ਪ੍ਰਿੰ. ਸਰਵਣ ਸਿੰਘ
ਮਾਨ ਮਰਾੜ੍ਹਾਂ ਵਾਲੇ ਦਾ ਗੀਤ ‘ਜਿਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ’ ਬੇਹੱਦ ਮਕਬੂਲ ਹੋਇਆ, ਜੋ ਲੱਖਾਂ-ਕਰੋੜਾਂ ਲੋਕਾਂ ਨੇ ਸੁਣਿਆ ਤੇ ਵੀਡੀਓ ਤੋਂ ਵੇਖਿਆ। ਇਸ ਗੀਤ ਵਿਚ ਦੀ ਮਾਨ ਨੇ ਕਬੱਡੀ ਨੂੰ ਏਨਾ ਮਾਣ ਬਖਸਿ਼ਆ, ਜਿੰਨਾ ਕਿਸੇ ਵੱਡੇ ਤੋਂ ਵੱਡੇ ਕਬੱਡੀ ਪ੍ਰੋਮੋਟਰ ਨੇ ਵੀ ਨਹੀਂ ਬਖਸਿ਼ਆ ਹੋਣਾ। ਇਹਨੂੰ ਕਹਿੰਦੇ ਹਨ, ਸ਼ਬਦਾਂ ਦੀ ਤਾਕਤ, ਗੀਤ ਦੀ ਧੂਹ ਤੇ ਸਾਹਿਤ ਦੀ ਸਮਰੱਥਾ! ਬਾਬੂ ਸਿੰਘ ਮਾਨ ਨੇ ਕਬੱਡੀ ਦੇ ਦੋ-ਤਿੰਨ ਗੀਤ ਲਿਖ ਕੇ ਹੀ ਪੰਜਾਬੀ ਖੇਡ ਸਾਹਿਤ ਵਿਚ ਆਪਣਾ ਚੋਖਾ ਸੀਰ ਪਾ ਲਿਆ ਹੈ। ਉਸ ਦੇ ਲਿਖੇ ਤੇ ਸੁਖਵਿੰਦਰ ਦੇ ਗਾਏ ਗੀਤ ਦਾ ਮੁਖੜਾ ਹੈ: ਜਿਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ, ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ…।
ਇਸ ਗੀਤ ਦੀ ਸ਼ਬਦਾਵਲੀ, ਛੰਦਬੰਦੀ, ਤਰਜ਼, ਤਾਲ, ਸੰਗੀਤ ਤੇ ਕਬੱਡੀ ਦੀ ਵੀਡੀਓਗ੍ਰਾਫੀ ਸਰੋਤਿਆਂ ਅੰਦਰ ਕਬੱਡੀ ਦਾ ਭਰਪੂਰ ਜੋਸ਼ ਭਰਨ ਵਾਲੀ ਹੈ। ਜਣੇ-ਖਣੇ ਦਾ ਜੁੱਸਾ ਰੇਡਾਂ ਪਾਉਣ ਤੇ ਜੱਫੇ ਲਾਉਣ ਲਈ ਮਚਲ ਉਠਦੈ। ਪੱਬ ਆਪ-ਮੁਹਾਰੇ ਭੰਗੜੇ ਦੀ ਲੈਅ ਵਿਚ ਥਿਰਕਣ ਲੱਗਦੇ ਹਨ। ਕਬੱਡੀ ਦੇ ਇਸ ਗੀਤ ਨੂੰ ਗਾ ਰਹੇ ਸੁਖਵਿੰਦਰ ਦੇ ਜੁੱਸੇ ਦਾ ਜਲਾਲ ਵੇਖਣ ਵਾਲਾ ਹੈ। ਉਹ ਰੇਡਰ ਵਾਂਗ ਥਾਪੀ ਮਾਰਦਾ ਤੇ ਬਾਂਹ ਖੜ੍ਹੀ ਕਰਦਾ ਹੈ। ਉਹਦੇ ਬੋਲਾਂ ਦੀ ਗੂੰਜ ਧਰਤੀ ਤੋਂ ਅੰਬਰ ਤਕ ਦੀ ਰੇਡ ਪਾਉਂਦੀ ਜਾਪਦੀ ਹੈ। ਜੀਹਨੇ ਇਹ ਗੀਤ ਅਜੇ ਤਕ ਵੀ ਨਹੀਂ ਸੁਣਿਆ, ਜ਼ਰੂਰ ਸੁਣੇ, ਨਹੀਂ ਤਾਂ ਉਹਦੀ ਉਹ ਗੱਲ ਹੋਵੇਗੀ, ਜੀਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ।
ਕਦੇ ਮੈਂ ਲਿਖਿਆ ਸੀ: ਪੰਜਾਬੀ ਕਬੱਡੀ ਦੇ ਦੀਵਾਨੇ ਹਨ। ਆਸ਼ਕ ਹਨ, ਮਸਤਾਨੇ ਹਨ। ਪਰਵਾਨਿਆਂ ਵਾਂਗ ਕਬੱਡੀ ਦੀ ਖੇਡ ਵੱਲ ਖਿੱਚੇ ਆਉਂਦੇ ਹਨ। ਬੇਸ਼ੱਕ ਬਿਜਲੀ ਕੜਕਦੀ ਹੋਵੇ, ਝੱਖੜ ਝੁੱਲਦਾ ਹੋਵੇ, ਨਦੀ ਚੜ੍ਹੀ ਹੋਵੇ, ਸ਼ੀਹਾਂ ਨੇ ਪੱਤਣ ਮੱਲੇ ਹੋਣ ਪਰ ਪਤਾ ਲੱਗ ਜਾਵੇ ਸਹੀ ਕਿ ਨਦੀ ਦੇ ਪਰਲੇ ਪਾਰ ਕਬੱਡੀ ਦਾ ਕਾਂਟੇਦਾਰ ਮੈਚ ਹੋ ਰਿਹੈ, ਫੇਰ ਕਿਹੜਾ ਪੰਜਾਬੀ ਹੈ ਜਿਹੜਾ ਵਗਦੀ ਨੈਂ ਨਾ ਠਿੱਲ੍ਹੇ? ਉਹ ਰਾਹ ‘ਚ ਪੈਂਦੇ ਸੱਪਾਂ ਸ਼ੀਹਾਂ ਦੀ ਵੀ ਪਰਵਾਹ ਨਹੀਂ ਕਰੇਗਾ, ਭੂਤਾਂ ਪ੍ਰੇਤਾਂ ਤੋਂ ਵੀ ਨਹੀਂ ਡਰੇਗਾ ਤੇ ਟੋਏ-ਟਿੱਬੇ ਟੱਪਦਾ ਕਬੱਡੀ ਦੇ ਪਿੜ ਦੁਆਲੇ ਜਾ ਖੜ੍ਹੇਗਾ। ਜਿਵੇਂ ਹਿੰਦ ਮਹਾਂਦੀਪ ਦੇ ਲੋਕਾਂ ਨੂੰ ਕ੍ਰਿਕਟ ਨੇ ਪੱਟਿਆ, ਜੱਗ ਜਹਾਨ ਦੇ ਗੋਰੇ ਕਾਲਿਆਂ ਨੂੰ ਫੁੱਟਬਾਲ ਨੇ ਕਮਲੇ ਕੀਤਾ, ਉਵੇਂ ਕੁਲ ਦੁਨੀਆ ‘ਚ ਵਸਦੇ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ। ਕਬੱਡੀ ਨੂੰ ਪੱਛਮੀ ਮੁਲਕਾਂ ਵਿਚ ਤਾਂ ਉਹ ਲੈ ਹੀ ਗਏ ਹਨ, ਜਦੋਂ ਕਦੇ ਚੰਦ ‘ਤੇ ਗਏ ਤਾਂ ਕਬੱਡੀ ਨੂੰ ਵੀ ਉਥੇ ਲਿਜਾਣਗੇ ਤੇ ਨਾਲ ਹੀ ਜਾਣਗੇ ਕਬੱਡੀ ਦੇ ਕੁਮੈਂਟੇਟਰ ਤੇ ਕਬੱਡੀ ਦੇ ਗੀਤਕਾਰ।
ਕਬੱਡੀ ਪੰਜਾਬੀਆਂ ਲਈ ਸਰੀਰਕ ਕਰਤੱਬਾਂ ਦੀ ਸ਼ਾਇਰੀ ਹੈ। ਇਹਦੇ ਵਿਚ ਦੀ ਉਹ ਬਹੁਤ ਕੁਝ ਵੇਖਦੇ ਹਨ। ਆਪਣਾ ਇਤਿਹਾਸ, ਆਪਣੀ ਬਹਾਦਰੀ, ਸਿਰੜ, ਸਿਦਕ, ਦਮ ਤੇ ਤਾਕਤ। ਪੰਜਾਬ ਦੀ ਧਰਤੀ ਸਦੀਆਂ ਬੱਧੀ ਹਮਲਿਆਂ ਤੇ ਠੱਲ੍ਹਾਂ ਦਾ ਮੈਦਾਨ ਬਣੀ ਰਹੀ। ਪੰਜਾਬੀ ਹਮਲਾਵਰਾਂ ਨੂੰ ਡੱਕਦੇ, ਲੜਦੇ, ਮਰਦੇ ਤੇ ਮਾਰਦੇ। ਹਮਲਾਵਰ ਤਕੜਾ ਹੁੰਦਾ ਤਾਂ ਮਾਰ ਧਾੜ ਕਰ ਕੇ ਆਪਣੇ ਘਰ ਪਰਤ ਜਾਂਦਾ। ਰਾਖੇ ਤਕੜੇ ਹੁੰਦੇ ਤਾਂ ਹਮਲਾਵਰ ਮਾਰਿਆ ਜਾਂਦਾ। ਇਸੇ ਕਰਮ ਨੂੰ ਕਬੱਡੀ ਵਿਚ ਵਾਰ ਵਾਰ ਦੁਹਰਾਇਆ ਜਾਂਦੈ। ਕਬੱਡੀ ਜਾਫੀਆਂ ਤੇ ਧਾਵੀਆਂ ਦੇ ਸੰਘਰਸ਼ ਦੀ ਖੇਡ ਹੈ।
ਜਿਵੇਂ ਢੋਲ ਦਾ ਡੱਗਾ ਨੱਚਣ ਵਾਲਿਆਂ ਦੇ ਪੱਬ ਚੁੱਕ ਦਿੰਦੈ, ਉਵੇਂ ਕਬੱਡੀ ਦੀ ਕੁਮੈਂਟਰੀ ਦਰਸ਼ਕਾਂ ਨੂੰ ਪੱਬਾਂ ਭਾਰ ਕਰੀ ਰੱਖਦੀ ਹੈ। ਜਿਵੇਂ ਸਪੇਰਾ ਬੀਨ ਨਾਲ ਸੱਪ ਨੂੰ ਕੀਲ ਲੈਂਦੈ, ਉਵੇਂ ਕਬੱਡੀ ਦਾ ਬੁਲਾਰਾ ਆਪਣੀ ਲੱਛੇਦਾਰ ਕੁਮੈਂਟਰੀ ਨਾਲ ਦਰਸ਼ਕਾਂ ਨੂੰ ਹਿੱਲਣ ਨਹੀਂ ਦਿੰਦਾ। ਉਹਦੇ ਹੁਲਾਰਵੇਂ, ਬਲਿਹਾਰਵੇਂ ਤੇ ਲਲਕਾਰਵੇਂ ਬੋਲ ਖੇਡ ਖੇਡਣ ਤੇ ਖੇਡ ਵੇਖਣ ਵਾਲਿਆਂ ਦੇ ਦਿਲਾਂ ‘ਚ ਤਰੰਗਾਂ ਛੇੜਦੇ ਉਨ੍ਹਾਂ ਦਾ ਮਨ ਪਰਚਾਈ ਰੱਖਦੇ ਹਨ। ਜਿਵੇਂ ਗੀਤ ਤੇ ਸਾਜ਼ ਦਾ ਸਬੰਧ ਹੈ, ਕੁਝ ਉਸੇ ਤਰ੍ਹਾਂ ਦਾ ਰਿਸ਼ਤਾ ਕਬੱਡੀ ਤੇ ਕੁਮੈਂਟਰੀ ਦਾ ਜੁੜ ਗਿਆ ਹੈ। ਕਿਸੇ ਜੁਆਨ ਨੇ ਪੱਛਮੀ ਮੁਲਕਾਂ ਦੇ ਨਜ਼ਾਰੇ ਲੈਣੇ ਹੋਣ, ਉਥੇ ਸੈਟਲ ਹੋਣਾ ਹੋਵੇ ਤਾਂ ਨਸ਼ੇ ਪੱਤੇ ਛੱਡ ਕੇ, ਕਸਰਤਾਂ ਕਰ ਕੇ, ਕਬੱਡੀ ਦਾ ਤਕੜਾ ਖਿਡਾਰੀ ਬਣ ਕੇ ਹਵਾਈ ਜਹਾਜ਼ਾਂ ‘ਤੇ ਚੜ੍ਹ ਸਕਦੈ। ਪੱਲਿਓਂ ਪੈਸੇ ਖਰਚਣ ਦੀ ਥਾਂ ਜਿੰਨੀ ਵਧੀਆ ਕਬੱਡੀ ਖੇਡੇਗਾ, ਉਨੇ ਵੱਧ ਡਾਲਰ ਕਮਾ ਸਕਦੈ। 2009 ਵਿਚ ਸੋਨੀ ਸੁਨੇਤ ਨੂੰ ਦੋ ਜੱਫਿਆਂ ਦੇ ਦੋ ਲੱਖ ਰੁਪਏ ਮਿਲੇ ਸਨ। ਹੁਣ ਤਾਂ ਗੱਫੇ ਹੋਰ ਵੀ ਵਧ ਗਏ ਹਨ, ਕੋਈ ਅੰਤ ਹੀ ਨਹੀਂ ਰਿਹਾ। ਇਕ ਜੱਫੇ ਦਾ ਇਕ ਟਰੈਕਟਰ! ਸਟਾਰ ਖਿਡਾਰੀ ਦਾ ਸੀਜ਼ਨ ਪੰਜਾਹ ਸੱਠ ਹਜ਼ਾਰ ਡਾਲਰਾਂ ਨੂੰ ਪੁੱਜ ਗਿਐ। ਲੱਖਾਂ ਨਹੀਂ, ਕਰੋੜਾਂ ਰੁਪਏ ਨੇ ਕਬੱਡੀ ਦੀ ਖੇਡ ਵਿਚ। ਤਦੇ ਤਾਂ ਕੁਮੈਂਟਰੀ ਕਰਦਿਆਂ ਕਹੀਦੈ:
ਖੇਡੋ ਮੁੰਡਿਓ ਖੇਡ ਕਬੱਡੀ
ਖੜ੍ਹਨਾ ਛੱਡ ਦਿਓ ਮੋੜਾਂ ‘ਤੇ,
ਵਿਸ਼ਵ ਕੱਪਾਂ ਨੇ ਚਾੜ੍ਹ ਦਿੱਤੀ ਆ
ਕੌਡੀ ਹੁਣ ਕਰੋੜਾਂ ‘ਤੇ।
‘ਜਿਥੇ ਗਏ ਪੰਜਾਬੀ’ ਮਾਨ ਨੇ ਪੰਜਾਬ ਸਰਕਾਰ ਵੱਲੋਂ 2010 `ਚ ਕਰਵਾਏ ਕਬੱਡੀ ਵਰਲਡ ਕੱਪ ਦੇ ਫਾਈਨਲ ਮੈਚ ਸਮੇਂ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਸ਼ੋਅ ਲਈ ਲਿਖਿਆ ਸੀ। ਜਦੋਂ ਇਹ ਗੀਤ ਗੁਰੂ ਨਾਨਕ ਸਟੇਡੀਅਮ ਲੁਧਿਆਣੇ ਵਿਚ ਜੁੜੇ ਪੈਂਤੀ ਹਜ਼ਾਰ ਖੇਡ ਪ੍ਰੇਮੀਆਂ ਤੇ ਟੀ. ਵੀ. ਸਕਰੀਨਾਂ ਤੋਂ ਵੇਖ ਰਹੇ ਲੱਖਾਂ-ਕਰੋੜਾਂ ਦਰਸ਼ਕਾਂ ਸਾਹਵੇਂ ਗਾਇਆ ਗਿਆ ਤਾਂ ਕਬੱਡੀ ਮੈਚ ਦੀ ਕੁਮੈਂਟਰੀ ਵਾਲਾ ਮਾਈਕ ਮੇਰੇ ਹੱਥ ਸੀ। ਮੈਂ ਆਪਣੀ ਪੁਸਤਕ ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਵਿਚ ਲਿਖਿਆ:
ਲੁਧਿਆਣੇ ‘ਚ ਪਈਆਂ ਕਬੱਡੀ ਦੀਆਂ ਲੁੱਡੀਆਂ
ਲੁਧਿਆਣੇ ਪਹੁੰਚ ਕੇ ਵਰਲਡ ਕੱਪ ਸਿਖਰ ‘ਤੇ ਪੁੱਜ ਗਿਆ। 12 ਅਪਰੈਲ 2010 ਨੂੰ ਕੁਲ ਦੁਨੀਆ ਦੇ ਪੰਜਾਬੀਆਂ ਦੀਆਂ ਨਜ਼ਰਾਂ ਗੁਰੂ ਨਾਨਕ ਸਟੇਡੀਅਮ ਲੁਧਿਆਣੇ ‘ਤੇ ਸਨ। ਮੁੱਖ ਸਟੇਜ ਫੁੱਲਾਂ ਦੇ ਹਾਰਾਂ ਨਾਲ ਸਜਾਇਆ ਹੋਇਆ ਸੀ ਤੇ ਪਵੇਲੀਅਨ ਉਪਰ ਬਿਜਲੀ ਦੀਆਂ ਰੰਗ-ਬਰੰਗੀਆਂ ਲੜੀਆਂ ਲਟਕਾਈਆਂ ਹੋਈਆਂ ਸਨ। ਸਪੋਰਟਸ ਡਾਇਰੈਕਟਰ ਪਰਗਟ ਸਿੰਘ ਪੱਬਾਂ ਭਾਰ ਹੋਇਆ ਫਿਰਦਾ ਸੀ। ਸਾਡੀ ਕੁਮੈਂਟੇਟਰਾਂ ਦੀ ਟੀਮ ‘ਚ ਭਗਵੰਤ ਮਾਨ ਵੀ ਸ਼ਾਮਲ ਸੀ। ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ ਦਾ ਸ਼ੋਅ ਨਾਰਥ ਜ਼ੋਨ ਕਲਚਰਲ ਸੈਂਟਰ ਨੇ ਪੇਸ਼ ਕਰਨਾ ਸੀ। ਤਦੇ ਢਾਈ ਸੌ ਕਲਾਕਾਰ ਨੱਚਦੇ-ਮੇਲ੍ਹਦੇ ਮੈਦਾਨ ਵਿਚ ਆਏ। ਉਨ੍ਹਾਂ ਵਿਚ ਬੱਚੇ, ਗੱਭਰੂ, ਮੁਟਿਆਰਾਂ ਤੇ ਬਜ਼ੁਰਗ ਰੰਗ-ਬਰੰਗੀ ਵੇਸਭੂਸ਼ਾ ਵਿਚ ਸਜੇ ਹੋਏ ਸਨ। ਸਾਜ਼ਾਂ ਦਾ ਕੋਈ ਅੰਤ ਨਹੀਂ ਸੀ। ਢੋਲ, ਮਰਦੰਗ, ਚਿਮਟੇ, ਅਲਗੋਜ਼ੇ, ਤੂੰਬੇ, ਕਾਟੋ, ਕਿਰਲੇ ਤੇ ਬੁਘਦੂ ਸਭ ਕੁਝ ਸੀ। ਪਿਛੋਕੜ ਵਿਚ ਪੰਜਾਬੀ ਧੁਨਾਂ ਗੂੰਜ ਰਹੀਆਂ ਸਨ। ਕਲਾਕਾਰ ਮਸਤੀ ‘ਚ ਮੇਲ੍ਹ ਰਹੇ ਸਨ। ਫਲੱਡ ਲਾਈਟਾਂ ਤੇ ਰੰਗੀਨ ਲੜੀਆਂ ਨੇ ਮਾਹੌਲ ਸੁਫਨਈ ਬਣਾ ਦਿੱਤਾ ਸੀ। ਸਟੇਡੀਅਮ ‘ਚ ਬੈਠੇ ਦਰਸ਼ਕ ਸੁਫਨਿਆਂ ਦੀ ਦੁਨੀਆਂ ਵਿਚ ਗੁਆਚ ਗਏ ਸਨ।
ਚੰਡੀਗੜ੍ਹ ਤੋਂ ਆਈ ਮਮਤਾ ਜੋਸ਼ੀ ਨੇ ਗਾਉਣਾ ਸ਼ੁਰੂ ਕੀਤਾ: ਵੇ ਸੋਨੇ ਦਿਆ ਕੰਗਣਾ ਸੌਦਾ ਇਕੋ ਜਿਹਾ, ਦਿਲ ਦੇਣਾ ਤੇ ਦਿਲ ਮੰਗਣਾ ਸੌਦਾ ਇਕੋ ਜਿਹਾ…। ਪੰਮੀ ਬਾਈ ਦਾ ਗੀਤ: ਨੀ ਮੈਂ ਪਾਣੀ ਭਰੇਨੀ ਆਂ ਪੱਤਣੋਂ, ਭੈੜੇ ਨੈਣ ਨਾ ਰਹਿੰਦੇ ਤੱਕਣੋਂ…ਦਿਲਾਂ ਨੂੰ ਧੂਹਾਂ ਪਾ ਰਿਹਾ ਸੀ। ਸਟੇਡੀਅਮ ਵਿਚ ਰਾਗ-ਰੰਗ ਦੀ ਲੀਲ੍ਹਾ ਦਾ ਕੌਤਕੀ ਨਜ਼ਾਰਾ ਸੀ। ਸਫੈਦ ਕੁੜਤੇ ਚਾਦਰੇ ਤੇ ਟੌਰਿਆ ਵਾਲੇ ਮਲਵਈ ਬਾਬੇ ਗਿੱਧਾ ਪਾਉਂਦੇ ਮਸਤੀ ‘ਚ ਝੂੰਮ ਰਹੇ ਸਨ। ਮੁਟਿਆਰਾਂ ਦੀਆਂ ਪੰਜ਼ੇਬਾਂ ਛਣਕ ਰਹੀਆਂ ਸਨ ਤੇ ਸਿਤਾਰਿਆਂ ਵਾਲੀਆਂ ਚੁੰਨੀਆਂ ਦੇ ਪੱਲੇ ਲਹਿਰਾਅ ਰਹੇ ਸਨ। ਗੁਰਮੀਤ ਬਾਵਾ ਦੀ ਉੱਚੀ ਲੰਮੀ ਹੇਕ ਉਭਰੀ: ਵੀਰ ਮੇਰਿਆ ਜੁਗਨੀ ਕਹਿੰਦੀ ਆ, ਉਹ ਨਾਮ ਸਾਈਂ ਦਾ ਲੈਂਦੀ ਆ…। ਫਿਰ ਜੁੱਤੀ ਖੱਲ ਦੀ ਮਰੋੜਾ ਨਹੀਂ ਝੱਲਦੀ…ਗੀਤ ਦੀ ਤਰਜ਼ ‘ਤੇ ਗੱਭਰੂਆਂ ਨੇ ਭੰਗੜਾ ਤੇ ਮੁਟਿਆਰਾਂ ਨੇ ਗਿੱਧਾ ਪਾਇਆ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਧੀ ਡੌਲੀ ਗੁਲੇਰੀਆ, ਜਿਸ ਨੇ ਇੰਡੋ-ਪਾਕਿ ਪੰਜਾਬ ਖੇਡਾਂ ਸਮੇਂ ਪਟਿਆਲੇ ‘ਚ ਨੰਦ ਲਾਲ ਨੂਰਪੁਰੀ ਦਾ ਗੀਤ, ਚੰਨ ਵੇ ਕਿ ਸ਼ੌਂਕਣ ਮੇਲੇ ਦੀ ਗਾਇਆ ਸੀ, ਗਾਉਣ ਲੱਗੀ: ਲੱਠੇ ਦੀ ਚਾਦਰ ਉਤੇ ਸਲੇਟੀ ਰੰਗ ਮਾਹੀਆ, ਆ ਬਹੁ ਸਾਹਮਣੇ, ਕੋਲੋਂ ਦੀ ਰੁੱਸ ਕੇ ਨਾ ਲੰਘ ਮਾਹੀਆ…।
ਸਭਿਆਚਾਰਕ ਸਮਾਰੋਹ ਦੇ ਸਿਖਰ ‘ਤੇ ਬਾਲੀਵੁੱਡ ਦਾ ਪ੍ਰਸਿੱਧ ਗਾਇਕ ਸੁਖਵਿੰਦਰ, ਹਟ ਕਬੱਡੀ ਕੌਡੀ ਕੌਡੀ…ਕਰਦਾ ਮੈਦਾਨ ਵਿਚ ਆਇਆ। ਉਹਦੇ ਆਲੇ-ਦੁਆਲੇ ਨੌਜੁਆਨ ਭੰਗੜਾ ਪਾਉਣ ਲੱਗੇ। ਉਹਦਾ ਗੱਠਿਆ ਜੁੱਸਾ ਕਾਲੀ ਪੈਂਟ ਤੇ ਕਾਲੀ ਸ਼ਰਟ ਵਿਚੋਂ ਉਡੂੰ-ਉਡੂੰ ਕਰ ਰਿਹਾ ਸੀ। ਉਹਦੀ ਗਰਜਵੀਂ ਆਵਾਜ਼ ਸਟੇਡੀਅਮ ਦੇ ਆਰ-ਪਾਰ ਲਰਜ਼ਣ ਲੱਗੀ:
ਜਿਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ,
ਤਾਂਹੀਂ ਰੁਤਬਾ ਮਿਲਿਆ ਅੱਜ ਕਮਾਲ ਕਬੱਡੀ ਨੂੰ,
ਕੁਲ ਪੰਜਾਬੀ ਖੇਡਾਂ ਦੀ ਸਰਦਾਰ ਕਬੱਡੀ ਨੂੰ,
ਜੁਗਾਂ ਜੁਗਾਂ ਤੋਂ…।
ਛੈਲ ਛਬੀਲੇ ਗੱਭਰੂ ਉਡਜੂੰ ਉਡਜੂੰ ਕਰਦੇ ਨੇ,
ਮਿਰਗਾਂ ਜਿਹੇ ਸਰੀਰ ਹੌਂਸਲੇ ਸ਼ੇਰਾਂ ਵਰਗੇ ਨੇ,
ਅੱਜ ਟੀ. ਵੀ. ‘ਤੇ ਵੇਖਿਆ ਪਹਿਲੀ ਵਾਰ ਕਬੱਡੀ ਨੂੰ,
ਜੁਗਾਂ ਜੁਗਾਂ ਤੋਂ…।
ਔਹ ਜਾਫੀ ਨੇ ਧਾਵੀ ਨੂੰ ਬਾਹਾਂ ਵਿਚ ਜਕੜ ਲਿਆ,
ਜਿਵੇਂ ਸ਼ੇਰ ਨੇ ਚੁੰਗੀਆਂ ਭਰਦੇ ਮਿਰਗ ਨੂੰ ਪਕੜ ਲਿਆ,
ਵੇਖਣ ਲੋਕੀਂ ਹੋ ਹੋ ਪੱਬਾਂ ਭਾਰ ਕਬੱਡੀ ਨੂੰ,
ਜੁਗਾਂ ਜੁਗਾਂ ਤੋਂ…।
ਜਿਹੜੇ ਪਾਕਿਸਤਾਨੀ ਆਏ ਨੇ ਕੁਝ ਕਰ ਕੇ ਜਾਵਣਗੇ,
ਅਗਲੀ ਵਾਰ ਇਰਾਨੀ ਵੀ ਕੁਝ ਬਣ ਕੇ ਆਵਣਗੇ,
ਉਹ ਵੀ ਨਹੀਂ ਹੁਣ ਸਕਦੇ ਮਨੋਂ ਵਿਸਾਰ ਕਬੱਡੀ ਨੂੰ,
ਜੁਗਾਂ ਜੁਗਾਂ ਤੋਂ…।
ਥਾਪੀ ਮਾਰ ਖਲੋ ਗਿਆ ਜੰਜੂਆ ਖਿੱਚ ਲਕੀਰ ਗਿਆ,
ਲੈ ਨੰਬਰ ਬਾਂਹ ਉੱਚੀ ਕਰ ਕੇ ਔਹ ਸੁਖਬੀਰ ਗਿਆ,
ਸਾਹ ਰੋਕ ਕੇ ਵੇਖ ਰਿਹਾ ਸੰਸਾਰ ਕਬੱਡੀ ਨੂੰ,
ਜੁਗਾਂ ਜੁਗਾਂ ਤੋਂ…।
ਜਦੋਂ ਕਦੇ ਵੀ ਜਿ਼ਕਰ ਕਬੱਡੀ ਦਾ ਫਿਰ ਆਏਗਾ,
ਨਾਮ ਸੁਨਹਿਰੀ ਅੱਖਰਾਂ ਦੇ ਵਿਚ ਲਿਖਿਆ ਜਾਏਗਾ,
ਜੋ ਸੁਖਬੀਰ ਨੇ ਬਖਸਿ਼ਆ ਏ ਸਤਿਕਾਰ ਕਬੱਡੀ ਨੂੰ,
ਜੁਗਾਂ-ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ…।
ਗੀਤ ਮੁੱਕਣ ‘ਤੇ ਹਜ਼ਾਰਾਂ ਤਾੜੀਆਂ ਦੀ ਖੜਕਾਰ ਕਿੰਨਾ ਹੀ ਚਿਰ ਗੂੰਜਦੀ ਰਹੀ। ਅਸੀਂ ਮਾਈਕ ਤੋਂ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਨੂੰ ਫਾਈਨਲ ਮੈਚ ਖੇਡਣ ਦਾ ਸੱਦਾ ਦਿੱਤਾ। ਸਟੇਡੀਅਮ ਨੱਕੋ ਨੱਕ ਭਰਿਆ ਹੋਇਆ ਸੀ। ਕੁਝ ਦਰਸ਼ਕਾਂ ਦੇ ਹੱਥਾਂ ਵਿਚ ਤਰੰਗੀਆਂ ਝੰਡੀਆਂ ਫੜੀਆਂ ਹੋਈਆਂ ਸਨ। ਕਈਆਂ ਨੇ ਕਬੱਡੀ ਦੀ ਉਸਤਤ ਵਿਚ ਬੈਨਰ ਲਿਖੇ ਹੋਏ ਸਨ। ਸਾਨੂੰ ਦੱਸਿਆ ਗਿਆ ਕਿ ਪਾਕਿਸਤਾਨ ਦੇ ਪਿੰਡਾਂ ਵਿਚ ਲੋਕਾਂ ਨੇ ਸੱਥਾਂ ਵਿਚ ਟੀ. ਵੀ. ਦੀਆਂ ਵੱਡੀਆਂ ਸਕਰੀਨਾਂ ਲਾ ਕੇ ਵੱਡੀ ਗਿਣਤੀ ਵਿਚ ਮੈਚ ਵੇਖਣ ਦਾ ਪ੍ਰਬੰਧ ਕੀਤਾ ਹੋਇਆ ਸੀ। ਉਨ੍ਹਾਂ ਨੂੰ ਆਪਣੀ ਪਾਕਿਸਤਾਨ ਦੀ ਟੀਮ ਦੇ ਜਿੱਤ ਜਾਣ ਦੀ ਪੂਰੀ ਆਸ ਸੀ।
ਟਾਸ ਭਾਰਤੀ ਟੀਮ ਨੇ ਜਿੱਤਿਆ। ਕੁਮੈਂਟਰੀ ਬੌਕਸ ‘ਚੋਂ ਮੈਂ ਤੇ ਮੱਖਣ ਸਿੰਘ ਨੇ ਭਾਰਤ-ਪਾਕਿ ਟੀਮਾਂ ਦੇ ਖਿਡਾਰੀਆਂ ਦੀ ਜਾਣਕਾਰੀ ਦਿੱਤੀ। ਪਹਿਲੀ ਰੇਡ ਪਾਉਣ ਲਈ ਦੁੱਲਾ ਸੁਰਖਪੁਰੀਆ ਪਾੜੇ ‘ਤੇ ਆਇਆ ਤਾਂ ਮੈਂ ਆਖਿਆ: ਵੇਖੋ ਦੁੱਲੇ ਨੇ ਟੇਕਿਆ ਧਰਤੀ ਮਾਂ ਨੂੰ ਮੱਥਾ, ਜੋੜੇ ਆ ਹੱਥ ਤੇ ਮੰਗੀ ਆ ਸੂਰਜ ਤੋਂ ਸ਼ਕਤੀ। ਜੁਆਨ ਦਾ ਜੁੱਸਾ ਵੇਖੋ ਤੇ ਵੇਖੋ ਜੁਆਨ ਦੀ ਚੜ੍ਹਤ। ਲਓ ਚੱਲਿਆ ਦੁੱਲਾ ਸ਼ੇਰ ਪਹਿਲੀ ਕਬੱਡੀ ਪਾਉਣ…।
ਅੱਗੋਂ ਪਾਕਿਸਤਾਨ ਦੇ ਜ਼ੋਰਾਵਰ ਜਾਫੀ ਜੰਜੂਏ ਨੇ ਦੁੱਲੇ ਨੂੰ ਜੱਫਾ ਲਾਉਣ ਦੀ ਕੋਸਿ਼ਸ਼ ਕੀਤੀ, ਪਰ ਉਹ ਜੱਫੇ ਵਿਚ ਨਾ ਆਇਆ। ਸਾਰਾ ਸਟੇਡੀਅਮ ਤਾੜੀਆਂ ਨਾਲ ਗੂੰਜ ਉਠਿਆ। ਪਹਿਲਾ ਅੰਕ ਭਾਰਤ ਦੀ ਟੀਮ ਦਾ ਹੋ ਗਿਆ। ਪਾਕਿਸਤਾਨ ਦੀ ਟੀਮ ਵੱਲੋਂ ਪਹਿਲੀ ਰੇਡ ਲਾਇਲਪੁਰੀਏ ਬਾਬਰ ਗੁੱਜਰ ਨੇ ਪਾਈ। ਉਹਦੀ ਚੜ੍ਹਾਈ ਵੀ ਵੇਖਣ ਵਾਲੀ ਸੀ। ਉਸ ਨੂੰ ਸ਼ਾਹਕੋਟੀਏ ਮੰਗੀ ਬੱਗੇ ਨੇ ਬੜੇ ਹੌਸਲੇ ਨਾਲ ਡੱਕਿਆ। ਬਾਬਰ ਦਾ ਪਹਿਲੀ ਰੇਡੇ ਡੱਕਿਆ ਜਾਣਾ ਪਾਕਿਸਤਾਨ ਲਈ ਬਦਸ਼ਗਨੀ ਸੀ। ਪਹਿਲੀਆਂ ਨੌਂ ਰੇਡਾਂ ਵਿਚ ਅੰਕ 8-1 ਹੋ ਜਾਣ ਨਾਲ ਭਾਰਤੀ ਟੀਮ ਦੀਆਂ ਚੜ੍ਹ ਮੱਚੀਆਂ।
ਸਿਤਮ ਦੀ ਗੱਲ ਸੀ ਕਿ ਪਾਕਿਸਤਾਨ ਦੇ ਸੱਤੇ ਧਾਵੀ ਪਹਿਲੀਆਂ ਰੇਡਾਂ ਵਿਚ ਰੋਕ ਲਏ ਗਏ। ਕਬੱਡੀ ਅਜਿਹੀ ਖੇਡ ਹੈ ਕਿ ਧਾਵੀ ਪਹਿਲੀ ਰੇਡ ਰੋਕ ਲਿਆ ਜਾਵੇ ਤਾਂ ਅੱਧਾ ਰਹਿ ਜਾਂਦੈ। ਪਾਕਿਸਤਾਨੀ ਟੀਮ ਦਾ ਕੋਚ ਆਪਣੇ ਖਿਡਾਰੀਆਂ ਨੂੰ ਝਾੜਾਂ ਪਾ ਰਿਹਾ ਸੀ ਪਈ ਧਾਨੂੰ ਚੰਗੇ ਭਲਿਆਂ ਨੂੰ ਹੋ ਕੀ ਗਿਐ? ਅੱਧੇ ਸਮੇਂ ਤਕ ਭਾਰਤੀ ਟੀਮ 26-12 ਅੰਕਾਂ ਦੇ ਫਰਕ ਨਾਲ ਅੱਗੇ ਹੋ ਗਈ। ਆਖਰ ਭਾਰਤੀ ਟੀਮ ਨੇ ਪਹਿਲੇ ਵਰਲਡ ਕੱਪ ਦਾ ਫਾਈਨਲ ਮੈਚ 58-24 ਅੰਕਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ।
ਮੈਚ ਮੁੱਕਣ ਸਾਰ ਕਬੱਡੀ ਦੇ ਦੀਵਾਨੇ ਮੈਦਾਨ ਵਿਚ ਆ ਗਏ ਤੇ ਉਨ੍ਹਾਂ ਨੇ ਆਪਣੇ ਮਨ-ਭਾਉਂਦੇ ਖਿਡਾਰੀਆਂ ਨੂੰ ਮੋਢਿਆਂ ‘ਤੇ ਚੁੱਕ ਲਿਆ। ਵਰਲਡ ਕੱਪ ਦੇ ਬੈੱਸਟ ਧਾਵੀ ਦਾ ਇਨਾਮ ਕੁਲਜੀਤ ਸਿੰਘ ਮਲਸੀਹਾਂ ਨੂੰ ਤੇ ਬੈੱਸਟ ਜਾਫੀ ਦਾ ਮੰਗਤ ਸਿੰਘ ਮੰਗੀ ਨੂੰ ਦਿੱਤਾ ਗਿਆ। ਉਨ੍ਹਾਂ ਨੂੰ ਸਵਰਾਜ ਟਰ੍ਰੈਕਟਰ 855 ਦੀਆਂ ਚਾਬੀਆਂ ਸੌਂਪੀਆਂ ਗਈਆਂ। ਭਾਰਤੀ ਟੀਮ ਨੂੰ ਕਰੋੜ ਰੁਪਏ ਤੇ ਪਾਕਿਸਤਾਨੀ ਟੀਮ ਨੂੰ ਪੰਜਾਹ ਲੱਖ ਦਾ ਇਨਾਮ ਦਿੱਤਾ ਗਿਆ। ਇਹਦੇ ਨਾਲ ਹੀ ਆਤਿਸ਼ਬਾਜ਼ੀ ਸ਼ੁਰੂ ਹੋ ਗਈ ਤੇ ਅਗਲੇ ਕਬੱਡੀ ਵਰਲਡ ਕੱਪ ਉਤੇ ਮਿਲਣ ਦੇ ਇਕਰਾਰ ਨਾਲ ਮੇਲਾ ਵਿਛੜ ਗਿਆ।
—
ਵਿਸ਼ਵ ਕਬੱਡੀ ਕੱਪ-2011 ਲਈ ਮਾਨ ਨੇ ਇਕ ਹੋਰ ਕਬੱਡੀ ਗੀਤ ਲਿਖਿਆ:
ਅੱਜ ਸਾਰੇ ਹੀ ਜਹਾਨ ਦੀਆਂ
ਨਜ਼ਰਾਂ ਨੇ ਲੱਗੀਆਂ ਪੰਜਾਬ ਦੇ ਉੱਤੇ
ਅੱਜ ਆਖਰੀ, ਅੱਜ ਆਖਰੀ ਮੁਕਾਬਲਾ
ਹੋਣਾ ਜੇ ਦੂਸਰੇ ਕਬੱਡੀ ਕੱਪ ਦਾ
ਦੋ ਸੌ ਲੱਖ ਦਾ, ਦੋ ਸੌ ਲੱਖ ਦਾ
ਇਨਾਮ ਕੀਹਨੇ ਜਿੱਤਣਾ ਹੈ
ਇਹਦੇ ‘ਤੇ ਧਿਆਨ ਲੱਗਿਆ
ਕੁੱਲ ਦਾ, ਕੁੱਲ ਦਾ
ਵੇਖੋ ਅੱਜ ਕਿਹੜੇ ਦੇਸ਼ ਦਾ ਝੰਡਾ ਝੁੱਲਦਾ…।
ਸਾਰੇ ਜੱਗ ਦੇ, ਸਾਰੇ ਜੱਗ ਦੇ
ਪੰਜਾਬੀ ‘ਕੱਠੇ ਹੋ ਕੇ ਆਏ ਨੇ
ਆਏ ਨੇ ਵਿਦੇਸ਼ੋਂ ਚੱਲ ਕੇ
ਸ਼ੇਰਿਆ, ਸ਼ੇਰਿਆ
ਪੰਜਾਬੀਆਂ ਦੀ ਸ਼ਾਨ ਵੱਖਰੀ
ਓ ਬਾਈ ਮੇਰਿਆ…।
ਜਿਵੇਂ ਜੰਗਲੀ ਹਿਰਨ ਭਰੇ ਚੁੰਗੀਆਂ
ਕਬੱਡੀ ਪਾਉਂਦਾ ਉਡਿਆ ਫਿਰੇ
ਧਾਵਾ ਬੋਲਦਾ, ਧਾਵਾ ਬੋਲਦਾ
ਜ਼ਰਾ ਨਾ ਚਿੱਤ ਡੋਲਦਾ
ਬਾਜ ਵਾਂਗੂੰ ਮਾਰੇ ਝਪਟਾਂ
ਅੱਗੋਂ ਹਾਣ ਦੇ, ਅੱਗੋਂ ਹਾਣ ਦੇ
ਮੁੰਡੇ ਨਾ ਹੱਥ ਜੁੜ ਗਏ
ਘੇਰ ਕੇ ਖੜੋ ਗਿਆ ਸਾਹਮਣੇ
ਸੱਜਣਾ, ਸੱਜਣਾ
ਕੁੰਢੀਆਂ ਦੇ ਸਿੰਗ ਫਸ ਗਏ
ਓ ਔਖਾ ਭੱਜਣਾ…।
ਅੱਗੋਂ ਵਾ ਦੇ ਵਰੋਲੇ ਵਾਗੂੰ ਉਡ ਕੇ
ਔਹ ਗੱਭਰੂ ਚੰਬੜ ਗਿਆ
ਧੌਲ ਮਾਰ ਕੇ, ਧੌਲ ਮਾਰ ਕੇ
ਠੋਕਤੀ ਕੈਂਚੀ ਭੱਜਦੇ ਨੂੰ ਜਕੜ ਲਿਆ
ਮੁੰਡਾ ਚੋਟੀ ਦਾ, ਮੁੰਡਾ ਚੋਟੀ ਦਾ ਖਿਡਾਰੀ ਗੱਭਰੂ
ਪਾਲੇ ਕੋਲੋਂ ਢਾ ਲਿਆ ਆਣ ਕੇ
ਬੱਲਿਆ, ਬੱਲਿਆ
ਦੂਹਰੇ ਤੀਹਰੇ ਲਾ-ਤੇ ਜਿੰਦਰੇ
ਓ ਕਿਥੇ ਚੱਲਿਆ…। (ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ)
ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ ਨੇ ਲਿਖਿਆ: ਬਾਬੂ ਸਿੰਘ ਮਾਨ ਮਰਾੜ੍ਹਾਂਵਾਲੇ ਦੀ ਗੀਤਕਾਰੀ ਨੂੰ ਪੰਜਾਬੀਆਂ ਨੇ ਰੱਜ ਕੇ ਮਾਣਿਆ ਹੈ, ਪਰ ਉਸ ਦਾ ਸਾਹਿਤਕ ਅਤੇ ਸਭਿਆਚਾਰਕ ਮੁੱਲ ਅਕਾਦਮਿਕ ਪੱਧਰ ‘ਤੇ ਬਹੁਤ ਘੱਟ ਅੰਗਿਆ ਗਿਆ ਹੈ। ਇਹ ਬੜਾ ਵਿਰੋਧਾਭਾਸ ਹੈ। ਮਰਾੜ੍ਹਾਂਵਾਲੇ ਦੀ ਗੀਤਕਾਰੀ ਨੂੰ ਸਮੂਹ ਪੰਜਾਬੀਆਂ ਨੇ ਅੱਖਾਂ ‘ਤੇ ਬਿਠਾਇਆ, ਪਰ ਉਸ ਨੂੰ ਅਕਾਦਮਿਕ ਅਦਾਰਿਆਂ ਵਿਚ ਘੱਟ ਪਰਵਾਨਿਆ ਗਿਆ। ਇਸ ਵਰਤਾਰੇ ਨੂੰ ਸਮਝਣ ਲਈ ਸਾਨੂੰ ਇੱਕ ਪਾਸੇ ਤਾਂ ਪੰਜਾਬੀ ਕਾਵਿ ਚੇਤਨਾ `ਤੇ ਨਜ਼ਰ ਮਾਰਨੀ ਪਵੇਗੀ, ਦੂਸਰੇ ਪਾਸੇ ਪੰਜਾਬੀ ਸਭਿਆਚਾਰ ਦੇ ਅੰਤਰ ਵਿਰੋਧਾਂ ਨੂੰ ਵੀ ਵਾਚਣਾ ਪਵੇਗਾ। ਆਧੁਨਿਕਤਾ ਦੇ ਪ੍ਰਭਾਵ ਅਧੀਨ ਪੰਜਾਬੀ ਕਵਿਤਾ ਆਮ ਜਨਮਾਨਸ ਨਾਲੋਂ ਟੁੱਟ ਕੇ ਮੱਧਵਰਗੀ ਪੜ੍ਹੇ-ਲਿਖੇ ਲੋਕਾਂ ਦੀ ਪਟੜੀ ਚੜ੍ਹ ਗਈ। ਜਿੱਥੇ ਸਾਡੀ ਮੱਧਕਾਲੀ ਕਵਿਤਾ ਸਰੋਤਿਆਂ ਦੇ ਸੁਣਨ ਵਾਲੀ ਚੀਜ ਸੀ, ਉਥੇ ਤਥਾਕਥਿਤ ਆਧੁਨਿਕ ਕਵਿਤਾ ਪੁਸਤਕਾਂ ਵਿਚ ਬੰਦ ਪਾਠਕਾਂ ਦੇ ਪੜ੍ਹਨ ਵਾਲੀ ਸ਼ੈਅ ਬਣ ਗਈ। ਪੁਰਾਣੀ ਮੱਧਕਾਲੀ ਕਵਿਤਾ ਦੀ ਪਵਿੱਤਰ ਗੁਰਬਾਣੀ ਨੂੰ ਕੀਰਤਨੀਏ ਰਾਗੀ ਗਾਉਂਦੇ ਸਨ, ਇਸੇ ਤਰ੍ਹਾਂ ਵਾਰਕਾਰਾਂ ਦੀਆਂ ਵਾਰਾਂ ਨੂੰ ਢਾਡੀ ਗਾਉਂਦੇ ਸਨ। ਸੂਫੀਆਂ ਦੇ ਕਲਾਮ ਕੱਵਾਲ ਗਾਉਂਦੇ ਸਨ ਅਤੇ ਕਿੱਸਿਆਂ ਨੂੰ ਲੋਕ ਗਾਇਕ ਗਾਉਂਦੇ ਸਨ। ਆਧੁਨਿਕਤਾ ਦੇ ਪ੍ਰਭਾਵ ਅਧੀਨ ਕਵਿਤਾ ਗਾਉਣ ਨਾਲੋਂ ਟੁੱਟ ਗਈ। ਇਸ ਤਰ੍ਹਾਂ ਕਵਿਤਾ ਦੀਆਂ ਦੋ ਧਾਰਾਵਾਂ ਵਿਕਸਿਤ ਹੋਣ ਲੱਗੀਆਂ। ਇੱਕ ਪਾਸੇ ਮੱਧਵਰਗੀ ਪੜ੍ਹਿਆਂ ਲਿਖਿਆਂ ਦੀ ਪੁਸਤਕੀ ਕਵਿਤਾ ਤੇ ਦੂਸਰੇ ਪਾਸੇ ਆਮ ਲੋਕਾਂ ਨੂੰ ਕੁਝ ਦੇਰ ਸਟੇਜੀ ਕਵੀਆਂ ਨੇ ਸਾਂਭੀ ਰੱਖਿਆ ਅਤੇ ਮੁੜ ਗੀਤਕਾਰਾਂ ਨੇ ਉਨ੍ਹਾਂ ਦੀ ਕਾਵਿ ਭੁੱਖ ਨੂੰ ਪੂਰਿਆਂ ਕੀਤਾ। ਖੂਬਸੂਰਤ ਗੀਤ ਲਿਖਣ ਵਾਲੇ ਗੁਰਦੇਵ ਸਿੰਘ ਮਾਨ, ਬਾਬੂ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਦੇਵ ਥਰੀਕਿਆਂ ਵਾਲੇ, ਜਨਕ ਸ਼ਰਮੀਲਾ ਤੇ ਗੁਰਦਾਸ ਮਾਨ ਵਰਗਿਆਂ ਨੇ ਹੀ ਨੰਦ ਲਾਲ ਨੂਰਪੁਰੀ ਅਤੇ ਫਿਰੋਜ਼ਦੀਨ ਸ਼ਰਫ ਵਰਗਿਆਂ ਦਾ ਵਿਰਸਾ ਸਾਂਭਿਆ ਹੋਇਐ।
ਮਾਨ ਮਰਾੜ੍ਹਾਂਵਾਲਾ ਪੰਜਾਬੀ ਗੀਤਕਾਰੀ ਦੇ ਇਤਿਹਾਸ ਦਾ ਅਹਿਮ ਮੀਲ-ਪੱਥਰ ਹੈ। ਬਾਬੂ ਸਿੰਘ ਉਸ ਦਾ ਜਮਾਂਦਰੂ ਨਾਂ ਹੈ, ਮਾਨ ਉਸ ਦਾ ਗੋਤ ਅਤੇ ਮਰਾੜ੍ਹ ਉਸ ਦਾ ਪਿੰਡ। ਉਸ ਦਾ ਜਨਮ 10 ਅਕਤੂਬਰ 1942 ਨੂੰ ਮਾਤਾ ਆਸ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਸ ਸਮੇਂ ਬਾਬੂ ਭਾਵ ਨਹਿਰੀ ਮਹਿਕਮੇ ਦੇ ਓਵਰਸੀਅਰ ਦੀ ਬੜੀ ਚੜ੍ਹਤ ਹੁੰਦੀ ਸੀ, ਸ਼ਾਇਦ ਇਸੇ ਕਰਕੇ ਹੀ ਉਹਦੇ ਬਾਬੇ ਲਾਲ ਸਿੰਘ ਨੇ ਬਾਬੂ ਨਾਂ ਰੱਖਿਆ ਹੋਊ। ਇਹ ਵੀ ਹੋ ਸਕਦੈ ਕਿ ਮਾਲਵੇ ਦੇ ਕਵੀਸ਼ਰ ਬਾਬੂ ਰਜਬ ਅਲੀ ਸਾਹੋਕਿਆਂ ਵਾਲੇ ਦੀ ਕਵੀਸ਼ਰੀ ਦਾ ਪ੍ਰਭਾਵ ਹੋਵੇ। ਉਸ ਨੇ ਪਿੰਡ ਜੰਡ ਸਾਹਿਬ ਦੇ ਸਕੂਲ ਤੋਂ ਪ੍ਰਾਇਮਰੀ ਪਾਸ ਕੀਤੀ ਤੇ ਛੇਵੀਂ ਜਮਾਤ ਤੋਂ ਬਾਲ-ਰਸਾਲਿਆਂ ਵਿਚ ਛਪਣਾ ਸ਼ੁਰੂ ਹੋ ਗਿਆ। ਉਹਦਾ ਪਹਿਲਾ ਗੀਤ ‘ਦੁੱਧ ਕਾੜ੍ਹ ਕੇ ਜਾਗ ਨਾ ਲਾਵਾਂ ਤੇਰੀਆਂ ਉਡੀਕਾਂ ਹਾਣੀਆਂ’ ਕਰਤਾਰ ਸਿੰਘ ਬਲੱਗਣ ਦੇ ਰਸਾਲੇ ‘ਕਵਿਤਾ’ ਵਿਚ ਛਪਿਆ। ਉਸ ਨੇ ਬੀ. ਏ. ਬਰਜਿੰਦਰਾ ਕਾਲਜ ਫਰੀਦਕੋਟ ਤੋਂ ਕੀਤੀ। 1963 ਵਿਚ ਉਹਦੀ ਪਹਿਲੀ ਪੁਸਤਕ ‘ਗੀਤਾਂ ਦਾ ਵਣਜਾਰਾ’ ਛਪੀ। ਪਹਿਲਾ ਗੀਤ ਗੁਰਪਾਲ ਸਿੰਘ ਪਾਲ ਦੀ ਆਵਾਜ਼ ਵਿਚ ਰਿਕਾਰਡ ਹੋਇਆ। ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਤੋਂ ਲੈ ਕੇ ਸੁਖਵਿੰਦਰ ਸਿੰਘ ਤਕ ਲੱਗਭਗ ਸਾਰੇ ਨਵੇਂ ਪੁਰਾਣੇ ਗਾਇਕਾਂ-ਗਾਇਕਾਵਾਂ ਨੇ ਉਸ ਦੇ ਗੀਤਾਂ ਨੂੰ ਆਵਾਜ਼ ਦਿੱਤੀ। ਹਿੰਦੁਸਤਾਨ ਦੀਆਂ ਪ੍ਰਮੁੱਖ ਹਿੰਦੀ ਫਿਲਮਾਂ ਦੇ ਗਾਇਕ-ਗਾਇਕਾਵਾਂ ਖਾਸ ਕਰਕੇ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਨੇ ਵੀ ਉਹਦੇ ਗੀਤ ਗਾਏ। ਪੰਜਾਬੀ ਵਿਚ ਉਸ ਦੇ ਦੋਗਾਣਿਆਂ ਨੂੰ ਸਭ ਤੋਂ ਵੱਧ ਸਦੀਕ-ਰਣਜੀਤ ਜੋੜੀ ਨੇ ਗਾਇਆ।
ਉਸ ਦੇ ਦੋ ਹਜ਼ਾਰ ਤੋਂ ਵੱਧ ਗੀਤਾਂ ‘ਚੋਂ ਹਜ਼ਾਰ ਤੋਂ ਵੱਧ ਰਿਕਾਰਡ ਹੋ ਚੁੱਕੇ ਹਨ। ਉਸ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਗੀਤ ਤੇ ਸੰਵਾਦ ਲਿਖੇ ਤੇ ਰਲ-ਮਿਲ ਕੇ ਫਿਲਮਾਂ ਬਣਾਈਆਂ। ਉਹਦੇ ਚੁਟਕਲਿਆਂ ਦਾ ਸੰਗ੍ਰਹਿ ‘ਜ਼ਨਾਨਾ ਅਸਵਾਰੀ’ ਬੜਾ ਪ੍ਰਸਿੱਧ ਹੋਇਆ। ਉਹਦੀਆਂ ਕੁਝ ਕੁ ਪੁਸਤਕਾਂ ਦੇ ਨਾਂ ਹਨ: ਰੂਪ ਕੁਆਰੀ ਦਾ, ਸੁਰਮਾ ਢਾਈ ਰੱਤੀਆਂ, ਛਣਕਾਟਾ ਪੈਂਦਾ ਗਲੀ-ਗਲੀ, ਹੱਸਦੀ ਨੇ ਫੁੱਲ ਮੰਗਿਆ, ਸੱਜਰੀ ਪੈੜ ਦਾ ਰੇਤਾ, ਮਿੱਤਰਾਂ ਦੇ ਤਿੱਤਰਾਂ ਨੂੰ, ਮਾਨ ਦੇ ਗੀਤ, ਰੇਸ਼ਮਾ ਤੇ ਮੇਰਾ ਲੌਂਗ ਗੁਆਚਾ। ਤੁਰਿਆ-ਤੁਰਿਆ ਜਾਂਦਾ ਉਹ ਗੀਤ ਜੋੜ ਲੈਂਦੈ। ਇਕ ਵਾਰ ਕਪਾਹ ਚੁਗਦੀਆਂ ਚੋਣੀਆਂ ਕੋਲ ਦੀ ਲੰਘ ਰਿਹਾ ਸੀ। ਕਿਸੇ ਨੇ ਕਹਿ ਦਿੱਤਾ, “ਵੇ ਬਾਊ ਸਿਆਂ, ਤੂੰ ਗੀਤ-ਗੂਤ ਜੋੜ ਲੈਨੈਂ। ਜੇ ਸਾਡਾ ਕਪਾਹ ਚੁਗਦੀਆਂ ਦਾ ਗੀਤ ਜੋੜੇਂ ਤਾਂ ਮੰਨੀਏਂ।” ਮਾਨ ਨੇ ਖੜ੍ਹੇ ਖੜੋਤੇ ਗੀਤ ਜੋੜ ਦਿੱਤਾ: ਚਿੱਟੀਆਂ ਕਪਾਹ ਦੀਆਂ ਫੁੱਟੀਆਂ ਨੀ ਪੱਤ ਹਰੇ ਹਰੇ, ਆਖ ਨੀ ਨਣਾਨੇ ਤੇਰੇ ਵੀਰ ਨੂੰ ਕਦੇ ਤਾਂ ਭੈੜਾ ਹੱਸਿਆ ਕਰੇ…।”
ਮਾਨ ਮਹਿਫਿਲੀ ਬੰਦਾ ਹੈ। ਆਵਾਜ਼ ਰਤਾ ਭਾਰੀ, ਪਰ ਬੋਲਾਂ ‘ਚ ਮਿਠਾਸ ਹੈ। ਨੇੜਲੇ ਪਿੰਡ ਦਾ ਨਿੰਦਰ ਘੁਗਿਆਣਵੀ ਉਸ ਨੂੰ ‘ਸ਼ਹਿਦ ਦਾ ਮੱਘਾ’ ਕਹਿੰਦਾ ਹੈ। ਉਹਦੇ ਨਾਲ ਦੂਰ ਨੇੜੇ ਦੀਆਂ ਦੋ ਸਕੀਰੀਆਂ ਜੁ ਰਲਦੀਆਂ ਹੋਈਆਂ। ਪਿਓ ਵੱਲੋਂ ਤਾਇਆ ਤੇ ਮਾਂ ਵੱਲੋਂ ਮਾਮਾ। ਨਿੰਦਰ ਦੇ ਪਿੰਡ ਘੁਗਿਆਣੇ ਤੋਂ ਮਰਾੜ੍ਹ ਅੱਠ ਕਿਲੋਮੀਟਰ ਤੇ ਨਾਨਕੇ ਪਿੰਡ ਸ਼ਰੀਹਵਾਲੇ ਤੋਂ ਚਾਰ ਕੁ ਕਿਲੋਮੀਟਰ ‘ਤੇ ਹੈ। ਉਹੀ ਮੈਨੂੰ ਮਾਨ ਨੂੰ ਮਿਲਾਉਣ ਮਰਾੜ੍ਹੀਂ ਲੈ ਕੇ ਗਿਆ। ਇਉਂ ਮੈਂ ਉਹਦਾ ਪਿੰਡ ਵੀ ਵੇਖ ਲਿਆ ਤੇ ਗੱਲਾਂ ਬਾਤਾਂ ਵੀ ਕਰ ਲਈਆਂ। ਉੱਦਣ ਉਥੇ ਉਹਦਾ ਪੁੱਤਰ ਅਮਿਤੋਜ ਮਾਨ, ਸ਼ਾਗਿਰਦ ਹਰਭਜਨ ਮਾਨ ਤੇ ਹੋਰ ਕਲਾਕਾਰ ਰਲ ਮਿਲ ਕੇ ‘ਹਾਣੀ’ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਨਿੰਦਰ ਨੇ ਦੱਸਿਆ ਸੀ ਕਿ ਮਾਨ ਸਾਹਿਬ ਪੱਚੀ ਸਾਲ ਦੀ ਉਮਰ ਵਿਚ ਪਿੰਡ ਦੇ ਸਰਪੰਚ ਬਣ ਗਏ ਸਨ ਤੇ ਤੀਹ ਸਾਲ ਸਰਪੰਚੀ ਕੀਤੀ। ਪਿੰਡ ਦੇ ਬੰਦੇ ਝਗੜੇ-ਝੇੜੇ ਲੈ ਕੇ ਆਏ ਰਹਿੰਦੇ, “ਬਈ ਸਰਪੰਚਾ, ਗੀਤ-ਗੂਤ ਫੇਰ ਲਿਖ`ਲੀਂ, ਪਹਿਲਾਂ ਸਾਡਾ ਯੱਭ੍ਹ ਨਬੇੜ… ਰਾਤ ਰੁਲੀਏ ਦੇ ਮੁੰਡੇ ਘੋਨੇ ਨੇ ਜਬਰੂ ਦਾ ਸਿਰ ਪਾੜ`ਤਾ ਡਾਂਗ ਮਾਰ ਕੇ…।” ਇਉਂ ਮਾਨ ਨਾਲੇ ਲੋਕਾਂ ਦੇ ਯੱਭ੍ਹ ਨਬੇੜੀ ਜਾਂਦਾ, ਨਾਲੇ ਗਾਇਕਾਂ ਨੂੰ ਗੀਤਾਂ ਦੇ ਮੁਖੜੇ ਸੁਣਾਈ/ਸਮਝਾਈ ਜਾਂਦਾ।
ਉਸ ਨੂੰ ਜਿਹੋ ਜਿਹਾ ਸੁਣਦੇ ਸਾਂ, ਬੱਸ ਉਹੋ ਜਿਹਾ ਹੀ ਦਿਸਿਆ। ਇਕਹਿਰਾ ਜੁੱਸਾ, ਸਾਂਵਲਾ ਰੰਗ, ਚਿੱਟੇ ਚਮਕਦੇ ਦੰਦ, ਦਾੜ੍ਹੀ ਨੂੰ ਗਿਆਨੀ ਜ਼ੈਲ ਸਿੰਘ ਵਾਂਗ ਕਾਲਾ ਕਲਫ ਤੇ ਪੋਚਵੀਂ ਪੱਗ। ਕੱਦ ਪੌਣੇ ਛੇ ਫੁੱਟ ਤੇ ਭਾਰ ਮਸਾਂ ਸੱਠ ਪੈਂਠ ਕਿੱਲੋ। ਹੁਣ ਉਹ ਅੱਸੀਆਂ ਨੂੰ ਢੁੱਕਿਆ ਹੋਇਐ, ਪਰ ਲੱਗਦਾ ਸੱਠਾਂ ਤੋਂ ਥੱਲੇ ਹੈ। ਮੈਨੂੰ ਉਹਨੂੰ ਮਿਲਣ ਦੇ ਕਈ ਮੌਕੇ ਜੁੜੇ, ਜਿਨ੍ਹਾਂ ‘ਚ ਹਰ ਵਾਰ ਉਹਦਾ ਕੋਈ ਨਵਾਂ ਲਤੀਫਾ ਵੀ ਸੁਣਨ ਨੂੰ ਮਿਲਿਆ। ਕਦੇ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ ਰਾਮੂਵਾਲੇ ‘ਕੱਠੇ ਹੋਏ, ਕਦੇ ਕਿਸੇ ਵਿਆਹ ਵਿਚ, ਕਦੇ ਗਾਉਣ ਪਾਣੀ ਦੀ ਮਹਿਫਿਲ ਤੇ ਕਦੇ ਕਿਸੇ ਖੇਡ ਮੇਲੇ ਉਤੇ ਮਿਲੇ। ਅਸ਼ੋਕ ਭੌਰੇ ਦੇ ਮੁੰਡੇ ਦੇ ਵਿਆਹ ‘ਚ ਕੱਠੇ ਹੋਏ ਤਾਂ ਲਤੀਫਿਆਂ ਦੀ ਝੜੀ ਹੀ ਲੱਗ ਗਈ:
ਅਖੇ ਗੀਤਕਾਰ ਮਾਨ ਤੇ ਸੰਗੀਤਕਾਰ ਚਰਨਜੀਤ ਆਹੂਜਾ ਛੋਲਿਆਂ ਦੇ ਦਾਣੇ ਚੱਬਣ ਲੱਗੇ। ਦਾਣੇ ਮੁੱਕ ਗਏ ਤਾਂ ਆਹੂਜਾ ਪੁੱਛਣ ਲੱਗਾ, “ਮਾਨ ਸਾਹਿਬ ਹੁਣ ਕੀ ਪ੍ਰੋਗਰਾਮ ਐ?” ਮਾਨ ਸਾਹਿਬ ਨੇ ਸੁਖਨ ਅਲਾਇਆ, “ਪ੍ਰੋਗਰਾਮ ਐ, ਹੁਣ ਹਿਣਕੀਏ!”
ਸਦੀਕ ਦੇ ਮੂੰਹ ‘ਤੇ ਦਾਗ ਦੇਖ ਕੇ ਮਾਨ ਨੇ ਪੁੱਛਿਆ, “ਸਦੀਕ, ਆਹ ਤੇਰੇ ਨਾਲ ਕੀ ਹੋਇਆ ਸੀ ਯਾਰ?” ਸਦੀਕ ਨੇ ਕਿਹਾ, “ਮਾਨ ਸਾਹਿਬ ਮੇਰੇ ਮਾਤਾ ਨਿਕਲੀ ਸੀ।” ਮਾਨ ਬੋਲਿਆ, “ਤੇਰੇ ਪਤੰਦਰਾ ਮਾਤਾ ਕਿਥੋਂ ਨਿਕਲ ਆਈ? ਮੁਸਲਮਾਨਾਂ ਦੇ ਤਾਂ ਪੀਰ ਮੌਲਾ ਨਿਕਲਦਾ ਹੁੰਦੈ!”
ਮੁਹੰਮਦ ਸਦੀਕ ਤੇ ਰਣਜੀਤ ਦਾ ਅਖਾੜਾ ਪਿੰਡ ਖੁਣਖੁਣ ‘ਚ ਲੱਗਣਾ ਸੀ। ਖੁਣਖੁਣ ਲੱਭਦਿਆਂ ਇਕ ਬਜ਼ੁਰਗ ਨੂੰ ਪੁੱਛਿਆ, “ਬਜ਼ੁਰਗੋ ਅਸੀਂ ਖੁਣਖੁਣ ਜਾਣੈ, ਕਿਧਰ ਐ?” ਬਜ਼ੁਰਗ ਨੂੰ ਕੁਛ ਉੱਚਾ ਸੁਣਦਾ ਸੀ, “ਕਿਥੇ ਜਾਣੈ?” ਮਾਨ ਨੇ ਉੱਚੀ ਦੇਣੇ ਕਿਹਾ, “ਖੁਣਖੁਣ ਜਾਣੈ, ਖੁਣਖੁਣ।” ਬਾਬਾ ਬੋਲਿਆ, “ਛੋਟੀ ਖੁਣਖੁਣ ਜਾਣੈ ਕਿ ਵੱਡੀ ਖੁਣਖੁਣ?” ਮਾਨ ਤੋਂ ਰਹਿ ਨਾ ਹੋਇਆ, “ਕੀ ਗੱਲ, ਬਾਹਲਾ ਚੰਗਾ ਨਾਂ ਐਂ, ਜਿਹੜਾ ਇਕ ਖੁਣਖੁਣ ਨਾਲ ਨੀ ਸਰਿਆ? ਹੁਣ ਤੀਜੀ ਖੁਣਖੁਣ ਵੀ ਬੰਨ੍ਹ ਲਓ!”
27 ਸਤੰਬਰ 2021 ਨੂੰ ਲਿਖਿਆ ਉਹਦਾ ਨਵਾਂ ਗੀਤ:
ਜੱਟ ਵੱਟ ‘ਤੇ ਖਲੋਤਾ ਰੋਏ,
ਸੁੰਡੀ ਪੈ ਗਈ ਨਰਮੇ ਨੂੰ,
ਭੁੱਬਾਂ ਮਾਰ ਕੇ ਅੱਖਾਂ ‘ਚੋਂ ਹੰਝੂ ਚੋਏ,
ਸੁੰਡੀ ਪੈ ਗਈ ਨਰਮੇ ਨੂੰ…।
ਪੱਕੀ ਸੀ ਫਸਲ ਆ ਕੇ ਪਈ ਕਿਥੇ ਮਾਰ ਐ,
ਪੂਰੀ ਤਰ੍ਹਾਂ ਬੇੜੀ ਅਜੇ ਲੱਗੀ ਨਹੀਓਂ ਪਾਰ ਐ,
ਆ ਕੇ ਕੰਢੇ ਉਤੇ ਰੱਬ ਨੇ ਡਬੋਏ,
ਸੁੰਡੀ ਪੈ ਗਈ ਨਰਮੇ ਨੂੰ…।