ਗੁਲਜ਼ਾਰ ਸਿੰਘ ਸੰਧੂ
ਜੰਮੂ-ਕਸ਼ਮੀਰ ਦੇ ਪੁਣਛ ਜਿਲੇ ਵਿਚ ਲੰਘੇ ਦਿਨੀਂ ਪੰਜ ਜਵਾਨਾਂ ਦੀ ਅਤਿਵਾਦੀਆਂ ਵੱਲੋਂ ਹੱਤਿਆ ਦੀ ਖਬਰ ਬੇਹੱਦ ਦੁਖਦਾਈ ਹੈ। ਇਨ੍ਹਾਂ ਵਿਚੋਂ ਤਲਵੰਡੀ ਮਾਨ (ਕਪੂਰਥਲਾ) ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ ਨਾਲ ਸਨਮਾਨਿਆ ਹੋਇਆ ਸੀ, ਨਾਇਕ ਮਨਦੀਪ ਸਿੰਘ ਫਤਿਹਗੜ ਚੂੜੀਆਂ (ਗੁਰਦਾਸਪੁਰ) ਦੇ ਪਿੰਡ ਚੱਠਾ ਦਾ ਵਸਨੀਕ ਸੀ ਤੇ ਰੋਪੜ ਵਿਚ ਪੈਂਦੇ ਨੂਰਪੁਰ ਬੇਦੀ ਵਾਲੇ ਗੱਜਣ ਸਿੰਘ ਦਾ 8 ਮਹੀਨੇ ਪਹਿਲਾਂ ਫਰਵਰੀ ਵਿਚ ਵਿਆਹ ਹੋਇਆ ਸੀ। ਇਨ੍ਹਾਂ ਵਾਂਗ ਹੀ ਕੁਰਬਾਨੀ ਦੇਣ ਵਾਲਾ ਸਾਰਜ ਸਿੰਘ ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਜਿਲੇ ਤੋਂ ਸੀ ਤੇ ਸਿਪਾਹੀ ਹੈ ਸ਼ਾਖ ਕੋਟਾਰਕ ਦੱਖਣੀ ਭਾਰਤ ਦੇ ਕੇਰਲ ਰਾਜ ਤੋਂ।
ਜਿਨ੍ਹਾਂ ਮਾਪਿਆਂ ਦੇ ਪੁੱਤ ਸ਼ਹੀਦ ਹੋਏ, ਉਨ੍ਹਾਂ ਦਾ ਦੁੱਖ ਵੰਡਾਉਣਾ ਸੌਖਾ ਨਹੀਂ, ਫਿਰ ਵੀ ਭਾਰਤੀ ਸੇਨਾ ਦੇ ਸਦਕੇ ਜਾਈਏ ਕਿ ਉਨ੍ਹਾਂ ਨੇ ਜਵਾਬੀ ਕਾਰਵਾਈ ਵਿਚ ਕਈ ਅਤਿਵਾਦੀ ਮਾਰ ਮੁਕਾਏ ਹਨ। ਇਹ ਦੁੱਖ ਦੀ ਗੱਲ ਹੈ ਕਿ ਅਜਿਹੀਆਂ ਅਤਿਵਾਦੀ ਹਰਕਤਾਂ ਵਿਚ ਜੰਮੂ-ਕਸ਼ਮੀਰ ਨਾਲ ਸਬੰਧ 370 ਧਾਰਾ ਦੇ ਹਟਾਏ ਜਾਣ ਪਿੱਛੋਂ ਵਾਧਾ ਹੋਇਆ ਹੈ। ਕੇਂਦਰੀ ਸਰਕਾਰ ਨੇ ਇਸ ਧਾਰਾ ਨੂੰ ਖਤਮ ਕਰਨ ਤੋਂ ਪਹਿਲਾਂ ਜੰਮੂ-ਕਸ਼ਮੀਰ ਦੀ ਸਹਿਮਤੀ ਦਾ ਪਤਾ ਲਾਉਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਕੁਝ ਇਸੇ ਤਰ੍ਹਾਂ ਜਿਵੇਂ ਦੇਸ਼ ਦੇ ਕਿਸਾਨਾਂ ਦੀ ਚਾਹਨਾ ਜਾਣੇ ਬਿਨਾ ਹੀ ਉਨ੍ਹਾਂ ਉੱਤੇ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਥੋਪ ਦਿੱਤੇ ਹਨ। ਮਾੜੀ ਗੱਲ ਇਹ ਕਿ ਇਹੋ ਜਿਹੇ ਅਮਲ ਕਰੋਨਾ ਮਹਾਂਮਾਰੀ ਨੂੰ ਹਊਆ ਬਣਾ ਕੇ ਕੀਤੇ ਜਾ ਰਹੇ ਹਨ ਤਾਂ ਕਿ ਆਮ ਜਨਤਾ ਇੱਕ ਮੱੁਠ ਹੋ ਕੇ ਇਨ੍ਹਾਂ ਅਮਲਾਂ ਦਾ ਵਿਰੋਧ ਨਾ ਕਰ ਸਕੇ। ਅਜਿਹੀਆਂ ਆਪਹੁਦਰੀਆਂ ਦੇ ਭਵਿੱਖ ਵਿਚ ਕੀ ਨਤੀਜੇ ਨਿਕਲਦੇ ਹਨ, ਸਮੇਂ ਨੇ ਦੱਸਣਾ ਹੈ।
ਵਿਸ਼ਵ ਬਾਲੜੀ ਦਿਵਸ ’ਤੇ: ਬੀਤੇ ਹਫਤੇ ਦਾ ਅਰੰਭ ਅੰਤਰਰਾਸ਼ਟਰੀ ਬਾਲੜੀ ਦਿਵਸ ਨਾਲ ਹੋਇਆ। ਚੰਡੀਗੜ੍ਹ ਦੇ ਵੱਖ ਵੱਖ ਸਕੂਲਾਂ ਦੀਆਂ ਅਣਗਿਣਤ ਬਾਲੜੀਆਂ ਨੇ ਆਪਣੇ ਸਿਰਾਂ ਉੱਤੇ ਗੁਲਾਬੀ ਪੱਗਾਂ ਸਜਾ ਕੇ ਮਨੁੱਖੀ ਚੇਨ (ਲੜੀ) ਬਣਾਈ ਤੇ ਆਪਣੇ ਨਿੱਕੇ ਨਿੱਕੇ ਹੱਥਾਂ ਦੇ ਇਸ਼ਾਰਿਆਂ ਨਾਲ ਗਰਲਜ਼ ਇੰਡੀਆ ਪ੍ਰਾਜੈਕਟ ਦੀ ਪਾਲਣਾ ਦਾ ਦਾਅਵਾ ਕੀਤਾ। ਇਨ੍ਹਾਂ ਬਾਲਿਕਾਵਾਂ ਨੇ ਆਪਣੀ ਸੁਰੱਖਿਆ ਤੇ ਆਪਣੇ ਹੱਕਾਂ ਦੀ ਮੰਗ ਉਸ ਸਮੇਂ ਕੀਤੀ ਹੈ, ਜਦੋਂ ਹਰ ਆਏ ਦਿਨ ਨਾਬਾਲਗ ਧੀਆਂ ਭੈਣਾਂ ਨਾਲ ਬਾਲਗ ਤੇ ਨਾਬਾਲਗ ਜਾਣਕਾਰਾਂ, ਸਾਕ ਸਬੰਧੀਆਂ ਤੇ ਨੇੜਲੇ ਰਿਸ਼ਤੇਦਾਰਾਂ ਵਲੋਂ ਕੀਤੇ ਬਲਾਤਕਾਰ ਦੀਆਂ ਖਬਰਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ। ਇਨ੍ਹਾਂ ਵਿਚੋਂ ਬਹੁਤੇ ਦੋਸ਼ੀ 15-16 ਸਾਲ ਦੇ ਹੰੁਦੇ ਹਨ।
ਦੇਸ਼ ਦੇ ਚਿੰਤਕ ਤੇ ਬੁੱਧੀਜੀਵੀ ਮੰਗ ਕਰ ਕਰ ਰਹੇ ਹਨ ਕਿ ਬਾਲਗ ਹੋਣ ਦੀ ਉਮਰ 18 ਸਾਲ ਤੋਂ ਘਟਾ ਕੇ 15-16 ਸਾਲ ਕਰ ਦੇਣੀ ਚਾਹੀਦੀ ਹੈ, ਕਿਉਂਕਿ 18 ਸਾਲ ਤੋਂ ਘੱਟ ਉਮਰ ਦੇ ਮੰੁਡਿਆਂ ਨੂੰ ਦੋਸ਼ੀ ਪਾਏ ਜਾਣ ਦੇ ਬਾਵਜੂਦ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਵਾਲਾ ਕੁਕਰਮ ਸਿਰਫ ਘਰਾਂ ਜਾਂ ਖੇਤਾਂ ਵਿਚ ਨਹੀਂ ਹੋ ਰਿਹਾ, ਸਾਧਾਂ-ਸੰਤਾਂ, ਮਹੰਤਾਂ ਦੇ ਡੇਰਿਆਂ ਵਿਚ ਵੀ ਹੰੁਦਾ ਦਸਿਆ ਜਾਂਦਾ ਹੈ ਤੇ ਇਹ ਸਾਧੂ ਆਮ ਲੋਕਾਂ ਨੂੰ ਤਾਂ ਕੀ, ਸਿਆਣੇ-ਬਿਆਣੇ ਬੁੱਧੀਜੀਵੀਆਂ ਤੇ ਮਹਾਰਥੀਆਂ ਨੂੰ ਵੀ ਭਰਮਾਈ ਫਿਰਦੇ ਹਨ। ਗੁਰਮੀਤ ਰਾਮ ਰਹੀਮ ਦੇ ਡੇਰੇ ਦੀ ਗੱਲ ਕਿਸੇ ਨੂੰ ਭੁੱਲੀ ਹੋਈ ਨਹੀਂ!
ਮਾੜੀ ਗੱਲ ਇਹ ਕਿ ਕਰਨਾਟਕ ਰਾਜ ਦਾ ਇੱਕ ਮੰਤਰੀ ਇਸ ਸਾਰੇ ਵਰਤਾਰੇ ਦਾ ਭਾਂਡਾ ਪੱਛਮੀ ਸਭਿਅਤਾ ਦੇ ਸਿਰ ਭੰਨਦਾ ਹੈ, ਜਿਸ ਨੇ ਨੌਜਵਾਨ ਕੁੜੀਆਂ ਤੇ ਮੁਟਿਆਰਾਂ ਨੂੰ ਟੀ-ਸ਼ਰਟਾਂ ਤੇ ਜੀਨਾਂ ਪਹਿਨਣ ਦੀ ਹੀ ਖੁੱਲ੍ਹ ਨਹੀਂ ਦਿੱਤੀ ਸਗੋਂ, ਸ਼ਾਮ ਦੇ ਅੱਠ ਵਜੇ ਤੱਕ ਇਕੱਲਿਆਂ ਸੈਰ ਕਰਨ ਜਾਂ ਕੰਮ `ਤੇ ਜਾਣ ਲਈ ਵੀ ਪ੍ਰੇਰਿਆ ਹੈ।
ਉਹ ਤਾਂ ਅਣਵਿਆਹੀਆਂ ਔਰਤਾਂ ਤੇ ਵਿਆਹ ਉਪਰੰਤ ਬੇਔਲਾਦ ਰਹਿ ਗਈਆਂ ਔਰਤਾਂ ਨੂੰ ਵੀ ਇਸ ਲਪੇਟ ਵਿਚ ਲੈ ਆਉਂਦਾ ਹੈ।
ਸਮਾਂ ਆ ਗਿਆ ਹੈ ਕਿ ਧੀਆਂ ਦੇ ਮਾਪੇ ਤੇ ਸਕੂਲਾਂ/ਕਾਲਜਾਂ ਦੇ ਅਧਿਆਪਕ ਇੱਕ ਬਾਲੜੀ ਤੋਂ ਮੁਟਿਆਰ ਹੋ ਰਹੀ ਧੀ ਤੇ ਵਿਦਿਆਰਥਣ ਨੂੰ ਸੰਭਲ ਕੇ ਚੱਲਣ ਦੀ ਸਿਖਿਆ ਦੇਣਾ ਅਤੇ ਅਜਿਹੀ ਉਡਾਣ ਭਰਨ ਤੋਂ ਨਾ ਰੋਕਣ, ਜਿਸ ਨੂੰ ਪੰਜਾਬੀ ਦੇ ਪ੍ਰਵਾਨਤ ਲੇਖਕ ਕੁਲਵੰਤ ਸਿੰਘ ਵਿਰਕ ਨੇ ਆਪਣੀ ਇਕ ਕਹਾਣੀ ਵਿਚ ‘ਸ਼ੇਰਨੀਆਂ’ ਦੀ ਨਿਆਈਂ ਪੇਸ਼ ਕੀਤਾ ਹੈ। ਕਰਨਾਟਕਾ ਦੇ ਮੰਤਰੀ ਦੇ ਬੋਲਾਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਉਸ ਰਾਜ ਦੇ ਰਾਜਨੀਤੀਵਾਨ ਪੰਜਾਬੀ ਧਾਰਨਾ ਨਾਲੋਂ ਕਿੰਨੇ ਪਛੜੇ ਹੋਏ ਹਨ।
ਨਿਕਚੂ ਬਾਲੜੀਆਂ ਦੀ ਨਵੀਂ ਪਹੰੁਚ ਜ਼ਿੰਦਾਬਾਦ!
ਗ੍ਰਹਿਰਾਜ ਮੰਤਰੀ ਤੇ ਉਸ ਦਾ ਪੱੁਤਰ: ਮੋਦੀ ਸਰਕਾਰ ਦੇ ਗ੍ਰਹਿਰਾਜ ਮੰਤਰੀ ਅਜੇ ਮਿਸ਼ਰਾ ਤੇ ਉਸ ਦੇ ਪੱੁਤਰ ਅਸ਼ੀਸ਼ ਮਿਸ਼ਰਾ ਦੀਆਂ ਕਰਤੂਤਾਂ ਤੋਂ ਜੱਗ ਜਾਣੂ ਹੈ। ਜੇ ਅਸ਼ੀਸ਼ ਨੇ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਉੱਤੇ ਆਪਣੀ ਫਾਰਚੂਨਰ ਗੱਡੀ ਚੜ੍ਹਾਉਂਦਿਆਂ ਅੱਗਾ-ਪਿੱਛਾ ਨਹੀਂ ਵੇਖਿਆ ਤਾਂ ਉਸ ਦੇ ਪਿਤਾ ਦੀ ਹਉਮੈ ਵੀ ਕਿਸੇ ਨੂੰ ਭੁੱਲੀ ਨਹੀਂ। ‘ਇਹੋ ਜਿਹੇ ਕਾਰਕੁਨਾਂ ਨੂੰ ਮੈਂ ਦੋ ਮਿੰਟ ਵਿਚ ਸੋਧ ਦਿਆਂਗਾ’, ਉਸ ਦੇ ਬੋਲ ਸਨ। ਉਹ ਭੁੱਲ ਗਿਆ ਹੈ ਕਿ ਜਿਨ੍ਹਾਂ ਕਾਰਕੁਨਾਂ ਨੂੰ ਸੋਧਣ ਦੀ ਉਹ ਗੱਲ ਕਰ ਰਿਹਾ ਹੈ, ਉਨ੍ਹਾਂ ਨੇ ਯੂ. ਪੀ. ਦੀ ਬੰਜਰ ਧਰਤੀ ਦੀ ਹਿੱਕ ਪਾੜ ਕੇ ਇਸ ਨੂੰ ਵਾਹੀ ਖੇਤੀ ਦੇ ਯੋਗ ਬਣਾਇਆ, ਜਿਸ ਨਾਲ ਦੇਸ਼ ਦੇ ਅੰਨ ਭੰਡਾਰ ਵਿਚ ਵਾਧਾ ਹੋਇਆ ਹੈ। ਕੀ ਪਿਓ-ਪੱੁਤਰ ਦੀ ਪਹੰੁਚ ਜਲਿਆਂਵਾਲਾ ਬਾਗ ਵਿਚ ਜਨਰਲ ਡਾਇਰ ਦੀ ਹੈਂਕੜ ਤੋਂ ਘੱਟ ਹੈ?
ਹੁਣ ਸੁਪਰੀਮ ਕੋਰਟ ਦੀ ਫਿਟਕਾਰ ਤੋਂ ਪਿੱਛੋਂ ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਤੇ ਪੁਲਿਸ ਰਿਮਾਂਡ ਨੇ ਉੱਤਰੀ ਭਾਰਤ ਦੇ ਕਵੀਆਂ ਤੇ ਕਲਮਕਾਰਾਂ ਨੂੰ ਅਜਿਹੀਆਂ ਸ਼ਰਮਨਾਕ ਕਾਰਵਾਈਆਂ ਦੇ ਵਿਰੋਧ ਵਿਚ ਬੋਲਣ ਤੇ ਲਿਖਣ ਲਈ ਪ੍ਰੇਰਿਆ ਹੈ। ਖਾਸ ਕਰਕੇ ਮੰਤਰੀ ਦੇ ਕੁਰਸੀ ਉੱਤੇ ਟਿਕੇ ਰਹਿਣ ਤੇ ਸਰਕਾਰ ਵਲੋਂ ਦਿੱਤੀ ਜਾ ਰਹੀ ਸੁਰੱਖਿਆ ਦੇ ਵਿਰੋਧ ਵਿਚ। ਸਬੂਤ ਮਿਟਾਏ ਜਾ ਰਹੇ ਹਨ। ਵੇਖੋ ਕੀ ਬਣਦਾ ਹੈ।
ਅੰਤਿਕਾ: ਸਵਰਾਜਬੀਰ
ਯਾਦ ਮੋਇਆਂ ਨੂੰ ਕਰਨਾ ਹੈ,
ਦੁੱਖ ਆਪਣਾ ਇੰਜ ਜਰਨਾ ਹੈ।
ਯਾਦ ਦੀ ਚੰਡੀ ਚੰਡਣੀ ਹੈ,
ਜੋ ਟੁੱਟੀ ਉਹ ਗੰਢਣੀ ਹੈ,
ਜੋ ਟੁੱਟੀ ਉਹ ਗੰਢਣੀ ਹੈ।
ਸਵਾਲ ਜਾਬਰ ਨੂੰ ਕਰਨਾ ਹੈ,
ਦਰਿਆ ਅਗਨ ਦਾ ਤਰਨਾ ਹੈ।