ਇਕ ਬੁੱਲਾ ਹਵਾ ਦਾ

ਸੁਕੀਰਤ ਦੀ ਕਹਾਣੀ ‘ਇਕ ਬੁੱਲਾ ਹਵਾ ਦਾ’ ਬਹੁਤ ਸਹਿਜ ਨਾਲ ਤੁਰਦੀ ਹੈ ਅਤੇ ਇਸੇ ਰੰਗ ਵਿਚ ਰੰਗ ਬਖੇਰਦੀ ਸਮਾਪਤ ਹੋ ਜਾਂਦੀ ਹੈ। ਇਸ ਸਹਿਜ ਤੋਰ ਦੇ ਨਾਲ-ਨਾਲ ਵੱਖ-ਵੱਖ ਪਾਤਰਾਂ ਦੇ ਨੈਣ-ਨਕਸ਼ ਉਘੜਦੇ ਜਾਂਦੇ ਹਨ ਅਤੇ ਨਾਲ ਹੀ ਮਨੁੱਖੀ ਰਿਸ਼ਤਿਆਂ ਦੀਆਂ ਤੰਦਾਂ ਹੋਰ ਪੀਡੀਆਂ ਹੁੰਦੀਆਂ ਜਾਪਦੀਆਂ ਹਨ। ਜਾਪਣ ਲੱਗਦਾ ਹੈ ਕਿ ਇਹ ਜ਼ਿੰਦਗੀ ਜਿਊਣ ਲਈ ਹੈ, ਰੀਂਅ-ਰੀਂਅ ਕਰਨ ਲਈ ਤਾਂ ਬਿਲਕੁਲ ਵੀ ਨਹੀਂ।

ਸੁਕੀਰਤ

“ਨੀਤਾ ਭਾਰਦਵਾਜ?”
ਕਿਸੇ ਐਨ ਕੋਲ ਆਣ ਕੇ ਖੜੋਣ ਵਾਲੇ ਬੰਦੇ ਨੇ ਸਵਾਲੀਆ ਲਹਿਜੇ ਵਿਚ ਕਿਹਾ ਤੇ ਅਸਾਂ ਦੋਨਾਂ ਨੇ ਇਕੋ ਵੇਲ਼ੇ ਪਿੱਛੇ ਮੁੜ ਕੇ ਦੇਖਿਆ। ਮਾਮਾ ਨੇ ਰਤਾ ਤ੍ਰਭਕਦਿਆਂ, ਤੇ ਮੈਂ ਹੈਰਾਨੀ ਨਾਲ। ਮਾਮਾ ਨੂੰ ਉਨ੍ਹਾਂ ਦੇ ਬਚਪਨ ਦੇ ਨਾਂ ਨਾਲ ਬੁਲਾਣ ਵਾਲਾ ਇਹ ਕੌਣ ਸੀ?
ਪਿੱਛੇ ਖੜ੍ਹਾ ਆਦਮੀ ਉਹੋ ਜਿਹਾ ਸੀ ਜਿਨ੍ਹਾਂ ਨੂੰ ਪੁਨੀਤ ਕੁਝ ਕੁਝ ਹਸਦ ਰਲ਼ੇ ਵਿਅੰਗ ਨਾਲ ‘ਇੰਡੀਆ ਇੰਟਰਨੈਸ਼ਨਲ ਟਾਈਪ’ ਕਹਿੰਦਾ ਹੁੰਦਾ ਹੈ: ਰੰਗਦਾਰ ਕੁੜਤੇ ਪਾ ਕੇ ਤੇੜ ਮੇਲਵੇਂ ਪਜਾਮੇ ਪਾਣ ਵਾਲੇ; ਕੱਪੜੇ ਹਮੇਸ਼ਾ ਹਿੰਦੁਸਤਾਨੀ ਪਰ ਅੰਗਰੇਜ਼ੀ ਅੰਗਰੇਜ਼ਾਂ ਵਾਂਗ ਬੋਲਣ ਵਾਲੇ। ਜਿਹੜੇ ਜਵਾਨੀ ਤੋਂ ਬੁਢਾਪੇ ਤਕ ਆਪਣਾ ਇਕੋ ਸਟਾਈਲ ਕਾਇਮ ਰੱਖਦੇ ਹਨ, ਜ਼ਮਾਨੇ ਦੇ ਫੈਸ਼ਨ ਭਾਵੇਂ ਬਦਲਦੇ ਜਾਣ। ਫਬਵੇਂ ਤਰਾਸ਼ੇ ਵਾਲ਼ਾਂ, ਤੇ ਆਮ ਤੌਰ ‘ਤੇ ਇਕਹਿਰੇ ਸਰੀਰ ਵਾਲੇ।
ਵੈਸੇ ਏਸ ਆਦਮੀ ਦੇ ਸਿਰ ‘ਤੇ ਇਕ ਵੀ ਵਾਲ਼ ਨਹੀਂ ਸੀ, ਦਾੜ੍ਹੀ ਜ਼ਰੂਰ ਸੁਆਰ ਕੇ ਤਰਾਸ਼ੀ ਹੋਈ ਸੀ ਤੇ ਫਬ ਵੀ ਰਹੀ ਸੀ। ਸਰੀਰ ਜੇ ਇਕਹਿਰਾ ਨਹੀਂ ਸੀ ਤਾਂ ਵਾਧੂ ਭਰਿਆ ਹੋਇਆ ਵੀ ਨਹੀਂ ਸੀ। ਮਾਮਾ ਨੇ ਪਛਾਣਨ ਵਿਚ ਦੇਰ ਨਾ ਲਾਈ, “ਤੇਜੀ?”
ਮੈਂ ਭਾਵੇਂ ਨਾਂ ਤੋਂ ਵੀ ਪਛਾਣ ਨਾ ਸਕੀ ਪਰ ਚਿਹਰਾ ਜ਼ਰੂਰ ਕੁਝ ਕੁਝ ਪਛਾਣਿਆ ਲੱਗ ਰਿਹਾ ਸੀ।
“ਬੜੀ ਛੇਤੀ ਪਛਾਣ ਲਿਆ ਈ, ਆਈ ਐਮ ਇੰਪ੍ਰੈਸਡ।”
“ਤੂੰ ਗੰਜਾ ਜ਼ਰੂਰ ਹੋ ਗਿਆ ਹੈਂ ਪਰ ਤੇਰੀ ਆਵਾਜ਼ ਥੋੜ੍ਹਾ ਬਦਲੀ ਹੈ।”
ਮਾਮਾ ਵਿਚ ਏਨੀ ਬੇਤਕੱਲਫੀ! ਪੈਂਦੀ ਸੱਟੇ ਕਿਸੇ ਦੇ ਗੰਜੇਪਣ ਵੱਲ ਇਸ਼ਾਰਾ ਕਰ ਦਿੱਤਾ। ਅੱਜਕੱਲ੍ਹ ਤਾਂ ਉਹ ਵੈਸੇ ਹੀ ਘੱਟ ਬੋਲਦੇ ਹਨ।
“ਆਈ ਐਮ ਸਟਿਲ ਇੰਪ੍ਰੈਸਡ, ਨੀਤਾ।”
“ਮੇਰੀ ਬੇਟੀ ਨੂੰ ਮਿਲ – ਸੁਮੇਧਾ। ਮੇਧੂ, ਇਹ ਤੇਜੀ, ਮੇਰਾ ਮਤਲਬ ਤੇਜੇਸ਼ਵਰ ਹੈ, ਮੇਰਾ ਬਚਪਨ ਦਾ ਦੋਸਤ। ਸਦੀਆਂ ਬਾਅਦ ਮਿਲਿਆ ਹੈ।” ਮਾਮਾ ਨੇ ਅਚਾਨਕ ਫੇਰ, ਬੜੇ ਅਰਸੇ ਮਗਰੋਂ ਮੈਨੂੰ ਮੇਧੂ ਕਿਹਾ, ਵਰਨਾ ਹੁਣ ਹਮੇਸ਼ਾ ਸੁਮੇਧਾ ਹੀ ਕਹਿੰਦੇ ਹਨ।
“ਹੈਲੋ, ਸੁਮੇਧਾ। ਤੁਹਾਡੀ ਸ਼ਕਲ ਨੀਤਾ ਨਾਲ ਕਾਫੀ ਮਿਲਦੀ ਹੈ”, ਮਾਮਾ ਦੇ ਬਚਪਨ ਦੇ ਦੋਸਤ ਨੇ ਦਸਤਪੰਜੇ ਲਈ ਆਪਣਾ ਹੱਥ ਅੱਗੇ ਵਧਾਇਆ।
ਵੈਸੇ ਮੇਰੀ ਸ਼ਕਲ ਮਾਮਾ ਨਾਲ ਕੋਈ ਖਾਸ ਨਹੀਂ ਮਿਲਦੀ। ਬਚਪਨ ਤੋਂ ਸੁਣਦੀ ਰਹੀ ਹਾਂ ਕਿ ਮੈਂ ਬਿਲਕੁਲ ਦਾਦਕਿਆਂ ‘ਤੇ ਹਾਂ। ਇਸ ਤੇਜੀ, ਮੇਰਾ ਮਤਲਬ ਤੇਜੇਸ਼ਵਰ, ਨਾਲ ਹੱਥ ਮਿਲਾਂਦਿਆਂ ਸੋਚ ਰਹੀ ਸਾਂ ਕਿ ਬਸ ਕੁਝ ਕਹਿਣ ਖਾਤਰ ਕਹਿ ਰਿਹਾ ਹੈ ਪਰ ਉਸ ਤੋਂ ਵੀ ਵੱਧ ਇਹ ਸਵਾਲ ਮਨ ਵਿਚ ਉਭਰ ਰਿਹਾ ਸੀ ਕਿ ਇਸ ਬੰਦੇ ਨੂੰ ਪਹਿਲਾਂ ਕਿੱਥੇ ਦੇਖਿਆ ਸੀ!
ਵੀਹ ਮਿੰਟ ਬਾਅਦ ਅਸੀਂ ਇਸ ‘ਇੰਡੀਆ ਇੰਟਰਨੈਸ਼ਨਲ ਟਾਈਪ’ ਦੇ ਸੱਦੇ ਉੱਤੇ ਸੱਚਮੁੱਚ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਰੈਸਤੋਰਾਂ ਵਿਚ ਬੈਠੇ ਹੋਏ ਸਾਂ: “ਮੇਰੀ ਸਾਢੇ ਸੱਤ ਵਜੇ ਦੀ ਫਲਾਈਟ ਹੈ, ਅਜੇ ਦੋ ਘੰਟੇ ਹੈਣ, ਚਲੋ ਚੱਲ ਕੇ ਇੰਡੀਆ ਇੰਟਰਨੈਸ਼ਨਲ ਸੈਂਟਰ ਬੈਠਦੇ ਹਾਂ।”
ਮਾਮਾ, ਜਿਹੜੇ ਅੱਜਕੱਲ੍ਹ ਕੁਝ ਵੀ ਕਰ ਕੇ ਰਾਜ਼ੀ ਨਹੀਂ, ਜਿਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਅੱਜ ਸੋਫਿਆਂ ਦੇ ਉਛਾੜਾਂ ਦੀ ਖਰੀਦ ਦੇ ਬਹਾਨੇ ਤਕਰੀਬਨ ਧਰੂਹ ਕੇ ਹੀ ਘਰੋਂ ਬਾਹਰ ਲਿਆਈ ਸਾਂ, ਇਸ ਆਦਮੀ ਦੀ ਗੱਲ ਝੱਟ ਮੰਨ ਗਏ ਸਨ।
ਜਦੋਂ ਦੇ ਪਾਪਾ ਪੂਰੇ ਹੋਏ ਨੇ, ਮਾਮਾ ਪਹਿਲਾਂ ਵਾਲੇ ਮਾਮਾ ਨਹੀਂ ਰਹੇ। ਜਿਵੇਂ ਪਾਪਾ ਆਪਣੇ ਨਾਲ ਹੀ ਮਾਮਾ ਅੰਦਰਲੇ ਸਾਰੇ ਚਾਅ, ਜਿਊਣ ਦੀ ਸਾਰੀ ਇੱਛਾ ਵੀ ਚੂਸ ਕੇ ਨਾਲ ਲੈ ਗਏ ਹੋਣ। ਆਪਣੇ ਆਪ ਵਿਚ ਹੀ ਗੁਆਚੇ ਰਹਿੰਦੇ ਹਨ। ਪੁਨੀਤ ਨੂੰ ਮਾਮਾ ਦੇ ਏਸ ਡੂੰਘੇ ਡਿਪ੍ਰੈਸ਼ਨ ਦੀ ਸਮਝ ਨਹੀਂ ਪੈਂਦੀ: “ਤੇਰੇ ਮਾਮਾ ਨੂੰ ਮੈਂ ਹਮੇਸ਼ਾ ਬੜੀ ‘ਮੈਚਿਓਰ ਪਰਸਨੈਲਿਟੀ’ ਸਮਝਦਾ ਰਿਹਾ ਹਾਂ, ਹੈਰਾਨ ਹਾਂ ਕਿ ਪਾਪਾ ਦੀ ਮੌਤ ਦੀ ਸਚਾਈ ਨਾਲ ‘ਡੀਲ’ ਕਰਨ ਲਈ ਉਹ ਏਨੇ ਕਮਜ਼ੋਰ ਨਿਕਲੇ।”
ਮੈਨੂੰ ਆਪ ਇਸ ਡਿਪ੍ਰੈਸ਼ਨ ਦੀ ਸਮਝ ਪੈਂਦੀ ਵੀ ਹੈ ਤੇ ਨਹੀਂ ਵੀ ਪੈਂਦੀ। ਕਦੀ ਜਾਪਦਾ ਹੈ ਕਿ ਉਹ ਪਾਪਾ ਲਈ ਕਿਸੇ ਡੂੰਘੇ ਸੋਗ ਵਿਚ ਲਹਿ ਗਏ ਹੋਣ, ਤੇ ਕਦੀ ਜਾਪਦਾ ਹੈ ਕਿ ਉਹ ਉਸ ਜ਼ਿੰਦਗੀ ਦਾ ਮਾਤਮ ਕਰ ਰਹੇ ਹਨ ਜੋ ਪਾਪਾ ਦੇ ਜਾਣ ਬਾਅਦ ਉਨ੍ਹਾਂ ਦੀ ਨਹੀਂ ਰਹੀ ਜਾਂ ਉਹੋ ਜਿਹੀ ਨਹੀਂ ਰਹੀ।
ਸੋਗ ਦੇ ਪਹਿਲੇ ਦਿਨਾਂ ਵਿਚ ਮੈਂ ਵੀ ਮਾਮਾ ਦੇ ਨਾਲ ਰਹੀ, ਤੇ ਸਵੀਡਨ ਤੋਂ ਆਇਆ ਸੁਨੀਲ ਤਾਂ ਪੂਰਾ ਇਕ ਮਹੀਨਾ ਉਨ੍ਹਾਂ ਕੋਲ ਰਹਿ ਕੇ ਗਿਆ ਪਰ ਜਾਣ ਵੇਲ਼ੇ ਮੈਨੂੰ ਤਾਕੀਦ ਕਰ ਗਿਆ, “ਮਾਮਾ ਇਜ਼ ਨੌਟ ਇਨ ਏ ਗੁਡ ਸਟੇਟ ਰਾਈਟ ਨਾਓ, ਤੂੰ ਉਨ੍ਹਾਂ ਨੂੰ ਕੁਝ ਚਿਰ ਲਈ ਆਪਣੇ ਕੋਲ ਲੈ ਜਾ। ਇਹ ਅਜੇ ਇਕੱਲੇ ਰਹਿਣ ਵਾਲੀ ਹਾਲਤ ਵਿਚ ਨਹੀਂ।”
ਸੁਨੀਲ ਸਾਡੇ ਘਰ ਵਿਚ ਸਭ ਤੋਂ ਵੱਧ ਨਾਪ-ਤੋਲ ਕੇ ਗੱਲ ਕਰਨ ਵਾਲਾ ਜੀਅ ਹੈ। ਮੇਰੇ ਤੋਂ ਉਲਟ ਆਪਣੇ ਹਰ ਮਾਨਸਿਕ ਉਤਾਰ-ਚੜ੍ਹਾਅ ਨੂੰ ਅੰਦਰ ਹੀ ਠੱਪ ਕੇ ਰੱਖਦਾ ਹੈ, ਸਹਿਜੇ ਕੀਤੇ ਸਾਂਝਿਆਂ ਨਹੀਂ ਕਰਦਾ। ਨਾ ਹੀ ਕਦੇ ਵਾਧੂ ਜਜ਼ਬਾਤੀ ਹੁੰਦਾ ਹੈ। ਸੁਨੀਲ ਨੇ ਜੇ ਇਹ ਗੱਲ ਕਹੀ ਹੈ ਤਾਂ ਬੜਾ ਸੋਚ ਵਿਚਾਰ ਕੇ ਕਹੀ ਹੋਵੇਗੀ। ਤੇ ਮੈਂ ਮਾਮਾ ਨੂੰ ਦਿੱਲੀ ਆਪਣੇ ਕੋਲ ਲੈ ਆਈ।
ਹੁਣ ਛੇ ਤੋਂ ਵੱਧ ਮਹੀਨੇ ਹੋ ਗਏ ਨੇ, ਮਾਮਾ ਨੇ ਇਕ ਵਾਰ ਵੀ ਵਾਪਸ ਗੁੜਗਾਵਾਂ ਜਾਣ, ਜਾ ਕੇ ਆਪਣੇ ਘਰ ਦਾ ਹਾਲ ਦੇਖਣ ਦੀ ਗੱਲ ਤਕ ਨਹੀਂ ਕੀਤੀ। ਡਿਪ੍ਰੈਸ਼ਨ ਦੀ ਇਸ ਤੋਂ ਵੱਡੀ ਨਿਸ਼ਾਨੀ ਹੋਰ ਕੀ ਹੋਣੀ ਏ! ਆਪਣੇ ਘਰ ਨੂੰ ਹਮੇਸ਼ਾ ਟਿਚਨ ਰੱਖਣ ਵਾਲੇ, ਬਾਲਕੋਨੀ ਦੇ ਗਮਲਿਆਂ ਵਿਚ ਆਪਣੇ ਲਾਏ ਬੂਟਿਆਂ ‘ਤੇ ਜਾਨ ਨਿਛਾਵਰ ਕਰਨ ਵਾਲੇ ਮਾਮਾ ਨੇ ਕਦੇ ਇਹ ਵੀ ਨਹੀਂ ਪੁੱਛਿਆ ਕਿ ਮੇਰੇ ਫੁੱਲ-ਬੂਟਿਆਂ ਦਾ ਕੀ ਕੀਤਾ ਈ। ਮੈਂ ਹੀ ਦੋ ਮਹੀਨੇ ਤਕ ਸਾਹਮਣਲੇ ਫਲੈਟ ਵਾਲਿਆਂ ਨੂੰ ਨੇਮ ਨਾਲ ਪਾਣੀ ਪੁਆਉਣ ਲਈ ਚਾਬੀ ਦਿੱਤੀ ਰੱਖੀ, ਤੇ ਫੇਰ ਹਾਰ ਕੇ ਸਾਰੇ ਗਮਲੇ ਚਾਹਵਾਨ ਲੋਕਾਂ ਵਿਚ ਵੰਡਣੇ ਪਏ। ਕਿੰਨੀ ਕੁ ਦੇਰ ਗੁਆਂਢੀਆਂ ‘ਤੇ ਇਹ ਭਾਰ ਪਾਈ ਰੱਖਦੀ!
ਤੇ ਮਾਮਾ ਦਾ ਇਹ ਡਿਪ੍ਰੈਸ਼ਨ ਹੁਣ ਹੌਲ਼ੀ ਹੌਲ਼ੀ ਸਾਡੇ ਘਰ ਦੀ ਫਿਜ਼ਾ ‘ਤੇ ਤਾਰੀ ਹੋ ਗਿਆ ਹੈ। ਬੱਚੇ ਅਜੇ ਉਸ ਉਮਰ ਵਿਚ ਹਨ ਜਦੋਂ ਉਹ ਦਾਅਵੇਦਾਰੀ ਤਾਂ ਵੱਡੇ ਹੋ ਗਏ ਹੋਣ ਦੀ ਕਰਦੇ ਹਨ ਪਰ ਰਹਿੰਦੇ ਆਪਣੀ ਉਸ ਬੇਖਬਰ ਦੁਨੀਆ ਵਿਚ ਹਨ ਜਿਸ ਵਿਚ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਜਾਂ ਚੁੱਕਣ ਦਾ ਅਹਿਸਾਸ ਘੱਟ ਹੀ ਹੁੰਦਾ ਹੈ। ਗੀਤੀ ਤੇ ਸ਼ਿਸ਼ਿਰ, ਦੋਵੇਂ, ਕੁਝ ਚਿਰ ਤਾਂ ਨਾਨੀ ਦਾ ਦਰਦ ਸਮਝਣ-ਵੰਡਾਉਣ ਦੀ ਕੋਸ਼ਿਸ਼ ਕਰਦੇ ਰਹੇ, ਵਕਤ ਬੇਵਕਤ ਮਾਮਾ ਕੋਲ ਬਹਿਣ, ਉਨ੍ਹਾਂ ਨੂੰ ਪਰਚਾਉਣ ਦੀਆਂ ਘਾੜਤਾਂ ਘੜਦੇ ਰਹੇ ਪਰ ਹੌਲ਼ੀ ਹੌਲ਼ੀ ਕੋਈ ਅਸਰ ਨਾ ਹੁੰਦਾ ਦੇਖ ਹੁਣ ਅਵੇਸਲ਼ੇ ਹੋ ਗਏ ਹਨ। ਖਾਨਾਪੂਰਤੀ ਜੋਗੀ ਸਵੇਰੇ-ਸ਼ਾਮ ਨਾਨੀ ਨਾਲ ‘ਹੈਲੋ ਹਾਏ’ ਕਰ ਲੈਂਦੇ ਹਨ , ਤੇ ਬਸ। ਸ਼ਿਸ਼ਿਰ ਤੇ ਕੁਝ ਨਹੀਂ ਕਹਿੰਦਾ ਪਰ ਹਮੇਸ਼ਾ ਤੋਂ ਆਦਤਨ ਮੂੰਹ ਫਟ ਰਹੀ ਗੀਤੀ ਤਾਂ ਕਦੇ ਕਦੇ ਕਹਿ ਵੀ ਦੇਂਦੀ ਹੈ, “ਨਾਨੀ ਹੈਜ਼ ਬਿਕਮ ਸਚ ਅ ਡਿਪ੍ਰੈਸ਼ਨ ਜ਼ੋਨ ਨਾਓ, ਉਨ੍ਹਾਂ ਕੋਲ ਬੈਠਣ ਦਾ ਵੀ ਕੀ ਫਾਇਦਾ? ਗੱਲ ਤਾਂ ਕੋਈ ਕਰਦੇ ਨਹੀਂ।” ਇਕ ਵਾਰ ਤਾਂ ਗੀਤੀ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਉਸ ਨਾਲ ਲੜ ਹੀ ਪਈ ਸਾਂ, ਖਿਝੀ ਹੋਈ ਨੇ ਉਸ ਨੂੰ ‘ਹਾਰਟ-ਲੈੱਸ’ ਤੇ ਸੁਆਰਥੀ ਕਹਿ ਦਿੱਤਾ ਸੀ। ਫੇਰ ਸਾਡੇ ਵਿਚਕਾਰ ਉਹ ਜੰਗ ਛਿੜੀ ਕਿ ਰਹੇ ਰੱਬ ਦਾ ਨਾਂ। ਗੀਤੀ ਨੇ ਉਨ੍ਹਾਂ ਸਾਰੀਆਂ ਵਧੀਕੀਆਂ ਦਾ ਪੁਲੰਦਾ ਖੋਲ੍ਹ ਲਿਆ ਜੋ ਉਸ ਮੁਤਾਬਕ ਬਚਪਨ ਤੋਂ ਉਸ ਨੂੰ ਮੇਰੇ ਹੱਥੋਂ ਸਹਿਣੀਆਂ ਪਈਆਂ ਸਨ। ਏਨੀਆਂ ਸਾਰੀਆਂ ਝੂਠੀਆਂ ਸੱਚੀਆਂ ਤੁਹਮਤਾਂ ਸੁਣ ਕੇ ਮੈਨੂੰ ਵੀ ਵੱਸੋਂ ਬਾਹਰੀ ਤਪ ਚੜ੍ਹ ਗਈ ਸੀ, ਤੇ ਮੈਂ ਭੁੱਲ ਹੀ ਗਈ ਕਿ ਮੈਂ ਮਾਂ ਹਾਂ ਤੇ ਉਹ ਧੀ। ਤੇ ਅਸੀਂ ਹਮਉਮਰਾਂ ਵਾਂਗ ਲੜੀਆਂ ਸਾਂ, ਉਮਰ ਤੇ ਸਿਆਣਪ ਦੇ ਸਾਰੇ ਉਛਾੜ ਪਰ੍ਹਾਂ ਸੁੱਟ ਕੇ। ਮਗਰੋਂ ਆਪਣੇ ਆਪ ‘ਤੇ ਸ਼ਰਮ ਵੀ ਆਈ ਤੇ ਖਿਝ ਵੀ, ਗੀਤੀ ਤੇ ਫੇਰ ਅਜੇ ਬਾਲੜੀ ਮੰਨੀ ਜਾ ਸਕਦੀ ਹੈ, ਮੈਨੂੰ ਸਿਆਣੀ ਬਿਆਣੀ ਔਰਤ ਨੂੰ ਕੀ ਹੋ ਗਿਆ ਕਿ ਲੜਦਿਆਂ ਹਰ ਜ਼ਾਬਤਾ ਤੋੜ ਦਿੱਤਾ; ਪਰ ਮਾਂ ਹਾਂ ਨਾ, ਮਨਾਉਣਾ ਵੀ ਮੈਨੂੰ ਹੀ ਪਿਆ ਸੀ, ਉਹ ਵੀ ਇਹ ਕਹਿ ਕੇ ਕਿ ਮਾਮਾ ਦੇ ਡਿਪ੍ਰੈਸ਼ਨ ਕਰਕੇ ਮੈਂ ਬੜੇ ਭਾਰ ਹੇਠ ਹਾਂ ਤੇ ਉਸੇ ਟੈਂਸ਼ਨ ਵਿਚ ਅਵਾ-ਤਵਾ ਬੋਲ ਗਈ, ਤੇ ਗੀਤੀ ਮੇਰੀ ਕਹੀ ਕੋਈ ਵੀ ਗੱਲ ਮਨ ‘ਤੇ ਨਾ ਲਾਵੇ। ਭਾਵੇਂ ਗੱਲਾਂ ਮੈਂ ਸੱਚੀਆਂ ਹੀ ਕਹੀਆਂ ਸਨ ਪਰ ਕਹਿ ਉਹ ਦਿੱਤੀਆਂ ਜੋ ਕਹਿਣ ਵਾਲੀਆਂ ਹੁੰਦੀਆਂ ਨਹੀਂ, ਜਾਂ ਇਹ ਸਮਝੋ ਕਿ ਅੱਜਕੱਲ੍ਹ ਦੇ ਬੱਚਿਆਂ ਨੂੰ ਕਹੀਆਂ ਜਾ ਨਹੀਂ ਸਕਦੀਆਂ।
ਵੈਸੇ ਮਾਮਾ ਦੇ ਡਿਪ੍ਰੈਸ਼ਨ ਕਰਕੇ ਮੈਂ ਭਾਰ ਹੇਠ ਹਾਂ ਜ਼ਰੂਰ। ਪੁਨੀਤ ਕੁਝ ਨਹੀਂ ਕਹਿੰਦਾ ਪਰ ਮੈਂ ਜਾਣਦੀ ਹਾਂ ਕਿ ਮਾਮਾ ਦੀ ਬਿਮਾਰੀ – ਇਸ ਨਾ ਮੁੱਕਣ ਵਾਲੇ ਸੋਗ ਨੂੰ ਬਿਮਾਰੀ ਹੀ ਤਾਂ ਕਹੋਗੇ ਕਾਰਨ, ਉਸ ਨਾਲ ਘਰ ਵਿਚ ਤਣੇ ਹੋਏ ਮਾਹੌਲ ਕਰਕੇ ਉਹ ਕਿੰਨਾ ਪਰੇਸ਼ਾਨ ਹੈ। ਉਸ ਦੀ ਇਹ ਪਰੇਸ਼ਾਨੀ ਠੰਢੀ ਜਿਹੀ ਬੇਵਾਸਤਗੀ ਵਿਚ ਤਬਦੀਲ ਹੋ ਗਈ ਹੈ, ਉਹ ਮਾਮਾ ਨਾਲ ਗੱਲ ਤਕ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਜਿਵੇਂ ਇਸ ਮਾਹੌਲ ਤੋਂ ਅੱਕ ਗਿਆ ਹੋਵੇ, ਆਪਣੇ ਦੁਆਲ਼ੇ ਇਸ ਲੰਮੇ ਸਮੇਂ ਤੋਂ ਪਸਰੀ ਤੁਰੀ ਆਂਦੀ ਚੁੱਪ ਤੋਂ ਖਿਝ ਗਿਆ ਹੋਵੇ। ਇਹ ਅਕੇਵਾਂ ਸਾਡੀ ਸੈਕਸ-ਜ਼ਿੰਦਗੀ ‘ਤੇ ਵੀ ਅਸਰ ਕਰ ਗਿਆ ਹੈ, ਹੁਣ ਹਰ ਵਾਰ ਪਹਿਲ ਮੈਨੂੰ ਹੀ ਕਰਨੀ ਪੈਂਦੀ ਹੈ। ਤੇ ਪੁਨੀਤ ਜਵਾਬ ਵਿਚ ਖਾਨਾਪੂਰਤੀ ਜਿਹੀ ਕਰਦਾ ਹੈ, ਮੈਨੂੰ ਵਰਚਾਣ ਜੋਗੀ ਕੋਸ਼ਿਸ਼ ਜਿਸ ਵਿਚੋਂ ਉਤਸ਼ਾਹ ਗ਼ਾਇਬ ਹੁੰਦਾ ਹੈ ਪਰ ਮੈਂ ਇੰਝ ਮਹਿਸੂਸ ਕਰਦਿਆਂ ਵੀ ਪੁਨੀਤ ਨਾਲ ਇਸ ਬਾਰੇ ਗੱਲ ਨਹੀਂ ਕਰਦੀ। ਡਰਦੀ ਹਾਂ, ਕਿਤੇ ਕੁਝ ਗ਼ਲਤ ਨਾ ਆਖ ਬੈਠਾਂ, ਗੱਲ ਕਿਤੇ ਮੇਰੇ ਹੱਥੋਂ ਨਿਕਲ ਨਾ ਜਾਵੇ। ਗੀਤੀ ਨਾਲ ਹੋਈ ਲੜਾਈ ਤੋਂ ਮਗਰੋਂ ਮੈਨੂੰ ਆਪਣੇ ਆਪ ‘ਤੇ ਹੀ ਭਰੋਸਾ ਨਹੀਂ ਰਿਹਾ, ਥੋੜ੍ਹੀ ਜਿਹੀ ਗੱਲ ਕਹਿਣ ਦੀ ਕੋਸ਼ਿਸ਼ ਕਰਦਿਆਂ ਕਿਤੇ ਕੁਝ ਬੇਲੋੜਾ ਤੇ ਵਾਧੂ ਮੇਰੇ ਮੂੰਹੋਂ ਨਾ ਨਿਕਲ ਜਾਵੇ। ਤੇ ਮਗਰੋਂ ਪਛਤਾਂਦੀ ਫਿਰਾਂ, ਮਾਫੀਆਂ ਮੰਗਦੀ ਫਿਰਾਂ। ਕਦੀ ਕਦੀ ਲੱਗਦਾ ਹੈ ਮਾਮਾ ਦਾ ਡਿਪ੍ਰੈਸ਼ਨ ਮੇਰੇ ਅੰਦਰ ਵੀ ਵੜਦਾ ਜਾ ਰਿਹਾ ਹੈ, ਮੈਨੂੰ ਅੰਦਰੋ-ਅੰਦਰ ਟੁੱਕਣ ਲੱਗ ਪਿਆ ਹੈ। ਮਾਮਾ ਦਾ ਖਿਆਲ ਰੱਖਣ, ਉਨ੍ਹਾਂ ਦਾ ਰੌਂਅ ਸਾਵਾਂ ਰੱਖਣ ਦੀ ਸਾਰੀ ਜ਼ਿੰਮੇਵਾਰੀ ਤਾਂ ਮੇਰੀ ਹੈ ਹੀ, ਘਰ ਦੇ ਮਾਹੌਲ ਨੂੰ ਵੱਲ ਰੱਖਣ ਦਾ ਸਾਰਾ ਭਾਰ ਵੀ ਮੇਰੇ ‘ਤੇ ਹੀ ਹੈ। ਮਾਂ ਤੇ ਮੇਰੀ ਹੈ ਨਾ, ਬਾਕੀਆਂ ਨਾਲ ਤਾਂ ਉਨ੍ਹਾਂ ਦਾ ਰਿਸ਼ਤਾ ਇਕ ਦਰਜਾ ਦੂਰ ਦਾ ਹੈ, ਕਿਸੇ ਲਈ ਸੱਸ ਹਨ ਤੇ ਕਿਸੇ ਲਈ ਨਾਨੀ। ਤੇ ਮੇਰੇ ਵਾਂਗ ਜਿਸ ਹੋਰ ਜਣੇ ਦੀ ਮਾਂ ਹਨ, ਉਹ ਕਿੰਨੇ ਸਾਲਾਂ ਤੋਂ ਸਵੀਡਨ ਜਾ ਵੱਸਿਆ ਹੈ, ਹਰ ਜ਼ਿੰਮੇਵਾਰੀ ਤੋਂ ਮੁਕਤ। ਸੁਨੀਲ ਏਥੇ ਰਹਿੰਦਾ ਹੁੰਦਾ ਤਾਂ ਇਹ ਸਾਰਾ ਭਾਰ ਮੈਨੂੰ ਇਕੱਲੀ ਨੂੰ ਨਹੀਂ ਸੀ ਝੱਲਣਾ ਪੈਣਾ। ਸੋਗ ਦੇ ਖੂਹ ਵਿਚ ਡੁੱਬਦੇ ਜਾਂਦੇ ਮਾਮਾ ਦਾ ਹੱਥ ਹਰ ਵੇਲ਼ੇ ਫੜੀ ਰੱਖਣ ਦੀ ਜ਼ਿੰਮੇਵਾਰੀ ਸਿਰਫ ਮੇਰੇ ਸਿਰ ਨਹੀਂ ਸੀ ਪੈਣੀ। ਤੇ ਏਸੇ ਲਈ ਕਦੇ ਕਦੇ ਸੁਨੀਲ ਦੇ ਬਾਹਰ ਜਾ ਵੱਸਣ ਦੇ ਫੈਸਲੇ ਉੱਤੇ ਮੈਨੂੰ ਖਿਝ ਜਿਹੀ ਚੜ੍ਹਦੀ ਹੈ। ਉਹ ਕਿਉਂ ਨਹੀਂ ਲੰਮੀ ਛੁੱਟੀ ਲੈ ਕੇ ਕੁਝ ਚਿਰ ਲਈ ਮਾਮਾ ਨੂੰ ਸਾਂਭ ਸਕਦਾ? ਨਾ ਚਾਹੁੰਦਿਆਂ ਵੀ ਇਕ ਖਿਆਲ ਵਾਰ-ਵਾਰ ਮੈਨੂੰ ਆਣ ਦਬੋਚਦਾ ਹੈ ਕਿ ਕਿੰਨੀ ਕੁ ਦੇਰ ਅਜਿਹੇ ਮਾਹੌਲ ਨੂੰ ਝੱਲਣਾ ਪਵੇਗਾ! ਮੇਰੀ ਕਿਤੇ ਬਸ ਹੀ ਨਾ ਹੋ ਜਾਵੇ।
ਪਰ ਅੱਜ ਮਾਮਾ ਨੂੰ ਮੁੜ ਕੁਝ ਖੁਸ਼-ਰੌਂਅ ਦੇਖ ਰਹੀ ਹਾਂ। ਇਸ ‘ਇੰਡੀਆ ਇੰਟਰਨੈਸ਼ਨਲ ਟਾਈਪ’ ਦੀਆਂ ਗੱਲਾਂ ਗਹੁ ਨਾਲ ਸੁਣ ਰਹੇ ਹਨ, ਸੁਣ ਹੀ ਨਹੀਂ ਰਹੇ, ਉਸ ਨੂੰ ਸਵਾਲ ਵੀ ਕਰ ਰਹੇ ਹਨ।
“ਤੂੰ ਕਿਸ ਚੀਜ਼ ਦਾ ਡਾਕਟਰ ਹੈਂ?”
“ਸਪੈਸ਼ਲਾਈਜ਼ ਤਾਂ ਮੈਂ ਫੌਰੈਂਸਿਕ ਪੈਥੌਲੋਜੀ ਵਿਚ ਕੀਤਾ ਸੀ ਪਰ ਹੁਣ ਬੜੇ ਸਾਲਾਂ ਤੋਂ ਡਾਕਟਰੀ ਨਹੀਂ ਕਰਦਾ, ਸਿਰਫ ਲਿਖਦਾ ਹਾਂ।”
“ਵਾਹ, ਤੂੰ ਲੇਖਕ ਹੋ ਗਿਆ ਹੈਂ। ਕਹਾਣੀਆਂ ਲਿਖਦਾ ਏਂ? ਵੈਸੇ ਕਹਾਣੀਆਂ ਬਣਾਣ ਦੀ ਆਦਤ ਤੇ ਤੈਨੂੰ ਉਦੋਂ ਵੀ ਬਹੁਤ ਸੀ।”
“ਕਹਾਣੀਆਂ ਨਹੀਂ, ਜਾਸੂਸੀ ਨਾਵਲ ਲਿਖਦਾ ਹਾਂ।”
ਇਹ ਸੁਣ ਕੇ ਮਾਮਾ ਦੇ ਚਿਹਰੇ ‘ਤੇ ਬੇਯਕੀਨੀ ਵਾਲਾ ਭਾਵ ਉਪਜਦਾ ਹੈ, ਜਿਵੇਂ ਜਾਚ ਰਹੇ ਹੋਣ ਕਿ ਸਾਹਮਣੇ ਬੈਠਾ ਆਦਮੀ ਮਖੌਲ ਤੇ ਨਹੀਂ ਕਰ ਰਿਹਾ ਪਰ ਇਹ ਸੁਣ ਕੇ ਮੈਨੂੰ ਇਕਦਮ ਚਾਨਣਾ ਹੁੰਦਾ ਹੈ ਕਿ ਇਹ ਮੁਹਾਂਦਰਾ ਪਛਾਣਿਆ ਪਛਾਣਿਆ ਕਿਉਂ ਜਾਪ ਰਿਹਾ ਸੀ। ਫੌਰੈਂਸਿਕ ਪੈਥੌਲੋਜੀ, ਯਾਨੀ ਮੁਰਦਿਆਂ ਦੀ ਚੀਰ-ਫਾੜ ਰਾਹੀਂ ਮੌਤ ਦਾ ਅਸਲੀ ਕਾਰਨ ਲੱਭਣ ਦੀ ਵਿਗਿਆਨ ਸ਼ਾਖਾ।
“ਓਹੋ, ਤੁਸੀਂ ਟੀ.ਜੇ. ਸੈਂਡਰਜ਼ ਹੋ। ਕਿੰਨੇ ਚਿਰ ਤੋਂ ਸੋਚੀ ਜਾ ਰਹੀ ਸਾਂ ਕਿ ਤੁਹਾਨੂੰ ਪਹਿਲਾਂ ਕਿੱਥੇ ਦੇਖਿਆ ਹੈ। ਹੁਣ ਤੁਸੀਂ ਫੌਰੈਂਸਿਕ ਪੈਥੌਲੋਜੀ ਦਾ ਜ਼ਿਕਰ ਕੀਤਾ ਤਾਂ ਯਾਦ ਆ ਗਿਆ ਕਿ ਤੁਹਾਡੀ ਤਸਵੀਰ ਤਾਂ ਤੁਹਾਡੇ ਨਾਵਲਾਂ ਦੇ ਪਿਛਲੇ ਪਾਸੇ ਛਪੀ ਕਈ ਵਾਰ ਦੇਖੀ ਹੈ। ਪੁਨੀਤ, ਮੇਰਾ ਪਤੀ, ਤਾਂ ਫੈਨ ਹੈ ਤੁਹਾਡਾ। ਡਾ. ਇਮੈਨੁਐਲ ਦੇ ਪਾਤਰ ਵਾਲੀ ਸੀਰੀਜ਼ ਦੀ ਹਰ ਕਿਤਾਬ ਸਾਡੇ ਘਰ ਮੌਜੂਦ ਹੈ।” ਚਾਅ ਵਿਚ ਮੈਂ ਕਈ ਕੁਝ ਇਕੋ ਸਾਹੇ ਕਹਿ ਗਈ। ਉਹ ਜਵਾਬ ਵਿਚ ਸਿਰਫ ਮੁਸਕਰਾਂਦਾ ਰਿਹਾ।
“ਟੀ.ਜੇ. ਸੈਂਡਰਜ਼? ਇਹ ਕਿਹੋ ਜਿਹਾ ਨਾਂ ਰੱਖ ਲਿਆ ਈ?” ਮਾਮਾ ਨੇ ਪੁੱਛਿਆ।
“ਦਰਅਸਲ ਜਦੋਂ ਮੈਂ ਇੰਗਲੈਂਡ ਬੈਠੇ ਨੇ ਲਿਖਣਾ ਸ਼ੁਰੂ ਕੀਤਾ ਤਾਂ ਮੇਰੇ ਪਹਿਲੇ ਹੀ ਪ੍ਰਕਾਸ਼ਕ ਨੇ ਕਿਹਾ ਕਿ ਅੰਗਰੇਜ਼ੀ ਪਾਠਕਾਂ ਲਈ ਤੇਜੇਸ਼ਵਰ ਸੰਧੂ ਬੜਾ ਓਪਰਾ ਨਾਂ ਹੋਵੇਗਾ। ‘ਮਿਸਟ੍ਰੀ’ ਨਾਵਲਾਂ ਦੇ ਕਈ ਚਾਹਵਾਨ ਤਾਂ ਸ਼ਾਇਦ ਇਸ ਨਾਂ ਤੋਂ ਉਪਰਾਂਦਿਆਂ ਨਾਵਲ ਨੂੰ ਚੁੱਕ ਕੇ ਦੇਖਣ ਵੀ ਨਾ। ਸੋ, ਪੀ.ਡੀ. ਜੇਮਜ਼ ਵਰਗੇ ਮਸ਼ਹੂਰ ‘ਮਿਸਟ੍ਰੀ’ ਲੇਖਕ ਦੀ ਤਰਜ਼ ‘ਤੇ ਉਹਨੇ ਤੇਜੇਸ਼ਵਰ ਸੰਧੂ ਦਾ ਟੀ.ਜੇ. ਸੈਂਡਰਜ਼ ਬਣਾ ਦਿੱਤਾ।”
“ਤੂੰ ਹੁਣ ਪੱਕਾ ਇੰਗਲੈਂਡ ਵਾਸੀ ਹੀ ਹੋ ਗਿਆ ਹੈਂ, ਟੀ.ਜੇ. ਸੈਂਡਰਜ਼? ਤਾਂ ਹੀ ਏਨੇ ਸਾਲਾਂ ਤੋਂ ਤੇਰੀ ਕੋਈ ਉਘ-ਸੁਘ ਨਹੀਂ ਸੀ।” ਮਾਮਾ ਨੂੰ ਇੰਝ ਮਜ਼ਾਕ ਕਰਦਿਆਂ ਦੇਖ ਮੈਨੂੰ ਬੜਾ ਚੰਗਾ ਲੱਗ ਰਿਹਾ ਸੀ। ਜਾਪਿਆ ਜਿਵੇਂ ਕੋਈ ਭਾਰ ਉਨ੍ਹਾਂ ਦੀ ਹੀ ਨਹੀਂ, ਮੇਰੀ ਛਾਤੀ ਤੋਂ ਵੀ ਲਹਿ ਰਿਹਾ ਹੋਵੇ।
“ਨਹੀਂ, ਬੜੇ ਸਾਲ ਪਹਿਲਾਂ ਇੰਗਲੈਂਡ ਛੱਡ ਕੇ ਮਿਊਨਿਖ ਆ ਗਏ ਸਾਂ। ਮੇਰੀ ਜਰਮਨ ਪਤਨੀ ਦੇ ਮਾਪੇ ਬਜ਼਼ੁਰਗ ਹੋ ਰਹੇ ਸਨ ਤੇ ਉਹ ਘਰ ਵਿਚ ਇਕਲੌਤੀ ਧੀ ਸੀ। ਮਾਪਿਆਂ ਦੇ ਕੋਲ ਰਹਿਣਾ ਜ਼ਰੂਰੀ ਹੋ ਗਿਆ; ਮੈਂ ਤੇ ਕਿਤੇ ਵੀ ਬੈਠਾ ਲਿਖ ਸਕਦਾ ਸਾਂ, ਸੋ ਅਸੀਂ ਜਰਮਨੀ ਆ ਗਏ।”
“ਮਤਲਬ ਹੁਣ ਜਰਮਨੀ ਰਹਿੰਦਾ ਹੈਂ?”
“ਅੱਧਾ ਸਾਲ ਜਰਮਨੀ ਤੇ ਫੇਰ ਸਰਦੀਆਂ ਦੇ ਮਹੀਨਿਆਂ ਵਿਚ ਏਥੇ ਗੋਆ ਆ ਜਾਂਦਾ ਹਾਂ। ਏਨੇ ਸਾਲ ਵਤਨੋਂ ਦੂਰ ਰਹਿਣ ਮਗਰੋਂ ਹਰ ਸਾਲ ਕੁਝ ਮਹੀਨੇ ਆਪਣੇ ਮੁਲਕ ਵਿਚ ਕੱਟਣਾ ਚੰਗਾ ਲੱਗਦਾ ਹੈ।”
“ਤੇ ਤੇਰੀ ਬੀਵੀ ਨੂੰ?”
“ਹੇਲਗਾ ਹੁਣ ਨਹੀਂ ਰਹੀ, ਉਸ ਨੂੰ ਗਿਆਂ ਛੇ ਸਾਲ ਹੋ ਚੱਲੇ ਨੇ। ਪੈਨਕ੍ਰੀਆਸ ਦਾ ਕੈਂਸਰ ਸੀ ਪਰ ਜਦੋਂ ਤਕ ਪਤਾ ਲੱਗਾ ਬਹੁਤ ਦੇਰ ਹੋ ਚੁੱਕੀ ਸੀ। ਤਿੰਨ ਮਹੀਨਿਆਂ ਵਿਚ ਹੀ ਮੁੱਕ ਗਈ।”
“ਓਹ!” ਮਾਮਾ ਨੂੰ ਸਮਝ ਨਹੀਂ ਪੈਂਦੀ ਕਿ ਹੋਰ ਕੀ ਆਖਣ, ਤੇ ਨਾ ਹੀ ਮੈਨੂੰ ਅਫਸੋਸ ਦਾ ਕੋਈ ਸ਼ਬਦ ਕਹਿਣਾ ਅਹੁੜਦਾ ਹੈ ਪਰ ਓਸ ਚੁਭਵੀਂ ਚੁੱਪ ਨੂੰ ਉਹ ਆਪਣੇ ਆਪ ਹੀ ਭਰ ਦੇਂਦਾ ਹੈ। ਬੜੇ ਸਹਿਜ ਢੰਗ ਨਾਲ ਹੇਲਗਾ ਦੀਆਂ ਗੱਲਾਂ ਸੁਨਾਣ ਲੱਗ ਪੈਂਦਾ ਹੈ ਜਿਨ੍ਹਾਂ ਵਿਚੋਂ ਜਾ ਚੁੱਕੀ ਸਾਥਣ ਲਈ ਪਿਆਰ ਤੇ ਕਦਰ ਦਾ ਭਰਵਾਂ ਅਹਿਸਾਸ ਦਿਸਦਾ ਹੈ। ਉਸ ਦੇ ਸ਼ਬਦਾਂ ਵਿਚ ਆਪਣੀ ਬੀਵੀ ਲਈ ਲਗਾਤਾਰ ਤੁਰਿਆ ਆਂਦਾ ਉਸ ਦਾ ਵਿਗੋਚਾ ਤਾਂ ਮਹਿਸੂਸ ਹੁੰਦਾ ਹੈ ਪਰ ਲਹਿਜਾ ਮਾਤਮੀ ਸੁਰ ਤੋਂ ਵਿਰਵਾ ਹੈ; ਸਗੋਂ ਜਾਪਦਾ ਇਹ ਹੈ ਜਿਵੇਂ ਉਹ ਕਿਸੇ ਬਹੁਤ ਪਿਆਰੇ ਦੀਆਂ ਗੱਲਾਂ ਸੁਣਾ ਰਿਹਾ ਹੋਵੇ ਜੋ ਅਜੇ ਵੀ ਉਸ ਦੇ ਅੰਗ-ਸੰਗ ਹੈ। ਆਪਣੀ ਇਕੋ ਇਕ ਧੀ ਬਾਰੇ ਦੱਸਦਾ ਹੈ, ਜਿਸ ਨੇ ਆਪਣੇ ਡਾਕਟਰ ਮਾਪਿਆਂ ਤੋਂ ਉਲਟ ਸੰਗੀਤ ਵਰਗੀ ਕੋਮਲ ਕਲਾ ਨੂੰ ਆਪਣੇ ਕਿੱਤੇ ਵਜੋਂ ਚੁਣਿਆ ਤੇ ਹੁਣ ਵੀਆਨਾ ਰਹਿੰਦੀ ਹੈ, ਭਾਵੇਂ ਆਪਣੀ ਮੰਡਲੀ ਨਾਲ ਹਮੇਸ਼ਾ ਦੌਰਿਆਂ ‘ਤੇ ਹੀ ਰਹਿੰਦੀ ਹੈ। ਮੁਲਾਕਾਤਾਂ ਜ਼ਰੂਰ ਕਦੇ ਕਦਾਈਂ ਹੀ ਹੁੰਦੀਆਂ ਹਨ ਪਰ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਵਿਚ ਵੀ ਗਈ ਹੋਵੇ, ਹਰ ਵਰ੍ਹੇ ਨੇਮ ਨਾਲ ਕ੍ਰਿਸਮਸ ਜ਼ਰੂਰ ਗੋਆ ਆ ਕੇ ਪਿਉ ਨਾਲ ਮਨਾਂਦੀ ਹੈ।
ਮਾਮਾ ਤੇ ਮੈਂ ਦੋਵੇਂ ਬੜੇ ਧਿਆਨ ਨਾਲ ਉਸ ਦੀਆਂ ਗੱਲਾਂ ਸੁਣਦੇ ਹਾਂ। ਮੈਨੂੰ ਨਹੀਂ ਪਤਾ ਕਿ ਮਾਮਾ ਦੇ ਮਨ ਵਿਚੋਂ ਕੀ ਲੰਘਦਾ ਹੈ ਪਰ ਮੈਂ ਸੋਚਦੀ ਹਾਂ ਕਿ ਇਸ ਆਦਮੀ ਦੀ ਜ਼ਿੰਦਗੀ ਕਿੰਨੀ ਦਿਲਚਸਪ ਤੇ ਭਰਵੀਂ ਹੈ। ਡਾਕਟਰੀ ਛੱਡ ਕੇ ਰਹੱਸ ਭਰਪੂਰ ਨਾਵਲ ਲਿਖਣ ਲੱਗ ਪਿਆ ਤੇ ਆਪਣੇ ਡਾਕਟਰੀ ਗਿਆਨ ਨਾਲ ਜਾਸੂਸੀ ਵਿੱਦਿਆ ਨੂੰ ਰਲ਼ਾ ਕੇ ਇਸ ਨੇ ਡਾ. ਇਮੈਨੁਐਲ ਦਾ ਜਿਹੜਾ ਪਾਤਰ ਘੜਿਆ ਹੈ, ਉਸ ਕਿਰਦਾਰ ਵਾਲੇ ਨਾਵਲ ਹੁਣ ਦੁਨੀਆ ਦੀਆਂ ਸਾਰੀਆਂ ਜ਼ੁਬਾਨਾਂ ਵਿਚ ਅਨੁਵਾਦ ਹੁੰਦੇ ਹਨ। ਇਕ ਦੋ ਉੱਤੇ ਬੀ.ਬੀ.ਸੀ. ਦੇ ਟੀ.ਵੀ. ਸੀਰੀਅਲ ਵੀ ਬਣ ਚੁੱਕੇ ਹਨ ਪਰ ਬੰਦੇ ਵਿਚ ਕਿਤੇ ਕਿਸੇ ਆਕੜ ਦਾ ਕੋਈ ਝਾਉਲ਼ਾ ਨਹੀਂ, ਆਪਣੇ ਮਸ਼ਹੂਰ ਹੋਣ ਕਾਰਨ ਕੋਈ ਡੁਲ੍ਹ ਡੁਲ੍ਹ ਪੈਣ ਵਾਲਾ ਮਾਣ ਨਹੀਂ। ਜਿਸ ਔਰਤ ਦੀ ਮੁਹੱਬਤ ਖਾਤਰ ਉਸਨੇ ਵਤਨ ਤਜਿਆ, ਉਹ ਅੱਧਵਾਟੇ ਹੀ ਸਾਥ ਛੱਡ ਗਈ, ਤਾਂ ਵੀ ਕਿੰਨੀ ਭਰਪੂਰ ਜ਼ਿੰਦਗੀ ਜਿਉਂ ਰਿਹਾ ਹੈ। ਆਪਣੀ ਇਕਲੌਤੀ ਧੀ ਨੂੰ ਸਾਲ ਵਿਚ ਇਕ ਅੱਧੀ ਵਾਰ ਹੀ ਮਿਲ ਸਕਣ ਦੀ ਗੱਲ ਵੀ ਇੰਝ ਸੁਣਾਈ ਸੂ ਕਿ ਉਸ ਵਿਚੋਂ ਲੱਭਿਆਂ ਵੀ ਨਿਹੋਰੇ ਵਾਲੀ ਸੁਰ ਨਾ ਲੱਭ ਸਕੋ; ਜਦਕਿ ਮੈਨੂੰ, ਤੇ ਪੁਨੀਤ ਨੂੰ ਵੀ, ਹਰ ਵੇਲ਼ੇ ਇਹੋ ਸ਼ਿਕਾਇਤ ਰਹਿੰਦੀ ਹੈ ਕਿ ਸਾਡੇ ਬੱਚੇ ਜਦੋਂ ਦੇ ਵੱਡੇ ਹੋਏ ਹਨ, ਆਪਣੀ ਦੁਨੀਆ ਵਿਚ ਹੀ ਮਸਤ ਰਹਿੰਦੇ ਹਨ, ਸਾਨੂੰ ਬਣਦੀ ਤਵੱਜੋ ਨਹੀਂ ਦੇਂਦੇ।
“ਮੈਂ ਆਪਣੀਆਂ ਹੀ ਗੱਲਾਂ ਕਰੀ ਜਾ ਰਿਹਾ ਹਾਂ, ਤੂੰ ਦੱਸ ਨੀਤਾ ਆਪਣੇ ਮਿਸਟਰ ਬਾਰੇ। ਕੀ ਕਰਦੇ ਹਨ?”
ਉਹ ਪਲ ਆ ਗਿਆ ਹੈ ਜਿਸ ਦਾ ਮੈਨੂੰ ਡਰ ਸੀ, ਮਾਮਾ ਫੇਰ ਓਸੇ ਹਨੇਰੇ ਖੂਹ ਵਿਚ ਨਾ ਲਹਿ ਜਾਣ…
“ਅਰੋੜਾ ਸਾਹਿਬ, ਛੇ ਮਹੀਨੇ ਹੋਏ, ਗੁਜ਼ਰ ਗਏ ਹਨ।” ਮਾਮਾ ਸੰਖੇਪ ਜਿਹਾ ਜਵਾਬ ਦੇਂਦੇ ਹਨ ਪਰ ਬਿਨਾ ਫਿਸਿਆਂ। ਨਹੀਂ ਤੇ ਅੱਜਕੱਲ੍ਹ ਪਾਪਾ ਦੀ ਗੱਲ ਕਰਦਿਆਂ ਹੀ ਉਨ੍ਹਾਂ ਦਾ ਗੱਚ ਭਰ ਆਂਦਾ ਹੈ। ਅਸੀਂ ਸਾਰੇ ਏਸੇ ਕਾਰਨ ਪਾਪਾ ਦਾ ਜ਼ਿਕਰ ਕਰਨੋਂ ਵੀ ਝਿਜਕਦੇ ਹਾਂ।
ਉਹਦੇ ਹੱਥ ਜਿਵੇਂ ਆਪ ਮੁਹਾਰੇ ਮੇਜ਼ ਨੂੰ ਪਾਰ ਕਰ ਕੇ ਪਰਲੇ ਪਾਸੇ ਬੈਠੇ ਮਾਮਾ ਦੇ ਹੱਥਾਂ ਨੂੰ ਛੋਹ ਲੈਂਦੇ ਹਨ, ਤੇ ਕੁਝ ਚਿਰ ਓਥੇ ਹੀ ਟਿਕੇ ਰਹਿੰਦੇ ਹਨ। ਕਹਿੰਦਾ ਉਹ ਕੁਝ ਵੀ ਨਹੀਂ। ਤੇ ਫੇਰ ਕੁਝ ਪਲ ਛਾਈ ਰਹੀ ਚੁੱਪ ਨੂੰ ਤੋੜਦਿਆਂ ਮਾਮਾ ਦੱਸਣ ਲੱਗ ਪੈਂਦੇ ਹਨ, ਕਿਵੇਂ ਪਾਪਾ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਕਿਵੇਂ ਨੌਕਰ ਗੁਆਂਢੀਆਂ ਨੂੰ ਬੁਲਾ ਕੇ ਲਿਆਇਆ, ਕਿਉਂਕਿ ਐਮਰਜੈਂਸੀ ਸੇਵਾਵਾਂ ਵਾਲੇ ਬਹੁੜ ਹੀ ਨਹੀਂ ਸਨ ਰਹੇ, ਤੇ ਕਿਵੇਂ ਪਾਪਾ ਨੇ ਰਾਹ ਵਿਚ ਹੀ ਦਮ ਤੋੜ ਦਿੱਤਾ। ਉਹ ਸਾਰਾ ਵੇਰਵਾ, ਜਿਸ ਨੂੰ ਵਾਰ ਵਾਰ, ਹਰ ਕਿਸੇ ਕੋਲ ਦੁਹਰਾਣਾ ਮਾਮਾ ਦੀ ਆਦਤ ਹੋ ਗਈ ਹੈ। ਜਿਵੇਂ ਉਨ੍ਹਾਂ ਅਭਾਗੇ ਪਲਾਂ ਨੂੰ ਮੁੜ ਮੁੜ ਚਿਤਾਰ ਕੇ ਉਨ੍ਹਾਂ ਨੂੰ ਕੋਈ ਅਜਬ ਜਿਹੀ ਧਰਵਾਸ ਮਿਲਦੀ ਹੋਵੇ, ਜਾਂ ਸ਼ਾਇਦ ਇੰਝ ਦੁਹਰਾਇਆਂ ਉਹ ਆਪਣੇ ਆਪ ਨੂੰ ਸਮਝਾ ਰਹੇ ਹੁੰਦੇ ਹਨ ਕਿ ਇਹ ਉਨ੍ਹਾਂ ਨੂੰ ਕੋਈ ਭੈੜਾ ਸੁਪਨਾ ਨਹੀਂ ਆ ਰਿਹਾ, ਇਹ ਸਭ ਕੁਝ ਸੱਚਮੁੱਚ ਵਾਪਰ ਚੁੱਕਾ ਹੈ।
ਇਸ ਲੰਮੀ ਕਥਾ ਤੋਂ ਮੈਂ ਬੇਆਰਾਮ ਹੋ ਰਹੀ ਹਾਂ ਪਰ ਮਾਮਾ ਨੂੰ ਟੋਕ ਕੇ ਗੱਲਬਾਤ ਨੂੰ ਕੋਈ ਹੋਰ ਮੋੜ ਵੀ ਨਹੀਂ ਦੇ ਸਕਦੀ। ਕੋਈ ਵਿਰਲ ਲੱਭੇ ਤਾਂ ਸਹੀ…
ਉਹ ਚੁੱਪਚਾਪ ਮਾਮਾ ਨੂੰ ਸੁਣਦਾ ਰਹਿੰਦਾ ਹੈ, ਉਨ੍ਹਾਂ ਨੂੰ ਆਪਣੇ ਵਹਿਣ ਵਿਚ ਵਗੀ ਜਾਣ ਦੇਂਦਾ ਹੈ, ਨਾ ਟੋਕਦਾ ਹੈ ਨਾ ਕੁਝ ਪੁੱਛਦਾ ਹੈ ਤੇ ਫੇਰ ਅਚਾਨਕ ਇਕ ਢੁਕਵੇਂ ਮੌਕੇ ‘ਤੇ ਵਿਰਲ ਲੱਭ ਕੇ ਕਹਿੰਦਾ ਹੈ, “ਨੀਤਾ, ਅਰੋੜਾ ਸਾਹਿਬ ਦਾ ਕੋਈ ਨਾਂ ਵੀ ਤਾਂ ਹੋਵੇਗਾ, ਤੂੰ ਕੀ ਪੁਰਾਣੇ ਜ਼ਮਾਨੇ ਦੀਆਂ ਔਰਤਾਂ ਵਾਂਗ ਅਰੋੜਾ ਸਾਹਿਬ, ਅਰੋੜਾ ਸਾਹਿਬ ਲਾਈ ਹੋਈ ਏ?”
ਮਾਮਾ ਉਸ ਦੀ ਮਿੱਠੀ ਜਿਹੀ ਝਾੜ ‘ਤੇ ਮੁਸਕਰਾ ਪੈਂਦੇ ਹਨ, “ਵਿਨੋਦ ਸੀ ਉਨ੍ਹਾਂ ਦਾ ਨਾਂ।”
“ਤੇ ਸ਼੍ਰੀ ਵਿਨੋਦ ਅਰੋੜਾ ਨੇ ਪੰਡਤਾਂ ਦੀ ਕੁੜੀ ਕਿਵੇਂ ਫਸਾ ਲਈ? ਬੜੀ ਜੱਦੋਜਹਿਦ ਕਰਨੀ ਪਈ ਹੋਵੇਗੀ ਉਨ੍ਹਾਂ ਨੂੰ ਅੜੀਅਲ ਬਾਹਮਣਾਂ ਦਾ ਜਵਾਈ ਬਣਨ ਲਈ।” ਇਹ ਕਹਿੰਦਿਆਂ ਉਹ ਮੇਰੇ ਵੱਲ ਦੇਖ ਕੇ ਖੱਬੀ ਅੱਖ ਹਲਕੀ ਜਿਹੀ ਦਬਾਂਦਾ ਹੈ, ਜਿਵੇਂ ਕਹਿ ਰਿਹਾ ਹੋਵੇ, ‘ਤੇਰੀ ਮਾਂ ਦਾ ਹਾਣੀ ਹਾਂ ਨਾ, ਏਨੀ ਕੁ ਖੁੱਲ੍ਹ ਤਾਂ ਲੈ ਹੀ ਸਕਦਾ ਹਾਂ।’
“ਜੱਦੋਜਹਿਦ ਤੇ ਵਾਕਈ ਬਹੁਤ ਕਰਨੀ ਪਈ ਸੀ, ਘਰ ਵਿਚ ਤਕਰੀਬਨ ਦੋ ਸਾਲ ਸ਼ੀਤ-ਯੁੱਧ ਚਲਦਾ ਰਿਹਾ ਸੀ ਪਰ ਇਰਾਦੇ ਦੀ ਮੈਂ ਵੀ ਪੱਕੀ ਸਾਂ ਤੇ ਵਿਨੋਦ ਵੀ। ਆਖਰ ਘਰਦਿਆਂ ਨੂੰ ਮੰਨਣਾ ਹੀ ਪਿਆ।”
ਅਚਾਨਕ ਮਨ ਵਿਚ ਖਿਆਲ ਆਂਦਾ ਹੈ ਕਿ ਏਨੀ ਬੇਤਕੱਲਫੀ, ਏਨੀ ਖੁੱਲ੍ਹ ਨਾਲ ਮਾਮਾ ਨਾਲ ਗੱਲ ਕਰਨ ਵਾਲਾ ਇਹ ਆਦਮੀ ਜਵਾਨੀ ਵੇਲ਼ੇ ਮਾਮਾ ਦਾ ਪ੍ਰੇਮੀ ਤਾਂ ਨਹੀਂ ਸੀ ਕਿਤੇ! ਮਾਮਾ ਤੇ ਪਾਪਾ ਦੇ ਮਿਲਣ ਦੇ ਦਿਨਾਂ ਤੋਂ ਪਹਿਲਾਂ ਵਾਲੇ ਸਮਿਆਂ ਵਿਚ। ਕੀ ਪਤਾ ਉਸ ਵੇਲ਼ੇ ਇਹ ਸ਼ਖਸ ਤੇ ਮਾਮਾ, ਸਾਡੇ ਨਾਨਾ ਜੀ ਦੇ ਸਖਤ ਸੁਭਾਅ ਨਾਲ ਜੱਦੋਜਹਿਦ ਨਾ ਕਰ ਸਕੇ ਹੋਣ ਤੇ ਇਹਨਾਂ ਦੁਹਾਂ ਦੀ ਮੁਹੱਬਤ ਅੱਧਵਾਟੇ ਹੀ ਰਹਿ ਗਈ ਹੋਵੇ। ਵਿਆਹ ਲਈ ਰਾਜ਼ੀ ਕਰਾਣ ਵਾਸਤੇ ਮਾਮਾ ਤੇ ਪਾਪਾ ਦੀ ਘਰਦਿਆਂ ਨਾਲ ਲੰਮੀ ਚੱਲੀ ਲੜਾਈ ਦੀਆਂ ਕਹਾਣੀਆਂ ਅਸੀਂ ਸਾਰੇ ਸੁਣਦੇ ਰਹੇ ਹਾਂ। ਵੱਡੇ ਮਾਮਾ ਜੀ ਨੂੰ ਠਿੱਠ ਕਰਨ ਦਾ ਤਾਂ ਪਾਪਾ ਕੋਈ ਮੌਕਾ ਨਹੀਂ ਸਨ ਜਾਣ ਦੇਂਦੇ, “ਤੈਨੂੰ ਬਸ ਛੋਟੀ ਭੈਣ ‘ਤੇ ਹੀ ਰੋਹਬ ਪਾਣਾ ਆਂਦਾ ਸੀ, ਸਾਡਾ ਵਿਆਹ ਰੁਕਵਾਣ ਦੇ ਮਾਮਲੇ ਵਿਚ ਤੂੰ ਦੋ ਸਾਲ ਪਿਤਾ ਜੀ ਦਾ ਰੱਜ ਕੇ ਸਾਥ ਦੇਂਦਾ ਰਿਹਾ। ਹੁਣ ਤੇਰੇ ਦੋਵਾਂ ਪੁੱਤਰਾਂ ਨੇ ਹੀ ਸਿੱਖਾਂ ਦੀਆਂ ਕੁੜੀਆਂ ਨਾਲ ਵਿਆਹ ਕਰਾਏ ਹਨ ਤੇ ਤੇਰੀ ਚੂੰ ਕਰਨ ਦੀ ਵੀ ਹਿੰਮਤ ਨਹੀਂ ਹੋਈ।” ਵਿਚਾਰੇ ਮਾਮਾ ਜੀ ਪਾਪਾ ਦੀਆਂ ਸਭ ਸਲਵਾਤਾਂ ਵੀ ਬਿਨਾ ਚੂੰ ਕੀਤਿਆਂ ਸੁਣ ਲੈਂਦੇ ਸਨ, ਆਪਣੇ ਜੀਜੇ ਅੱਗੇ ਮੂੰਹ ਨਹੀਂ ਸਨ ਖੋਲ੍ਹਦੇ ਪਰ ਇਹ ਖਿਆਲ ਤੇ ਮੈਨੂੰ ਕਦੀ ਆਇਆ ਹੀ ਨਹੀਂ ਕਿ ਜੇ ਪਾਪਾ ਪਿੱਛੇ ਮਾਮਾ ਦੋ ਸਾਲ ਆਪਣੇ ਘਰਦਿਆਂ ਨਾਲ ਆਢਾ ਲੈ ਸਕਦੇ ਸਨ ਤਾਂ ਕਾਲਜ ਦੇ ਦਿਨਾਂ ਵਿਚ ਪਾਪਾ ਤੋਂ ਪਹਿਲਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਹੋਰ ਵੀ ਤਾਂ ਆਇਆ ਹੋ ਸਕਦਾ ਹੈ। ਇੰਝ ਹੋਇਆ ਹੋ ਵੀ ਸਕਦਾ ਹੈ, ਤੇ ਨਹੀਂ ਵੀ। ਕੀ ਫਰਕ ਪੈਂਦਾ ਹੈ ਹੁਣ। ਤਾਂ ਵੀ ਇੰਝ ਸੋਚ ਕੇ ਮੈਨੂੰ ਖਚਰਾ ਜਿਹਾ ਮਜ਼ਾ ਆਂਦਾ ਹੈ।
ਪਰ ਏਸ ਵੇਲ਼ੇ ਮਾਮਾ ਆਪਣੇ ਪੁਰਾਣੇ ਦੋਸਤ ਨਾਲ ਖੁੱਲ੍ਹ ਕੇ ਗੱਲਾਂ ਕਰ ਰਹੇ ਹਨ, ਜਿਵੇਂ ਅਰਸੇ ਬਾਅਦ ਉਨ੍ਹਾਂ ਨੂੰ ਕੋਈ ਅਜਿਹਾ ਮਿਲਿਆ ਹੋਵੇ ਜਿਸ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਮਜ਼ਾ ਆ ਰਿਹਾ ਹੋਵੇ, ਜਿਸ ਨਾਲ ਗੱਲਾਂ ਕਰਨ ‘ਤੇ ਉਨ੍ਹਾਂ ਦਾ ਜੀਅ ਕਰ ਰਿਹਾ ਹੋਵੇ। ਤੇ ਉਹ ਬੜੇ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਹੈ। ਸਿਰਫ ਸੁਣ ਹੀ ਨਹੀਂ ਰਿਹਾ, ਅੱਗੇ ਤੋਂ ਅੱਗੇ ਪੁੱਛਦਾ ਵੀ ਜਾ ਰਿਹਾ ਹੈ। ਪਾਪਾ ਬਾਰੇ, ਸੁਨੀਲ ਬਾਰੇ, ਸਵੀਡਨ ਵਿਚ ਉਸ ਦੀ ਜ਼ਿੰਦਗੀ ਬਾਰੇ, ਮੇਰੇ ਤੇ ਮੇਰੇ ਪਰਿਵਾਰ ਬਾਰੇ। ਉਨ੍ਹਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਉਹ ਕਦੇ ਨਹੀਂ ਮਿਲਿਆ, ਤੇ ਜਿਨ੍ਹਾਂ ਨਾਲ ਉਸ ਦਾ ਟਾਕਰਾ ਸ਼ਾਇਦ ਕਦੇ ਹੋਣਾ ਵੀ ਨਹੀਂ ਪਰ ਪੂਰੀ ਦਿਲਚਸਪੀ ਨਾਲ ਸੁਣ ਰਿਹਾ ਹੈ। ਤੇ ਮਾਮਾ ਹਰ ਗੱਲ ਦਾ ਜਵਾਬ ਏਨੇ ਵਿਸਤਾਰ ਨਾਲ ਦੇ ਰਹੇ ਹਨ ਕਿ ਮੈਂ ਬੋਰ ਹੋਣ ਲੱਗ ਪਈ ਹਾਂ, ਮੇਰੇ ਲਈ ਇਨ੍ਹਾਂ ਗੱਲਾਂ, ਇਨ੍ਹਾਂ ਬੇਲੋੜੇ ਵੇਰਵਿਆਂ ਵਿਚ ਕੁਝ ਵੀ ਨਵਾਂ ਨਹੀਂ। ਇਹ ਵੇਰਵੇ ਉਸ ਲਈ ਨਵੇਂ ਹੋ ਸਕਦੇ ਹਨ ਪਰ ਇਨ੍ਹਾਂ ਗੱਲਾਂ ਵਿਚ ਉਸ ਦੀ ਕੀ ਦਿਲਚਸਪੀ ਹੋ ਸਕਦੀ ਹੈ!
ਦੋ ਘੰਟੇ ਲੰਘ ਚੱਲੇ ਹਨ। ਉਹ ਆਪਣੀ ਘੜੀ ਵੱਲ ਦੇਖ ਕੇ ਕਹਿੰਦਾ ਹੈ, “ਮੈਨੂੰ ਹੁਣ ਨਿਕਲਣਾ ਚਾਹੀਦਾ ਹੈ, ਵਕਤ ਹੋ ਗਿਆ ਹੈ।” ਫੇਰ ਮੇਰੇ ਵੱਲ ਦੇਖ ਕੇ ਕਹਿੰਦਾ ਹੈ, “ਤੁਸੀਂ ਕਿਹਾ ਸੀ ਨਾ ਤੁਹਾਡੇ ਘਰ ਮੇਰੇ ਨਾਵਲ ਹੈਣ। ਮੇਰੀ ਈਮੇਲ ਉਨ੍ਹਾਂ ਉੱਤੇ ਦਰਜ ਹੈ। ਰਾਬਤਾ ਰੱਖਣਾ।”
“ਸਿਰਫ ਸੁਮੇਧਾ ਨੂੰ ਕਿਉਂ ਕਹਿ ਰਿਹਾ ਹੈਂ? ਤੇਰਾ ਕੀ ਖਿਆਲ ਹੈ, ਮੈਂ ਨਹੀਂ ਈਮੇਲ ਵਰਤਦੀ? ਏਨੀ ਪੱਛੜੀ ਹੋਈ ਤਾਂ ਨਾ ਸਮਝ ਮੈਨੂੰ।” ਮਾਮਾ ਦਾ ਇੰਝ ਝੂਠੇ ਨਿਹੋਰੇ ਨਾਲ ਕਹਿਣਾ ਮੈਨੂੰ ਚੰਗਾ ਲੱਗਦਾ ਹੈ।
“ਸਿਰਫ ਸੁਮੇਧਾ ਨੂੰ ਇਸ ਲਈ ਕਿਹਾ ਹੈ, ਕਿਉਂਕਿ ਤੂੰ ਤੇ ਟੀ.ਜੇ. ਸੈਂਡਰਜ਼ ਦਾ ਨਾਂ ਵੀ ਨਹੀਂ ਸੁਣਿਆ ਹੋਇਆ।” ਉਹ ਵੀ ਝੂਠੀ ਜਿਹੀ ਨਿਰਾਸਤਾ ਦਾ ਦਿਖਾਵਾ ਕਰਦਿਆਂ ਕਹਿੰਦਾ ਹੈ।
ਉਸ ਦੀ ਟੈਕਸੀ ਆ ਜਾਂਦੀ ਹੈ। ਮੇਰੇ ਨਾਲ ਮਿਲਾਣ ਲਈ ਹੱਥ ਅੱਗੇ ਵਧਾਂਦਾ ਹੈ, “ਟੇਕ ਕੇਅਰ” ਤੇ ਮਾਮਾ ਨੂੰ ਅੱਧੀ ਜੱਫੀ ਵਿਚ ਵਲ਼ਦਿਆਂ ਕਹਿੰਦਾ ਹੈ, “ਯੂ ਹੈਵ ਲਿਵਡ ਏ ਗੁਡ ਲਾਈਫ, ਨੀਤਾ। ਐਂਡ, ਦੇਅਰ ਆਰ ਮੈਨੀ ਮੋਰ ਗੁਡ ਟਾਈਮਜ਼ ਅਹੈੱਡ।” ਉਹਦੇ ਸ਼ਬਦਾਂ ਵਿਚ ਨਸੀਹਤ ਹੈ ਪਰ ਸੁਰ ਵਿਚ ਨਹੀਂ, ਜਿਵੇਂ ਕੋਈ ਸਹਿਜ ਸੁਭਾਅ ਹੀ ਦੋ ਕੁ ਰੁਖਸਤੀ ਬੋਲ ਬੋਲ ਕੇ ਜਾ ਰਿਹਾ ਹੋਵੇ। ਜਵਾਬ ਵਿਚ ਮਾਮਾ ਹਲਕਾ ਜਿਹਾ ਸਿਰ ਹਿਲਾ ਛੱਡਦੇ ਹਨ।
ਘਰ ਮੁੜਦਿਆਂ, ਰਾਹ ਵਿਚ ਮਾਮਾ ਸਾਰਾ ਰਾਹ ਆਪ ਹੀ ਉਸ ਦੀਆਂ ਗੱਲਾਂ ਕਰਦੇ ਜਾਂਦੇ ਹਨ। ਮੈਨੂੰ ਕੁਝ ਵੀ ਪੁੱਛਣ ਦੀ ਲੋੜ ਨਹੀਂ ਪੈਂਦੀ। “ਇਹ ਸਾਡੀ ਕਲਾਸ ਦਾ ਸਭ ਤੋਂ ਜ਼ਹੀਨ ਮੁੰਡਾ ਹੁੰਦਾ ਸੀ। ਪੜ੍ਹਾਈ ਵਿਚ ਤੇ ਅੱਵਲ ਸੀ ਹੀ, ਅਦਾਕਾਰ ਵੀ ਬਹੁਤ ਵਧੀਆ ਸੀ। ਫੇਰ ਸਕਾਲਰਸ਼ਿਪ ‘ਤੇ ਇੰਗਲੈਂਡ ਪੜ੍ਹਨ ਚਲਾ ਗਿਆ ਤੇ ਮੁੜ ਕਦੇ ਰਾਬਤਾ ਵੀ ਨਾ ਹੋਇਆ। ਕਦੇ ਸੋਚਿਆ ਵੀ ਨਹੀਂ ਸੀ ਕਿ ਅਚਾਨਕ ਇੰਝ ਮੁਲਾਕਾਤ ਹੋ ਜਾਵੇਗੀ।”
“ਜ਼ਹੀਨ ਹੀ ਨਹੀਂ, ਸੁਹਣਾ ਵੀ ਬਹੁਤ ਹੁੰਦਾ ਹੋਵੇਗਾ। ਹੀ ਇਜ਼ ਸਟਿਲ ਵੈਰੀ ਅਟ੍ਰੈਕਟਿਵ।” ਮੈਂ ਸਿਰਫ ਕੁਝ ਕੁਰੇਦਣ ਖਾਤਰ ਨਹੀਂ ਕਹਿੰਦੀ, ਉਹ ਵਾਕਈ ਬੜਾ ਸੁਨੱਖਾ, ਤੇ ਅਜੇ ਤਕ ਸਾਂਭਿਆ ਸਿਕਰਿਆ ਆਦਮੀ ਹੈ।
“ਬਿਲਕੁਲ, ਕਲਾਸ ਦੀਆਂ ਅੱਧੀਆਂ ਕੁੜੀਆਂ ਉਸ ‘ਤੇ ਮਰਦੀਆਂ ਹੁੰਦੀਆਂ ਸਨ।”
“ਤੇ ਤੁਸੀਂ?”
“ਓਹ ਕਮ ਔਨ…!” ਮਾਮਾ ਕੁਝ ਇਹੋ ਜਿਹਾ ਜਵਾਬ ਦੇਂਦੇ ਹਨ ਜਿਸ ਦਾ ਜੋ ਚਾਹੋ ਮਤਲਬ ਕੱਢ ਲਵੋ।
ਘਰ ਪਹੁੰਚ ਕੇ ਮਾਮਾ ਆਮ ਵਾਂਗ ਆਪਣੇ ਆਪ ਨੂੰ ਫੱਟ ਆਪਣੇ ਕਮਰੇ ਵਿਚ ਜਾ ਬੰਦ ਕਰਨ ਦਾ ਉਪਰਾਲਾ ਨਹੀਂ ਕਰਦੇ, ਸਾਡੇ ਕੋਲ ਬੈਠਕ ਵਿਚ ਹੀ ਬਹਿ ਜਾਂਦੇ ਹਨ।
ਤੇ ਫੇਰ, ਪਾਣੀ ਦਾ ਇਕ ਗਲਾਸ ਪੀ ਕੇ, ਪੁਨੀਤ ਨੂੰ ਪੁੱਛਦੇ ਹਨ, “ਸੁਣਿਐ, ਤੇਰੇ ਕੋਲ ਟੀ.ਜੇ. ਸੈਂਡਰਜ਼ ਦੀਆਂ ਬੜੀਆਂ ਸਾਰੀਆਂ ਕਿਤਾਬਾਂ ਨੇ, ਪੜ੍ਹਨ ਲਈ ਕਿਸੇ ਇਕ ਦੀ ਸਿਫਾਰਿਸ਼ ਕਰੇਂਗਾ?”
“ਜ਼ਰੂਰ, ਮਾਮਾ, ਹੁਣੇ ਦੱਸਦਾ ਹਾਂ”, ਪਰ ਇਹ ਕਹਿੰਦਿਆਂ ਪੁਨੀਤ ਇਕ ਭਰਵੱਟਾ ਰਤਾ ਕੁ ਉਤਾਂਹ ਚੁੱਕਦਿਆਂ ਹੈਰਾਨੀ ਨਾਲ ਮੇਰੇ ਵੱਲ ਦੇਖਦਾ ਹੈ।
ਮੈਂ ਜਵਾਬ ਵਿਚ ਖੱਬੀ ਅੱਖ ਨੂੰ ਹਲਕਾ ਜਿਹਾ ਦੱਬ ਕੇ ਮੁਸਕਰਾ ਛੱਡਦੀ ਹਾਂ, ਬਸ।