ਲਖੀਮਪੁਰ ਖੀਰੀ ਘਟਨਾ ‘ਦਹਿਸ਼ਤੀ ਹਮਲਾ` ਕਰਾਰ

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਯੂਨੀਅਨਾਂ ਨੇ ਲਖੀਮਪੁਰ ਖੀਰੀ ਘਟਨਾ ਨੂੰ ‘ਦਹਿਸ਼ਤੀ ਹਮਲਾ` ਕਰਾਰ ਦਿੰਦਿਆਂ ਇਸ ਨੂੰ ‘ਗਿਣੀ ਮਿਥੀ ਸਾਜ਼ਿਸ਼` ਦਾ ਹਿੱਸਾ ਦੱਸਿਆ ਹੈ। ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਦੀ ਮੂਹਰੇ ਹੋ ਕੇ ਅਗਵਾਈ ਕਰ ਰਹੇ ਮੋਰਚੇ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤੇ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਫੌਰੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਮੋਰਚੇ ਨੇ ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ਵਿਚ ਰੋਸ ਜਤਾਉਣ ਲਈ ਦਸਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇੇ ਪੁਤਲੇ ਫੂਕਣ ਦਾ ਵੀ ਐਲਾਨ ਕੀਤਾ ਹੈ। 18 ਅਕਤੂਬਰ ਤੋਂ ਦੇਸ਼ ਭਰ ਵਿਚ ‘ਰੇਲ ਰੋਕੋ` ਦਾ ਸੱਦਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਜਦੋਂਕਿ 26 ਅਕਤੂਬਰ ਨੂੰ ਲਖਨਊ `ਚ ਮਹਾਪੰਚਾਇਤ ਹੋਵੇੇਗੀ। ਪ੍ਰੈੱਸ ਕਲੱਬ ਆਫ ਇੰਡੀਆ ਵਿਚ ਕੀਤੀ ਪ੍ਰੈੱਸ ਕਾਨਫਰੰਸ ਵਿਚ ਯੋਗੇਂਦਰ ਯਾਦਵ, ਰਾਕੇਸ਼ ਟਿਕੈਤ, ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਂਹਾ, ਹਰਪਾਲ ਸਿੰਘ, ਹਨਨ ਮੁੱਲਾ, ਸੁਰੇਸ਼ ਕੈਂਥ, ਰਾਜਵੀਰ ਜਦੌਨ ਤੇ ਅਭਿਮੰਨਿਊ ਕੋਹਾਟ ਮੌਜੂਦ ਸਨ। ਸੰਯੁਕਤ ਕਿਸਾਨ ਮੋਰਚੇੇ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਅਜੈ ਮਿਸ਼ਰਾ ਨੂੰ ਕੇਂਦਰੀ ਵਜ਼ਾਰਤ `ਚੋਂ ਲਾਂਭੇ ਕੀਤਾ ਜਾਵੇ, ਕਿਉਂਕਿ ਇਸ ਸਾਜ਼ਿਸ਼ ਦੀ ਸ਼ੁਰੂਆਤ ਉਨ੍ਹਾਂ ਹੀ ਕੀਤੀ ਸੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਵੱਲੋਂ ਕੇਸ ਵਿਚ ਸ਼ਾਮਲ ਹੋਰਨਾਂ ਮੁਲਜ਼ਮਾਂ ਨੂੰ ਬਚਾਇਆ ਜਾ ਰਿਹੈ। ਸਵਰਾਜ ਅਭਿਆਨ ਦੇ ਆਗੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਅਕਤੂੁਬਰ ਨੂੰ ਦਸਹਿਰੇ ਵਾਲੇ ਦਿਨ ਲਖੀਮਪੁਰ ਖੀਰੀ ਹਿੰਸਾ ਖਿਲਾਫ ਵਿਰੋਧ ਦਰਜ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ।
ਯੋਗੇਂਦਰ ਯਾਦਵ ਨੇ ਕਿਹਾ, ‘’ਅਸੀਂ ਲਖੀਮਪੁਰ ਖੀਰੀ ਵਿੱਚ ਗਈਆਂ ਜਾਨਾਂ ਤੋਂ ਦੁਖੀ ਹਾਂ, ਫਿਰ ਇਹ ਭਾਜਪਾ ਵਰਕਰਾਂ ਦੀ ਹੋਵੇ ਜਾਂ ਕਿਸਾਨਾਂ ਦੀ। ਇਹ ਸਭ ਕੁਝ ਮੰਦਭਾਗਾ ਸੀ ਤੇ ਅਸੀਂ ਆਸ ਕਰਦੇ ਹਾਂ ਕਿ ਨਿਆਂ ਮਿਲੇਗਾ।` ਕਿਸਾਨ ਆਗੂ ਦਰਸ਼ਨ ਪਾਲ ਨੇ ਦਾਅਵਾ ਕੀਤਾ ਕਿ ਲਖੀਮਪੁਰ ਖੀਰੀ ਜਿਹੀਆਂ ਘਟਨਾਵਾਂ ਚਾਣਚੱਕ ਨਹੀਂ ਵਾਪਰਦੀਆਂ। ਉਨ੍ਹਾਂ ਕਿਹਾ, ‘’ਕੇਂਦਰੀ ਮੰਤਰੀ ਅਜੈ ਮਿਸ਼ਰਾ ਨੇ 25 ਸਤੰਬਰ ਨੂੰ ਲਖੀਮਪੁਰ ਖੀਰੀ `ਚ ਇਕ ਸਮਾਗਮ ਦੌਰਾਨ ਕੁਝ ਟਿੱਪਣੀਆਂ ਕੀਤੀਆਂ ਸਨ। 3 ਅਕਤੂਬਰ ਨੂੰ ਜੋ ਕੁਝ ਹੋਇਆ, ਇਹ(ਟਿੱਪਣੀਆਂ) ਉਸ ਦਾ ਪਿਛੋਕੜ ਸਿਰਜਦੀਆਂ ਹਨ। ਵੀਡੀਓ ਫੇਸਬੁੱਕ `ਤੇ ਮੌਜੂਦ ਹੈ। ਇਹ ਘਟਨਾ ਦਹਿਸ਼ਤੀ ਹਮਲਾ ਤੇ ਗਿਣੀ-ਮਿੱਥੀ ਸਾਜ਼ਿਸ਼ ਦਾ ਹਿੱਸਾ ਸੀ।“ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਖਲਿਾਫ ਹਿੰਸਕ ਪਹੁੰਚ ਅਪਣਾ ਰੱਖੀ ਹੈ। ਉਨ੍ਹਾਂ ਜੋਰ ਦੇ ਕੇ ਆਖਿਆ ਕਿ ਸੰਘਰਸ਼ ਦੇ ਰਾਹ ਪਏ ਕਿਸਾਨ ਕਦੇ ਵੀ ਹਿੰਸਾ ਦਾ ਰਾਹ ਅਖਤਿਆਰ ਨਹੀਂ ਕਰਨਗੇ।
______________________________________________
ਆਸ਼ੀਸ਼ ਮਿਸ਼ਰਾ ਖਿਲਾਫ ਲਾਈਆਂ ਧਾਰਾਵਾਂ ‘ਤੇ ਮੋਰਚੇ ਨੇ ਚੁੱਕੇ ਸਵਾਲ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ‘ਟੇਨੀ` ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਲਈ ਲਾਈਆਂ ਧਾਰਾਵਾਂ ਉਪਰ ਸਵਾਲ ਉਠਾਉਂਦਿਆਂ ਕਿਹਾ ਕਿ ਅਜੈ ਮਿਸ਼ਰਾ ਦੇ ਕੇਂਦਰੀ ਵਜ਼ਾਰਤ ਵਿਚ ਰਹਿੰਦਿਆਂ ਇਸ ਕੇਸ `ਚ ਨਿਰਪੱਖ ਜਾਂਚ ਮੁਸ਼ਕਲ ਹੈ। ਕਿਸਾਨ ਆਗੂਆਂ ਨੇ ਘਟਨਾ ਵਾਲੀ ਥਾਂ ਤੋਂ ਸਬੂਤਾਂ ਨਾਲ ਛੇੜਛਾੜ ਕੀਤੇ ਜਾਣ ਦੇ ਖ਼ਦਸ਼ੇ ਵੀ ਪ੍ਰਗਟਾਏ ਹਨ। ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਅਜੈ ਮਿਸ਼ਰਾ ਦਾ ਮੋਦੀ ਸਰਕਾਰ ਵਿਚ ਮੰਤਰੀ ਬਣੇ ਰਹਿਣਾ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਰਾਜ ਮੰਤਰੀ ਦੀ ਦੁਸ਼ਮਣੀ ਤੇ ਨਫਤਰ ਭੜਕਾਉਣ, ਅਪਰਾਧਿਕ ਸਾਜ਼ਿਸ਼ ਤੇ ਕਥਿਤ ਕਾਤਲਾਂ ਨੂੰ ਪਨਾਹ ਦੇਣ ਅਤੇ ਨਿਆਂ ‘ਚ ਰੁਕਾਵਟ ਪਾਉਣ ‘ਚ ਕਥਿਤ ਭੂਮਿਕਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵਜੋਂ ਅਜੈ ਮਿਸ਼ਰਾ ਦੇ ਮੋਦੀ ਸਰਕਾਰ ਵਿਚ ਰਹਿਣ ਨਾਲ ਨਿਰਪੱਖ ਜਾਂਚ ਮੁਸ਼ਕਲ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦੀ ਜਾਂਚ ਵਿਚ ਸਹਿਯੋਗ ਨਾ ਕਰਨ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁਰੂਆਤੀ ਸੰਮਨ 160 ਸੀ.ਆਰ.ਪੀ.ਸੀ. ਦੇ ਸਨ ਜੋ ਗਵਾਹਾਂ ਲਈ ਹਨ, ਜਿਸ ਤੋਂ ਸਾਫ ਹੈ ਕਿ ਆਸ਼ੀਸ਼ ਨੂੰ ਨਿਰਦੋਸ਼ ਕਿਸਾਨਾਂ ਦੇ ਕਥਿਤ ਦੋਸ਼ੀ ਵਜੋਂ ਨਹੀਂ ਲਿਆ ਜਾ ਰਿਹਾ। ਇਸ ਕਾਰਨ ਐਸ.ਆਈ.ਟੀ. ਦੀ ਜਾਂਚ ਪ੍ਰਕ੍ਰਿਆ ‘ਤੇ ਭਰੋਸਾ ਨਹੀਂ ਹੁੰਦਾ। ਕਿਸਾਨ ਆਗੂਆਂ ਗੁਰਨਾਮ ਸਿੰਘ ਚੜੂਨੀ ਤੇ ਜਗਜੀਤ ਸਿੰਘ ਡੱਲੇਵਾਲ ਨੇ ਸਬੂਤ ਸੁਰੱਖਿਅਤ ਕਰਨ ਤੇ ਰਿਪੋਰਟ ਸਿੱਧੀ ਸੁਪਰੀਮ ਕੋਰਟ ਨੂੰ ਦੇਣ ਦੀ ਅਪੀਲ ਕੀਤੀ ਹੈ।