ਹਰਕਤ ਹੀ ਹੋਂਦ ਹੈ

ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸੁਪਨਿਆਂ ਨੂੰ ਫੜਨ ਦੀ ਕੋਸਿ਼ਸ਼ ਕੀਤੀ ਸੀ, “ਜਿ਼ੰਦਗੀ ਵਿਚ ਕਦੇ ਵੀ ਆਪਣੇ ਸੁਪਨੇ ਨੂੰ ਮਰਨ ਨਾ ਦਿਓ।

ਸੁਪਨੇ ਵਿਚੋਂ ਹੀ ਹੋਰ ਬਹੁਤ ਸਾਰੇ ਸੁਪਨੇ ਉਗਦੇ, ਕਿਉਂਕਿ ਸੁਪਨਸਾਜ਼ੀ ਮਨੁੱਖ ਦਾ ਉਹ ਮੀਰੀ ਗੁਣ ਹੈ, ਜੋ ਮਨੁੱਖੀ ਵਿਕਾਸ ਅਤੇ ਵਿਸਥਾਰ ਨੂੰ ਜਨਮ ਦਿੰਦਾ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਨਸੀਹਤ ਕੀਤੀ ਹੈ ਕਿ ਬੰਦੇ ਨੂੰ ਹਰਕਤ ਵਿਚ ਰਹਿਣਾ ਚਾਹੀਦਾ ਹੈ, ਕਿਉਂਕਿ ਹਰਕਤ ਵਿਚੋਂ ਹੀ ਹਮਜੋਲਤਾ, ਹਮਰਾਜ਼ਤਾ, ਹੱਸਮੁੱਖਤਾ ਅਤੇ ਹੈਰਾਨੀਜਨਕ ਹਾਸਲਾਂ ਨੇ ਮਨੁੱਖੀ ਮਨ ਦੀ ਦਸਤਕ ਬਣਨਾ ਹੁੰਦਾ। ਇਹ ਦਸਤਕ, ਜਿਸ ਨੇ ਸਾਹਾਂ ਨੂੰ ਸਦੀਵਤਾ ਅਤੇ ਸੰਗੀਤਕਤਾ ਬਖਸ਼ਣੀ ਏ।” ਉਹ ਆਖਦੇ ਹਨ, “ਬੰਦੇ ਦੇ ਮਨ ਵਿਚ ਸਿੱਖਣ ਦਾ ਚਾਅ ਪੈਦਾ ਹੁੰਦਾ ਤਾਂ ਤੀਬਰਤਾ ਖੌਰੂ ਪਾਉਂਦੀ ਤੇ ਬੰਦਾ ਆਪਣੀ ਸੰਪੂਰਨਤਾ ਦਾ ਸਫਰ ਜਾਰੀ ਰੱਖਦਾ।… ਸ਼ਬਦ ਅਹੁੜਦੇ ਰਹਿਣ ਤਾਂ ਇਨ੍ਹਾਂ ਵਿਚ ਅਰਥਾਂ ਦੇ ਦੀਵੇ ਜਗਦੇ। ਸਿਰਫ ਉਹ ਹੀ ਸ਼ਬਦ ਸਦਾ ਜਿਊਂਦੇ, ਜਿਨ੍ਹਾਂ ਵਿਚ ਸਕਾਰਾਤਮਿਕਤਾ ਡਲਕਦੀ।”

ਡਾ. ਗੁਰਬਖਸ਼ ਸਿੰਘ ਭੰਡਾਲ

ਹਰਕਤ, ਜਿਊਂਦੇ ਹੋਣ ਦੀ ਨਿਸ਼ਾਨੀ, ਧੜਕਦੀ ਜਿ਼ੰਦਗੀ ਦਾ ਰਾਗ, ਜਾਗਦੇ ਲੋਕਾਂ ਦਾ ਕਾਫਲਾ ਅਤੇ ਚੱਲਦੇ ਸਾਹਾਂ ਵਿਚਲੀ ਸਾਹ-ਸੰਗੀਤ ਦੀ ਨਿਰੰਤਰਤਾ।
ਹਰਕਤ ਦੀ ਪਹਿਲੀ ਨਿਸ਼ਾਨੀ, ਬੱਚੇ ਦੀ ਪਹਿਲੀ ਚੀਕ ਜੋ ਇਸ ਜਹਾਨ `ਤੇ ਆਉਣ ਦੀ ਸੂਚਨਾ। ਜਿਊਂਦੇ ਜੀਵ ਦਾ ਧਰਤੀ ‘ਤੇ ਆਉਣਾ, ਸੁੰਨੇ ਵਿਹੜੇ ਨੂੰ ਭਾਗ ਲਾਉਣਾ ਅਤੇ ਰੁਆਂਸੇ ਜਿਹੇ ਘਰ ਵਿਚ ਚਾਵਾਂ ਦੀਆਂ ਝੜੀਆਂ ਲਾਉਣਾ।
ਪਾਣੀ ਵਿਚਲੀ ਹੱਲਚੱਲ, ਇਸ ਦੀ ਖੜੋਤ ਤੋੜਦੀ। ਖੜ੍ਹੇ ਪਾਣੀ ਬੋਅ ਮਾਰਨ ਲੱਗਦੇ, ਜਦ ਕਿ ਵੱਗਦੇ ਪਾਣੀਆਂ ਵਿਚ ਪੈਦਾ ਹੁੰਦੀਆਂ ਲਹਿਰਾਂ, ਜੋ ਦਿਲਦਾਰ ਨੂੰ ਨਦੀ ਪਾਰ ਕਰਵਾ, ਸੱਜਣ ਨੂੰ ਮਿਲਾਉਂਦੀਆਂ। ਵਗਦੇ ਦਰਿਆਵਾਂ ‘ਚੋਂ ਹੀ ਮੌਲਦੀ ਹੈ ਜਿ਼ੰਦਗੀ ਅਤੇ ਇਨ੍ਹਾਂ ਦੇ ਕੰਢਿਆਂ ਤੇ ਗੂੰਜਦਾ ਏ ਜਿ਼ੰਦਗੀ ਦਾ ਨਾਦ। ਤਾਂ ਹੀ ਝੀਲਾਂ, ਟੋਭਿਆਂ ਜਾਂ ਛੱਪੜਾਂ ਦੇ ਪਾਣੀਆਂ ਵਿਚ ਪੈ ਜਾਂਦੇ ਨੇ ਜਾਲੇ, ਜਦ ਕਿ ਵਗਦੇ ਪਾਣੀਆਂ ਦੇ ਪੱਤਣਾਂ `ਤੇ ਲੱਗਦੇ ਨੇ ਮੇਲੇ।
ਬੋਲ ਚੁੱਪ ਹੋ ਜਾਣ ਤਾਂ ਹੋਠਾਂ `ਤੇ ਪਸਰਦੀ ਹੈ ਮਰਨਹਾਰੀ ਚੁੱਪ ਅਤੇ ਸਿਸਕਣੀ ਤਰੌਂਕੀ ਜਾਂਦੀ ਹੈ ਗੁਫਤਗੂ ਦੇ ਵਿਹੜੇ। ਬੋਲ ਗੂੰਜਦੇ ਰਹਿਣ, ਗੱਲਬਾਤ ਚੱਲਦੀ ਰਹੇ ਅਤੇ ਹਾਕ ਨੂੰ ਹੁੰਗਾਰਾ ਮਿਲਦਾ ਰਹੇ ਤਾਂ ਜਿ਼ੰਦਗੀ ਸਰਗਰਮ ਰਹਿੰਦੀ।
ਹਵਾ ਠਹਿਰ ਜਾਵੇ ਤੇ ਫਿਜ਼ਾ ਵਿਚ ਗੁੰਮਸੁੰਮਤਾ ਹਾਜ਼ਰ-ਨਾਜ਼ਰ ਹੋਵੇ ਤਾਂ ਤੂਫਾਨ ਬਹੁਤ ਦੂਰ ਨਹੀਂ ਹੁੰਦਾ। ਧਰਤੀ `ਤੇ ਉਤਰਦੀ ਹੈ ਕਿਆਮਤ। ਹਵਾ ਦੀ ਰੁਮਕਣੀ ਹੀ ਪੱਤਿਆਂ ਵਿਚ ਸੰਗੀਤ ਪੈਦਾ ਕਰਦੀ। ਪੱਛੋਂ ਦੀ ਪੌਣ ਜਾਂ ਪੁਰਾ ਵੱਗੇ ਤਾਂ ਬੀਤੇ ਵਕਤਾਂ ਦੀਆਂ ਹੁਸੀਨ ਯਾਦਾਂ ਮਨ ‘ਤੇ ਦਸਤਕ ਦਿੰਦੀਆਂ। ਪੱਛੋਂ ਦੀਆਂ ਕਣੀਆਂ ਦੀ ਨਿੱਕੀ ਨਿੱਕੀ ਭੂਰ ਵਿਚ ਮਨ ਮਚਲਦਾ। ਹੁੰਮਸ ਤੋਂ ਰਾਹਤ ਤੇ ਖੁਸ਼ਗਵਾਰ ਮੌਸਮ ਦੀ ਤਸਦੀਕ। ਹਵਾ ਚੱਲਦੀ ਰਹੇ, ਪਰ ਕਦੇ ਵੀ ਤੂਫਾਨ ਜਾਂ ਹਨੇਰੀ ਨਾ ਬਣੇ, ਕਿਉਂਕਿ ਹਨੇਰੀਆਂ ਵਿਚ ਉਜੜ ਜਾਂਦੇ ਨੇ ਆਲ੍ਹਣੇ, ਲੁੜਕ ਜਾਂਦੇ ਨੇ ਬੋਟ ਅਤੇ ਟੁੱਟ ਜਾਂਦੇ ਨੇ ਪਰਿੰਦਿਆਂ ਦੇ ਆਂਡੇ। ਹਵਾ ਵੱਗਦੀ ਤਾਂ ਬੱਦਲ ਕਾਲੀਆਂ ਘਟਾਵਾਂ ਬਣ ਕੇ ਅੰਬਰ `ਤੇ ਛਾਉਂਦੇ ਅਤੇ ਮੇਘ ਬਰਸਾਉਂਦੇ।
ਸੋਚ ਵਿਚ ਹੱਲਚੱਲ ਹੁੰਦੀ ਰਹੇ ਤਾਂ ਨਵੀਆਂ ਸੰਭਾਵਨਾਵਾਂ ਤੇ ਸੁਪਨੇ ਉਗਦੇ, ਜਿਨ੍ਹਾਂ ਵਿਚੋਂ ਨਵੀਆਂ ਸਫਲਤਾਵਾਂ ਮਿਲਦੀਆਂ। ਇਸ ਸੋਚ ਦਾ ਹੀ ਸਫਰ ਹੈ ਕਿ ਨਿੱਤ ਨਵੀਆਂ ਕਾਢਾਂ, ਤਕਨੀਕਾਂ ਅਤੇ ਤਰਕੀਬਾਂ ਨੇ ਮਨੁੱਖ ਨੂੰ ਸੁੱਖ-ਸਹੂਲਤਾਂ ਨਾਲ ਲਬਰੇਜ਼ ਕੀਤਾ ਏ, ਭਾਵੇਂ ਇਹ ਸਹੂਲਤਾਂ ਹੀ ਮਨੁੱਖ ਲਈ ਮੌਤ ਦਾ ਸਮਾਨ ਬਣ ਚੁਕੀਆਂ ਨੇ। ਸੋਚ ਸੁੰਨ ਹੋ ਜਾਵੇ ਤਾਂ ਬੰਜਰ ਹੋ ਜਾਂਦੀ ਹੈ ਇਸ ਦੀ ਕੁੱਖ।
ਬੰਦੇ ਦੇ ਮਨ ਵਿਚ ਸਿੱਖਣ ਦਾ ਚਾਅ ਪੈਦਾ ਹੁੰਦਾ ਤਾਂ ਤੀਬਰਤਾ ਖੌਰੂ ਪਾਉਂਦੀ ਤੇ ਬੰਦਾ ਆਪਣੀ ਸੰਪੂਰਨਤਾ ਦਾ ਸਫਰ ਜਾਰੀ ਰੱਖਦਾ। ਵਰਨਾ ਸਿੱਖਣਾ ਬੰਦ ਹੋਣ ਤੇ ਮਨੁੱਖ ਜਮਾਨੇ ਨਾਲੋਂ ਬਹੁਤ ਪਛੜ ਜਾਂਦਾ ਅਤੇ ਪੱਛੜੇ ਹੋਏ ਲੋਕਾਂ ਦਾ ਸਮੇਂ ਦੀ ਰਫਤਾਰ ਨੂੰ ਕੋਸਣਾ, ਉਨ੍ਹਾਂ ਦਾ ਸਭ ਤੋਂ ਵੱਡਾ ਗੁਨਾਹ। ਨਵੀਂ ਟੈਕਨਾਲੋਜ਼ੀ ਤੋਂ ਪਿੱਠ ਮੋੜਨਾ ਦਰਅਸਲ ਬੰਦੇ ਦੀ ਆਪਣੇ ਆਪ ਤੋਂ ਮੱਨਕਰੀ; ਤੇ ਪਿੱਛਲਖੁਰੀ ਚਾਲ ਨਾਲ ਬੰਦਾ ਸਿਰਫ ਟੋਏ ਵਿਚ ਹੀ ਡਿੱਗਦਾ। ਸਿੱਖਣਾ, ਇਕ ਨਿਰੰਤਰ ਵਰਤਾਰਾ। ਹਰ ਮੋੜ, ਹਰ ਪਲ, ਹਰ ਵਰਤਾਰੇ ਤੇ ਵਿਹਾਰ ਵਿਚੋਂ ਜੇ ਸਿੱਖਣ ਦੀ ਆਦਤ ਪਾ ਲਵੇ ਤਾਂ ਬੰਦੇ ਨੂੰ ਖੁਦ `ਤੇ ਬਹੁਤ ਵਿਸ਼ਵਾਸ ਹੁੰਦਾ। ਉਸ ਲਈ ਮੁਸ਼ਕਿਲਾਂ ਨਾਲ ਆਢਾ ਲਾਉਣਾ ਅਤੇ ਪੈਰਾਂ ਵਿਚ ਸੁਪਨ-ਸਫਰ ਉਗਾਉਣਾ ਬਹੁਤ ਅਸਾਨ ਹੁੰਦਾ।
ਸ਼ਬਦ ਅਹੁੜਦੇ ਰਹਿਣ ਤਾਂ ਇਨ੍ਹਾਂ ਵਿਚ ਅਰਥਾਂ ਦੇ ਦੀਵੇ ਜਗਦੇ। ਖਿਆਲਾਂ ਦੀਆਂ ਮੋਮਬੱਤੀਆਂ ਬਲਦੀਆਂ ਅਤੇ ਨਵੀਂ ਕਿਰਤ ਜਨਮ ਲੈਂਦੀ। ਸ਼ਬਦ ਹੀ ਸਿਸਕੀ ਬਣ ਜਾਣ ਜਾਂ ਮਰਨਹਾਰੀ ਰੁੱਤ ਦਾ ਸਿ਼ਕਾਰ ਹੋ ਜਾਣ ਤਾਂ ਇਨ੍ਹਾਂ ਵਿਚੋਂ ਉਗਦਾ ਸਿਵਿਆਂ ਦਾ ਸੇਕ। ਬਿਨ-ਸ਼ਬਦੇ ਵਰਕਿਆਂ ਵਿਚੋਂ ਕਿਹੜੀ ਕਿਰਤ ਨੂੰ ਕਿਆਸੋਗੇ? ਖਾਲੀ ਵਰਕਿਆਂ ਵਿਚੋਂ ਕਿਹੜੀ ਕਿਤਾਬ ਜਿ਼ੰਦਗੀ ਦੇ ਅਰਥਾਂ ਦੀ ਤਸਦੀਕ ਕਰੇਗੀ? ਸ਼ਬਦ ਸੌਂ ਜਾਣ ਤਾਂ ਇਹ ਅਛੋਪਲੇ ਜਿਹੇ ਉਧਾਲੇ ਜਾਂਦੇ। ਅਗਵਾ ਹੋਏ ਸ਼ਬਦਾਂ `ਤੇ ਕਾਹਦਾ ਜੋਰ? ਇਨ੍ਹਾਂ ਦੇ ਅਰਥਾਂ ਵਿਚੋਂ ਜਦ ਬੋਲਦਾ ਹੈ ਕੋਈ ਹੋਰ ਤਾਂ ਜਾਗਦਾ ਹੈ ਇਨ੍ਹਾਂ ‘ਚ ਛਹਿ ਕੇ ਬੈਠਾ ਚੋਰ। ਸ਼ਬਦਾਂ ਦੀ ਡਾਰ, ਟੁਣਕਾਰ, ਲਲਕਾਰ, ਰਫਤਾਰ ਅਤੇ ਗੁਫਤਾਰ ਬਹੁਤ ਜਰੂਰੀ ਹੈ ਸ਼ਬਦਾਂ ਦੀ ਦੁਨੀਆਂ ਨੂੰ ਜੀਵੰਤ ਰੱਖਣ ਅਤੇ ਇਨ੍ਹਾਂ ‘ਚੋਂ ਪ੍ਰਾਪਤ ਸੇਧ ਨੂੰ ਸਮਰਪਿਤ ਰਹਿਣ ਲਈ। ਸ਼ਬਦ ਹੀ ਹੁੰਦਾ, ਜਿਸ ਵਿਚ ਸੂਰਜ ਵੀ ਉਗਦੇ ਤੇ ਸਿਵੇ ਵੀ, ਸੱਚ ਵੀ ਤੇ ਕੂੜ-ਕਬਾੜਾ ਵੀ, ਉਦਾਸੀ ਵੀ ਤੇ ਹੱਲਾਸ਼ੇਰੀ ਵੀ, ਨਿਰਾਸ਼ਾ ਵੀ ਤੇ ਹੁਲਾਸ ਵੀ। ਸਿਰਫ ਉਹ ਹੀ ਸ਼ਬਦ ਸਦਾ ਜਿਊਂਦੇ, ਜਿਨ੍ਹਾਂ ਵਿਚ ਸਕਾਰਾਤਮਿਕਤਾ ਡਲਕਦੀ।
ਪੈਰਾਂ ਵਿਚ ਸਫਰ ਦੀ ਹਰਕਤ ਹੁੰਦੀ ਹੈ ਤਾਂ ਪੈੜਾਂ, ਪਗਡੰਡੀਆਂ ਅਤੇ ਪਹੇ ਉਗਦੇ। ਜਿੰ਼ਦਗੀ ਦਾ ਵਿਸਥਾਰ ਤੇ ਵਿਕਾਸ ਬਰਕਰਾਰ ਰਹਿੰਦਾ। ਪੈਰਾਂ ਵਿਚ ਸਫਰ ਹੀ ਨਾ ਹੋਵੇ ਤਾਂ ਬੰਦਾ ਅਹਿਲ ਹੋ ਜਾਂਦਾ, ਇਕ ਬੁੱਤ; ਤੇ ਬੁੱਤ ਸਦੀਆਂ ਤੀਕ ਵੀ ਉਸੇ ਹੀ ਚੌਰਾਹੇ `ਤੇ ਖੜ੍ਹੇ ਮਿਲਣਗੇ। ਬਾਬੇ ਨਾਨਕ ਨੇ ਤਾਂ ਤੁਰ ਕੇ ਅੱਧੀ ਦੁਨੀਆਂ ਗਾਹ ਲਈ ਸੀ ਅਤੇ ਅਸੀਂ ਹਵਾਈ ਜਹਾਜ਼ਾਂ ਦੇ ਯੁੱਗ ਵਿਚ ਵੀ ਖੂਹ ਦੇ ਡੱਡੂ ਬਣੇ ਹਾਂ।
ਸੁਪਨੇ ਦਾ ਨਾ ਆਉਣਾ, ਬੰਦੇ ਦੀ ਅਦਿੱਖ ਮੌਤ। ਉਸ ਦੇ ਅਸਮਾਨ ਦੇ ਸੁੰਘੜਨ ਅਤੇ ਪਰਵਾਜ਼ ਤੇ ਪਹਿਰੇ ਲੱਗਣ ਦੀ ਨਿਸ਼ਾਨੀ। ਅੰਦਾਜ਼ `ਤੇ ਪਾਬੰਦੀ ਅਤੇ ਉਸ ਦੀ ਮਾਨਸਿਕ ਅਪਾਹਜਤਾ ਦਾ ਪ੍ਰਮਾਣ। ਸੁਪਨੇ ਤਾਂ ਗਤੀਸ਼ੀਲਤਾ ਦਾ ਗੀਤ, ਹੱਲਚੱਲ ਦੀ ਹੋਂਦ ਅਤੇ ਹਰਕਤ ਦਾ ਹਾਸਲ। ਸੁਪਨਿਆਂ ਵਿਚ ਖਲਬਲੀ ਪੈਦਾ ਹੋਣਾ ਹੀ ਕੁਝ ਨਵਾਂ, ਵਿਲੱਖਣ ਅਤੇ ਨਰੋਇਆ ਕਰਨ ਦੀ ਤਾਂਘ ਤੇ ਤਮੰਨਾ। ਨਵੇਂ ਦਿਸਹੱਦੇ ਮਨ ਦੀਆਂ ਬਰੂਹਾਂ ਮੱਲਦੇ। ਸੁਪਨਹੀਣ ਲੋਕ ਸਿਰਫ ਮੌਤ ਦਾ ਹੀ ਇੰਤਜ਼ਾਰ ਕਰਦੇ। ਸਿਵਿਆਂ ਦਾ ਰਾਹ ਮੱਲਣ ਲਈ ਕਾਹਲੇ। ਯਾਦ ਰੱਖਣਾ ਕਿ ਸੁਪਨੇ ਲੈਣ ਦੀ ਕੋਈ ਉਮਰ ਨਹੀਂ ਹੁੰਦੀ। ਕਿਸੇ ਵੀ ਉਮਰੇ, ਕੁਝ ਵੀ ਸੁਪਨਾ ਲਿਆ ਜਾ ਸਕਦਾ ਤੇ ਇਸ ਨੂੰ ਪੂਰਾ ਕੀਤਾ ਜਾ ਸਕਦਾ, ਬਸ਼ਰਤੇ ਸਾਡੇ ਮਨ ਵਿਚ ਸੁਪਨਿਆਂ ਲਈ ਉਤਸ਼ਾਹ, ਉਮਾਹ, ਚਾਅ ਤੇ ਚਾਹਨਾ ਹੋਵੇ ਅਤੇ ਬੰਦਾ ਸੁਪਨਿਆਂ ਦੇ ਸੱਚ ਨੂੰ ਪ੍ਰਣਾਇਆ ਹੋਵੇ।
ਹਰਕਤ ਤੇ ਹੱਲਚੱਲ ਵਿਚੋਂ ਹੋਂਦ ਤੇ ਹਾਸਲ ਪੈਦਾ ਹੁੰਦਾ ਰਹੇ ਤਾਂ ਜਿ਼ੰਦਗੀ ਨੂੰ ਨਿੱਤ ਨਵੇਂ ਸਰੋਕਾਰਾਂ, ਸਾਰਥਿਕਤਾਵਾਂ ਅਤੇ ਸੁਖਨਤਾਵਾਂ ਦੀ ਸੋਝੀ ਹੁੰਦੀ। ਜਿ਼ੰਦਗੀ ਨੂੰ ਵੱਖਰੇ ਕੋਣ ਅਤੇ ਪਹਿਲੂ ਤੋਂ ਦੇਖ ਤੇ ਵਿਚਾਰ ਕੇ, ਵੱਖਰੇ ਨਜ਼ਰੀਏ ਤੋਂ ਸਮਝਣ ਦੀ ਕੋਸਿ਼ਸ਼ ਕਰਾਂਗੇ ਤਾਂ ਜਿ਼ੰਦਗੀ ਦੀ ਉਹ ਖੂਬਸੂਰਤੀ ਵੀ ਦ੍ਰਿਸ਼ਟਮਾਨ ਹੋਵੇਗੀ, ਜਿਸ ਤੋਂ ਕਈ ਵਾਰ ਵਿਅਕਤੀ ਅਣਜਾਣ ਹੁੰਦਾ।
ਕਮਰੇ ਵਿਚ ਪਸਰੀ ਹੋਈ ਚੁੱਪ ਬਹੁਤ ਮਾਰੂ। ਕਈ ਵਾਰ ਤਾਂ ਮਾਤਮ ਦਾ ਭਾਰ ਢੋਣ ਲਈ ਲਾਚਾਰ। ਕਮਰੇ ਵਿਚ ਗੁਫਤਗੂ ਹੁੰਦੀ ਰਹੇ ਤਾਂ ਕਮਰਾ ਟਹਿਕਦਾ। ਘਰ ਨੂੰ ਭਾਗ ਲੱਗਦੇ। ਚੁੱਪ ਦੀ ਕੁੱਖ ‘ਚੋਂ ਉਗੇ ਹੋਏ ਬੋਲ, ਹੋਠਾਂ ਲਈ ਹਸਮੁੱਖਤਾ ਅਤੇ ਜੀਵਨ-ਨਾਦ ਦਾ ਸੁਰ ਤੇ ਸੁੱਚਮ ਬਣਦੇ।
ਰਿਸ਼ਤਿਆਂ ਵਿਚ ਮਿਲਣ ਅਤੇ ਮਿਲਾਉਣ ਵਾਲੀ ਰੀਤ ਬਣੀ ਰਹੇ ਤਾਂ ਰਿਸ਼ਤੇ ਧੜਕਦੇ, ਜਿਊਂਦੇ, ਜਾਗਦੇ, ਹਾਕ ਮਾਰਦੇ, ਹੁੰਗਾਰਾ ਭਰਦੇ ਅਤੇ ਹੁੰਗਾਰਾ ਲੋਚਦੇ ਵੀ। ਜੇ ਚੁੱਪ ਹੋ ਜਾਈਏ ਤਾਂ ਰਿਸ਼ਤਿਆਂ ਵਿਚੋਂ ਸਿਰਫ ਸਬੰਧਾਂ ਦੀ ਚਿਤਾ ਹੀ ਬਲੇਗੀ। ਬਹੁਤੇ ਰਿਸ਼ਤੇ ਇਸ ਕਰਕੇ ਹੀ ਸੋਗ-ਸੰਤਾਪ ਦਾ ਸਿਰਨਾਵਾਂ ਬਣਦੇ, ਕਿਉਂਕਿ ਅਸੀਂ ਰਿਸ਼ਤਿਆਂ ਨੂੰ ਹਲੂਣਾ ਦੇਣਾ ਅਤੇ ਇਨ੍ਹਾਂ ਵਿਚ ਸੁੱਖਨਤਾ ਤੇ ਸੁਚੇਤਨਾ ਪੈਦਾ ਕਰਨ ਦਾ ਹੀਆ ਹੀ ਨਹੀਂ ਕਰਦੇ। ਰਿਸ਼ਤਿਆਂ ਦੀ ਸਾਜ਼ਗਾਰੀ ਲਈ ਜਰੂਰੀ ਹੈ ਕਿ ਮਿੱਤਰ-ਪਿਆਰਿਆਂ ਤੇ ਰਿਸ਼ਤੇਦਾਰਾਂ ਨੂੰ ਗਾਹੇ-ਬਗਾਹੇ ਫੋਨ ਕਰਦੇ ਰਹੀਏ। ਕਦੇ ਕਦਾਈਂ ਈ-ਮੇਲ ਕਰੀਏ। ਸਮਾਂ ਮਿਲੇ ਤਾਂ ਚਿੱਠੀ ਲਿਖੋ। ਵਕਤ ਮਿਲੇ ਤਾਂ ਬਿਨਾ ਦੱਸੇ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦਾ ਦਰ ਖੜਕਾਓ। ਦੇਖਣਾ! ਮੁਰਝਾਏ ਹੋਏ ਰਿਸ਼ਤੇ ਫਿਰ ਤੋਂ ਮੌਲਣ ਲੱਗ ਪੈਣਗੇ। ਜਿ਼ੰਦਗੀ ਬਹੁਤ ਛੋਟੀ ਹੈ। ਕਾਹਤੋ ਐਵੇਂ ਰੋਸਿਆਂ, ਸਿ਼ਕਵਿਆਂ ਅਤੇ ਗਿਲਿਆਂ ਕਾਰਨ ਇਨ੍ਹਾਂ ਵਿਚ ਖਾਮੋਸ਼ੀ ਦੀ ਚਾਦਰ ਤਾਣੀ ਰੱਖੀਏ। ਬਹੁਤ ਹੀ ਜਰੂਰੀ ਹੁੰਦਾ ਏ ਰਿਸ਼ਤਿਆਂ ਵਿਚ ਰਾਬਤਾ।
ਦਿਲ ਧੜਕਦਾ ਰਹੇ ਤਾਂ ਬੰਦਾ ਜਿਊਂਦਾ। ਸਰੀਰ ਵਿਚ ਰਕਤ ਦਾ ਪ੍ਰਵਾਹ। ਸਮੁੱਚੇ ਅੰਗਾਂ ਵਿਚ ਹਰਕਤ ਅਤੇ ਜਿਊਣੇ ਹੋਣ ਦਾ ਅਹਿਸਾਸ। ਦਿਲ ਰੁਕ ਜਾਵੇ, ਬੰਦਾ ਜਿਊਂਦਾ ਨਹੀਂ ਰਹਿ ਸਕਦਾ। ਭਾਵੇਂ ਵੈਂਟੀਲੇਟਰ ਨਾਲ ਮਸਨੂਈ ਤਰੀਕੇ ਨਾਲ ਕੁਝ ਸਮੇਂ ਲਈ ਤਾਂ ਦਿਲ ਨੂੰ ਧੜਕਾ ਕੇ, ਜਿਊਂਦੇ ਹੋਣ ਦਾ ਭਰਮ ਪਾਲਿਆ ਜਾ ਸਕਦਾ, ਪਰ ਸੱਚੀਂ-ਮੁੱਚੀਂ ਬੰਦਾ ਉਸ ਵਕਤ ਹੀ ਮਰ ਜਾਂਦਾ, ਜਦ ਬੰਦ ਹੋ ਜਾਂਦੀ ਏ ਦਿਲ ਦੀ ਧੜਕਣ।
ਅੱਖਾਂ ਚਾਰ ਚੁਫੇਰੇ ਦੇਖਦੀਆਂ ਰਹਿਣ ਤਾਂ ਨਜ਼ਰ ਵਿਚੋਂ ਨਜ਼ਰੀਆ ਪੈਦਾ ਹੁੰਦਾ। ਕੁਝ ਚਿਰ ਲਈ ਅੱਖਾਂ ਬੰਦ ਹੋਣ ਤਾਂ ਬੰਦਾ ਸੋਂਦਾ। ਜਦ ਅੱਖਾਂ ਸਦਾ ਲਈ ਬੰਦ ਹੋ ਜਾਣ ਤਾਂ ਪੂਣੀ ਵਰਗੀਆਂ ਪੁਤਲੀਆਂ ਵਿਚੋਂ ਸਿਰਫ ਮੌਤ ਦਾ ਸਾਇਆ ਹੀ ਨਜ਼ਰ ਆਉਂਦਾ। ਅਹਿਲ ਪੁਤਲੀਆਂ ਨੂੰ ਹੱਥੀਂ ਬੰਦ ਕਰਕੇ, ਮੌਤ ਦਾ ਮਾਤਮ ਮਨਾਉਣਾ ਪੈਂਦਾ।
ਟਾਹਣੀਆਂ ਤੇ ਕਰੂੰਬਲਾਂ ਫੁੱਟਦੀਆਂ ਰਹਿਣ, ਕੂਲੀਆਂ ਲਗਰਾਂ ਨੂੰ ਹਵਾ ਛੂੰਹਦੀ ਰਹੇ, ਫੁੱਲ ਖਿੜਦੇ ਰਹਿਣ, ਕਲੀਆਂ ਮਹਿਕਦੀਆਂ ਰਹਿਣ, ਤਿੱਤਲੀਆਂ ਤੇ ਭੌਰਿਆਂ ਦੇ ਝੁੰਡ ਹਰ ਪਾਸੇ ਨਜ਼ਰ ਆਉਂਦੇ ਰਹਿਣ ਤਾਂ ਚਮਨ, ਬਹਾਰਾਂ ਦਾ ਨਿਉਂਦਾ। ਫੈਲਦਾ, ਮਹਿਕਾਉਂਦਾ, ਖਿੜਾਉਂਦਾ, ਲਾਡ ਲਡਾਉਂਦਾ ਅਤੇ ਜਿ਼ੰਦਗੀ ਦੇ ਨਾਦ ਵਿਚ ਗੜੁੰਦ, ਰੰਗਾਂ ਅਤੇ ਮਹਿਕਾਂ ਬੁੱਕੋ-ਬੁੱਕ ਵੰਡਦਾ। ਬਿਰਖ ਰੁੰਡ-ਮਰੁੰਡ ਹੋ ਜਾਣ, ਸੁੱਕੀਆਂ ਟਾਹਣੀਆਂ ਵਿਚੋਂ ਹਵਾ ਕੀਰਨੇ ਪੈਦਾ ਕਰੇ ਅਤੇ ਆਲ੍ਹਣੇ ਦੇ ਤੀਲਿਆਂ ਨੂੰ ਧਰਤੀ ਵੀ ਵਿਹਲ ਨਾ ਦੇਵੇ ਤਾਂ ਚਮਨ ਆਪਣੀ ਲਾਸ਼ ਨੂੰ ਮੋਢੇ `ਤੇ ਢੋਂਦਾ। ਉਜਾੜਾਂ, ਮਾਰੂਥਲਾਂ ਅਤੇ ਬੀਆਬਾਨ ਦੀ ਨਿਸ਼ਾਨੀ। ਇਹ ਜੀਵਨੀ ਹਰਕਤ ਹੀ ਹੁੰਦੀ, ਜੋ ਬੀਆਬਾਨ ਨੂੰ ਬਾਗ, ਬਰਕਤਾਂ ਅਤੇ ਬਹਿਸ਼ਤਾਂ ਬਣਾਉਂਦੀ ਅਤੇ ਇਸ ਦੀ ਗੈਰ-ਹਾਜਰੀ ਬਾਗ ਨੂੰ ਬੇਗਾਨਗੀ, ਬੰਜਰਤਾ ਅਤੇ ਬਦਸੂਰਤੀ ਦਾ ਨਾਮ ਦਿੰਦੀ।
ਪਰਾਂ ਵਿਚ ਹਰਕਤ ਹੁੰਦੀ ਰਹੇ ਤਾਂ ਅੰਬਰ ਵੰਨੀਂ ਉਡਾਣ ਜਾਰੀ ਰਹਿੰਦੀ। ਹਰਕਤ ਦਾ ਬੰਦ ਹੋਣਾ ਹੀ ਪਟਕਾ ਮਾਰਦਾ ਏ ਉਡਦੇ ਬਾਜਾਂ ਨੂੰ ਵੀ ਧਰਤੀ ‘ਤੇ।
ਹਰਕਤ, ਹੰਭਲਾ, ਹੋਂਦ ਤੇ ਹਾਸਲ, ਜਿੰਦ ਦਾ ਰੰਗ। ਇਸ ਸਦਕਾ ਘਰਾਂ ਨੂੰ ਲੱਗਦੇ ਭਾਗ। ਹਰਕਤ ਵਿਚੋਂ ਹਾਸੇ ਉਗਦੇ ਤੇ ਹੰਝੂਆਂ ਦੀ ਅੱਖ ਰੋਵੇ। ਜੇ ਜ਼ਮੀਰ ਦੀ ਹਰਕਤ ਜਿਊਂਦੀ ਤਾਂ ਕੌਣ ਬੰਦੇ ਨੂੰ ਕੋਹਵੇ। ਕਿਰਤ ਦੀ ਹਰਕਤ ਰਹੇ ਵਸੇਂਦੀ ਤਾਂ ਰਹਿੰਦੇ ਭਰੇ ਭੰਡਾਰ ਤੇ ਬੇਕਿਰਤੇ ਲੋਕਾਂ ਨੂੰ ਪੈਂਦੀ ਕਰਮਾਂ ਸੰਦੜੀ ਮਾਰ। ਹਰਕਤ ਵਿਚੋਂ ਨਜ਼ਰੀਂ ਆਵੇ ਅੰਬਰ ਦਾ ਸਿਰਨਾਵਾਂ ਅਤੇ ਪਰਾਂ ਵਿਚ ਉਗ ਪੈਂਦੀਆਂ ਨੇ ਅਣਦਿਸੀਆਂ ਦਿਸ਼ਾਵਾਂ। ਹਰਕਤ ਹਮੇਸ਼ਾ ਸੁਖਨ ਬੀਜੇ ਤੇ ਹੱਲਚੱਲ ਸੰੁਦਰ ਸਰੂਪ। ਕਈ ਵਾਰ ਇਹ ਲਹਿਜ਼ਾ ਹੋਵੇ ਅਤੇ ਕਦੇ ਬਣਦੀ ਕਦੇ ਕਰੂਪ।
ਜਦ ਕੋਈ ਵਿਚਾਰ ਮਨ ਵਿਚ ਅਜਿਹੀ ਹੱਲਚੱਲ ਪੈਦਾ ਕਰੇ ਜੋ ਸੰਜੀਵਨੀ ਵਰਗਾ, ਸਹਿਜ ਜੀਵਨੀ ਵਰਗਾ, ਮਨ ‘ਚ ਉਗੀ ਸੰਵੇਦਨਾ ਤੇ ਸੁ਼ਭ-ਕਰਮਨ ਦਾ ਅਹਿਸਾਸ ਜਿਹਾ ਹੋਵੇ ਤਾਂ ਇਸ ਨੂੰ ਜੀਵਨ-ਜਾਚ ਬਣਾਉਣ ਨੂੰ ਜੀਅ ਕਰਦਾ। ਇਹ ਵਿਚਾਰ ਹੀ ਹੁੰਦੇ, ਜੋ ਵਿਚਾਰ-ਪ੍ਰਵਾਹ ਬਣ ਕੇ ਜਿੰ਼ਦਗੀ ਦੀਆਂ ਤਰਕੀਬਾਂ ਅਤੇ ਤਰਜ਼ੀਹਾਂ ਵਿਚ ਸਦਾ ਲਈ ਸਮਾ ਜਾਂਦੇ। ਮਨ ਵਿਚ ਉਸਾਰੂ ਹੱਲਚੱਲ ਕਰਨ ਤੋਂ ਅਸਰਮਥ ਵਿਚਾਰ ਥੋਥੇ, ਤਰਕਹੀਣ, ਬੇਲੋੜੇ ਬੋਝ ਅਤੇ ਬੇਹੁਦਾ, ਜੋ ਜਿੰ਼ਦਗੀ ਨਾਲੋਂ ਟੁੱਟੇ ਮਨੁੱਖ ਨੂੰ ਮਨੁੱਖ ਨਾਲੋਂ ਤੋੜਨ ਵਿਚ ਮਸਰੂਫ। ਦੁੱਖ ਕਿ ਅੱਜ ਕੱਲ੍ਹ ਜਿ਼ਆਦਾ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਤੋੜ, ਖਿਆਲੀ ਸੰਸਾਰ ਨੂੰ ਸਿਰਜਣ ਲਈ ਕਾਹਲੇ, ਜਿਸ ਦਾ ਕੋਈ ਤਰਕ, ਆਧਾਰ, ਸਬੂਤ ਜਾਂ ਸਾਰਥਿਕਤਾ ਹੀ ਨਹੀਂ। ਬੇਹੇ ਤੇ ਬੇਹਿੱਸ ਵਿਚਾਰਾਂ ਕਾਰਨ ਹੀ ਉਗ ਰਹੇ ਨੇ ਥਾਂ ਥਾਂ `ਤੇ ਬਾਬਿਆਂ ਦੇ ਡੇਰੇ।
ਨਿੱਤ ਨਵੇਂ ਉਸਰ ਰਹੇ ਸਬੰਧ, ਗ੍ਰਹਿਣ ਕੀਤਾ ਜਾ ਰਿਹਾ ਨਵਾਂ ਗਿਆਨ, ਨਵੀਆਂ ਸੂਝ-ਸਿਆਣਪਾਂ ਅਤੇ ਸੱਚਾਈ ਦੇ ਰੂਬਰੂ ਹੋਣਾ, ਹਰ ਰੋਜ਼ ਨਵੀਆਂ ਮੁਸ਼ਕਿਲਾਂ ਤੇ ਮੁਹਿੰਮਾਂ ਰਾਹੀਂ ਨਵੇਂ ਮੁਕਾਮ ਹਾਸਲ ਕਰਨਾ, ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਅਤੇ ਨਵੇਂ ਕਸ਼ਟਾਂ ਤੇ ਔਕੜਾਂ ਦੇ ਰੂਬਰੂ ਹੋ ਕੇ ਨਿੱਤ ਨਵੀਆਂ ਸੁਪਨ-ਸਵੇਰਾਂ ਲੈ ਕੇ ਹਰ ਦਿਨ ਨੂੰ ਜੀ ਆਇਆਂ ਕਹਿਣਾ ਹੀ ਜਿ਼ੰਦਗੀ। ਇਕਸਾਰ ਜਿਹੀ ਜਿ਼ੰਦਗੀ ਬੁੱਸਬੁਸੀ, ਬੇਸੁਆਦੀ ਤੇ ਬਕਬਕੀ, ਜਿਸ ਨੂੰ ਜੀਵਨ ਨਹੀਂ ਕਿਹਾ ਜਾ ਸਕਦਾ। ਜਿੰ਼ਦਗੀ ਤਾਂ ਹਰ ਦਿਨ ਨਵੀਂ ਚੁਣੌਤੀ ਵਿਚੋਂ ਉਭਰਨਾ, ਨਿੱਤ ਨਵੇਂ ਦਿਸਹੱਦਿਆਂ ਨੂੰ ਛੂਹਣਾ, ਰੋਜ਼ ਨਵੀਆਂ ਪ੍ਰਾਪਤੀਆਂ ਨੂੰ ਕਿਆਸਣਾ ਅਤੇ ਇਨ੍ਹਾਂ ਲਈ ਖੁਦ ਨੂੰ ਤਤਪਰ ਰਹਿ, ਤੀਬਰਤਾ ਨਾਲ ਤਕਦੀਰ ਬਣਾਉਣਾ ਹੁੰਦਾ।
ਸੁੱਖ-ਅਰਾਮ ਤੇ ਸੀਮਤ ਦਾਇਰੇ ਵਿਚ ਖੁਦ ਨੂੰ ਸੀਮਤ ਕਰਨ ਵਾਲੇ ਘੁਰਨਿਆਂ ਦੇ ਵਾਸੀ। ਦੁਨੀਆਂ ਨੂੰ ਸਮਝਣ ਅਤੇ ਆਪਣੀ ਵੱਖਰੀ ਅਤੇ ਵਿਲੱਖਣ ਥਾਂ ਨਿਸ਼ਚਿਤ ਕਰਨ ਲਈ ਜਰੂਰੀ ਹੈ ਕਿ ਦੁਨਿਆਵੀ ਸਮੁੰਦਰ ਵਿਚ ਠਿੱਲੋ। ਇਸ ‘ਚ ਹਰਕਤ ਪੈਦਾ ਕਰੋ ਅਤੇ ਇਸ ਵਿਚੋਂ ਅਜਿਹੇ ਸੁੱਚੇ ਮੋਤੀ ਪ੍ਰਾਪਤ ਕਰੋ, ਜਿਸ `ਤੇ ਸਮੁੱਚੇ ਸਮਾਜ ਅਤੇ ਸੰਸਾਰ ਨੂੰ ਨਾਜ਼ ਹੋਵੇ।
ਕਾਇਨਾਤ ਵਿਚ ਕੁਝ ਵੀ ਥਿਰ ਨਹੀਂ। ਹਰਦਮ ਹੱਲਚੱਲ। ਨਿੱਤ ਨਵੀਂ ਤਬਦੀਲੀ ਅਤੇ ਰੋਜ਼ਾਨਾ ਨਵੇਂ ਸਰੋਕਾਰ ਜਿਨ੍ਹਾਂ ਨੇ ਮਨੁੱਖੀ ਜਿ਼ੰਦਗੀ ਨੂੰ ਬਦਲਣਾ ਹੁੰਦਾ। ਇਸ ਲਈ ਜਰੂਰੀ ਹੈ ਮਨੁੱਖ ਦਾ ਬਦਲਦੀਆਂ ਹਾਲਤਾਂ ਮੁਤਾਬਕ ਖੁਦ ਨੂੰ ਬਦਲਣਾ। ਪੁਰਾਣੀ ਕੁੰਜੀਆਂ ਨਾਲ ਨਵੇਂ ਦਰਵਾਜ਼ੇ ਨਹੀਂ ਖੋਲ੍ਹੇ ਜਾ ਸਕਦੇ।
ਅੰਤਰੀਵ ਵਿਚ ਹੱਲਚੱਲ ਹੋਵੇ ਤਾਂ ਬੰਦਾ ਕਿਸੇ ਦੇ ਦਰਦ ਵਿਚ ਪਸੀਜਦਾ, ਕਿਸੇ ਦੀ ਹਾਕ ਦਾ ਹੁੰਗਾਰਾ ਭਰਦਾ, ਮਦਦਗਾਰ ਬਣਦਾ, ਕਿਸੇ ਲਈ ਡੰਗੋਰੀ ਬਣਦਾ ਅਤੇ ਅੱਖਰਹੀਣ ਲਈ ਅੱਖਰ-ਦੀਪ ਜਗਾਵੇ। ਅੰਦਰ ਮਰ ਜਾਣ `ਤੇ ਬੰਦੇ ਦੇ ਮਰ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ।
ਜੁਲਮ, ਅਨਿਆਂ, ਕਪਟ, ਝੂਠ, ਅਧਰਮ, ਬੇਇਨਸਾਫੀ ਜਾਂ ਬੇਈਮਾਨੀ ਕਾਰਨ ਜਦ ਕਿਸੇ ਵਿਅਕਤੀ ਦੀ ਜ਼ਮੀਰ ਵਿਚ ਹਰਕਤ ਪੈਦਾ ਹੁੰਦੀ ਅਤੇ ਇਸ ਵਿਰੁੱਧ ਡੱਟਦਾ ਤਾਂ ਬੰਦਾ, ਜਿਊਂਦੇ ਹੋਣ ਦਾ ਫਰਜ਼ ਅਦਾ ਕਰਦਾ। ਮਰੀਆਂ ਤੇ ਗਹਿਣੇ ਪਈਆਂ ਜ਼ਮੀਰਾਂ ਵਾਲੇ ਤਾਂ ਮਰਦੇ ਦੇ ਮੂੰਹ ਵਿਚ ਪਾਣੀ ਨਹੀਂ ਪਾਉਂਦੇ। ਸਗੋਂ ਕਿਸੇ ਦੀ ਪੀੜਾ ਦਾ ਮਖੌਲ ਉਡਾਉਂਦੇ।
ਬੰਦੇ ਨੂੰ ਹਰਕਤ ਵਿਚ ਰਹਿਣਾ ਚਾਹੀਦਾ, ਕਿਉਂਕਿ ਹਰਕਤ ਵਿਚੋਂ ਹੀ ਹਮਜੋਲਤਾ, ਹਮਰਾਜ਼ਤਾ, ਹੱਸਮੁੱਖਤਾ ਅਤੇ ਹੈਰਾਨੀਜਨਕ ਹਾਸਲਾਂ ਨੇ ਮਨੁੱਖੀ ਮਨ ਦੀ ਦਸਤਕ ਬਣਨਾ ਹੁੰਦਾ। ਇਹ ਦਸਤਕ, ਜਿਸ ਨੇ ਸਾਹਾਂ ਨੂੰ ਸਦੀਵਤਾ ਅਤੇ ਸੰਗੀਤਕਤਾ ਬਖਸ਼ਣੀ ਏ।