ਸੰਪਾਦਕ ਜੀ,
ਖਬਰਨਾਮਾ ਦੇ ਤਾਜੇ ਅੰਕ ਵਿਚ ਇੱਕ ਲੇਖ ਹੈ, ਜਿਸ ਵਿਚ ਆਪ ਨੇ ਕੁਝ ਐਸੇ ਵਿਦਵਾਨਾਂ ਦਾ ਜਿ਼ਕਰ ਕੀਤਾ ਹੈ, ਜੋ ਬਿਨਾ ਸੋਚੇ ਸਮਝੇ ਕਿਸੇ ਵੀ ਅੰਦੋਲਨ ਵਿਚ ‘ਬਲਦੀ `ਤੇ ਤੇਲ’ ਪਾਇਆ ਕਰਦੇ ਹਨ। ਇਸ ਵਿਚ ਮਸ਼ਹੂਰ ਮਰਹੂਮ ਲੇਖਕ ਜਸਵੰਤ ਸਿੰਘ ਕੰਵਲ ਹੁਰਾਂ ਦਾ ਵੀ ਜਿ਼ਕਰ ਹੈ, ਜੋ ਪੰਜਾਬ ਵਿਖੇ ਦਹਿਸ਼ਤਗਰਦੀ ਵੇਲੇ ‘ਬੱਲੇ ਉਏ ਮੁੰਡਿਓ ਬੱਲੇ ਉਏ ਸ਼ੇਰੋ’ ਨਾਲ ਗੁਮਰਾਹ ਕੀਤੇ ਗਏ ਨੌਜਵਾਨਾਂ ਦਾ ਹੌਸਲਾ ਵਧਾਇਆ ਕਰਦੇ ਸਨ। ਮੇਰੇ ਮਨ ਵਿਚ ਸਾਹਿਤਕਾਰਾਂ ਲਈ ਇੱਕ ਵਿਸ਼ੇਸ਼ ਸਨਮਾਨਯੋਗ ਥਾਂ ਹਮੇਸ਼ਾ ਰਹੀ ਹੈ, ਪਰ ਕੰਵਲ ਹੁਰਾਂ ਦੀ ‘ਪੁੰਨਿਆਂ ਦਾ ਚਾਨਣ’ ਪੜ੍ਹਦਿਆਂ ਮੇਰੀ ਇਹ ਧਾਰਨਾ ਬੁਰੀ ਤਰ੍ਹਾਂ ਜਖ਼ਮੀ ਹੋਈ ਹੈ।
ਮੈਨੂੰ ਤਾਂ ਇਹ ਵੀ ਲੱਗਿਆ ਕਿ ਸ਼ਾਇਦ ਜਿਵੇਂ ਕੁਲਦੀਪ ਬਰਾੜ ਦੀ ‘ਸਾਕਾ ਨੀਲਾ ਤਾਰਾ’ ਬਾਰੇ ਪੁਸਤਕ ਵਿਚ ਮਨਚਾਹੀ ਤਬਦੀਲੀ ਕਰਦਿਆਂ ਦਹਿਸ਼ਤਗਰਦੀ ਦੇ ਮੁਖੀ ਦੇ ਪੱਖ ਵਿਚ ਲਿਖ ਛਾਪ ਦੇਣ ਬਾਰੇ ਸੁਣਿਆ ਸੀ, ਕਿਸੇ ਕੰਵਲ ਹੁਰਾਂ ਦੀ ਇਸ ਪੁਸਤਕ ਨਾਲ ਛੇੜ ਛਾੜ ਕੀਤੀ ਹੋਵੇ। ਕਿਉਂਕਿ ਮੇਰੀ ਨਜ਼ਰ ਵਿਚ ਇੱਕ ਉੱਚ ਕੋਟੀ ਦਾ ਲੇਖਕ ਨਫਰਤ ਨਾਲ ਭਰੇ ਅਤੇ ਇਹੋ ਜਿਹੇ ਪੱਖਪਾਤੀ ਵਿਚਾਰ ਨਹੀਂ ਲਿਖ ਸਕਦਾ। ‘ਪੁੰਨਿਆਂ ਦਾ ਚਾਨਣ’ ਦੇ ਸਫਾ 53 ਅਤੇ 111 ਉੱਤੇ ਉਹ ਲਿਖਦੇ ਹਨ, “ਇੰਦਰਾ ਦੀ ਹੈਂਕੜ ਨੇ ਸ੍ਰੀ ਅਕਾਲ ਤਖਤ ਅਮਰੀਕੀ ਟੈਂਕਾਂ ਨਾਲ ਆ ਢਾਹਿਆ।” ਇੱਕ ਸੂਝਵਾਨ ਲੇਖਕ ਨੂੰ ਦਰਬਾਰ ਸਾਹਿਬ ਨੂੰ ਜੰਗੇ ਮੈਦਾਨ ਬਣਾਈਂ ਬੈਠੇ ਲੋਕ ਨਹੀਂ ਦਿਖੇ? ਸਫਾ 176 `ਤੇ ਇਹ ਅੰਮ੍ਰਿਤਾ ਪ੍ਰੀਤਮ ਨਾਲ ਖਫਾ ਹਨ ਕਿ ਉਸ ਨੇ ਦਿੱਲੀ ਕਤਲੇਆਮ ਬਾਰੇ ਮੂੰਹ ਕਿਉਂ ਸਿਉਂ ਲਿਆ, ਜਦਕਿ ਵੰਡ ਦੇ ਦੁਖਾਂਤ `ਤੇ ਵਾਰਸ ਸ਼ਾਹ ਨੂੰ ਆਵਾਜ਼ਾਂ ਮਾਰੀਆਂ।
ਤਾਂ ਜਨਾਬ ਅੰਮ੍ਰਿਤਾ ਪ੍ਰੀਤਮ ਜਾਣਦੀ ਸੀ ਕਿ ਇਹ ਕਤਲੇਆਮ ਪੰਜਾਬ ਵਿਚ ਕੀਤੀ ਗਈ ਬੁਰਛਾਗਰਦੀ ਦਾ ਨਤੀਜਾ ਸੀ, ਜਿਸ ਬੁਰਛਾਗਰਦੀ ਬਾਰੇ ਕੰਵਲ ਸਾਹਿਬ ਨੇ ਵੀ ਮੂੰਹ ਸਿਉਂ ਲਿਆ ਸੀ। ਫਿਰ ਇਹ ਅੰਮ੍ਰਿਤਾ ਦੀ ਸਿਗਰਟਨੋਸ਼ੀ ਅਤੇ ਸਾਹਿਰ ਨਾਲ ਲਗਾਓ ਬਾਰੇ ਵੀ ਲਿਖਦੇ ਹਨ। ਤਾਂ ਜਨਾਬ ਆਪ ਇਹ ਦਾਰੂ ਪੀਂਦੇ ਰਹੇ ਅਤੇ ਡਾ. ਗਿੱਲ ਨਾਲ ਇਸ਼ਕ ਲੜਾਉਂਦੇ ਰਹੇ। ਸਿਗਰਟ ਤਾਂ ਦਾਰੂ ਨਾਲੋਂ ਬਹੁਤ ਹਲਕਾ ਨਸ਼ਾ ਹੈ ਅਤੇ ਤੰਬਾਕੂ ਬਾਰੇ ਕੱਟੜ ਸਿੱਖੀ ਦਾ ਰਵੱਈਆ ਇੱਕ ਵਿਚਾਰਸ਼ੀਲ ਵਿਦਵਾਨ ਲਈ ਤਰਕ ਦੀ ਕਸੌਟੀ ‘ਤੇ ਖਰਾ ਨਹੀਂ ਉਤਰਦਾ। ਇੱਕ ਹੋਰ ਜਗ੍ਹਾਂ ਵੀ ਇਨ੍ਹਾਂ ਨਹਿਰੂ ਬਾਰੇ ਬੜੇ ਘਟੀਆ ਲਫਜ਼ ਵਰਤੇ ਸਨ। ਉਂਜ ਇਸ ਪੁਸਤਕ ਵਿਚ ਇਨ੍ਹਾਂ ਕੁਝ ਯਥਾਰਥਕ ਤਜਰਬੇ ਵੀ ਸਾਂਝੇ ਕੀਤੇ ਹਨ। ਮਸਲਨ ‘ਜੱਟ ਤੇ ਝੋਟਾ ਪਿਛਲੇ ਜਨਮ ‘ਚ ਮਤਰਏ ਭਰਾ ਸਨ।’ ਜਾਂ ‘ਪੰਜਾਬੀ ਕਦੇ ਅਕਲ ਅਤੇ ਜ਼ੋਰ ਦਾ ਸਹੀ ਜੋੜ ਨਹੀਂ ਬਣਾ ਸਕਿਆ’ ਜਾਂ ਫੇਰ ‘ਬਾਰਾਂ ਕੋਹ ਦਾ ਗੇੜਾ ਲਾ ਕੇ ਹੀ ਜੱਟ ਨੂੰ ਅਕਲ ਆਉਂਦੀ ਹੈ।’ ਕਈ ਜਗ੍ਹਾ ਇਨ੍ਹਾਂ ਬੜੀਆਂ ਸਿਆਣੀਆਂ ਗੱਲਾਂ ਵੀ ਲਿਖੀਆਂ ਹਨ, ਜਿਵੇਂ ‘ਜਿੱਥੇ ਸਮਝ ਦੀ ਸੀਮਾ ਮੁੱਕਦੀ ਹੈ, ਉੱਥੋਂ ਜਨੂੰਨ ਦੀ ਸੀਮਾ ਅਰੰਭ ਹੁੰਦੀ ਹੈ।’ ਇੱਕ ਹੋਰ ‘ਅਧਿਆਤਮਵਾਦ ਇੱਕ ਕਲਪਿਤ ਵਿਸ਼ਵਾਸ ਹੈ, ਜਿਸ ਦਾ ਕੋਈ ਠੋਸ ਵਜੂਦ ਨਹੀਂ।’ ਅੱਜ ਵੀ ਐਸੇ ਬੁੱਧੀਜੀਵੀਆਂ ਦੀ ਕਮੀ ਨਹੀਂ, ਜੋ ਹਕੀਕਤਾਂ ਤੋਂ ਮੂੰਹ ਮੋੜ ‘ਲਾਅਲਾ ਲਾਅਲਾ’ ਕਰਨ ਦੀ ਅੰਨ੍ਹੀ ਦੌੜ ਵਿਚ ਸ਼ਾਮਲ ਹੋ ਜਾਂਦੇ ਹਨ। ਕਿਉਂ? ਇਹ ਤਾਂ ਉਹੀ ਬੇਹਤਰ ਜਾਣਦੇ ਹੋਣਗੇ।
-ਹਰਜੀਤ ਦਿਉਲ, ਬਰੈਂਪਟਨ