ਚੰਡੀਗੜ੍ਹ: ਦੂਜੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਲਈ ਹੈਲੀਕਾਪਟਰ ਖਰੀਦਣ ਵਿਚ ਅਜਿਹੀ ਬੇਸਬਰੀ ਵਿਖਾਈ ਕਿ ਬਿਨਾਂ ਟੈਂਡਰਾਂ ਤੋਂ ਹੀ ਕਰੋੜਾਂ ਰੁਪਏ ਖਰਚ ਦਿੱਤੇ। ਸੂਤਰਾਂ ਮੁਤਾਬਕ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੇ ਠੀਕ 20 ਦਿਨਾਂ ਮਗਰੋਂ ਹੀ ਨਵਾਂ ਹੈਲੀਕਾਪਟਰ ਤੇ ਏਅਰ ਕਰਾਫਟ ਖਰੀਦਣ ਦੀ ਕਾਰਵਾਈ ਸ਼ੁਰੂ ਹੋ ਗਈ ਸੀ। ਸਰਕਾਰ ਨੇ ਕੌਮਾਂਤਰੀ ਟੈਂਡਰ ਕਰਨ ਦੀ ਥਾਂ ਚਾਰ ਕੰਪਨੀਆਂ ਤੋਂ ਕੁਟੇਸ਼ਨਾਂ ਲੈ ਕੇ 38 ਕਰੋੜ ਦਾ ਹੈਲੀਕਾਪਟਰ ਖ਼ਰੀਦਿਆ ਹੈ।
ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਸ਼ਹਿਰੀ ਹਵਾਬਾਜ਼ੀ ਵਿਭਾਗ ਤੋਂ ਨਵੇਂ ਹੈਲੀਕਾਪਟਰ ਦੀ ਖਰੀਦ ਬਾਰੇ ਜੋ ਦਸਤਾਵੇਜ਼ ਪ੍ਰਾਪਤ ਹੋਏ ਹਨ, ਉਨ੍ਹਾਂ ਤੋਂ ਖਰੀਦ ਬਾਰੇ ਕਈ ਸਵਾਲ ਖੜ੍ਹੇ ਹੁੰਦੇ ਹਨ। ਸਰਕਾਰੀ ਸੂਚਨਾ ਮੁਤਾਬਕ ਪੰਜਾਬ ਸਰਕਾਰ ਨੇ ਬਿਨਾਂ ਕੋਈ ਕੌਮਾਂਤਰੀ ਟੈਂਡਰ ਕੀਤੇ ਸਿਰਫ਼ ਚਾਰ ਕੰਪਨੀਆਂ ਤੋਂ ਕੁਟੇਸ਼ਨਾਂ ਤੇ ਤਜਵੀਜ਼ਾਂ ਲੈ ਲਈਆਂ। ਇਕੱਲਾ ਵਿੱਤ ਵਿਭਾਗ ਪੰਜਾਬ ਨਹੀਂ ਬਲਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੀ ਹੁਕਮ ਹਨ ਕਿ ਕੋਈ ਵੀ ਵੱਡੀ ਖਰੀਦ ਬਿਨਾਂ ਟੈਂਡਰਾਂ ਤੋਂ ਨਹੀਂ ਕੀਤੀ ਜਾ ਸਕਦੀ।
ਪੰਜਾਬ ਸਰਕਾਰ ਨੇ ਕੁਟੇਸ਼ਨਾਂ ਨੂੰ ਇਸ ਤਰਕ ‘ਤੇ ਜਾਇਜ਼ ਦੱਸਿਆ ਹੈ ਕਿ ਮਹਾਰਾਸ਼ਟਰ, ਉੱਤਰਾਖੰਡ ਤੇ ਯੂæਪੀæ ਨੇ ਵੀ ਹੈਲੀਕਾਪਟਰ ਖਰੀਦਣ ਲਈ ਇਹੋ ਖਰੀਦ ਪ੍ਰਕਿਰਿਆ ਅਪਣਾਈ ਹੈ। ਸੂਤਰਾਂ ਅਨੁਸਾਰ ਕੌਮਾਂਤਰੀ ਟੈਂਡਰ ਹੁੰਦੇ ਤਾਂ ਮੁਕਾਬਲੇ ਵਿਚ ਹੈਲੀਕਾਪਟਰ ਸਸਤੇ ਭਾਅ ਵਿਚ ਮਿਲ ਜਾਣਾ ਸੀ। ਕੁਟੇਸ਼ਨਾਂ ਮੁਤਾਬਕ ਸਿਰਕੋਸਕੀ ਕੰਪਨੀ ਨੇ 11æ5 ਮਿਲੀਅਨ ਡਾਲਰ, ਯੂਰੋਕੌਪਟਰ ਨੇ ਦੋ ਵੱਖ-ਵੱਖ ਮਾਡਲਾਂ ਦੇ ਵੱਖ-ਵੱਖ ਰੇਟ 11æ5 ਮਿਲੀਅਨ ਯੂਰੋ (ਈæਸੀ 155) ਤੇ ਡੌਫਿਨ ਐਨ-ਇੰਨ ਦਾ 9æ0 ਮਿਲੀਅਨ ਯੂਰੋ ਰੇਟ ਭਰਿਆ ਸੀ। ਬੈਲ ਟੈਕਸਟਰੌਨ ਨੇ ਬੈਲ 429 ਦਾ ਰੇਟ 6æ7 ਮਿਲੀਅਨ ਡਾਲਰ ਪੇਸ਼ਕਸ਼ ਕੀਤਾ ਸੀ।
ਹੈਲੀਕਾਪਟਰ ਦੀ ਚੋਣ ਲਈ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਵਿਚ ਬਣਾਈ ਕੈਬਨਿਟ ਸਬ ਕਮੇਟੀ ਨੇ ਬੈਲ ਟੈਕਸਟਰੌਨ ਕੰਪਨੀ ਤੋਂ ਬੈਲ 429 ਹੈਲੀਕਾਪਟਰ ਖਰੀਦਣ ਦਾ ਫੈਸਲਾ ਕਰ ਲਿਆ। ਕੁਟੇਸ਼ਨਾਂ ਵਿਚ ਸਭ ਤੋਂ ਘੱਟ ਰੇਟ 6æ7 ਮਿਲੀਅਨ ਡਾਲਰ ਬੈਲ ਟੈਕਸਟਰੌਨ ਕੰਪਨੀ ਦਾ ਹੀ ਸੀ ਪਰ ਕਮੇਟੀ ਨੇ ਮੀਟਿੰਗਾਂ ਵਿਚ ਇਸੇ ਕੰਪਨੀ ਦੇ ਹੈਲੀਕਾਪਟਰ ਦੀ ਹਰ ਖੂਬੀ ਦੀ ਚਰਚਾ ਕੀਤੀ ਜਦੋਂਕਿ ਕੁਟੇਸ਼ਨਾਂ ਦੇਣ ਵਾਲੀਆਂ ਬਾਕੀ ਕੰਪਨੀਆਂ ਦੇ ਹੈਲੀਕਾਪਟਰ ਦੀ ਖੂਬੀ ਜਾਂ ਖ਼ਾਮੀ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਬੈਲ 429 ਦੀ ਖਰੀਦ ਸਮੇਂ ਕੰਪਨੀ ਤੋਂ ਇਹ ਸਰਟੀਫਿਕੇਟ ਵੀ ਲੈ ਲਿਆ ਗਿਆ ਕਿ ਉਨ੍ਹਾਂ ਨੇ ਖਰੀਦ ਵਿਚ ਕਿਸੇ ਨੂੰ ਕੋਈ ਕਮਿਸ਼ਨ ਨਹੀਂ ਦਿੱਤਾ ਤੇ ਹੈਲੀਕਾਪਟਰ ਦੀ ਕੀਮਤ ਦੂਜੇ ਖਰੀਦਦਾਰਾਂ ਨਾਲੋਂ ਜ਼ਿਆਦਾ ਨਹੀਂ ਲਾਈ ਹੈ।
ਹੈਲੀਕਾਪਟਰ ਖਰੀਦਣ ਲਈ ਧੜਾਧੜ ਮੀਟਿੰਗਾਂ ਹੋਈਆਂ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 4 ਅਪਰੈਲ 2012 ਨੂੰ ਨਵੇਂ ਹੈਲੀਕਾਪਟਰ ਦੀ ਖਰੀਦ ਬਾਰੇ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ।
ਪੰਜਾਬ ਦੇ ਮੁੱਖ ਸਕੱਤਰ ਨੇ 10 ਅਪਰੈਲ 2012 ਨੂੰ ਹੀ ਸਵੇਰੇ ਸਵਾ ਗਿਆਰਾਂ ਵਜੇ ਮੀਟਿੰਗ ਕਰ ਲਈ। ਇਸੇ ਦਿਨ ਹੀ 10 ਅਪਰੈਲ ਨੂੰ ਮੁੱਖ ਮੰਤਰੀ ਨੇ ਸਵਾ ਚਾਰ ਵਜੇ ਮੀਟਿੰਗ ਕਰ ਲਈ। ਇਨ੍ਹਾਂ ਦੋਹਾਂ ਮੀਟਿੰਗਾਂ ਵਿਚ ਹੀ ਅਹਿਮ ਫੈਸਲੇ ਲੈ ਲਏ ਗਏ। ਰਾਤੋ ਰਾਤ ਹੀ ਕੰਪਨੀਆਂ ਤੋਂ ਹੈਲੀਕਾਪਟਰ ਦੀ ਖਰੀਦ ਬਾਰੇ ਕੁਟੇਸ਼ਨਾਂ ਪ੍ਰਾਪਤ ਕਰ ਲਈਆਂ।
ਪੰਜਾਬ ਦੇ ਮੁੱਖ ਮੰਤਰੀ ਨੇ ਇਨ੍ਹਾਂ ਮੀਟਿੰਗਾਂ ਵਿਚ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਕੇ ਬੈਲ 429 ਹੈਲੀਕਾਪਟਰ ਖਰੀਦਣ ਦੀ ਹਰੀ ਝੰਡੀ ਦੇ ਦਿੱਤੀ ਤੇ ਮੁੱਖ ਸਕੱਤਰ ਨੂੰ ਕੰਪਨੀ ਨਾਲ ਖਰੀਦ ਬਾਰੇ ਗੱਲਬਾਤ ਕਰਨ ਵਾਸਤੇ ਆਖਿਆ ਗਿਆ। ਸਾਰਾ ਕੰਮ ਇਕੋ ਦਿਨ ਵਿਚ ਨਿਬੇੜ ਲਿਆ ਗਿਆ। ਦਿਲਚਸਪ ਗੱਲ ਇਹ ਹੈ ਕਿ ਸਰਕਾਰ ਵੱਲੋਂ ਕੁਟੇਸ਼ਨਾਂ ਪਹਿਲਾਂ ਲੈ ਲਈਆਂ ਗਈਆਂ ਸਨ ਜਦੋਂ ਕਿ ਕੁਟੇਸ਼ਨਾਂ ਮੰਗਣ ਦੀ ਪ੍ਰਵਾਨਗੀ ਮਗਰੋਂ ਦਿੱਤੀ ਗਈ।
Leave a Reply