ਬੰਦ ਯਹਾਂ ਸ਼ਰਾਬ ਹੈ, ਚੋਰੀ ਚੋਰੀ ਪਿਆ ਕਰੋ!

ਸਥਾਨ- ਦਿੱਲੀ ਹਰਿਆਣਾ ਬਾਰਡਰ ਦੀ ਮਥੁਰਾ ਰੋਡ ਚੈਕ ਪੋਸਟ। ਲਗਭਗ ਹਰ ਰੋਜ ਇੱਕ ਅਰਥੀ ਇੱਥੋਂ ਗੁਜਰਦੀ ਹੈ, ਮਗਰ 10/15 ਜਣੇ ਰਾਮ ਨਾਮ ਸੱਤ ਹੈ ਜਪਦੇ ਚਲੇ ਜਾਂਦੇ ਹਨ। ਚੈਕ ਪੋਸਟ `ਤੇ ਤੈਨਾਤ ਪੁਲਿਸ ਅਫਸਰ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਮਾਤਹਿਤ ਤੋਂ ਪੁੱਛਿਆ, ਪਈ ਇੱਧਰ ਨੇੜੇ ਕੋਈ ਸ਼ਮਸ਼ਾਨ ਘਾਟ ਹੈ?

ਮਾਤਹਿਤ ਨੇ ਦੱਸਿਆ ਦੂਰ ਦੂਰ ਤੱਕ ਨਹੀਂ। ਦੋਵੇਂ ਅਰਥੀ ਮਗਰ ਲੱਗ ਗਏ ਤਾਂ ਅਰਥੀ ਵਾਲੇ ਹੋਰ ਤੇਜ ਤੁਰਨ ਲੱਗੇ। ਜੱਦ ਭੱਜਣ ਦੀ ਨੌਬਤ ਆ ਗਈ ਤਾਂ ਅਰਥੀ ਸੜਕ `ਤੇ ਛੱਡ ਸਾਰੇ ਫਰਾਰ ਹੋ ਗਏ। ਅਫਸਰ ਨੇ ਲਾਸ਼ ਦਾ ਕਫਨ ਚੁੱਕਿਆ ਤਾਂ 527 ਦੇਸੀ ਦਾਰੂ ਦੇ ਪਾਊਚ ਬੜੀ ਤਰਤੀਬ ਨਾਲ ਚਿਣੇ ਹੋਏ ਉੱਥੇ ਬੰਦਾ ਹੋਣ ਦਾ ਭੁਲੇਖਾ ਪਾ ਰਹੇ ਸਨ।
ਜਦ ਔਰਤਾਂ ਦੀਆਂ ਵੋਟਾਂ ਖਿੱਚਣ ਖਾਤਰ ਚੌਧਰੀ ਬੰਸੀ ਲਾਲ ਨੇ ਹਰਿਆਣਾ ਸਟੇਟ ਵਿੱਚ ਸ਼ਰਾਬ ਬੰਦੀ ਕੀਤੀ ਤਾਂ ਉਹ ਇਹ ਚਾਲ ਚੱਲ ਕੇ ਸਫਲ ਤਾਂ ਹੋ ਗਿਆ ਪਰ ਇਹ ਪਾਬੰਦੀ ਜਿਆਦਾ ਦੇਰ ਚੱਲ ਨਾ ਸਕੀ। ਗੱਲ ਇਵੇਂ ਹੋਈ ਕਿ ਤਿੰਨ ਪਾਸੇ ਦੀਆਂ ਸਟੇਟਾਂ ਦਿੱਲੀ, ਯੂਪੀ ਅਤੇ ਰਾਜਸਥਾਨ ਤੋਂ ਦਾਰੂ ਦੀ ਸਮਗਲਿੰਗ ਵੱਡੇ ਪੱਧਰ `ਤੇ ਹੋਣ ਲੱਗੀ। 100 ਦੀ ਬੋਤਲ 200 ਵਿਚ ਉਪਲਬਧ ਹੋਣ ਲੱਗੀ। ਕੁਝ ਪਿਆਕੜਾਂ ਦੇ ਗੁਆਂਢੀ ਸਟੇਟਾਂ ਦੀਆਂ ਰਿਸ਼ਤੇਦਾਰੀਆਂ ਵਿਚ ਗੇੜੇ ਵਧ ਗਏ ਅਤੇ ਜੇ ਰਿਸ਼ਤੇਦਾਰ ਝੱਲਣ ਜੋਗੇ ਹੁੰਦੇ ਤਾਂ ਕਈ ਕਈ ਦਿਨ ਘਰ ਨਾ ਮੁੜਦੇ। ਬਲੈਕ ਵਿਚ ਸ਼ਰਾਬ ਮਹਿੰਗੀ ਮਿਲਣ ਕਰਕੇ ਸਾਡੇ ਵਰਗੇ ਘਰਵਾਲੀਆਂ ਤੋਂ ਵੱਧ ਪੌਕਿਟ ਮਨੀ ਮੰਗਣ ਲੱਗੇ। ਪੁਲਿਸ ਨੇ ਵੀ ਇਸ ਦਾਰੂਬੰਦੀ ਦੇ ਯੱਗ ਵਿਚ ਵਾਹਵਾ ਹੱਥ ਰੰਗੇ, ਕਿਉਂਕਿ ਚੋਰੀ ਚੋਰੀ ਮਦਿਰਾ ਸੇਵਨ ਕਰਨ ਵਾਲੇ ਅਕਸਰ ਇਨ੍ਹਾਂ ਦੇ ਅੜਿੱਕੇ ਆ ਜਾਂਦੇ `ਤੇ ਲੈ-ਦੇ ਕੇ ਮਸਲਾ ਹੱਲ ਹੋ ਜਾਂਦਾ। ਸੋ ਸ਼ਰਾਬਬੰਦੀ ਦਾ ਇਹ ਤਜਰਬਾ ਫੇਲ ਹੋਇਆ।
ਆਂਧਰਾ ਪ੍ਰਦੇਸ਼ ਵਿਚ ਵੀ ਦਾਰੂਬੰਦੀ ਦਾ ਇਹੀ ਹਸ਼ਰ ਹੋਇਆ ਸੁਣਿਆ ਗਿਆ ਸੀ। ਕੋਈ ਪੌਣੇ ਕੁ ਦੋ ਸਾਲ ਬਾਅਦ ਜਨਾਬ ਬੰਸੀ ਲਾਲ ਨੂੰ ਠੇਕੇ ਫਿਰ ਖੋਲ੍ਹਣੇ ਪਏ। ਜਿਸ ਦਿਨ ਮੁੜ ਠੇਕੇ ਖੁਲ੍ਹਣੇ ਸਨ, ਠੇਕੇ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਾ ਰਹੇ ਸਨ। ਸ਼ਾਮ ਦਾ ਸਮਾ ਸੀ, ਜਦ ਦਾਸ ਵੀ ਆਪਣੇ ਮਿੱਤਰ ਆਰਟਿਸਟ ਰਾਜ ਦਿਓਲ ਨਾਲ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਬੋਤਲ ਲੈਣ ਲਈ ਠੇਕੇ ਮੂਹਰੇ ਖੜੀ ਬੇਤਾਬ ਭੀੜ ਦਾ ਹਿੱਸਾ ਜਾ ਬਣਿਆ। ਟਰੱਕ ਆਇਆ ਤਾਂ ਬੇਤਾਬ ਮਦਿਰਾ ਪ੍ਰੇਮੀਆਂ ਵੱਲੋਂ ਡੱਬੇ ਠੇਕੇ ਵਿੱਚ ਪਹੁੰਚਣ ਹੀ ਨਹੀਂ ਦਿੱਤੇ ਗਏ। ਟਰੱਕ ਦਾ ਡਾਲਾ ਖੋਲ ਬੋਤਲਾਂ ਦੀ ਬਿੱਕਰੀ ਸ਼ੁਰੂ ਹੋ ਗਈ ਅਤੇ ਦੇਖਦੇ ਦੇਖਦੇ ਟਰੱਕ ਖਾਲੀ ਹੋ ਦੂਜਾ ਗੇੜਾ ਮਾਰਨ ਲਈ ਰਵਾਨਾ ਹੋ ਗਿਆ। ਕਿਸੇ ਸ਼ਾਇਰ ਵੀ ਸ਼ਰਾਬ ਪੀਣ `ਤੇ ਲੱਗੀ ਪਾਬੰਦੀ ਉੱਤੇ ਇਵੇਂ ਇਤਰਾਜ਼ ਜਤਾਇਆ ਹੈ:
ਪੀਨੇ ਦੇ ਮੁਝਕੋ ਮਸਜਿਦ ਮੇਂ ਬੈਠ ਕਰ,
ਯਾ ਵੋਹ ਜਗ੍ਹਾ ਬਤਾ ਦੇ ਜਹਾਂ ਖੁਦਾ ਨਾ ਹੋ।
ਹਰਜੀਤ ਦਿਉਲ ਬਰੈਂਪਟਨ