ਵੱਡੇ ਘਰਾਂ ਦੀਆਂ ਨਾਜਾਇਜ਼ ਚੱਲਦੀਆਂ ਬੱਸਾਂ ਨੂੰ ਲੱਗੀ ਬਰੇਕ

ਚੰਡੀਗੜ੍ਹ: ਟਰਾਂਸਪੋਰਟ ਮਹਿਕਮੇ ਦੇ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਵਿਚ ਵੱਡੇ ਘਰਾਂ ਦੀਆਂ ਨਾਜਾਇਜ਼ ਚੱਲਦੀਆਂ ਬੱਸਾਂ ਨੂੰ ਰੋਕਣ ਲਈ ਇਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਨੇ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰਾਂ ਨੂੰ ਸੂਬੇ ਭਰ ਵਿਚ ਚੱਲਦੀਆਂ ਨਾਜਾਇਜ਼ ਅਤੇ ਸਪੈਸ਼ਲ ਬੱਸਾਂ ਦੀ ਤੁਰਤ ਸੂਚੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ।

ਇਸ ਪਿੱਛੋਂ ਨਿੱਤ ਦਿਨ ਵੱਡੀ ਗਿਣਤੀ ਬੱਸਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਟਰਾਂਸਪੋਰਟ ਵਿਭਾਗ ਨੇ ਹੁਣ ਤੱਕ 100 ਤੋਂ ਵੱਧ ਬੱਸਾਂ ਨੂੰ ਜ਼ਬਤ ਕਰ ਲਿਆ ਹੈ। ਇਨ੍ਹਾਂ ਵਿਚ ਡੱਬਵਾਲੀ, ਜੁਝਾਰ ਬੱਸ ਸਰਵਿਸ, ਨਿਊ ਦੀਪ, ਓਰਬਿਟ ਤੇ ਲਿਬੜਾ ਆਦਿ ਕੰਪਨੀਆਂ ਦੀਆਂ ਬੱਸਾਂ ਸ਼ਾਮਲ ਹਨ।
ਦੱਸ ਦਈਏ ਕਿ ਪੰਜਾਬ ਵਿਚ ਵੱਡੇ ਘਰਾਂ, ਖਾਸ ਕਰਕੇ ਬਾਦਲ ਪਰਿਵਾਰ ਦੀਆਂ ਨਾਜਾਇਜ਼ ਬੱਸਾਂ ਦਾ ਮੁੱਦਾ ਹਮੇਸ਼ਾ ਭਖਿਆ ਰਿਹਾ ਹੈ। 2017 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਇਸ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ ਦਾ ਵਾਅਦਾ ਕੀਤਾ ਸੀ ਪਰ ਸਾਢੇ ਚਾਰ ਸਾਲ ਵਿਚ ਕੋਈ ਕਾਰਵਾਈ ਨਹੀਂ ਹੋਈ। ਹੁਣ ਕੈਪਟਨ ਨੂੰ ਕੁਰਸੀਓਂ ਲਾਹੁਣ ਤੇ ਟਰਾਂਸਪੋਰਟ ਮਹਿਕਮਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੇਣ ਪਿੱਛੋਂ ਇਸ ਮਾਫੀਆ ਦੀ ਸ਼ਾਮਤ ਆ ਗਈ ਹੈ।
ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਹੁਕਮਾਂ ਨੂੰ ਅਤਿ-ਜ਼ਰੂਰੀ ਸਮਝਿਆ ਜਾਵੇ। ਇਸ ਤੋਂ ਇਲਾਵਾ ਹਰ ਡਿਪੂ ਅਧੀਨ ਆਉਂਦੇ ਖੇਤਰ ‘ਚ ਨਾਜਾਇਜ਼ ਚੱਲਦੀਆਂ ਕੁੱਲ ਬੱਸਾਂ, ਬੱਸ ਦਾ ਨੰਬਰ, ਕੰਪਨੀ ਦਾ ਨਾਮ, ਬੱਸ ਦਾ ਸਮਾਂ ਅਤੇ ਬੱਸ ਦੀ ਕੈਟਾਗਿਰੀ (ਸਧਾਰਨ, ਵਾਲਵੋ, ਸਲੀਪਰ ਕੋਚ) ਅਤੇ ਇਨ੍ਹਾਂ ਬੱਸਾਂ ਦੇ ਚੱਲਣ ਸਬੰਧੀ ਵਿਸ਼ੇਸ਼ ਕਥਨ ਬਾਰੇ ਦੱਸਿਆ ਜਾਵੇ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਬੱਸਾਂ ਨੂੰ ਚੱਲਣ ਤੋਂ ਰੋਕਣ ਲਈ ਅੱਜ ਤੱਕ ਡਿਪੂ ਪ੍ਰਬੰਧਕਾਂ ਵੱਲੋਂ ਕੀ-ਕੀ ਕੀਤਾ ਗਿਆ ਹੈ, ਇਹ ਵੀ ਦੱਸਣਾ ਜ਼ਰੂਰੀ ਸਮਝਿਆ ਜਾਵੇ।
ਇਸੇ ਦੌਰਾਨ ਹੀ ਟਰਾਂਸਪੋਰਟ ਮੰਤਰੀ ਵੱਲੋਂ ਛੋਟੇ ਟਰਾਂਸਪੋਰਟ ਕੰਪਨੀਆਂ ਨਾਲ ਬੱਸਾਂ ਦੀ ਸਮਾਂ-ਸਾਰਣੀ (ਟਾਈਮ ਟੇਬਲ) ਬਣਾਉਣ ਦੇ ਕੀਤੇ ਵਾਅਦੇ ਸਬੰਧੀ ਸਾਰੇ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਛੇਤੀ ਟਾਈਮ-ਟੇਬਲ ਬਣਾਉਣ ਦੇ ਆਦੇਸ਼ ਕੀਤੇ ਗਏ ਹਨ, ਜਿਸ ਤਹਿਤ ਪੀ.ਆਰ.ਟੀ.ਸੀ. ਦੇ ਉੱਚ ਅਧਿਕਾਰੀਆਂ ਵੱਲੋਂ ਮਾਲਵਾ ਖੇਤਰ ਵਿਚ ਚੱਲਦੀਆਂ ਬੱਸਾਂ ਦੇ ਟਾਈਮ-ਟੇਬਲ ਜਲਦੀ ਬਣਾਉਣ ਸਬੰਧੀ ਹਿਲ-ਜੁਲ ਹੋਣੀ ਸ਼ੁਰੂ ਹੋ ਗਈ ਹੈ ਅਤੇ ਉੱਚ ਅਧਿਕਾਰੀਆਂ ਦੇ ਰੂਟਾਂ ‘ਤੇ ਚੱਲਦੀਆਂ ਪ੍ਰਾਈਵੇਟ ਬੱਸਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨਾਲ ਤਾਲਮੇਲ ਕਰਨਾ ਆਰੰਭ ਕਰ ਦਿੱਤਾ ਗਿਆ ਹੈ।