ਲਾਹੌਰ ਵਿਚ ਚਿਰਾਗਾਂ ਦਾ ਮੇਲਾ ਤੇ ਸ਼ਾਹ ਹੁਸੈਨ

ਲਹਿੰਦੇ ਪੰਜਾਬ ਦਾ ਲਿਖਾਰੀ ਮੁਦੱਸਰ ਬਸ਼ੀਰ ਬੁਨਿਆਦੀ ਰੂਪ ਵਿਚ ਕਹਾਣੀਆਂ ਲਿਖਦਾ ਹੈ ਪਰ ਉਨ੍ਹਾਂ ਇਤਿਹਾਸ ਬਾਰੇ ਚੋਖੇ ਚੰਗੇ ਲੇਖ ਵੀ ਲਿਖੇ ਹਨ। ਇਸ ਲੇਖ ਵਿਚ ਉਨ੍ਹਾਂ ਲਾਹੌਰ ਦੇ ਚਿਰਾਗਾਂ ਦੇ ਮੇਲੇ ਦੇ ਬਹਾਨੇ ਲਾਹੌਰ ਅਤੇ ਇਸ ਦੀ ਰਹਿਤਲ ਦੀ ਬਾਤ ਪਾਈ ਹੈ।

ਮੁਦੱਸਰ ਬਸ਼ੀਰ
ਈਮੇਲ: ਮੁਦ_ਅਡਡਿ@ਹੋਟਮਅਲਿ।ਚੋਮ)
ਅੰਗਰੇਜ਼ੀ ਮਹੀਨਾ ਮਾਰਚ ਅਤੇ ਦੇਸੀ ਮਹੀਨਾ ਵਿਸਾਖ ਕਈ ਸਦੀਆਂ ਤੋਂ ਪੰਜਾਬ ਦੀ ਵਾਰ ਵਿਚ ਮੇਲਿਆਂ ਦੇ ਟੋਰੇ ਤੇ ਸਾਂਗੇ ਵਿਚ ਖਾਸ ਮੰਨੇ ਜਾਂਦੇ ਨੇ। ਪਿਛਲੇ 60 ਵਰ੍ਹਿਆਂ ਵਿਚ ਵੀ ਮਾਰਚ ਦਾ ਅਖੀਰਲਾ ਹਫਤਾ ਲਾਹੌਰ ਵਾਸੀਆਂ, ਖਾਸਕਰ ਪੜ੍ਹਿਆਰਾਂ ਲਈ ਬੜਾ ਈ ਖਾਸ ਏ। ਮਾਰਚ ਦੇ ਏਸ ਹਫਤੇ ਵਿਚ ਬਹਾਰ ਦੀਆਂ ਛੁੱਟੀਆਂ ਦੇ ਨਾਲ 31 ਮਾਰਚ ਨੂੰ ਪੰਜਾਬ ਦੇ ਸਾਰੇ ਸਕੂਲਾਂ ਵਿਚ ਪੜ੍ਹਿਆਰਾਂ ਦੇ ਨਤੀਜੇ ਬੋਲੇ ਜਾਂਦੇ ਸਨ। ਏਸੇ ਈ ਹਫਤੇ ਵਿਚ ਚਿਰਾਗਾਂ ਦੇ ਮੇਲੇ ਦੀ ਧੁੰਮ ਲਾਹੌਰ ਦੇ ਨਾਲ-ਨਾਲ ਪੂਰੇ ਪੰਜਾਬ ਵਿਚ ਮੱਚ ਜਾਂਦੀ ਸੀ। ਚਿਰਾਗਾਂ ਦਾ ਮੇਲਾ ਅਸਲ ਵਿਚ ਪੰਜਾਬ ਦੇ ਬਾਕੀ ਮੇਲਿਆਂ ਦਾ ਮੁੱਢ ਬੰਨ੍ਹਦਾ ਸੀ। ਇਸ ਮਗਰੋਂ ਪੂਰੇ ਪੰਜਾਬ ਵਿਚ ਥਾਉਂ-ਥਾਏਂ ਤੋੜੋ-ਤੋੜ ਮੇਲਿਆਂ ਦੇ ਢੋਲ ਵੱਜਣ ਲੱਗ ਪੈਂਦੇ ਸਨ।
ਲਾਹੌਰ ਦੇ ਢੇਰ ਵਾਸੀਆਂ ਨੇ ਚਿਰਾਗਾਂ ਦੇ ਮੇਲੇ ਬਾਰੇ ਪੁਰਾਣੀ ਰੀਤੀ ਆਪਣੇ ਵੱਡਿਆਂ ਕੋਲੋਂ ਸੁਣੀ ਹੋਈ ਹੈ, ਤੇ ਕਈਆਂ ਆਪਣੀਆਂ ਅੱਖਾਂ ਨਾਲ ਡਿੱਠੀ ਵੀ ਹੋਵਣੀ ਹੈ। ਚਿਰਾਗਾਂ ਦੇ ਮੇਲੇ ਵਿਚ ਹਨੇਰੀ ਜ਼ਰੂਰ ਵਗਦੀ ਹੈ। ਜਿਹੜੀ ਰਾਤ ਚਿਰਾਗੀ ਦੀ ਹੁੰਦੀ ਹੈ, ਉਸ ਰਾਤ ਮੀਂਹ ਵੀ ਵਸਦਾ ਏ। ਚਿਰਾਗੀ ਦੀ ਰਾਤ ਹਰ ਜੀਅ ਆਪੋ-ਆਪਣੇ ਹਿਸਾਬ ਨਾਲ ਮਿੱਟੀ ਦੇ ਦੀਵੇ, ਮੋਮਬੱਤੀਆਂ, ਅਗਰਬੱਤੀਆਂ ਚਿਰਾਗਾਂ ਦੀ ਖਾਸ ਥਾਂ ਉੱਤੇ ਜਗਾਉਂਦਾ ਏ। ਇਸ ਦਾ ਚਾਨਣ ਕਿਸੇ ਵੇਲੇ ਵਿਚ ਦੂਰੋਂ-ਦੂਰੋਂ ਦਿਸਦਾ ਸੀ ਜਦ ਆਲੇ ਦੁਆਲੇ ਇੱਡੇ ਮਕਾਨ ਨਹੀਂ ਸਨ। ਚਾਨਣ ਨੂੰ ਅਜੇ ਤਾਈਂ ‘ਮੱਚ ਮੱਚਣਾ` ਆਖਿਆ ਜਾਂਦਾ ਏ। ਇਕ ਪਾਸੇ ਪੂਰੇ ਜ਼ੋਰ ਦੀ ਹਨੇਰੀ ਮੀਂਹ, ਤੇ ਦੂਜੇ ਪਾਸੇ ਖਲਕਤ ਦੇ ਜਗਾਏ ਦੀਵਿਆਂ ਦਾ ਚਾਨਣ। ਹਨੇਰੀ ਦਾ ਜ਼ੋਰ ਕਿੰਨਾ ਵੀ ਹੋਵੇ, ਮੀਂਹ ਭਾਵੇਂ ਭੋਈਂ ‘ਤੇ ਗੋਡੇ-ਗੋਡੇ ਭਰ ਦੇਵੇ ਪਰ ਚਿਰਾਗ ਆਪਣੀ ਥਾਏਂ ਜਗਦੇ ਈ ਰਹਿੰਦੇ ਨੇ।
ਲਾਹੌਰ ਦੇ ਵਸਨੀਕ ਦੋ ਚੱਜਾਂ ਨਾਲ ਸ਼ਾਹ ਹੁਸੈਨ ਨੂੰ ਜਾਣਦੇ ਨੇ। ਇਕ ਸ਼ਾਹ ਹੁਸੈਨ ਜਿਨ੍ਹਾਂ ਦਾ ਮਜ਼ਾਰ ਸ਼ਾਲਾਮਾਰ ਬਾਗ ਦੀ ਗੁੱਠ ਵਿਚ ਏ; ਤੇ ਆਪ ਆਪਣੀਆਂ ਕਰਾਮਾਤਾਂ ਪਾਰੋਂ ਮਾਧੋ ਲਾਲ ਹੁਸੈਨ ਦੇ ਨਾਂ ਨਾਲ ਜੱਗ ਜਾਣੇ ਮਾਣੇ ਨੇ ਤੇ ਦੂਜੇ ਸ਼ਾਹ ਹੁਸੈਨ ਜਿਹੜੇ ਆਪਣੀਆਂ ਕਾਫੀਆਂ ਪਾਰੋਂ ਪ੍ਰਸਿੱਧ ਨੇ। ਅਸਲ ਵਿਚ ਇਹ ਦੋਵੇਂ ਇਕੋ ਈ ਜੀਅ ਦੇ ਵੱਖਰੇ ਰੂਪ ਨੇ, ਇਕੋ ਈ ਹੁਸੈਨ, ਲਾਲ ਹੁਸੈਨ ਦੇ ਦੋ ਰੂਪ ਤੇ ਇਨ੍ਹਾਂ ਦੋ ਰੂਪਾਂ ਦਾ ਕਾਰਨ ਉਨ੍ਹਾਂ ਦੀ ਆਪਣੀ ਹਸਤੀ ਨਹੀਂ। ਏਸ ਦਾ ਕਾਰਨ ਲੋਕਾਂ ਦਾ ਵਾਰ ਤੋਂ ਵਾਂਝਿਆਂ ਹੋਣਾ ਏ। ਆਮ ਲੋਕੀਂ ਆਪਣੀ ਥਾਵੇਂ, ਸੂਝਵਾਨ ਤੇ ਇਲਮਦਾਰ ਲੋਕ ਵੀ ਏਸ ਸੱਚ ਨੂੰ ਨਹੀਂ ਜਾਣਦੇ ਸਨ। ਏਸ ਸਾਂਗੇ ਵਿਚ ਇਕ ਲਿਖਤ ਕਨ੍ਹਈਆ ਲਾਲ ਹਿੰਦੀ ਹੋਰਾਂ ਦੀ ਕਿਤਾਬ ‘ਤਾਰੀਖ ਲਾਹੌਰ` (ਸਫਾ 241) ਉਤੇ ਏਵੇਂ ਏ:
“ਲਾਲ ਹੁਸੈਨ ਫਕੀਰ, ਅੱਲ੍ਹਾ ਲੋਕ ਬਾਤਸ਼ਾਹ ਅਕਬਰ ਦੇ ਰਾਜ ਵੇਲੇ ਲਾਹੌਰ ਦਾ ਵਾਸੀ ਸੀ। ਜਾਤ ਦਾ ਜੁਲਾਹਾ ਸੀ। ਇਸ ਦੇ ਵੱਡਿਆਂ ਵਿਚ ਕਲਸ ਰਾਏ ਨਾਂ ਦਾ ਹਿੰਦੂ ਹਮਾਯੂੰ ਬਾਤਸ਼ਾਹ ਦੇ ਵੇਲੇ ਮੁਸਲਮਾਨ ਹੋਇਆ। ਉਸ ਦਾ ਪੋਤਾ ਇਹ ਹੁਸੈਨ ਸੀ ਜਿਹੜਾ ਸ਼ੇਖ ਬਹਿਲੋਲ ਕਾਦਰੀ ਦਾ ਮੁਰੀਦ ਹੋਇਆ। ਇਸ ਦੀਆਂ ਕਈ ਕਰਾਮਾਤਾਂ ਮੁਸਲਮਾਨਾਂ ਵਿਚ ਪ੍ਰਸਿੱਧ ਨੇ। ਏਸ ਤੋਂ ਅੱਡ ਸ਼ਾਇਰੀ ਦੀ ਕਿਤਾਬ ‘ਹਕੀਕਤ ਅਲਫਕਰ` ਜਿਸ ਦਾ ਲਿਖਾਰੀ ਪੀਰ ਮੁਹੰਮਦ ਨਾਂ ਦਾ ਬੰਦਾ ਸੀ। ਉਹਨੇ ਇਹ ਕਿਤਾਬ ਸ਼ਾਹ ਹੁਸੈਨ ਦੀ ਸ਼ਾਨ ਵਿਚ ਲਿਖੀ ਹੈ ਜਿਸ ਵਿਚ ਉਹਨੇ ਹੁਸੈਨ ਦੀਆਂ ਕਈ ਹਜ਼ਾਰ ਕਰਾਮਾਤਾਂ ਆਪਣੀਆਂ ਅੱਖੀ ਡਿੱਠੀਆਂ ਲਿਖੀਆਂ ਨੇ। ਇਹ ਬਜ਼ੁਰਗ ਲਾਲ ਲੀੜੇ ਪਾਉਂਦਾ ਸੀ। ਉਸ ਤੋਂ ਉਹਦਾ ਨਾਂ ਲਾਲ ਹੁਸੈਨ ਪੈ ਗਿਆ।
ਮਾਧੋ ਬਾਹਮਣਾਂ ਦਾ ਸੋਹਣਾ ਮੁੰਡਾ ਸੀ ਤੇ ਸ਼ਾਹਦਰੇ ਵਿਚ ਰਹਿੰਦਾ ਸੀ। ਇਸ ਨੂੰ ਵੀ ਲਾਲ ਹੁਸੈਨ ਨਾਲ ਚੋਖਾ ਇਸ਼ਕ ਸੀ। ਅਖੀਰ ਉਹ ਵੀ ਮੁਸਲਮਾਨ ਹੋਇਆ ਤੇ ਲਾਲ ਹੁਸੈਨ ਦਾ ਮੁਰੀਦ ਹੋਇਆ। ਲਾਲ ਹੁਸੈਨ 1008 ਹਿਜਰੀ (1599 ਈਸਵੀ) ਵਿਚ ਮੋਇਆ ਅਤੇ ਸ਼ਾਹਦਰੇ ਦੇ ਨੇੜੇ ਦਫਨ ਹੋਇਆ। ਰੱਬ ਦੀ ਕਰਨੀ ਕੁਝ ਐਵੇਂ ਦੀ ਹੋਈ ਕਿ ਕੁਝ ਵਰ੍ਹਿਆਂ ਮਗਰੋਂ ਰਾਵੀ ਦਰਿਆ ਅਗਾਂਹ ਨੂੰ ਵਧਦਾ ਮਕਬਰੇ ਦੇ ਨੇੜੇ ਆ ਗਿਆ। ਮਾਧੋ ਨੇ ਆਪਣੇ ਮੁਰਸ਼ਦ ਦਾ ਸੰਦੂਕ ਉਥੋਂ ਕੱਢਿਆ ਤੇ ਉਸ ਥਾਵੇਂ ਲਿਆ ਦਫਨ ਕੀਤਾ ਜਿੱਥੇ ਅੱਜ ਇਹ ਮਜ਼ਾਰ ਹੈ। ਉਸ ਮਗਰੋਂ ਮਾਧੋ 1052 ਹਿਜਰੀ (1642 ਈਸਵੀ) ਵਿਚ ਮੋਇਆ ਤੇ ਉਸੇ ਥਾਂ ਦਫਨ ਹੋਇਆ।”
ਉਤੇ ਦਿੱਤੇ ਸਾਂਗਿਆਂ ਵਿਚ ਇਕ ਗੱਲ ਸਾਫ ਦਿਸਦੀ ਹੈ ਕਿ ਸ਼ਾਹ ਹੁਸੈਨ ਜਾਤ ਤੋਂ ਜੁਲਾਹਾ ਸੀ। ਵਾਰ ਦੇ ਪੰਨਿਆਂ ਵਿਚ ਸ਼ਾਹ ਹੁਸੈਨ ਤੋਂ ਪਹਿਲਾਂ ਇਕ ਹੋਰ ਜੁਲਾਹੇ ਹੁਸੈਨ ਬਿਨ ਮਨਸੂਰ ਹੱਲਾਜ ਦਾ ਪਾਤਰ ਵੀ ਦਿਸਦਾ ਹੈ ਜਿਹੜਾ ਆਪਣੇ ਵੇਲੇ ਬਾਤਸ਼ਾਹੀ ਵਿਹਾਰ ਦੇ ਸਾਹਮਣੇ ਨਾਬਰ ਬਣ ਖਲੋਤਾ ਸੀ। ਉਨ੍ਹਾਂ ਮਗਰੋਂ ਭਗਤ ਕਬੀਰ ਵੀ ਜੁਲਾਹੇ ਈ ਸਨ। ਉਵੇਂ ਦਾ ਈ ਹੁਸੈਨ ਲਾਹੌਰ ਵਿਚ ਵੀ ਦਿਸਿਆ।
ਇਕ ਕਾਫੀ ਤੱਕੋ ਜਿਹਦੇ ਵਿਚ ਲਾਲ ਹੁਸੈਨ ਦੇ ਦੋਵੇਂ ਪਾਤਰ ਨੇ। ਲਾਲ ਹੁਸੈਨ ਤੇ ਮਾਧੋ ਲਾਲ ਹੁਸੈਨ:
ਅਨੀ ਹਸੈਨੋ ਜੁਲਾਹਾ,
ਨਾ ਓਸ ਮੇਲ ਨਾ ਲਾਹਾ
ਨਾ ਉਹ ਮੰਗਿਆ ਨਾ ਪਰਨਾਇਆ,
ਨਾ ਇਸ ਗੰਢ ਨਾ ਸਾਹਾ
ਅਨੀ ਹਸੈਨੋ ਜੁਲਾਹਾ,
ਨਾ ਓਸ ਮੇਲ ਨਾ ਲਾਹਾ
ਨਾ ਘਰ ਬਾਰੀ ਨਾ ਮੁਸਾਫਿਰ,
ਨਾ ਉਹ ਮੋਮਨ ਨਾ ਉਹ ਕਾਫਰ
ਜੋ ਆਹਾ, ਸੋ ਆਹਾ
ਅਨੀ ਹਸੈਨੋ ਜੁਲਾਹਾ,
ਨਾ ਓਸ ਮੇਲ ਨਾ ਲਾਹਾ
ਧਰਤੀ ਉਤੇ ਹਰ ਵੇਲੇ ਅਤੇ ਹਰ ਬਾਤਸ਼ਾਹੀ ਦੇ ਜਬਰ ਦੇ ਖਿਲਾਫ ਨਾਬਰੀ ਦੀਆਂ ਲਹਿਰਾਂ ਟੁਰਦੀਆਂ ਰਹੀਆਂ। ਕਦੇ ਢੇਰ ਖੁੱਲ੍ਹ ਕੇ ਕਦੇ ਅੰਦਰੇ ਅੰਦਰ ਲੋਕਾਈ ਵਿਚ, ਪਰ ਨਾਬਰੀ ਹਮੇਸ਼ ਜਬਰ ਦੇ ਸਾਹਮਣੇ ਕਿਸੇ ਨਾ ਕਿਸੇ ਸ਼ਕਲ ਵਿਚ ਖਲੋਤੀ ਦਿਸਦੀ ਏ। ਤੇ ਉਹਦਾ ਤੱਤ ਸੱਤ ਏਹੋ ਈ ਹੈ ਕਿ ਵਿਹਾਰ ਵਿਚ ਵਸਦੇ ਹੋਏ ਆਪਣਾ ਆਹਰ ਕੀਤਾ ਜਾਵੇ। ਏਸ ਤੋਂ ਬਾਹਰ ਕੁਝ ਵੀ ਨਹੀਂ। ਬਦਲਾਓ, ਪੁੱਠ ਵਿਹਾਰ ਵਿਚ ਰਹਿੰਦਿਆਂ ਈ ਹੋ ਸਕਦਾ ਹੈ। ਹਿੰਦੋਸਤਾਨ ਤੇ ਖਾਸ ਕਰ ਪੰਜਾਬ ਦੀ ਵਾਰ ਵਿਚ ਏਸ ਨੂੰ ‘ਬਾਬੇ ਮਾਰਗ ਰੀਤੀ` ਦਾ ਨਾਂ ਦਿੱਤਾ ਗਿਆ ਏ। ਵਿਹਾਰ ਦੇ ਨਾਲੋ-ਨਾਲ ਟੇਢਿਆਂ ਤੁਰਨਾ। ਏਸੇ ਸਾਂਗੇ ਵਿਚ ਹੇਠਾਂ ਕੁਝ ਕਵਿਤਾ ਬਾਬਿਆਂ ਦੀ ਦਿੱਤੀ ਜਾ ਰਹੀ ਹੈ:
ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹ
ਅੱਗੇ ਮੂਲ ਨਾ ਆਵਈ,
ਦੋਜਖ ਸੰਦੀ ਭਾਹ (ਬਾਬਾ ਫਰੀਦ)
ਸੋਤੇ ਕੋ ਜਾਗਤ ਕਹੇ, ਜਾਗਤ ਕੋ ਸੋਤਾ
ਜੀਵਤ ਕੋ ਮੋਆ ਕਹੇ,
ਮੋਏ ਨਹੀਂ ਰੋਤਾ (ਗੁਰੂ ਨਾਨਕ)
ਜੋ ਪਰਾਇਆ ਸੋਈ ਆਪਣਾ
ਜੋ ਤਜ ਛਡੰਨ ਤਿਸ ਸਿਉਂ ਮਨ ਰਚਨਾ (ਗੁਰੂ ਅਰਜਨ)
ਮੈਂ ਤਾਂ ਰਾਂਝਣ ਹਿੱਕ ਥੀਓਵਸੇ,
ਖੇੜਿਆਂ ਨਾਲ ਜੁਦਾਈ
ਬੇਲੇ ਵੈਸਾਂ ਰਾਂਝੂ ਵਾਲੇ,
ਛੋੜ ਬਬਾਨੀ ਸ਼ਾਹੀ
ਬਈ ਹਰ ਕਾਈ ਮਾਂ ਪਿਉ ਜਾਈ,
ਹੀਰ ਇਸ਼ਕ ਦੀ ਜਾਈ
ਸੱਚੂ ਆਖੇ ਸੋਜ਼ ਮਾਹੀ ਦਾ,
ਡੇਂਦਾ ਇਸ਼ਕ ਗਵਾਹੀ (ਸੱਚਲ ਸਰਮਸਤ)
ਸੱਚਲ ਕਿਹੜੇ ਇਸ਼ਕ ਦੀ ਗੱਲ ਕੀਤੀ। ਰਾਂਝਾ ਕਿਹੜੀ ਰਮਜ਼ ਵਿਚ ਵਰਤਿਆ ਗਿਆ ਏ। ਗੁਰੂ ਅਰਜਨ ਕੀ ਛੱਡਣ ਤੇ ਕਿਹੜੀ ਸ਼ੈਅ ਦੇ ਪਾਵਣ ਦੀ ਗੱਲ ਕੀਤੀ। ਬਾਬਾ ਫਰੀਦ ਮਨ ਮੈਦਾਨ ਕਰਨ ਦਾ ਕੀ ਚੱਜ ਦੱਸਿਆ ਹੈ। ਇਹ ਸੱਭੇ ਏਕਤਾ ਦੀ ਗੱਲ ਕਰਦੇ ਨੇ ਤੇ ਬਰਾਬਰੀ ਦੀ ਨੀਂਹ ਉੱਤੇ ਧਰਿਆ ਹਰਿਆ ਭਰਿਆ ਸਮਾਜ। ਬਾਤਸ਼ਾਹੀ ਜ਼ਿੱਦ ਹੈ ਏਕਤਾ ਦੀ।
ਇਕ ਬਾਤਸ਼ਾਹ ਦੇ ਮਹਿਲ ਮਾੜੀਆਂ ਦੀਆਂ ਨੀਹਾਂ ਵਿਚ ਲੱਖਾਂ ਬੰਦਿਆ ਦਾ ਲਹੂ ਹੁੰਦਾ ਏ। ਏਸੇ ਧਰੂ ਦੇ ਲਹੂ ਤੋਂ ਈ ਨਾਬਰੀ ਪੁੰਗਰਦੀ ਹੈ। ਸ਼ਾਹ ਹੁਸੈਨ ਵੀ ਇਕ ਨਿਸ਼ਾਨ ਸੀ ਨਾਬਰੀ ਦਾ, ਅਕਬਰ ਦੇ ਲਾਗੂ ਕੀਤੇ ਜਬਰ ਦੇ ਨਿਜ਼ਾਮ ਦਾ। ਇਕ ਪਾਸੇ ਦੁੱਲਾ ਭੱਟੀ ਖੁੱਲ੍ਹ ਕੇ ਅਕਬਰ ਦੀ ਬਾਤਸ਼ਾਹੀ ਦੇ ਖਿਲਾਫ ਖਲੋਤਾ ਸੀ ਤੇ ਦੂਜੇ ਪਾਸੇ ਲਾਲ ਲੀੜਿਆਂ ਵਿਚ ਮੂੰਹ ਉਤੇ ਕਾਲਖ ਮਲਿਆ ਲਾਲ ਹੁਸੈਨ ਲਾਹੌਰ ਦੀਆਂ ਗਲ਼ੀਆਂ ਵਿਚ ਨੱਚਦਾ ਗਾਉਂਦਾ ਪਿਆ ਸੀ। ਉਸ ਦਾ ਗਾਵਣ, ਉਸ ਦੀ ਸ਼ਾਇਰੀ ਖਲਕਤ ਲਈ ਇਕ ਨਿਸ਼ਾਨ ਸੀ, ਜਿਹਦੀ ਸਰਦਲ ‘ਬਾਬੇ ਮਾਰਗ ਰੀਤੀ` ਸੀ। ਵਾਰ ਦੇ ਪੰਨਿਆਂ ਵਿਚ ਇਹ ਗੱਲ ਵੀ ਦਿਸਦੀ ਹੈ ਕਿ ਜਦੋਂ ਸ਼ਹਿਰ ਲਾਹੌਰ ਦੇ ਦਿੱਲੀ ਦਰਵਾਜ਼ੇ ਦੇ ਬਾਹਰ ਦੁੱਲੇ ਨੂੰ ਫਾਂਸੀ ਚਾੜ੍ਹਿਆ ਜਾ ਰਿਹਾ ਸੀ ਤੇ ਖਲਕਤ ਬੇਵਸਾਹੀ ਨਾਲ ਸਭ ਕੁਝ ਵਿੰਹਦੀ ਪਈ ਸੀ, ਉਸ ਵੇਲੇ ਲਾਲ ਹੁਸੈਨ ਦੀ ਸ਼ਾਇਰੀ ਦੀ ਕੂਕ ਚਾਰ ਚੁਫੇਰੇ ਸੀ। ਲੋਕਾਂ ਵਿਚ ਖਲੋਤਾ ਅਕਬਰ ਦੀ ਬਾਤਸ਼ਾਹੀ ਦਾ ਮਖੌਲ ਉਡਾਉਂਦਾ ਲਾਲ ਹੁਸੈਨ ਆਪਣੇ ਵੇਲੇ ਦਾ ਚੰਗਾ ਡਾਢਾ ਪੜ੍ਹਿਆ ਲਿਖਿਆ ਤੇ ਜਾਣੂ ਸੀ। ਦਰਬਾਰ ਵਿਚ ਜਿਹੜੀ ਥਾਂ ਚਾਹੁੰਦਾ, ਲੱਭ ਸਕਦੀ ਸੀ। ਉਸ ਦੇ ਨਾਲ ਈ ਪੜ੍ਹਿਆ ਮੁਲਕ ਅਲੀ ਲਾਹੌਰ ਦਾ ਕੋਤਵਾਲ ਸੀ। ਦੁੱਲੇ ਨੂੰ ਫਾਂਸੀ ਚਾੜ੍ਹਦਿਆਂ ਮੁਲਕ ਅਲੀ ਕੋਤਵਾਲ ਤੇ ਹੋਰ ਸਰਕਾਰੀ ਅਹਿਲਕਾਰ ਫਾਂਸੀ ਤੋਂ ਵੱਧ ਸ਼ਾਹ ਹੁਸੈਨ ਦੀ ਸ਼ਾਇਰੀ ਤੋਂ ਚਿੰਤਤ ਸਨ। ਉਹ ਸ਼ਾਹ ਹੁਸੈਨ ਨੂੰ ਜ਼ੰਜੀਰਾਂ ਪਾਉਂਦੇ, ਬੇੜੀਆਂ ਬੰਨ੍ਹਦੇ ਪਰ ਉਹ ਸਾਰੀਆਂ ਜ਼ੰਜੀਰਾਂ ਆਪਣੇ ਆਪ ਖੁਲ੍ਹ ਜਾਂਦੀਆਂ। ਤਲਿਸਮ ਤੇ ਜਾਦੂ ਤੋਂ ਕੁਝ ਪਰਾਂਹ ਹੋ ਕੇ ਜੇ ਉਨ੍ਹਾਂ ਜ਼ੰਜੀਰਾਂ ਦੀਆਂ ਰਮਜ਼ਾਂ ਨੂੰ ਜਾਣੀਏਂ ਤਾਂ ਇਹ ਗੱਲ ਦਿਸਦੀ ਏ ਕਿ ਸ਼ਾਹ ਹੁਸੈਨ ਨੂੰ ਕਿਸੇ ਜ਼ੰਜੀਰ ਵਿਚ ਬੰਨ੍ਹਿਆ ਜਾ ਹੀ ਨਹੀਂ ਸਕਦਾ ਸੀ, ਕਿਉਂਜੁ ਉਹ ਪਹਿਲਾਂ ਹੀ ਜ਼ੰਜੀਰਾਂ ਵਿਚ ਸੀ; ਖਲਕਤ ਦੇ ਨਾਲ ਇਸ਼ਕ, ਬਰਾਬਰੀ ਤੇ ਸਾਂਝ ਦੀਆਂ ਜ਼ੰਜੀਰਾਂ ਵਿਚ:
ਰੱਬਾ ਮੇਰੇ ਹਾਲ ਦਾ ਮਹਿਰਮ ਤੂੰ
ਅੰਦਰ ਤੂੰ ਹੈਂ ਬਾਹਰ ਤੂੰ ਹੈਂ,
ਰੋਮ ਰੋਮ ਵਿਚ ਤੂੰ
ਤੂੰ ਹੈਂ ਤਾਣਾ ਤੂੰ ਹੈਂ ਬਾਣਾ,
ਸਭ ਕੁਝ ਮੇਰਾ ਤੂੰ
ਕਹੇ ਹੁਸੈਨ ਫਕੀਰ ਨਿਮਾਣਾ,
ਮੈਂ ਨਾਹੀਂ ਸਭ ਤੂੰ
ਅਕਬਰ ਵੇਲੇ ਦਾ ਇਹ ਸ਼ਾਇਰ ਸਦੀਆਂ ਤੀਕਰ ਆਮ ਲੋਕਾਂ ਦੇ ਨਾਲ ਗਿਆਨੀ ਧਿਆਨੀ ਲੋਕਾਂ ਦੀਆਂ ਅੱਖੀਆਂ ਤੋਂ ਉਹਲੇ ਰਿਹਾ। ਉਸ ਦੀਆਂ ਕਾਫੀਆਂ ਸਿੰਧ ਤੇ ਇਸ ਦੇ ਨਾਲ ਪੰਜਾਬ ਦੇ ਕੱਵਾਲਾਂ ਦੇ ਸੈਣੀਆਂ ਵਿਚ ਪੀੜ੍ਹੀਓ ਪੀੜ੍ਹੀ ਟੁਰਦੀਆਂ ਰਹੀਆਂ। ਵੀਹਵੀਂ ਸਦੀ ਦੇ ਮੁੱਢਾਂ ਵਿਚ ਕਿਸੇ ਸ਼ੁਕੀਨ ਸਿੰਧੀ ਜੋ ਸਿੰਧ ਦੀਆਂ ਢੇਰ ਥਾਵਾਂ ਫਿਰਿਆ, ਨੇ ਕੱਵਾਲਾਂ, ਗਵੱਈਆਂ ਕੋਲੋਂ ਕਾਫੀਆਂ ਇਕੱਠੀਆਂ ਕਰ ਕੇ ਲਿਖੀਆਂ। ਇਸ ਸ਼ੌਕੀਨ ਦਾ ਨਾਂ ਅਜੇ ਤਾਈਂ ਸਾਹਮਣੇ ਨਹੀਂ ਆਇਆ। ਉਹਦੀਆਂ ਇਕੱਠੀਆਂ ਕੀਤੀਆਂ ਕਾਫੀਆਂ ਨੂੰ 1940 ਵਿਚ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਛਾਪਿਆ। ਉਨ੍ਹਾਂ ਮਗਰੋਂ ਪਰਖ ਪੜਚੋਲ ਮਾੜੀ ਮਾੜੀ ਜਿਹੀ ਟੁਰਦੀ ਰਹੀ ਤੇ ਫਿਰ ਅੱਜ ਦੇ ਇਕ ਵੱਡੇ ਸੂਝਵਾਨ ਜਨਾਬ ਮੁਹੰਮਦ ਆਸਿਫ ਖਾਨ ਆਪਣੀ ਖੋਜ, ਪਰਖ ਪੜਚੋਲ ਮਗਰੋਂ ਮਜਲਿਸ ਸ਼ਾਹ ਹੁਸੈਨ ਵੱਲੋਂ ਛਾਪਿਆ। ਉਨ੍ਹਾਂ ਦੇ ਨਾਲ ਸ਼ਾਹ ਹੁਸੈਨ ਦੇ ਕਲਾਮ ਦੀ ਖੋਜ, ਪਰਖ ਤੇ ਸੋਧ ਵਿਚ ਡਾਕਟਰ ਨਜ਼ੀਰ ਅਹਿਮਦ ਦੇ ਯਤਨ ਵੀ ਲੋਕਾਂ ਵੇਖੇ। ਏਵੇਂ ਡੇਢ ਸੌ ਦੇ ਨੇੜੇ ਤੇੜੇ ਕਾਫੀਆਂ ਸਿੰਧੀ ਕੱਵਾਲਾਂ ਦੇ ਕਾਰਨ ਆਮ ਲੋਕਾਂ ਤਕ ਅੱਪੜੀਆਂ। ਉਹ ਲੋਕੀਂ ਜਿਹੜੇ ਏਸ ਗੱਲ ਨੂੰ ਮੰਨਦੇ ਨੇ ਕਿ ਪੰਜਾਬੀ ਬੋਲੀ ਹਰ ਥਾਂ ਨਹੀਂ ਸਮਝੀ ਜਾਂਦੀ, ਸਿੰਧ ਤੋਂ ਪੰਜਾਬੀ ਕਾਫੀਆਂ ਦਾ ਲੱਭਣਾ, ਉਨ੍ਹਾਂ ਲਈ ਇਕ ਸਵਾਲ ਤੇ ਵਿਚਾਰ ਹੈ। ਇਨ੍ਹਾਂ ਕਾਫੀਆਂ ਤੋਂ ਅੱਡ ਖੌਰੇ ਸ਼ਾਹ ਹੁਸੈਨ ਦਾ ਕੇਡਾ ਢੇਰ ਕੰਮ ਹੋਵੇਗਾ ਜਿਹੜਾ ਸੰਭਾਲਿਆ ਨਾ ਗਿਆ ਤੇ ਨਾ ਹੀ ਲਿਖਿਆ ਜਾ ਸਕਿਆ।
ਆਪਣੀ ਇਸ ਚਰਚਾ ਦਾ ਮੁੱਢਾਂ ਮੇਲੇ ਨਾਲ ਬੰਨ੍ਹਿਆ ਹੋਇਆ ਸੀ। ਹੁਣ ਫੇਰ ਪਹਿਲੇ ਵੱਲ ਪਰਤਣੇ ਆਂ। ਜੇ ਇਹ ਗੱਲ ਦੁਹਰਾਈ ਜਾਵੇ ਕਿ ਚਿਰਾਗਾਂ ਦਾ ਇਹ ਮੇਲਾ ਪੂਰੇ ਪੰਜਾਬ ਵਿਚ ਹੋਵਣ ਵਾਲੇ ਮੇਲਿਆਂ ਦੀ ਨੀਂਹ ਉਸਾਰਦਾ ਏ ਤਾਂ ਇਹ ਗੱਲ ਝੂਠੀ ਨਹੀਂ। ਸ਼ਾਹ ਹੁਸੈਨ ਦੇ ਨਾਲ ਜੁੜੇ ਚਿਰਾਗਾਂ ਦੇ ਮੇਲੇ ਦੇ ਨਾਲ-ਨਾਲ ਬਸੰਤ ਦੇ ਮੇਲੇ ਦਾ ਵੇਰਵਾ ਮੌਲਵੀ ਨੂਰ ਅਹਿਮਦ ਚਿਸ਼ਤੀ ਨੇ ਆਪਣੀ ਕਿਤਾਬ ‘ਤਹਿਕੀਕਾਤ ਚਿਸ਼ਤੀ` (ਸਫਾ 357) ਉਤੇ ਏਵੇਂ ਕੀਤਾ ਏ:
“ਚਿਰਾਗਾਂ ਦੇ ਮੇਲੇ ਦਾ ਇਹ ਹਾਲ ਹੈ ਕਿ ਕਈ ਮੀਲਾਂ ਤੋਂ ਖਲਕਤ ਇਕੱਠੀ ਹੋ ਕੇ ਜ਼ਿਆਰਤ ਪਾਰੋਂ ਆਉਂਦੀ ਏ, ਤੇ ਸ਼ਾਲਾਮਾਰ ਬਾਗ਼ ਦੀ ਐਡੀ ਖੁਲ੍ਹੀ ਢੇਰ ਥਾਂ ਆਪਣੀ ਥਾਵੇਂ, ਪਰ ਖਲਕਤ ਕਾਰਨ ਪੈਰ ਧਰਨ ਦੀ ਥਾਂ ਨਹੀਂ ਲੱਭਦੀ। ਸੁਬਹਾਨ ਅੱਲ੍ਹਾ ਇਸ ਦਿਹਾੜ ਵੱਖਰਾ ਆਨੰਦ ਹੁੰਦਾ ਏ ਕਿ ਬੂਟੇ ਬੂਟੇ ਹੇਠ ਰਾਗਦਾਰੀ ਹੁੰਦੀ ਏ। ਇਕ ਦਿਨ ਤੇ ਇਕ ਰਾਤ ਜ਼ਿਆਰਤ ਕਰਨ ਵਾਲਿਆਂ ਤੇ ਹਾਜ਼ਰੀ ਦੇਵਣ ਵਾਲਿਆਂ ਦੀ ਗਿਣਤੀ ਏਨੀ ਵਧ ਜਾਂਦੀ ਏ ਕਿ ਬਾਗ ਤੇ ਖਾਨਕਾਹ ਦੀ ਥਾਂ ਤੋਂ ਲਾਹੌਰ ਦੇ ਬੂਹੇ ਤੀਕਰ ਢੇਰ ਖਲਕਤ ਹੁੰਦੀ ਏ ਕਿ ਜਿੱਥੋਂ ਤੀਕਰ ਨਿਗ੍ਹਾ ਜਾਂਦੀ ਏ, ਬੰਦਾ ਈ ਬੰਦਾ ਦਿਸਦਾ ਏ।
ਇਨ੍ਹਾਂ ਦਿਹਾੜਾਂ ਵਿਚ ਕੰਮ ਕਾਰ ਤੋਂ ਅਵਾਜ਼ਾਰ, ਸੱਠ ਸੱਤਰ ਹਜ਼ਾਰ ਬੰਦੇ ਅੰਮ੍ਰਿਤਸਰ ਤੋਂ ਲਾਹੌਰ ਰੇਲ ਗੱਡੀ ਰਾਹੀਂ ਅੱਪੜਦੇ ਨੇ। ਰੇਲ ਤੋਂ ਅੱਡ ਇਕ ਵੱਡੀ ਗਿਣਤੀ ਲੋਕਾਂ ਦੀ ਯੱਕਿਆਂ ਰੇੜ੍ਹੀਆਂ ਉੱਤੇ, ਪੈਦਲ, ਬੱਘੀਆਂ ਉਤੇ ਤੇ ਏਸ ਦੇ ਨਾਲੋ-ਨਾਲ ਊਠਾਂ ਉਤੇ ਬਹਿ ਕੇ ਅੱਪੜਦੀ ਏ। ਹਲਵਾਈਆਂ ਦੀਆਂ ਸਜਾਈਆਂ ਹੱਟਾਂ ਉਤੇ ਕੀ ਵਪਾਰ ਹੁੰਦਾ ਏ, ਇਸ ਦੀ ਤਾਂ ਗੱਲ ਹੀ ਛੱਡ ਦੇਵੋ।
ਇਸ ਦਿਹਾੜੇ ਸਾਰੇ ਜ਼ਿਲ੍ਹੇ ਦੇ ਹਾਕਮ ਤੇ ਪੁਲਿਸ ਦੇ ਅਫਸਰ ਬੰਦੋਬਸਤ ਪਾਰੋਂ ਉਥੇ ਇਕੱਠੇ ਹੁੰਦੇ ਨੇ। ਇਸੇ ਦਿਹਾੜੀ ਇਕ ਹੱਟੀ ਆਬਕਾਰੀ ਦੀ ਉਸਾਰੀ ਜਾਂਦੀ ਏ। ਏਸ ਗੱਲ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਸ਼ਰੀਫ ਲੋਕੀਂ ਘੱਟ ਈ ਇਨ੍ਹਾਂ ਥਾਵਾਂ ਉਤੇ ਆਉਂਦੇ ਨੇ ਤੇ ਏਸ ਨਾਲ ਜੋ ਕੁਝ ਹੁੰਦਾ ਹੈ, ਉਹ ਵੀ ਕਮਾਲ ਈ ਹੁੰਦਾ ਏ। ਇਸ ਦਿਹਾੜੀ ਜਿੱਥੋਂ ਤੀਕਰ ਨਿਗ੍ਹਾ ਜਾਂਦੀ ਏ, ਹਰ ਜੀਵ ਸੋਹਣੇ ਲੀੜੇ ਪਾ ਕੇ ਆਉਂਦਾ ਏ। ਏਥੋਂ ਤੀਕਰ ਕਿ ਜਿਸ ਬੰਦੇ ਕੋਲ ਰਾਤ ਨੂੰ ਖਾਵਣ ਦੀ ਰੋਟੀ ਨਹੀਂ ਹੁੰਦੀ, ਉਸ ਦਿਹਾੜੀ ਉਹ ਵੀ ਨਵਾਬ ਬਣ ਕੇ ਆਉਂਦਾ ਏ। ਹਜ਼ਾਰਾਂ ਰੁਪਈਆਂ ਦੀ ਸ਼ਰਾਬ ਆਪਣੀ ਥਾਵੇਂ ਵਿਕਦੀ ਏ। ਮੇਰਾ ਕਲਮ ਏਸ ਜੋਗਾ ਨਹੀਂ ਕਿ ਉਹ ਏਸ ਮੇਲੇ ਦੀਆਂ ਰੌਣਕਾਂ ਲਿਖ ਸਕੇ। ਹੁਣ ਮੈਂ ਬਸੰਤ ਦੇ ਮੇਲੇ ਦਾ ਅੱਖੀਆਂ ਦੇਖਿਆ ਹਾਲ ਸੁਣਾਵਾਂਗਾ।
ਅੱਜ ਦੂਜੀ ਜਨਵਰੀ ਦੇ ਦਿਹਾੜ ਹਜ਼ੂਰ ਸ਼ਾਹ ਹੁਸੈਨ ਦਾ ਉਰਸ ਅਤੇ ਨਾਲ ਬਸੰਤ ਦਾ ਮੇਲਾ ਹੈ; ਤੇ ਮੈਂ ਫਕੀਰ ਬੰਦਾ ਵੀ ਹਾਜ਼ਰੀ ਦੇਵਣ ਟੁਰ ਗਿਆ। ਮੈਂ ਕੀ ਦੱਸਾਂ ਕਿ ਮੈਂ ਉਥੇ ਕਿਸ ਗਿਣਤੀ ਵਿਚ ਖਲਕਤ ਯੱਕਿਆਂ, ਬੱਘੀਆਂ ਤੇ ਘੋੜੇ ਹਾਥੀਆਂ ਉਤੇ ਤੱਕੀ। ਦਿੱਲੀ ਦਰਵਾਜ਼ੇ ਤੋਂ ਸ਼ਾਲਾਮਾਰ ਬਾਗ ਤੋੜੀ ਐਡੀ ਖਲਕਤ ਸੀ ਕਿ ਤਿਲ ਸੁੱਟਣ ਨੂੰ ਥਾਂ ਭੋਈਂ ਉਤੇ ਨਹੀਂ ਲੱਭਦੀ ਸੀ।”
ਵੰਡ ਤੋਂ ਪਹਿਲਾਂ ਤੇ ਉਸ ਮਗਰੋਂ ਇਕ ਲਿਖਤ ਮਸਊਦ ਨਿਜ਼ਾਮੀ ਦੀ ‘ਨਕੂਸ਼` ਲਾਹੌਰ ਨੰਬਰ (ਸਫਾ 763) ਉਤੇ ਏਵੇਂ ਦਿਸਦੀ ਏ:
“ਲਾਹੌਰ ਦੇ ਮੇਲਿਆਂ ਵਿਚ ਸਭ ਤੋਂ ਵੱਡਾ ਮੇਲਾ ਜਿਹੜਾ ਹਰ ਵਰ੍ਹੇ ਮਾਰਚ ਦੇ ਅਖੀਰਲੇ ਹਫਤੇ ਐਤਵਾਰ ਨੂੰ ਮੁਗਲਾਂ ਦੇ ਉਸਾਰੇ ਸ਼ਾਲਾਮਾਰ ਬਾਗ਼ ਵਿਚ ਲੱਗਦਾ ਏ। ਜੇ ਰੋਜ਼ਿਆਂ ਦਾ ਮਹੀਨਾ ਆ ਜਾਵੇ ਤਾਂ ਏਸ ਦੀ ਤਾਰੀਖ ਬਦਲ ਕੇ ਰੋਜ਼ਿਆਂ ਮਗਰੋਂ ਕਰ ਦਿੱਤੀ ਜਾਂਦੀ ਏ। ਬਹਾਰ ਰੁੱਤ ਦਾ ਇਹ ਮੇਲਾ ਆਪਣੀ ਸ਼ਾਨ ਵਿਚ ਅਚਰਜ ਅਡਿੱਠਾ ਮੇਲਾ ਏ। ਹਫਤੇ ਦੀ ਸ਼ਾਮ ਨੂੰ ਦਰਗਾਹ ਮਾਧੋ ਲਾਲ ਹੁਸੈਨ, ਜਿਹੜੀ ਸ਼ਾਲਾਮਾਰ ਬਾਗ਼ ਤੋਂ ਅੱਧੇ ਮੀਲ ਘੱਟ ਪੈਂਡੇ ਉੱਤੇ ਬਾਗਬਾਨਪੁਰਾ ਵਿਚ ਹੈ (ਜਿਸ ਨੂੰ ਅੱਜ ਵੀ ਬਜ਼ੁਰਗ ਭਗਵਾਨਪੁਰਾ ਵੀ ਆਖਦੇ ਨੇ), ਇਥੇ ਚਿਰਾਗ ਵੱਡੀ ਗਿਣਤੀ ਵਿਚ ਜਗਾ ਕੇ ਆਉਂਦੇ ਨੇ। ਏਸ ਕਾਰਨ ਦਰਗਾਹ ਤੇ ਏਸ ਦੇ ਆਲੇ ਦੁਆਲੇ ਦੀ ਥਾਂ ਚਾਨਣ ਨਾਲ ਭਰ ਜਾਂਦੀ ਏ। ਦਰਸ਼ਕ ਤੇ ਮੇਲੇ ਵਿਚ ਹਾਜ਼ਰੀ ਦੇਵਣ ਵਾਲੇ ਲੋਕੀਂ ਦਰਗਾਹ ਉਤੇ ਵੀ ਬਹਿੰਦੇ ਨੇ ਤੇ ਸ਼ਾਲਾਮਾਰ ਬਾਗ ਵਿਚ ਵੀ। ਭਾਵੇਂ ਚਿਰਾਗ ਦਰਗਾਹ ਮਾਧੋ ਲਾਲ ਹੁਸੈਨ ਉਤੇ ਈ ਜਗਦੇ ਨੇ ਪਰ ਮੇਲਾ ਸ਼ਾਲਾਮਾਰ ਬਾਗ ਵਿਚ ਲੱਗਦਾ ਏ। ਮੇਲੇ ਦੇ ਦਿਨਾਂ ਵਿਚ ਬਾਗ ਦਾ ਦਰਸ ਡਾਢਾ ਸੋਹਣਾ ਤੇ ਨਿਵੇਕਲ਼ਾ ਹੁੰਦਾ ਏ। ਏਸ ਦੇ ਹੌਜ਼ ਪਾਣੀ ਨਾਲ ਨੱਕੋ-ਨੱਕ ਭਰ ਜਾਂਦੇ ਨੇ। ਫਵਾਰੇ ਛੁੱਟਦੇ ਨੇ ਤੇ ਜਦੋਂ ਸੰਗਮਰਮਰ ਦੀ ਆਬਸ਼ਾਰ ਉਤੇ ਪਾਣੀ ਢੀਂਦਾ ਤਾਂ ਬੰਦਾ ਕਿਸੇ ਹੋਰ ਜਹਾਨ ਅੱਪੜ ਜਾਂਦਾ ਏ। ਰੁੱਖਾਂ, ਫੁੱਲਾਂ, ਬੂਟਿਆਂ ਤੇ ਲੋਕਾਈ ਦੇ ਲੀੜਿਆਂ ਦੀਆਂ ਲਿਸ਼ਕਾਂ ਕਾਰਨ ਮੁਗਲ ਬਾਤਸ਼ਾਹ ਸ਼ਾਹ ਜਹਾਨ ਦਾ ਇਹ ਬਾਗ ਪਰਸਤਾਨ ਦੀ ਸ਼ਕਲ ਬਣ ਜਾਂਦਾ ਏ।
ਪਾਕਿਸਤਾਨ ਬਣਨ ਤੋਂ ਪਹਿਲਾਂ ਤੀਕਰ ਇੱਥੇ ਗੁਜਰਾਂਵਾਲਾ, ਸਿਆਲਕੋਟ, ਗੁਜਰਾਤ, ਸ਼ੇਖੂਪੁਰਾ, ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ ਤੇ ਮੁਲਤਾਨ ਤੋਂ ਢੇਰ ਲੋਕ ਇਹ ਮੇਲਾ ਤੱਕਣ ਆਉਂਦੇ ਸਨ। ਸ਼ਹਿਰੀਆਂ ਤੋਂ ਅੱਡ ਇੱਥੇ ਵੱਡੀ ਗਿਣਤੀ ਪਿੰਡਾਂ ਥਾਵਾਂ ਦੇ ਲੋਕਾਂ ਦੀ ਵੀ ਹਾਜ਼ਰੀ ਦੇਵਣ ਆਉਂਦੀ ਸੀ। ਹਿੰਦੂ, ਮੁਸਲਿਮ ਤੇ ਸਿੱਖ ਪੇਂਡੂਆਂ ਦੀਆਂ ਟੋਲੀਆਂ ਦਿਨੇ ਰਾਤੀਂ ਮੇਲੇ ਵਿਚ ਬੋਲੀਆਂ ਬੋਲਦਿਆਂ ਤੇ ਲੋਕ ਗੀਤ ਗਾਵਣ ਗਾ ਕੇ ਸੁਆਦ ਲੈਂਦੀਆਂ ਤੇ ਏਸ ਦੇ ਨਾਲੋ ਨਾਲ ਦੇਖਣ ਆਲ਼ਿਆਂ ਨੂੰ ਵੀ ਆਨੰਦ ਲੱਭਦਾ।
ਅੱਜ ਤੋਂ ਚਾਲੀਹਾ ਵਰ੍ਹੇ ਪਹਿਲਾਂ ਹਫਤੇ ਦੀ ਰਾਤ ਨੂੰ ਜਦੋਂ ਚਿਰਾਗ ਜਗਦੇ ਤੇ ਸ਼ਾਲਾਮਾਰ ਬਾਗ਼ ਵਿਚ ਅਚਰਜ ਬਹਾਰ ਹੁੰਦੀ। ਸ਼ਹਿਰ ਦੇ ਅਮੀਰਾਂ ਤੇ ਰਈਸਾਂ ਦੇ ਉਚੀ ਸ਼ਾਨ ਵਾਲੇ ਤੰਬੂਆਂ ਵਿਚ ਸੰਗੀਤ ਦੀਆਂ ਸੰਗਤਾਂ ਸਜਦੀਆਂ ਜਿਨ੍ਹਾਂ ਵਿਚ ਲਾਹੌਰ ਦੀਆਂ ਪ੍ਰਸਿੱਧ ਗਾਵਣ ਵਾਲੀਆਂ ਦੇ ਮੁਜਰੇ ਹੁੰਦੇ, ਭੰਡਾਂ ਦੀਆਂ ਨਕਲਾਂ ਹੁੰਦੀਆਂ, ਹੀਰ ਰਾਂਝੇ ਦੇ ਸਵਾਂਗ ਭਰ ਜਾਂਦੇ ਤੇ ਰਾਤ ਇਨ੍ਹਾਂ ਮੌਜ ਮਸਤੀਆਂ ਵਿਚ ਹੰਢ ਜਾਂਦੀ। ਬਾਗ ਦੇ ਅੰਦਰ ਹੱਟੀਆਂ ਲੱਗਦੀਆਂ ਜਿੱਥੇ ਹਰ ਸ਼ੈਅ ਮਿਲਦੀ ਸੀ। ਪੇਂਡੂ ਸਾਰੀ ਰਾਤ ਆਪਣੇ ਗਾਉਣ ਗਾਂਵਦੇ ਤੇ ਬੋਲੀਆਂ ਬੋਲਣ ਨਾਲ ਮੇਲੇ ਦੀ ਰੌਣਕ ਵਧਾਂਦੇ। ਅਗਲੇ ਵਰ੍ਹੇ ਕੁਝ ਟੋਲੀਆਂ ਦੀ ਬੋਲੀਆਂ ਮੇਰੇ ਚੇਤੇ ਵੀ ਰਹਿ ਗਈਆਂ। ਤੁਸੀਂ ਉਹ ਸੁਣੋ:
ਖੱਟਣ ਚੱਲਿਆ ਤੇ ਕੀ ਖੱਟ ਲਿਆਂਦਾ,
ਖੱਟ ਕੇ ਲਿਆਂਦੇ ਪੇੜੇ
ਤੀਵੀਆਂ ਬਣਾਉਣ ਵਾਲਿਆ,
ਤੇਰੇ ਵਿਚ ਜੰਨਤਾਂ ਦੇ ਡੇਰੇ

ਗੋਰੀ ਨਹਾ ਕੇ ਛੱਪੜ ਵਿਚੋਂ ਨਿਕਲੀ,
ਸੁਲਫੇ ਦੀ ਲਾਟ ਵਰਗੀ

ਬੇਰੀਆਂ ਨੂੰ ਬੇਰ ਲੱਗ ਗਏ,
ਤੈਨੂੰ ਕੁਝ ਨਾ ਲੱਗਾ ਮੁਟਿਆਰੇ

ਕਾਹਨੂੰ ਡਾਹਨੀਏਂ ਗਲੀ ਦੇ ਵਿਚ ਚਰਖਾ,
ਬਹੁਤਿਆਂ ਦੇ ਖੂਨ ਹੋਵਣਗੇ
ਨਕੂਸ਼ ਲਾਹੌਰ ਨੰਬਰ ਦਾ ਇਹ ਮਜ਼ਮੂਨ 1962 ਤੋਂ ਪਹਿਲਾਂ ਲਿਖਿਆ ਗਿਆ ਸੀ ਤੇ ਨੂਰ ਅਹਿਮਦ ਚਿਸ਼ਤੀ ਦੀ ਲਿਖਤ 1870 ਦੇ ਆਲੇ ਦੁਆਲੇ ਦੀ ਏ। ਜੇ ਇਨ੍ਹਾਂ ਲਿਖਤਾਂ ਵੱਲ ਧਿਆਨ ਪਾਇਆ ਜਾਵੇ ਤਾਂ ਸ਼ਾਹ ਹੁਸੈਨ ਦਾ ਮੇਲਾ ਸੈਂਕੜੇ ਵਰ੍ਹੇ ਪੁਰਾਣਾ ਦਰਾਵੜਾਂ ਦਾ ਮੇਲਾ ਜਾਪਦਾ ਏ ਜਿਸ ਵਿਚ ਹਰ ਧਰਮ, ਜਾਤੀ ਤੇ ਮੇਲ ਦਾ ਬੰਦਾ ਹੁੰਦਾ ਸੀ। ਅੰਗਰੇਜ਼ ਸਰਕਾਰ ਦੇ ਵੇਲੇ ਇਕ ਰੇਲ ਗੱਡੀ ਖਾਸ ਇਨ੍ਹਾਂ ਦਿਹਾੜਾਂ ਵਿਚ ਟੁਰਦੀ ਜਿਹੜੀ ਹਰ ਅੱਧੇ ਘੰਟੇ ਮਗਰੋਂ ਅੰਮ੍ਰਿਤਸਰ ਲਾਹੌਰ ਨੂੰ ਆਂਦੀ ਜਾਵੰਦੀ। ਮੇਲੇ ਵਿਚ ਆਈ ਲੱਖਾਂ ਦੀ ਖਲਕਤ ਨੂੰ ਸਾਂਭਣ ਪਾਰੋਂ ਲਾਹੌਰ ਜੀ.ਟੀ. ਰੋਡ ਅਤੇ ਗੁਲਾਬੀ ਬਾਗ ਨੂੰ ਕੁਝ ਚਿਰ ਲਈ ਪੁਲਿਸ ਚੌਕੀ ਵਿਚ ਬਦਲ ਦਿੱਤਾ ਜਾਂਦਾ। ਅੰਗਰੇਜ਼ਾਂ ਤੋਂ ਅਜੇ ਤਾਈਂ ਏਸ ਬਾਗ ਦੇ ਬੱਸ ਸਟਾਪ ਨੂੰ ਗੁਲਾਬੀ ਚੌਂਕੀ ਦੇ ਨਾਂ ਤੋਂ ਸੱਦਿਆ ਜਾਂਦਾ ਰਿਹਾ। ਇਹ ਵੱਖਰੀ ਗੱਲ ਹੈ ਕਿ ਲਾਹੌਰ ਦੇ ਵਾਸੀਆਂ ਨੂੰ ਏਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਏਸ ਸਟਾਪ ਨੂੰ ਗੁਲਾਬੀ ਚੌਂਕੀ ਕਿਉਂ ਆਖਿਆ ਜਾਂਦਾ ਸੀ।
ਵੰਡ ਮਗਰੋਂ ਜੋ ਕੁਝ ਏਧਰ ਦੀ ਰਹਿਤਲ ਬਹਿਤਲ ਨਾਲ ਹੋਇਆ, ਉਹ ਸਭ ਦੇ ਸਾਹਮਣੇ ਏ। 1980 ਦੇ ਦਹਾਕੇ ਵਿਚ ਏਸ ਮੇਲੇ ਉਤੇ ਵੀ ਕਈ ਚੱਜਾਂ ਦੀਆਂ ਬਾਧਾਂ ਬੰਨ੍ਹ ਛੱਡੀਆਂ ਗਈਆਂ। ਉਸ ਵੇਲੇ ਦੀ ਫੌਜੀ ਸਰਕਾਰ ਨੂੰ ਹਰ ਉਸ ਥਾਂ ਤੋਂ ਡਰ ਸੀ ਜਿੱਥੇ ਕਿਧਰੇ ਵੀ ਚਾਰ ਜੀਅ ਇਕੱਠੇ ਹੋ ਜਾਂਦੇ ਸਨ, ਫਿਰ ਵੀ ਉਥੇ ਈ ‘ਲਾਲ ਕਾਫਰ` ਦੇ ਨਾਂ ਵਾਲੀ ਦੁੱਧ ਵਾਲੀ ਹੱਟੀ ਜਿਉਂਦੀ ਜਾਗਦੀ ਰਹੀ; ਤੇ ਜਦੋਂ ਐਮ.ਆਰ.ਡੀ. ਦੀ ਲਹਿਰ ਟੁਰੀ ਤਾਂ ਉਸ ਦੀਆਂ ਨੀਂਹਾਂ ਵੀ ਉਥੇ ਈ ਪੱਕੀਆਂ ਹੋਈਆਂ ਤੇ ਉਦੋਂ ਇਹ ਨਾਅਰਾ ਵੱਜਿਆ:
ਮਹਿੰਗਾ ਆਟਾ ਮਹਿੰਗੀ ਦਾਲ, ਮਾਧੋ ਲਾਲ ਮਾਧੋ ਲਾਲ
ਹੋ ਗਏ ਇਹਨੂੰ ਕਿੰਨੇ ਸਾਲ, ਮਾਧੋ ਲਾਲ ਮਾਧੋ ਲਾਲ
ਸੰਤਾਲੀ ਤੋਂ ਅੱਜ ਦਿਹਾੜ ਤੀਕਰ ਲੈਂਡ ਮਾਫੀਆ ਦਾ ਕੰਮ ਵਧਿਆ ਪਿਆ ਏ ਤੇ ਏਸ ਨਾਲ ਦਹਿਸ਼ਤਗਰਦੀ ਤੇ ਦੂਜੇ ਰੌਲਿਆਂ ਕਾਰਨ ਅਗਲਿਆਂ ਸ਼ਾਲੀਮਾਰ ਬਾਗ਼ ਦੇ ਸਾਹਮਣੇ ਜਿੱਥੇ ਅੰਗੂਰੀ ਬਾਗ਼ ਦੇ ਕੁਝ ਨਿਸ਼ਾਨ ਹੈ ਸਨ, ਉਥੇ ਉਨ੍ਹਾਂ ਅੰਗੂਰੀ ਬਾਗ ਸਕੀਮ ਬਣਾ ਛੱਡੀ। ਇੱਥੇ ਈ ਫਿਰ ਅੰਗੂਰੀ ਸਿਨਮਾ ਵੀ ਬਣਿਆ। ਸ਼ਾਲਾਮਾਰ ਬਾਗ ਤੋਂ ਅਗਾਂਹ ਜੀ.ਟੀ. ਰੋਡ ਉਤੇ ਖੇਤ ਪੈਲੀਆਂ ਹੁੰਦੇ ਸਨ ਜਿਹਨਾਂ ਵਿਚ ਕਦੇ ਕਿਧਰੇ ਅਗਲੇ ਵੇਲਿਆਂ ਦੇ ਬਾਗਾਂ ਤੇ ਹਵੇਲੀਆਂ ਦੇ ਖੰਡਰ ਵੀ ਦਿਸਦੇ ਸਨ। ਖਲਕਤ ਵਸੀ, ਸ਼ਾਮਲਾਟਾਂ ਉਤੇ ਕਬਜ਼ੇ ਹੋਏ। ਚਾਰ ਚੁਫੇਰੇ ਮਕਾਨ ਛੱਤੇ ਗਏ। ਵੱਡੀਆਂ-ਵੱਡੀਆਂ ਹਵੇਲੀਆਂ ਨੇ ਕਟੜਿਆਂ ਦੇ ਰੂਪ ਧਾਰੇ। ਜਿੱਥੇ ਇਕ ਪਰਿਵਾਰ ਵਸਦਾ ਸੀ, ਉਨ੍ਹਾਂ ਮਕਾਨਾਂ ਵਿਚ ਗਲੀਆਂ ਬਣਾ ਕੇ ਪੰਜਾਹ ਪੰਜਾਹ ਘਰ ਉਸਾਰੇ ਗਏ।
ਸ਼ਾਹ ਹੁਸੈਨ ਦੇ ਮੇਲੇ ਕਾਰਨ ਸਾਰਾ ਲਾਹੌਰ ਈ ਜਗ ਜਾਂਦਾ ਸੀ ਤੇ ਵੰਡ ਮਗਰੋਂ ਵੀ ਕਈ ਵਰ੍ਹਿਆਂ ਤੀਕਰ ਮੁਗਲਪੁਰੇ ਚੌਂਕ ਤੋਂ ਸਾਰੇ ਰਾਹ ਬੰਦ ਕਰ ਦਿੱਤੇ ਜਾਂਦੇ ਸਨ। ਚਾਰੇ ਚੁਫੇਰੇ ਮੇਲੇ ਨੂੰ ਆਉਣ ਵਾਲੇ ਲੋਕ ਪੈਦਲ ਟੁਰਦੇ ਸਨ। ਪਿੜ ਵਿਚ ਕਈ ਸੌ ਹੱਟੀਆਂ ਲੱਗਦੀਆਂ ਜਿਨ੍ਹਾਂ ਵਿਚ ਕੁਝ ਹੱਟੀਆਂ ਇੰਝ ਦੀਆਂ ਸਨ ਕਿ ਉਨ੍ਹਾਂ ਦੇ ਹੱਟੀਵਾਣ ਏਸ ਮੇਲੇ ਮਗਰੋਂ ਹੋਰ ਕਿਸੇ ਮੇਲੇ ਵਿਚ ਹੱਟੀ ਨਹੀਂ ਲਾਉਂਦੇ ਸਨ। ਏਥੇ ਥੇਟਰ, ਸਰਕਸ, ਮੌਤ ਦੇ ਖੂਹ, ਪੰਘੂੜੇ ਤੇ ਖਲਕਤ ਦਾ ਮਨ ਪਰਚਾਵਣ ਪਾਰੋਂ ਹੋਰ ਹਜ਼ਾਰਾਂ ਸ਼ੈਆਂ ਦਿਸਦੀਆਂ ਹਨ।
ਸਾਲ 2000 ਮਗਰੋਂ ਮਜ਼ਾਰਾਂ ਉਤੇ ਬੰਬ ਧਮਾਕਿਆਂ ਕਾਰਨ ਮੇਲੇ ਮੁੱਢੋਂ ਈ ਉਜੜ ਗਏ। ਸਰਕਾਰਾਂ ਮਾੜਿਆਂ ਕੋਲੋਂ ਜੀਵਣ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ। ਹੁਣ ਮੇਲਿਆਂ ਦੀਆਂ ਥਾਵਾਂ ਉਤੇ ਫੈਸਟੀਵਲ ਦਿਸਣ ਲੱਗ ਪਏ। ਵੱਡੇ ਵੱਡੇ ਸ਼ਾਪਿੰਗ ਮਾਲਜ਼ ਵਿਚ ਲੱਗੇ ਮੇਲਿਆਂ ਵਿਚ ਬਸ ਬਰਾਂਡ ਵਿਕਦੇ ਤੇ ਉਥੇ ਜਾਵਣ ਵਾਲੇ ਲੋਕੀਂ ਵੀ ਉਤਲੇ ਮੇਲ ਦੇ ਹੁੰਦੇ ਨੇ।
ਮਾਇਆ ਮੇਲ ਵਿਹਾਰ ਕਾਰਨ ਮਿੱਟੀ ਦੇ ਭਾਂਡੇ, ਪਠੋਰੇ, ਕਤਲੰਮੇ ਤੇ ਮਿਠਾਈਆਂ ਮੁੱਕਦੀਆਂ ਗਈਆਂ। ਇਨ੍ਹਾਂ ਮੇਲਿਆਂ ਦੀ ਬੱਸ ਮਾੜੀ ਜਿਹੀ ਖਬਰ ਅਖਬਾਰਾਂ ਤੇ ਨਿਊਜ਼ ਚੈਨਲਾਂ ਉਤੇ ਆ ਜਾਂਵਦੀ ਏ। ਚਿਰਾਗਾਂ ਦੇ ਮੇਲੇ ਦਾ ਪਾਸਾਰ ਘਟਦਾ ਘਟਦਾ ਬੱਸ ਦਰਗਾਹ ਦੇ ਅਹਾਤੇ ਤੀਕਰ ਹੀ ਰਹਿ ਗਿਆ ਏ ਪਰ ਅਜੇ ਵੀ ਮਜ਼ਾਰ ਦੇ ਪੱਛਮੀ ਵਿਹੜੇ ਵਿਚ ਚਿਰਾਗ ਜਗਦੇ ਨੇ। ਚਿਰਾਗੀ ਦੀ ਰਾਤ ਵੀ ਓਵੇਂ ਦੀ ਹੀ ਜਿਉਂਦੀ ਜਾਗਦੀ ਚਾਨਣ ਭਰੀ ਏ। ਧਮਾਲ ਪੈਂਦੀ, ਢੋਲ ਵੱਜਦੇ ਤੇ ਕਿਧਰੇ ਕਿਧਰੇ ਕੋਈ ਸਾਧੂ ਫਕੀਰ ਸੰਖ ਵੀ ਵਜਾ ਛੱਡਦਾ ਏ। ਮੈਨੂੰ ਏਹੋ ਈ ਆਸ ਏ ਕਿ ਖਲਕਤ ਜਿਉਂਦੀ ਰਵ੍ਹੇ ਤੇ ਸ਼ਾਹ ਹੁਸੈਨ ਦਾ ਫਲਸਫਾ ਜਿਸ ਨੂੰ ਅਕਬਰ ਤੋਂ ਅੰਗਰੇਜ਼ ਸਰਕਾਰ ਤੇ ਉਨ੍ਹਾਂ ਤੋਂ ਅਗਾਂਹ ਅਜੋਕੀਆਂ ਸਰਕਾਰਾਂ ਕਦੇ ਨਾ ਮੁਕਾ ਸਕੀਆਂ, ਉਨ੍ਹਾਂ ਦੀਆਂ ਕਾਫੀਆਂ ਆਪਣਾ ਰੰਗ ਵਿਖਾਵਦੀਆਂ ਰਹਿਣਗੀਆਂ। ‘ਬਾਬੇ ਮਾਰਗ ਰੀਤੀ` ਆਪਣੀਆਂ ਸ਼ਕਲਾਂ ਬਦਲ ਕਦੇ ਦੁੱਲਾ ਭੱਟੀ ਬਣ ਗਿਆ, ਕਦੇ ਰਾਏ ਅਹਿਮਦ ਖਾਨ ਖਰਲ ਤੇ ਕਦੇ ਭਗਤ ਸਿੰਘ ਪਰ ਇਹ ਰੀਤੀ ਟੁਰਦੀ ਰਵ੍ਹੇਗੀ। ਜਿੱਥੇ ਜਿੱਥੇ ਜ਼ੁਲਮ ਜਬਰ ਹੋਵੇਗਾ, ਏਸ ਦਾ ਰੰਗ ਵੀ ਦਿਸੇਗਾ:
ਮੁਸ਼ਕਿਲ ਘਾਤ ਫਕੀਰੀ ਦਾ ਵੋ
ਪਾਏ ਕੁਠਾਲੀ, ਦੁਰਮਤ ਵਾਲੀ,
ਕਰਮ ਜਰਾਏ ਸ਼ਰੀਰੀ ਦਾ
ਛੋੜ ਤਕੱਬਰ, ਪਕੜ ਹਲੀਮੀ,
ਰਾਹ ਪਕੜ ਵੋ ਸ਼ੀਰੀ ਦਾ
ਕਹੇ ਹੁਸੈਨ ਫਕੀਰ ਨਿਮਾਣਾ,
ਦਫਤਰ ਪਾੜਵੋ ਮੀਰੀ ਦਾ
ਮੁਸ਼ਕਿਲ ਘਾਤ ਫਕੀਰੀ ਦਾ…।