ਨਾਵਲਕਾਰ-ਕਹਾਣੀਕਾਰ ਅਵਤਾਰ ਸਿੰਘ ਬਿਲਿੰਗ ਨੇ ਇਸ ਲੇਖ ਵਿਚ ਆਪਣੇ ਪਿੰਡ ਦੇ ਬੇਹੱਦ ਸਾਧਾਰਨ ਪਾਤਰ ਤੇਜਾ ਸਿੰਘ ਬਾਰੇ ਬਿਆਨ ਕੀਤਾ ਹੈ। ਇਸ ਵਿਚੋਂ ਪਿੰਡ ਦੇ ਜੀਵਨ ਦੇ ਝਲਕਾਰੇ ਪੈਂਦੇ ਹਨ। ਲਿਖਤ ਅੰਦਰ ਅਜਿਹਾ ਮਾਹੌਲ ਬੱਝਦਾ ਹੈ ਕਿ ਪਾਠਕ ਖੁਦ ਪਿੰਡ ਵਿਚ ਵਿਚਰਦਾ ਮਹਿਸੂਸ ਕਰਨ ਲੱਗਦਾ ਹੈ। ਅਜਿਹੇ ਪਾਤਰ ਅਤੇ ਕਾਮੇ ਹੁਣ ਬੇਸ਼ਕ ਦੁਰਲੱਭ ਹੋ ਗਏ ਹਨ। ਅੱਜ ਕੱਲ੍ਹ ਅਮਰੀਕਾ ਵੱਸਦੇ ਲੇਖਕ ਨੇ ਚਾਚਾ ਤੇਜਾ ਸਿੰਘ ਨੂੰ ਤਿਹੁ ਨਾਲ ਯਾਦ ਕੀਤਾ ਹੈ।
ਅਵਤਾਰ ਸਿੰਘ ਬਿਲਿੰਗ
ਵ੍ਹੱਟਸਐਪ: +91-82849-09596
‘ਹੱਟੀਆਂ ਵਾਲੀ ਗਲੀ` ਵਿਚ ਸੀ ਤੇਜੇ ਦਾ ਘਰ। ਸਾਡੇ ਨਾਲ ਪਿੱਠ ਭਿੜਦੀ। ਉਹਦਾ ਛੋਟਾ ਭਰਾ ਮੇਰੇ ਨਾਲ ਪੜ੍ਹਦਾ ਜਿਸ ਤੋਂ ਕਿਤਾਬ ਕਾਪੀ ਲੈਣ ਲਈ ਮੈਂ ਇਕ ਕੋਠਾ ਟੱਪਦਾ, ਉਹਨਾਂ ਦੀ ਪੌੜੀ ਜਾ ਉਤਰਦਾ। “ਵੇ ਬਚ ਕੇ ਮੱਲਾ, ਹੋਰ ਨਾ ਕਿਤੇ ਜਾਹ ਜਾਂਦੀ ਹੋ ਜਾਵੇ।” ਡੰਡਿਆਂ ਵਾਲੀ ਪੌੜੀ ਉਤਰਦੇ ਨੂੰ ਬੋਬੋ ਧੰਨ ਕੌਰ ਚਿਤਾਵਨੀ ਦਿੰਦੀ। ‘ਉੱਚੀ ਬੀਹੀ` ਵਿਚ ਸਾਡਾ ਮਕਾਨ ਆਖਰੀ ਸੀ। ਪਿੰਡ ਵਿਚ ਸਭ ਤੋਂ ਉੱਚਾ। ਇਸ ਤੋਂ ਅੱਗੇ ਸਰਦਾਰੇ ਔੜੇ ਦਾ ਖੋਲਾ। ਪਿਛਲੀ ਗਲੀ ਵਿਚੋਂ ਤੇਜੇ ਦੇ ਗਵਾਂਢੀ ਬਖਤੌਰੇ ਮਹਿਰੇ ਨੇ ਜਦੋਂ ਉਹ ਖੋਲਾ ਖਰੀਦ ਕੇ ਇਧਰ ਨੂੰ ਦਰਵਾਜ਼ਾ ਕੱਢ ਲਿਆ ਤਾਂ ਸਾਨੂੰ ਉਧਰ ਜਾਣ ਆਉਣ ਦੀ ਸੌਖ ਹੋ ਗਈ। ਅਸੀਂ ਨਿਆਣੇ ਨਿੱਕੇ ‘ਦਾਈਆਂ ਦੁੱਕੜੇ`, ‘ਲੁੱਕਣ ਮਚਾਈਆਂ` ਖੇਡਦੇ ਬਖਤੌਰੇ ਦੇ ਦੋ-ਗਲੀਏ, ਨੀਵੇਂ ਘਰ ਵਿਚ ਬੇਝਿਜਕ ਜਾ ਲੁਕਦੇ। ਛੂਹਣ ਛੁਹਾਈ ਤੋਂ ਬਚਦੇ, ਦੜਦੜਾਉਂਦੇ ਹੋਏ ਆਰ ਪਾਰ ਲੰਘਦੇ, ਤੇਜੇ ਵੱਲ ਜਾ ਨਿਕਲਦੇ। ਇਕ ਪਾਸੇ ਦਰਜ਼ੀ ਦੀ ਸਿਲਾਈ ਮਸ਼ੀਨ ‘ਟਿੱਕ ਟਿੱਕ` ਕਰਦੀ, ਦੂਜੀ ਤਰਫ ਉਸ ਦਾ ਬਾਪੂ ਭਾਗ ਸਿਹੁੰ ਥਥੂਏ ਨਾਲ ਭਾਂਡੇ ਪੱਥਦਾ। ਰੰਗ ਬਿਰੰਗੇ ਪਟੋਲਿਆਂ ਦੇ ਲਾਲਚ ਵੱਸ ਸਾਨੂੰ ਖੇਡ ਭੁੱਲ ਜਾਂਦੀ।
ਗਲੀ ਤੋਂ ਉਪਰ ਵੱਲ ਲੰਮਾ ਖੁੱਲ੍ਹਾ ਵਿਹੜਾ ਵੜਦਿਆਂ ਹੀ ਆਵਾ ਸੀ। ਆਵੇ ਨੇੜੇ ਮਿੱਟੀ ਦੇ ਬਰਤਨ ਚਿਣੇ ਹੋਏ। ਟੁੱਟੇ ਤਿੜਕੇ ਭਾਂਡਿਆਂ ਦੀ ਓਟ ਵਿਚ ਨੀਵੀਂ ਥਾਂ ਲੀਕੜ ਭਗਤ ਦੀ ਗੁਫਾ-ਨੁਮਾ ਕੁਟੀਆ! ਲੀਕੜ ਨੇ ਜਵਾਨੀ ਵੇਲੇ ਸਾਰੀ ਜ਼ਮੀਨ ਭੋਰ ਭੋਰ ਕੇ ਖਾਧੀ। ਹੁਣ ਘੋਰੀ ਨਗਨ ਸਾਧ ਬਣਿਆ, ਇਹਨਾਂ ਦਾ ਆਸਰਾ ਤੱਕਦਾ ਇਥੇ ਰਹਿੰਦਾ। ਉਹ ਆਪਣੇ ਘੁਰਨੇ ਜਿਹੇ ਵਿਚੋਂ ਹਰ ਆਏ ਗਏ ਵੱਲ ਦੇਖਦਾ। ਹਨੇਰੇ ਵਿਚ ਬੈਠੀ ਬਿੱਲੀ ਵਾਂਗ ਉਸ ਦੀ ਇਕੋ ਅੱਖ ਲਿਸ਼ਕਦੀ। ਕਦੇ ਕਦਾਈਂ ਉਹ ਪਿੱਛੇ ਉੱਚੀ ਜਗ੍ਹਾ ਬਣੀ ਤੇਜੇ ਦੀ ਦੁਕਾਨ ਮੂਹਰੇ ਦੇਹਲੀ ਤੋਂ ਬਾਹਰ ਬੈਠਾ ਹੁੰਦਾ। ਮਨ ਦੀ ਮੌਜ ਵਿਚ ‘ਓਮਕਾਰ` ਆਖਦਾ, ਆਪਣੀਆਂ ਜਟਾਂ ਝੰਡਕਦਾ ਤਾਂ ਨਿੰਮ ਦੇ ਬੂਰ ਵਾਂਗ ਜੂੰਆਂ ਝੜਦੀਆਂ। ਸਾਨੂੰ ‘ਮੁਤਰ ਮੁਤਰ` ਝਾਕਦਿਆਂ ਨੂੰ ਲੀਕੜ ਘੁਰਕਦਾ: “ਬੱਚਿਓ! ਆਖੋ ਓਅੰਕਾਰ! ਹੋ ਜੂ ਬੇੜਾ ਪਾਰ!” ਤੇ ਜੂੰਆਂ ਚੁਗਣ ਲੱਗਦਾ। ਕਹਿੰਦੇ, ਉਹ ‘ਖੂਹੀ ਵਾਲੇ ਰੱਬ` ਦਾ ਚੇਲਾ ਸੀ ਜਿਸ ਨੇ ਕਿਸੇ ਅਵੱਗਿਆ ਤੋਂ ਕੁੰਟੇ ਹੋਏ ਨੇ ਉਸ ਨੂੰ ਬਲੀਆਂ ਦੇ ਬੰਸੇ ਵਾਂਗ ਘੋਰੀ ਬਣਾ ਦਿੱਤਾ; ਜੋ ਨਾ ਕਦੇ ਨਹਾਉਂਦਾ, ਨਾ ਧੋਂਦਾ।
ਵੱਡਾ ਹੋਇਆ ਵੀ ਮੈਂ ਜਦੋਂ ਤੇਜੇ ਦੀ ਹੱਟੀ ਵੜਦਾ, ਮਸ਼ੀਨ ਦੀ ‘ਟਿੱਕ ਟਿੱਕ` ਸੁਣਾਈ ਦਿੰਦੀ। ਮਸ਼ੀਨ ਪਿੱਛੇ ਪੱਬਾਂ ਭਾਰ ਬੈਠਾ ਦਰਜ਼ੀ ਮੋਟੀਆਂ ਐਨਕਾਂ ਵਿਚੋਂ ਮੁਸਕਰਾਉਂਦਾ। ‘ਫਿਕਸੋ` ਨਾਲ ਚਿੰਬੇੜੀ ਬੋਕ ਦਾਹੜੀ! ਸਦਾ ਚਿਣ ਕੇ ਬੰਨ੍ਹੀਂ ਕਾਲੀ-ਸਲੇਟੀ ਪਗੜੀ! ਪੱਗ ਦੀ ਨੋਕ ਤੋਂ ਉਪਰ ਧਾਗੇ ਸਮੇਤ ਟੰਗੀ ਕੰਧੂਈ ਸੂਈ! ਤੇ ਕੀੜੀ ਵਾਂਗ ਕੰਮ ਲੱਗਿਆ ਤੇਜਾ। ਵਿਚ ਵਿਚਾਲੇ ‘ਟਿੱਕ ਟਿੱਕ` ਇਕਦਮ ‘ਕੜੱਕ` ਦੇ ਕੇ ਬੰਦ ਹੁੰਦੀ, ਉਹ ਮਸ਼ੀਨ ਨੂੰ ਪਰੇ ਧੱਕਦਾ; ਬਾਰੀਕ ਸੂਈ ਨਾਲ ਕਾਜ ਕਰਦਾ, ਬਟਨ ਲਾਉਂਦਾ ਜਾਂ ਤਰਪਾਈ ਦੇ ਪੁੱਠੇ ਤੋਪੇ ਮਸ਼ੀਨੀ ਸਪੀਡ ਨਾਲ ਭਰਦਾ। ਪੇਂਡੂ ਸ਼ਿਸ਼ਟਾਚਾਰ ਵਜੋਂ ਉਹ ਮੇਰਾ ‘ਚਾਚਾ` ਲੱਗਦਾ। ਸਾਰਾ ਪਰਿਵਾਰ ਸਿਰਫ ਪੰਜ ਜੀਆਂ ਦਾ ਸੀ। ਬਿਰਧ ਮਾਂ ਪਿਉ, ਤੇਜਾ, ਭਰਾ ਛੋਟਾ ਅਤੇ ਪੁੱਤਰ। ਸਾਡੀ ਸੋਝੀ ਤੋਂ ਪਹਿਲਾਂ ਉਸ ਦੇ ਦੋ ਵਿਆਹ ਹੋਏ। ਇਕ ਤੋਂ ਬਾਅਦ ਇਕ। ਦੋਵੇਂ ਭੈਣਾਂ ਪਰ ਬਚੀ ਕੋਈ ਵੀ ਨਾ। ਉਸ ਦੀ ਮਾਤਾ ਦੇ ਆਖਣ ਅਨੁਸਾਰ, ਉਹ ‘ਮੰਗਲੀਕ` ਸੀ। “ਮੰਗਲੀਕ ਦੀ ਬਿਆਹੀ ਨਾ ਕਦੇ ਬਚ ਰਹੀ।” ਮਾਈ ਧੰਨ ਕੌਰ ਯਕੀਨ ਨਾਲ ਆਖਦੀ, ਹਉਕਾ ਭਰਦੀ। ਮੰਗਲ ਗ੍ਰਹਿ ਦੀ ਸ਼ਾਂਤੀ ਲਈ ਉਹ ਹਰ ਮੰਗਲਵਾਰ ਨੂੰ ਪਤਾਸੇ ਵੰਡਦਾ। ਦਸਵੀਂ ਤਕ ਮੇਰੀ ਆੜੀ ਉਸ ਦੇ ਛੋਟੇ ਭਰਾ ਤਕ ਸੀਮਤ ਸੀ ਪਰ ਮਗਰੋਂ ਮੇਰਾ ਸਾਥ ਚਾਚੇ ਤੇਜੇ ਨਾਲ ਵਧਦਾ ਗਿਆ। ਉਸ ਦੀ ਦੁਕਾਨ ਸਦਾ ਖੁੱਲ੍ਹੀ ਰਹਿੰਦੀ। ਮੂੰਹ ਹਨੇਰੇ ਤੋਂ ਲੋਹੀ ਮਿਸਣ ਤੱਕ ਲਗਾਤਾਰ ‘ਟਿੱਕ ਟਿੱਕ`! ਉੱਥੇ ਮੈਂ ਕਦੇ ਵੀ ਜਾ ਬੈਠਦਾ। ਪਿੰਡ ਦੀਆਂ ਸਾਰੀਆਂ ਕਨਸੋਆਂ ਉੱਥੋਂ ਮਿਲਦੀਆਂ। ਹੱਟੀ ਵਿਚ ਹਮੇਸ਼ਾ ਵੱਜਦਾ ਵੱਡਾ ਰੇਡੀਓ ਦੇਸ ਦੁਨੀਆ ਦੀਆਂ ਖਬਰਾਂ ਦਿੰਦਾ। ਉਸ ਕੋਲੋਂ ਲੈ ਕੇ ਮੈਂ ਜਾਨੀ ਚੋਰ, ਰੂਪ ਬਸੰਤ, ਭਾਗਵਤ ਪੁਰਾਣ, ਭਾਗਵਤ ਗੀਤਾ ਅਤੇ ਬ੍ਰਿਜ ਲਾਲ ਸ਼ਾਸਤਰੀ ਦਾ ਪੰਜਾਬੀ ਵਿਚ ਲਿਖਿਆ ‘ਹਨੂੰਮਾਨ ਨਾਟਕ` ਪੜ੍ਹਿਆ। ਮਾਤਾ ਧੰਨ ਕੌਰ ਜਿਵੇਂ ਗੀਤਾਂ ਪਖਾਣਿਆਂ, ਹੇਰਿਆਂ ਸਿੱਠਣੀਆਂ ਦਾ ਖਜ਼ਾਨਾ ਸੀ।
ਬਾਰ ਵਿਚੋਂ ਆਇਆ ਇਹ ਟੱਬਰ ਦੇਸੀ ਪਰਜਾਪਤ ਲੋਕਾਂ ਦੇ ਮੁਕਾਬਲੇ ਬੜਾ ‘ਸੁੱਚਮ` ਸੀ, ਹੁੱਕਾ ਸਿਗਰਟ ਨੂੰ ਹੱਥ ਨਾ ਲਾਉਂਦਾ। ਘਰ ਦਾ ਹਰ ਜੀਅ ਰੋਟੀ ਖਾਣ ਮਗਰੋਂ ਆਪਣੇ ਬਰਤਨ ਆਪ ਧੋਂਦਾ। ਬਿਰਧ ਮਾਈ ਨੂੰ ਸੁਖਾਲੀ ਰੱਖਣ ਲਈ ਆਪਣੇ ਬਸਤਰਾਂ ਨੂੰ ਵੀ ਹਰ ਕੋਈ ਨਹਾਉਣ ਲੱਗਿਆ ਸਾਬਣ ਨਾਲ ਮਲ-ਘਚੱਲ ਕੇ ਤਾਰ ਉੱਤੇ ਸੁੱਕਣੇ ਪਾਉਣੇ ਨਾ ਭੁੱਲਦਾ। ਬੁੱਢੇ ਮਾਂ ਪਿਉ ‘ਵੰਡ` ਤੋਂ ਪਹਿਲੇ ਖੁੱਲ੍ਹਦਿਲੇ ਬਾਰੀਏ ਲੋਕਾਂ ਅਤੇ ਲਹਿੰਦੇ ਪੰਜਾਬ ਵਿਚ ਪਿੱਛੇ ਰਹਿ ਗਈ ਤਹਿਸੀਲ ‘ਜੜ੍ਹਾਂ ਵਾਲਾ` ਦੀ ਸੋਨਾ ਉਗਲਦੀ ਜ਼ਮੀਨ ਦੇ ਸੋਹਿਲੇ ਗਾਉਂਦੇ ਨਾ ਥੱਕਦੇ। ਜਿੱਥੇ ਉਹਨਾਂ ਦੇ ਖੁੱਲ੍ਹੇ ਡੁੱਲ੍ਹੇ ਮਕਾਨ ਦੀ ਪੜੋਸੀ ਨਾਲ ਲੱਗਦੀ ਦੀਵਾਰ ਵਿਚ ਸਾਂਝੀ ਖੂਹੀ ਹੁੰਦੀ। “ਕੀ ਪੁੱਛਦੈਂ, ਉਹ ਲੋਕ ਤਾਂ ਬਾਹਲੇ ਰਲਾਉਟੇ ਸੀ, ਅੰਤਾਂ ਦੇ ਸਖੀ ਦਿਲ! ਹੱਥੀਂ ਛਾਵਾਂ ਕਰਨ ਵਾਲੇ। ਮੁਰੱਬਿਆਂ ਦੇ ਮਾਲਕ! ਖੇਤਾਂ ਨੂੰ ਨਹਿਰਾਂ ਦਾ ਪਾਣੀ ਪੈਂਦਾ। ਝੋਟੇ ਦਾ ਸਿਰ ਭੋਇੰ! ਬਈ ਕਾਹਨੂੰ ਕਹਿਨਾਂ। ਬ੍ਰਿਛਾਂ ਵਰਗੀਆਂ ਨਰਮੇ ਦੀਆਂ ਛਟੀਆਂ ਅਰ ਬਾਂਸਾਂ ਵਰਗੇ ਕਮਾਦ। ਲੋਹੜੇ ਦੀ ਫਸਲ ਹੁੰਦੀ। ਉਹ ਸਾਡੇ ਕਿਰਸਾਣ ਹੀ ਤਾਂ ਸਾਨੂੰ ਇਧਰੋਂ ਉਧਰ ਲੈ ਕੇ ਗਏ ਸੀ। ਉਧਰਲੀਆਂ ਜਾਂਗਲੀ ਜ਼ਨਾਨੀਆਂ ਨੇ ਵੀ ਸਾਡੇ ਘਰੇ ਭਾਂਡੇ ਲੈਣ ਘੋੜੀ ‘ਤੇ ਆਉਣਾ। ਸਿਰ ‘ਤੇ ਪੱਗ ਵਾਂਗੂੰ ਦੁਪੱਟੇ ਦਾ ਮੰਢੇਸ ਮਾਰ ਕੇ, ਤੇੜ ਕਾਲਾ ਤੰਬਾ ਲਾਇਆ ਹੋਣਾ। ਸਰੂ ਵਰਗੀਆਂ ਉੱਚੀਆਂ, ਸਿਉ ਰੰਗੀਆਂ ਭਰ ਜੁਆਨ ਦਲੇਰ ਔਰਤਾਂ! ਜਦ ਘੋੜੀ ‘ਤੇ ਸਵਾਰ ਹੁੰਦੀਆਂ ਕਾਲੇ ਤੰਬੇ `ਚੋਂ ਗੋਰੀਆਂ ਲੰਮੀਆਂ ਗਾਮਚੀਆਂ (ਪਿੰਜਣੀਆਂ) ਕਾਂਸੀ ਦੇ ਛੰਨੇ ਵਾਂਗੂੰ ਲਿਸ਼ਕਦੀਆਂ… “ਗੱਲਾਂ ਕਰਦਾ ਬਾਬਾ ਭਾਗ ਸਿਹੁੰ ਸਾਹ ਨਾ ਲੈਂਦਾ। “ਲੈ ਦੇਖ ਲੈ, ਹੁਣ ਵੀ ਕਿਵੇਂ ਲਾਲਾਂ ਸਿੱਟਦੈ। ਏਹ ਤਾਂ ਭਾਂਡਿਆਂ ਨੂੰ ਟੁਣਕਾ ਕੇ ਪਸਿੰਦ ਕਰਦੀਆਂ ਜਾਂਗਲੀ ਤੀਮੀਆਂ ਦੇ ਗੋਲ ਗਿੱਟੇ ਅਰ ਗੋਰੀਆਂ ਗਾਮਚੀਆਂ ਈ ਦੇਖਦਾ ਪਰਖਦਾ ਰਿਹੈ, ਬਾਹਲਾ ਬਾਂਕਾ ਜਵਾਨ!” ਠਿੱਗਣੀ ਜਿਹੀ ਮਾਤਾ ਧੰਨ ਕੌਰ ਇਕ ਦਿਨ ਜਾਂਗਲੀਆਂ ਜਿਹੇ ਲੰਮੇ ਲੰਝੇ ਬਜ਼ੁਰਗ ਨੂੰ ਟੁੱਟ ਕੇ ਪੈ ਗਈ ਤਾਂ ਪੈਰਾਂ ਭਾਰ ਬੈਠਾ ਉਹ ਕੱਛੂ ਵਾਂਗੂੰ ਆਪਣੀ ਸਿਰੀ ਗੋਡਿਆਂ ਵਿਚ ਦਿੰਦਾ ਸ਼ਹਿ ਗਿਆ। ਦਰਜ਼ੀ ਸਮੇਤ ਹੁਣ ਇਧਰ ਚੜ੍ਹਦੇ ਪੰਜਾਬ ਵਿਚ ਰਹਿੰਦੇ ਇਹ ਮਾਪੇ ਜਿਵੇਂ ਅੰਦਰਲੇ ਮਨੋਂ ਅਜੇ ਵੀ ਉਧਰ ਬਾਰ ਵਿਚ ਹੀ ਵੱਸਦੇ ਵਿਚਰਦੇ। ਉਹਨਾਂ ਨੇ ਮਿਰਜ਼ੇ ਦਾ ਜੰਡ ਅੱਖੀਂ ਦੇਖਿਆ ਸੀ। “ਓਸ ਜੰਡ ਕੋਲੋਂ ਤਾਂ ਅਸੀਂ ਨਿੱਤ ਕੱਖ ਪੱਠਾ ਢੋਂਹਦੇ ਰਹੇ ਹਾਂ।” ਬੋਬੋ ਦੇ ਪਰੇ ਹੋਈ ਤੋਂ ਭਾਗ ਸਿਹੁੰ ਮੁੜ ਛਿੜ ਪਿਆ। ਮਿਰਜ਼ੇ ਦੇ ਦੋ ਬੋਲ “ਗੋਲ ਗਿੱਟਾ ਗੋਰੀ ਪਿੰਜਣੀ ਕੱਦ ਜਿਉਂ ਸਰੂ ਦੀ ਢਾਲ…” ਸੁਣਾਉਂਦਾ, ਸਾਹਿਬਾਂ ਦੀ ਸਿਫਤ ਕਰਦਾ, ਉਸ ਨੂੰ ਜਾਂਗਲੀ ਔਰਤਾਂ ਵਰਗੀ ਦਰਸਾਉਂਦਾ ਮਸਾਂ ਖੁੱਲ੍ਹਿਆ ਹੀ ਸੀ ਕਿ ਸਾਡੀਆਂ ਗੱਲਾਂ ਸੁੰਘਦੀ ਮਾਤਾ ਮੁੜ ਆ ਧਮਕੀ।
“ਮਖਿਆ, ਹੱਲਿਆਂ ਦੀ ਚਾਚੇ ਤੇਜੇ ਨੂੰ ਤਾਂ ਕੋਈ ਸੋਝੀ ਨ੍ਹੀਂ ਹੋਣੀ?” ਮੈਂ ਝੱਟਪੱਟ ਗੱਲ ਦਾ ਰੁਖ ਬਦਲਣ ਲਈ ਬੋਬੋ ਨੂੰ ਪੁੱਛਿਆ।
“ਲੈ ਹੈਅ ਕਮਲਾ। ਏਹ ਸੁੱਖ ਨਾਲ ਉਦੋਂ ਸੋਹਣਾ ਹੁੰਦੜਹੇਲ ਸੀ, ਜਦ ‘ਵੱਢ-ਵਢਾਂਗਾ` ਚੱਲ ਪਿਆ। ਮਾੜੀ ਜਿਹੀ ਸੂਹ ਮਿਲੀ ਤੋਂ ਅਸੀਂ ਤਾਂ ਸਾਊ ਸਭ ਕੁਛ ਛੱਡ ਛੁਡਾ ਕੇ ਕਾਫਲੇ ‘ਚ ਆ ਰਲੇ । ਸਾਡੇ ਸਰਦਾਰ ਕੋਲ ਦੋਨਾਲੀ ਬੰਦੂਖ ਤੀ। ਆਪਣਾ ਤੇਜਾ ਸਿਹੁੰ ਉਸ ਵਖਤ ਚੌਥੀ ‘ਚ ਉੜਦੂ ਪੜ੍ਹਦਾ ਘਰ ਆ ਕੇ ਗਾਉਂਦਾ:
ਅਲਫ ਬੇ ਪੇ ਤੇ
ਮੁਨਸ਼ੀ ਜੀ ਮੈਂ ਨ੍ਹੀਂ ਪੜ੍ਹਨਾ
ਮੇਰੀ ਸੱਕਰ ਮੋੜ ਦੇ।
ਚੰਗਾ ਸੱਬਰਕੱਤਾ ਸਰੀਰ! ਏਹ ਠੇਲ੍ਹਾ ਜਿਹਾ ਤਾਂ ਭਾਈ ਬਹੁਤੇ ਰਾਹ ਤੁਰਦਾ ਆਇਆ।” ਮਾਤਾ ਨੇ ਮਾਣ ਨਾਲ ਦੱਸਿਆ।
ਬੇਸ਼ੱਕ ਉਹ ਬਚ ਰਹੇ ਸਨ ਪਰ ਬਿੱਖੜੇ ਰਾਹਾਂ ਦੀ ਧੂੜ ਤੇਜੇ ਦੇ ਫੇਫੜਿਆਂ ਵਿਚ ਜੰਮ ਗਈ। ਉਸ ਨੂੰ ਰੋਟੀ ਖਾਂਦੇ ਨੂੰ ਪਸੀਨਾ ਆਉਂਦਾ, ਸਿਆਲ ਵਿਚ ਵੀ ਜੇਠ ਹਾੜ੍ਹ ਵਾਂਗ ਸਮੁੱਚੀ ਨੁਹਾਰ ਮੁੜ੍ਹਕੇ ਨਾਲ ਭਿੱਜ ਜਾਂਦੀ। ਉਸ ਦੀ ਵੱਡੀ ਭੈਣ ਅਤੇ ਭਰਾ ਨੂੰ ਵੀ ਕਹਿੰਦੇ, ਅੰਦਰ ਬੈਠੀ ਉਹ ਰੇਹੀ ਆਖਰੀ ਦਮ ਤਕ ਤੰਗ ਕਰਦੀ ਰਹੀ।
“ਕਾਫਲੇ ‘ਚ ਤੁਰਦਿਆਂ ਨੂੰ ਡਰ ਤਾਂ ਨ੍ਹੀਂ ਲੱਗਦਾ ਹੋਣਾ?” ਮੈਂ ਇਕ ਦਿਨ ਜਾਣਨਾ ਚਾਹਿਆ।
“ਨਾ ਪੁੱਛ ਪੁੱਤਰਾ। ਪੱਤਾ ਪੱਤਾ ਬੈਰੀ ਬਣ ਗਿਆ ਸੀ, ਕਾਕਾ। ਰਾਹ ‘ਚ ਆਉਂਦੇ ਅਸੀਂ ਹਵਾ ਨਾਲ ਹਿਲਦੀ ਝਾੜੀ ਨੂੰ ਦੇਖ ਕੇ ਦਹਿਲ ਜਾਂਦੇ। ਪੈਰ ਪੈਰ ‘ਤੇ ਡਰ ਸੀ ਮੱਲਾ।” ਮਾਈ ਨੇ ਹਉਕਾ ਲਿਆ।
“ਉੱਥੇ ਥੋਡੇ ਚੱਕ ਵਿਖੇ ਰਹਿੰਦਿਆਂ ਨੂੰ ਵੀ ਥੋਨੂੰ ਕੋਈ ਡਰਾਉਂਦਾ ਸੀ?” ਮੈਂ ਜਗਿਆਸਾ ਵੱਸ ਪੁੱਛਿਆ।
“ਨਹੀਂ। ਡਰਾਇਆ ਧਮਕਾਇਆ ਕਿਸੇ ਨੇ ਨਹੀਂ। ਪਿੰਡ ‘ਚ ਹਵਾਈਆਂ ਜਰੂਰ ਉੜਦੀਆਂ। ਬਾਹਰਲੇ ਪਿੰਡਾਂ ਦੇ ਧਾੜਵੀਆਂ ਜਨੂਨੀਆਂ ਦੇ ਆਉਣ ਬਾਰੇ।”
“ਹਵਾ `ਚ ਵਿਹੁ ਫੈਲ ਗਈ ਤੀ। ਚੰਗੇ ਭਲੇ ‘ਕੱਠੇ ਵਸਦਿਆਂ ਨੂੰ ਇਕ ਦੂਏ ‘ਤੇ ਹੀ ਬੇਵਿਸਾਹੀ ਹੋ ਗੀ ਤੀ।” ਬਾਬੇ ਨੇ ਦਖਲ ਦਿੱਤਾ।
“ਹੁਣ ਆਪਾਂ ਸਾਰੇ ਜੀਅ ਇਕੋ ਘਰ ‘ਚ ‘ਕੱਠੇ ਹੱਸਦੇ ਵਸਦੇ ਹਾਂ। ਏਸੇ ਕਰ ਕੇ ਬਈ ਸਾਨੂੰ ਇਕ ਦੂਏ ‘ਤੇ ਇਤਬਾਰ ਹੁੰਦਾ। ਜੇ ਭਲਾ ਕਦੇ ਆਪਣਾ ਕੋਈ ਜੀਅ ਸੁਦਾਈ ਹੋ ਜਾਵੇ, ਆਪਾਂ ਨੂੰ ਮਾਰਨ ਨੂੰ ਪਵੇ? ਉਹਦੇ ‘ਤੇ ਭਰੋਸਾ ਕੌਣ ਕਰੂ? ਫੇਰ ਨੀਂਦ ਥੋੜ੍ਹੋ ਆਊ? ਬੱਸ, ‘ਖਬਰੈ, ਕਮਲੇ ਦੇ ਮਨ ‘ਚ ਕਦ ਬਦੀ ਆ ਜਾਵੇ?` ਇਹਨਾਂ ਭੰਨਾਂ ਘਾੜਤਾਂ ਵਿਚ ਆਪਣੇ ਆਸ ਪੜੋਸ ਬਾਰੇ ਵੀ ਸਭੇ ਐਕਣ ਸੋਚਣ ਲੱਗ ਪੇ ਸੀ ਅੱਤਾਰ ਸਿਆਂ।” ਬਾਬਾ ਦੱਸਦਾ ਰਿਹਾ।
“ਪਰ ਥੋਡੇ ‘ਤੇ ਹਮਲਾ ਤਾਂ ਕਿਤੇ ਨ੍ਹੀਂ ਹੋਇਆ?”
“ਰਾਹਾਂ ‘ਚ ਕਮਾਦਾਂ ਚਰ੍ਹੀਆਂ ‘ਚ ਲੁਕੇ ਧਾੜਵੀ ਚੋਰ ਝਾਤੀਆਂ ਜਰੂਰ ਮਾਰਦੇ। ਕਈ ਥਾਈਂ ਛਵੀਆਂ ਖੰਜਰ ਵੀ ਲਹਿਰਾਉਂਦੇ ਪਰ ਸੂਬੇਦਾਰ ਦੀ ਬੰਦੂਖ ਦੇਖ ਕੇ ਅੰਦਰ ਹੀ ਛਹਿ ਜਾਂਦੇ..।” ਕਾਹਲੀ ਪਈ ਮਾਤਾ ਦੱਸਣ ਲੱਗੀ। ‘ਬੱਲੋ ਕੇ ਹੈੱਡ` ਉੱਤੇ ‘ਹੋ-ਹੱਲਾ` ਮੱਚਿਆ ਸੀ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹਨਾਂ ਤੋਂ ਮਗਰੋਂ ਆਉਣ ਵਾਲੇ ਕਾਫਲੇ ਦਾ ਕਾਫੀ ਖੂਨ ਖਰਾਬਾ ਹੋਇਆ ਸੀ। “ਵੇ ਪੁੱਤ, ਉੱਜੜ ਕੇ ਵੱਸਣਾ ਵੀ ‘ਕੇਰਾਂ ਮਰ ਕੇ ਜਿਊਣ ਬਰੋਬਰ ਹੁੰਦਾ।”
ਮੈਂ ਚੁੱਪ ਕਰ ਗਿਆ। ਮਾਈ ਦੇ ਮਨ ਨੂੰ ਹੋਰ ਕੁਰੇਦਣਾ ਅੰਗੂਰ ਆਏ ਜ਼ਖਮ ਨੂੰ ਛਿੱਲਣ ਵਾਂਗੂੰ ਜਾਪਿਆ। ਪਹਿਲਾਂ ਦੱਸਣ ਮੁਤਾਬਕ ਕਾਹਲੀ ਨਾਲ ਭੱਜਦਿਆਂ, ਉਸ ਦੀ ਸਾਰੀ ‘ਰਣੀ ਚਣੀ` ਉਧਰ ਚੱਕੀ ਹੇਠਾਂ ਦੱਬੀ ਦਬਾਈ ਰਹਿ ਗਈ ਸੀ।
ਤੇਜੇ ਦਾ ਵਿਆਹਿਆ ਵਰਿਆ ਵੱਡਾ ਭਰਾ ਪਹਿਲਾਂ ਤੋਂ ਅਲੱਗ ਰਹਿੰਦਾ, ‘ਬਲਾਹੜੇ ਵਾਲੇ ਰੱਬ` ਨੂੰ ਮੰਨਦਾ ਜਦੋਂਕਿ ਬਾਕੀ ਦਾ ਟੱਬਰ ਬ੍ਰਾਹਮਣੀ ਰੀਤਾਂ ਦਾ ਧਾਰਨੀ ਹੁੰਦਾ ਹੋਇਆ ਵੀ ਖੁੱਲ੍ਹ ਖਿਆਲੀਆ ਸੀ। ਵਿਆਹ ਸ਼ਾਦੀ ਮੌਕੇ ਅਖੰਡ ਪਾਠ ਕਰਵਾਉਂਦਾ। ਬਾਬਾ ਭਾਗ ਸਿੰਘ ਨੇ ਕੂਕਿਆਂ ਦਾ ਅੰਮ੍ਰਿਤ ਛਕਿਆ ਸੀ ਪਰ ਸੁਬ੍ਹਾ ਸ਼ਾਮ ਉਹ ਮਾਨੂੰਪੁਰੀਏ ਪੰਡਤ ਦੇਵ ਰਾਜ ਦਾ ਦਿੱਤਾ ‘ਗੁਰ ਮੰਤਰ` ਧਿਆਉਂਦਾ। ਦਰਜ਼ੀ ਪਹਿਲਾਂ ਕਾਮਰੇਡਾਂ ਦਾ ਹਾਮ੍ਹੀ ਰਿਹਾ, ਫੇਰ ਰਾਧਾ ਸਵਾਮੀ ਬਣ ਗਿਆ। ਉਸ ਦਾ ਅੰਤਾਂ ਦਾ ਇਮਾਨਦਾਰ, ਸਾਧੂ ਸੁਭਾਅ ਇਕੋ-ਇਕ ਪੁੱਤਰ ਥਾਣੇਦਾਰ ਬਣਿਆ ਵੀ ਸਾਧਾਂ-ਸੰਤਾਂ ਦੀ ਸੰਗਤ ਕਰਦਾ, ਤਿੰਨ ਮੰਜ਼ਲੀ ਕੋਠੀ ਵਿਚ ਸਥਾਪਤ ਠਾਕਰਾਂ ਨੂੰ ਪੂਜਦਾ; ਘਰ ਦੀ ਇਕ ਨੁੱਕਰ ਵਿਚ ਮੰਦਰ ਬਣਾਉਣਾ ਲੋਚਦਾ। ਚਾਚਾ ਤੇਜਾ ਪਿਛਲੀ ਉਮਰ ਵਿਚ ਆਪਣੇ ਪੁੱਤਰ ਦੀਆਂ ਬੇਪਰਵਾਹੀਆਂ ਤੋਂ ਕਦੇ ਕਦਾਈਂ ਅੱਕਿਆ ਹੋਇਆ ਝੂਰਦਾ, ਕਲਪਦਾ; “ਏਹਦੇ ਵੱਸ ਦੀ ਗੱਲ ਨਹੀਂ। ਸਾਧਾਂ ਕੋਲ ਏਹ ਸੁਲਫੇ ਦੇ ਸੂਟੇ ਖਿੱਚਦੈ। ਏਹਦੇ ਏਸ ਜਨਮ ਦੇ ਸੰਸਕਾਰ ਨ੍ਹੀਂ ਖਹਿੜਾ ਛੱਡਦੇ। ਨਿਆਣਾ ਹੁੰਦਾ ਏਹ ਲੀਕੜ ਕਾਣੇ ਕੋਲ ਜੋ ਖੇਲ੍ਹਦਾ ਰਿਹੈ। ਠੂਹ ਦੇ ਕੇ ਉਹਦੀ ਕੋਠੜੀ ‘ਚ ਜਾ ਵੜਦਾ। ਉਸ ਘੋਰੀ ਨੇ ਖਬਰ ਨ੍ਹੀਂ ਕਿੰਨੀ ਵਾਰੀ ਏਹਦੇ ਸਿਰ ‘ਤੇ ਹੱਥ ਧਰਿਆ ਹੋਊ। ਮਨਹੂਸ ਬੰਦਾ ਤਾਂ ਬੇਸੋਝ ਜਵਾਕ ਦੇ ਇਕੋ ਬਾਰ ਮੱਥੇ ਲੱਗਿਆ ਮਾੜਾ!”
ਪੜ੍ਹਾਈ ਪੂਰੀ ਕਰਨ ਪਿੱਛੋਂ ਬੇਰੁਜ਼ਗਾਰੀ ਹੰਢਾਉਂਦੇ ਸਮੇਂ ਜਦੋਂ ਮੈਨੂੰ ਬਾਪੂ ਨਾਲ ਖੇਤੀ ਕਰਵਾਉਂਦਿਆਂ ਕਦੇ ਵਿਹਲ ਮਿਲਦੀ, ਮੇਰਾ ਟਿਕਾਣਾ ਤੇਜੇ ਦੀ ਹੱਟੀ ਹੁੰਦੀ। ਉੱਥੇ ਚਲਦੀਆਂ ਭੁੱਜੇ ਛੋਲਿਆਂ ਜਿਹੀਆਂ ਸਵਾਦ ਗੱਲਾਂ ਦੇਰ ਰਾਤ ਤਕ ਉੱਠਣ ਨਾ ਦਿੰਦੀਆਂ। ਬਾਅਦ ਵਿਚ ਮੈਂ ਉਸ ਨੂੰ ਸੈਰ ਕਰਨ ਦੀ ਆਦਤ ਪਾ ਦਿੱਤੀ ਤੇ ਗੱਲਾਂ ਕਰਦੇ ਅਸੀਂ ਲੰਮੇ ਨਿਕਲ ਜਾਂਦੇ। ਆਮ ਚੁਗਲੀ-ਪੁਰਾਣ ਤੋਂ ਵਧ ਕੇ ਉਸ ਕੋਲ ‘ਲੋਕ ਵੇਦ` ਦੀਆਂ ਬਾਤਾਂ, ਪਖਾਣੇ ਬੇਸ਼ੁਮਾਰ ਸਨ। ਸਭ ਤੋਂ ਵੱਡੀ ਗੱਲ! ਉਹ ਕਦੇ ਵੀ ਕਿਸੇ ਦਾ ਗ਼ੁੱਸਾ ਨਾ ਕਰਦਾ, ਉਮਰ ਵਿਚ ਵੀਹ ਸਾਲ ਵੱਡਾ ਹੋ ਕੇ ਵੀ ਬਰਾਬਰ ਦਾ ਹੋ ਕੇ ਵਿਚਰਦਾ। ਗਊ ਗਰੀਬ ਦਾ ਉਹ ਹਾਮੀ ਸੀ। ਮੂੰਹ ਦਾ ਮਿੱਠਾ! ਕੁੜੀਆਂ ਚਿੜੀਆਂ, ਨਿੱਕੇ ਨਿਆਣਿਆਂ ਨੂੰ ‘ਵੀਰ ਭਾਈ` ਆਖ ਬੁਲਾਉਂਦਾ। ਕਦੇ ਕਦਾਈਂ ਕੋਈ ਜਣਾ ਸੱਪ ਦੇ ਸੁੰਘੇ ਦਾ ‘ਹੱਥ ਹੌਲਾ` ਕਰਵਾਉਣ ਆ ਜਾਂਦਾ, ਤੇਜਾ ਮੱਥੇ ਵੱਟ ਨਾ ਪਾਉਂਦਾ; ਇਸ ਨੂੰ ‘ਮਾੜੀ ਮਿੱਟੀ ਲੱਗਣਾ`, ‘ਮਿਹਰ ਹੋਣਾ` ਜਾਂ ‘ਗਰਲ ਛੂਹਣਾ` ਆਖਦਾ। ਤੁਰੰਤ ਦੰਦਲ ਦਾਤੀ ਚੁੱਕਦਾ, ਆਏ ਸਵਾਲੀ ਦੇ ਸਨਮੁੱਖ ਭੁੰਜੇ ਬੈਠਦਾ, ਜ਼ਬਾਨੀ ਕੰਠ ਕੀਤਾ ਲੰਬਾ ਮੰਤਰ ਛੋਹ ਲੈਂਦਾ:
ਉਸਤਾਦ ਪੀਰ ਲੁਕਮਾਨ ਹਕੀਮ,
ਵਿਦਿਆ ਕੇ ਧਨੀ!
ਸੱਤ ਦਰਵਾਜ਼ੇ ਨੌਂ ਦਵਾਰ,
ਖੜ੍ਹੀ ਰਹਿ ਵਿਸਿਆ ਨਿਰਾਧਾਰ।
ਹਿੱਲੇ ਜੁੱਲੇ ਕਰੇ ਵੈਰਾਗ,
ਗਰਲ ਛੋਡ ਮੁੰਡਿ ਖਾਇ।
ਦੋਹੀ ਗੁੱਗੇ ਬਾਸਕ ਨਾਗ ਕੀ,
ਏਹ ਥਾਂ ਛੋਡ ‘ਗਾਹਾਂ ਨਾ ਜਾਇ।…
ਚਾਚਾ ਤੇਜਾ ਪੂਰੀ ਸ਼ਰਧਾ ਨਾਲ ਲੱਗਿਆ ਰਹਿੰਦਾ। ਅਖੀਰ ਵਿਚ
ਚੱਲੇ ਸ਼ਬਦ ਫੁਰੇ ਵਾਚਾ,
ਦੇਖੂੰ ਗੁਰ ਗੋਰਖ ਨਾਥ ਸ਼ਿਵ ਸੰਭੂ ਗੌਰੀ
ਤੇਰੇ ਇਲਮ ਕਾ ਤਮਾਸਾ।
ਆਖਦਾ, ਧਰਤੀ ਨਮਸਕਾਰਦਾ, ਦੰਦਲ ਦਾਤੀ ਇਕ ਤਰਫ ਰੱਖਦਾ। ਸੋਜਸ਼ ਜਾਂ ਛਾਲੇ ਉੱਤੇ ਠੰਢੇ ਪਾਣੀ ਦੀ ਟਕੋਰ ਕਰਦੇ ਰਹਿਣ ਲਈ ਕਹਿੰਦਾ। ਛੋਟੇ ਜਵਾਕਾਂ ਨੂੰ ਪਤਾਸੇ ਵੰਡਣ ਦੀ ਤਾਕੀਦ ਕਰਦਾ।
ਸਿਆਲ ਵਿਚ ਉਹ ਭੱਖੜਾ ਪੀਸ ਕੇ, ਹੋਰ ਕਿੰਨਾ ਨਿੱਕ ਸੁੱਕ ਮਿਲਾ ਕੇ ਪੰਜੀਰੀ ਬਣਾਉਂਦਾ। ਉਹਦੇ ਮਾਤਾ ਪਿਤਾ ਅੱਸੀਆਂ ਤੋਂ ਟੱਪ ਗਏ। ਉਸ ਨੇ ਕਿੱਤੇ ਲੱਗੇ ਛੋਟੇ ਭਰਾ ਅਤੇ ਇਕਲੌਤੇ ਪੁੱਤਰ ਦੇ ਵਿਆਹ ਕੀਤੇ। ਆਪਣੇ ਵਿਆਹ ਵਾਲੀਆਂ ਟੂੰਬਾਂ ਵੰਡ ਕੇ ਅੱਧੋ ਅੱਧ ਦੋਹਾਂ ਦੀਆਂ ਵਹੁਟੀਆਂ ਨੂੰ ਪਾਈਆਂ। ਉਹਨਾਂ ਦਿਨਾਂ ਵਿਚ ਦਿੱਲੀ ਦੇ ਸਿੱਖ ਕਤਲੇਆਮ ਦੌਰਾਨ ਕਿੰਨੀਆਂ ਔਰਤਾਂ ਵਿਧਵਾ ਹੋ ਗਈਆਂ। ਅਮਨ-ਅਮਾਨ ਹੋਣ ਪਿੱਛੋਂ ਅਸੀਂ ਇਕ ਦੋ ਸ਼ੁਭ ਚਿੰਤਕਾਂ ਨੇ ਚਾਚੇ ਦੀ ਰੋਟੀ ਪੱਕਦੀ ਕਰਨ ਦਾ ਮਨ ਬਣਾਇਆ। ਮਾਤਾ ਪਿਤਾ ਭਰਾ ਅਤੇ ਪੁੱਤਰ ਦੀ ਸਲਾਹ ਨਾਲ ਇਹ ਮਨਸ਼ਾ ਦੱਸਦਿਆਂ ਦਿੱਲੀ ਰਹਿੰਦੀ ਉਸ ਦੀ ਮਾਸੀ ਨੂੰ ਚਿੱਠੀ ਪਾ ਦਿੱਤੀ। “ਦੇਖਿਓ ਕਿਤੇ ਕੋਈ ਜਾਤ ਕੁਜਾਤ ਨਾ ਹੋਵੇ।” ਤੀਜੀ ਵਾਰ ਵੀ ਪੁੱਤਰ ਨੂੰ ਆਪਣੀ ਜਾਤ ਵਿਚ ਵਿਆਹੁਣਾ ਲੋਚਦੇ ਪਿਉ ਨੇ ਸੰਸਾ ਜ਼ਾਹਰ ਕੀਤਾ। ਮਾਤਾ ਖੁਸ਼ ਜਾਪਦੀ।
“ਆ ਜੋ ਜਦੋਂ ਮਰਜ਼ੀ। ਬੇਵਾ ਜਨਾਨੀ ਨਾਲ ਲਿਖਾ ਪੜ੍ਹੀ ਕਰ ਕੇ ਅਨੰਦਾਂ ਤੋਂ ਪਹਿਲਾਂ ਦਸ ਹਜ਼ਾਰ ਦੀ ਇਕ ਐਫ. ਡੀ. ਉਹਦੇ ਨਾਂ ਕਰਵਾਉਣੀ ਪਊ।” ਮਾਸੀ ਦਾ ਹਾਂ-ਪੱਖੀ ਹੁੰਗਾਰਾ ਮੁੜਦੀ ਡਾਕ ਰਾਹੀਂ ਪਿੰਡ ਪਹੁੰਚ ਗਿਆ। ਉਸ ਨੇ ਕਿਸੇ ਵਿਧਵਾ ਆਸ਼ਰਮ ਤੋਂ ਪਤਾ ਕਰ ਲਿਆ ਸੀ।
“ਨਾ ਨਾ ਬੀਰ…”, ਮਾਈ ਧੰਨ ਕੌਰ ਨੇ ਹੱਥ ਖੜ੍ਹੇ ਕਰ ਦਿੱਤੇ। “… ਏਹ ਸਧਨੇ ਕਸਾਈ ਆਲਾ ਪੁੱਠਾ ਕੰਮ ਆਪਾਂ ਨਹੀਂ ਕਰਨਾ। ਮਖਿਆ, ਅਧੇੜ ਉਮਰੇ ਨੂੰ ਏਸ ਜੰਜਾਲ ‘ਚ ਪਾਉਂਦੇ ਚੰਗੇ ਲੱਗਾਂਗੇ?” ਮਾਤਾ ਬੁੜ੍ਹਕਦੀ ਰਹੀ। ਉਸ ਨੂੰ ਬੜਾ ਸਮਝਾਇਆ। ਗੱਠ-ਜੜਾਵਾ ਕਰਦੀ ਸਾਰ ਔਰਤ ਦੀ ਨਲਬੰਦੀ ਕਰਵਾ ਦੇਵਾਂਗੇ। ਮਾਈ ਨੂੰ ਸੋਚਣਾ ਚਾਹੀਦਾ। ਜਦੋਂ ਬਿਰਧ ਮਾਪਿਆਂ ਨੇ ਅੱਖਾਂ ਮੀਟ ਲਈਆਂ, ਭਰਾ ਅਤੇ ਪੁੱਤਰ ਵੀ ਜੇ ਅਲਹਿਦਾ ਹੋ ਗਏ; ਤੇਜੇ ਨੂੰ ਰੋਟੀ ਕੌਣ ਦੇਵੇਗਾ। “ਅਹੁ ਉਪਰਲਾ, ਬੱਚਿਓ! ਜਿਹੜਾ ਪੱਥਰ `ਚ ਕੀੜੇ ਨੂੰ ਵੀ ਦਿੰਦੈ। ਜੇ ਏਹਦੇ ਕਰਮਾਂ ‘ਚ ਔਰਤ ਦਾ ਸੁਖ ਲਿਖਿਆ ਹੁੰਦਾ, ਸ਼ਗਨਾਂ ਨਾਲ ਵਿਆਹੀਆਂ ਦੋਹਾਂ ਬਹੂਆਂ ‘ਚੋਂ ਇਕ ਕਿਉਂ ਨਾ ਬਚ ਰਹਿੰਦੀ?” ਕੁੰਟੇ ਹੋਏ ਮੰਗਲ ਗ੍ਰਹਿ ਦੀ ਮੁਹਾਰਨੀ ਪੜ੍ਹਦੀ ਮਾਤਾ ਦਾ ਨੰਨਾ ਕੋਰੀ ਨਾਂਹ ਵਿਚ ਬਦਲ ਗਿਆ।
ਚਾਚਾ ਤੇਜਾ ਸਿਹੁੰ ਨੂੰ ਹੁਣ ਲੋਕ ਸੇਵਾ ਦਾ ਸ਼ੌਕ ਜਾਗਿਆ। ਉਹ ‘ਹੱਟੀਆਂ ਵਾਲੀ ਗਲੀ` ਵਿਚ ਕਾਰ ਵੜਦੀ ਕਰੇਗਾ। ਉਸ ਨੇ ਸਾਰੇ ਬਾਸ਼ਿੰਦਿਆਂ ਦਾ ਮਿੰਨਤ ਤਰਲਾ ਕੀਤਾ। ਤੰਗ ਥਾਵਾਂ ਤੋਂ ਬੀਹੀ ਨਾਲ ਲੱਗਦੀਆਂ ਦੀਵਾਰਾਂ ਢਾਹ ਕੇ ਆਪਣੇ ਖਰਚੇ ਉੱਤੇ ਚਾਰ ਚਾਰ ਫੁੱਟ ਪਿੱਛੇ ਹਟਾ ਕੇ ਮੁੜ ਬਣਵਾਈਆਂ। ਹਲਕਾ ਐੱਮ. ਐੱਲ. ਏ. ਨੂੰ ਸੱਦ ਕੇ ਯਾਦਗਾਰੀ ਪੱਥਰ ਜੜ ਦਿੱਤਾ। ਉਹ ਰਸਤਾ ਜਿੱਥੇ ਭੀੜੀ ਥਾਂ ਬਾਹਾਂ ਫੈਲਾਈ ਤੁਰੇ ਜਾਂਦੇ ਬੰਦੇ ਦੀਆਂ ਕੂਹਣੀਆਂ ਕੰਧਾਂ ਨਾਲ ਖਹਿੰਦੀਆਂ, ਹੁਣ ਉੱਥੋਂ ਕਾਰ ਜੀਪ ਖੜਕਦੀ ਹੋਈ ਧੁਰ-ਧੁਰਾਊ ਲੰਘਣ ਲੱਗੀ। ‘ਸੱਜਰੇ ਰਾਹ ਬਣਾਉਂਦਾ ਜਾਵੇ..` ਚਾਚੇ ਤੇਜੇ ਬਾਰੇ ਮੇਰਾ ਲਿਖਿਆ ਸੰਖੇਪ ਵੇਰਵਾ ਉਸ ਦੀ ਫੋਟੋ ਸਮੇਤ ਅਖਬਾਰ ਵਿਚ ਛਪਿਆ ਤਾਂ ਉਸ ਤੋਂ ਚਾਅ ਨਾ ਚੁੱਕਿਆ ਜਾਵੇ। ਉਸ ਕਾਲੀ ਚਿੱਟੀ ਕਾਤਰ ਨੂੰ ਉਸ ਨੇ ਸ਼ੀਸ਼ੇ ਵਿਚ ਜੜਵਾ ਕੇ ਦੁਕਾਨ ਦੇ ਕੰਸ ਉੱਤੇ ਸਜਾ ਲਿਆ।
ਸੱਠਵਿਆਂ ਸੱਤਰਵਿਆਂ ਵਾਲੀ ਉਹ ਕੱਚੀ ‘ਹੱਟੀ` ਹੁਣ ਪੱਕੀ ‘ਦੁਕਾਨ` ਬਣ ਚੁੱਕੀ ਸੀ। ਪਿਛਲੇ ਲਟੈਣਾਂ ਕੜੀਆਂ ਵਾਲੇ ਕੱਚੇ ਮਕਾਨ ਦੀ ਥਾਂ ਵੀ ਤਿੰਨ ਮੰਜ਼ਲੀ ਕੋਠੀ ਉਸਰ ਗਈ ਪਰ ਉਸ ਦਾ ਬਚਪਨ ਅਜੇ ਵੀ ਉਸ ਦੇ ਅੰਗ ਸੰਗ ਰਿਹਾ। ਜਦੋਂ ਨਿਆਣਾ ਹੁੰਦਾ, ਉਹ ਪਸੂ ਚਾਰਦਾ, ਭਾਂਡੇ ਪੱਥਣ ਵਿਚ ਪਿਉ ਦੀ ਮਦਦ ਕਰਦਾ। ਇਕ ਦੋ ਸਾਲ ਜੱਟਾਂ ਨਾਲ ਸਾਂਝੀ ਵੀ ਰਲਿਆ ਅਤੇ ਮਗਰੋਂ ਖਰੜ ਤੋਂ ਆਪਣੇ ਮਾਮੇ ਨੂੰ ਪੱਗ ਰੁਪਈਆ ਦੇ ਕੇ ਦਰਜ਼ੀਪਣਾ ਸਿੱਖ ਲਿਆ। ਸ਼ੁਰੂ ਸ਼ੁਰੂ ਵਿਚ ਪਿੰਡ ਦੇ ਖਾਨਦਾਨੀ ਦਰਜ਼ੀ, ਬਨਾਰਸੀ ਦਾਸ ਨਸੀਬ ਚੰਦ, ਦੋਵੇਂ ਮਹਾਜਨ ਪਿਉ ਪੁੱਤ ‘ਘੁਮਾਰਾਂ ਦਾ ਮੁੰਡਾ` ਆਖ ਭੰਡਦੇ, ਉਸ ਦੇ ਪੈਰ ਨਾ ਲੱਗਣ ਦਿੰਦੇ ਪਰ ਸਮੇਂ ਦੇ ਬੀਤਣ ਨਾਲ ਅਤੇ ਜ਼ੁਬਾਨ ਦੀ ਹਲੀਮੀ ਕਾਰਨ ਉਹਦੀ ਗਾਹਕੀ ਦਿਨੋ-ਦਿਨ ਵਧਦੀ ਗਈ ਅਤੇ ਹੌਲੀ-ਹੌਲੀ ਉਹ ਪਿੰਡ ਦਾ ਹਰਮਨ ਪਿਆਰਾ ਟੇਲਰ ਬਣ ਗਿਆ। ਉਹਦੀ ਦੁਕਾਨ ਵਿਚ ਹਰ ਸਮੇਂ ਰੌਣਕ ਰਹਿੰਦੀ। ਕੋਈ ਜਣਾ ਕੱਛ ਹੇਠ ਤਹਿ ਮਾਰਿਆ ਨਵਾਂ ਨਕੋਰ ਕਪੜਾ ਚੁੱਕੀਂ ਨਾਪ ਦੇਣ ਆਉਂਦਾ। ਕਿਸੇ ਨੂੰ ਸੀਤੇ-ਸਿਲਾਏ ਬਸਤਰ ਲਿਜਾਣ ਦੀ ਕਾਹਲੀ ਹੁੰਦੀ। ਆਪ ਸਿਲਾਈ ਕਢਾਈ ਸਿੱਖਦੀ ਕੋਈ ਲੜਕੀ ਕਦੇ ਹੱਥ ‘ਚ ਰੰਗਦਾਰ ਕਾਤਰ ਫੜੀ ਰੀਲ ਲੈਣ ਆ ਖੜ੍ਹਦੀ; ਕੋਈ ਵਹੁਟੀ ਬੁਕਰਮ ਜਾਂ ਲੈਸ ਦੀ ਮੰਗ ਕਰਦੀ। ਇਕ ਨਾ ਇਕ ਨਵਾਂ ਚੇਲਾ ਬਾਲਕਾ ਸਿਲਾਈ ਕਢਾਈ ਦਾ ਹੁਨਰ ਸਿੱਖਣ ਲਈ ਦੂਰੋਂ ਨੇੜਿਓਂ ਆਇਆ, ਸਾਲ ਦੋ ਸਾਲ ਲਈ ਨਿੱਠ ਕੇ ਰਾਤ ਦਿਨ ਉਸ ਕੋਲ ਹਾਜ਼ਰੀ ਭਰਦਾ, ਪੂਰਾ ਮਾਹਿਰ ਦਰਜ਼ੀ ਬਣਿਆ ਉਸਤਾਦੀ-ਸ਼ਾਗਿਰਦੀ ਦੀ ਰਸਮ ਮਗਰੋਂ ਮਾਪਿਆਂ ਕੋਲ ਪਰਤਦਾ। ਕਈ ਲਾਣੇ ਮੁੰਡੇ ਕੁੜੀ ਦੇ ਵਿਆਹ ਮੌਕੇ ਉਸ ਨੂੰ ਆਪਣੇ ਘਰ ਬਿਠਾ ਕੇ ਵਰੀ ਜਾਂ ਦਾਜ ਦੇ ਸੂਟ ਸਿਲਾਉਣ ਨੂੰ ਸ਼ੁਭ ਸ਼ਗਨ ਸਮਝਦੇ।
ਹੁਣ ਪੁਰਾਣੀ ਯਾਦਗਾਰੀ ਮਸ਼ੀਨ ਦੇ ਨਾਲੋ-ਨਾਲ ਐਟੋਮੈਟਿਕ ਮਸ਼ੀਨ ਵੀ ਦੁਕਾਨ ਦੀ ਸੋਭਾ ਵਧਾਉਂਦੀ। ਬਟਨ ਮੜ੍ਹਨ, ਤਿਰਪਾਈ ਕਰਨ ਵਾਲਾ ਜੁਗਾੜ ਦੁਕਾਨ ਵਿਚ ਫਿੱਟ ਕਰਨ ਉਪਰੰਤ ਪੈਰਾਂ ਵਾਲੀ ਮਸ਼ੀਨ ਤਾਂ ਕਿਹੜੇ ਵੇਲਿਆਂ ਦੀ ਆ ਚੁੱਕੀ ਸੀ ਪਰ ਉਹ ਜ਼ਿਆਦਾ ਸਮਾਂ ਪੈਰਾਂ ਭਾਰ ਤੱਪੜੀ ਉੱਤੇ ਬੈਠਾ, ਦਹਾਕਿਆਂ ਪੁਰਾਣੇ ਫੱਟੇ ਉੱਪਰ ਆਪਣੀ ਮਸ਼ੀਨ ਟਿਕਾਈ ਕੰਮ ਕਰਦਾ। ਸਾਹਮਣੀ ਅਲਮਾਰੀ ਵਿਚ ਜਿੱਥੇ ਉਹ ਰੀਲਾਂ, ਬੁਕਰਮ, ਬਟਨ, ਬੱਧਰੀਆਂ, ਗੋਟਾ ਕਿਨਾਰੀ, ਲੈਸ, ਪਤਲੀ ਮੋਟੀ ਇਲਾਸਟਿਕ ਤੇ ਹੋਰ ਨਿੱਕ ਸੁੱਕ ਰੱਖਦਾ, ਉੱਥੇ ਸਾਲਾਂ ਤੋਂ ਪਈ ਪੁਰਾਣੀ ਜ਼ਰ ਖਾਧੀ ਡੱਬੀ ਨੁਮਾ ਟਰੰਕੀ ਵੱਲ ਦੇਖਦਾ। ਇਕ ਦਿਨ ਮੈਂ ਪੁੱਛ ਬੈਠਿਆ, “ਹੁਣ ਤੁਸੀਂ ਆਪਣੇ ਖਜ਼ਾਨੇ ਵਾਲਾ ਆਹ ਬਹੁਤ ਪੁਰਾਣਾ ‘ਲੌਕਰ` ਵੀ ਕਿਉਂ ਨ੍ਹੀਂ ਬਦਲ ਦਿੰਦੇ ਚਾਚਾ ਸ਼੍ਰੀ?”
“ਕਿਹੜਾ ਲੌਕਰ!? ਅੱਛਾ ਅੱਛਾ, ਆਹ ਮੇਰੀ ਬਕਸੀ?” ਇਕ ਵਾਰੀ ਹੈਰਾਨ ਹੋਇਆ, ਉਹ ਅਗਲੇ ਪਲ ਹੱਸਿਆ। “ਨਾ ਬਈ। ਏਹ ਤਾਂ ਮੇਰੀ ਗੋਰਖ ਝੋਲੀ ਐ। ਏਸ ਨੇ ਸਾਡੀ ਸਾਰੀ ਕਬੀਲਦਾਰੀ ਕਿਓਂਟ ਤੀ। ਥੋਡੀ ਸੋਝੀ ਤੋਂ ਪਹਿਲਾਂ ਭੈਣਾਂ ਦੇ ਹੱਥ ਪੀਲੇ ਕੀਤੇ। ਥੋਡੇ ਦੇਖਦੇ-ਦੇਖਦੇ ਭਾਈ ਅਰ ਪੁੱਤ ਨੂੰ ਪਾਲਿਆ ਪੜ੍ਹਾਇਆ, ਕਿੱਤੇ ਲਾਇਆ; ਦੋਹਾਂ ਨੂੰ ਵਿਆਹਿਆ। ਥੋਡਾ ਰੱਬ ਭਲਾ ਕਰੇ, ਪੋਤੇ ਵੀ ਵਿਆਹ ਲਿਆਂਦੇ ਅਰ ਏਹ ਬਰਕਤਾਂ ਵਾਲੀ ਡੱਬੀ ਕਦੇ ਖਾਲੀ ਨ੍ਹੀਂ ਹੋਈ।” ਉਸ ਦਿਨ ਖੁੱਲ੍ਹੀ ਅਲਮਾਰੀ ਨੂੰ ਮੱਥਾ ਟੇਕਦੇ ਚਾਚੇ ਤੇਜੇ ਦੀਆਂ ਅੱਖਾਂ ਡੁਬਡੁਬਾ ਗਈਆਂ।
ਉਹਦੇ ਮਾਪੇ ਲੰਮੀ ਉਮਰ ਭੋਗ ਕੇ ਇਕ ਦੋ ਵਰ੍ਹਿਆਂ ਦੀ ਵਿੱਥ ਨਾਲ ਇਸ ‘ਸਰਵਣ ਪੁੱਤਰ` ਦੇ ਹੱਥਾਂ ਵਿਚ ਸਵਾਸ ਤਿਆਗਦੇ, ਪਰਮ ਧਾਮ ਦੀ ਪੌੜੀ ਜਾ ਚੜ੍ਹੇ। ਹੁਣ ਬਦੇਸੋਂ ਆਏ ਆਪਣੇ ਨੰਨ੍ਹੇ ਮੁੰਨੇ ਪੋਤੇ ਪੋਤੀ ਨੂੰ ਨਾਲ ਲੈ ਕੇ ਮੈਂ ਦਰਜ਼ੀ ਨੂੰ ਪਹਿਲਾਂ ਵਾਂਗ ਹੀ ਮਿਲਣ ਜਾਂਦਾ ਤਾਂ ਸਾਡੇ ਬੱਚਿਆਂ ਨੂੰ ਵੀ ਉਸ ਦੀ ਸਿਲਾਈ ਮਸ਼ੀਨ ਦੀ ‘ਟਿੱਕ-ਟਿੱਕ` ਨੇ ਮੋਹ ਲਿਆ। ਸੋ ਬਾਹਰੋਂ ਆਏ ਸਹਿਜ ਤੇ ਸਿਮਰ ਜਿੰਨੀ ਦੇਰ ਪਿੰਡ ਰਹੇ, ‘ਚਾਚੇ` ਦੀ ਹੱਟੀ ਜਾਣ ਲਈ ਨਿੱਤ ਕਾਹਲੇ ਪੈਂਦੇ, ਰਿਹਾੜ ਕਰਦੇ; ਮੈਨੂੰ ਧੂਹ ਕੇ ਲੈ ਜਾਂਦੇ। ਫੇਰ ਪੌਣੇ ਕੁ ਦੋ ਵਰ੍ਹੇ ਮੈਨੂੰ ਵੀ ਲਗਾਤਾਰ ਬਦੇਸ ਵਿਚ ਲਾਉਣੇ ਪਏ। ਮੇਰੀ ਉਸ ਲੰਮੀ ਗੈਰਹਾਜ਼ਰੀ ਦੌਰਾਨ ਮੇਰਾ ਨਿੱਤ ਦਾ ਮਹਿਰਮ ਚਾਚਾ ਤੇਜਾ ਸਿਹੁੰ ਅਚਾਨਕ ਲੰਮੀਆਂ ਵਾਟਾਂ ਦਾ ਪਾਂਧੀ ਬਣ ਗਿਆ। ਸੰਤਾਲੀ ਦੇ ਹੱਲਿਆਂ ਵੇਲੇ ਫੱਕੀ ਧੂੜ ਨੇ ਆਪਣਾ ਅਸਲੀ ਰੰਗ ਹੁਣ ਦਿਖਾਇਆ ਸੀ।
ਪਰਦੇਸੋਂ ਪਿੰਡ ਪਰਤਿਆ ਮੈਂ ਉਸ ਦੇ ਪੁੱਤਰ ਨੂੰ ਮਿਲਦਾ, ‘ਦੁਕਾਨ` ਤੋਂ ‘ਬੈਠਕ` ਬਣੇ ਕਮਰੇ ਵਿਚ ਜਾ ਬਹਿੰਦਾ। ਇੰਨਾ ਅਰਸਾ ਮੇਰੇ ਦਿਲ ਦੇ ਐਨ ਕਰੀਬ ਰਹੇ ਪਿਆਰੇ ਮਿੱਤਰ ਦੀ ਕੰਸ ਉੱਤੇ ਸੁਸ਼ੋਭਤ ਅਖਬਾਰੀ ਫੋਟੋ ਨੂੰ ਨਿਹਾਰਦਾ, ਬਹੁਤ ਪਿੱਛੇ ਪਹੁੰਚ ਜਾਂਦਾ। ਰਿਟਾਇਰ ਹੋਇਆ ਉਸ ਦਾ ਪੁਲਸੀਆ ਪੁੱਤਰ ਹੁਣ ਨਿੱਤ ਨੇਮੀ ਖਾਲਸਾ ਸਜਿਆ ਸੁਬ੍ਹਾ ਸ਼ਾਮ ਮੇਰੀ ਸੈਰ ਦਾ ਸਾਥੀ ਹੁੰਦਾ। ਉਸ ਨੇ ਆਪਣੇ ‘ਬਾਪੂ ਜੀ` ਦੀ ਅਖਬਾਰੀ ਯਾਦ ਦਾ ਵੱਡਾ ਪੋਸਟਰ ਬਣਵਾ ਕੇ ਬੈਠਕ ਵਿਚ ਸਜਾਇਆ। ਜਿਵੇਂ ਸਾਰੀ ਉਮਰ ਕੁਲ ਦੀ ਬਿਹਤਰੀ ਲਈ ਜਿਊਂਦੇ ਤੇ ਜੂਝਦੇ ਰਹੇ ਪਿਉ ਦਾ ਰਿਣ ਮੋੜਿਆ ਹੋਵੇ।
ਅਗਲੇ ਸਾਲ ਪਰਦੇਸ ਤੋਂ ਦੇਸ ਵਾਲੀ ਸਾਲਾਨਾ ਫੇਰੀ `ਤੇ ਪਿੰਡ ਪਰਤਿਆ ਮੈਂ ਸਭ ਤੋਂ ਪਹਿਲਾਂ ਉਸ ਪੁਰਾਣੀ ਸਾਂਝ ਵਾਲੇ ‘ਤੇਜੇ ਦੇ ਘਰ` ਮਿਲਣ ਗਿਆ ਤਾਂ ਕੰਸ ਉਪਰਲੀ ਉਹ ਫੋਟੋ ਤੇ ਕੰਧ ਵਾਲਾ ਵੱਡਾ ਪੋਸਟਰ ਦੋਵੇਂ ਗ਼ਾਇਬ ਸਨ।
“ਬਈ ਥਾਣੇਦਾਰਾ! ਉੁਹ ਛੋਟੀ ਜਿਹੀ ਅਖਬਾਰੀ ਫੋਟੋ ਕਿਧਰ ਗਈ?” ਮੈਂ ਬਰਾਬਰ ਬੈਠੇ ਉਸ ਦੇ ‘ਬਾਬਾ` ਬਣੇ ਪੁੱਤਰ ਨੂੰ ਪੁੱਛਿਆ। ਮੈਂ ਸੋਚਿਆ, ਸ਼ਾਇਦ ਪਿੱਛੇ ਹਟਵੀਂ ਕੋਠੀ ਦੇ ਕਿਸੇ ਅਲਹਿਦਾ ਕਮਰੇ ਵਿਚ ਪੋਸਟਰ ਸਮੇਤ ਸਜਾ ਕੇ ਰੱਖੀ ਹੋਵੇ।
“ਕੀ ਕਰੀਏ, ਕੀ ਕਹੀਏ ਮਾਅਰਾਜ! ਵਖਤ-ਵਖਤ ਦੀਆਂ ਗੱਲਾਂ ਨੇ। ਬਾਪੂ ਜੀ ਦੀ ਉਸ ਫੋਟੋ ਤੋਂ ਹੁਣ ਹਨੇਰੇ ਸੁਨ੍ਹੇਰੇ ਉਹਦੇ ਘਰ ਦੇ ਜੀਆਂ ਨੂੰ ਵੀ ਭੈਅ ਆਉਣ ਲੱਗ ਪਿਐ ਜੀ ਸਾਹਿਬ!” ਸਾਧੂ ਸੁਭਾਅ ਥਾਣੇਦਾਰ ਪੁੱਤਰ ਦੀ ਬੇਪਰਵਾਹੀ ਜਿਵੇਂ ਅੱਜ ਬੇਵਸੀ ਵਿਚ ਬਦਲ ਗਈ। ਭਰੀਆਂ ਅੱਖਾਂ ਨਾਲ ਮੈਂ ‘ਬੈਠਕ` ਤੋਂ ਬਾਹਰ ਆ ਗਿਆ ਪਰ ਵਿਹੜੇ ਦੇ ਗੇਟ ਉੱਤੇ ਗਲੀ ਵੱਲ ਘਿਸਰਦੇ ਮੇਰੇ ਪੈਰ ਇਕਦਮ ਰੁਕ ਗਏ। ਜਿਵੇਂ ਚਾਚਾ ਤੇਜਾ ਸਿਹੁੰ ਨੇ ਪਹਿਲਾਂ ਵਾਂਗ ਆਪਣੀ ਦੁਕਾਨ ਅੰਦਰੋਂ ਆਵਾਜ਼ ਮਾਰੀ ਹੋਵੇ। ਬੇਕਾਬੂ ਹੋਏ ਝੱਲੇ ਮਨ ਨੇ ਇਕ ਵਾਰੀ ਫੇਰ ਪਿੱਛੇ ਦੇਖਿਆ। ਚਾਚੇ ਦੀ ਰੀਝਾਂ ਨਾਲ ਉਸਾਰੀ ਉੱਚੀ ਆਲੀਸ਼ਾਨ ਕੋਠੀ ਅੱਜ ਸੁੰਨ ਮਸਾਣ ਖੜ੍ਹੀ ਸੀ।