ਫਰਜ਼ੀ ਪੁਲਿਸ ਮੁਕਾਬਲਿਆਂ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ

ਪਟਿਆਲਾ: ਪੰਜਾਬ ਵਿਚ ਖਾੜਕੂਵਾਦ ਦੇ ਦੌਰ ਸਮੇਂ ਪੰਜਾਬ ਪੁਲਿਸ ਵੱਲੋਂ ਘਰਾਂ ਵਿਚੋਂ ਚੁੱਕ ਕੇ ਮਾਰੇ ਗਏ ਸੈਂਕੜੇ ਬੇਦੋਸ਼ੇ ਨੌਜਵਾਨਾਂ ਦੇ ਮਾਮਲੇ ਇਕ-ਇਕ ਕਰਕੇ ਮੁੜ ਸਾਹਮਣੇ ਆਉਣ ਲੱਗੇ ਹਨ। ਪੰਜਾਬ ਪੁਲਿਸ ਦੇ ਹੀ ਦੋ ਕਰਮਚਾਰੀਆਂ ਵੱਲੋਂ ਕੀਤੇ ਅਹਿਮ ਖੁਲਾਸਿਆਂ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਸੱਤਾ ‘ਤੇ ਕਾਬਜ਼ ਅਕਾਲੀ ਇਸ ਬਾਰੇ ਖਾਮੋਸ਼ ਹਨ।
ਅਜਿਹੇ ਮਾਮਲਿਆਂ ਬਾਰੇ ਆਰæਟੀæਆਈæ ਵਰਕਰ ਤੇ ਸਮਾਜ ਸੇਵੀ ਬ੍ਰਿਸ਼ ਭਾਨ ਬੁਜਰਕ ਨੇ ਆਪਣੇ ਪੱਧਰ ‘ਤੇ ਤੱਥ ਇਕੱਠੇ ਕਰ ਰਹੇ ਹਨ। ਸ੍ਰੀ ਬੁਜਰਕ ਨੇ ਕਿਹਾ ਕਿ ਦੇਸ਼ ਦੇ 10 ਸੂਬਿਆਂ ਅੰਦਰ ਪਿਛਲੇ ਚਾਰ ਸਾਲਾਂ ਦੌਰਾਨ 555 ਫ਼ਰਜ਼ੀ ਪੁਲਿਸ ਮੁਕਾਬਲਿਆਂ ਬਾਰੇ ਕੇਸ ਦਰਜ ਹੋਏ ਪਰ ਪੰਜਾਬ ਵਿਚ ਹੋਏ ਸੈਂਕੜੇ ਫ਼ਰਜ਼ੀ ਪੁਲਿਸ ਮੁਕਾਬਲਿਆਂ ਵਿਚੋਂ ਇਕਾ ਦੁਕਾ ਮਾਮਲੇ ਹੀ ਦਰਜ ਹੋਏ ਹਨ। ਜੇਕਰ ਪੰਜਾਬ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਂਦਾ ਜਾਵੇ ਤਾਂ ਪਤਾ ਲੱਗੇਗਾ ਕਿ ਪੁਲਿਸ ਨੇ ਬਹੁਗਿਣਤੀ ਅਜਿਹੇ ਨੌਜਵਾਨਾਂ ਨੂੰ ਮਾਰਿਆ ਹੈ ਜਿਹੜੇ ਅਜੇ ਜਵਾਨੀ ਵਿਚ ਪੈਰ ਹੀ ਧਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਪੰਦਰਾਂ ਕੁ ਸਾਲ ਦੀ ਉਮਰ ਵਿਚ 21 ਜੂਨ, 1992 ਨੂੰ ਪਿੰਡ ਕੁਲਾਰਾਂ ਤਹਿਸੀਲ ਸਮਾਣਾ ਦਾ ਰਹਿਣ ਵਾਲਾ ਕਸ਼ਮੀਰ ਸਿੰਘ ਭਵਾਨੀਗੜ੍ਹ ਨੇੜੇ ਪੈਂਦੇ ਪਿੰਡ ਕਿਸ਼ਨਪੁਰਾ ਵਿਚ ਆਪਣੀ ਭੈਣ ਨੂੰ ਮਿਲਣ ਗਿਆ ਸੀ। ਉਸ ਨਾਲ ਉਸ ਦੀ ਭੂਆ ਦਾ ਲੜਕਾ ਕੁਲਵੰਤ ਸਿੰਘ ਪੁੱਤਰ ਹੰਸਾ ਸਿੰਘ (17) ਪਿੰਡ ਮਾਜਰੀ ਵੀ ਚਲਾ ਗਿਆ। ਪੁਲਿਸ ਨੇ ਦੋਵਾਂ ਲੜਕਿਆਂ ਨੂੰ ਪੁੱਛ-ਪੜਤਾਲ ਦੇ ਬਹਾਨੇ ਪਿੰਡ ਕਿਸ਼ਨਪੁਰਾ ਵਿਚੋਂ ਚੁੱਕ ਲਿਆ। ਉਸ ਤੋਂ ਬਾਅਦ ਅੱਜ ਤਕ ਦੋਵਾਂ ਦਾ ਕੁਝ ਪਤਾ ਨਹੀਂ ਲੱਗਿਆ। ਇਸ ਤੋਂ ਇਲਾਵਾ ਪਿੰਡ ਕੁਲਾਰਾਂ ਦੇ ਖਾੜਕੂ ਸੁਖਰਾਮ ਸਿੰਘ ਉਰਫ ਸੁੱਖੀ ਦੀ ਮਾਤਾ ਬਚਨ ਕੌਰ ਪਤਨੀ ਜੈਮਲ ਸਿੰਘ ਨੂੰ ਵੀ ਪੁਲਿਸ ਘਰੋਂ ਚੁੱਕ ਕੇ ਲੈ ਗਈ ਤੇ ਪਿੰਡ ਦੇ ਬਾਹਰਵਾਰ ਗੋਲੀਆਂ ਚੱਲਣ ਦੀ ਆਵਾਜ਼ ਆਈ। ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਕਿ ਉਹ ਕਿਥੇ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੜੈਲ ਦੇ ਰਹਿਣ ਵਾਲੇ ਰਣਜੀਤ ਸਿੰਘ (40) ਨੂੰ ਵੀ ਪੁਲਿਸ ਨੇ ਖਾੜਕੂਵਾਦ ਦੌਰਾਨ ਗ਼ਾਇਬ ਕਰ ਦਿੱਤਾ। ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਸ਼ੁਤਰਾਣਾ ਵਿਚੋਂ ਗ਼ਾਇਬ ਹੋਏ ਅਮਰੀਕ ਸਿੰਘ, ਨਛੱਤਰ ਸਿੰਘ, ਕਸ਼ਮੀਰ ਸਿੰਘ ਤੇ ਲਾਲ ਸਿੰਘ ਦਾ ਵੀ ਅੱਜ ਤਕ ਕੋਈ ਪਤਾ ਨਹੀਂ ਲੱਗਿਆ। ਅਮਰੀਕ ਸਿੰਘ ਗਦਈਆ ਨੂੰ ਵੀ ਪੁੱਛ-ਪੜਤਾਲ ਵਾਸਤੇ ਘਰੋਂ ਚੁੱਕਿਆ ਗਿਆ।
ਉਸ ਤੋਂ ਬਾਅਦ ਅਮਰੀਕ ਸਿੰਘ, ਸੁੱਖਾ ਸਿੰਘ ਤੇ ਤਰਨ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਦੇ ਸਮੇਂ ਹਥਕੜੀਆਂ ਸਮੇਤ ਫਰਾਰ ਹੋਏ ਵਿਖਾ ਦਿੱਤਾ ਗਿਆ। ਸ਼ੁਤਰਾਣੇ ਤੋਂ ਥੋੜੀ ਦੂਰ ਪੈਂਦੇ ਪਿੰਡ ਕਰਤਾਰਪੁਰ ਦਾ ਬਲਦੇਵ ਸਿੰਘ ਜਿਹੜਾ ਨਾਈਵਾਲੇ ਪਿੰਡ ਦੇ ਗੁਰਦੁਆਰੇ ਵਿਚ ਪਾਠੀ ਸੀ। ਉਹ 1991 ਵਿਚ ਲੋਹੜੀ ਦੀ ਰਾਤ ਨੂੰ ਅਚਾਨਕ ਗ਼ਾਇਬ ਹੋ ਗਿਆ, ਜਿਹੜਾ ਅਜੇ ਤਕ ਨਹੀਂ ਮੁੜਿਆ। 20 ਦਸੰਬਰ, 1992 ਦੀ ਰਾਤ ਨੂੰ ਪਿੰਡ ਬਖਤੜੀ ਦੇ ਦੋ ਨੌਜਵਾਨਾਂ ਨੂੰ ਵੀ ਚੁੱਕਿਆ ਗਿਆ ਸੀ ਜਿਨ੍ਹਾਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗਿਆ। ਆਰæਟੀæਆਈæ ਕਾਰਕੁਨ ਬੁਜਰਕ ਨੇ ਕਿਹਾ ਕਿ ਉਹ ਅਜਿਹੇ ਮਾਮਲਿਆਂ ਬਾਰੇ ਆਪਣੇ ਪੱਧਰ ‘ਤੇ ਤੱਥ ਇਕੱਠੇ ਕਰ ਰਹੇ ਹਨ ਤਾਂ ਕਿ ਇਕ ਦਸਤਾਵੇਜ਼ ਬਣਾਇਆ ਜਾ ਸਕੇ। ਇਸ ਪ੍ਰਾਜੈਕਟ ਨੂੰ ਪੂਰ ਚਾੜ੍ਹਨ ਲਈ ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
_______________________________
ਦਮਦਮੀ ਟਕਸਾਲ ਬਾਦਲ ਦੀ ਖਾਮੋਸ਼ੀ ਤੋਂ ਖਫ਼ਾ
ਜਲੰਧਰ: ਦਮਦਮੀ ਟਕਸਾਲ ਨੇ ਪੰਜਾਬ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਧਾਰੀ ਚੁੱਪ ‘ਤੇ ਡੂੰਘਾ ਦੁੱਖ ਪ੍ਰਗਟਾਉਂਦਿਆ ਮੰਗ ਕੀਤੀ ਹੈ ਕਿ ਸੂਬੇ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਂਦਾ ਜਾਵੇ। ਦਮਦਮੀ ਟਕਸਾਲ ਦੇ ਮੁਖੀ ਤੇ ਗੁਰਮਿਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਕਿਹਾ ਹੈ ਕਿ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਕਰਵਾਉਣ ਵਾਲਿਆਂ ‘ਤੇ ਗੁਜਰਾਤ ਦੀ ਇਸ਼ਰਤ ਜਹਾਂ ਦੇ ਮਾਮਲੇ ਵਾਂਗ ਹੀ ਕੇਸ ਦਰਜ ਕੀਤੇ ਜਾਣ।
ਸ਼੍ਰੋਮਣੀ ਅਕਾਲੀ ਦਲ ਦਾ ਵਿਧਾਨ ਸਭਾ ਚੋਣਾਂ ਵਿਚ ਤੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਾਥ ਦੇਣ ਵਾਲੀ ਦਮਦਮੀ ਟਕਸਾਲ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਮਾਮਲੇ ਵਿਚ ਪਹਿਲੀ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੁਰੀ ਤਰ੍ਹਾਂ ਘੇਰਿਆ ਹੈ। ਜਥੇਬੰਦੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਤਾਂ ਇੱਥੋਂ ਤੱਕ ਕਿਹਾ ਗਿਆ ਹੈ ਕਿ ਅੰਗਰੇਜ਼ਾਂ ਨੂੰ ਵੀ ਜਲ੍ਹਿਆਂਵਾਲੇ ਬਾਗ਼ ਵਿਚ ਕੀਤੇ ਗਏ ਕਤਲੇਆਮ ਦੀ ਵੀ ਜਾਂਚ ਕਰਾਉਣੀ ਪਈ ਸੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਪੰਜਾਬ ਵਿਚ ਹੋਏ ਝੂਠੇ ਪੁਲੀਸ ਮੁਕਾਬਲਿਆਂ ਦੀ ਜਾਂਚ ਕਰਾਉਣ ਦੀ ਮੰਗ ਕਰਨਗੇ।
ਸੰਤ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਪਹਿਲਾਂ ਵੀ ਕਈ ਵਾਰ ਪੰਜਾਬ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਉਣ ਲਈ ਆਵਾਜ਼ ਬੁਲੰਦ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੀ ਸਾਬਕਾ ਮੁਲਾਜ਼ਮਾਂ ਥਾਣੇਦਾਰ ਸੁਰਜੀਤ ਸਿੰਘ, ਕਸ਼ਮੀਰ ਸਿੰਘ ਤੇ ਸਤਵੰਤ ਸਿੰਘ ਮਾਣਕ ਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆਂਦਾ ਹੈ ਤਾਂ ਇਸ ਦੀ ਉਚ ਪੱਧਰੀ ਜਾਂਚ ਕਰਵਾਉਣੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੰਥਕ ਅਖਵਾਉਂਦੀ ਸੂਬਾ ਸਰਕਾਰ ਨੇ ਇਸ ਗੰਭੀਰ ਮਾਮਲੇ ‘ਤੇ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਉੱਚ ਪੱਧਰੀ ਅਦਾਲਤੀ ਕਮਿਸ਼ਨ ਜਾਂ ਉਚ ਪੱਧਰੀ ਅਦਾਲਤ ਵੱਲੋਂ ਗਠਿਤ ਕੀਤੀ ਉਚ ਪੱਧਰੀ ਪੜਤਾਲੀਆ ਟੀਮ ਤੋਂ ਸਮਾਂਬੱਧ ਜਾਂਚ ਕਰਵਾਈ ਜਾਵੇ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਤੇ ਸੰਤ ਸਮਾਜ ਨਾਲ ਜੁੜੇ ਹੋਰ ਸੰਤ ਮਹਾਂਪੁਰਸ਼ਾਂ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ, ਸੰਤ ਲਖਵੀਰ ਸਿੰਘ ਜੀ ਰੱਤੇਵਾੜੇ ਵਾਲੇ, ਸੰਤ ਬੂਟਾ ਸਿੰਘ ਜੀ ਗੁੜਥਲੀ, ਸੰਤ ਮੇਜਰ ਸਿੰਘ ਵਾਂ, ਸੰਤ ਲੱਖਾ ਸਿੰਘ ਜੀ ਰਾਮਥੰਮਣ ਤੇ ਸੰਤ ਚਰਨਜੀਤ ਸਿੰਘ ਜੀ ਜੱਸੋਵਾਲ ਤੇ ਹੋਰ ਸੰਤਾਂ ਨੇ ਵੀ ਇਸ ਮੰਗ ਦੀ ਪ੍ਰੋੜਤਾ ਕੀਤੀ ਹੈ।

Be the first to comment

Leave a Reply

Your email address will not be published.