ਚਿੱਤਰਕਾਰੀ ਤੋਂ ਫਿਲਮਕਾਰੀ ਵੱਲ ਆਇਆ ‘ਗੁਰਚੇਤ ਚਿੱਤਰਕਾਰ’ ਫੈਮਿਲੀ ਫਿਲਮਾਂ ਦੇ ਕਲਾਕਾਰ ਵਜੋਂ ਵੱਖਰੀ ਪਛਾਣ ਰੱਖਦਾ ਹੈ। 1995-96 ਦੇ ਸਮਿਆਂ ਦੇ ਸੀ. ਡੀ. ਕਲਚਰ ਦੌਰ ’ਚ ਆਈਆਂ ਟੈਲੀਫਿਲਮਾਂ ‘ਸੰਦੂਕ `ਚ ਬੰਦੂਕ’, ‘ਫੌਜੀ ਦੀ ਫੈਮਿਲੀ’, ‘ਫੈਮਿਲੀ 420’, ‘ਕੇਹਰ ਸਿੰਘ ਦੀ ਮੌਤ’, ‘ਕਰਜਾ’, ‘ਨਵਾਂ ਸਮਾਜ’, ‘ਇੱਜਤ’, ‘ਨਾਨਕ ਨਾਮ ਚੜ੍ਹਦੀ ਕਲਾ’ ਆਦਿ ਨਾਲ ਛੋਟੀਆਂ ਫਿਲਮਾਂ ਦੇ ਪਿਤਾਮਾ ਬਣੇ ਗੁਰਚੇਤ ਚਿੱਤਰਕਾਰ ਨੇ ਸਮਾਜ ਦੇ ਅਣਛੋਹੇ ਮੁੱਦਿਆਂ ਨੂੰ ਆਪਣੀ ਮਨੋਰੰਜਨ ਸ਼ੈਲੀ ਨਾਲ ਪਰਦੇ `ਤੇ ਲਿਆਂਦਾ।
ਸਮੇਂ ਦੇ ਨਾਲ ਚਲਦਿਆਂ ਉਸ ਨੇ ਸਮਾਜ ਦੀ ਹਰੇਕ ਕੁਰੀਤੀ ਨੂੰ ਵਿਅੰਗਮਈ ਤਰੀਕੇ ਨਾਲ ਭੰਡਿਆ। ਗੁਰਚੇਤ ਜਿੱਥੇ ਵਧੀਆ ਕਲਾਕਾਰ, ਡਾਇਰੈਕਟਰ, ਡਾਂਸ ਮਾਸਟਰ ਹੈ, ਉਥੇ ਸੁਲਝਿਆ ਹੋਇਆ ਲੇਖਕ ਵੀ ਹੈ। ਉਹ ਫਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਖੁਦ ਲਿਖਦਾ ਹੈ।
ਸੰਗਰੂਰ ਨੇੜਲੇ ਪਿੰਡ ਈਲਵਾਲ ਦੇ ਜੰਮਪਲ ਗੁਰਚੇਤ ਨੇ ਲਘੂ ਫਿਲਮਾਂ ਤੋਂ ਉਪਰ ਉਠ ਕੇ ਵੱਡੇ ਪਰਦੇ ਦੀਆਂ ਫਿਲਮਾਂ ਲਈ ਵੀ ਕੰਮ ਕੀਤਾ ਹੈ। ਯੂ-ਟਿਊਬ ਦੇ ਅਜੋਕੇ ਦੌਰ ਵਿਚ ਅੱਜ ਲੱਖਾਂ ਹੀ ਦਰਸ਼ਕ ਉਸ ਨਾਲ ਜੁੜੇ ਹੋਏ ਹਨ। ਜਿੱਥੇ ਉਹ ਆਪਣੇ ਦਰਸ਼ਕਾਂ ਦਾ ਹਰ ਤਰ੍ਹਾਂ ਦੀਆਂ ਫਿਲਮਾਂ ਨਾਲ ਮਨੋਰੰਜਨ ਕਰ ਰਿਹਾ ਹੈ।
ਇਨ੍ਹੀਂ ਦਿਨੀਂ ਗੁਰਚੇਤ ਚਿੱਤਰਕਾਰ ਆਪਣੀ ਨਵੀਂ ਫਿਲਮ ‘ਇੱਕ ਮਹੀਨਾ ਜੇਠ ਦਾ’ ਨਾਲ ਖੂਬ ਚਰਚਾ ਵਿਚ ਹੈ। ਪੰਜਾਬ ਦੇ ਕਲਚਰ ਦੀ ਵਿਲੱਖਣ ਪੇਸ਼ਕਾਰੀ ਕਰਦੀ ਇਹ ਫਿਲਮ ਸਾਂਝੀਆਂ ਜਮੀਨਾਂ ਵਾਲੇ ਪਰਿਵਾਰਾਂ ਦੀ ਕਹਾਣੀ ਦਾ ਸੱਚ ਬਿਆਨਦੀ ਹੈ। ਇਹ ਫਿਲਮ ਪੰਜਾਬ ਦੇ ਪੁਰਾਤਨ ਕਲਚਰ ਤੇ ਠੇਠ ਬੋਲੀ ਨਾਲ ਵੀ ਜੋੜਦੀ ਹੈ।
ਗੁਰਚੇਤ ਨੇ ਦੱਸਿਆ ਕਿ ਇਹ ਫਿਲਮ ਉਸ ਦੌਰ ਦੀ ਸੱਚੀ ਕਹਾਣੀ ਹੈ, ਜਦੋਂ ਘਰ ਕੱਚੇ ਸੀ ਤੇ ਦਿਲ ਸੱਚੇ ਸੀ। ਜਮੀਨਾਂ ਲਈ ਔਰਤ ਕੀ-ਕੀ ਕੁਰਬਾਨ ਕਰਦੀ ਸੀ, ਇਹ ਗੱਲ ਕੌੜੀ ਜਰੂਰ ਹੈ, ਪਰ ਹੈ ਸੋਲਾਂ ਆਨੇ ਸੱਚੀ। ਅਜਿਹੀਆਂ ਫਿਲਮਾਂ ਬਣਾਉਣਾ ਹੀ ਅਸਲ ਫਿਲਮਕਾਰੀ ਹੈ।
ਇਸ ਫਿਲਮ ‘ਚ ਗੁਰਚੇਤ ਚਿੱਤਰਕਾਰ, ਗੁਰਵਿੰਦਰ ਧਾਲੀਵਾਲ, ਖੁਸ਼ੀ ਸਰਾਂ, ਕੁਲਦੀਪ ਨਿਆਮੀ, ਸੁੱਖੀ ਖਿਆਲਾ, ਸੰਜੂ ਮਾਹਲ, ਪ੍ਰੇਮ ਲਤਾ ਨੇ ਮੁੱਖ ਕਿਰਦਾਰ ਨਿਭਾਏ ਹਨ। ਫਿਲਮ ਦਾ ਨਿਰਦੇਸ਼ਨ ਦਿਲਾਵਰ ਸਿੱਧੂ ਨੇ ਕੀਤਾ ਹੈ।
ਕਹਾਣੀ, ਡਾਇਲਾਗ ਤੇ ਸਕਰੀਨ ਪਲੇਅ ਗੁਰਚੇਤ ਨੇ ਲਿਖਿਆ ਹੈ।
-ਸੁਰਜੀਤ ਜੱਸਲ
ਫੋਨ: 91-98146-07737