ਕੋਲੇ ਦੀ ਕਮੀ: ਪੰਜਾਬ ਵਿਚ ਹੋਰ ਡੂੰਘਾ ਹੋਇਆ ਬਿਜਲੀ ਦਾ ਸੰਕਟ

ਪਟਿਆਲਾ: ਭਾਰਤ ਇਸ ਸਮੇਂ ਗੰਭੀਰ ਬਿਜਲੀ ਸੰਕਟ ‘ਚੋਂ ਲੰਘ ਰਿਹਾ ਹੈ। ਜ਼ਿਆਦਾ ਬਾਰਸ਼ ਕਾਰਨ ਕੋਲੇ ਦੀ ਆਵਾਜਾਈ ਪ੍ਰਭਾਵਿਤ ਹੋਣ ਅਤੇ ਕੋਲਾ ਆਧਾਰਿਤ ਪਾਵਰ ਪਲਾਂਟਾਂ ਨੂੰ ਉਨ੍ਹਾਂ ਦੀ ਸਮਰੱਥਾ ਦੇ ਅੱਧ ਤੋਂ ਵੀ ਘੱਟ ਕੋਲਾ ਮਿਲਣ ਵਰਗੇ ਕਾਰਨਾਂ ਕਰਕੇ ਪੰਜਾਬ ਤੇ ਦਿੱਲੀ ਸਮੇਤ ਕੁਝ ਰਾਜਾਂ ‘ਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਪੰਜਾਬ, ਰਾਜਸਥਾਨ, ਗੁਜਰਾਤ, ਦਿੱਲੀ ਤੇ ਤਾਮਿਲਨਾਡੂ ਸਮੇਤ ਹੋਰ ਰਾਜਾਂ ‘ਚ ਬਿਜਲੀ ਦੇ ਉਤਪਾਦਨ ‘ਤੇ ਪ੍ਰਭਾਵ ਪਿਆ ਹੈ, ਜਿਥੇ ਬਿਜਲੀ ਉਤਪਾਦਕਾਂ ਤੇ ਵਿਤਰਕਾਂ ਨੇ ਬਲੈਕ ਆਊਟ ਦੀ ਚਿਤਾਵਨੀ ਦਿੱਤੀ ਹੈ।

ਸੂਤਰਾਂ ਅਨੁਸਾਰ ਕੋਲੇ ਨਾਲ ਚੱਲਣ ਵਾਲੇ ਦੇਸ਼ ਦੇ ਕੁੱਲ 135 ਪਾਵਰ ਪਲਾਂਟਾਂ ‘ਚੋਂ ਅੱਧੇ ਤੋਂ ਜ਼ਿਆਦਾ ਕੋਲ ਸਿਰਫ ਦੋ ਤੋਂ ਚਾਰ ਦਿਨ ਤੱਕ ਹੀ ਕੋਲਾ ਬਚਿਆ ਹੈ। ਦੇਸ਼ ‘ਚ ਜਿਥੇ 70 ਫੀਸਦੀ ਬਿਜਲੀ ਦਾ ਉਤਪਾਦਨ ਕੋਲੇ ਤੋਂ ਹੁੰਦਾ ਹੋਵੇ, ਉਥੇ ਇਸ ਸੰਕਟ ਦਾ ਸਿੱਧਾ ਅਰਥ ਹੈ, ਬਿਜਲੀ ਗੁਲ ਹੋਣ ਦਾ ਖਤਰਾ। ਉਹ ਵੀ ਅਜਿਹੇ ਸਮੇਂ ਜਦੋਂ ਤਿਉਹਾਰੀ ਮੌਸਮ ਸ਼ੁਰੂ ਹੈ, ਜਦੋਂ ਬਿਜਲੀ ਦੀ ਮੰਗ ਵੱਧ ਜਾਂਦੀ ਹੈ। ਉੱਤਰ ਪ੍ਰਦੇਸ਼ ਦੇ 8 ਪਾਵਰ ਪਲਾਂਟਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ, ਹੋਰ ਕਾਰਨਾਂ ਕਰਕੇ 6 ਹੋਰ ਪਾਵਰ ਪਲਾਂਟਾਂ ਦੇ ਬੰਦ ਹੋਣ ਨਾਲ ਕੁੱਲ 14 ਪਾਵਰ ਪਲਾਂਟਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਪੰਜਾਬ ਦੇ ਲਗਭਗ ਸਾਰੇ ਥਰਮਲ ਪਲਾਂਟਾਂ ਵਿਚ ਕੋਲੇ ਦਾ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਸਪਲਾਈ ਨਾ ਆਉਣ ਕਰਕੇ ਥਰਮਲ ਪਲਾਂਟਾਂ ਕੋਲ ਕੋਲੇ ਦਾ ਸਟਾਕ ਖਤਮ ਹੋਣ ਲੱਗਾ ਹੈ ਤੇ ਵੱਡਾ ਬਿਜਲੀ ਸੰਕਟ ਪੈਦਾ ਹੋਣ ਦਾ ਖਦਸ਼ਾ ਹੈ।
ਪਾਵਰਕੌਮ ਨੂੰ ਕਈ ਜਗ੍ਹਾ ਉਤਪਾਦਨ ਵਿਚ ਕਟੌਤੀ ਕਰਨੀ ਪਈ ਹੈ ਤੇ ਕਈ ਜਗ੍ਹਾ ਵਾਰੋ-ਵਾਰੀ ਲੋਡ ਘਟਾਉਣਾ ਪੈ ਰਿਹਾ ਹੈ। ਕਾਰਪੋਰੇਸ਼ਨ ਨੇ ਲੋਕਾਂ ਨੂੰ ਬਿਜਲੀ ਦੀ ਵਰਤੋਂ ‘ਚ ਸੰਜਮ ਵਰਤਣ ਦੀ ਅਪੀਲ ਵੀ ਕੀਤੀ ਹੈ। ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪਾਵਰਕੌਮ ਨੂੰ ਮਹਿੰਗੇ ਭਾਅ ਬਿਜਲੀ ਖਰੀਦਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ। ਇਹ ਪਾਵਰਕੌਮ ਨੂੰ ਦਸ ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ ਜੋ ਕਿ ਕਾਫੀ ਮਹਿੰਗੀ ਹੈ। ਪੰਜਾਬ ਭਰ ‘ਚ ਦੋ ਤੋਂ ਛੇ ਘੰਟਿਆਂ ਤੱਕ ਦੇ ਬਿਜਲੀ ਕੱਟ ਲਾਉਣੇ ਪਏ। ਖੇਤੀਬਾੜੀ ਮੋਟਰਾਂ ਲਈ ਵੀ ਬਿਜਲੀ ‘ਚ ਕਟੌਤੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਦੇ ਵਿਰੋਧ ‘ਚ ਕਿਸਾਨਾਂ ਨੇ ਪਾਵਰਕੌਮ ਦੇ ਮੁੱਖ ਦਫਤਰ ਦਾ ਪੰਜ ਘੰਟੇ ਘਿਰਾਓ ਵੀ ਕੀਤਾ ਸੀ। ਇਸ ਵੇਲੇ ਪੰਜਾਬ ‘ਚ ਬਿਜਲੀ ਦੀ ਮੰਗ ਕਰੀਬ 9000 ਮੈਗਾਵਾਟ ਅਤੇ ਸਪਲਾਈ 7100 ਮੈਗਾਵਾਟ ਹੈ। ਦਿਨ ਦਾ ਉੱਚਾ ਤਾਪਮਾਨ ਵੀ ਬਿਜਲੀ ਦੀ ਮੰਗ ਵਧਾ ਰਿਹਾ ਹੈ ਤੇ ਖੇਤੀ ਖੇਤਰ ਲਈ ਵੀ ਬਿਜਲੀ ਦੀ ਲੋੜ ਹੈ। ਪਾਵਰਕੌਮ ਨੂੰ 3400 ਮੈਗਾਵਾਟ ਬਿਜਲੀ ਮੁੱਲ ਲੈਣੀ ਪੈ ਰਹੀ ਹੈ। ਉਧਰ, ਸੂਬੇ ਵਿਚਲੇ ਤਿੰਨ ਪ੍ਰਾਈਵੇਟ ਥਰਮਲਾਂ ਵਿਚੋਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ ਤਾਂ ਕੋਲੇ ਦਾ ਸਟਾਕ ਤਕਰੀਬਨ ਖਤਮ ਹੋ ਗਿਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਦੋ ਦਿਨ ਤੇ ਨਾਭਾ ਥਰਮਲ ਪਲਾਂਟ ਰਾਜਪੁਰਾ ਕੋਲ ਢਾਈ ਦਿਨਾਂ ਦਾ ਕੋਲਾ ਬਚਿਆ ਹੈ। ਸਰਕਾਰੀ ਥਰਮਲ ਪਲਾਂਟਾਂ ਲਹਿਰਾ ਮੁਹੱਬਤ ਅਤੇ ਰੋਪੜ ਕੋਲ ਅੱਠ-ਅੱਠ ਦਿਨਾਂ ਦਾ ਕੋਲਾ ਹੈ।
ਦੋਵਾਂ ਦੇ ਚਾਰ-ਚਾਰ ਯੂਨਿਟ ਹਨ। ਪਰ ਰੋਪੜ ਦੇ ਦੋ ਅਤੇ ਲਹਿਰਾ ਮੁਹੱਬਤ ਦਾ ਇਕ ਯੂਨਿਟ ਕਿਸੇ ਕਾਰਨ ਬੰਦ ਪਏ ਹਨ। ਪੰਜਾਬ ‘ਚ ਰੋਜ਼ਾਨਾ ਕੋਲੇ ਦੇ ਕਰੀਬ 15 ਰੈਕਾਂ ਦੀ ਖਪਤ ਹੁੰਦੀ ਹੈ। ਕੋਲੇ ਦੀ ਇਹ ਤੋਟ ਡੇਢ ਮਹੀਨੇ ਤੋਂ ਬਣੀ ਹੋਈ ਹੈ। ਉਂਜ ਉਸ ਵੇਲੇ ਥਰਮਲਾਂ ਕੋਲ 30 ਤੋਂ 45 ਦਿਨਾਂ ਤੱਕ ਦਾ ਕੋਲਾ ਸੀ। ਪਰ ਬਹੁਤੇ ਥਰਮਲਾਂ ਦੇ ਚੱਲਦੇ ਰਹਿਣ ਕਾਰਨ ਕੋਲੇ ਦੀ ਖਪਤ ਹੁੰਦੀ ਰਹੀ ਤੇ ਉੱਪਰੋਂ ਸਪਲਾਈ ਨਾ ਆਉਣ ਕਾਰਨ ਸਟਾਕ ਖਤਮ ਹੋਣ ਲੱਗਾ ਹੈ। ਪੰਜਾਬ ਦੇ ਖੇਤੀ, ਕਿਸਾਨ ਭਲਾਈ ਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਦਾ ਕਹਿਣਾ ਸੀ ਕਿ ਕੋਲੇ ਦੇ ਸੰਕਟ ਦੇ ਬਾਵਜੂਦ ਸੂਬਾ ਸਰਕਾਰ, ਪੰਜਾਬ ‘ਚ ਬਲੈਕ ਆਊਟ ਵਰਗੀ ਸਥਿਤੀ ਨਹੀਂ ਪੈਦਾ ਹੋਣ ਦੇਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਬਿਜਲੀ ਸੰਕਟ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
____________________________________________
ਦਿੱਲੀ ‘ਚ ਵੀ ਹਾਲਾਤ ਵਿਗੜੇ, ਕੇਜਰੀਵਾਲ ਦੀ ਮੋਦੀ ਨੂੰ ਚਿੱਠੀ
ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ‘ਚ ਕੋਲੇ ਦੇ ਸੰਕਟ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮਟਿਡ (ਟੀ.ਪੀ.ਡੀ.ਡੀ.ਐਲ.) ਦੇ ਸੀ.ਈ.ਓ. ਗਣੇਸ਼ ਸ੍ਰੀਨਿਵਾਸਨ ਨੇ ਕਿਹਾ ਕਿ ਦਿੱਲੀ ਨੂੰ ਬਿਜਲੀ ਸਪਲਾਈ ਕਰਨ ਵਾਲੇ ਕੋਲਾ ਆਧਾਰਿਤ ਪਾਵਰ ਸਟੇਸ਼ਨਾਂ ਵਿਚ ਇਕ-ਦੋ ਦਿਨਾਂ ਦਾ ਹੀ ਕੋਲਾ ਬਚਿਆ ਹੈ। ਉਨ੍ਹਾਂ ਕਿਹਾ ਕਿ ਨਤੀਜੇ ਵਜੋਂ ਦਿੱਲੀ ‘ਚ ਲੋਡ ਸ਼ੈਡਿੰਗ ਦੀ ਸਮੱਸਿਆ ਆ ਸਕਦੀ ਹੈ। ਉਧਰ ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ‘ਚ ਕਿਹਾ ਹੈ ਕਿ ਅਗਸਤ ਤੋਂ ਦਿੱਲੀ ਵਿਚ ਬਿਜਲੀ ਦੀ ਸਮੱਸਿਆ ਜਾਰੀ ਹੈ। ਉਨ੍ਹਾਂ ਕੋਲੇ ਦੀ ਸਮੱਸਿਆ ਫੌਰੀ ਹੱਲ ਕਰਨ ਦੀ ਮੰਗ ਕੀਤੀ ਹੈ।
_________________________________________
ਕੋਲੇ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਏ ਕੇਂਦਰ: ਚੰਨੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਲ ਇੰਡੀਆ ਲਿਮਟਿਡ ਦੀਆਂ ਵੱਖ-ਵੱਖ ਸਹਾਇਕ ਕੰਪਨੀਆਂ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਸਮਝੌਤਿਆਂ ਮੁਤਾਬਕ ਕੋਲੇ ਦੀ ਲੋੜੀਂਦੀ ਸਪਲਾਈ ਨਾ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਨਿਰਧਾਰਤ ਕੋਟੇ ਦੇ ਮੁਤਾਬਕ ਸੂਬੇ ਲਈ ਕੋਲੇ ਦੀ ਸਪਲਾਈ ਤੁਰਤ ਵਧਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਜਿਥੇ ਵੀ ਝੋਨੇ ਦੀ ਫਸਲ ਪੱਕਣ ਤੱਕ ਸਿੰਜਾਈ ਲਈ ਬਿਜਲੀ ਦੀ ਲੋੜ ਹੈ, ਉਥੇ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ।