ਉਸ ਨੇ ਨਹੀਂ ਆਉਣਾ

ਗੁਰਮੀਤ ਸਿੰਘ ਮਰਾੜ੍ਹ
ਫੋਨ: 91-95014-00397
“ਬਾਈ, ਜੀਅ ਤਾਂ ਨਹੀਂ ਕਰਦਾ ਉਸ ਘਰ ਜਾਣ ਨੂੰ, ਦੁਨੀਆਂਦਾਰੀ ਮਾਰਦੀ ਆ। ਜੇ ਕੱਲ੍ਹ ਨੂੰ ਮਰ-ਮਰਾ ਗਈ ਫਿਰ ਵੀ…। ਦੂਜਾ ਮੁੰਡਾ ਬਾਹਰ ਗਿਆ, ਮਤੇ ਕੱਲ੍ਹ ਨੂੰ ਕੰਮ ਪੈ ਜਾਵੇ।” ਸੀਤੋ ਨੇ ਚਾਹ ਵਾਲਾ ਗਲਾਸ ਰੱਖਦਿਆਂ ਆਉਣ ਦੀ ਮਜਬੂਰੀ ਜਾਹਰ ਕੀਤੀ। “ਬਾਈ ਮੈਂ ਤਾਂ ਤੈਨੂੰ ਵੀ ਕਹਿੰਦੀ ਹਾਂ, ਗੁੱਸਾ ਛੱਡ ਮੌਕਾ ਸਾਂਭ। ਪੈਲੀ ਦੇ ਚਾਰ ਸਿਆੜ ਹੱਥ ਕਰ।’” ਸੀਤੋ ਨੇ ਗੁੱਝੀ ਰਮਜ਼ ਵੱਡੇ ਭਰਾ ਨੂੰ ਮਾਰੀ।
“ਗੱਲ ਤਾਂ ਤੇਰੀ ਠੀਕ ਹੈ ਸੀਤੋ, ਇਹਦੇ ਮਰਨ ਮਗਰੋਂ ਮੁੰਡੇ ਨੂੰ ਕਿਸੇ ਤਰ੍ਹਾਂ ਹੱਥ ਹੇਠ ਕਰੀਏ। ਇਉਂ ਕਰ, ਆਪਾਂ ਚਲਦੇ ਹਾਂ, ਬੰਸੋ ਰੋਟੀ ਟੁੱਕ ਸਾਂਭ ਕੇ ਆ ਜਾਊ।” ਪੈਲੀ ਦਾ ਖਿਆਲ ਕਰ ਸੁਖਦੇਵ ਮਨ ਵਿਚ ਗੋਂਦਾਂ ਗੁੰਦਦਾ ਸੀਤੋ ਨਾਲ ਤੁਰ ਪਿਆ।

ਸੀਤੋ ਹੁਣੇ ਹੀ ਪੇਕੇ ਆਈ ਸੀ। ਸਿੱਧੀ ਉਹ ਵੱਡੇ ਭਰਾ ਦੇ ਘਰ ਉਤਰੀ ਸੀ, ਉਥੋਂ ਸਲਾਹ ਬਣਾ ਤੇ ਭਰਾ ਨੂੰ ਲੈ ਇੱਧਰ ਆਈ ਸੀ। ਭਾਵੇਂ ਇਸ ਘਰ ਨਾਲ ਆਉਣ ਜਾਣ ਤਾਂ ਉਸ ਦਾ ਭਰਾ ਦੇ ਮਰਨ ਤੋਂ ਪਹਿਲਾਂ ਹੀ ਖਤਮ ਹੋ ਗਿਆ ਸੀ, ਪਰ ਭਰਜਾਈ ਦਾ ਅੰਤਿਮ ਸਮਾਂ ਵੇਖ ਉਸ ਨੂੰ ਆਉਣਾ ਪਿਆ ਸੀ। ਗੁਰਦੇਵ ਅਤੇ ਸੁਖਦੇਵ ਦੋਨੋਂ ਭਰਾ ਸਨ। ਗੁਰਦੇਵ ਸੀ ਤਾਂ ਭਾਵੇਂ ਛੋਟਾ, ਪਰ ਘਰ ਦੀ ਗਰੀਬੀ ਅਤੇ ਸਾਹ ਦੀ ਬਿਮਾਰੀ ਨੇ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਸੀ। ਰਹਿੰਦੀ ਕਸਰ ਵੱਡੇ ਭਰਾ ਸੁਖਦੇਵ ਨੇ ਪੈਰ-ਪੈਰ ‘ਤੇ ਧੋਖਾ ਕਰ ਪੂਰੀ ਕਰ ਦਿੱਤੀ ਸੀ। ਜ਼ਮੀਨ ਦੀ ਵੰਡ ਵੇਲੇ ਵੀ ਉਸ ਦੇ ਹਿੱਸੇ ਚੱਕਾਂ ਵਾਲੇ ਟਿੱਬੇ ਤੇ ਦੈੜਾਂ ਵਾਲੀ ਕੱਲਰੀ ਜ਼ਮੀਨ ਆਈ ਸੀ। ਘਰ ਦੇ ਹਿੱਸੇ ਦੇ ਤੌਰ ‘ਤੇ ਪਸ਼ੂਆਂ ਵਾਲਾ ਵਾੜਾ ਆਇਆ ਸੀ, ਜਿੱਥੇ ਪਸ਼ੂ ਬੰਨ੍ਹਣ ਵਾਲਾ ਢਾਰਾ ਉਸ ਦੀ ਰਿਹਾਇਸ਼ ਬਣਿਆ। ਇੰਨਾ ਸਭ ਹੁੰਦਿਆਂ ਵੀ ਉਸ ਨੇ ਭਰਾ ਜਾਂ ਪੰਚਾਇਤ ਨੂੰ ਕਦੇ ਵੀ ਮਾੜਾ ਨਾ ਬੋਲਿਆ, ‘ਚੱਲ ਹੋਊ’ ਕਹਿ ਕੇ ਭਾਣਾ ਮੰਨ ਲਿਆ। ਸੁਖਦੇਵ ਇੱਕ ਚਲਦਾ ਪੁਰਜਾ ਸੀ, ਰਿਸ਼ਤੇਦਾਰਾਂ ਤੋਂ ਲੈ ਕੇ ਪਿੰਡ ਦੀ ਪੰਚਾਇਤ ਤੱਕ ਉਸ ਦੀ ਚਲਦੀ ਸੀ। ਹੁਣ ਤਾਂ ਉਹ ਲੋਕਲ ਗੁਰੂ ਘਰ ਦਾ ਪ੍ਰਧਾਨ ਵੀ ਚੁਣਿਆ ਗਿਆ ਸੀ। ਗੁਰਦੇਵ ਮਿੱਟੀ ਨਾਲ ਮਿੱਟੀ ਹੋ ਔਖਾ ਸੌਖਾ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਉਸ ਦੀ ਘਰ ਵਾਲੀ ਨਸੀਬ ਕੌਰ ਹੱਸਮੁੱਖ ਅਤੇ ਤਕੜੇ ਜਿਗਰੇ ਵਾਲੀ ਔਰਤ ਸੀ। ਉਸ ਨੇ ਗੁਰਦੇਵ ਨੂੰ ਡੋਲਣ ਨਹੀਂ ਸੀ ਦਿੱਤਾ। ਖੁਦ ਬਰਾਬਰ ਉਸ ਨਾਲ ਖੇਤੀ ਦਾ ਕੰਮ ਕਰਾਉਂਦੀ ਸੀ।
ਇੱਕ ਦਿਨ ਰੋਟੀ ਲੈ ਕੇ ਗਈ ਤਾਂ ਗੁਰਦੇਵ ਮਾੜੀ ਫਸਲ ਵੇਖ ਮਨ ਡੁਲਾਈ ਬੈਠਾ ਸੀ, “ਇੱਥੇ ਕੀ ਹੋਣਾ, ਫਸਲ ਦਾ ਤਾਂ ਉਗਾ ਹੀ ਹੈ ਨਹੀਂ। ਕੀ ਬਣੇਗਾ ਸਾਡਾ?” ਉਹ ਸਵੇਰ ਦਾ ਆ ਕੇ ਵੱਟ `ਤੇ ਬੈਠਾ ਫਸਲ ਉਗਦੀ ਨਾ ਵੇਖ ਚਿੰਤਾ ਵਿਚ ਡੁਬਿਆ ਹੋਇਆ ਸੀ।
“ਓ ਤੂੰ ਰੋਟੀ ਤਾਂ ਖਾ, ਫਿਰ ਵੇਖਦੇ ਹਾਂ ਇਹ ਦੀ ਬਿਮਾਰੀ ਵੀ। ਤੇਰੇ ਨਸੀਬਾਂ ਦਾ ਤੈਨੂੰ ਮਿਲ ਜਾਣਾ, ਜੇ ਨਸੀਬਾਂ `ਚ ਨਹੀਂ ਤਾਂ ਫਿਰ ਵੇਖੀ ਜਾਊ।” ਨਸੀਬ ਨੇ ਗੱਲ ਹਾਸੇ `ਚ ਪਾਉਂਦਿਆਂ ਪੋਣੇ ਵਿਚੋਂ ਰੋਟੀ ਖੋਲ੍ਹ ਅੱਗੇ ਰੱਖ ਦਿੱਤੀ।
“ਨਸੀਬਾਂ ਦਾ ਤਾਂ ਪਤਾ ਨਹੀਂ, ਪਰ ਨਸੀਬ ਤਾਂ ਮੇਰੀ ਹੈ।” ਗੁਰਦੇਵ ਨੇ ਹੱਥ ਫੜ ਚੁੰਮਦਿਆਂ ਮਾਣ ਨਾਲ ਕਿਹਾ। ਨਸੀਬ ਦਾ ਅੰਗ-ਅੰਗ ਨਸ਼ਿਆ ਗਿਆ। ਉਸ ਨੂੰ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਸੀ, ਜਿਵੇਂ ਮਹਾਰਾਣੀ ਦਾ ਖਿਤਾਬ ਮਿਲ ਗਿਆ ਹੋਵੇ। ਜਿ਼ੰਦਗੀ ਵਿਚ ਹਾਰ ਮੰਨਣਾ ਤਾਂ ਜਿਵੇਂ ਉਸ ਨੇ ਸਿਖਿਆ ਹੀ ਨਹੀਂ ਸੀ। ਪਿੰਡ ਵਿਚ ਹਰ ਇੱਕ ਦੀ ਖੁਸ਼ੀ ਗਮੀ ਵਿਚ ਸ਼ਾਮਿਲ ਹੋਣ ਦਾ ਤਾਂ ਜਿਵੇਂ ਉਸ ਨੂੰ ਜਨੂੰਨ ਸੀ। ਜਾਤ ਜਾਂ ਧਰਮ ਉਸ ਲਈ ਕੋਈ ਅਰਥ ਨਹੀਂ ਸੀ ਰੱਖਦਾ। ਇਸੇ ਕਰਕੇ ਵਿਹੜੇ ਦੀਆਂ ਔਰਤਾਂ ਵੀ ਨਰਮੇ ਫੁੱਟੀ ਵੇਲੇ ਖੁਸ਼ੀ ਖੁਸ਼ੀ ਉਸ ਨਾਲ ਜਾਂਦੀਆਂ। ਜੇਠਾਣੀ ਬੰਸੋ ਨੂੰ ਇਸੇ ਗੱਲੋਂ ਚਿੜ੍ਹ ਚੜ੍ਹਦੀ ਸੀ ਤੇ ਉਹ ਉਸ ਵਿਰੁੱਧ ਜ਼ਹਿਰ ਉਗਲਦੀ ਰਹਿੰਦੀ ਤੇ ਇੱਥੋਂ ਹੀ ਨਨਾਣ ਸੀਤੋ ਦਾ ਵਿਰੋਧ ਹੋਰ ਤਿੱਖਾ ਹੋ ਜਾਂਦਾ।
ਔਖੀ ਸੌਖੀ ਜਿ਼ੰਦਗੀ ਰਿੜ੍ਹੀ ਜਾਂਦੀ ਸੀ ਪਰ ਇੱਕ ਦਿਨ ਗੁਰਦੇਵ ਰੌਂਦੇ ਕੁਰਲਾਉਂਦੇ ਪਰਿਵਾਰ ਨੂੰ ਛੱਡ, ਸਦਾ ਦੀ ਨੀਂਦ ਸੌ ਗਿਆ। ਨਸੀਬੋ ਨੇ ‘ਰੱਬ ਦੀ ਰਜ਼ਾ` ਜਾਣ ਸਬਰ ਕਰ ਲਿਆ ਸੀ। ਗੁਰਦੇਵ ਦੀ ਮੌਤ ਬਾਅਦ ਸੁਖਦੇਵ ਹੋਰਾਂ ਹਮਦਰਦੀ ਵਿਖਾਈ ਜਾਂ ਦੁਨੀਆਂਦਾਰੀ, ਸਸਕਾਰ ਤੋਂ ਲੈ ਕੇ ਫੁੱਲ ਚੁਗਣ ਤੱਕ ਘਰ ਪਰਿਵਾਰ ਨੂੰ ਸੰਭਾਲਿਆ ਸੀ। ਰਿਸ਼ਤੇਦਾਰਾਂ ਨੂੰ ਬਿਠਾ ਖੇਤੀ ਦਾ ਕੰਮ ਆਪ ਸੰਭਾਲਣ ਅਤੇ ਨਸੀਬ ਕੌਰ ਨੂੰ ਬਣਦਾ ਠੇਕਾ ਦੇਣ ਦੀ ਗੱਲ ਪੱਕੀ ਕਰ ਲਈ ਸੀ।
ਥੋੜ੍ਹੇ ਚਿਰ ਪਿੱਛੋਂ ਹੀ ਸੁਖਦੇਵ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਠੇਕੇ ਦੀ ਰਕਮ ਵਿਚ ਵਾਧਾ ਘਾਟਾ ਕਰਨ ਲੱਗਿਆ। ਇਧਰ ਉਧਰ ਦੇ ਲੈਣ-ਦੇਣ ਵਿਖਾ ਠੇਕੇ ਦੀ ਰਕਮ ਖੁਰਦ-ਬੁਰਦ ਕਰਨੀ ਸ਼ੁਰੂ ਕਰ ਦਿੱਤੀ। ਸ਼ਰੀਕਾਂ ਨੇ ਤਾਂ ਇਹ ਵੀ ਦੱਸਿਆ ਸੀ ਕਿ ਉਹ ਗਿਰਦਾਵਰੀ ਆਪਣੇ ਨਾਮ ਕਰਵਾ ਜ਼ਮੀਨ ਦੱਬਣ ਨੂੰ ਫਿਰਦਾ ਸੀ। ‘ਤਕੜੇ ਦੇ ਸਭ ਰਿਸ਼ਤੇਦਾਰ` ਅਨੁਸਾਰ ਨਸੀਬ ਦੀ ਕਿਸੇ ਨਾ ਸੁਣੀ, ਸਗੋਂ ਸੀਤੋ ਵੀ ਗੱਲ ਗੱਲ `ਤੇ ਵੱਡੇ ਭਰਾ ਦਾ ਪੱਖ ਪੂਰਦੀ। ਨਸੀਬੋ ਇਕਲੌਤੇ ਨਿਆਣੇ ਪੁੱਤ ਕਾਰਨ ਕਿਸੇ ਝਗੜੇ `ਚ ਪੈਣ ਤੋਂ ਡਰਦੀ ਸੀ ਅਤੇ ਜ਼ਮੀਨ ਛੁਡਾ ਖੁਦ ਖੇਤੀ ਕਰਨ ਜਾਂ ਕਿਸੇ ਹੋਰ ਨੂੰ ਠੇਕੇ ਤੇ ਦੇਣ ਦੀ ਸੋਚਦੀ ਸੀ, ਪਰ ਸੁਖਦੇਵ ਕਿਸੇ ਵੀ ਤਰੀਕੇ ਜ਼ਮੀਨ ਛੱਡਣ ਨੂੰ ਤਿਆਰ ਨਹੀਂ ਸੀ।
ਆਖਰ ਪੰਚਾਇਤੀ-ਥਾਣੇ ਹੋ ਜ਼ਮੀਨ ਦਾ ਕਬਜ਼ਾ ਨਸੀਬੋ ਨੇ ਆਪਣੇ ਹੱਥ ਕਰ ਲਿਆ। ਪੁਰਾਣੇ ਸੀਰੀ ਫੱਤੂ ਨੂੰ ਰਲਾ ਖੇਤੀ ਦਾ ਕੰਮ ਖੁਦ ਵੇਖਣ ਲੱਗੀ। ਉਦੋਂ ਤੋਂ ਹੀ ਸੁਖਦੇਵ ਸਮੇਤ ਰਿਸ਼ਤੇਦਾਰ ਉਸ ਦੇ ਦੁਸ਼ਮਣ ਬਣ ਗਏ। ਕਿਸੇ ਅਣਜਾਣੇ ਡਰ ਕਾਰਨ ਨਸੀਬੋ ਨੇ ਜੁਆਨ ਹੁੰਦੇ ਪੁੱਤ ਨੂੰ ਫੜ-ਦੜ ਕਰ ਬਾਹਰ ਭੇਜ ਦਿੱਤਾ ਸੀ। ਥੋੜ੍ਹੀ ਜ਼ਮੀਨ ਕਾਰਨ ਹਾਲਤ ਵੀ ਕੋਈ ਵਧੀਆ ਨਹੀਂ ਸੀ। ਪੁੱਤ ਦੇ ਜਾਣ ਬਾਅਦ ਨਸੀਬੋ ਨੂੰ ਔਖਾ ਤਾਂ ਲੱਗਿਆ, ਪਰ ਫੱਤੂ ਦੇ ਪਰਿਵਾਰ ਕਾਰਨ ਉਸ ਦੇ ਦਿਨ ਗੁਜਰ ਰਹੇ ਸਨ।
ਕੱਲ੍ਹ ਫੱਤੂ ਨੇ ਹੀ ਸੁਖਦੇਵ ਦੇ ਘਰ ਨਸੀਬੋ ਦੀ ਮਾੜੀ ਹਾਲਤ ਬਾਰੇ ਦੱਸਿਆ ਸੀ। ਸੁਖਦੇਵ ਜਾਂ ਪਰਿਵਾਰ ਖੁਦ ਤਾਂ ਉਸ ਵੇਲੇ ਨਾ ਆਇਆ, ਪਰ ਸੀਤੋ ਨੂੰ ਸੱਦ ਲਿਆ ਸੀ। ਨਸੀਬੋ ਕਾਫੀ ਚਿਰ ਤੋਂ ਬਿਮਾਰ ਸੀ। ਉਸ ਨੂੰ ਅਧਰੰਗ ਦਾ ਦੌਰਾ ਪੈ ਚੁਕਾ ਸੀ। ਦੋ-ਤਿੰਨ ਦਿਨ ਤੋਂ ਉਸ ਦੀ ਨਿਘਰਦੀ ਹਾਲਤ ਵੇਖ ਸੁਖਦੇਵ ਹੋਰਾਂ ਨੂੰ ਦੱਸਣਾ ਜਰੂਰੀ ਸਮਝਿਆ ਸੀ। ਸੀਤੋ ਨੇ ਨੱਕ-ਬੁੱਲ੍ਹ ਚੜ੍ਹਾਉਂਦਿਆਂ ਨਸੀਬੋ ਦਾ ਮੰਜਾ ਆਣ ਮੱਲਿਆ ਸੀ। ਨਸੀਬੋ ਬੇਸੁੱਧ ਸੀ, ਲਗਦਾ ਸੀ ਉਸ ਦਾ ਆਖਰੀ ਸਮਾਂ ਨੇੜੇ ਆ ਗਿਆ ਸੀ। ਨਸੀਬੋ ਵਾਰ ਵਾਰ ਡਾ…ਡਾ…ਡਾ ਬੁੜਬੜਾ ਰਹੀ ਸੀ। ਸੀਤੋ ਅਤੇ ਬੰਸੋ ਨੂੰ ਕੁੱਝ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਹਿ ਰਹੀ ਹੈ। ਉਨ੍ਹਾਂ ਡਾ…ਡਾ… ਤੋਂ ਡਾਲਰ ਸਮਝ ਘਰ ਦੀਆਂ ਪੇਟੀਆਂ ਅਲਮਾਰੀਆਂ ਫਰੋਲ ਸੁੱਟੀਆਂ, ਪਰ ਕਿਤੋਂ ਵੀ ਕੁੱਝ ਵੀ ਹੱਥ ਨਹੀਂ ਸੀ ਆਇਆ। ‘ਰੰਡੀ ਨੇ ਪਤਾ ਨਹੀਂ ਕਿੱਥੇ ਲੁਕਾਇਆ` ਉਹ ਨਸੀਬੋ `ਤੇ ਖਿਝੀਆਂ ਪਈਆਂ ਸਨ। ਦਿਨ ਚੜ੍ਹਾ ਨਾਲ ਨਸੀਬੋ ਨੇ ਆਖਰੀ ਸਾਹ ਲਿਆ। ਲੋਕ ਵਿਖਾਵਾ ਕਰਦਿਆਂ ਸੀਤੋ ਅਤੇ ਸੁਖਦੇਵ ਦਾ ਪਰਿਵਾਰ ਰੌਣਾ-ਧੌਣਾ ਕਰ ਰਿਹਾ ਸੀ। ਸਸਕਾਰ ਤਾਂ ਦੀਪੇ ਦੇ ਬਾਹਰੋਂ ਆਉਣ `ਤੇ ਹੀ ਹੋਣਾ ਸੀ, ਸੋ ਲਾਸ਼ ਨੂੰ ਮੁਰਦਾ ਘਰ ਵਿਚ ਰਖਵਾ ਦਿੱਤਾ।
“ਚਾਚਾ ਪ੍ਰੀਤਮਾ ਤੂੰ ਤਾਂ ਸਿਆਣਾ ਬੰਦਾ, ਭਾਬੀ ਮਰਨ ਵਾਲੀ ਰਾਤ ਡਾ… ਡਾ… ਬੁੜਬੜਾਉਂਦੀ ਰਹੀ, ਇਸ ਦਾ ਕੀ ਮਤਲਬ ਹੋਊ?” ਸੀਤੋ ਸੱਥਰ `ਤੇ ਬੈਠੇ ਸਿਆਣੇ ਬੰਦਿਆਂ ਕੋਲ ਬੈਠ ਗੁੱਝੇ ਭੇਦ ਨੂੰ ਜਾਣਨਾ ਚਾਹੁੰਦੀ ਸੀ। “ਡਾਕੀਏ ਵੱਲ ਧਿਆਨ ਜਾਂਦਾ ਹੋਣਾ, ਪੁੱਤ ਦੀ ਚਿੱਠੀ-ਚੀਰੀ ਵਾਸਤੇ।” ਪ੍ਰੀਤਮ ਸਿੰਘ ਨੇ ਐਨਕ ਸੂਤ ਕਰਦਿਆਂ ਅਨੁਮਾਨ ਲਾਇਆ।
“ਭਾਈ ਜਦੋਂ ਆਤਮਾ ਨੂੰ ਜਮ ਲੈ ਕੇ ਜਾਂਦੇ ਤਾਂ ਉਸ ਨੂੰ ਬਹੁਤ ਤਕਲੀਫ ਦਿੰਦੇ ਨੇ, ਧਰਮ ਰਾਜ ਦੇ ਹਿਸਾਬ-ਕਿਤਾਬ ਵੀ ਹੁੰਦੇ ਆ, ਕੀਤੇ ਦੀ ਸਜ਼ਾ ਬਾਰੇ ਆਤਮਾ ਡਰਦੀ ਹੋਣੀ ਆ।” ਦੇਸੇ ਪੰਡਿਤ ਨੇ ਆਪਣੀ ਪੰਡਤਾਈ ਘੋਟੀ। ਸੱਥਰ `ਤੇ ਬੈਠਾ ਹਰ ਕੋਈ ਇਸ ਬਾਰੇ ਆਪਣੀ ਹਾਜ਼ਰੀ ਲਵਾ ਵੱਖ ਵੱਖ ਅੰਦਾਜ਼ੇ ਦੇ ਰਿਹਾ ਸੀ। ਸੀਤੋ ਨੂੰ ਇਨ੍ਹਾਂ ਸ਼ਬਦਾਂ ਨਾਲ ਸਬਰ ਨਾ ਆਇਆ। ਉਸ ਦੀ ਨਜ਼ਰ ਅਤੇ ਸੋਚ ਵਾਰ ਵਾਰ ਡਾਲਰ ਦੇਖਣ ਤੇ ਕਬਜੇ `ਚ ਲੈਣ ਨੂੰ ਤਾਂਘ ਰਹੀ ਸੀ।
ਤੀਜੇ ਦਿਨ ਦੀਪਾ ਆ ਗਿਆ ਸੀ। ਸਸਕਾਰ ਦੀਆਂ ਤਿਆਰੀਆਂ ਹੋ ਰਹੀਆਂ ਸਨ। ਦੀਪਾ ਮਾਂ ਦੀ ਲਾਸ਼ ਨੂੰ ਚੁੰਬੜ ਧਾਹਾਂ ਮਾਰ ਰਿਹਾ ਸੀ। ਸਭ ਉਸ ਨੂੰ ਸਬਰ ਕਰਨ ਲਈ ਧਰਵਾਸ ਦੇ ਰਹੇ ਸਨ। ਭੂਆ ਅਤੇ ਤਾਇਆ ਬੁੱਕਲ ‘ਚ ਲੈ ਚੁੱਪ ਕਰਾ ਰਹੇ ਸਨ। “ਭੂਆ, ਮੰਮੀ ਨੇ ਜਾਂਦਿਆਂ ਮੈਨੂੰ ਯਾਦ ਕੀਤਾ ਹੋਣਾ?” ਦੀਪੇ ਨੇ ਰੋਣ ‘ਤੇ ਮਸਾਂ ਹੀ ਕਾਬੂ ਪਾਇਆ ਸੀ।
“ਪੁੱਤ ਸਾਨੂੰ ਖਾਸ ਤਾਂ ਕੁਝ ਸਮਝ ਨਹੀਂ ਆਈ, ਭਾਬੀ ਵਾਰ ਵਾਰ ਡਾ…ਡਾ…ਬੋਲਦੀ ਸੀ। ਰੱਬ ਜਾਣੇ ਕੀ ਕਹਿੰਦੀ ਸੀ।” ਜੀਤੋ ਦੀ ਨਿਗਾਹ ਦੀਪੇ ਦੇ ਚਿਹਰੇ `ਤੇ ਸੀ। ਜਵਾਬ ਸੁਣ ਉਸ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ।
“ਮੰਮੀ, ਡਾਲੀ ਨੂੰ ਯਾਦ ਕਰਦੀ ਹੋਣੀ ਆ।” ਦੀਪਾ ਕਿਸੇ ਡੂੰਘੀ ਸੋਚ ਪਿਆ ਬੋਲਿਆ।
“ਡਾਲੀ! ਡਾਲੀ ਕੌਣ?” ਸੀਤੋ ਦੇ ਮੂੰਹੋਂ ਇਕਦਮ ਨਿਕਲਿਆ।
“ਆਪਣੇ ਪੁਰਾਣੇ ਸਾਂਝੀ ਫੱਤੂ ਦੀ ਕੁੜੀ। ਮਾਂ ਤਾਂ ਉਸ ਦੀ ਨਿੱਕੀ ਹੁੰਦੀ ਦੀ ਮਰ ਗਈ ਸੀ। ਉਸ ਦੀ ਸੰਭਾਲ ਮੰਮੀ ਨੇ ਹੀ ਕੀਤੀ ਸੀ। ਮੇਰੇ ਨਾਲ ਹੀ ਪੜ੍ਹਦੀ ਸੀ। ਬਾਰ੍ਹਾਂ ਕਰ ਨਰਸ ਲੱਗ ਗਈ ਸੀ। ਮਾਂ ਨੂੰ ਉਹ ਹੀ ਸੰਭਾਲਦੀ ਸੀ ਹੁਣ ਤੱਕ। ਡਿਊਟੀ ਕਾਰਨ ਉਸ ਨੂੰ ਬਾਹਰ ਜਾਣਾ ਪਿਆ ਤਾਂ ਹੀ ਭੂਆ ਤੈਨੂੰ ਬੁਲਾਉਣਾ ਪਿਆ, ਮਾਂ ਨੂੰ ਸੰਭਾਲਣ ਵਾਸਤੇ। ਉਹ ਤਾਂ ਮਾਵਾਂ-ਧੀਆਂ ਵਾਂਗੂ ਰਹਿੰਦੀਆਂ ਸਨ। ਜੇ ਮੰਮੀ ਨੇ ਉਸ ਨੂੰ ਨਿੱਕੀ ਹੁੰਦੀ ਨੂੰ ਪਾਲਿਆ ਤਾਂ ਉਸ ਨੇ ਵੀ ਧੀਆਂ ਨਾਲੋਂ ਵੱਧ ਮਾਂ ਨੂੰ ਰੱਖਿਆ। ਨਹਾਉਣਾ-ਧੁਹਾਉਣਾ ਸਭ ਉਹ ਹੀ ਕਰਦੀ ਸੀ। ਮੰਮੀ ਤਾਂ ਕਿੰਨੇ ਚਿਰ ਤੋਂ ਮੰਜੀ `ਤੇ ਪਈ ਸੀ। ਇਹ ਤਾਂ ਉਸ ਦੀ ਸੰਭਾਲ ਹੀ ਸੀ…ਸ਼ਾਇਦ ਸਕੀ ਧੀ ਵੀ ਐਨਾ ਨਾ ਕਰਦੀ। ਉਹ ਨਿੱਕੀ ਹੁੰਦੀ ਕੋਈ ਕਵਿਤਾ ਬੋਲਦੀ ਹੁੰਦੀ ਸੀ ‘ਡਾਲੀ ਡਾਲੀ, ਪਾਤ ਪਾਤ` ਉਥੋਂ ਹੀ ਮੰਮੀ ਨੇ ਉਸ ਦਾ ਨਾਮ ਡਾਲੀ ਰੱਖਿਆ ਸੀ। ਮੈਂ ਉਸ ਨੂੰ ਫੋਨ ਕਰ ਦਿੱਤਾ ਸੀ, ਆਉਂਦੀ ਹੋਣੀ ਵਿਚਾਰੀ।”
ਸੁਣ ਕੇ ਜੀਤੋ ਦਾ ਉਤਸ਼ਾਹ ਹੀ ਨਹੀਂ ਮੱਠਾ ਪਿਆ, ਸਗੋਂ ਨਸੀਬੋ ਪ੍ਰਤੀ ਘ੍ਰਿਣਾ ਵੀ ਜਾਗ ਪਈ ਸੀ। ਨਸੀਬੋ ਨੂੰ ਕਿਸੇ ਜਾਤ, ਮਜਹਬ ਨਾਲ ਕੋਈ ਮਤਲਬ ਨਹੀਂ ਸੀ। ਉਹ ਹਰੇਕ ਦੇ ਆਉਂਦੀ-ਜਾਂਦੀ ਸੀ। ਡਾਲੀ ਨਾਲ ਤਾਂ ਉਸ ਦਾ ਖਾਣ-ਪੀਣ ਹੀ ਸਾਂਝਾ ਸੀ। ਦੀਪ ਨਾਲੋਂ ਵੀ ਡਾਲੀ ਨੂੰ ਜਿ਼ਆਦਾ ਪਿਆਰ ਕਰਦੀ ਸੀ ਨਸੀਬੋ।
ਸੱਥਰ ਤੇ ਦੀਪੇ ਨੂੰ ਲੋਕਾਂ ਨੇ ਘੇਰਿਆ ਹੋਇਆ ਸੀ, ਹਰ ਕੋਈ ਉਸ ਦੇ ਦੁੱਖ ਵਿਚ ਨੇੜਤਾ ਵਿਖਾਉਣ ਲਈ ਤਤਪਰ ਸੀ। ਡਾਲੀ ਆ ਕੇ ਨਸੀਬੋ ਦੀ ਲਾਸ਼ ਨੂੰ ਲਿਪਟ ਕੇ ਜਾਰੋ-ਜਾਰ ਰੋ ਰਹੀ ਸੀ। ਉਸੇ ਸਮੇਂ ਬੰਸੋ ਨੇ ਬੁੱਲ੍ਹ ਕੱਢਦਿਆਂ ਕਿਹਾ ਸੀ, “ਨਾ ਜਾਤੋਂ, ਨਾ ਗੋਤੋਂ, ਕਿਵੇਂ ਖੇਖਣ ਕਰਦੀ ਆ।”
ਜੀਤੋ ਅਤੇ ਬੰਸੋ ਦੀਆਂ ਚੁਭਵੀਆਂ ਗੱਲਾਂ ਅਤੇ ਉਨ੍ਹਾਂ ਦੀ ਨਫਰਤ ਵੇਖ ਡਾਲੀ ਪਿੱਛੇ ਹੋ ਬੈਠ ਗਈ ਸੀ। ਉਸ ਦੀ ਮਾਂ ਨਸੀਬੋ ਤਾਂ ਅੱਜ ਹੈ ਨਹੀਂ ਸੀ, ਜੋ ਸਭ ਦਾ ਵਿਰੋਧ ਝੱਲ ਆਪਣੀ ਧੀ ਨੂੰ ਗਲ੍ਹ ਲਾ ਲੈਂਦੀ। ਅੱਜ ਤਾਂ ਉਸ ਦੀ ਲਾਸ਼ ਵੀ ਸ਼ਰੀਕਾਂ ਦੇ ਕਬਜੇ ਵਿਚ ਸੀ, ਜਿਨ੍ਹਾਂ ਨੂੰ ਜਿਉਂਦੇ ਜੀਅ ਨਸੀਬੋ ਨੇ ਨੇੜੇ ਨਹੀਂ ਸੀ ਆਉਣ ਦਿੱਤਾ।
ਸਸਕਾਰ ਤੋਂ ਬਾਅਦ ਡਾਲੀ ਚਲੀ ਗਈ ਸੀ। ਦੀਪ ਉਸ ਨੂੰ ਮਿਲ ਵੀ ਨਹੀਂ ਸੀ ਸਕਿਆ। ਸ਼ਰੀਕਾਂ ਨੇ ਘੇਰਾ ਹੀ ਅਜਿਹਾ ਪਾਇਆ ਸੀ ਕਿ ਦੀਪਾ ਵੀ ਮਾਂ ਵਾਂਗ ਭੈਣ-ਭਰਾ ਦੇ ਰਿਸ਼ਤੇ ਨਾ ਨਿਭਾਉਣ ਬਹਿ ਜਾਵੇ! ਨਾ ਮਿਲਣ ਕਾਰਨ ਮਨ ਦੀਪੇ ਦਾ ਵੀ ਖਰਾਬ ਸੀ, ਪਰ ਉਹ ਦੱਬ ਕੇ ਰਹਿ ਗਿਆ।
ਡਾਲੀ ਨਾਲ ਹੋਏ ਵਿਹਾਰ ਅਤੇ ਉਸ ਵੱਲੋਂ ਕੁਝ ਵੀ ਨਾ ਕਰ ਸਕਣ ਕਾਰਨ ਦੀਪੇ ਦੇ ਦਿਮਾਗ ‘ਤੇ ਨਵਾਂ ਬੋਝ ਪੈ ਗਿਆ ਸੀ। ‘ਬਹਾਦਰ ਮਾਂ ਦਾ ਕਾਇਰ ਪੁੱਤ‘ ਸੋਚ ਸੋਚ ਦੀਪੇ ਦਾ ਸਿਰ ਫਟਣ ਲੱਗਾ। ਮਾਂ ਦੇ ਮਰਨ ਨਾਲ ਰਿਸ਼ਤਾ ਵੀ ਮਰ ਗਿਆ, ਉਸ ਨੂੰ ਇਹ ਗੱਲ ਵਾਰ ਵਾਰ ਕੁਰੇਦ ਰਹੀ ਸੀ। ਅਜੇ ਸਾਰੇ ਚੰਗੀ ਤਰ੍ਹਾਂ ਸੁੱਤੇ ਵੀ ਨਹੀਂ ਸਨ, ਦੀਪਾ ਬੁੜਬੜਾਉਣ ਲੱਗਾ..ਡ… ਡ…। ਸਭ ਇਕਦਮ ਉਠ ਕੇ ਬੈਠ ਗਏ। ਸੀਤੋ ਨੇ ਪਾਣੀ ਫੜਾਉਦਿਆਂ ਪੁਛਿਆ, “ਕੀ ਹੋਇਆ ਪੁੱਤ, ਤੂੰ ਵੀ ਮਾਂ ਵਾਂਗੂ…ਉਹੋ ਜਿਹਾ ਕਹੀ ਜਾਨਾਂ।”
“ਡੈੱਡ…ਸਭ ਖਤਮ…ਡੈੱਡ…ਭੂਆ ਉਹ ਹੁਣ ਕਦੇ ਨਹੀਂ ਆਵੇਗੀ?” ਦੀਪਾ ਅਜੇ ਵੀ ਬੇਸੁਰਤ ਜਿਹਾ ਬੋਲੀ ਜਾਂਦਾ ਸੀ।
“ਹਾਂ ਪੁੱਤ, ਸਬਰ ਕਰ। ਜਾਣ ਵਾਲੇ ਕਦੇ ਨਹੀਂ ਮੁੜਦੇ। ਹੁਣ ਉਸ ਨੇ ਕਦੇ ਨਹੀਂ ਆਉਣਾ।” ਸੀਤੋ ਨਸੀਬੋ ਬਾਰੇ ਸੋਚ ਦੀਪੇ ਨੂੰ ਧਰਵਾਸ ਦੇ ਰਹੀ ਸੀ।