ਲਖੀਮਪੁਰ ਹਿੰਸਾ ਦਾ ਨਿਸ਼ਾਨਾ ਤਜਿੰਦਰ ਸਿੰਘ ਵਿਰਕ

ਜਤਿੰਦਰ ਕੌਰ ਤੁੜ
ਅਨੁਵਾਦ: ਬੂਟਾ ਸਿੰਘ
3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ 48 ਸਾਲਾ ਤਜਿੰਦਰ ਸਿੰਘ ਵਿਰਕ ਨੇ ਇਲਜ਼ਾਮ ਲਾਇਆ ਹੈ ਕਿ ਉਸ ਦਿਨ ਪ੍ਰਦਰਸ਼ਨਕਾਰੀਆਂ ਉੱਪਰ ਚੜ੍ਹਾਈਆਂ ਗਈਆਂ ਕਾਰਾਂ ਦੇ ਨਿਸ਼ਾਨੇ `ਤੇ ਉਹ ਵੀ ਸੀ। 3 ਅਕਤੂਬਰ ਨੂੰ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨਾਲ ਸੰਬੰਧਤ ਕਾਰਾਂ ਨੇ ਵਿਰਕ ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਕੁਚਲ ਦਿੱਤਾ ਸੀ। ਕਿਸਾਨ ਨੇਤਾ ਦੀ ਖੋਪੜੀ ਅਤੇ ਸਰੀਰ `ਤੇ ਕਈ ਫਰੈਕਚਰ ਹੋਏ ਹਨ। ਵਿਰਕ ਨੇ ਕਿਹਾ, “ਮੈਂ ਜੋ ਵੀਡਿਓ ਦੇਖੀ ਹੈ, ਸਾਰੇ ਲੋਕ 500 ਮੀਟਰ ਦੇ ਦਾਇਰੇ `ਚ ਸਨ। ਉਨ੍ਹਾਂ ਨੇ 400 ਮੀਟਰ ਤੱਕ ਲੋਕਾਂ ਵਿੱਚੋਂ ਦੀ ਗੱਡੀਆਂ ਲੰਘਾਈਆਂ, ਅੱਗੇ ਗਏ ਅਤੇ ਉੱਥੇ ਆ ਕੇ ਗੱਡੀਆ ਮਾਰੀਆਂ ਜਿੱਥੇ ਮੈਂ ਖੜ੍ਹਾ ਸੀ। ਸਾਨੂੰ ਕਿੱਥੇ ਫੇਟ ਮਾਰਨੀ ਹੈ, ਇਸ ਲਈ ਕੁਝ ਲੋਕ ਥਾਰ ਤੋਂ ਬਾਹਰ ਦੇਖ ਰਹੇ ਸਨ।” ਵਿਰਕ ਗੰਭੀਰ ਫੱਟੜ ਹੋ ਗਏ ਪਰ ਵਾਲ-ਵਾਲ ਬਚ ਗਏ। ਉਨ੍ਹਾਂ ਨੇ ‘ਦਿ ਕਾਰਵਾਂ’ ਨਾਲ ਗੱਲ ਕੀਤੀ ਜਦੋਂ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ।

ਹਮਲੇ ਤੋਂ ਗੁੱਸੇ ਵਿਚ ਆ ਕੇ, ਕਿਸਾਨਾਂ ਨੇ ਉਨ੍ਹਾਂ ਦੋ ਗੱਡੀਆਂ ਨੂੰ ਅੱਗ ਲਾ ਦਿੱਤੀ ਜਿਨ੍ਹਾਂ ਨੇ ਕਿਸਾਨਾਂ ਨੂੰ ਕੁਚਲਿਆ ਸੀ। ਕੁਲ ਮਿਲਾ ਕੇ ਹਿੰਸਾ ਵਿਚ ਅੱਠ ਲੋਕ ਮਾਰੇ ਗਏ – ਚਾਰ ਕਿਸਾਨ, ਦੋ ਭਾਰਤੀ ਜਨਤਾ ਪਾਰਟੀ ਵਰਕਰ, ਇਕ ਕਾਰ ਦਾ ਡਰਾਈਵਰ ਅਤੇ ਇਕ ਪੱਤਰਕਾਰ। ਕਈ ਹੋਰ ਜ਼ਖ਼ਮੀ ਹੋ ਗਏ। ਕਿਸਾਨਾਂ ਨੇ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ `ਤੇ ਪ੍ਰਦਰਸ਼ਨਕਾਰੀਆਂ ਨੂੰ ਕੁਚਲਣ ਵਾਲੇ ਕਾਫ਼ਲੇ ਵਿਚ ਸ਼ਾਮਿਲ ਹੋਣ ਦੇ ਇਲਜ਼ਾਮ ਲਾਏ। ਟੈਨੀ ਨੇ ਘਟਨਾ ਵਿਚ ਆਪਣੇ ਪੁੱਤਰ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਲੇਕਿਨ ਉੱਤਰ ਪ੍ਰਦੇਸ਼ ਪੁਲਿਸ ਨੇ 9 ਅਕਤੂਬਰ ਨੂੰ ਆਸ਼ੀਸ਼ ਨੂੰ ਗ੍ਰਿਫ਼ਤਾਰ ਕਰ ਲਿਆ।
ਸਤੰਬਰ ਦੇ ਆਖ਼ਰੀ ਹਫ਼ਤੇ ਜ਼ਿਲ੍ਹੇ ਦੇ ਪਲੀਆ ਕਸਬੇ ਵਿਚ ਇਕ ਹੋਰ ਸਮਾਗਮ ਵਿਚ ਕਿਸਾਨਾਂ ਨੇ ਵਿਰੋਧ ਕਰਦੇ ਹੋਏ ਟੈਨੀ ਨੂੰ ਕਾਲੇ ਝੰਡੇ ਦਿਖਾਏ ਸਨ। ਉਦੋਂ ਟੈਨੀ ਨੇ ਧਮਕੀ ਭਰਿਆ ਭਾਸ਼ਣ ਦਿੰਦੇ ਹੋਏ ਕਿਹਾ ਸੀ: “ਸੁਧਰ ਜਾਓ, ਨਹੀਂ ਤੋ ਹਮ ਆਪਕੋ ਸੁਧਾਰ ਦੇਂਗੇ, ਦੋ ਮਿੰਟ ਲਗੇਂਗੇ ਕੇਵਲ”। ਇਸ ਦੇ ਜਵਾਬ ਵਿਚ, ਵਿਰਕ ਨੇ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿਚ ਇਕ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ – ਉਸ ਦਿਨ ਟੈਨੀ ਅਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਇਕ ਸਮਾਗਮ ਵਿਚ ਸ਼ਾਮਿਲ ਹੋਣ ਆਉਣਾ ਸੀ। ਉਤਰਾਖੰਡ ਦੇ ਰੁਦਰਪੁਰ ਦੇ ਵਸਨੀਕ ਵਿਰਕ ਉੱਤਰ ਪ੍ਰਦੇਸ਼ ਰਾਜ ਦੇ ਸੰਯੁਕਤ ਕਿਸਾਨ ਮੋਰਚੇ ਦੇ ਕੋਆਰਡੀਨੇਟਰ ਹਨ ਅਤੇ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਰਾਸ਼ਟਰੀ ਕੋਰ ਕਮੇਟੀ ਦੇ ਮੈਂਬਰ ਹਨ ਜੋ ਕਈ ਕਿਸਾਨ ਜਥੇਬੰਦੀਆਂ ਦੀ ਛੱਤਰੀ ਸੰਸਥਾ ਹੈ। ਵਿਰਕ ਇਕ ਹੋਰ ਕਿਸਾਨ ਜਥੇਬੰਦੀ, ਤਰਾਈ ਕਿਸਾਨ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਵੀ ਹਨ।
ਜਦੋਂ ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਤਾਂ ਵਿਰਕ ਨੇ ਕਿਹਾ, “ਨਿਸ਼ਚਿਤ ਤੌਰ `ਤੇ।” ਵਿਰਕ ਅਨੁਸਾਰ, 3 ਅਕਤੂਬਰ ਨੂੰ ਸਵੇਰੇ 9.30 ਵਜੇ ਦੇ ਕਰੀਬ, ਹੈਲੀਪੈਡ ਉੱਤੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਜਿੱਥੇ ਮੌਰਿਆ ਦਾ ਹੈਲੀਕਾਪਟਰ ਉੱਤਰਨਾ ਸੀ। ਤਿੰਨ ਘੰਟਿਆਂ ਅੰਦਰ ਹਜ਼ਾਰਾਂ ਪ੍ਰਦਰਸ਼ਨਕਾਰੀ ਘਟਨਾ ਸਥਾਨ `ਤੇ ਮੌਜੂਦ ਸਨ। ਮੌਰੀਆ ਮੌਕੇ `ਤੇ ਨਹੀਂ ਉੱਤਰ ਸਕੇ ਅਤੇ ਉਹ ਸਿੱਧੇ ਸਮਾਗਮ ਦੇ ਸਥਾਨ `ਤੇ ਪਹੁੰਚ ਗਏ। ਵਿਰਕ ਨੇ ਦੱਸਿਆ ਕਿ ਜਿਸ ਪ੍ਰੋਗਰਾਮ ਲਈ ਮੌਰਿਆ ਪਹੁੰਚਿਆ ਸੀ, ਉਹ ਉਸੇ ਸੜਕ `ਤੇ ਸਥਿਤ ਸੀ ਜਿੱਥੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਨੇ ਕਿਹਾ, “ਉਸ ਪ੍ਰੋਗਰਾਮ ਲਈ ਇਕ ਹੋਰ ਰਸਤਾ ਵੀ ਸੀ।”
ਵਿਰਕ ਨੇ ਕਿਹਾ ਕਿ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਸੀ – ਉਨ੍ਹਾਂ ਨੇ ਜੋ ਭਾਸ਼ਣ ਦਿੱਤੇ ਉਹ ਲਾਊਡ ਸਪੀਕਰ `ਤੇ ਪ੍ਰਸਾਰਿਤ ਹੋਏ ਅਤੇ ਕੁਝ ਨੌਜਵਾਨਾਂ ਨੇ ਕਾਲੇ ਝੰਡੇ ਦਿਖਾਏ। “ਭਾਜਪਾ ਦੀਆਂ ਝੰਡਿਆਂ ਵਾਲੀਆਂ ਗੱਡੀਆਂ ਸਮੇਂ ਸਮੇਂ `ਤੇ ਉੱਥੋਂ ਲੰਘਦੀਆਂ ਰਹੀਆਂ। ਅਸੀਂ ਕਾਲੇ ਝੰਡੇ ਦਿਖਾ ਰਹੇ ਨੌਜਵਾਨਾਂ ਨੂੰ ਲਾਊਡ ਸਪੀਕਰਾਂ ਤੋਂ ਅਪੀਲ ਕਰਦੇ ਰਹੇ ਕਿ ਇਨ੍ਹਾਂ ਨੂੰ ਲੰਘ ਜਾਣ ਦਿਓ। ਅਸੀਂ ਉਨ੍ਹਾਂ ਨੂੰ ਕਿਹਾ ਕਿ ਸਾਡਾ ਮੁੱਖ ਉਦੇਸ਼ ਉੱਪ ਮੁੱਖ ਮੰਤਰੀ ਨੂੰ ਰੋਕਣਾ ਹੈ, ਜੋ ਅਸੀਂ ਪੂਰਾ ਕਰ ਲਿਆ ਹੈ, ਇਸ ਲਈ ਉਨ੍ਹਾਂ ਨੂੰ ਜਾਣ ਦਿਓ। ਜੇ ਕੁਝ ਭਾਜਪਾ ਵਰਕਰ ਸਾਡੇ ਵਿਰੋਧ ਪ੍ਰਦਰਸ਼ਨ ਵਿਚ ਘੁਸਪੈਠ ਕਰਨ ਅਤੇ ਸ਼ਾਂਤੀ ਭੰਗ ਕਰ ਦੇਣ ਤਾਂ ਕੀ ਹੋਵੇਗਾ?”
ਦੁਪਹਿਰ ਕਰੀਬ 2 ਵਜੇ, ਕਿਸਾਨ ਮੋਰਚੇ ਦੇ ਆਗੂਆਂ ਅਤੇ ਕਿਸਾਨਾਂ ਦੀ ਸਥਾਨਕ ਕਮੇਟੀ ਨੇ ਧਰਨਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਵਿਰਕ ਨੇ ਦੱਸਿਆ ਕਿ ਇਕ ਪੁਲਿਸ ਅਤੇ ਜ਼ਿਲ੍ਹਾ ਅਧਿਕਾਰੀ ਨੇ ਉੱਥੇ ਆ ਕੇ ਸਾਨੂੰ ਕਿਹਾ ਕਿ ਉਹ ਉਸ ਸੜਕ ਤੋਂ ਹੋ ਕੇ ਜਾਣਾ ਚਾਹੁੰਦੇ ਸਨ ਜਿਸ ਉੱਪਰ ਪ੍ਰਦਰਸ਼ਨਕਾਰੀ ਉਪ ਮੁੱਖ ਮੰਤਰੀ ਦੀ ਗੱਡੀ ਨੂੰ ਰੋਕਣ ਲਈ ਇਕੱਠੇ ਹੋਏ ਸਨ। ਇਸ `ਤੇ ਕਿਸਾਨਾਂ ਦੇ ਨੁਮਾਇੰਦਿਆਂ ਨੇ ਇਨ੍ਹਾਂ ਅਧਿਕਾਰੀਆਂ ਨੂੰ ਭੀੜ ਦੇ ਵੱਡੇ ਆਕਾਰ ਦੇ ਕਾਰਨ ਆਪਣਾ ਰਸਤਾ ਬਦਲਣ ਲਈ ਕਿਹਾ। ਵਿਰਕ ਨੇ ਦੱਸਿਆ ਕਿ ਦੁਪਹਿਰ ਕਰੀਬ 2.35 ਵਜੇ, ਜ਼ਿਲ੍ਹਾ ਅਤੇ ਪੁਲਿਸ ਅਧਿਕਾਰੀਆਂ ਦੀ ਇਕ ਵੱਖਰੀ ਜੋੜੀ ਨੇ ਉਸ ਨਾਲ ਸੰਪਰਕ ਕਰਕੇ ਉਸ ਤੋਂ ਪੁੱਛਿਆ ਕਿ ਕੀ ਕਿਸਾਨ ਉਪ ਮੁੱਖ ਮੰਤਰੀ ਨੂੰ ਕੋਈ ਮੰਗ ਪੱਤਰ ਦੇਣਾ ਚਾਹੁੰਦੇ ਹਨ? ਵਿਰਕ ਨੇ ਕਿਹਾ, “ਮੈਂ ਉਨ੍ਹਾਂ ਨੂੰ ਦੱਸਿਆ ਕਿ ਸਾਡੀਆਂ ਮੰਗਾਂ ਉੱਪ ਮੁੱਖ ਮੰਤਰੀ ਦੇ ਦਾਇਰੇ ਤੋਂ ਬਾਹਰ ਹਨ। ਇਹ ਕੇਂਦਰ ਨਾਲ ਸੰਬੰਧਤ ਹਨ ਅਤੇ ਇਹ ਰਾਜ ਦਾ ਮਾਮਲਾ ਨਹੀਂ ਹੈ।”
ਵਿਰਕ ਅਨੁਸਾਰ, ਅਧਿਕਾਰੀਆਂ ਨੇ ਦੁਬਾਰਾ ਕਿਹਾ ਕਿ ਪ੍ਰੋਟੋਕੋਲ ਅਨੁਸਾਰ, ਉਪ ਮੁੱਖ ਮੰਤਰੀ ਨੂੰ ਉਸੇ ਰਸਤੇ ਤੋਂ ਹੋ ਕੇ ਜਾਣਾ ਪੈਣਾ ਹੈ ਜਿਸ ਉੱਪਰ ਕਿਸਾਨਾਂ ਨੇ ਉਨ੍ਹਾਂ ਨੂੰ ਨਾ ਜਾਣ ਲਈ ਕਿਹਾ ਸੀ। ਵਿਰਕ ਨੇ ਦੱਸਿਆ, “ਅਸੀਂ ਕਿਹਾ ਕਿ ਭੀੜ ਬਹੁਤ ਵੱਡੀ ਹੈ, ਅਸੀਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ “ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ, ਇਸ ਲਈ ਤੁਸੀਂ ਰਸਤਾ ਬਦਲ ਲਓ।” ਅਧਿਕਾਰੀਆਂ ਨੇ ਕਿਹਾ, “ਜੇ ਅਸੀਂ ਰਸਤਾ ਬਦਲਦੇ ਹਾਂ ਅਤੇ ਤੁਸੀਂ ਵੀ ਉੱਥੇ ਪਹੁੰਚ ਗਏ?” ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਵਿਰਕ ਨੇ ਕਿਹਾ ਕਿ ਅਸੀਂ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜਦੋਂ ਦੂਸਰਾ ਪ੍ਰੋਗਰਾਮ ਖ਼ਤਮ ਹੋ ਜਾਵੇ ਤਾਂ ਸਾਨੂੰ ਸੂਚਿਤ ਕਰ ਦਿੱਤਾ ਜਾਵੇ ਤਾਂ ਜੋ ਵਿਰੋਧ ਪ੍ਰਦਰਸ਼ਨ ਅਤੇ ਪ੍ਰੋਗਰਾਮ ਇੱਕੋ ਸਮੇਂ ਖ਼ਤਮ ਨਾ ਹੋਣ। ਅਜਿਹਾ ਨਾ ਹੋਵੇ ਕਿ ਭਾਜਪਾ ਵਰਕਰ ਅਤੇ ਕਿਸਾਨ ਆਹਮੋ-ਸਾਹਮਣੇ ਆ ਜਾਣ। ਵਿਰਕ ਅਨੁਸਾਰ, ਜ਼ਿਲ੍ਹੇ ਦੇ ਦੂਜੇ ਅਧਿਕਾਰੀ ਨੇ ਕਿਹਾ ਕਿ ਜਦੋਂ ਉਪ ਮੁੱਖ ਮੰਤਰੀ ਪ੍ਰੋਗਰਾਮ ਤੋਂ ਚਲਾ ਜਾਵੇਗਾ ਤਾਂ ਉਹ ਉਨ੍ਹਾਂ ਨੂੰ ਫ਼ੋਨ ਕਰਨਗੇ। ਵਿਰਕ ਨੇ ਕਿਹਾ, “ਅਸੀਂ 10 ਮਿੰਟ ਇੰਤਜ਼ਾਰ ਕਰਦੇ ਰਹੇ। ਉਨ੍ਹਾਂ ਨੇ ਦੁਪਹਿਰ 3 ਵਜੇ ਦੇ ਕਰੀਬ ਧਰਨਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ।
ਵਿਰਕ ਅਨੁਸਾਰ, ਦੁਪਹਿਰ 2.55 ਵਜੇ, ਭੀੜ ਵਿਚੋਂ ਕਿਸੇ ਅਣਜਾਣ ਆਦਮੀ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਸੜਕ ਉੱਪਰ ਕੋਈ ਬੁਲਾ ਰਿਹਾ ਹੈ। ਉਹ ਅਗਰਸੇਨ ਕੈਂਪਸ ਦਾ ਗੇਟ ਪਾਰ ਕਰਕੇ ਸੜਕ `ਤੇ ਪਹੁੰਚਿਆ ਜਿੱਥੇ ਹੈਲੀਪੈਡ ਸੀ। ਲਗਭਗ 500 ਮੀਟਰ ਦੀ ਦੂਰੀ ਤੱਕ ਸੜਕ ਉੱਪਰ ਬਹੁਤ ਸਾਰੇ ਪ੍ਰਦਰਸ਼ਨਕਾਰੀ ਮੌਜੂਦ ਸਨ। ਵਿਰਕ ਨੇ ਦੱਸਿਆ, “ਮੈਂ ਰੁਦਰਪੁਰ ਦੇ ਹੋਰ ਲੋਕਾਂ ਨਾਲ ਸੜਕ ਦੇ ਖੱਬੇ ਪਾਸੇ ਪਾਰਕਿੰਗ ਵੱਲ ਜਾ ਰਿਹਾ ਸੀ ਜਿੱਥੇ ਸਾਡੇ ਵਾਹਨ ਖੜ੍ਹੇ ਸਨ। ਉਦੋਂ ਮੇਰੇ ਅੱਗੇ ਪੰਜ ਜਾਂ ਛੇ ਪੱਤਰਕਾਰ ਸਨ, ਜਿਨ੍ਹਾਂ ਨੇ ਬਾਈਟ ਮੰਗੀ ਸੀ। ਉਹ ਆਪਣੇ ਕੈਮਰਿਆਂ ਨੂੰ ਐਡਜਸਟ ਕਰ ਰਹੇ ਸਨ ਜਦੋਂ ਮੈਂ ਪਿੱਛਿਓਂ ਆਵਾਜ਼ ਸੁਣੀ, ‘ਮਾਰੋ’। ਮੈਨੂੰ ਲੱਗਦਾ ਹੈ, ਉਨ੍ਹਾਂ ਨੇ ਕਿਹਾ, ‘ਮਾਰੋ ਇਹ ਉਹੀ ਹੈ`। ਉਦੋਂ ਮੈਨੂੰ ਸਮਝ ਨਹੀਂ ਆਇਆ ਕਿ ਕੀ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਕਾਰ ਨੇ ਮੈਨੂੰ ਲਗਭਗ 20-30 ਮੀਟਰ ਤੱਕ ਘਸੀਟਿਆ, ਜਦੋਂ ਮੈਂ ਇਸ ਦੇ ਟਾਇਰਾਂ ਵਿਚ ਫਸਿਆ ਹੋਇਆ ਸੀ।” ਉਸ ਨੇ ਕਿਹਾ ਕਿ ਜਿਸ ਕਾਰ ਨੇ ਉਸ ਨੂੰ ਟੱਕਰ ਮਾਰੀ, ਉਹ ਪਾਣੀ ਨਾਲ ਭਰੇ ਟੋਏ `ਤੇ ਪਹੁੰਚ ਕੇ ਰੁਕ ਗਈ। ਉਸ ਟੋਏ ਦੇ ਅੰਦਰ ਉਹ ਬੇਹੋਸ਼ ਹੋ ਗਿਆ ਸੀ।
ਵਿਰਕ ਨੇ ਦੱਸਿਆ, “ਮੈਨੂੰ ਪੰਜ ਜਾਂ ਛੇ ਮਿੰਟਾਂ ਬਾਅਦ ਹੋਸ਼ ਆਈ। ਮੈਨੂੰ ਚੱਕਰ ਆ ਰਹੇ ਸਨ ਅਤੇ ਮੈਂ ਖ਼ੂਨ ਤੇ ਚਿੱਕੜ ਨਾਲ ਲੱਥਪੱਥ ਸੀ। ਮੇਰੇ ਕੇਸ ਖੁੱਲ੍ਹ ਗਏ ਸਨ। ਮੇਰੀ ਬੁਰੀ ਹਾਲਤ ਸੀ। ਮੇਰੇ ਹੱਥਾਂ ਵਿਚ ਫ੍ਰੈਕਚਰ ਹੋ ਗਏ ਸਨ। ਦੋ ਵਿਅਕਤੀਆਂ ਨੇ ਕਿਸੇ ਤਰ੍ਹਾਂ ਮੈਨੂੰ ਚੁੱਕ ਕੇ ਵਾਹਨ ਵਿਚ ਲੱਦ ਦਿੱਤਾ। ਉਸ ਵਿਚ ਉਹ ਰਿਪੋਰਟਰ ਵੀ ਸੀ ਜਿਸ ਦਾ ਹੱਥ ਟੁੱਟ ਗਿਆ ਸੀ। ਹਫੜਾ-ਦਫੜੀ ਮੱਚ ਗਈ। ਮੈਂ ‘ਮਾਰੋ, ਮਾਰੋ` ਦੀਆਂ ਆਵਾਜ਼ਾਂ ਸੁਣ ਸਕਦਾ ਸੀ। ਲੋਕ ਇੱਧਰ ਉੱਧਰ ਭੱਜ ਰਹੇ ਸਨ। ਗੋਲੀਆਂ ਦੀ ਆਵਾਜ਼ ਆ ਰਹੀ ਸੀ। ਮੈਨੂੰ ਨਹੀਂ ਪਤਾ ਕਿ ਇਹ ਕਿੱਥੋਂ ਆ ਰਹੀ ਸੀ ਕਿਉਂਕਿ ਮੈਂ ਸ਼ਾਇਦ ਹੀ ਹੋਸ਼ `ਚ ਸੀ। ਮੈਨੂੰ ਗੱਡੀ ਵਿਚ ਇਕ ਹੋਰ ਜ਼ਖ਼ਮੀ ਵਿਅਕਤੀ ਦੇ ਨਾਲ ਪਿਛਲੀ ਸੀਟ `ਤੇ ਬਿਠਾਇਆ ਗਿਆ ਸੀ। ਸ਼ਾਇਦ ਬਾਅਦ ਵਿਚ ਉਸ ਦੀ ਮੌਤ ਹੋ ਗਈ।”
ਵਿਰਕ ਨੇ ਕਿਹਾ ਕਿ ਉਸ ਨੂੰ ਪਹਿਲਾਂ ਤਿਕੁਨੀਆ ਸ਼ਹਿਰ ਦੇ ਇਕ ਛੋਟੇ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਕੋਈ ਡਾਕਟਰ ਮੌਜੂਦ ਨਹੀਂ ਸੀ। ਉੱਥੋਂ ਉਨ੍ਹਾਂ ਨੂੰ ਕੁਝ ਮੁਢਲੀ ਸਹਾਇਤਾ ਲਈ ਲਖੀਮਪੁਰ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਣ ਵਿਚ ਦੋ ਘੰਟੇ ਲੱਗ ਗਏ। ਚਾਰ ਘੰਟੇ ਬਾਅਦ ਉਹ ਰੁਦਰਪੁਰ ਦੇ ਮੈਡੀਸਿਟੀ ਹਸਪਤਾਲ ਪਹੁੰਚੇ, ਜਿੱਥੇ ਉਸ ਦੀ ਖੋਪੜੀ ਵਿਚ ਵੱਡਾ ਫਰੈਕਚਰ ਪਤਾ ਲੱਗਿਆ ਅਤੇ ਉਸ ਦਾ ਇਲਾਜ ਕੀਤਾ ਗਿਆ। ਫਿਰ ਉਹ ਆਖ਼ਿਰਕਾਰ ਸਵੇਰੇ 4 ਵਜੇ ਗੁੜਗਾਓਂ, ਮੇਦਾਂਤਾ ਵਿਚ ਪਹੁੰਚ ਗਿਆ। ਉਸ ਸਮੇਂ ਤਕਰੀਬਨ 13 ਘੰਟੇ ਹੋ ਚੁੱਕੇ ਸਨ।
3 ਅਕਤੂਬਰ ਦੇ ਵਿਰੋਧ ਪ੍ਰਦਰਸ਼ਨ ਦੇ ਇਸ ਸੱਦੇ ਬਾਰੇ ਵਿਰਕ ਨੇ ਕਿਹਾ, “ਟੈਨੀ ਨਾਲ ਮੇਰਾ ਪਹਿਲੀ ਵਾਰ ਵਾਹ ਪਿਆ ਸੀ। ਮੈਂ ਰੁਦਰਪੁਰ ਤੋਂ ਹਾਂ ਜੋ ਇਸ ਸਥਾਨ ਤੋਂ 250 ਕਿਲੋਮੀਟਰ ਤੋਂ ਜ਼ਿਆਦਾ ਦੂਰ ਹੈ।” ਉਸ ਨੇ ਮੈਨੂੰ ਦੱਸਿਆ ਕਿ ਉਹ ਉਸ ਖੇਤਰ ਦੇ ਕਿਸਾਨਾਂ ਦੀ ਬੇਨਤੀ `ਤੇ ਲਖੀਮਪੁਰ ਗਿਆ ਸੀ। ਮੈਨੂੰ ਉੱਥੋਂ ਦੇ ਬਹੁਤ ਸਾਰੇ ਕਿਸਾਨਾਂ ਦੇ ਫ਼ੋਨ ਆਏ ਸਨ ਜੋ ਕਿਸੇ ਯੋਗ ਅਗਵਾਈ ਦੀ ਅਣਹੋਂਦ ਵਿਚ, ਅਸੁਰੱਖਿਅਤ ਮਹਿਸੂਸ ਕਰ ਰਹੇ ਸਨ। ਇਸ ਲਈ ਮੈਂ ਉਨ੍ਹਾਂ ਕਿਸਾਨਾਂ ਦੀ ਬੇਨਤੀ `ਤੇ ਯੂ.ਪੀ. ਦੇ ਕਿਸਾਨ ਮੋਰਚਾ ਕੋਆਰਡੀਨੇਟਰ ਵਜੋਂ ਹਮਾਇਤ ਦੇਣ ਲਈ ਉੱਥੇ ਗਿਆ ਸੀ।”
ਵਿਰਕ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਇਸ ਮਾਮਲੇ ਬਾਰੇ ਸ਼ਿਕਾਇਤ ਦਰਜ ਕਰਾਉਣ ਨੂੰ ਲੈ ਕੇ ਬਹੁਤ ਡਰੇ ਹੋਏ ਸਨ। ਕਿਸੇ ਵੀ ਪੁਲਿਸ ਅਧਿਕਾਰੀ ਨੇ ਬਿਆਨ ਲੈਣ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਉਸ ਦੇ ਵਕੀਲ ਅਜੀਤਪਾਲ ਸਿੰਘ ਮੰਡੇਰ ਨੇ ਇਹ ਵੀ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਘਟਨਾ ਦੇ 12 ਦਿਨਾਂ ਬਾਅਦ ਵੀ ਵਿਰਕ ਦੇ ਬਿਆਨ ਦਰਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੰਡੇਰ ਨੇ ਕਿਹਾ, “ਜਾਂਚ ਵਿਚ ਵਿਰਕ ਦਾ ਬਿਆਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਹਮਲੇ ਵਿਚ ਗੰਭੀਰ ਰੂਪ `ਚ ਜ਼ਖ਼ਮੀ ਹੋਇਆ ਹੈ। ਜੇ ਪੁਲਿਸ, ਜਾਂ ਐਸਆਈਟੀ, ਉਸ ਦੇ ਬਿਆਨ ਦਰਜ ਨਹੀਂ ਕਰਦੀ, ਤਾਂ ਉਹ ਫ਼ੌਜਦਾਰੀ ਦੰਡ ਵਿਧਾਨ, 1973 ਦੀਆਂ ਧਾਰਾਵਾਂ ਦਾ ਸਹਾਰਾ ਲੈ ਕੇ ਆਪਣਾ ਬਿਆਨ ਦਰਜ ਕਰਾਉਣਗੇ ਅਤੇ ਅਦਾਲਤ ਵਿਚ ਜਾਣਗੇ।”