ਟ੍ਰੈਜਿਡੀ ਕਿੰਗ ਦਿਲੀਪ ਕੁਮਾਰ ਦੇ ਅੰਗ-ਸੰਗ

ਵਿਨੋਦ ਕਪੂਰ
ਅਨੁਵਾਦ: ਪਰਮਜੀਤ ਢੀਂਗਰਾ
ਇਹ ਗੱਲ 1968 ਦੀ ਹੈ। ਦਿੱਲੀਓਂ ਆਪਣੇ ਇਕ ਗੂੜ੍ਹੇ ਦੋਸਤ ਜੱਜ ਦੀ ਕਾਰ ਵਿਚ ਅਸੀਂ ਸਾਰੇ ਬੰਬਈ ਗਏ। ਉੱਥੇ ਪਹੁੰਚ ਕੇ ਅਸੀਂ ਸਿੱਧੇ ਪ੍ਰਸਿੱਧ ਮਹਾਂ ਲੱਛਮੀ ਸਟੂਡੀਓ ਜਾ ਪਹੁੰਚੇ। ਉੱਥੇ ਜਿਸ ਨੇ ਸਾਡਾ ਨਿੱਘਾ ਸਵਾਗਤ ਕੀਤਾ, ਉਹ ਸੀ ਹਾਸ ਕਲਾਕਾਰ ਤੇ ਫਿਲਮ ਨਿਰਦੇਸ਼ਕ ਓਮ ਪ੍ਰਕਾਸ਼ ਦਾ ਭਰਾ ਪੱਛੀ। ਉਹ ਫਿਲਮ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ। ਇਸ ਲਈ ਹਿੰਦੀ ਸਿਨੇ ਜਗਤ ਦੇ ਸਾਰੇ ਲੋਕਾਂ ਨਾਲ ਉਹਦਾ ਵਾਹ ਵਾਸਤਾ ਸੀ। ਸਾਨੂੰ ਉਹਦਾ ਨਿੱਘਾ ਸੁਭਾਅ ਬੜਾ ਚੰਗਾ ਲੱਗਿਆ।

ਸ਼ੀਸ਼ੇ ਦੀ ਬਣੀ ਸੁਆਗਤੀ ਖਿੜਕੀ ਤੋਂ ਥੋੜ੍ਹੀ ਦੂਰੀ `ਤੇ ਦਿਲੀਪ ਕੁਮਾਰ ਬੈਠੇ ਸਨ। ਉਨ੍ਹਾਂ ਨੇ ਸਾਨੂੰ ਦੇਖਿਆ ਤਾਂ ਉਨ੍ਹਾਂ ਦੇ ਚਿਹਰੇ `ਤੇ ਖਾਸ ਕਿਸਮ ਦੀ ਮੁਸਕਰਾਹਟ ਫੈਲ ਗਈ। ਪੱਛੀ ਨੇ ਬੜੀ ਅਪਣੱਤ ਨਾਲ ਸਾਡੀ ਜਾਣ ਪਛਾਣ ਕਰਾਈ। ਜਾਣ ਪਛਾਣ ਤੋਂ ਬਾਅਦ ਦਿਲੀਪ ਸਾਹਿਬ ਖੜ੍ਹੇ ਹੋ ਗਏ ਤੇ ਸਾਡੇ ਨਾਲ ਪੰਜਾਬੀ ਵਿਚ ਇੰਜ ਗੱਲਾਂ ਕਰਨ ਲੱਗੇ ਜਿਵੇਂ ਅਸੀਂ ਚਿਰਾਂ ਤੋਂ ਇਕ ਦੂਜੇ ਦੇ ਜਾਣੂ ਹੋਈਏ। ਉਨ੍ਹਾਂ ਨਾਲ ਲਾਊਂਜ ਵਿਚ ਬਹਿ ਕੇ ਚਾਹ ਪੀਣੀ ਇੰਜ ਸੀ ਜਿਵੇਂ ਚੜ੍ਹਦੀ ਉਮਰੇ ਫਿਲਮ ਸਿਤਾਰਿਆਂ ਨਾਲ ਬਹਿਣ ਦੇ ਸੁਪਨੇ ਪੂਰੇ ਹੋ ਗਏ ਹੋਣ। ਦਿਲੀਪ ਸਾਹਿਬ ਨੇ ਪੰਜਾਬੀ ਵਿਚ ਹੀ ਪੁੱਛਿਆ- ‘ਤੁਹਾਡੇ ਕੋਲ ਸਮਾਂ ਹੈ?’ ਜੁਆਬ ਵਿਚ ਹਾਂ ਸੁਣ ਕੇ ਕਹਿਣ ਲੱਗੇ, ‘ਮੇਰੀ ਆਉਣ ਵਾਲੀ ਫਿਲਮ ‘ਸੰਘਰਸ਼` ਦੀਆਂ ਚਾਰ ਰੀਲ੍ਹਾਂ ਪ੍ਰੀਵਿਊ ਵਿਚ ਹਨ, ਤੁਸੀਂ ਵੀ ਨਾਲ ਚੱਲੋ ਇਕੱਠੇ ਬਹਿ ਕੇ ਦੇਖਾਂਗੇ।`
ਉੱਪਰ ਹੀ ਥੀਏਟਰ ਸੀ। ਜਦੋਂ ਅਸੀਂ ਥੀਏਟਰ ਵਿਚ ਬੈਠੇ ਸਾਂ ਤਾਂ ਮੈਂ ਦਿਲੀਪ ਸਾਹਿਬ ਨੂੰ ਉਨ੍ਹਾਂ ਦੇ ਆਪਣੇ ਦ੍ਰਿਸ਼ਾਂ `ਤੇ ਪ੍ਰਤੀਕਿਰਿਆ ਕਰਦਿਆਂ ਦੇਖਦਾ ਰਿਹਾ। ਉਨ੍ਹਾਂ ਨੂੰ ਸਿਨਮਾ ਵਿਚ ਦੇਖਣ ਨਾਲੋਂ ਏਥੇ ਦੇਖਣਾ ਮੈਨੂੰ ਚੰਗਾ ਲੱਗ ਰਿਹਾ ਸੀ। ਜਦੋਂ ਉਹ ਸੰਜੀਵ ਕੁਮਾਰ ਦੇ ਦ੍ਰਿਸ਼ ਦੇਖਦੇ ਤਾਂ ਬੜੇ ਧਿਆਨ ਨਾਲ ਅਭਿਨੈ ਕਲਾ ਨੂੰ ਪਰਖਦੇ। ਸੰਜੀਵ ਕੁਮਾਰ ਉਸ ਸਮੇਂ ਅਜੇ ਨਵਾਂ ਨਵਾਂ ਫਿਲਮ ਜਗਤ ਵਿਚ ਆਇਆ ਸੀ। ਸਕਰੀਨਿੰਗ ਖਤਮ ਹੁੰਦਿਆਂ ਲਾਈਟਾਂ ਜਗ ਪਈਆਂ। ਦਿਲੀਪ ਸਾਹਿਬ ਨੇ ਬੜੇ ਸਹਿਜਮਈ ਤਰੀਕੇ ਨਾਲ ਪੁੱਛਿਆ- ‘ਕਿਵੇਂ ਲੱਗਿਆ ਕੁਮਾਰ ਸਾਹਿਬ?`
ਮੇਰੇ ਦੋਸਤ ਨੇ ਫਿਲਮ ਵਿਚ ਉਨ੍ਹਾਂ ਦੇ ਕਿਰਦਾਰ ਦੀ ਸ਼ਲਾਘਾ ਕੀਤੀ ਜਿਸ ਨਾਲ ਉਨ੍ਹਾਂ ਦੇ ਚਿਹਰੇ `ਤੇ ਰੌਣਕ ਆ ਗਈ। ਦੋਸਤ ਨੇ ਪੁੱਛਿਆ-‘ਫਿਲਮ ‘ਚ ਦੂਸਰਾ ਲੜਕਾ ਕੌਣ ਹੈ?` ਉਨ੍ਹਾਂ ਸਾਧਾਰਨ ਜਿਹੇ ਤਰੀਕੇ ਨਾਲ ਦੱਸਿਆ ਤੇ ਜਾਣਬੁਝ ਕੇ ਅਦਾਕਾਰ ਦਾ ਨਾਂ ਦੱਸਣ ਤੋਂ ਟਾਲਾ ਵੱਟ ਗਏ। ਉਸ ਸਮੇਂ ਤਕ ਸੰਜੀਵ ਕੁਮਾਰ ਨੂੰ ਬਹੁਤੀ ਪਛਾਣ ਅਜੇ ਨਹੀਂ ਸੀ ਮਿਲੀ ਪਰ ਇਹ ਵੀ ਸੱਚ ਹੈ ਕਿ ਅੱਗੇ ਜਾ ਕੇ ਸੰਜੀਵ ਕੁਮਾਰ ਦਾ ਕੱਦ ਅਭਿਨੈ ਕਲਾ ਵਿਚ ਦਿਲੀਪ ਸਾਹਿਬ ਵਰਗਾ ਹੋ ਗਿਆ ਸੀ। ਬਾਅਦ ਵਿਚ ‘ਸੰਘਰਸ਼` ਉਹਦੀ ਵਧੀਆ ਫਿਲਮ ਵਜੋਂ ਹਿੱਟ ਹੋਈ।
ਦਿਲੀਪ ਸਾਹਿਬ ਉਸ ਮਹਾਨ ਤਿੱਕੜੀ ਦਾ ਹਿੱਸਾ ਸਨ, ਜਿਸ ਨੇ ਫਿਲਮ ਜਗਤ ਵਿਚ ਆਪਣੇ ਪ੍ਰਤੀਮਾਨ ਸਥਾਪਤ ਕੀਤੇ। ਇਹ ਉਹ ਪ੍ਰਤੀਮਾਨ ਸਨ, ਜਿਨ੍ਹਾਂ ਨੇ ਕਲਾਕਾਰੀ ਦੇ ਰੂਪ ਵਿਚ ਆਪਣੀ ਅਦਭੁੱਤ ਸ਼ੈਲੀ, ਗੰਭੀਰਤਾ ਤੇ ਪੇਸ਼ਕਾਰੀ ਰਾਹੀਂ ਉਨ੍ਹਾਂ ਨੂੰ ‘ਟ੍ਰੈਜਿਡੀ ਕਿੰਗ` ਦਾ ਖਿਤਾਬ ਦਵਾਇਆ। ਜਲਦੀ ਹੀ ਉਨ੍ਹਾਂ ਦੇ ਨਿਰਦੇਸ਼ਕਾਂ ਤੇ ਕੈਮਰਾਮੈਨਾਂ ਨੇ ਉਨ੍ਹਾਂ ਲਈ ਟ੍ਰੈਜਿਡੀ ਦਾ ਪ੍ਰਭਾਵ ਸਿਰਜਣ ਲਈ ਮੱਧਮ ਰੌਸ਼ਨੀਆਂ ਤੇ ਖਲ਼ਾਸ ਕੋਣ ਤੋਂ ਕੈਮਰੇ ਦੀ ਵਰਤੋਂ ਕਰਨੀ ਸਿੱਖ ਲਈ। ਗੀਤਕਾਰਾਂ ਤੇ ਸੰਗੀਤਕਾਰਾਂ ਨੇ ਉਨ੍ਹਾਂ ਅਨੁਸਾਰ ਆਪਣੀਆਂ ਸੁਰਾਂ ਨੂੰ ਸੁਰ ਕੀਤਾ। ਫਿਰ ਦਿਲੀਪ ਸਾਹਿਬ ਨੇ ਫਿਲਮਾਂ ਦੇ ਸ਼ੌਕੀਨਾਂ ਨੂੰ ਚਿਤ ਕਰਕੇ ਆਪਣੇ ਤਰੀਕੇ ਨਾਲ ਬਦਲ ਦਿੱਤਾ ਤੇ ਮੁਟਿਆਰਾਂ ਉਨ੍ਹਾਂ ਅੰਦਰਲੇ ਦੇਵਦਾਸ ਦੀਆਂ ਦੀਵਾਨੀਆਂ ਹੋ ਗਈਆਂ। ਮੇਰੇ ਸਕੂਲ ਦੇ ਦਿਨਾਂ ਦੇ ਦੋਸਤ ਅਕਾਸ਼ਦੀਪ ਨੂੰ ‘ਗੰਗਾ ਜਮੁਨਾ` ਫਿਲਮ ਲਈ ਦਿਲੀਪ ਸਾਹਿਬ ਨੇ ਹੀ ਚੁਣਿਆ ਸੀ। ਬਾਅਦ ਵਿਚ ਉਹਨੇ ਹੋਰ ਵੀ ਕਈ ਫਿਲਮਾਂ ਵਿਚ ਕੰਮ ਕੀਤਾ। ਅਕਾਸ਼ਦੀਪ ਦੇਰ ਤਕ ਮੇਰੇ ਨਾਲ ਗੱਲਾਂ ਕਰਦਾ ਦੱਸਦਾ ਰਿਹਾ ਕਿ ਕਿਵੇਂ ਉਹਨੂੰ ਜਮੁਨਾ ਬਣਨ ਦੀ ਭੂਮਿਕਾ ਦਿੱਤੀ ਗਈ।
ਦਿਲੀਪ ਸਾਹਿਬ ਦੀ ਸ਼ਖਸੀਅਤ ਵਿਚਲੀਆਂ ਅਨੇਕਾਂ ਚੰਗਿਆਈਆਂ ਤੋਂ ਇਲਾਵਾ ਇਕ ਖੂਬੀ ਇਹ ਵੀ ਸੀ ਕਿ ਉਹ ਕਈ ਭਾਸ਼ਾਵਾਂ ਵਿਚ ਗੱਲਬਾਤ ਕਰਨ ਦੇ ਮਾਹਰ ਸਨ। ਏਸੇ ਕਰਕੇ ਉਨ੍ਹਾਂ ਦੀਆਂ ਬਹੁਰੰਗੀ ਭੂਮਿਕਾਵਾਂ ਦਾ ਪ੍ਰਭਾਵ ਹੋਰ ਵੀ ਵਧ ਜਾਂਦਾ। ਇਹ ਉਨ੍ਹਾਂ ਦੇ ਅਧਿਐਨ ਤੇ ਆਲੇ ਦੁਆਲੇ ਦੀ ਜ਼ਿੰਦਗੀ ਨੂੰ ਨੀਝ ਨਾਲ ਦੇਖਣ ਕਰਕੇ ਸੰਭਵ ਹੋਇਆ ਹੋਵੇਗਾ। ਏਸੇ ਅਨੁਭਵ ਦ੍ਰਿਸ਼ਟੀ ਕਰਕੇ ਅਭਿਨੇਤਾ ਅੰਦਰਲਾ ਇਨਸਾਨ ਪ੍ਰਭਾਵਤ ਹੁੰਦਾ ਨਜ਼ਰ ਆਉਂਦਾ ਹੈ।
ਅੱਸੀਵਿਆਂ ਦੇ ਅੰਤ ਵਿਚ ਮੈਂ ਦੂਰਦਰਸ਼ਨ ਨਾਲ ਜੁੜ ਗਿਆ। ਸਾਡੇ ਐਡੀਟਰ ਬੀ. ਐਨ. ਸ਼ੈਲੀ ਨੇ ਮੈਨੂੰ ਮੌਰੀਆ ਹੋਟਲ ਵਿਚ ਦਿਲੀਪ ਸਾਹਿਬ ਦੀ ਠਾਹਰ ਦੀ ਸੂਚਨਾ ਦਿੱਤੀ। ਮੈਂ ਇਕ ਹਫਤਾਵਾਰੀ ਬੜੇ ਮਕਬੂਲ ਪ੍ਰੋਗਰਾਮ ‘ਪੰਜਾਬੀ ਦਰਪਣ` ਲਈ ਉਨ੍ਹਾਂ ਦੀ ਇੰਟਰਵਿਊ ਰਿਕਾਰਡ ਕਰਨੀ ਚਾਹੁੰਦਾ ਸੀ। ਉਹ ਪਸ਼ੌਰੀ ਅੰਦਾਜ਼ ਵਿਚ ਬੜੀ ਵਧੀਆ ਪੰਜਾਬੀ ਬੋਲਦੇ ਸਨ। ਸ਼ੈਲੀ ਨੇ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਹੋਟਲ ਬੁਲਾਇਆ। ਜਦੋਂ ਉਹ ਕਿਸੇ ਪੰਜਾਬੀ ਚੀਜ਼ ਬਾਰੇ ਦੱਸਦੇ ਤਾਂ ਨਾਲੋਂ ਨਾਲ ਉਹਦਾ ਬੜੀ ਔਖੀ ਉਰਦੂ ਵਿਚ ਤਰਜਮਾ ਕਰਦੇ ਜਾਂਦੇ। ਉਹ ਵੱਡੇ ਲੇਖਕਾਂ ਵਾਂਗ ਉਰਦੂ ਬੋਲਦੇ ਸਨ। ਜਿਸ ਤਰ੍ਹਾਂ ਦੇ ਭਾਰੇ-ਭਾਰੇ ਉਰਦੂ ਦੇ ਸ਼ਬਦ ਉਹ ਮੇਰੇ ਸਾਹਮਣੇ ਬੋਲ ਰਹੇ ਸਨ, ਮੈਂ ਆਪਣੇ ਆਪ ਨੂੰ ਅਨਪੜ੍ਹ ਮਹਿਸੂਸ ਕਰ ਰਿਹਾ ਸਾਂ। ਇੰਟਰਵਿਊ ਦੌਰਾਨ ਨਾ ਤਾਂ ਮੈਂ ਉਨ੍ਹਾਂ ਨੂੰ ਵਿਚੋਂ ਰੋਕ ਸਕਿਆ ਤੇ ਨਾ ਹੀ ਉਨ੍ਹਾਂ ਨੂੰ ਮੇਰੀ ਪ੍ਰਤੀਕਿਰਿਆ ਪਤਾ ਲੱਗੀ। ਉਹ ਲਗਾਤਾਰ ਆਪਣੀ ਗੱਲ ਕਰਦੇ ਰਹੇ। ਮੈਨੂੰ ਪਤਾ ਨਹੀਂ ਕੀ ਹੋਇਆ। ਮੇਰਾ ਧਿਆਨ ਪਤਾ ਨਹੀਂ ਕਿੱਧਰ ਚਲਾ ਗਿਆ। ਉਨ੍ਹਾਂ ਨੇ ਅਚਾਨਕ ਮੈਨੂੰ ਪੁੱਛਿਆ- ‘ਤੂੰ ਇੱਥੇ ਹੀ ਹੈ ਨਾ?`
ਉਨ੍ਹਾਂ ਦਾ ਮੈਨੂੰ ਇਸ ਤਰ੍ਹਾਂ ਪੁੱਛਣਾ ਬੜਾ ਬੇਤੁਕਾ ਲੱਗਿਆ। ਕੀ ਉਹ ਚਾਹੁੰਦੇ ਸਨ ਕਿ ਮੈਂ ਉੱਥੋਂ ਚਲਾ ਜਾਵਾਂ? ਖੁਦ ਨੂੰ ਸ਼ਾਂਤ ਕਰਦਿਆਂ ਮੈਂ ਉਨ੍ਹਾਂ ਦੀਆਂ ਗੱਲਾਂ ਦੀ ਤਾਰੀਫ ਕੀਤੀ ਤੇ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹਾਂ। ਅਜਿਹਾ ਸੁਣ ਕੇ ਵੀ ਉਨ੍ਹਾਂ ਦੇ ਚਿਹਰੇ ਦੇ ਹਾਵਭਾਵ ਨਹੀਂ ਬਦਲੇ। ਉਨ੍ਹਾਂ ਨੇ ਧੀਮੀ ਆਵਾਜ਼ ਵਿਚ ਉਰਦੂ ਵਿਚ ਦੁਬਾਰਾ ਗੱਲਬਾਤ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਬੰਬਈ ਦੀ ਇਕ ਫੇਰੀ ਸਮੇਂ ਮੇਰਾ ਇਕ ਗੂੜ੍ਹਾ ਦੋਸਤ ਅਤੇ ਅੰਗਰੇਜ਼ੀ ਦਾ ਸਾਬਕਾ ਪ੍ਰੋਫੈਸਰ ਮੈਨੂੰ ਦਿਲੀਪ ਸਾਹਿਬ ਕੋਲ ਲੈ ਗਿਆ। ਉਹਦੇ ਪਰਿਵਾਰ ਦੀ ਜੋਧਪੁਰ ਵਿਚ ਚੰਗੀ ਪੈਂਠ ਸੀ। ਮੇਰੇ ਦੋਸਤ ਦੇ ਪਿਤਾ ਸ਼ਿਵ ਰਾਮ ਪੁਰੋਹਿਤ ਦਿਲੀਪ ਸਾਹਿਬ ਦੀਆਂ ਜ਼ਿਆਦਾਤਰ ਫਿਲਮਾਂ ਦੇ ਪ੍ਰਮੁੱਖ ਫਾਈਨੈਂਸਰ ਸਨ। ਏਸੇ ਕਰਕੇ ਦੋਹਾਂ ਪਰਿਵਾਰਾਂ ਵਿਚ ਕਾਫੀ ਨੇੜਤਾ ਸੀ। ਦਿਲੀਪ ਸਾਹਿਬ ਦੀ ਜ਼ਿਦ ਕਰਕੇ ਉਨ੍ਹਾਂ ਨੂੰ ਏ.ਆਰ. ਕਾਰਦਾਰ ਦੀ ਫਿਲਮ ‘ਦਿਲ ਦੀਆ ਦਰਦ ਲੀਆ` ਨੂੰ ਵੀ ਫਾਈਨਾਂਸ ਕਰਨਾ ਪਿਆ। ਇਹਦੇ ਕਰਕੇ ਬਾਅਦ ਵਿਚ ਉਹ ਇਨਕਮ ਟੈਕਸ ਦੇ ਝਮੇਲੇ ਵਿਚ ਫਸ ਗਏ। ਤਦ ਐੱਸ.ਆਰ. ਪੁਰੋਹਿਤ ਨੇ ਹੀ ਉਨ੍ਹਾਂ ਨੂੰ ਇਸ ਝਮੇਲੇ ਵਿਚੋਂ ਕੱਢਿਆ। ਇਕ ਵਾਰ ਇਕ ਪਾਕਿਸਤਾਨੀ ਪੱਤਰਕਾਰ ਨੇ ਉਨ੍ਹਾਂ ਦੀ ਇੰਟਰਵਿਊ ਲੈਂਦਿਆਂ ਸੰਪਰਦਾਇਕਤਾ ਦੀ ਗੱਲ ਛੋਹ ਲਈ। ਇਸ `ਤੇ ਦਿਲੀਪ ਸਾਹਿਬ ਕਹਿਣ ਲੱਗੇ-‘ਇਕ ਮੁਸਲਿਮ ਦੋਸਤ ਨੇ ਉਨ੍ਹਾਂ ਨੂੰ ਇਨਕਮ ਟੈਕਸ ਦੇ ਝਮੇਲੇ ਵਿਚ ਫਸਾ ਦਿੱਤਾ ਤੇ ਇਕ ਹਿੰਦੂ ਦੋਸਤ ਨੇ ਇਸ ਵਿਚੋਂ ਬਾਹਰ ਕੱਢਿਆ। ਇਹ ਹੈ ਇੱਥੋਂ ਦੀ ਧਰਮ ਨਿਰਪੱਖਤਾ ਦਾ ਸਬੂਤ।`
ਕਾਫੀ ਦਿਨਾਂ ਬਾਅਦ 1983 ਵਿਚ ਜਦੋਂ ਵੱਡੇ ਪੁਰੋਹਿਤ ਬੰਬਈ ਦੇ ਹਸਪਤਾਲ ਵਿਚ ਦਾਖਲ ਹੋਏ ਤਾਂ ਦਿਲੀਪ ਸਾਹਿਬ ਤੇ ਸਾਇਰਾ ਬਾਨੋ ਲਗਾਤਾਰ ਉਨ੍ਹਾਂ ਨੂੰ ਮਿਲਣ ਜਾਂਦੇ ਰਹੇ। ਡਾਕਟਰ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਦੇਖ ਕੇ ਹੈਰਾਨ ਰਹਿ ਜਾਂਦੇ ਕਿ ਇਹ ਮਰੀਜ਼ ਇਨ੍ਹਾਂ ਦਾ ਕੀ ਲੱਗਦਾ ਹੈ, ਜਿਸ ਦੇ ਪੈਰ ਦਿਲੀਪ ਸਾਹਿਬ ਘੁੱਟਦੇ, ਕਦੇ ਕਦੇ ਸਾਰਿਆਂ ਸਾਹਮਣੇ ਉਨ੍ਹਾਂ ਦੇ ਪੈਰਾਂ `ਤੇ ਹੱਥ ਫੇਰਦੇ। ਦਿਲੀਪ ਸਾਹਿਬ ਉਨ੍ਹਾਂ ਨੂੰ ਆਪਣੇ ਪਿਤਾ ਸਮਾਨ ਮੰਨਦੇ ਸਨ, ਉਹ ਵੀ ਉਨ੍ਹਾਂ ਨੂੰ ਆਪਣੇ ਇਕ ਹੋਰ ਬੇਟੇ ਵਾਂਗ ਪਿਆਰ ਕਰਦੇ ਸਨ।
ਪਿਛਲੇ ਦਿਨੀਂ ਜਦੋਂ ਬੰਬਈ ਜਾਣ ਦਾ ਸਬੱਬ ਬਣਿਆ ਤਾਂ ਮੇਰਾ ਦੋਸਤ ਕਮਲੇਸ਼ ਕਹਿਣ ਲੱਗਾ-ਚੱਲ ਯੂਸਫ ਸਾਹਿਬ ਨੂੰ ਮਿਲ ਕੇ ਆਉਂਦੇ ਹਾਂ। ਹੁਣੇ ਹੁਣੇ ਉਨ੍ਹਾਂ ਦੀ ਹਾਰਟ ਸਰਜਰੀ ਹੋਈ ਹੈ। ਅਸੀਂ ਉਨ੍ਹਾਂ ਦੇ ਪਾਲੀ ਹਿੱਲ ਵਾਲੇ ਬੰਗਲੇ ਜਾ ਪਹੁੰਚੇ। ਉੱਥੇ ਜਾ ਕੇ ਅਜਿਹਾ ਲੱਗਿਆ ਕਿ ਸਾਰੇ ਲੋਕ ਕਮਲੇਸ਼ ਨੂੰ ਜਾਣਦੇ ਨੇ ਤੇ ਅਹਿਸਾਸ ਖਾਨ (ਦਿਲੀਪ ਸਾਹਿਬ ਦਾ ਭਰਾ) ਉਹਨੂੰ ਦੇਖ ਕੇ ਪੰਜਾਬੀ ਬੋਲਦਾ ਉਹਦੇ ਵੱਲ ਆਇਆ। ਆਵਾਜ਼ ਸੁਣ ਕੇ ਸਾਇਰਾ ਵੀ ਬਾਹਰ ਆ ਗਈ। ਉਹਨੇ ਸਾਨੂੰ ਲਾਅਨ ਵਿਚ ਬੈਠਣ ਲਈ ਕਿਹਾ। ਜਲਦੀ ਹੀ ਦਿਲੀਪ ਸਾਹਿਬ ਨੂੰ ਸਹਾਰਾ ਦੇ ਕੇ ਦੋ ਜਣੇ ਬਾਹਰ ਲੈ ਆਏ। ਸੰਖੇਪ ਵਿਚ ਉਨ੍ਹਾਂ ਦੀ ਬਾਈਪਾਸ ਸਰਜਰੀ ਦਾ ਹਾਲ ਚਾਲ ਪੁੱਛਿਆ। ਸਰਜਰੀ ਹੋਇਆਂ ਅਜੇ ਨੌਂ ਦਿਨ ਹੀ ਹੋਏ ਸਨ। ਉਹ ਕਾਫੀ ਪੀੜ ਪਰੁਚੇ ਲਹਿਜੇ ਵਿਚ ਸਰਜਰੀ ਦੀ ਸਾਰੀ ਪ੍ਰਕਿਰਿਆ ਬਾਰੇ ਦੱਸ ਰਹੇ ਸਨ। ਉਹ ਬੜੀ ਬਾਰੀਕੀ ਨਾਲ ਨਸਾਂ ਅਤੇ ਮੈਡੀਕਲ ਸ਼ਬਦਾਵਲੀ ਵਰਤ ਕੇ ਆਪਣੀ ਗੱਲਬਾਤ ਕਰ ਰਹੇ ਸਨ, ਜਿਸ ਨੂੰ ਸੁਣ ਕੇ ਕੋਈ ਵੀ ਆਪਣੇ ਗਿਆਨ ਅਤੇ ਸਮਝ ਨੂੰ ਕੋਸਣ ਲੱਗ ਪਵੇ। ਉਹ ਦਰਦ ਪਰੁੰਨੀ ਆਵਾਜ਼ ਵਿਚ ਵੀਹ ਮਿੰਟਾਂ ਤਕ ਇਹ ਸਾਰਾ ਕੁਝ ਦੱਸਦੇ ਰਹੇ। ਇਹੀ ਉਹ ਜਾਦੂਮਈ ਆਵਾਜ਼ ਸੀ ਜਿਸ ਨੇ ਉਨ੍ਹਾਂ ਨੂੰ ਟ੍ਰੈਜਿਡੀ ਕਿੰਗ ਬਣਾਇਆ ਸੀ।
ਦਿਲੀਪ ਸਾਹਿਬ ਨੇ ਆਪਣੀਆਂ ਯਾਦਗਾਰੀ ਫਿਲਮਾਂ ਵਿਚ ਕੀਤੇ ਅਭਿਨੈ ਨਾਲ ਲੱਖਾਂ ਦਰਸ਼ਕਾਂ ਨੂੰ ਜੋ ਖੁਸ਼ੀ ਦਿੱਤੀ ਉਹਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਜੋ ਮੀਲ ਪੱਥਰ ਸਥਾਪਤ ਕੀਤੇ, ਉਹ ਉਨ੍ਹਾਂ ਦੇ ਚਲੇ ਜਾਣ ਬਾਅਦ ਵੀ ਸਥਾਪਤ ਰਹਿਣਗੇ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਚਿਹਰੇ ਦੀ ਮੁਸਕਰਾਹਟ ਪਿੱਛੇ ਤ੍ਰਾਸਦੀਆਂ ਅਤੇ ਦੁੱਖ ਸਨ, ਜਿਨ੍ਹਾਂ ਦੀ ਪੇਸ਼ਕਾਰੀ ਉਨ੍ਹਾਂ ਨੇ ਇਕ ਖਾਸ ਅੰਦਾਜ਼ ਵਿਚ ਕੀਤੀ ਜਿਸ ਨੇ ਉਨ੍ਹਾਂ ਨੂੰ ਟ੍ਰੈਜਿਡੀ ਕਿੰਗ ਦਾ ਖਿਤਾਬ ਦਿਵਾਇਆ।