ਲਖੀਮਪੁਰ ਖੀਰੀ ਘਟਨਾ ‘ਤੇ ਸਿਆਸਤ ਭਖੀ; ਕੇਂਦਰ ਤੇ ਯੋਗੀ ਸਰਕਾਰ ਨੂੰ ਘੇਰਾ

ਚੰਡੀਗੜ੍ਹ: ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਭਾਜਪਾ ਦੇ ਕੇਂਦਰੀ ਮੰਤਰੀ ਦੇ ਪੁੱਤਰ ਵੱਲੋਂ ਕਿਸਾਨਾਂ ਨੂੰ ਗੱਡੀ ਹੇਠਾਂ ਦਰੜਨ ਦੇ ਮਾਮਲੇ ਉਤੇ ਸਿਆਸਤ ਭਖ ਗਈ ਹੈ। ਪੰਜਾਬ ਸਣੇ ਪੂਰੇ ਮੁਲਕ ਦੀਆਂ ਸਿਆਸੀ ਧਿਰਾਂ ਨੇ ਉਤਰ ਪ੍ਰਦੇਸ਼ ਵੱਲ ਚਾਲੇ ਪਾਏ ਹੋਏ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰਤ ਬਰਖ਼ਾਸਤ ਕੀਤਾ ਜਾਵੇ। ਅਕਾਲੀ ਦਲ ਦੇ ਵਫ਼ਦ ਸਮੇਤ ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਕਾਰਾ ਬਦਲਾਖੋਰੀ ਦੀ ਭਾਵਨਾ ਨਾਲ ਕੀਤਾ ਗਿਆ ਕਿਉਂਕਿ ਮੁਲਜ਼ਮ ਦੇ ਪਿਤਾ ਅਜੈ ਮਿਸ਼ਰਾ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਕੋਈ ਰੋਸ ਪ੍ਰਦਰਸ਼ਨ ਨਾ ਕਰਨ ਨਹੀਂ ਤਾਂ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਪ੍ਰਦਰਸ਼ਨ ਸ਼ਾਂਤਮਈ ਸੀ ਪਰ ਮੰਤਰੀ ਦੇ ਪੁੱਤਰ ਨੇ ਹਿੰਸਾ ਕੀਤੀ। ਹਰਸਿਮਰਤ ਬਾਦਲ ਨੇ ਕਿਹਾ ਕਿ ਕੇਂਦਰ ਤੇ ਯੂਪੀ ਸਰਕਾਰ ਇਸ ਘਿਨੌਣੇ ਕੇਸ ਵਿਚ ਕੋਈ ਕਾਰਵਾਈ ਨਹੀਂ ਕਰ ਰਹੀ ਹਾਲਾਂਕਿ ਸਪੱਸ਼ਟ ਸਬੂਤ ਮੌਜੂਦ ਹਨ।
ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਦਖਲ ਦਿੱਤੇ ਜਾਣ ਮਗਰੋਂ ਇਨਸਾਫ ਦੀ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਐੱਸ.ਸੀ ਮਿਸ਼ਰਾ ਦੀ ਅਗਵਾਈ ਹੇਠ ਪਾਰਟੀ ਦਾ ਵਫ਼ਦ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇਗਾ। ਮਾਇਆਵਤੀ ਨੇ ਟਵੀਟ ਕਰਕੇ ਕਿਹਾ ਕਿ ਇਸ ਮਾਮਲੇ ‘ਚ ਭਾਜਪਾ ਦਾ ਰਵੱਈਆ ਪੱਖਪਾਤੀ ਨਜ਼ਰ ਆ ਰਿਹਾ ਹੈ। ਇਕ ਹੋਰ ਟਵੀਟ ‘ਚ ਬਸਪਾ ਮੁਖੀ ਨੇ ਕਿਹਾ ਕਿ ਕਿਸਾਨਾਂ ਅਤੇ ਇਕ ਪੱਤਰਕਾਰ ਦੀ ਮੌਤ ‘ਤੇ ਲੋਕਾਂ ‘ਚ ਗੁੱਸਾ ਹੈ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਅਜੈ ਕੁਮਾਰ ਮਿਸ਼ਰਾ ਨੂੰ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਉਸ ਸਮੇਂ ਤੱਕ ਇਨਸਾਫ ਸੰਭਵ ਨਹੀਂ ਹੈ ਜਦੋਂ ਤੱਕ ਆਸ਼ੀਸ਼ ਦੇ ਪਿਤਾ ਕੇਂਦਰੀ ਮੰਤਰੀ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠਲੀ ਸਰਕਾਰ ਨੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੂੰ ਗ੍ਰਿਫਤਾਰ ਕਰਨਾ ਪਿਆ ਕਿਉਂਕਿ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਇਸ ਮਾਮਲੇ ‘ਚ ਕੋਈ ਹੋਰ ਰਾਹ ਨਹੀਂ ਬਚਿਆ ਸੀ।
______________________________________
ਲਖੀਮਪੁਰ ਘਟਨਾ ‘ਤੇ ਮੋਦੀ ਚੁੱਪ ਕਿਉਂ: ਸਿੱਬਲ
ਨਵੀਂ ਦਿੱਲੀ: ਕਾਂਗਰਸ ਆਗੂ ਕਪਿਲ ਸਿੱਬਲ ਨੇ ਲਖੀਮਪੁਰ ਖੀਰੀ ਦੀ ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਆਲ ਕੀਤਾ ਹੈ ਕਿ ਉਹ ਚੁੱਪ ਕਿਉਂ ਹਨ? ਟਵੀਟ ਵਿਚ ਸਿੱਬਲ ਨੇ ਕਿਹਾ- ‘ਲਖੀਮਪੁਰ ਖੀਰੀ ਦੀ ਦਰਦਨਾਕ ਘਟਨਾ। ਮੋਦੀ ਜੀ, ਤੁਸੀਂ ਚੁੱਪ ਕਿਉਂ ਹੋ? ਸਾਨੂੰ ਤੁਹਾਡੇ ਕੋਲੋਂ ਬੱਸ ਹਮਦਰਦੀ ਦੇ ਇਕ ਬੋਲ ਦੀ ਆਸ ਸੀ, ਉਹ ਤਾਂ ਐਨਾ ਔਖਾ ਨਹੀਂ ਸੀ ਹੋਣਾ ਚਾਹੀਦਾ! ਜੇਕਰ ਤੁਸੀਂ ਵਿਰੋਧੀ ਧਿਰ ਵਿਚ ਹੁੰਦੇ ਤਾਂ ਤੁਹਾਡੀ ਕੀ ਪ੍ਰਤੀਕਿਰਿਆ ਹੁੰਦੀ? ਸਾਨੂੰ ਦੱਸੋ।’