅਲੀ ਖਾਨ, ਪਾਕਿਸਤਾਨ ਦੇ ਸਾਬਕਾ ਪਹਿਲੇ ਪ੍ਰਧਾਨ ਮੰਤਰੀ ਦਾ ਜਨਮ ਕਰਨਾਲ (ਹੁਣ ਹਰਿਆਣਾ ਪ੍ਰਾਂਤ) ਵਿਖੇ ਪਹਿਲੀ ਅਕਤੂਬਰ 1896 ਨੂੰ ਬਹੁਤ ਰਈਸ ਮੁਸਲਿਮ ਘਰਾਣੇ ਵਿਚ ਹੋਇਆ ਸੀ ਅਤੇ ਉਹ ਸਿੱਖਾਂ ਦੇ ਬਹੁਤ ਵੱਡੇ ਹਮਦਰਦ ਸਨ। ਬਦਕਿਸਮਤੀ ਨਾਲ ਪਾਕਿਸਤਾਨ ਬਣਨ ਉਪਰੰਤ ਕੁਝ ਹੀ ਸਾਲਾਂ ਮਗਰੋਂ 16 ਅਕਤੂਬਰ 1951 ਨੂੰ ਰਾਵਲਪਿੰਡੀ ਵਿਖੇ ਉਨ੍ਹਾਂ ਦਾ ਕਤਲ ਹੋ ਗਿਆ ਸੀ।
ਮਹਾਰਾਜਾ ਯਾਦਵਿੰਦਰ ਸਿੰਘ ਅੱਗੇ ਵਰਣਨ ਕਰਦੇ ਹਨ, “ਮੈਂ ਨਵੇਂ ਮੁਲਕ ਪਾਕਿਸਤਾਨ ਵਿਚ ‘ਆਜ਼ਾਦ ਸਿੱਖ ਦੇਸ਼ ਪੰਜਾਬ’ ਦਾ ਮੁਖੀ ਹੋਣਾ ਸੀ, ਜਿਵੇਂ ਹੁਣ ਪਟਿਆਲੇ ਦਾ ਹਾਂ। ਸਿੱਖਾਂ ਦੀ ਆਪਣੀ ਫੌਜ ਹੋਣੀ ਸੀ, ਆਪਣਾ ਸਿੱਕਾ ਹੋਣਾ ਸੀ, ਆਪਣਾ ਝੰਡਾ ਹੋਣਾ ਸੀ, ਆਪਣਾ ਆਜ਼ਾਦ ਦੇਸ਼ ਹੋਣਾ ਸੀ, ਵਗੈਰਾ, ਵਗੈਰਾ। ਇਹ ਸਾਰੀਆਂ ਗੱਲਾਂ ਬੇਹੱਦ ਦਿਲ-ਖਿੱਚਵੀਆਂ ਸਨ, ਪਰ ਮੈਂ ਉਨ੍ਹਾਂ ਨੂੰ ਅਮਲ ਵਿਚ ਲਿਆਉਣ ਯੋਗ ਨਾ ਸਮਝਦਿਆਂ ਮੰਨਣ ਤੋਂ ਇਨਕਾਰੀ ਸਾਂ, ਤੇ ਨਾ ਮੈਂ ਅਜਿਹੇ ਮਿਜਾਜ਼ ਵਿਚ ਸਾਂ ਕਿ ਆਪਣੇ ਦ੍ਰਿੜ ਇਰਾਦੇ ਬਦਲ ਸਕਦਾ ਸੀ। ਇਹ ਗੱਲਬਾਤ ਅੱਧੀ ਰਾਤ ਤੋਂ ਬਾਅਦ ਤਕ ਚਲਦੀ ਰਹੀ, ਪਰ ਮਹਾਰਾਜੇ ਨੇ ਕਿਤੇ ਵੀ ਪੈਰ ਨਾ ਲਾਏ ਅਤੇ ਨਾ ਹੀ ਕੋਈ ਪੱਲੂ ਫੜਾਇਆ ਸੀ। ਲਾਰਡ ਮਾਊਂਟਬੈਟਨ ਨੇ ਸਭ ਕੁਝ ਬੜੇ ਧੀਰਜ ਨਾਲ ਸੁਣਿਆ ਅਤੇ ਕਿਤੇ ਕਿਤੇ ਹੀ ਗੱਲਬਾਤ ਵਿਚ ਹਿੱਸਾ ਲਿਆ ਸੀ। ਇਸ ਗੱਲਬਾਤ ਦੇ ਅਖੀਰ ਵਿਚ ਉਨ੍ਹਾਂ ਕਿਹਾ ਕਿ ਸ਼ਾਇਦ ਮੈਂ ਤੇ ਜਿਨਾਹ ਫਿਰ ਇਕ ਵਾਰ ਦੁਬਾਰਾ ਮਿਲ ਸਕਦੇ ਹਾਂ।”
ਮਹਾਰਾਜਾ ਪਟਿਆਲਾ ਫਿਰ ਵਰਣਨ ਕਰਦੇ ਹਨ, “ਜਨਾਬ ਜਿਨਾਹ ਨੇ ਔਰੰਗਜ਼ੇਬ ਰੋਡ, ਨਵੀਂ ਦਿੱਲੀ ਵਿਖੇ ਆਪਣੀ ਰਿਹਾਇਸ਼ ਉਪਰ ਉਸ ਨੂੰ ਆਪਣੇ ਨਾਲ ਚਾਹ ਪੀਣ ਦਾ ਸੱਦਾ ਦਿੱਤਾ।” ਮਹਾਰਾਜਾ ਪਟਿਆਲਾ ਲਿਖਦਾ ਹੈ, “ਉਸ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਸੀ। ਬੇਗਮ ਫਾਤਿਮਾ ਜਿਨਾਹ ਵੀ ਉਥੇ ਮੌਜੂਦ ਸਨ ਅਤੇ ਬਾਅਦ ਵਿਚ ਲਿਆਕਤ ਅਲੀ ਖਾਨ ਵੀ ਆ ਗਿਆ ਸੀ। ਉਨ੍ਹਾਂ ਸਭ ਨੇ ਮੁੜ ਉਹੀ ਮੁੱਦਿਆਂ ਬਾਰੇ ਗੱਲਾਂ ਕੀਤੀਆਂ, ਜਿਨ੍ਹਾਂ ਬਾਰੇ ਦੋ ਦਿਨ ਪਹਿਲਾਂ ਕੀਤੀਆਂ ਗਈਆਂ ਸਨ, ਪਰ ਕੋਈ ਹੱਲ ਸਾਹਮਣੇ ਨਹੀਂ ਆਇਆ।” ਪਟਿਆਲਾ ਰਿਆਸਤ ਦਾ ਸਾਬਕਾ ਪ੍ਰਧਾਨ ਮੰਤਰੀ, ਸਰਦਾਰ ਹਰਦਿੱਤ ਸਿੰਘ ਮਲਿਕ ਵੀ ਮੇਰੇ ਨਾਲ ਮੁਸਲਿਮ ਲੀਗ ਅਤੇ ਸਿੱਖ ਆਗੂਆਂ ਦੀਆਂ ਮੁਲਕ ਦੀ ਵੰਡ ਬਾਰੇ ਬੈਠਕਾਂ ਵਿਚ ਸਦਾ ਹੀ ਸ਼ਾਮਲ ਹੁੰਦਾ ਸੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਅਤੇ ‘ਪੰਜਾਬ ਵੰਡ’ ਦੇ ਉਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨਾਰੰਗ ਦੇ ਦਿੱਲੀ ਮਿਲਣੀਆਂ ਬਾਰੇ ਕੁਝ ਅੰਸ਼:
ਮੁਹੰਮਦ ਅਲੀ ਜਿਨਾਹ ਅਤੇ ਲਿਆਕਤ ਅਲੀ ਖਾਨ ਨਾਲ ਗੱਲਬਾਤ ਕਰਨ ਲਈ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਪਟਿਆਲਾ ਰਿਆਸਤ ਹਰਦਿਤ ਸਿੰਘ ਮਲਿਕ, ਜੋ ਸਿੱਖ ਆਗੂਆਂ ਦੇ ਨਾਲ ਦਿੱਲੀ ਗਏ ਸਨ, ਦਾ ਮੰਨਣਾ ਹੈ ਕਿ ਉਸ ਵਕਤ ਤੱਕ ਪਾਕਿਸਤਾਨ ਬਣਨਾ ਮਨਜ਼ੂਰ ਨਹੀਂ ਕੀਤਾ ਗਿਆ ਸੀ। ਜਨਾਬ ਜਿਨਾਹ ਸਿੱਖਾਂ ਨੂੰ ਆਪਣੇ ਵੱਲ ਕਰਨ ਲਈ ਬੇਹੱਦ ਕਾਹਲਾ ਸੀ ਤੇ ਉਸ ਨੇ ਪਟਿਆਲਾ ਦੇ ਮਹਾਰਾਜਾ ਸਾਹਿਬ ਨੂੰ ਮਿਲਣੀ ਲਈ ਸੁਨੇਹਾ ਭੇਜਿਆ। ਕੁਝ ਕੁ ਅੜਚਣਾਂ ਦੇ ਬਾਅਦ ਆਖਰ ਇਹ ਬੈਠਕ ਨੰਬਰ 4, ਭਗਵਾਨ ਦਾਸ ਰੋਡ ਨਵੀਂ ਦਿੱਲੀ ਵਿਖੇ ਹਰਦਿਤ ਸਿੰਘ ਮਲਿਕ ਦੇ ਭਰਾ ਸ. ਤੇਜਾ ਸਿੰਘ ਮਲਿਕ ਦੇ ਘਰ ਵਿਖੇ ਹੋਣੀ ਨਿਯਤ ਹੋਈ ਸੀ।
ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਨੰਬਰ 4, ਭਗਵਾਨ ਦਾਸ ਰੋਡ ਉਪਰ ਸਥਿਤ 2.8 ਏਕੜ ਵਾਲਾ ਇਹ ਘਰ ਸੰਨ 2015 ਵਿਚ 304 ਕਰੋੜ (ਭਾਰਤੀ ਰੁਪਏ) ਵਿਚ ਵਿਕਿਆ ਅਤੇ ਹੁਣ ਸੰਨ 2021 ਵਿਚ 430 ਕਰੋੜ ਰੁਪਏ ਵਿਚ ਵਿਕਣ ਲਈ ਲੱਗਾ ਹੋਇਆ ਹੈ। ਇਸ ਸ਼ਾਨਦਾਰ ਘਰ ਵਿਚ ਪੰਜਾਬ ਦੇ ਭਵਿੱਖ ਦੀ ਰੂਪ ਰੇਖਾ ਬਾਰੇ ਇਸ ਇਤਿਹਾਸਕ ਬੈਠਕ ਵਿਚ ਮੁਹੰਮਦ ਅਲੀ ਜਿਨਾਹ, ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ, ਹਰਦਿਤ ਸਿੰਘ ਮਲਿਕ, ਸਿੱਖ ਧਾਰਮਿਕ ਆਗੂ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਸ਼ਾਮਲ ਸਨ। ਸ. ਹਰਦਿਤ ਸਿੰਘ ਮਲਿਕ, ਵਲੈਤ ਦਾ ਪੜ੍ਹਿਆ-ਲਿਖਿਆ, ਦੇਸ਼ਾਂ-ਵਿਦੇਸ਼ਾਂ ਵਿਚ ਘੁੰਮਿਆ-ਫਿਰਿਆ ਇਕ ਸਿੱਖ ‘ਨੋਬਲ ਸਰਦਾਰ’ ਸੀ, ਜੋ ਸਿੱਖਾਂ ਦਾ ਮੁੱਖ ਬੁਲਾਰਾ ਸੀ। ਸ. ਹਰਦਿਤ ਸਿੰਘ ਮਲਿਕ ਦਾ ਜਨਮ 23 ਨਵੰਬਰ 1894 ਨੂੰ ਪੋਠੋਹਾਰ ਦੇ ਸ਼ਹਿਰ ਰਾਵਲਪਿੰਡੀ ਵਿਖੇ ਧਨਾਢ ਸਿੱਖ ਪਰਿਵਾਰ ਸਰਦਾਰ ਬਹਾਦਰ ਮੋਹਨ ਸਿੰਘ ਬਲਦ ਰਈਸ ਖਜਾਨ ਸਿੰਘ ਦੇ ਘਰ ਵਿਖੇ ਹੋਇਆ ਸੀ। ਸ. ਮਲਿਕ ਦੀ ਵਧੇਰੇ ਪੜ੍ਹਾਈ ਇੰਗਲੈਂਡ ਵਿਚ ਹੋਈ ਅਤੇ ਉਹ ਬ੍ਰਿਟਿਸ਼ ਹਵਾਈ ਸੈਨਾ ਵਿਚ ਪਹਿਲੇ ਸਿੱਖ ਸਨ, ਜੋ ‘ਲੜਾਕੂ ਹਵਾਈ ਜਹਾਜ਼’ ਦੇ ਚਾਲਕ ਸਨ। ਪਹਿਲੀ ਆਲਮੀ ਸੰਸਾਰ ਜੰਗ ਦੇ ਉਹ ਮੁੱਖ ਨਾਇਕ ਸਨ। ਕ੍ਰਿਕਟ ਤੇ ਗੌਲਫ ਖੇਡਣ ਦਾ ਵੀ ਸਰਦਾਰ ਪੂਰਾ ਸ਼ੌਕੀਨ ਸੀ।
ਸੰਨ 1919 ਵਿਚ ਆਲਮੀ ਜੰਗ ਤੋਂ ਵਾਪਿਸ ਆਉਂਦੇ ਸਾਰ ਉਨ੍ਹਾਂ ਦੀ ਸ਼ਾਦੀ ਪ੍ਰਕਾਸ਼ ਕੌਰ ਨਾਲ ਕਰ ਦਿੱਤੀ ਗਈ, ਜੋ ਲਾਹੌਰ ਦੇ ਨਾਮੀ ਤੇ ਧਨਾਢ ਵਕੀਲ ਭਗਤੀਸ਼ਵਰ ਦਾਸ ਦੀ ਧੀ ਸੀ। ਹਰਦਿਤ ਸਿੰਘ ਮਲਿਕ ਦੇ 3 ਬੱਚੇ-ਦੋ ਧੀਆਂ ਹਰਸਿਮਰਨ ਤੇ ਵੀਨਾ/ਰਗਾਵਨ ਅਤੇ ਇਕ ਪੁੱਤਰ ਹਰਮਲਾ ਸਿੰਘ ਮਲਿਕ ਹੋਏ। ਬ੍ਰਿਟਿਸ਼ ਸਾਮਰਾਜ, ਪਟਿਆਲਾ ਸਿੱਖ ਰਿਆਸਤ ਅਤੇ ਭਾਰਤ ਸਰਕਾਰ ਨਾਲ ਉਨ੍ਹਾਂ ਦੇਸ਼ਾਂ-ਵਿਦੇਸ਼ਾਂ ਵਿਚ ਬਹੁਤ ਪ੍ਰਮੁੱਖ ਉਚੇ ਸਰਕਾਰੀ ਅਹੁਦਿਆਂ ਉਪਰ ਕੰਮ ਕੀਤਾ। 91 ਸਾਲ ਦੀ ਉਮਰ ਵਿਚ 31 ਅਕਤੂਬਰ 1985 ਨੂੰ ਉਹ ਦਿੱਲੀ ਵਿਖੇ ਪੂਰੇ ਹੋ ਗਏ ਸਨ। ਅਪਰੈਲ 1944 ਤੋਂ ਅਗਸਤ 1947 ਤੱਕ ਉਹ ਅੰਗਰੇਜ਼ ਸਰਕਾਰ ਵੇਲੇ ਭਾਰਤ ਦੀ ਆਜ਼ਾਦ ਤਾਕਤਵਰ ‘ਸਿੱਖ ਰਿਆਸਤ ਪਟਿਆਲਾ’ ਦੇ ਪ੍ਰਧਾਨ ਮੰਤਰੀ ਜਾਂ ਮੁੱਖ ਦੀਵਾਨ ਰਹੇ ਸਨ। ਆਜ਼ਾਦ ਭਾਰਤ ਦੀ ਸਰਕਾਰ ਵਲੋਂ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਉਹ ਭਾਰਤ ਦੇ ਪਹਿਲੇ ‘ਸਿੱਖ ਸਰਦਾਰ ਭਾਰਤ ਦੇ ਹਾਈ ਕਮਿਸ਼ਨਰ’ ਸਨ।
ਕਾਇਦੇ ਆਜ਼ਮ ਜਿਨਾਹ ਨੇ ਗੱਲ ਸ਼ੁਰੂ ਕੀਤੀ, “ਉਹ ਪਾਕਿਸਤਾਨ ਦੇ ਹੱਕ ਵਿਚ ਸਿੱਖਾਂ ਦੇ ਹੁੰਗਾਰੇ ਲਈ ਬੜਾ ਕਾਹਲਾ ਹੈ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਦੇਣ ਲਈ ਤਿਆਰ ਹੈ, ਜੋ ਉਹ ਚਾਹੁੰਦੇ ਹਨ।” ਸੰਸਾਰ ਪੱਧਰ ਉਪਰ ਬਣਨ ਵਾਲੇ ਨਵੇਂ ਮੁਸਲਿਮ ‘ਪਾਕਿਸਤਾਨ ਮੁਲਕ’ ਦਾ ਜਨਮਦਾਤਾ ਕਾਇਦੇ ਆਜ਼ਮ (ਅਰਬੀ ਭਾਸ਼ਾ ਦਾ ਸ਼ਬਦ ਹੈ, ਅਰਥ-ਮਹਾਨ ਨੇਤਾ) ਮੁਹੰਮਦ ਅਲੀ ਜਿਨਾਹ ਪੇਸ਼ੇ ਪੱਖੋਂ ਇਕ ਵਕੀਲ ਸੀ, ਜਿਸ ਦਾ ਜਨਮ 25 ਦਸੰਬਰ 1876 ਨੂੰ ਸਿੰਧ ਸੂਬੇ ਦੀ ਨਾਮੀ ਅੰਤਰਰਾਸ਼ਟਰੀ ਬੰਦਰਗਾਹ ਵਾਲੇ ਸ਼ਹਿਰ ਕਰਾਚੀ ਵਿਖੇ ਧਨਾਢ ‘ਖੋਜਾ ਬਰਾਦਰੀ’ ਦੇ ਵਪਾਰੀ ਜਿਨਾਹ ਭਾਈ ਪੂੰਜਾ ਦੇ ਘਰ ਹੋਇਆ ਸੀ। ਇਹ ਜਿਨਾਹ ਪਰਿਵਾਰ ਇਕ ਸਦੀ ਪਹਿਲਾਂ ਬੰਬਈ ਵਿਚ ਹਿੰਦੂਆਂ ਤੋਂ ਮੁਸਲਮਾਨ ਬਣੇ ਸਨ। ਸੰਨ 1906 ਵਿਚ ਬੰਗਾਲ ਦੀ ਰਾਜਧਾਨੀ ਕਲਕੱਤਾ ਵਿਖੇ ‘ਇੰਡੀਅਨ ਨੈਸ਼ਨਲ ਕਾਂਗਰਸ’ ਦੀ ਇਕ ਸਭਾ ਵਿਚ ਨੌਜਵਾਨ ਜਨਾਬ ਜਿਨਾਹ ਸ਼ਾਮਲ ਹੋ ਕੇ ਭਾਰਤੀ ਰਾਜਨੀਤੀ ਵਿਚ ਪ੍ਰਵੇਸ਼ ਕਰ ਗਏ ਸਨ। ਸਮਾਂ ਪਾ ਕੇ 30 ਦਸੰਬਰ 1906 ਨੂੰ ਢਾਕਾ ਵਿਖੇ ਨਵਾਬ ਖਵਾਜਾ ਸਲੀਮਉਲਾ ਦੀ ਪ੍ਰਧਾਨਗੀ ਹੇਠ ਮੁਹੰਮਦ ਅਲੀ ਜਿਨਾਹ ਨੇ ‘ਇੰਡੀਅਨ ਨੈਸ਼ਨਲ ਕਾਂਗਰਸ’ ਨਾਲੋਂ ਵੱਖ ਹੋ ਕੇ ਨਵੀਂ ਮੁਸਲਿਮ ਕੌਮੀ ਪਾਰਟੀ ‘ਆਲ ਇੰਡੀਆ ਮੁਸਲਿਮ ਲੀਗ’ ਨਿਰੋਲ ਮੁਸਲਮਾਨ ਪਾਰਟੀ ਬਣਾ ਲਈ, ਜਿਸ ਨੇ 23 ਮਾਰਚ 1940 ਨੂੰ ਲਾਹੌਰ ਵਿਖੇ ਇਕ ਮਤਾ ਪਾਸ ਕਰਕੇ ਭਾਰਤੀ ਅੰਗਰੇਜ਼ ਸਰਕਾਰ ਤੋਂ ਵੱਖਰੇ ਮੁਸਲਿਮ ਬਹੁ-ਗਿਣਤੀ ਵਾਲੇ ਮੁਲਕ ‘ਪਾਕਿਸਤਾਨ’ ਦੀ ਮੰਗ ਰੱਖੀ। ਆਲ ਇੰਡੀਆ ਕਾਂਗਰਸ ਦੇ ਨੇਤਾ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਭਾਰਤ ਦੀ ਆਜ਼ਾਦੀ ਦੇ ਸ਼ਾਂਤਮਈ ਅੰਦੋਲਨਕਾਰੀ ਨੇਤਾ, ਮੋਹਨ ਦਾਸ ਕਰਮ ਚੰਦ ਗਾਂਧੀ, ਜੋ ‘ਮਹਾਤਮਾ ਗਾਂਧੀ’ ਦੇ ਨਾਂ ਨਾਲ ਮਸ਼ਹੂਰ ਹੋਏ ਅਤੇ ਸਾਰੀ ਅੰਗਰੇਜ਼ ਭਾਰਤੀ ਸਰਕਾਰ, ਭਾਰਤੀ ਉਪ ਮਹਾਂਦੀਪ ਨੂੰ ਇਕੱਠਾ ਰੱਖਣਾ ਚਾਹੁੰਦੇ ਸਨ, ਪਰ ਇਕੱਲਾ ਮੁਸਲਿਮ ਨੇਤਾ ਮੁਹੰਮਦ ਅਲੀ ਜਿਨਾਹ ਫਾਨੇ ਵਾਂਗ ਅੜਿਆ ਰਿਹਾ ਅਤੇ ਇਕ ਵੱਖਰਾ ਆਜ਼ਾਦ ਮੁਸਲਿਮ ਮੁਲਕ ‘ਪਾਕਿਸਤਾਨ’ ਲੈ ਗਿਆ। 15 ਅਗਸਤ 1947 ਨੂੰ 200 ਸਾਲਾਂ ਦੇ ‘ਈਸਟ ਇੰਡੀਆ ਕੰਪਨੀ’ ਤੇ ਫਿਰ 100 ਸਾਲ ‘ਅੰਗਰੇਜ਼ ਬ੍ਰਿਟਿਸ਼ ਸਾਮਰਾਜ’ ਦਾ ਭਾਰਤ ਵਿਚ ਅੰਤ ਹੋ ਗਿਆ, ਜਿਸ ਨਾਲ ਭਾਰਤੀ ਉਪ ਮਹਾਂਦੀਪ ਵਿਚ ਦੋ ਨਵੇਂ ਆਜ਼ਾਦ ਮੁਲਕ-ਭਾਰਤ ਤੇ ਪਾਕਿਸਤਾਨ ਹੋਂਦ ਵਿਚ ਆਏ। ਭਾਰਤ ਦੇ ਪੂਰਬ ਵਿਚ ਪੰਜਾਬ ਤੇ ਪੱਛਮ ਵਿਚ ਬੰਗਾਲ ਵੰਡੇ ਗਏ। ਲੱਖਾਂ ਸਿੱਖ, ਹਿੰਦੂ ਤੇ ਮੁਸਲਮਾਨ ਘਰੋਂ ਬੇਘਰ ਹੋਏ, ਹਜ਼ਾਰਾਂ ਪਰਿਵਾਰਾਂ ਦਾ ਕਤਲੇਆਮ ਹੋਇਆ, ਲੁੱਟਾਂ ਹੋਈਆਂ, ਜਵਾਨ ਔਰਤਾਂ ਦੀ ਪੱਤ ਲੁੱਟੀ ਗਈ। ਦੁਨੀਆਂ ਵਿਚ ਇਹ ਇਨਸਾਨੀਅਤ ਦਾ ਸਦੀਆਂ ਤੋਂ ਇਕੱਠੇ ਰਹਿ ਰਹੇ ਆਪਣਿਆਂ ਦਾ ਆਪਣੇ ਹੀ ਲੋਕਾਂ ਵਲੋਂ ਸਭ ਤੋਂ ਵੱਡਾ ਕਤਲੇਆਮ, ਬਰਬਾਦੀ, ਲੁੱਟਾਂ ਤੇ ਜੁਲਮ ਸੀ। ਨਵੇਂ ਆਜ਼ਾਦ ਭਾਰਤੀ ਪੰਜਾਬ ਦੇ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਦਾ ਸਾਰਾ ਸਿਲੇਬਸ ‘ਹਿੰਦੀ’ ਭਾਸ਼ਾ ਵਿਚ ਸ਼ੁਰੂ ਹੋ ਗਿਆ, ਜੋ ਪਹਿਲਾਂ ਉਰਦੂ ਭਾਸ਼ਾ ਵਿਚ ਹੰੁਦਾ ਸੀ। ਉਰਦੂ ਭਾਸ਼ਾ ਨੂੰ ਨਵੇਂ ਮੁਲਕ ਪਾਕਿਸਤਾਨ ਵਿਚ ਹੀ ਬੰਦ ਕਰ ਦਿੱਤਾ। ਸਕੂਲਾਂ ਵਿਚ ਸਵੇਰ ਸਮੇਂ ਛੋਟੇ ਬੱਚਿਆਂ ਵਲੋਂ ਸਕੂਲ ਅਧਿਆਪਕਾਂ ਨੂੰ ਸਤਿ ਸ੍ਰੀ ਅਕਾਲ, ਨਮਸਤੇ ਤੇ ਅਸਲਾਮਾਲੇਕਮ ਦੀ ਜਗਾ ‘ਜੈ ਹਿੰਦ’ ਕਹਿਣ ਦੀ ਨਵੀਂ ਪਿਰਤ ਜਬਰਨ ਪਾਈ ਗਈ। ਹਿੰਦੂ ਬਹੁ-ਗਿਣਤੀ ਨਵੇਂ ਆਜ਼ਾਦ ਮੁਲਕ ‘ਹਿੰਦੋਸਤਾਨ’ ਵਿਚ ਸਿੱਖ ਰਾਜਨੀਤਿਕ ਆਗੂ, ਧਾਰਮਿਕ ਨੇਤਾ ਤੇ ਪੰਥਕ ਲੀਡਰ ਇਕੱਠੇ ਹੀ ਨਹੀਂ ਹੋਏ, ਸਗੋਂ ਡੱਡੂਆਂ ਵਾਂਗ ਛਾਲਾਂ ਮਾਰਦੇ ਰਹੇ ਅਤੇ ਜਿਸ ਕਾਰਨ ਹੁਣ ਤੱਕ ਧੱਕੇ ਖਾ ਰਹੇ ਹਨ।
ਹਰਦਿਤ ਸਿੰਘ ਮਲਿਕ ਨੇ ਕਿਹਾ, “ਜਨਾਬ ਜਿਨਾਹ ਸਾਹਿਬ, ਤੁਸੀਂ ਬਹੁਤ ਦਰਿਆ ਦਿਲ ਹੋ, ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਹੀ ਅਰਥਾਂ ਵਿਚ ਸਾਡੀ ਪਾਕਿਸਤਾਨ ਅੰਦਰ ਹੈਸੀਅਤ ਕੀ ਹੋਵੇਗੀ? ਸਰਕਾਰ ਤੁਹਾਡੀ ਬਣੇਗੀ, ਵਿਧਾਨ ਸਭਾ ਤੁਹਾਡੀ ਹੋਵੇਗੀ, ਫੌਜਾਂ ਤੁਹਾਡੀਆਂ ਹੋਣਗੀਆਂ, ਇਨ੍ਹਾਂ ਸਾਰਿਆਂ ਸਰਕਾਰੀ ਵਿਭਾਗਾਂ ਵਿਚ ਸਿੱਖਾਂ ਦਾ ਕੀ ਹਿੱਸਾ ਹੋਵੇਗਾ?” ਜਨਾਬ ਜਿਨਾਹ ਦਾ ਉਤਰ ਸੀ, “ਜਨਾਬ ਮਲਿਕ ਜੀ, ਜੋ ਕੁਝ 1924 ਵਿਚ ਮਿਸਰ ਦੇਸ਼ ਦੀ ਆਜ਼ਾਦੀ ਸਮੇਂ ਹੋਇਆ, ਕੀ ਤੁਸੀਂ ਉਸ ਤੋ ਵਾਕਿਫ ਹੋ? ਮੈਂ ਵੀ ਸਿੱਖਾਂ ਨਾਲ ਉਹੀ ਸਲੂਕ ਕਰਾਂਗਾ, ਜੋ ਮਿਸਰ ਦੀ ਆਜ਼ਾਦੀ ਸਮੇਂ ਮੁਸਲਿਮ ਆਗੂ ਸਾਦ ਜਗਲੋਲ ਪਾਸ਼ਾ ਇਬਨ ਇਬਰਾਹਿਮ ਨੇ ‘ਕੋਪਟਕਾਂ’ (ਇਸਾਈ ਘੱਟ-ਗਿਣਤੀ) ਨਾਲ ਕੀਤਾ ਸੀ।”
ਮਿਸਰ ਦੇ ਘੱਟ-ਗਿਣਤੀ ‘ਕੋਪਟਕਾਂ’ ਨੇ ਆਜ਼ਾਦ ਮੁਲਕ ਮਿਸਰ ਵਿਚ, ਬਹੁ-ਗਿਣਤੀ ਮੁਸਲਮਾਨਾਂ ਨਾਲ ਰਹਿਣ ਲਈ, ਮੁਸਲਿਮ ਆਗੂ ਜਨਾਬ ਜਗਲੋਲ ਪਾਸ਼ਾ ਤੋਂ ਕੁਝ ਮੰਗਾਂ ਮੰਗੀਆਂ। ਜਨਾਬ ਪਾਸ਼ਾ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਵਾਪਿਸ ਜਾਣ, ਇਕ ਵਾਰ ਫਿਰ ਸੋਚਣ ਅਤੇ ਕਾਗਜ਼ ਉਪਰ ਆਪਣੀਆਂ ਸਾਰੀਆਂ ਮੰਗਾਂ ਲਿਖ ਕੇ ਲੈ ਆਉਣ। ਅਲੈਗਜ਼ੈਂਡਰੀਆ ਦੇ ਇਸਾਈ ‘ਧਾਰਮਿਕ ਪੋਪ’ ਦੀ ਨਸੀਹਤ ਅਨੁਸਾਰ ‘ਕੋਪਟਕ ਇਸਾਈ ਭਾਈਚਾਰੇ’ ਨੇ ਇਸੇ ਤਰ੍ਹਾਂ ਹੀ ਕੀਤਾ। ਮੁਸਲਿਮ ਆਗੂ ਜਨਾਬ ਜਗਲੋਲ ਪਾਸ਼ਾ ਨੇ ਉਨ੍ਹਾਂ ਦੇ ਹੱਥੋਂ ਉਹ ਕਾਗਜ਼ ਲਿਆ ਅਤੇ ਬਿਨਾ ਪੜ੍ਹਿਆਂ ਉਸ ਉਪਰ ਲਿਖ ਦਿਤਾ, “ਮੈਨੂੰ ਮਨਜੂਰ ਹੈ।” ਜਨਾਬ ਜਿਨਾਹ ਨੇ ਕਿਹਾ, “ਮੈਂ ਸਿੱਖਾਂ ਨਾਲ ਵੀ ਇਹੋ ਹੀ ਕਰਾਂਗਾ।”
ਹਰਦਿਤ ਸਿੰਘ ਮਲਿਕ ਦਾ ਕਹਿਣਾ ਹੈ, “ਇਸ ਨੇ ਸਾਨੂੰ ਸਭ ਨੂੰ ਮੁਸ਼ਕਿਲ ਵਿਚ ਪਾ ਦਿੱਤਾ। ਸਾਡਾ ਪੱਕਾ ਇਰਾਦਾ ਸੀ ਕਿ ਅਸੀਂ ਕਿਸੇ ਵੀ ਹਾਲਾਤ ਵਿਚ ਪਾਕਿਸਤਾਨ ਨੂੰ ਮਨਜ਼ੂਰ ਨਹੀਂ ਕਰਾਂਗੇ, ਪਰ ਇਹ ਮੁਸਲਿਮ ਆਗੂ ਤਾਂ ਸਾਨੂੰ ਅੱਖਾਂ ਬੰਦ ਕਰਕੇ ਸਭ ਕੁਝ ਦੇ ਰਿਹਾ ਹੈ।” ਸ. ਮਲਿਕ ਨੇ ਫਿਰ ਸਵਾਲ ਕੀਤਾ, “ਜਿਨਾਹ ਸਾਹਿਬ, ਤੁਸੀਂ ਤਾਂ ਬਹੁਤ ਦਰਿਆਦਿਲੀ ਨਾਲ ਪੇਸ਼ ਆ ਰਹੇ ਹੋ, ਪਰ ਰੱਬ ਨਾ ਕਰੇ ਜੇ ਇਹ ਇਕਰਾਰ ਨੂੰ ਨਿਭਾਉਣ ਸਮੇਂ ਤੁਸੀਂ ਇਸ ਦੁਨੀਆਂ ਵਿਚ ਨਾ ਰਹੇ, ਤਾਂ…?”
ਮੁਹੰਮਦ ਅਲੀ ਜਿਨਾਹ ਦਾ ਜਵਾਬ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਨੇ ਕਿਹਾ, “ਮੇਰੇ ਦੋਸਤ ਸਰਦਾਰ ਸਾਹਿਬ, ਪਾਕਿਸਤਾਨ ਮੁਲਕ ਵਿਚ ‘ਮੇਰਾ ਹਰ ਸ਼ਬਦ ਰੱਬ ਦਾ ਸ਼ਬਦ ਹੋਵੇਗਾ’ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਮੁਸਲਿਮ ਆਗੂ ਇਸ ਤੋਂ ਪਿਛੇ ਨਹੀਂ ਹਟੇਗਾ।”
ਸ. ਮਲਿਕ ਕਹਿੰਦੇ, “ਇਸ ਤੋਂ ਬਾਅਦ ਕਹਿਣ ਲਈ ਤੇ ਵਿਚਾਰਨ ਨੂੰ ਕੁਝ ਨਹੀਂ ਬਚਿਆ ਸੀ ਤੇ ਮਿਲਣੀ ਖਤਮ ਹੋ ਗਈ।”
ਪੰਜਬੀ ਕਹਾਵਤ ਹੈ, ‘ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ।’ ਸਿੱਖ ਕੌਮ ਨਾਲ ਵੀ ਬਿਲਕੁਲ ਇਹੋ ਹੋਇਆ।
(ਬਾਕੀ ਅਗਲੇ ਅੰਕ ਵਿਚ)