ਡਾਕਟਰ ਨਰਿੰਦਰ ਸਿੰਘ ਕਪਾਨੀ ਭਾਰਤੀ-ਅਮਰੀਕੀ ਭੌਤਿਕ ਵਿਗਿਆਨੀ ਸਨ ਜੋ ਆਪਣੇ ਆਪਟੀਕਲ ਫਾਈਬਰ (ਪ੍ਰਕਾਸ਼ੀ ਰੇਸ਼ੇ) ਦੇ ਖੋਜ ਕਾਰਜਾਂ ਕਰਕੇ ਵਿਸ਼ਵ ਪੱਧਰ ‘ਤੇ ਪ੍ਰਸਿੱਧ ਹੋਏ। ਸ਼ਬਦ ਫਾਈਬਰ ਆਪਟਿਕਸ ਪਹਿਲੀ ਵਾਰ ਉਨ੍ਹਾਂ ਨੇ ਹੀ ਖੋਜਿਆ ਸੀ। ਇਸੇ ਕਰਕੇ ਉਨ੍ਹਾਂ ਨੂੰ ਫਾਈਬਰ ਆਪਟਿਕਸ ਦਾ ਪਿਤਾਮਾ ਕਿਹਾ ਜਾਂਦਾ ਹੈ। ਵੱਕਾਰੀ ਵਿਸ਼ਵ ਸੰਸਥਾ ‘ਫੌਰਚਿਊਨ’ ਨੇ ਉਨ੍ਹਾਂ ਨੂੰ ਵਿਸ਼ਵ ਦੇ ਸੱਤ ਵੱਡੇ ਬਿਜ਼ਨਸਮੈਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਅਤੇ 1999 ਵਿਚ ਉਨ੍ਹਾਂ ਨੂੰ ‘ਸਦੀ ਦੇ ਪ੍ਰਸਿੱਧ ਕਾਰੋਬਾਰੀ’ ਦੇ ਖਿਤਾਬ ਨਾਲ ਨਿਵਾਜਿਆ ਗਿਆ।
ਡਾ. ਸਤਬੀਰ ਸਿੰਘ
ਫੋਨ: +91-98880-29401
ਡਾਕਟਰ ਨਰਿੰਦਰ ਸਿੰਘ ਕਪਾਨੀ ਮਹਾਨ ਭਾਰਤੀ-ਅਮਰੀਕੀ ਭੌਤਿਕ ਵਿਗਿਆਨੀ ਸਨ ਜੋ ਆਪਣੇ ਆਪਟੀਕਲ ਫਾਈਬਰ (ਪ੍ਰਕਾਸ਼ੀ ਰੇਸ਼ੇ) ਦੇ ਖੋਜ ਕਾਰਜਾਂ ਕਰਕੇ ਵਿਸ਼ਵ ਪੱਧਰ `ਤੇ ਪ੍ਰਸਿੱਧ ਹੋਏ। ਸ਼ਬਦ ਫਾਈਬਰ ਆਪਟਿਕਸ ਪਹਿਲੀ ਵਾਰ ਉਨ੍ਹਾਂ ਨੇ ਹੀ ਖੋਜਿਆ ਸੀ। ਇਸੇ ਕਰਕੇ ਉਨ੍ਹਾਂ ਨੂੰ ਫਾਈਬਰ ਆਪਟਿਕਸ ਦਾ ਪਿਤਾਮਾ ਕਿਹਾ ਜਾਂਦਾ ਹੈ। ‘ਫੌਰਚਿਊਨ’ ਨਾਮਕ ਵੱਕਾਰੀ ਵਿਸ਼ਵ ਸੰਸਥਾ ਨੇ ਉਨ੍ਹਾਂ ਨੂੰ ਵਿਸ਼ਵ ਦੇ ਸੱਤ ਵੱਡੇ ਬਿਜ਼ਨਸਮੈਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਅਤੇ 1999 ਵਿਚ ਉਨ੍ਹਾਂ ਨੂੰ ‘ਸਦੀ ਦੇ ਪ੍ਰਸਿੱਧ ਕਾਰੋਬਾਰੀ` ਦੇ ਖਿਤਾਬ ਨਾਲ ਨਿਵਾਜਿਆ ਗਿਆ।
ਨਰਿੰਦਰ ਸਿੰਘ ਕਪਾਨੀ ਦਾ ਜਨਮ ਅਕਤੂਬਰ 1926 ਨੂੰ ਪੰਜਾਬ ਦੇ ਮੋਗਾ ਸ਼ਹਿਰ ਵਿਚ ਹੋਇਆ। ਸਕੂਲੀ ਵਿੱਦਿਆ ਉਨ੍ਹਾਂ ਨੇ ਦੇਹਰਾਦੂਨ (ਉੱਤਰਾਖੰਡ) ਵਿਚੋਂ ਹਾਸਲ ਕਰਨ ਉਪਰੰਤ ਗਰੈਜੂਏਸ਼ਨ ਆਗਰਾ ਯੂਨੀਵਰਸਿਟੀ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਆਰਡੀਨੈਂਸ ਫੈਕਟਰੀ ਸੇਵਾਵਾਂ ਵਿਚ ਅਫਸਰ ਵਜੋਂ ਨੌਕਰੀ ਮਿਲ ਗਈ। ਇੱਥੇ ਰਹਿ ਕੇ ਉਨ੍ਹਾਂ ਨੇ ਭੌਤਿਕ ਵਿਗਿਆਨ ਦੇ ਕਈ ਵਿਸ਼ਿਆਂ ਜਿਵੇਂ ਲੇਜ਼ਰ, ਆਪਟੀਕਲ ਫਾਈਬਰ ਆਦਿ ਬਾਰੇ ਕੰਮ ਕਰਨਾ ਸ਼ੁਰੂ ਕੀਤਾ। 1952 ਵਿਚ ਉਨ੍ਹਾਂ ਨੂੰ ਲੰਡਨ ਯੂਨੀਵਰਸਿਟੀ ਦੇ ਇੰਪੀਰੀਅਲ ਸਾਇੰਸ ਕਾਲਜ ਵਿਚ ਭੌਤਿਕ ਵਿਗਿਆਨ ਦੇ ਵਿਸ਼ੇ ਵਿਚ ਪੀ.ਐਚ.ਡੀ. ਕਰਨ ਲਈ ਦਾਖਲਾ ਮਿਲ ਗਿਆ। 1955 ਵਿਚ ਉਨ੍ਹਾਂ ਨੂੰ ਸਫਲਤਾਪੂਰਵਕ ਖੋਜ ਕਾਰਜ ਸਮਾਪਤ ਕਰਨ ਉਪਰੰਤ ਪੀ.ਐਚ.ਡੀ. ਦੀ ਡਿਗਰੀ ਦਿੱਤੀ ਗਈ। ਇੰਪੀਰੀਅਲ ਸਾਇੰਸ ਕਾਲਜ, ਲੰਡਨ ਵਿਚ ਕਪਾਨੀ ਨੇ ਇੱਕ ਹੋਰ ਖੋਜਕਾਰ ਹੈਰੋਲਡ ਹੌਪਕਿਨਜ਼ ਨਾਲ ਮਿਲ ਕੇ ਪ੍ਰਕਾਸ਼ੀ ਰੇਸ਼ਿਆਂ (ਆਪਟੀਕਲ ਫਾਈਬਰ) `ਤੇ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਪਹਿਲੀ ਵਾਰ ਪ੍ਰਕਾਸ਼ੀ ਰੇਸ਼ਿਆਂ ਦੇ ਬੰਡਲ ਨੂੰ ਵਰਤੋਂ ਵਿਚ ਲਿਆ ਕੇ ਸੰਚਾਰ ਪ੍ਰਬੰਧਾਂ ਰਾਹੀਂ ਚਿੱਤਰਾਂ ਤੇ ਫੋਟੋਆਂ ਦਾ ਟਰਾਂਸਮਿਸ਼ਨ ਕੀਤਾ। ਇਹ ਚਿੱਤਰ ਬਹੁਤ ਹੀ ਉੱਚ ਪੱਧਰ ਦੀ ਗੁਣਵੱਤਾ ਵਾਲੇ ਸਨ। ਦੋਵਾਂ ਵਿਗਿਆਨੀਆਂ ਨੇ ਅਜਿਹੀ ਤਕਨੀਕ ਦਾ ਇਸਤੇਮਾਲ ਕੀਤਾ ਜੋ ਪਹਿਲਾਂ ਕਦੇ ਨਹੀਂ ਵਰਤੀ ਗਈ ਸੀ ਜਿਸ ਰਾਹੀਂ ਵਧੀਆ ਕਿਸਮ ਦੇ ਇਮੇਜ ਦੂਰ ਤੱਕ ਭੇਜੇ ਜਾ ਸਕਦੇ ਸਨ। ਦੂਰਸੰਚਾਰ ਪ੍ਰਣਾਲੀ ਵਿਚ ਇਹੀ ਤਕਨੀਕ 21ਵੀਂ ਸਦੀ ਦੀ ਅਤਿ ਆਧੁਨਿਕ ਇੰਟਰਨੈੱਟ ਤਕਨਾਲੋਜੀ, ਭਾਵ ‘ਫਾਈਬਰ ਟੂ ਦਿ ਹੋਮ’ ਵਿਚ ਵਰਤੀ ਜਾ ਰਹੀ ਹੈ। ਅਜਿਹੇ ਗਲਾਸ ਜਾਂ ਪਲਾਸਟਿਕ ਪ੍ਰਕਾਸ਼ੀ ਰੇਸ਼ਿਆਂ ਰਾਹੀਂ ਪੂਰੀ ਦੁਨੀਆ ਵਿਚ ਲੋਕਾਂ ਨੂੰ 100 ਮੈਗਾਬਾਈਟਸ/ਸੈਕਿੰਡ ਤੋਂ ਲੈ ਕੇ 1 ਗਿਗਾਬਾਈਟਸ/ਸੈਕਿੰਡ ਤੱਕ ਇੰਟਰਨੈੱਟ ਡਾਟਾ ਦੀ ਸਪੀਡ ਮਿਲ ਰਹੀ ਹੈ।
1960 ਵਿਚ ਕਪਾਨੀ ਨੇ ਅਮਰੀਕੀ ਰਸਾਲੇ ‘ਸਾਇੰਟਿਫਿਕ ਅਮੈਰਿਕਨ` ਵਿਚ ਖੋਜ ਪੱਤਰ ਲਿਖਿਆ ਤੇ ਪਹਿਲੀ ਵਾਰ ਸ਼ਬਦ ‘ਫਾਈਬਰ ਆਪਟਿਕਸ` ਦਾ ਇਸਤੇਮਾਲ ਕੀਤਾ। ਫਾਈਬਰ ਆਪਟਿਕਸ ਨੂੰ ਪਹਿਲਾਂ ਆਪਟੀਕਲ ਕਲੈਡਿੰਗ ਦਾ ਨਾਮ ਡੱਚ ਵਿਗਿਆਨੀ ਬਰਾਮ ਵੈਨਹੀਲ ਨੇ ਦਿੱਤਾ ਸੀ। ਉਪਰੰਤ ਕਪਾਨੀ ਹੋਰਾਂ ਨੇ ਫਾਈਬਰ ਆਪਟਿਕਸ ਦੇ ਨਵੇਂ ਵਿਸ਼ੇ `ਤੇ ਮਹੱਤਵਪੂਰਨ ਕਿਤਾਬ ਲਿਖੀ ਜੋ ਬਾਅਦ ਵਿਚ ਪੂਰੇ ਵਿਸ਼ਵ ਦੇ ਵਿਗਿਆਨੀਆਂ ਲਈ ਪ੍ਰਕਾਸ਼ੀ ਰੇਸ਼ਿਆਂ ਦੀ ਖੋਜ ਦੇ ਮਾਮਲੇ ਵਿਚ ਰੀੜ੍ਹ ਦੀ ਹੱਡੀ ਸਾਬਤ ਹੋਈ। 1960 ਵਿਚ ਉਨ੍ਹਾਂ ਨੇ ‘ਆਪਟਿਕਸ ਟੈਕਨੋਲੋਜੀ` ਨਾਮਕ ਕੰਪਨੀ ਖੋਲ੍ਹੀ ਜਿਸ ਦੇ ਉਹ 12 ਸਾਲ ਚੇਅਰਪਰਸਨ ਅਤੇ ਡਾਇਰੈਕਟਰ ਰਿਸਰਚ ਰਹੇ। 1967 ਵਿਚ ਇਹ ਕੰਪਨੀ ਜਨਤਕ ਕਰ ਦਿੱਤੀ ਗਈ। 1973 ਵਿਚ ਉਨ੍ਹਾਂ ਨੇ ਕੈਪਟਰੌਨ ਕੰਪਨੀ ਖੋਲ੍ਹੀ ਜਿਸ ਦੇ ਉਹ 1990 ਤੱਕ ਮੁਖੀ ਤੇ ਸੀ.ਈ.ਓ.ਰਹੇ। 1990 ਵਿਚ ਉਨ੍ਹਾਂ ਨੇ 2 ਆਪਟਰਾਨਿਕਸ ਨਾਮਕ ਤਕਨੀਕੀ ਕੰਪਨੀ ਖੋਲ੍ਹੀ। ਉਨ੍ਹਾਂ ਨੇ ਅਲੱਗ-ਅਲੱਗ ਕੰਪਨੀਆਂ ਦੇ ਬੋਰਡ ਆਫ ਕੰਟਰੋਲ ਮੈਂਬਰ ਵਜੋਂ ਵੀ ਯੋਗਦਾਨ ਪਾਇਆ। ਕਪਾਨੀ ਦੀ ਖੋਜ ਦੇ ਮੁੱਖ ਵਿਸ਼ਿਆਂ ਵਿਚ ਫਾਈਬਰ ਆਪਟਿਕਸ `ਤੇ ਆਧਾਰਤ ਸੰਚਾਰ ਪ੍ਰਬੰਧ, ਲੇਜ਼ਰ ਸੰਚਾਰ ਪ੍ਰਣਾਲੀ, ਬਾਇਓ ਮੈਡੀਕਲ, ਸੂਰਜੀ ਉਰਜਾ, ਪ੍ਰਦੂਸ਼ਣ ਕੰਟਰੋਲ ਆਦਿ ਪ੍ਰਮੁੱਖ ਸਨ। ਉਨ੍ਹਾਂ ਦੀਆਂ 100 ਦੇ ਕਰੀਬ ਖੋਜਾਂ ਪੇਟੈਂਟ ਹਨ ਅਤੇ ਉਹ ਅਮਰੀਕਾ ਦੀ ਰਾਸ਼ਟਰੀ ਖੋਜ ਕੌਂਸਲ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਉਹ ਕਈ ਪ੍ਰਮੁੱਖ ਖੋਜ ਸੰਸਥਾਵਾਂ ਦੇ ਸੀਨੀਅਰ ਫੈਲੋ ਮੈਂਬਰ ਵੀ ਰਹੇ ਜਿਨ੍ਹਾਂ ਵਿਚ ਰਾਇਲ ਇੰਜੀਨਅਰਿੰਗ ਅਕੈਡਮੀ, ਆਪਟੀਕਲ ਸੁਸਾਇਟੀ ਆਫ ਅਮਰੀਕਾ ਅਤੇ ਦੀ ਫੈਲੋਸ਼ਿਪ ਵੀ ਮਿਲੀ। ਨਰਿੰਦਰ ਕਪਾਨੀ ਨਵੀਨਤਾ ਦੀਆਂ ਪ੍ਰਕਿਰਿਆਵਾਂ, ਤਕਨਾਲੋਜੀ ਅਤੇ ਤਕਨੀਕ ਰੂਪਾਂਤਰਨ ਦੇ ਪ੍ਰਬੰਧਨ ਵਿਚ ਵਿਸ਼ੇਸ਼ ਮਾਹਿਰ ਸਨ। ਆਪਟੀਕਲ ਫਾਈਬਰ ਵਾਲੇ ਇੰਟਰਨੈੱਟ ਤੋਂ ਬਿਨਾ ਲੇਜ਼ਰ ਸਰਜਰੀ ਅਤੇ ਉੱਚਤਮ ਸਪੀਡ ਵਾਲੀਆਂ ਸੰਚਾਰ ਸੇਵਾਵਾਂ ਵੀ ਕਪਾਨੀ ਦੀ ਹੀ ਦੇਣ ਹਨ। ਵਿਸ਼ਵ ਪ੍ਰਸਿੱਧ ‘ਨੇਚਰ` ਰਸਾਲੇ ਵਿਚ ਉਨ੍ਹਾਂ ਦੇ ਫਾਈਬਰ ਆਪਟਿਕਸ ਬਾਰੇ ਛਪੇ ਲੇਖ ਨੇ ਪ੍ਰਕਾਸ਼ੀ ਰੇਸ਼ਿਆਂ ਨੂੰ ਐਂਡੋਸਕੋਪ ਤੇ ਲੇਜ਼ਰ ਪਰੋਬਾਂ ਵਿਚ ਵਰਤਣ ਦੀ ਵਿਧੀ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੱਤੀ ਜੋ ਬਾਅਦ ਵਿਚ ਸਿਹਤ ਵਿਗਿਆਨ ਲਈ ਬਹੁਤ ਮਹੱਤਵਪੂਰਨ ਸਾਬਤ ਹੋਈ। 1955 ਵਿਚ ਅਮਰੀਕੀ ਰਸਾਲੇ ‘ਆਪਟਿਕਾ ਐਕਟਾ` ਵਿਚ ਉਨ੍ਹਾਂ ਦਾ ਯੁੱਗ ਪਲਟਾਊ ਖੋਜ ਪੱਤਰ ਛਪਿਆ।
ਦੇਹਰਾਦੂਨ ਸਕੂਲ ਵਿਚ ਪੜ੍ਹਾਉਂਦੇ ਅਧਿਆਪਕ ਨੇ ਕਲਾਸ ਵਿਚ ਦੱਸਿਆ ਕਿ ਪ੍ਰਕਾਸ਼ ਹਮੇਸ਼ਾ ਸਿੱਧੀ ਲਕੀਰ ਵਿਚ ਹੀ ਚਲਦਾ ਹੈ। ਪੜ੍ਹਦਿਆਂ ਨਰਿੰਦਰ ਸਿੰਘ ਕਪਾਨੀ ਨੇ ਆਪਣੇ ਅਧਿਆਪਕ ਦੀ ਇਸ ਗੱਲ ਨੂੰ ਚੁਣੌਤੀ ਵਜੋਂ ਕਬੂਲ ਕੀਤਾ ਅਤੇ ਸਾਰੀ ਉਮਰ ਪ੍ਰਕਾਸ਼ ਬਾਰੇ ਹੀ ਖੋਜ ਕੀਤੀ।
1954 ਵਿਚ ਵਿਸ਼ਵ ਪ੍ਰਸਿੱਧ ਨੇਚਰ ਰਸਾਲੇ ਨੇ ਕਪਾਨੀ ਦੀ ਫਾਈਬਰ ਆਪਟਿਕਸ ਬਾਰੇ ਖੋਜ ਛਾਪੀ। 1955 ਵਿਚ ਉਨ੍ਹਾਂ ਨੂੰ ਪੀ.ਐਚ.ਡੀ. ਦੀ ਡਿਗਰੀ ਮਿਲੀ। ਇਸ ਵੱਡੀ ਖੋਜ ਬਦਲੇ ਉਨ੍ਹਾਂ ਨੂੰ ਅਮਰੀਕਾ ਦੀ ਰੋਸ਼ੈਸਟਰ ਯੂਨੀਵਰਸਿਟੀ ਵਿਚ ਨੌਕਰੀ ਮਿਲ ਗਈ। ਇਸ ਤੋਂ ਇਲਾਵਾ ਉਹ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਵਿਚ ਵੀ ਪ੍ਰੋਫੈਸਰ ਰਹੇ। ਸਟੈਨਫਰਡ ਯੂਨੀਵਰਸਿਟੀ ਵਿਚ ਉਹ ਭੌਤਿਕ ਵਿਗਿਆਨ ਦੇ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ `ਤੇ ਤਾਇਨਾਤ ਰਹੇ। ਇਸ ਤੋਂ ਇਲਾਵਾ ਉਹ ਬਿਜਲਾਣੂ ਇੰਜੀਨਅਰਿੰਗ ਵਿਭਾਗ ਦੇ ਬੋਰਡ ਆਫ ਕੰਟਰੋਲ ਵਿਚ ਸ਼ਾਮਲ ਰਹੇ। ਪ੍ਰੋ. ਕਪਾਨੀ ਪਰਉਪਕਾਰੀ, ਉੱਦਮੀ ਇਨਸਾਨ ਅਤੇ ਸਫਲ ਕਾਰੋਬਾਰੀ ਸਨ। ਵਿਸ਼ਵ ਪੱਧਰ `ਤੇ ਉਨ੍ਹਾਂ ਨੂੰ ਖੋਜ ਕਾਰਜਾਂ ਸਦਕਾ ਬਹੁਤ ਸਾਰੇ ਮਾਣ-ਸਨਮਾਨ ਪ੍ਰਾਪਤ ਹੋਏ।
ਵਿਸ਼ਵ ਪੱਧਰ `ਤੇ ਵੱਡੇ ਵਿਗਿਆਨੀ ਬਣਨ ਤੋਂ ਬਾਅਦ ਡਾ. ਨਰਿੰਦਰ ਸਿੰਘ ਕਪਾਨੀ ਨੇ ਮਹਿਸੂਸ ਕੀਤਾ ਕਿ ਉਹ ਆਪਣੇ ਮਹਾਨ ਸਿੱਖ ਵਿਰਸੇ ਤੋਂ ਦੂਰ ਜਾ ਰਹੇ ਹਨ, ਉਨ੍ਹਾਂ ਨੂੰ ਆਪਣੇ ਪਿਛੋਕੜ ਵੱਲ ਵੀ ਦੇਖਣਾ ਚਾਹੀਦਾ ਹੈ। ਸਿੱਖ ਕਲਾ ਦੀ ਸੰਭਾਵਨਾ ਅਜੇ ਤੱਕ ਅਣਛੋਹੀ ਪਈ ਹੈ। ਇਸ ਨੂੰ ਵੀ ਅੱਗੇ ਵਧਾਉਣਾ ਚਾਹੀਦਾ ਹੈ। 1967 ਵਿਚ ਉਨ੍ਹਾਂ ਨੇ ਅਮਰੀਕਾ ਵਿਚ ਸਿੱਖ ਸੰਸਥਾ (ਫਾਊਂਡੇਸ਼ਨ) ਦਾ ਨੀਂਹ ਪੱਥਰ ਰੱਖਿਆ। ਡਾ. ਕਪਾਨੀ ਸਿੱਖਿਆ ਅਤੇ ਕਲਾ ਦੇ ਮਾਹਿਰ ਸਨ। ਉਹ ਤਕਰੀਬਨ 50 ਸਾਲ ਸਿੱਖ ਸੰਸਥਾ ਦੇ ਚੇਅਰਮੈਨ ਰਹੇ। ਕਈ ਕੌਮਾਂਤਰੀ ਸੰਸਥਾਵਾਂ ਨਾਲ ਜੁੜ ਕੇ ਇਸ ਸੰਸਥਾ ਨੇ ਮਨੁੱਖਤਾ ਦੇ ਭਲੇ ਲਈ ਬਹੁਤ ਕੁਝ ਕੀਤਾ ਹੈ। ਇਸ ਸੰਸਥਾ ਨੇ ਕਈ ਪੇਪਰ, ਖੋਜ ਪੱਤਰ ਵੀ ਪ੍ਰਕਾਸ਼ਿਤ ਕਰਵਾਏ, ਲੋਕਾਂ ਤੱਕ ਸਿੱਖਿਆ ਪਹੁੰਚਾਈ ਅਤੇ ਕਲਾਕ੍ਰਿਤਾਂ ਵੀ ਮੁਹੱਈਆ ਕਰਵਾਈਆਂ। 1988 ਵਿਚ ਪ੍ਰੋ. ਕਪਾਨੀ ਨੇ ਕੈਲੀਫੋਰਨੀਆ ਯੂਨੀਵਰਸਿਟੀ ਸੈਂਟਾ ਬਾਰਬਰਾ ਵਿਚ ਸਿੱਖ ਅਧਿਐਨ ਬਾਰੇ ਚੇਅਰ ਸਥਾਪਤ ਕੀਤੀ। 1999 ਵਿਚ ਉਨ੍ਹਾਂ ਨੇ ਸਾਂ ਫਰਾਂਸਿਸਕੋ ਵਿਚ ਏਸ਼ੀਆ ਆਰਟ ਮਿਊਜ਼ੀਅਮ ਲਈ 5 ਲੱਖ ਡਾਲਰ ਦੀ ਸਹਾਇਤਾ ਵੀ ਦਿੱਤੀ। 1999 ਵਿਚ ਹੀ ਉਨ੍ਹਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਕਰੂਜ਼ ਵਿਚ ਆਪਟੋ-ਇਲੈਕਟ੍ਰਾਨਿਕਸ ਦੀ ਚੇਅਰ ਸਥਾਪਿਤ ਕੀਤੀ। ਉਹ ਇਸ ਯੂਨੀਵਰਸਿਟੀ ਦੇ ਟਰੱਸਟੀ ਵੀ ਰਹੇ। ਇਸ ਤੋਂ ਇਲਾਵਾ ਉਹ ਕੈਲੀਫੋਰਨੀਆ ਦੇ ਮੈਨਲੋ ਸਕੂਲ, ਮੈਨਲੋ ਪਾਰਕ ਦੇ ਟਰੱਸਟੀ ਵੀ ਰਹੇ। ਕਪਾਨੀ ਕਲਾ ਪ੍ਰੇਮੀ ਸਨ। ਸਿੱਖ ਚਿੱਤਰਕਲਾ ਵਿਚ ਉਨ੍ਹਾਂ ਦੀ ਖਾਸ ਰੁਚੀ ਸੀ। ਮਾਰਚ 1999 ਵਿਚ ਲੰਡਨ ਦੇ ਵਿਕਟੋਰੀਆ ਤੇ ਅਲਰਬਟ ਮਿਊਜ਼ੀਅਮ ਦੀ ਸ਼ੁਰੂਆਤ ਵੇਲੇ ਉਨ੍ਹਾਂ ਨੇ ਕਰਜ਼ੇ ਲੈ ਕੇ ਬਹੁਤ ਹੀ ਦੁਰਲੱਭ ਪੇਂਟਿੰਗਜ਼ ਅਤੇ ਹੋਰ ਚੀਜ਼ਾਂ ਸਿੱਖ ਕਲਾ ਪ੍ਰਦਰਸ਼ਨੀ ਵਿਚ ਭੇਟ ਕੀਤੀਆਂ। ‘ਪੰਜਾਬ ਦੀ ਸ਼ਾਨ’ ਸਿੱਖ ਕਲਾ ਤੇ ਸਾਹਿਤ ਬਾਰੇ ਇਹੀ ਪ੍ਰਦਰਸ਼ਨੀ ਮਾਰਚ 2000 ਵਿਚ ਟੋਰਾਂਟੋ ਦੇ ਰਾਇਲ ਓਂਟਾਰੀਓ ਮਿਊਜ਼ੀਅਮ ਵਿਚ ਲਗਾਈ ਗਈ। ਸਾਰਾ ਖਰਚਾ ਕਪਾਨੀ ਨੇ ਕੀਤਾ।
ਵਿਗਿਆਨਕ ਖੋਜਾਂ, ਸਿੱਖ ਕਲਾ ਅਤੇ ਸਾਹਿਤ ਬਾਰੇ ਵੱਡੇ ਯੋਗਦਾਨ ਕਰਕੇ ਉਨ੍ਹਾਂ ਨੂੰ ਕਾਫੀ ਐਵਾਰਡ ਮਿਲੇ। ਭਾਰਤ ਸਰਕਾਰ ਵੱਲੋਂ 2004 ਵਿਚ ਉਨ੍ਹਾਂ ਨੂੰ ਪਰਵਾਸੀ ਭਾਰਤੀ ਸਨਮਾਨ ਦਿੱਤਾ ਗਿਆ; ਅਮਰੀਕਨ ਪੈਨ ਏਸ਼ੀਆ ਕਾਮਰਸ ਚੈਂਬਰ ਐਵਾਰਡ 1998, ਉੱਤਮਤਾ ਐਵਾਰਡ 2000 ਵਿਚ ਅਮਰੀਕਾ ਵਿਚ ਮਿਲਿਆ, ਫੌਰਚਿਊਨ ਨਾਇਕ ਐਵਾਰਡ 1999 ਵਿਚ ਮਿਲਿਆ ਅਤੇ ਫੀਏਟ ਲਕਸ ਐਵਾਰਡ 2008 ਵਿਚ (ਸਾਂਤਾ ਕਰੂਜ਼ ਫਾਊਂਡੇਸ਼ਨ ਵੱਲੋਂ ਦਿੱਤਾ ਗਿਆ)।
ਡਾ. ਕਪਾਨੀ ਵੱਲੋਂ ਕੀਤੇ ਗਏ ਹੋਰ ਸ਼ਾਨਦਾਰ ਕੰਮ: ਆਪਣੇ ਮਾਤਾ ਸ੍ਰੀਮਤੀ ਕੁੰਦਨ ਕੌਰ ਕਪਾਨੀ ਦੀ ਯਾਦ ਵਿਚ ਉਨ੍ਹਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਸਿੱਖ ਸਟੱਡੀ ਚੇਅਰ ਦੀ ਤਿਆਰੀ ਲਈ ਕਾਫੀ ਫੰਡਿੰਗ ਕੀਤੀ। ਡਾ. ਕਪਾਨੀ ਵੱਲੋਂ ਸਥਾਪਿਤ ਕੀਤੀ ਗਈ ਸਿੱਖ ਕਲਾ ਤੇ ਸਾਹਿਤ ਫਾਊਂਡੇਸ਼ਨ ਨੇ ਹੁਣ ਤੱਕ ਸਿੱਖ ਸਿਧਾਂਤਾਂ ਬਾਰੇ 300ਦੇ ਕਰੀਬ ਕਿਤਾਬਾਂ, ਖੋਜਕਾਰਾਂ ਵੱਲੋਂ 55 ਕਿਤਾਬਾਂ ਅਤੇ ਬੱਚਿਆਂ ਦੀ ਲਾਇਬਰੇਰੀ ਲਈ 20 ਦੇ ਕਰੀਬ ਕਿਤਾਬਾਂ ਵੀ ਛਪਵਾਈਆਂ ਹਨ।
ਯੂਨੈਸਕੋ ਦੀ ਮਦਦ ਨਾਲ ਡਾ. ਕਪਾਨੀ ਦੁਆਰਾ ਸਥਾਪਿਤ ਇਸ ਸਿੱਖ ਫਾਊਂਡੇਸ਼ਨ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਵਿਚ ਗੁਰੂ ਹਰਿਗੋਬਿੰਦ ਸਾਿਹਬ ਜੀ ਵੱਲੋਂ ਤਿਆਰ ਕਰਵਾਈ ਮਸਜਿਦ ‘ਗੁਰੂ ਕੀ ਮਸੀਤ` ਵੀ ਦੁਬਾਰਾ ਸੋਹਣੇ ਤਰੀਕੇ ਨਾਲ ਤਿਆਰ ਕਰਵਾਈ ਹੈ। ਇਸੇ ਸਿੱਖ ਸੰਸਥਾ ਨੇ ਅਮਰੀਕਾ ਦੀ ਸਟੈਨਫਰਡ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਸਟੱਡੀ ਪ੍ਰੋਗਰਾਮ ਦਾ ਸੰਚਾਲਨ ਵੀ ਕੀਤਾ ਹੈ। ਇੱਕ ਸਿੱਖ ਹਾਈ ਸਕੂਲ ਵੀ ਖੋਲ੍ਹਿਆ ਜਾ ਰਿਹਾ ਹੈ। ਅਮਰੀਕਾ ਤੇ ਹੋਰ ਮੁਲਕਾਂ ਵਿਚ ਸਿੱਖ ਭਾਈਚਾਰੇ ਦੀ ਹਾਲਤ ਕਿਵੇਂ ਹੈ, ਬਾਰੇ ਵੀ ਇਸ ਸਿੱਖ ਸੰਸਥਾ ਨੇ ਕਾਫੀ ਸੋਹਣੇ ਢੰਗ ਨਾਲ ਪੂਰੇ ਵਿਸ਼ਵ ਵਿਚ ਪ੍ਰਚਾਰ ਕੀਤਾ ਹੈ। ਪਿੱਛੇ ਜਿਹੇ ਹੀ ਇਸ ਸੰਸਥਾ ਨੇ ਟੋਰਾਂਟੋ ਵਿਚ ਹੋਰਨਾਂ ਸਿੱਖ ਸੰਸਥਾਵਾਂ ਨਾਲ ਮਿਲ ਕੇ ਸਿੱਖ ਫਿਲਮ ਉਤਸਵ ਦਾ ਆਗਾਜ਼ ਵੀ ਕੀਤਾ ਹੈ।
ਲੰਡਨ ਵਿਚ ਹੀ ਕਪਾਨੀ ਦਾ ਵਿਆਹ ਸਤਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਬੱਚੇ ਅਮਰੀਕਾ ਵਿਚ ਵਧੀਆ ਨੌਕਰੀਆਂ ਕਰ ਰਹੇ ਹਨ। 4 ਦਸੰਬਰ 2020 ਨੂੰ ਵਿਸ਼ਵ ਦਾ ਇਹ ਮਹਾਨ ਸਿੱਖ ਵਿਗਿਆਨੀ ਚਲਾਣਾ ਕਰ ਗਿਆ। ਉਨ੍ਹਾਂ ਨੂੰ ਅਤੇ ਉਨ੍ਹਾਂ ਵੱਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਨੂੰ ਸਾਰੀ ਦੁਨੀਆ ਸਦਾ ਯਾਦ ਰੱਖੇਗੀ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਦੀ ਯਾਦ ਵਿਚ ਆਧੁਨਿਕ ਵਿਗਿਆਨਕ ਸੰਸਥਾ ਦੀ ਸਥਾਪਨਾ ਕਰੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨਰਿੰਦਰ ਸਿੰਘ ਕਪਾਨੀ ਨੂੰ ਯਾਦ ਰੱਖ ਸਕਣ।