ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਨਸੀਹਤ ਕੀਤੀ ਸੀ ਕਿ ਬੰਦੇ ਨੂੰ ਹਰਕਤ ਵਿਚ ਰਹਿਣਾ ਚਾਹੀਦਾ ਹੈ, ਕਿਉਂਕਿ ਹਰਕਤ ਵਿਚੋਂ ਹੀ ਹਮਜੋਲਤਾ, ਹਮਰਾਜ਼ਤਾ, ਹੱਸਮੁੱਖਤਾ ਅਤੇ ਹੈਰਾਨੀਜਨਕ ਹਾਸਲਾਂ ਨੇ ਮਨੁੱਖੀ ਮਨ ਦੀ ਦਸਤਕ ਬਣਨਾ ਹੁੰਦਾ। ਇਹ ਦਸਤਕ, ਜਿਸ ਨੇ ਸਾਹਾਂ ਨੂੰ ਸਦੀਵਤਾ ਅਤੇ ਸੰਗੀਤਕਤਾ ਬਖਸ਼ਣੀ ਏ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਹੈ ਕਿ ਕੋਈ ਵੀ ਜਿ਼ੰਦਗੀ ਕਦੇ ਵੀ ਸੰਪੂਰਨ ਨਹੀਂ ਹੁੰਦੀ।
ਜਿ਼ੰਦਗੀ ਵਿਚ ਕਸ਼ਟਾਂ, ਕਠਿਨਾਈਆਂ ਅਤੇ ਵਿਰਲਾਂ ਨੇ ਤਾਂ ਜਰੂਰ ਆਉਣਾ। ਇਨ੍ਹਾਂ ਦੀ ਭਰਪਾਈ ਕਰਨਾ, ਮਨੁੱਖ ਦਾ ਕੰਮ। ਇਸ ਨੂੰ ਪਿੱਠ ਦਿਖਾਉਣ ਵਾਲੇ ਕਦੇ ਵੀ ਗੈਰਤਮੰਦ ਨਹੀਂ ਹੁੰਦੇ। ਨਾਬਰੀ ਵਿਚੋਂ ਹੀ ਜਿ਼ੰਦਗੀ ਦੀ ਨਿਸ਼ਾਨਦੇਹੀ ਹੁੰਦੀ।… ਤਰੇੜਾਂ ਨੂੰ ਆਪਣੀਆਂ ਤਮੰਨਾਵਾਂ, ਤਰਜ਼ੀਹਾਂ, ਤਾਂਘਾਂ, ਤਪੱਸਿਆ ਜਾਂ ਤੀਖਣਤਾ ‘ਤੇ ਕਦੇ ਭਾਰੂ ਨਾ ਹੋਣ ਦਿਓ, ਕਿਉਂਕਿ ਜੇ ਤਮੰਨਾ ਹੀ ਖਤਮ ਹੋ ਗਈ ਤਾਂ ਤੁਹਾਡੇ ਪੱਲੇ ਵਿਚ ਸਿਰਫ ਵਿਰਲਾਂ ਹੀ ਵਿਰਲਾਂ ਰਹਿ ਜਾਣੀਆਂ। ਉਹ ਆਖਦੇ ਹਨ, “ਕਈ ਵਾਰ ਸਾਵੀਂ-ਪੱਧਰੀ ਜਾਪਦੀ ਜਿੰ਼ਦਗੀ ਵਿਚ ਪਏ ਹੋਏ ਅਦਿੱਖ ਖੱਡੇ, ਨਿਵਾਣ, ਉਚਾਣ ਜਾਂ ਖਾਈਆਂ ਦੀ ਭਰਪਾਈ ਵੀ ਜਰੂਰੀ; ਕਿਉਂਕਿ ਕਿਸੇ ਨੇ ਨਹੀਂ ਸਾਡੀਆਂ ਤਰਜ਼ੀਹਾਂ ਨੂੰ ਤਸ਼ਬੀਹਾਂ ਦੇਣੀਆਂ।… ਇਲਾਜ ਤੋਂ ਪਹਿਲਾਂ ਅਲਾਮਤ ਨੂੰ ਜਾਣਨਾ ਅਤੇ ਕਾਰਨਾਂ ਨੂੰ ਸਮਝਣਾ ਬਹੁਤ ਅਹਿਮ।”
ਡਾ. ਗੁਰਬਖਸ਼ ਸਿੰਘ ਭੰਡਾਲ
ਜਿ਼ੰਦਗੀ ਰੂਪੀ ਮਹਿਲ ਦੀਆਂ ਨੀਂਹਾਂ, ਕੰਧਾਂ, ਦਰਵਾਜੇ਼, ਰੌਸ਼ਨਦਾਨ, ਖਿੜਕੀਆਂ, ਛੱਤਾਂ ਸਮੇਤ ਇਸ ਦੀ ਸਮੁੱਚਤਾ ਵਿਚ ਬਹੁਤ ਕੁਝ ਅਜਿਹਾ ਹੁੰਦਾ, ਜਿਸ ਨੇ ਇਸ ਦੀ ਦਿੱਖ, ਮਜ਼ਬੂਤੀ, ਸੁਹੱਪਣ ਅਤੇ ਸਥਿਰਤਾ ਨੂੰ ਆਪਣੇ ਵਿਚ ਸਮੋਇਆ ਹੁੰਦਾ।
ਕੋਈ ਵੀ ਜਿ਼ੰਦਗੀ ਕਦੇ ਵੀ ਸੰਪੂਰਨ ਨਹੀਂ ਹੁੰਦੀ। ਇਸ ਵਿਚ ਹੁੰਦੀਆਂ ਨੇ ਕੁਝ ਤਰੇੜਾਂ, ਵਿਰਲਾਂ, ਝਰੋਖੇ, ਤਾਕੀਆਂ, ਝੀਤਾਂ ਅਤੇ ਛੇਕ। ਕਦੇ ਕਦਾਈ ਇਹ ਵਿਰਲਾਂ ‘ਵਾ ਦੇ ਆਉਣ-ਜਾਣ ਅਤੇ ਅੰਦਰਲੀ ਗੰਦਗੀ ਨੂੰ ਬਾਹਰ ਨਿਕਲਣ ਦਾ ਰਾਹ ਹੁੰਦੀਆਂ; ਪਰ ਕਈ ਵਾਰ ਇਹ ਜਿ਼ੰਦਗੀ ਦੀ ਮਜ਼ਬੂਤੀ ਨੂੰ ਖੋਰਦੀਆਂ, ਹੋਂਦ ਨੂੰ ਜ਼ਰਜਰੀ ਕਰਦੀਆਂ ਅਤੇ ਇਸ ਦੀਆਂ ਨੀਂਹਾਂ ਨੂੰ ਖੋਖਲਾ ਕਰਨ ਵਿਚ ਕੋਈ ਕਸਰ ਨਹੀਂ ਛੱਡਦੀਆਂ।
ਜਿ਼ੰਦਗੀ ਦੀਆਂ ਅਜਿਹੀਆਂ ਵਿਰਲਾਂ ਨੂੰ ਪਛਾਣਨਾ ਅਤੇ ਇਨ੍ਹਾਂ ਦੀ ਭਰਪਾਈ ਬਹੁਤ ਜ਼ਰੂਰੀ। ਵਿਰਲਾਂ ਹੀ ਸਬੰਧਾਂ ਦੀ ਕੱਚੀ ਤੰਦ ਨੂੰ ਤੋੜਦੀਆਂ। ਕਦੇ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪਲੀਤ ਕਰਦੀਆਂ ਅਤੇ ਮੋਹ-ਭਿੱਜੀ ਸਾਂਝ ਨੂੰ ਤਾਰ-ਤਾਰ ਕਰਦੀਆਂ। ਜਿਊਣਾ ਮੁਹਾਲ ਕਰਦੀਆਂ ਅਤੇ ਇਸ ਦੀ ਤਲੀ ਤੇ ਅਣਸੁਖਾਂਵੀਆਂ ਅਤੇ ਅਣਸੁਣੀਆਂ ਘਟਨਾਵਾਂ ਦਾ ਚਿੱਤਰਪੱਟ ਖੁੱਣਦੀਆਂ।
ਜਿ਼ੰਦਗੀ ਦੀਆਂ ਇਨ੍ਹਾਂ ਤਰੇੜਾਂ, ਵਿਰਲਾਂ ਜਾਂ ਸੁਰਾਖਾਂ ਨੂੰ ਭਰਨ ਤੋਂ ਪਹਿਲਾਂ ਇਨ੍ਹਾਂ ਦੀ ਪਛਾਣ ਕਰਨੀ ਅਤਿ ਜ਼ਰੂਰੀ। ਇਲਾਜ ਤੋਂ ਪਹਿਲਾਂ ਅਲਾਮਤ ਨੂੰ ਜਾਣਨਾ ਅਤੇ ਕਾਰਨਾਂ ਨੂੰ ਸਮਝਣਾ ਬਹੁਤ ਅਹਿਮ।
ਕਈ ਵਾਰ ਸਾਵੀਂ-ਪੱਧਰੀ ਜਾਪਦੀ ਜਿੰ਼ਦਗੀ ਵਿਚ ਪਏ ਹੋਏ ਅਦਿੱਖ ਖੱਡੇ, ਨਿਵਾਣ, ਉਚਾਣ ਜਾਂ ਖਾਈਆਂ ਦੀ ਭਰਪਾਈ ਵੀ ਜਰੂਰੀ। ਇਨ੍ਹਾਂ ਦੀ ਭਰਪਾਈ ਅਸੀਂ ਆਪਣੇ ਜੀਵਨ-ਸਫਰ ਨੂੰ ਸੁੱਖਨਵਰ ਅਤੇ ਸਹਿਜਮਈ ਬਣਾ ਸਕਦੇ ਹਾਂ। ਜੀਵਨ ਦੀਆਂ ਨਿਆਮਤਾਂ ਦੀ ਅਨੰਦਤਾ ਤੇ ਅਸੀਮਤਾ ਨਾਲ ਅੰਤਰੀਵ ਨੂੰ ਰੰਗ ਕੇ, ਤੁਸੱਵਰੀ ਜਿ਼ੰਦਗੀ ਨੂੰ ਮਾਣ ਸਕਦੇ ਹਾਂ।
ਜਿ਼ੰਦਗੀ ਬਸਰ ਕਰਦਿਆਂ, ਆਰ-ਪਰਿਵਾਰ ਵਿਚ ਰਹਿੰਦਿਆਂ, ਜੀਵਨ-ਸਾਥੀ ਦੀ ਸੰਗਤ ਮਾਣਦਿਆਂ, ਸੰਗੀ-ਸਾਥੀਆਂ ਨਾਲ ਨਿੱਤਾਪ੍ਰਤੀ ਦਾ ਕਾਰ-ਵਿਹਾਰ ਕਰਦਿਆਂ, ਕਾਰੋਬਾਰ ਜਾਂ ਨੌਕਰੀ ਕਰਦਿਆਂ, ਸੂਖਮਤਾ ਨਾਲ ਮਨੁੱਖੀ ਵਿਹਾਰ ਨੂੰ ਘੋਖਣ ਦੀ ਲੋੜ ਹੁੰਦੀ ਹੈ, ਜਿਹੜਾ ਵਿਰਲਾਂ ਦੀ ਨਿਸ਼ਾਨਦੇਹੀ ਕਰਨ ਵਿਚ ਪ੍ਰਮੁੱਖ। ਕਈ ਵਾਰ ਉਹ ਨਹੀਂ ਕਹਿ ਸਕਦੇ, ਜੋ ਸਾਡਾ ਵਰਤੋਂ-ਵਿਹਾਰ, ਬੋਲਚਾਲ, ਸ਼ਬਦ, ਲਹਿਜ਼ਾ ਜਾਂ ਨਜ਼ਰੀਆ ਪ੍ਰਗਟਾਉਂਦਾ।
ਜਦ ਕੋਈ ਖਾਮੋਸ਼ ਹੋ ਜਾਵੇ, ਹੋਠਾਂ `ਤੇ ਚੁੱਪ ਦਾ ਜੰਦਰਾ ਲੱਗ ਜਾਵੇ, ਕੁਝ ਵੀ ਕਹਿਣ ਤੋਂ ਹਿੱਚਕਚਾਵੇ ਅਤੇ ਗੱਲ ਕਰਨ ਤੋਂ ਤ੍ਰਿਹਣ ਲੱਗ ਪਵੇ ਤਾਂ ਸਮਝੋ ਕਿ ਉਸ ਦੇ ਅੰਦਰ ਗੱਲਾਂ ਦਾ ਖੌਰੂ ਪਾਉਂਦਾ ਸਮੁੰਦਰ ਉਸ ਨੂੰ ਕੁਝ ਵੀ ਕਹਿਣ ਤੋਂ ਵਰਜਦਾ ਹੈ। ਉਸ ਦੇ ਅੰਦਰ ਇਕ ਡਹਿਲ ਹੁੰਦਾ ਕਿ ਪਤਾ ਨਹੀਂ ਮੇਰੀ ਗੱਲ ਦੇ ਕੀ ਅਰਥ ਕੱਢੇ ਜਾਣਗੇ ਅਤੇ ਇਸ ਨੂੰ ਕਿਸ ਸੰਦਰਭ ਵਿਚ ਸਮਝਿਆ ਜਾਵੇਗਾ?
ਜਦ ਕਿਸੇ ਨੂੰ ਕੁਝ ਪੁੱਛਿਆ ਜਾਵੇ ਅਤੇ ਉਹ ਸਭ ਕੁਝ ਜਾਣਦਿਆਂ ਵੀ ਇਹ ਕਹੇ ਕਿ ਪਤਾ ਨਹੀਂ ਤਾਂ ਇਹ ਸਪੱਸ਼ਟ ਹੁੰਦਾ ਕਿ ਇਸ ਪਿੱਛੇ ਕੋਈ ਗਹਿਰੀ ਚਾਲ ਹੈ। ਉਹ ਜਾਣ-ਬੁੱਝ ਕੇ ਕੁਝ ਭੇਤ ਛੁਪਾ ਰਿਹਾ ਹੈ, ਜਿਸ ਦੇ ਖੁੱਲ੍ਹਣ ਨਾਲ ਕੁਝ ਅਜਿਹਾ ਬੇਪਰਦ ਹੋ ਸਕਦਾ, ਜਿਸ ਦਾ ਕੋਈ ਕਿਆਸ ਵੀ ਨਹੀਂ ਕਰ ਸਕਦਾ।
ਜਦ ਅਸਾਡਾ ਆਪਣਾ ਪਿਆਰਾ ਕਹੇ ਕਿ ਮੈਨੂੰ ‘ਕੱਲਾ ਛੱਡ ਦੇਵੋ। ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਤੁਹਾਡੀ ਬਹੁਤ ਜ਼ਰੂਰਤ ਹੈ। ਉਸ ਦੇ ਕੁਝ ਨਾ ਕਹਿਣ ਵਿਚ ਇਕ ਲੋੜ ਛੁਪੀ ਹੁੰਦੀ, ਜਿਸ ਨੂੰ ਤੁਸੀਂ ਹੀ ਪੂਰਾ ਕਰ ਸਕਦੇ ਹੋ। ਉਸ ਨੂੰ ਆਸ ਵੀ ਸਿਰਫ ਆਪਣਿਆਂ ਤੋਂ ਹੀ ਹੁੰਦੀ। ਬਿਗਾਨਿਆਂ ‘ਤੇ ਕਾਹਦੀ ਆਸ ਰੱਖੀ ਜਾ ਸਕਦੀ ਕਿ ਉਹ ਜ਼ਰੂਰਤ ਪੂਰੀ ਕਰਨ?
ਮਿੱਤਰ ਪਿਆਰੇ ਨਾਲ ਗੱਲ ਕਰਦਿਆਂ ਅਤੇ ਉਸ ਦਾ ਹੁੰਗਾਰਾ ਭਰਦਿਆਂ ਜਦ ਅਸੀਂ ਉਸ ਨੂੰ ਆਪਣੇ ਵਲੋਂ ਕੁਝ ਕਹਿੰਦੇ ਜਾਂ ਸੁਝਾਅ ਦਿੰਦੇ, ਉਹ ਅਣਮੰਨੇ ਜਿਹੇ ਮਨ ਨਾਲ ਕਹੇ ਕਿ ਚੱਲੋ ਜੋ ਤੁਸੀਂ ਕਹਿੰਦੇ ਹੋ, ਇਹ ਠੀਕ ਹੈ ਤਾਂ ਇਹ ਉਸ ਦੇ ਅੰਦਰ ਬੈਠੇ ਉਸ ਦਰਦ ਦੀ ਚੀਸ ਹੁੰਦੀ, ਜਿਸ ਨੂੰ ਤੁਸੀਂ ਸਮਝਣ ਤੋਂ ਅਵੇਸਲੇ ਅਤੇ ਅਸਮਰੱਥ। ਇਹ ਪੀੜ ਹੀ ਹੁੰਦੀ, ਜੋ ਉਸ ਨੂੰ ਅੰਦਰੋਂ ਅੰਦਰੀ ਖਾਂਦੀ, ਖੋਰਦੀ, ਸਿਵਾ ਸੇਕਦੀ ਅਤੇ ਉਸ ਨੂੰ ਜਿਉਂਦੇ-ਜੀਅ ਕਬਰਾਂ ਵੱਲ ਤੋਰਨ ਦਾ ਕਾਰਨ ਬਣਦੀ। ਅਜਿਹੇ ਵਕਤ ਉਸ ਦੇ ਦਰਦ ਦੀ ਥਾਹ ਪਾਉਣਾ ਅਤੇ ਰਾਹਤ ਬਣਨਾ ਬਹੁਤ ਜਰੂਰੀ।
ਸੱਜਣਾਂ ਨਾਲ ਗੱਲਬਾਤ ਦੌਰਾਨ ਜਦ ਕੋਈ ਇਹ ਕਹਿ ਦੇਵੇ ਕਿ ਇਸ ਨਾਲ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਤਾਂ ਦਰਅਸਲ ਫਰਕ ਹੀ ਉਸ ਨੂੰ ਪੈਂਦਾ ਹੈ। ਇਸ ਵਿਚ ਕੁਝ ਕੁ ਤਾਂ ਅਜਿਹਾ ਹੋਵੇਗਾ, ਜੋ ਉਸ ਸ਼ਖਸ ਦੀ ਜਿ਼ੰਦਗੀ ਨੂੰ ਪ੍ਰਭਾਵਿਤ ਕਰਦਾ ਹੋਵੇਗਾ। ਜਿ਼ੰਦਗੀ ਪਹਿਲਾਂ ਵਾਲੀ ਨਾ ਰਹਿਣ ਦਾ ਖਦਸ਼ਾ ਹੋਵੇਗਾ ਤਾਂ ਹੀ ਉਹ ਬੇਬੱਸੀ ਤੇ ਲਾਚਾਰੀ ਵਿਚ ਹੀ ਕਹਿੰਦਾ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ।
ਗੱਲਾਂ-ਗੱਲਾਂ ਵਿਚ ਜਦ ਕੋਈ ਗੁੱਝੀ ਗੱਲ ਕਹਿ ਕੇ ਫਿਰ ਇਹ ਕਹੇ ਕਿ ਯਾਰਾ ਇਹ ਤਾਂ ਸਿਰਫ ਮਜ਼ਾਕ ਸੀ ਤਾਂ ਸਮਝਣਾ ਚਾਹੀਦਾ ਹੈ ਕਿ ਇਸ ਵਿਚ ਬਹੁਤ ਵੱਡਾ ਸੱਚ ਛੁਪਿਆ ਹੋਇਆ ਹੈ। ਸੱਚ ਨੂੰ ਮਜ਼ਾਕ ਦਾ ਲਿਬਾਸ ਪਾ ਕੇ ਕੁਝ ਲੋਕ ਲੁਕਾਉਣ ਦੀ ਕੋਸਿ਼ਸ਼ ਕਰਦੇ, ਪਰ ਸਮੇਂ ਨਾਲ ਉਸ ਮਜ਼ਾਕ ਦੀ ਜਦ ਸਮਝ ਪੈਂਦੀ ਏ ਤਾਂ ਸਮਾਂ ਬਹੁਤ ਅੱਗੇ ਲੰਘ ਚੁਕਾ ਹੁੰਦਾ ਅਤੇ ਫਿਰ ਕਈ ਵਾਰ ਪਰਤਣਾ ਬਹੁਤ ਮੁਹਾਲ ਹੋ ਜਾਂਦਾ। ਜਦ ਕੋਈ ਮਜ਼ਾਕ ਸੱਚ ਵੱਲ ਨੂੰ ਤੁਰ ਪਵੇ ਅਤੇ ਸੱਚ, ਮਜ਼ਾਕ ਵੱਲ ਦੀਆਂ ਰਾਹਾਂ ਮੱਲ ਲਵੇ ਤਾਂ ਸਮਝੋ ਜਿ਼ੰਦਗੀ ਨੇ ਅਜਿਹੀਆਂ ਘੁੰਮਣ-ਘੇਰੀਆਂ ਵਿਚ ਉਲਝ ਕੇ ਰਹਿ ਜਾਣਾ, ਜਿਸ ਦਾ ਸਿਰਾ ਕਦੇ ਨਹੀਂ ਥਿਆਉਣਾ।
ਜਦ ਕੋਈ ਸ਼ਖਸ ਬੇਵਜ੍ਹਾ ਹੀ ਹੱਸਣ ਲੱਗ ਪਵੇ ਜਾਂ ਹੋਰਨਾਂ ਨੂੰ ਵੀ ਹਸਾਉਣ ਦੀ ਕੋਸਿ਼ਸ਼ ਕਰੇ ਤਾਂ ਸਮਝਣਾ ਕਿ ਇਹ ਵਿਅਕਤੀ ਅੰਦਰੋਂ ਬਹੁਤ ‘ਕੱਲਾ ਉਦਾਸ ਤੇ ਹਤਾਸ਼ ਹੈ। ਕਈ ਵਾਰ ਤਾਂ ਅੰਦਰੋਂ ਰੋਂਦਿਆਂ ਵੀ ਬਾਹਰੋਂ ਹੱਸਣ ਦਾ ਨਾਟਕ ਕਰਨਾ ਪੈਂਦਾ। ਹਾਸਰਸ ਕਲਾਕਾਰਾਂ ਨੂੰ ਅਕਸਰ ਹੀ ਨਿੱਜੀ ਪੀੜਾ ਅਤੇ ਘੋਰ-ਨਿਰਾਸ਼ਾ ਨੂੰ ਛੁਪਾ ਕੇ ਜੱਗ ਨੂੰ ਹਸਾਉਣ ਲਈ ਉਚੇਚ ਕਰਨਾ ਪੈਂਦਾ। ਯਾਦ ਰੱਖਣਾ! ਸਾਰੇ ਹੱਸਣ ਵਾਲੇ ਵਿਅਕਤੀ ਖੁਸ਼ ਨਹੀਂ ਹੁੰਦੇ। ਉਹ ਸਿਰਫ ਬਾਹਰੀ ਹਾਸਿਆਂ ਨਾਲ ਆਪਣੀ ਅੰਦਰਲੀ ਪੀੜ ਨੂੰ ਵਰਚਾਉਣ ਅਤੇ ਇਸ ਤੋਂ ਛੁਟਕਾਰਾ ਪਾਉਣ ਦਾ ਉਪਰਾਲਾ ਕਰਦੇ। ਬਹੁਤੀ ਵਾਰ ਉਹ ਇਸ ਵਿਚ ਕਾਮਯਾਬ ਵੀ ਹੁੰਦੇ।
ਜਦ ਕੋਈ ਕਹੇ ਕਿ ਸੱਜਣਾਂ ਦੇ ਪਰਦੇਸ ਜਾਣ ਤੋਂ ਬਾਅਦ ਰਾਤੀਂ ਮੈਂ ਬੇਫਿਕਰੀ ਦੀ ਨੀਂਦ ਸੁੱਤਾ ਹਾਂ ਤਾਂ ਇਹ ਕੋਰਾ ਝੂਠ। ਕਿਹੜਾ ਏ ਜੋ ਰੂਹ ਦੇ ਵਿਛੋੜੇ ‘ਚ ਝੰਬਿਆ ਨਾ ਜਾਵੇ? ਸੱਜਣਾਂ ਦੀ ਗੈਰ-ਮੌਜੂਦਗੀ ਵਿਚ ਤਾਂ ਰਾਤ ਖਾਣ ਨੂੰ ਆਉਂਦੀ। ਕੌਣ ਸੌਂਦਾ ਏ ਅਜਿਹੇ ਵੇਲਿਆਂ ‘ਚ? ਇਹ ਤਾਂ ਦੇਖਣ-ਸੁਣਨ ਵਾਲਿਆਂ ਨੂੰ ਧੋਖਾ ਦੇਣ ਲਈ ਖੁਦ ਨਾਲ ਬੋਲਿਆ ਸਭ ਤੋਂ ਵੱਡਾ ਝੂਠ ਹੁੰਦਾ।
ਜਦ ਕੋਈ ਕਹਿਰ ਵਾਪਰ ਜਾਵੇ ਅਤੇ ਵਿਅਕਤੀ ਬਾਹਰੋਂ ਮਜ਼ਬੂਤ ਰਹਿ ਕੇ ਨਾ ਰੋਣ ਦੀ ਕਸਮ ਖਾ ਲਵੇ ਤਾਂ ਦਰਅਸਲ ਉਹ ਅੰਦਰੋਂ ਬਹੁਤ ਰੋਂਦਾ ਹੈ। ਉਹ ਕਿਸੇ ਵੀ ਅਣਿਆਈ ਤੇ ਅਣਸੁਖਾਂਵੀਂ ਘਟਨਾ ਜਾਂ ਤ੍ਰਾਸਦੀ ਤੋਂ ਬਾਅਦ ਇੰਨਾ ਬਿਖਰ ਜਾਂਦਾ ਕਿ ਉਹ ਆਪਣੇ ਅੰਦਰ ਨੂੰ ਸੰਭਾਲ ਹੀ ਨਹੀਂ ਸਕਦਾ। ਭਲਾ! ਟੁੱਟਿਆ ਤੇ ਤਿੜਕਿਆ ਬੰਦਾ ਕਿੰਜ ਰੋਵੇ? ਕਿਸ ਨੂੰ ਦਿਲ ਦਾ ਹਾਲ ਸੁਣਾਵੇ? ਕਿਸ ਦੇ ਗਲ ਲੱਗ ਕੀਰਨੇ ਪਾਵੇ ਅਤੇ ਮਨ ਨੂੰ ਹਲਕਾ ਕਰੇ? ਕਈ ਵਾਰ ਅਜਿਹੇ ਵਿਅਕਤੀ ਦੇ ਗਮਾਂ ਦਾ ਗੋਲਾ ਫੇਹਣ ਲਈ ਉਸ ਨੂੰ ਰੁਆਉਣ ਦੀਆਂ ਕੋਸਿ਼ਸ਼ਾਂ ਵੀ ਕੀਤੀਆਂ ਜਾਂਦੀਆਂ। ਅਜਿਹੇ ਵਿਅਕਤੀ ਅੰਦਰੋਂ ਬਹੁਤ ਕਮਜ਼ੋਰ ਹੁੰਦੇ।
ਕੁਝ ਵਿਅਕਤੀ ਹੁੰਦੇ ਜਿਹੜੇ ਝੱਟਪੱਟ ਹੀ ਰੋ ਪੈਂਦੇ। ਕਿਸੇ ਫਿਲਮ ਦੇ ਸੀਨ, ਕਿਤਾਬ ਦੇ ਕਾਂਡ ਜਾਂ ਕਿਸੇ ਦੇ ਦਰਦ ਵਿਚ ਜਲਦੀ ਹੀ ਫਿੱਸਣ ਵਾਲੇ ਵਿਅਕਤੀ ਬਹੁਤ ਹੀ ਕੋਮਲ, ਮਾਸੂਮ ਅਤੇ ਨਾਜ਼ੁਕ ਜਿਹੀ ਤਰਬੀਅਤ ਦੇ ਮਾਲਕ। ਉਹ ਕਿਸੇ ਦਾ ਦੁੱਖ ਨਹੀਂ ਜਰ ਸਕਦੇ। ਤਾਂ ਹੀ ਉਹ ਕਿਸੇ ਦੇ ਦੁੱਖ ਨੂੰ ਆਪਣੇ ਹੰਝੂਆਂ ਵਿਚ ਸਮਾ, ਉਸ ਦੀ ਪੀੜਾ ਵਿਚ ਸ਼ਾਮਲ ਹੋਣ ਦਾ ਯਤਨ ਕਰਦੇ।
ਜਿ਼ੰਦਗੀ ਦੇ ਸਫਰ ਵਿਚ ਜਿਹੜਾ ਮਨੁੱਖ ਘੜੀ ਮੁੜੀ ਨਾਰਾਜ਼ ਹੋਵੇ, ਮੂੰਹ ਫੇਰੀ ਰੱਖੇ ਜਾਂ ਮੱਥੇ `ਤੇ ਤਿਊੜੀਆਂ ਹੀ ਉਗੀਆਂ ਰਹਿਣ ਤਾਂ ਅਜਿਹਾ ਵਿਅਕਤੀ ਅੰਦਰੋਂ ਬਹੁਤ ਇਕੱਲਾ, ਨਿਰਬਲ ਅਤੇ ਨਿਤਾਣਾ ਮਹਿਸੂਸ ਕਰਦਾ। ਉਹ ਪਿਆਰ ਭਿੱਜੇ ਬੋਲਾਂ ਨੂੰ ਤਰਸਦਾ। ਆਪਣਿਆਂ ਦੀ ਨਿੱਘੀ ਗਲਵੱਕੜੀ ਲੋਚਦਾ। ਉਹ ਕਿਸੇ ਦੀ ਆਗੋਸ਼ ਵਿਚ ਬਹਿ, ਰੂਹ ਦੀ ਪਾਰਦਰਸ਼ਤਾ ਨਾਲ ਹਰੇਕ ਲਈ ਸੁਖਨ ਅਤੇ ਸਕੂਨ ਦੀ ਅਰਦਾਸ ਕਰਦਾ।
ਜਿਹੜਾ ਗੱਲ ਗੱਲ ‘ਤੇ ਖਿੱਝਦਾ, ਟੁੱਟ ਕੇ ਪੈਂਦਾ ਅਤੇ ਰੁਆਂਸੇ ਜਿਹੇ ਮੂੰਹ ਨਾਲ ਆਪਣੀ ਹੋਂਦ ਨੂੰ ਅਣਹੋਂਦ ਬਣਾਉਂਦਾ ਹੈ, ਦਰਅਸਲ ਉਹ ਈਰਖਾ ਵਿਚ ਸੜਿਆ ਅਤੇ ਭੁੱਜਿਆ ਹੁੰਦਾ। ਖੁਦ ਨੂੰ ਖੁਦ ਦੀ ਅੱਗ ਵਿਚ ਸਾੜ ਰਿਹਾ ਹੁੰਦਾ। ਲੋੜ ਹੈ ਕਿ ਈਰਖਾ ਦੀ ਥਾਂ ਕੁਝ ਅਜਿਹਾ ਕਰੀਏ ਕਿ ਈਰਖਾ ਵਿਚੋਂ ਇੱਜਤ ਅਤੇ ਆਪਣੀ ਹੋਂਦ ਨੂੰ ਸਹਿਹੋਂਦ ਦਾ ਹੁਲਾਰ ਮਿਲੇ।
ਜਿਹੜੇ ਲੋਕ ਹਰ ਵੇਲੇ ਕਿਸੇ ਦੀ ਨੁਕਤਾਚੀਨੀ ਕਰਨ, ਨੁਕਸ ਕੱਢਣ ਜਾਂ ਕੁਤਾਹੀਆਂ ਗਿਣਾਉਣ ਤੀਕ ਹੀ ਸੀਮਤ ਹੁੰਦੇ, ਉਹ ਆਪ ਉਪਰ ਉਠਣ ਦੀ ਥਾਂ ਦੂਸਰਿਆਂ ਨੂੰ ਨੀਵਾਂ ਦਿਖਾ, ਖੁਦ ਨੂੰ ਉਪਰ ਸਮਝਣਾ ਲੋਚਦੇ ਨੇ; ਪਰ ਅਜਿਹਾ ਨਹੀਂ ਹੁੰਦਾ। ਦੂਸਰਿਆਂ ਨੂੰ ਹੇਠਾਂ ਸੁੱਟਣ ਦੀ ਥਾਂ, ਖੁਦ ਨੂੰ ਉਪਰ ਉਠਾਉਣ ਦਾ ਤਰਦੱਦ ਕਰੋਗੇ ਤਾਂ ਤੁਹਾਡੀ ਉਚਾਈ ਤੇ ਅਛਾਈ ਦੂਸਰਿਆਂ ਲਈ ਸਬਕ ਹੋਵੇਗੀ।
ਜੀਵਨ ਵਿਚ ਕਿਸੇ ਵੀ ਰਿਸ਼ਤੇ ਨੂੰ ਤੋੜਨ, ਨਾਰਾਜ਼ਗੀ ਉਪਜਾਉਣ, ਨਾਤਾ ਤੋੜਨ ਜਾਂ ਸਦਾ ਲਈ ਖਤਮ ਕਰਨ ਤੋਂ ਪਹਿਲਾਂ ਇਹ ਜਰੂਰ ਸੋਚੋ ਕਿ ਹੁਣ ਤੀਕ ਇਸ ਰਿਸ਼ਤੇ ਨੂੰ ਕਿਉਂ ਨਿਭਾਇਆ? ਕੀ ਇਹ ਬੋਝ ਸੀ? ਕੀ ਇਸ ਨੂੰ ਜਾਣ ਬੁੱਝ ਕੇ ਜੀਵਨ ਦਾ ਖੌਅ ਬਣਾਇਆ? ਇਸ ਦੀ ਰੰਗਤ ਵਿਚ ਪੈਦਾ ਹੋਏ ਫਿੱਕੇਪਣ ਲਈ ਕਿਹੜੇ ਹਾਲਾਤ, ਆਦਤਾਂ ਅਤੇ ਕਾਰਨ ਨੇ? ਮੈਂ ਕਿਵੇਂ ਖੁਦ ਨੂੰ ਬਦਲ ਸਕਦਾ ਹਾਂ? ਇਸ ਰਿਸ਼ਤੇ ਦੀ ਸੁੱਖਨਤਾਈ, ਪਾਕੀਜ਼ਗੀ ਅਤੇ ਪਕਿਆਈ ਨੂੂੰ ਕਿਵੇਂ ਜੀਵੰਤ ਕਰ ਸਕਦਾਂ?
ਪਰਿਵਾਰਕ ਜੀਵਨ ਵਿਚ ਰਿਸ਼ਤੇ, ਕਦੇ ਟੁੱਟਦੇ ਨੇ ਸਹਿਮ ਨਾਲ, ਕਦੇ ਵਹਿਮ ਨਾਲ ਜਾਂ ਅਹਿਮ ਨਾਲ। ਕਦੇ ਇਹ ਤਿੱੜਕ ਜਾਂਦੇ ਸ਼ਰਮ ਨਾਲ, ਭਰਮ ਨਾਲ ਜਾਂ ਅਧਰਮ ਨਾਲ। ਕਦੇ ਇਹ ਬਿਖਰਦੇ ਨੇ ਬੇਸ਼ਰਮੀ ਨਾਲ, ਕੁਕਰਮੀ ਨਾਲ ਜਾਂ ਹੱਠ-ਧਰਮੀ ਨਾਲ। ਕਦੇ ਇਹ ਜ਼ਰਜ਼ਰੀ ਹੁੰਦੇ ਪੱਜ ਨਾਲ, ਨਿਲੱਜ਼ ਨਾਲ ਜਾਂ ਕੱਜ ਨਾਲ।
ਬਹੁਤ ਕੋਮਲ ਤੇ ਮਲੂਕ ਹੁੰਦੇ ਨੇ ਇਹ ਰਿਸ਼ਤੇ। ਕੁਮਲਾ ਜਾਂਦੇ ਨੇ ਵਗਦੀਆਂ ਲੂਆਂ ‘ਚ, ਕਹਿਰ ਭਰੇ ਵਰਤਾਰਿਆਂ ‘ਚ, ਅਧਰਮੀ ਅਚਾਰ ‘ਚ ਅਤੇ ਕੁਰਹਿਤੀ ਵਿਹਾਰ ‘ਚ। ਉਗ ਆਉਂਦੀਆਂ ਨੇ ਤਰੇੜਾਂ ਤੇ ਔੜਾਂ ਜੇਠ-ਹਾੜ ਦੇ ਮਹੀਨੇ ਜਿਹੀਆਂ। ਨੀਂਹਾਂ ਹੋ ਜਾਂਦੀਆਂ ਜ਼ਰਜ਼ਰੀ ਬਰਸਾਤਾਂ ਵਿਚ। ਜਦ ਲੱਗਦੀ ਹੈ ਦੁੱਖਾਂ ਦੀ ਝੜੀ ਤਾਂ ਸਬੰਧਾਂ ਦੀ ਚੋਂਦੀ ਛੱਤ ਹੇਠ ਕਈ ਵਾਰ ਉਮਰ ਹੀ ਬੀਤ ਜਾਂਦੀ। ਪਰ ਬਰਸਾਤ ਤੋਂ ਪਹਿਲਾਂ ਛੱਤ ਦੀ ਲਿੰਬਾਪੋਚੀ ਕਰਨਾ ਜਰੂਰੀ ਹੁੰਦਾ ਤਾਂ ਹੀ ਸਾਡੀਆਂ ਮਾਂਵਾਂ ਕੱਚੇ ਕੋਠਿਆਂ ਨੂੰ ਬਰਸਾਤਾਂ ਤੋਂ ਪਹਿਲਾਂ ਚੰਗੀ ਤਰ੍ਹਾਂ ਲਿੰਬ ਪੋਚ ਲੈਂਦੀਆਂ ਸਨ ਤਾਂ ਕਿ ਇਹ ਨਾ ਚੋਣ; ਪਰ ਸਾਨੂੰ ਤਾਂ ਵੱਡੇ ਮਕਾਨਾਂ ਵਿਚ ਰਹਿੰਦਿਆਂ ਕਿਆਸ ਹੀ ਨਾ ਰਿਹਾ ਤਾਂ ਪੱਕੇ ਮਕਾਨਾਂ ‘ਚ ਜਦ ਵਿਰਲਾਂ-ਤਰੇੜਾਂ ਉਗ ਆਉਣ ਤਾਂ ਇਨ੍ਹਾਂ ਦੇ ਡਿੱਗਣ ਨਾਲ ਬਹੁਤ ਨੁਕਸਾਨ ਹੁੰਦਾ। ਕੱਚਾ ਕੋਠਾ ਡਿੱਗਣ `ਤੇ ਕੁਝ ਨਾ ਕੁਝ ਤਾਂ ਬਚਾਅ ਹੋ ਹੀ ਜਾਂਦਾ। ਲੋੜ ਹੈ ਕਿ ਮਹਿਲ-ਮੁਨਾਰਿਆਂ ਵਿਚ ਰਹਿੰਦੇ ਨਿੱਕੇ ਲੋਕਾਂ ਦੀ ਬੌਣੀ ਸੋਚ, ਸੱਚ ਦੇ ਰੂਬਰੂ ਹੋਵੇ। ਰਿਸ਼ਤਈ ਮਹੱਤਵ ਨੂੰ ਪਛਾਨਣ, ਆਧਾਰ ਮਜ਼ਬੂਤ ਕਰਨ ਅਤੇ ਇਸ ਦੀ ਸਥਿਰਤਾ ਲਈ ਪੱਥਰਾਂ ਜਿਹੇ ਬਣਨ ਤੋਂ ਗੁਰੇਜ ਕਰੇ। ਪੱਥਰਾਂ ਜਿਹੇ ਲੋਕ ਸਿਰਫ ਪੱਥਰਾਂ ਦੀ ਨਗਰੀ ‘ਚ ਸੋਂਹਦੇ ਨੇ। ਇਨਸਾਨੀ ਫਿਤਰਤ, ਭਾਵਨਾਵਾਂ ਅਤੇ ਅਹਿਸਾਸਾਂ ਵਿਚ ਪਰੁੱਚੇ ਵਿਅਕਤੀ, ਜੀਵਨ ਦੀ ਕੋਮਲਤਾ ਸਮਝਦੇ। ਇਸ ਦੀ ਨਜ਼ਾਕਤ ਵਿਚੋਂ ਜਿ਼ੰਦਗੀ ਦੇ ਸੱਚੇ ਅਤੇ ਸੂਹੇ ਰੰਗਾਂ ਦੀ ਪਛਾਣ ਕਰਨਾ ਤੇ ਇਸ ਵਿਚ ਰੰਗੇ ਜਾਣਾ ਜਰੂਰੀ ਹੁੰਦਾ।
ਰਿਸ਼ਤੇ ਤਾਂ ਨਿਭਦੇ ਨੇ ਵਿਸ਼ਵਾਸ ਨਾਲ, ਆਸ ਨਾਲ, ਧਰਵਾਸ ਨਾਲ ਅਤੇ ਖੁਲਾਸ ਨਾਲ। ਰਿਸ਼ਤੇ ਜੁੜਦੇ ਨੇ ਮੋਹ ਨਾਲ, ਛੋਹ ਨਾਲ, ਖੋਹ ਨਾਲ ਅਤੇ ਟੋਹ ਨਾਲ। ਸਬੰਧ ਉਸਰਦੇ ਨੇ ਰੂਹ ਦੇ ਹਾਣੀਆਂ ਨਾਲ, ਸੁਚੱਜੀਆਂ ਢਾਣੀਆਂ ਨਾਲ, ਜੀਵਨ ਦੀਆਂ ਰਾਂਗਲੀਆਂ ਕਹਾਣੀਆਂ ਨਾਲ ਅਤੇ ਜਿ਼ੰਦਗੀ ਦੀ ਫੁੱਲਕਾਰੀ ਕੱਢਦੀਆਂ ਸਵਾਣੀਆਂ ਨਾਲ।
ਜਿ਼ੰਦਗੀ ਦਾ ਸਫਰ, ਪੀੜਾ ਵਿਚ ਬਹੁਤ ਲੰਮੇਰਾ ਪਰ ਹੱਸਦਿਆਂ ਖੇਡੰਦਿਆਂ ਨਿੱਕਾ ਜਿਹਾ। ਵਿਰਲਾਂ, ਨਘੋਚਾਂ ਜਾਂ ਵਿੱਥਾਂ ਵਿਚ ਸਾਹ-ਸੰਗੀਤਕਤਾ ਨੂੰ ਉਲਝਾ ਕੇ ਇਸ ਨੂੰ ਹੋਰ ਛੁਟੇਰਾ ਨਾ ਕਰੋ। ਆਖਰ ਨੂੰ ਤਾਂ ਕਬਰਾਂ ਦਾ ਹੀ ਸਾਥ ਮਾਣਨਾ, ਪਰ ਇਸ ਤੋਂ ਪਹਿਲਾਂ ਉਨ੍ਹਾਂ ਪਲਾਂ ਦੀ ਸੰਗਤਾ ਜਰੂਰ ਮਾਣੀਏ, ਜਿਨ੍ਹਾਂ ਵਿਚੋਂ ਅਸੀਂ ਜਿ਼ੰਦਗੀ ਦੀ ਸੰੁਦਰਤਾ, ਸੁਹਜਤਾ ਅਤੇ ਸਹਿਜਤਾ ਨੂੰ ਸੰਦਲੀ ਖਾਬਾਂ ਵਿਚ ਦੇਖ ਤੇ ਨਿਹਾਰ ਸਕੀਏ।
ਸੋ ਜਿ਼ੰਦਗੀ ਨੂੰ ਜੱਚਣ, ਜਚਾਉਣ ਅਤੇ ਯਾਦਗਾਰੀ ਬਣਾਉਣ ਲਈ ਜਰੂਰੀ ਹੈ ਕਿ ਜੀਵਨ-ਰਾਹ ਤੇ ਬੰਦਿਆਂ ਨੂੰ ਨਾ ਵਰਤੋ। ਸਗੋਂ ਉਨ੍ਹਾਂ ਨੂੰ ਸਮਝੋ। ਇਸ ਸਮਝਦਾਰੀ ਵਿਚੋਂ ਹੀ ਕੁਝ ਕੁ ਸਮਝੌਤੇ ਕਰੋ, ਜਿਸ ਨਾਲ ਜੀਵਨ-ਪੈੜਾਂ ਸੁਗੰਧਤ ਭਰਪੂਰ ਹੋ ਜਾਣ।
ਜਿ਼ੰਦਗੀ ਵਿਚ ਕਸ਼ਟਾਂ, ਕਠਿਨਾਈਆਂ ਅਤੇ ਵਿਰਲਾਂ ਨੇ ਤਾਂ ਜਰੂਰ ਆਉਣਾ। ਇਨ੍ਹਾਂ ਦੀ ਭਰਪਾਈ ਕਰਨਾ, ਮਨੁੱਖ ਦਾ ਕੰਮ। ਇਸ ਨੂੰ ਪਿੱਠ ਦਿਖਾਉਣ ਵਾਲੇ ਕਦੇ ਵੀ ਗੈਰਤਮੰਦ ਨਹੀਂ ਹੁੰਦੇ। ਨਾਬਰੀ ਵਿਚੋਂ ਹੀ ਜਿ਼ੰਦਗੀ ਦੀ ਨਿਸ਼ਾਨਦੇਹੀ ਹੁੰਦੀ।
ਇਹ ਵਿਰਲਾਂ-ਤਰੇੜਾਂ ਹੀ ਹੁੰਦੀਆਂ, ਜੋ ਮਨੁੱਖ ਨੂੰ ਪਰਖਦੀਆਂ। ਉਸ ਦੀ ਤਾਕਤ ਜਾਂ ਕਮਜ਼ੋਰੀ ਦਾ ਅੰਦਾਜ਼ਾ ਹੁੰਦਾ। ਪਰਖੇ ਜਾਂਦੇ ਨੇ ਸਿਰੜ, ਸਿਦਕ ਅਤੇ ਸਾਧਨਾ। ਇਸ ਵਿਚੋਂ ਉਗਦੇ ਨੇ ਉਹ ਸੁਪਨੇ, ਜਿਨ੍ਹਾਂ ਵਿਚ ਜਿ਼ੰਦਗੀ ਨੂੰ ਆਪਣੇ ਹੁਸਨ, ਹਾਸਲ ਅਤੇ ਹੋਂਦ `ਤੇ ਮਾਣ ਹੁੰਦਾ।
ਤਰੇੜਾਂ ਨੂੰ ਆਪਣੀਆਂ ਤਮੰਨਾਵਾਂ, ਤਰਜ਼ੀਹਾਂ, ਤਾਂਘਾਂ, ਤਪੱਸਿਆ ਜਾਂ ਤੀਖਣਤਾ ‘ਤੇ ਕਦੇ ਭਾਰੂ ਨਾ ਹੋਣ ਦਿਓ, ਕਿਉਂਕਿ ਜੇ ਤਮੰਨਾ ਹੀ ਖਤਮ ਹੋ ਗਈ ਤਾਂ ਤੁਹਾਡੇ ਪੱਲੇ ਵਿਚ ਸਿਰਫ ਵਿਰਲਾਂ ਹੀ ਵਿਰਲਾਂ ਰਹਿ ਜਾਣੀਆਂ। ਇਨ੍ਹਾਂ ਕਦੇ ਵੀ ਬੁੱਕ ਬਣ ਕੇ, ਅੰਮ੍ਰਿਤਮਈ ਪਾਣੀ ਪੀਣ ਦਾ ਉਦਮ ਨਹੀਂ ਬਣਨਾ।
ਉਮਰ-ਭਰ ਦੀ ਸਾਰਥਿਕ ਅਤੇ ਸੁਚਿਆਰੇ ਸਬੰਧਾਂ ਲਈ ਜਰੂਰੀ ਹੈ ਕਿ ਜੇ ਇਕ ਚੁੱਪ ਹੈ ਤਾਂ ਦੂਸਰਾ ਹਾਕ ਮਾਰੇ, ਮਿਲਣ ਦਾ ਬਹਾਨਾ ਬਣਾਵੇ, ਕਦੇ ਚਿੱਠੀ ਪਾਵੇ, ਫੋਨ ਕਰੇ, ਈਮੇਲ ਕਰੇ, ਮੈਸੇਜ਼ ਭੇਜੇ ਜਾਂ ਬੰਦ ਦਰਦਵਾਜ਼ੇ `ਤੇ ਦਸਤਕ ਦੇਵੇ। ਚੁੱਪ ਵਿਚੋਂ ਦਸਤਕ ਦਾ ਹੁੰਗਾਰਾ ਜਦ ਪੈਦਾ ਹੁੰਦਾ ਤਾਂ ਚੁੱਪ ਦੇ ਮੁਖਾਰਬਿੰਦ ਵਿਚੋਂ ਅਨਾਇਤਾਂ ਦੀ ਬਖਸਿ਼ਸ਼ ਹੁੰਦੀ। ਜੇ ਦੋਵੇਂ ਹੀ ਚੁੱਪ ਹੋ ਜਾਣ ਤਾਂ ਕੰਧਾਂ, ਕਮਰਿਆਂ ਅਤੇ ਕੋਠਿਆਂ ਵਿਚੋਂ ਕਿੰਜ ਬੋਲ ਪੈਦਾ ਹੋਵੇਗਾ ਅਤੇ ਕੌਣ ਹੁੰਗਾਰਾ ਭਰੇਗਾ?
ਜਿ਼ੰਦਗੀ ਦੀ ਸੁੱਚਮਤਾ, ਉਚਮਤਾ ਅਤੇ ਸਦਾ-ਬਹਾਰ ਰੰਗੀਨਤਾ ਤੇ ਰਾਂਗਲੇਪਣ ਦੀ ਬਰਕਰਾਰੀ ਲਈ ਜਰੂਰੀ ਹੈ ਕਿ ਸੰਗ-ਸੰਗ ਰਹਿੰਦਿਆਂ, ਜੀਵਨ-ਗੁਰਮੰਤਰ ਯਾਦ ਰੱਖਣਾ ਚਾਹੀਦਾ। ਜਦ ਆਪਣਿਆਂ ਵਿਚ ਹੋਵੇ ਤਕਰਾਰਬਾਜੀ ਤਾਂ ਖੁਦ ਹਾਰ ਹੀ ਜਾਣਾ ਚਾਹੀਦਾ। ਰੁੱਸ ਜਾਵੇ ਸੱਜਣ ਤਾਂ ਆਪ ਚੱਲ ਕੇ ਮਨਾਉਣਾ ਚਾਹੀਦਾ ਅਤੇ ਜੇ ਮਿੱਤਰ-ਪਿਆਰਾ ਭੁੱਖ ਨਾ ਹੋਣ ਦਾ ਬਹਾਨਾ ਕਰੇ ਤਾਂ ਬੁਰਕੀ ਮੂੰਹ ਵਿਚ ਪਾ ਕੇ ਵਰਾਉਣਾ ਚਾਹੀਦਾ।
ਜਿ਼ੰਦਗੀ ਨਿਰੰਤਰਤਾ ਦਾ ਨਾਮ। ਇਸ ਦੀ ਤੋਰ ਕਦੇ ਮੱਠੀ ਤਾਂ ਪੈ ਜਾਵੇ, ਕਦੇ ਥੰਮਦੀ ਨਹੀਂ। ਅਤੇ ਨਾ ਇਸ ਦੇ ਰਾਹ ਵਿਚ ਕੋਈ ਵਿਸ਼ਰਾਮਘਰ ਜਾਂ ਠਹਿਰ ਹੁੰਦੀ। ਜਿ਼ੰਦਗੀ ਕਦੇ ਇੰਤਜ਼ਾਰ ਨਹੀਂ ਕਰਦੀ। ਐਵੇਂ ਵਕਤ ਗਵਾਉਣ ਦਾ ਕੀ ਫਾਇਦਾ? ਸਗੋਂ ਇਸ ਨੂੰ ਸਮਝੀਏ, ਸਮਝਾਈਏ ਤੇ ਇਸ ਦੀ ਸਮਝ ਲਈ ਝੋਲੀ ਫੈਲਾਈਏ ਅਤੇ ਸਮਝਾਂ ਨਾਲ ਖੁਦ ਨੂੰ ਵਰਸੋਈਏ। ਜਿ਼ੰਦਗੀ ਦਾ ਮਿਆਰ, ਆਧਾਰ ਅਤੇ ਦਿੱਸਹਦੇ ਨਿਸ਼ਚਿਤ ਕਰੀਏ। ਕਿਸੇ ਨੇ ਨਹੀਂ ਸਾਡੀਆਂ ਤਰਜ਼ੀਹਾਂ ਨੂੰ ਤਸ਼ਬੀਹਾਂ ਦੇਣੀਆਂ।
ਸਭ ਤੋਂ ਜਰੂਰੀ ਹੁੰਦਾ ਏ ਕਿ ਆਪਣਿਆਂ ਨੂੰ ਅਹਿਸਾਸ ਕਰਾਓ ਕਿ ਉਹ ਤੁਹਾਡੇ ਲਈ ਕਿੰਨੇ ਖਾਸ ਨੇ? ਉਨ੍ਹਾਂ `ਤੇ ਕਿੰਨਾ ਵਿਸ਼ਵਾਸ ਹੈ? ਤੁਸੀਂ ਉਨ੍ਹਾਂ ਤੋਂ ਕਿੰਨੀ ਆਸ ਰੱਖਦੇ ਹੋ? ਦੱਸੋ ਕਿ ਉਹ, ਤੁਹਾਡੇ ਲਈ ਧਰਵਾਸ ਤੇ ਹੁਲਾਸ ਦਾ ਪੈਗਾਮ ਨੇ। ਇਸ ਅਹਿਸਾਸ ਵਿਚੋਂ ਹੀ ਜਿ਼ੰਦਗੀ ਦੇ ਅਜਿਹੇ ਸਵੇਰੇ ਨੇ ਅੱਖ ਪੁੱਟਣੀ ਏ, ਜਿਸ ਦੀ ਸਾਨੂੰ ਸਾਰਿਆਂ ਨੂੰ ਹੁੰਦੀ ਏ ਉਡੀਕ।
ਫਿਰ ਇਸ ਉਡੀਕ ਨੂੰ ਕਿਉਂ ਲਮਕਾਉਣਾ? ਚੱਲੋ ਪਹਿਲ ਤਾਂ ਕਰੀਏ!