ਮੁੱਕ ਨਹੀਂ ਰਹੀ ਪੰਜਾਬ ਕਾਂਗਰਸ ਦੀ ਧੜੇਬੰਦੀ

ਪ੍ਰਤਾਪ ਸਿੰਘ ਬਾਜਵਾ ਵੀ ਕਾਰਗਰ ਸਾਬਤ ਨਾ ਹੋਏ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਹਾਈ ਕਮਾਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ਵਿਚਲੀ ਧੜੇਬੰਦੀ ਬਰਕਰਾਰ ਹੈ। ਇਸ ਧੜੇਬੰਦੀ ਤੋਂ ਪਾਰਟੀ ਦੇ ਕੇਂਦਰੀ ਆਗੂ ਵੀ ਔਖੇ ਹਨ। ਯਾਦ ਰਹੇ ਕਿ ਪਾਰਟੀ ਵਿਚ ਲਗਾਤਾਰ ਆਪਸੀ ਖਿੱਚੋਤਾਣ ਕਰ ਕੇ ਪਾਰਟੀ ਨੇ ਵਿਧਾਨ ਸਭਾ ਚੋਣਾਂ ਹਾਰੀਆਂ ਸਨ ਅਤੇ ਕਈ ਆਗੂ ਨਿਰਾਸ਼ ਹੋ ਕੇ ਸੱਤਾ ਧਿਰ ਨਾਲ ਜਾ ਰਲੇ ਸਨ। ਇਸ ਧੜੇਬੰਦੀ ਕਰ ਕੇ ਹੀ ਕਾਂਗਰਸ, ਵਿਰੋਧੀ ਧਿਰ ਵਜੋਂ ਆਪਣੀ ਭੂਮਿਕਾ ਨਿਭਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਜਿਸ ਕਰ ਕੇ ਪਾਰਟੀ ਦੇ ਅਕਸ ਨੂੰ ਵੀ ਧੱਕਾ ਲੱਗਾ ਹੈ।
ਪੰਜਾਬ ਵਿਚ ਪਾਰਟੀ ਦੀਆਂ ਜੜ੍ਹਾਂ ਪੱਕੀਆਂ ਕਰਨ ਲਈ ਹਾਈ ਕਮਾਨ ਨੇ ਵੀ ਕਾਫੀ ਹੰਭਲਾ ਮਾਰਿਆ, ਪਰ ਕੋਈ ਸਾਰਥਕ ਸਿੱਟੇ ਸਾਹਮਣੇ ਨਹੀਂ ਆਏ। ਪਾਰਟੀ ਅੰਦਰ ਪੈਦਾ ਹੋਈ ਖਿੱਚੋਤਾਣ ਘੱਟ ਕਰਨ ਲਈ ਹੀ ਕੈਪਟਨ ਅਮਰਿੰਦਰ ਸਿੰਘ ਤੋਂ ਪ੍ਰਧਾਨਗੀ ਖੋਹ ਕੇ ਸ਼ ਪ੍ਰਤਾਪ ਸਿੰਘ ਬਾਜਵਾ ਨੂੰ ਕਮਾਨ ਸੌਂਪੀ ਗਈ, ਪਰ ਉਹ ਵੀ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਵਿਚ ਨਾਕਾਮ ਰਹੇ ਹਨ। ਵਿਰੋਧੀ ਧੜਿਆਂ ਨੇ ਸ਼ ਬਾਜਵਾ ਦੇ ਕਈ ਫੈਸਲੇ ਹਾਈ ਕਮਾਨ ਤੋਂ ਰੱਦ ਕਰਵਾ ਦਿੱਤੇ ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਢਾਹ ਲੱਗੀ।
ਪਾਰਟੀ ਅੰਦਰ ਫੁੱਟ ਦਾ ਹੀ ਨਤੀਜਾ ਹੈ ਕਿ ਲੋਕ ਸਭਾ ਚੋਣਾਂ ਸਿਰ ‘ਤੇ ਹੋਣ ਦੇ ਬਾਵਜੂਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਅਹੁਦੇਦਾਰ ਦੀ ਚੋਣ ਦਾ ਕੰਮ ਵਿਚਾਲੇ ਹੀ ਲਟਕਿਆ ਹੋਇਆ ਹੈ। ਮੀਡੀਆ ਵਿਚ ਚਰਚਾ ਹੈ ਕਿ ਹਾਈ ਕਮਾਨ ਨੇ ਸ਼ ਬਾਜਵਾ ਵੱਲੋਂ ਅਹੁਦੇਦਾਰਾਂ ਦੇ ਨਾਂਵਾਂ ਦੀ ਭੇਜੀ ਸੂਚੀ ਨੂੰ ਲਾਂਭੇ ਰੱਖਦਿਆਂ ਪੰਜਾਬ ਇਕਾਈ ਦੇ ਮੀਤ ਪ੍ਰਧਾਨਾਂ ਕੋਲੋਂ ਵੀ ਸੂਚੀਆਂ ਮੰਗ ਲਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਹਾਈ ਕਮਾਨ ਸਿਰਫ਼ ਸ਼ ਬਾਜਵਾ ਵੱਲੋਂ ਭੇਜੀ ਸੂਚੀ ਉਪਰ ਮੋਹਰ ਲਾਉਣ ਦੀ ਥਾਂ ਮੀਤ ਪ੍ਰਧਾਨਾਂ ਵੱਲੋਂ ਭੇਜੀਆਂ ਸੂਚੀਆਂ ਦੀ ਵੀ ਪੜਚੋਲ ਕਰ ਕੇ ਹੀ ਨਵੇਂ ਅਹੁਦੇਦਾਰਾਂ ਦਾ ਐਲਾਨ ਕਰੇਗੀ।
ਇਸ ਰੇੜਕੇ ਕਰ ਕੇ ਅਹੁਦੇਦਾਰਾਂ ਦਾ ਐਲਾਨ ਕੁਝ ਸਮਾਂ ਹੋਰ ਲਟਕ ਗਿਆ ਹੈ ਤੇ ਨਵੇਂ ਅਹੁਦੇਦਾਰਾਂ ਦੀ ਸੂਚੀ 15 ਅਗਸਤ ਦੇ ਆਜ਼ਾਦੀ ਸਮਾਗਮਾਂ ਤੋਂ ਬਾਅਦ ਹੀ ਜਾਰੀ ਹੋਣ ਦੀ ਉਮੀਦ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸ਼ ਬਾਜਵਾ ਨੇ ਪ੍ਰਦੇਸ਼ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜੁਲਾਈ ਦੇ ਦੂਜੇ ਹਫ਼ਤੇ ਦੇ ਸ਼ੁਰੂ ਵਿਚ ਹਾਈ ਕਮਾਂਡ ਨੂੰ ਸੌਂਪ ਦਿੱਤੀ ਸੀ ਤੇ 15 ਜੁਲਾਈ ਤੱਕ ਹਾਈ ਕਮਾਨ ਵੱਲੋਂ ਇਸ ਨੂੰ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਹਲਕਾ ਪੱਧਰ ‘ਤੇ ਮੀਟਿੰਗਾਂ ਤੇ ਰੈਲੀਆਂ ਦਾ ਪ੍ਰੋਗਰਾਮ ਵੀ ਐਲਾਨ ਦਿੱਤਾ ਸੀ। ਸ਼ ਬਾਜਵਾ ਵੱਲੋਂ ਮੀਟਿੰਗਾਂ ਦਾ ਇਹ ਸਿਲਸਿਲਾ ਭਾਵੇਂ ਜਾਰੀ ਰੱਖਿਆ ਜਾ ਰਿਹਾ ਹੈ, ਪਰ ਅਹੁਦੇਦਾਰਾਂ ਬਾਰੇ ਅਸਪਸ਼ਟਤਾ ਕਾਰਨ ਪਾਰਟੀ ਵਿਚ ਗੈਰ ਯਕੀਨੀ ਹਾਲਾਤ ਬਣੇ ਹੋਏ ਹਨ ਅਤੇ ਇਸ ਦਾ ਪਾਰਟੀ ਦੇ ਕੰਮਕਾਜ ਤੇ ਪ੍ਰੋਗਰਾਮਾਂ ‘ਤੇ ਵੀ ਅਸਰ ਨਜ਼ਰ ਆ ਰਿਹਾ ਹੈ। ਪਾਰਟੀ ਸੂਤਰਾਂ ਅਨੁਸਾਰ ਹਾਈ ਕਮਾਨ ਪੰਜਾਬ ਕਾਂਗਰਸ ਵਿਚਲੇ ਵੱਖ-ਵੱਖ ਧੜਿਆਂ ਨੂੰ ਇਕਮੁੱਠ ਕਰ ਕੇ ਤੋਰਨਾ ਚਾਹੁੰਦੀ ਹੈ। ਇਸੇ ਕਰ ਕੇ ਹੀ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਕਈ ਵਾਰ ਪੰਜਾਬ ਦੇ ਗੇੜੇ ਲਾ ਚੁੱਕੇ ਹਨ ਤੇ ਪੰਜਾਬ ਦੇ ਆਗੂਆਂ ਨੂੰ ਇਕਮੁੱਠ ਹੋ ਕੇ ਚੱਲਣ ਦੀਆਂ ਨਸੀਹਤਾਂ ਦੇ ਚੁੱਕੇ ਹਨ।
ਪਤਾ ਲੱਗਾ ਹੈ ਕਿ ਸ੍ਰੀ ਰਾਹੁਲ ਗਾਂਧੀ ਵੱਲੋਂ ਪ੍ਰਦੇਸ਼ ਕਾਂਗਰਸ ਦੇ ਕੰਮਕਾਜ ਦੀ ਪੜਚੋਲ ਲਈ ਬੀਤੇ ਦਿਨੀਂ ਦਿੱਲੀ ਵਿਚ ਕੀਤੀ ਗਈ ਮੀਟਿੰਗ ਦੌਰਾਨ ਸ੍ਰੀ ਸ਼ਕੀਲ ਅਹਿਮਦ ਵੱਲੋਂ ਵੀ ਇਹ ਇਤਰਾਜ਼ ਉਠਾਇਆ ਗਿਆ ਸੀ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਇਕਮੁੱਠ ਨਹੀਂ ਹਨ ਜਿਸ ‘ਤੇ ਰਾਹੁਲ ਗਾਂਧੀ ਨੇ ਸਪਸ਼ਟ ਕੀਤਾ ਸੀ ਕਿ ਪ੍ਰਦੇਸ਼ ਕਾਂਗਰਸ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲੇ।
ਸੂਤਰਾਂ ਅਨੁਸਾਰ ਸ੍ਰੀ ਜਾਖੜ ਨੇ ਇਸ ਮੌਕੇ ਸਪਸ਼ਟ ਕੀਤਾ ਸੀ ਕਿ ਉਹ ਹਮੇਸ਼ਾ ਵਿਧਾਨਕਾਰ ਦਲ ਨੂੰ ਪ੍ਰਦੇਸ਼ ਕਾਂਗਰਸ ਦਾ ਵਿੰਗ ਅਤੇ ਅੰਗ ਸਮਝ ਕੇ ਕੰਮ ਕਰਦੇ ਹਨ ਤੇ ਪਾਰਟੀ ਹਿੱਤ ਉਨ੍ਹਾਂ ਲਈ ਹਮੇਸ਼ਾ ਸਭ ਤੋਂ ਅਹਿਮ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਦੇ ਉਪਾਸ਼ਕ ਹੋਣਾ ਤੇ ਉਨ੍ਹਾਂ ਨੂੰ ਮਹਾਨ ਲੀਡਰ ਮੰਨਣਾ ਕਈਆਂ ਨੂੰ ਪਸੰਦ ਨਹੀਂ। ਸ੍ਰੀ ਜਾਖੜ ਦੇ ਸਪਸ਼ਟੀਕਰਨ ‘ਤੇ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਕੈਪਟਨ ਲੋਕਾਂ ਦੇ ਹਰਮਨ ਪਿਆਰੇ ਆਗੂ ਹਨ ਪਰ ਪਾਰਟੀ ਨੂੰ ਇਕਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਉਧਰ, ਲੋਕ ਚੋਣਾਂ ਨੂੰ ਮੁੱਖ ਰੱਖ ਕੇ ਪਾਰਟੀ ਹਾਈ ਕਮਾਨ ਵੱਲੋਂ ਪ੍ਰਦੇਸ਼ ਕਾਂਗਰਸ ਨੂੰ ਲਗਾਤਾਰ ਸਰਗਰਮ ਹੋਣ ਲਈ ਹੁਕਮ ਦਿੱਤੇ ਜਾ ਰਹੇ ਹਨ। ਪੰਜਾਬ ਵਿਚ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਕਾਰਗੁਜ਼ਾਰੀ ਕਾਫ਼ੀ ਚੰਗੀ ਰਹੀ ਸੀ ਤੇ ਪਾਰਟੀ ਹਾਈ ਕਮਾਨ ਨੂੰ ਇਸ ਵਾਰ ਵੀ ਅੱਧੀ ਦਰਜਨ ਤੋਂ ਵੱਧ ਸੀਟਾਂ ਮਿਲਣ ਦੀ ਉਮੀਦ ਹੈ।

Be the first to comment

Leave a Reply

Your email address will not be published.