ਨੌਜਵਾਨ ਵਰਗ ਦੇ ਮੁਹੱਬਤੀ ਸੁਪਨਿਆਂ ਦਾ ਭਾਸ਼ਾਈ ਬਿਰਤਾਂਤ ਸਿਰਜਦਾ ਨਾਵਲ ‘ਯੁਵਾ ਕਥਾ’

ਨਿਰੰਜਣ ਬੋਹਾ
ਫੋਨ: 91-89682-82700
ਭਾਵੇਂ ‘ਯੁਵਾ ਕਥਾ’ ਨੌਜਵਾਨ ਨਾਵਲਕਾਰ ਹਰਵੀਰ ਸਿੰਘ ਹਰਵਾਰੇ ਦਾ ਪਹਿਲਾ ਨਾਵਲ ਹੈ, ਇਸ ਵਿਚੋਂ ਉਸਦੇ ਭਵਿੱਖ ਦੇ ਚਰਚਿਤ ਨਾਵਲਕਾਰ ਬਣਨ ਦੀਆਂ ਪ੍ਰਬਲ ਸੰਭਾਵਨਾਵਾਂ ਛੁਪੀਆਂ ਹਨ। ਇਹ ਨਾਵਲ ਸਕੂਲਾਂ/ਕਾਲਜਾਂ ਵਿਚ ਪੜ੍ਹਦੀ ਨੌਜਵਾਨ ਪੀੜ੍ਹੀ ਨਾਲ ਜੁੜੇ ਪਾਤਰਾਂ ਦੇ ਉਨ੍ਹਾਂ ਸੁਪਨਿਆਂ ਦਾ ਭਾਸ਼ਾਈ ਬਿਰਤਾਂਤ ਸਿਰਜਦਾ ਹੈ, ਜਿਹੜੇ ਉਨ੍ਹਾਂ ਨੂੰ ਆਪਣੀ ਸਮਾਜਿਕ ਹੋਂਦ ਦੀ ਪਛਾਣ ਵੀ ਕਰਾਉਂਦੇ ਹਨ ਤੇ ਇਸ ਪਛਾਣ ਦਾ ਵਿਸਥਾਰ ਕਰਨਾ ਵੀ ਲੋਚਦੇ ਹਨ। ਨਾਵਲ ਦੇ ਪਾਤਰ ਬਣੇ ਐਸ. ਡੀ. ਕਾਲਜ ਲੁਧਿਆਣਾ ਦੇ ਵਿਦਿਆਰਥੀ ਭਾਵੇਂ ਆਪਣੀ ਉਮਰ ਦੇ ਉਸ ਪੜਾਅ ਵਿਚੋਂ ਲੰਘ ਰਹੇ ਹਨ, ਜਿੱਥੇ ਪਿਆਰ-ਮੁਹੱਬਤ ਦੀਆਂ ਗੱਲਾਂ ਕਰਨਾ, ਸੁਣਨਾ ਤੇ ਆਪਣੇ ਮਹਿਬੂਬ ਦੀਆਂ ਨਜ਼ਰਾਂ ਵਿਚ ਬਣੇ ਰਹਿਣਾ ਵੀ ਜੀਵਨ ਦਾ ਇੱਕ ਟੀਚਾ ਸਮਝਿਆ ਜਾਂਦਾ ਹੈ,

ਪਰ ਨਾਵਲ ਦੀ ਖੂਬਸੂਰਤੀ ਇਸ ਵਿਚ ਹੈ ਕਿ ਇਹ ਪਾਤਰ ਮੁਹੱਬਤ ਨੂੰ ਕੁਦਰਤੀ ਵਿਰੋਧੀ ਲਿੰਗਕ ਖਿੱਚ ਤੇ ਜੁਆਨ ਉਮਰ ਦੀ ਮਾਨਸਿਕ ਲੋੜ ਕਹਿ ਕੇ ਹੀ ਅੱਗੇ ਨਹੀਂ ਲੰਘ ਜਾਂਦੇ, ਸਗੋਂ ਪਿਆਰ ਸਬੰਧਾਂ ਦੇ ਤੋੜ ਤੱਕ ਨਿਭਣ ਵਾਲੀ ਵਚਨਬੱਧਤਾ ਨਾਲ ਵੀ ਜੁੜੇ ਹੋਏ ਹਨ।
ਕਾਲਜ ਵਿਚ ਇਕੱਠੇ ਪੜ੍ਹਦੇ ਮੁੰਡੇ-ਕੁੜੀਆਂ ਵਿਚਲੇ ਮੁਹੱਬਤੀ ਸਬੰਧ ਇਸ ਉਮਰ ਦੀਆਂ ਮਾਨਸਿਕ ਜ਼ਰੂਰਤਾਂ ਦੀ ਤਰਜਮਾਨੀ ਤਾਂ ਕਰਦੇ ਹਨ, ਪਰ ਇਹ ਸਬੰਧ ਨਾ ਤਾਂ ਭੋਗੀ ਬਿਰਤੀਆਂ ਵਾਲੇ ਹਨ ਤੇ ਨਾ ਹੀ ਸਮਾਜਿਕ ਮਰਿਆਦਾਵਾਂ ਤੋਂ ਬਾਗੀ ਹਨ। ਨਾਵਲ ਵਿਚਲੇ ਅਮਰਿੰਦਰ ਤੇ ਅਨੁਪ੍ਰੀਤ ਦੀ ਮੁਹੱਬਤ ਦਾ ਆਗਾਜ਼ ਮਾਨਵੀ ਧਰਾਤਲ ‘ਤੇ ਹੁੰਦਾ ਹੈ ਤੇ ਮਾਨਵੀ ਵਿਚਾਰਾਂ ਦੀ ਸਾਂਝ ਅੰਤ ਦਿਲਾਂ ਦੀ ਸਾਂਝ ਬਣ ਜਾਂਦੀ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪਿਆਰ ਸਿਧਾਂਤ ‘ਪਿਆਰ ਕਬਜ਼ਾ ਨਹੀਂ ਪਛਾਣ ਹੈ’ ਦਾ ਅਨੁਸਰਨ ਕਰਦਿਆਂ ਉਹ ਇਕ ਦੂਜੇ ਦੀ ਖੁਸ਼ੀ ਲਈ ਆਪਣੀ ਖੁਸ਼ੀ ਕੁਰਬਾਨ ਦੀ ਤੀਬਰ ਭਾਵਨਾ ਰੱਖਦੇ ਹਨ। ਜਦੋਂ ਅਨੁਪ੍ਰੀਤ ਨੂੰ ਪਤਾ ਲੱਗਦਾ ਹੈ ਕਿ ਅਮਰਿੰਦਰ ਉਸ ਦੀ ਸਹੇਲੀ ਕੋਮਲ ਨਾਲ ਵੀ ਦੋਸਤਾਨਾ ਸਬੰਧ ਰੱਖਦਾ ਹੈ ਤਾਂ ਉਹ ਦੋਹਾਂ ਦੀ ਖੁਸ਼ੀ ਲਈ ਉਨ੍ਹਾਂ ਦੇ ਰਸਤੇ ਵਿਚੋਂ ਹਟ ਜਾਂਦੀ ਹੈ। ਮੋੜਵੇਂ ਰੂਪ ਵਿਚ ਕੋਮਲ ਵੀ ਅਜਿਹੀ ਹੀ ਕੁਰਬਾਨੀ ਦੀ ਮਿਸਾਲ ਪੇਸ਼ ਕਰਦੀ ਹੈ। ਅਨੁਪ੍ਰੀਤ ਨੂੰ ਇਕ ਤਰਫਾ ਪਿਆਰ ਕਰਦੇ ਰਤਨ ਦੀ ਸੋਚ ਵੀ ਉਨ੍ਹਾਂ ਵਾਂਗ ਹੀ ਨਿਰਛੱਲ ਹੈ। ਇਸ ਤਰ੍ਹਾਂ ਦੋਹਾਂ ਨੂੰ ਇਕੱਠੇ ਕਰਨ ਵਿਚ ਕੋਮਲ ਤੇ ਰਤਨ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਨਾਵਲ ਦੀ ਕਹਾਣੀ ਵਿਚ ਫੈਸਲਾਕੁਨ ਮੋੜ ਉਸ ਵੇਲੇ ਆਉਂਦਾ ਹੈ, ਜਦੋਂ ਜਾਤ-ਪਾਤ, ਖਾਨਦਾਨ ਤੇ ਅਮੀਰੀ-ਗਰੀਬੀ ਨਾਲ ਜੁੜੀ ਸੰਸਕਾਰਗਤ ਸੋਚ ਉਨ੍ਹਾਂ ਦੀ ਮੁਹੱਬਤ ਦਾ ਰਾਹ ਰੋਕ ਲੈਂਦੀ ਹੈ। ਅਨੁਪ੍ਰੀਤ ਦੇ ਮਨ ਵਿਚ ਇਹ ਧਾਰਨਾ ਪੱਕੇ ਤੌਰ ‘ਤੇ ਆਪਣਾ ਸਥਾਨ ਬਣਾ ਲੈਂਦੀ ਹੈ ਕਿ ਉਸ ਦੇ ਮਾਪੇ ਕਿਸੇ ਵੀ ਕੀਮਤ ‘ਤੇ ਉਸ ਨੂੰ ਅਮਰਿੰਦਰ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ ਦੇਣਗੇ। ਮਾਪਿਆਂ ਤੇ ਅਮਰਿੰਦਰ ਦੇ ਪਿਆਰ ਵਿਚੋਂ ਇੱਕ ਦੀ ਚੋਣ ਦੇ ਦਵੰਦ ਵਿਚੋਂ ਅੰਤਿਮ ਫੈਸਲਾ ਮਾਪਿਆਂ ਦੇ ਹੱਕ ਵਿਚ ਆਉਂਦਾ ਹੈ ਤਾਂ ਉਹ ਆਪਣੇ ਦਿਲ ‘ਤੇ ਪੱਥਰ ਰੱਖ ਕੇ ਅਮਰਿੰਦਰ ਨਾਲੋਂ ਅਣਚਾਹੀ ਦੂਰੀ ਕਾਇਮ ਕਰ ਲੈਂਦੀ ਹੈ। ਉਹ ਅਮਰਿੰਦਰ ਨੂੰ ਵੀ ਇਸ ਗੱਲ ਲਈ ਮਜਬੂਰ ਕਰਦੀ ਹੈ ਕਿ ਉਹ ਉਸ ਦੀ ਜ਼ਿੰਦਗੀ ਵਿਚੋ ਦੂਰ ਚਲਿਆ ਜਾਵੇ। ਘਰ ਦੀ ਮਾੜੀ ਆਰਥਿਕਤਾ ਨੂੰ ਥਾਂ ਸਿਰ ਕਰਨ ਲਈ ਜੂਝ ਰਹੇ ਅਮਰਿੰਦਰ ਨੂੰ ਵੀ ਅੰਤ ਟੁੱਟੇ ਦਿਲ ਨਾਲ ਉਸ ਦਾ ਫੈਸਲਾ ਸਵੀਕਾਰਨਾ ਹੀ ਪੈਂਦਾ ਹੈ।
ਦੋਹਾਂ ਦੇ ਅਧੂਰੇ ਪਿਆਰ ਦੀ ਕਹਾਣੀ ਨੂੰ ਪੂਰਨਤਾ ਵੱਲ ਲਿਜਾਣ ਲਈ ਨਾਵਲਕਾਰ ਨੇ ਕੁਝ ਮੌਕਾ ਮੇਲ ਜੁਗਤਾਂ ਵੀ ਵਰਤੀਆਂ ਹਨ। ਅਨੁਪ੍ਰੀਤ ਦਾ ਵਿਆਹ ਕੈਨੇਡਾ ਰਹਿੰਦੇ ਮੁੰਡੇ ਨਾਲ ਹੋ ਜਾਣ ‘ਤੇ ਅਮਰਿੰਦਰ ਵੀ ਬੇ-ਰੁਜ਼ਗਾਰੀ ਦਾ ਸਤਾਇਆ ਉੱਥੇ ਪਹੁੰਚ ਜਾਂਦਾ ਹੈ। ਅਨੁਪ੍ਰੀਤ ਦੇ ਪਤੀ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ‘ਤੇ ਮੌਕਾ ਮੇਲ ਦੀ ਘਾੜਤ ਰਾਹੀਂ ਦੋਹਾਂ ਦੇ ਇਕ ਵਾਰ ਫਿਰ ਇੱਕਠੇ ਹੋਣ ਦਾ ਮੌਕਾ ਬਣਦਾ ਹੈ ਤਾਂ ਪੇਟ ਵਿਚ ਪਲ ਰਹੇ ਬੱਚੇ ਤੇ ਆਪਣਾ ਸਰੀਰ ਸੁੱਚਾ ਨਾ ਹੋਣ ਦੀ ਪਿਛਾਕੜੀ ਸੋਚ ਉਸ ਨੂੰ ਹਾਂ ਨਹੀਂ ਭਰਨ ਦਿੰਦੀ। ਨਿਰਾਸ਼ ਹੋਇਆ ਅਮਰਿੰਦਰ ਆਪਣੇ ਆਪ ਨੂੰ ਕੈਂਸਰ ਖੋਜ ਲਈ ਹੋਣ ਵਾਲੇ ਇਕ ਜਾਨਲੇਵਾ ਟੈਸਟ ਦੇ ਹਵਾਲੇ ਕਰ ਦਿੰਦਾ ਹੈ। ਇਸ ਟੈਸਟ ਨੂੰ ਤਾਂ ਕਾਮਯਾਬੀ ਨਹੀਂ ਮਿਲਦੀ, ਪਰ ਉਨ੍ਹਾਂ ਦਾ ਪਿਆਰ ਅਨੇਕਾਂ ਔਖੇ ਪੜਾਅ ਪਾਰ ਕਰਦਿਆਂ ਕਾਮਯਾਬੀ ਦੀ ਮੰਜ਼ਲ ਤੱਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਇਹ ਨਾਵਲ ਸਮਾਜ ਦੀਆਂ ਮਹੁੱਬਤ ਵਿਰੋਧੀ ਕਦਰਾਂ-ਕੀਮਤਾਂ ਨੂੰ ਸਹਿਜ ਰੂਪ ਵਿਚ ਬਦਲਣ ਦਾ ਸੰਦੇਸ਼ ਦੇ ਕੇ ਸਮਾਪਤ ਹੋ ਜਾਂਦਾ ਹੈ।
ਨਾਵਲ ਵਿਚ ਵਾਪਰਦੀਆਂ ਘਟਨਾਵਾਂ ਆਪਣੀ ਸਹਿਜਤਾ ਤੇ ਸੁਭਾਵਿਕਤਾ ਨੂੰ ਬਰਕਰਾਰ ਰੱਖਣ ਦੀ ਯਥਾ ਸੰਭਵ ਕੋਸਿ਼ਸ਼ ਜ਼ਰੂਰ ਕਰਦੀਆਂ ਹਨ, ਪਰ ਪਹਿਲਾ ਨਾਵਲ ਹੋਣ ਕਾਰਨ ਇਨ੍ਹਾਂ ਘਟਨਾਵਾ ਦਾ ਸਰੂਪ ਯਥਾਰਥਕ ਨਾਲੋਂ ਆਦਰਸ਼ਕ ਵਧੇਰੇ ਵਿਖਾਈ ਦਿੰਦਾ ਹੈ। ਖਾਸ ਤੌਰ `ਤੇ ਅਮਰਿੰਦਰ ਵੱਲੋਂ ਆਪਣੇ ਜੀਵਨ ਨੂੰ ਖਤਰੇ ਵਿਚ ਪਾ ਕੇ ਕਿਸੇ ਵਿਦੇਸ਼ੀ ਜਾਨਲੇਵਾ ਟੈਸਟ ਦਾ ਹਿੱਸਾ ਬਣਨ ਵਾਲੀ ਘਟਨਾ ਵਧੇਰੇ ਹੀ ਆਦਰਸ਼ਕ ਬਣ ਗਈ ਹੈ। ਭਾਵੇਂ ਤਕਰਾਰ ਤੋਂ ਬਾਅਦ ਪਿਆਰ ਪੈਦਾ ਹੋਣ ਦੀ ਜੁਗਤ ਵੀ ਕੁਝ ਪੁਰਾਣੀ ਹੈ, ਪਰ ਲੇਖਕ ਨੇ ਇਸ ਨੂੰ ਨਵੇਂ ਅਰਥ ਪ੍ਰਦਾਨ ਕਰਨ ਵਿਚ ਉਚੇਚੀ ਸਫਲਤਾ ਹਾਸਿਲ ਕੀਤੀ ਹੈ। ਬਹੁਤ ਸਾਰੇ ਸਮਾਜਿਕ, ਆਰਥਿਕ ਰਾਜਨੀਤਕ ਤੇ ਸਭਿਆਚਾਰਕ ਵਰਤਾਰਿਆਂ ਨੂੰ ਆਪਣੇ ਵਿਚ ਸਮੇਟਣ ਦੇ ਬਾਵਜੂਦ ਨਾਵਲ ਦੀ ਸੰਗਠਨਾਤਕ ਬੁਣਤ ਕੱਸਵੀਂ ਹੀ ਵਿਖਾਈ ਦਿੰਦੀ ਹੈ। ਨਾਵਲ ਦੇ ਤਿੰਨ ਭਾਗ ਇਸ ਦੇ ਪਾਤਰਾਂ ਦੇ ਜੀਵਨ ਸੰਘਰਸ਼ ਦੇ ਤਿੰਨ ਪੜਾਅ ਵੀ ਬਣਦੇ ਹਨ। ਨਾਵਲ ਦੇ ਪਾਤਰਾਂ ਦੇ ਵਾਰਤਲਾਪੀ ਭਾਸ਼ਾ ਉਨ੍ਹਾਂ ਦੇ ਮਨੋ ਦਸ਼ਾ ਤੇ ਦਿਸ਼ਾ ਨੂੰ ਸਜੀਵ ਰੂਪ ਵਿਚ ਚਿਤਰਣ ਵਿਚ ਸਫਲ ਰਹੀ ਹੈ।
ਹਰਵਾਰੇ ਦੇ ਇਸ ਨਾਵਲ ਦਾ ਹਾਰਦਿਕ ਸਵਾਗਤ ਹੈ ਤੇ ਇਸ ਕਲਮ ਤੋਂ ਵੱਡੀਆਂ ਉਮੀਦਾਂ ਹਨ। ਇਹ ਨਾਵਲ ਜੇ. ਪੀ. ਪਬਲੀਕੇਸਨਜ਼, ਪਟਿਆਲਾ ਨੇ ਪ੍ਰਕਾਸਿ਼ਤ ਕੀਤਾ ਹੈ ਅਤੇ ਇਸ ਪੰਨੇ-280 ਹਨ ਤੇ ਮੁੱਲ 250 ਰੁਪਏ ਹੈ।