ਸੁਪਨਿਆਂ ਵਿਚ ਲਟਕਦੇ ਅੰਬਾਂ ਦੇ ਬਾਗ!

ਹਰਜਿੰਦਰ ਸਿੰਘ ਗੁਲਪੁਰ
ਮੈਲਬੌਰਨ (ਆਸਟ੍ਰੇਲੀਆ)
ਫੋਨ: +0061411218801
ਇਹ ਉਨ੍ਹਾਂ ਵੇਲਿਆਂ ਦੀਆਂ ਗੱਲਾਂ ਹਨ, ਜਦੋਂ ਮੇਰਾ ਪਿੰਡ ਗੁਲਪੁਰ ਹੁਸ਼ਿਆਰਪੁਰ ਜਿਲੇ ਵਿਚ ਪੈਂਦਾ ਸੀ। 1960-70 ਦਰਮਿਆਨ ਮੇਰੇ ਪਿੰਡ ਦੇ ਆਲੇ-ਦੁਆਲੇ ਅੰਬਾਂ ਦੇ ਰੁੱਖ ਪ੍ਰਧਾਨ ਹੁੰਦੇ ਸਨ। ਉਦੋਂ ਇਸ ਇਲਾਕੇ ਦਾ 75% ਹਿੱਸਾ ਬਰਾਨੀ ਹੁੰਦਾ ਸੀ। ਸਿੰਚਾਈ ਹਲਟਾਂ ਨਾਲ ਹੁੰਦੀ ਸੀ। ਪਿੰਡ ਦੇ ਚੜ੍ਹਦੇ ਪਾਸੇ ਅੰਬਾਂ ਦੇ ਬਾਗ ਸਨ। ਹਰ ਬਾਗ ਵਿਚ ਦੋ ਚਾਰ ਬੂਟੇ ਜਾਮਣਾਂ ਦੇ ਵੀ ਹੁੰਦੇ ਸਨ। ਉਦੋਂ ਸਿਰਫ ਸਾਡਾ ਪਿੰਡ ਹੀ ਨਹੀਂ, ਸਾਰਾ ਦੁਆਬਾ ਹੀ ਅੰਬਾਂ ਦਾ ਦੇਸ਼ ਹੁੰਦਾ ਸੀ। ਇਸ ਤੋਂ ਇਲਾਵਾ ਰੋਪੜ ਤੋਂ ਅੰਬਾਲੇ ਤੱਕ ਵੀ ਅੰਬਾਂ ਦੇ ਰੁੱਖਾਂ ਦੀ ਭਰਮਾਰ ਹੁੰਦੀ ਸੀ। ਚੰਡੀਗੜ੍ਹ ਤੋਂ ਹੁਸ਼ਿਆਰਪੁਰ-ਮੁਕੇਰੀਆਂ ਵਾਲੀ ਮੁੱਖ ਸੜਕ ਦੇ ਦੋਹੀਂ ਪਾਸੀਂ ਅੰਬਾਂ ਦੇ ਵੱਡੇ ਵੱਡੇ ਰੁੱਖ ਹੁੰਦੇ ਸਨ, ਜਿਨ੍ਹਾਂ ਦੀ ਕਟਾਈ ਸਾਡੀਆਂ ਅੱਖਾਂ ਦੇ ਸਾਹਮਣੇ ਹੋਈ ਹੈ। ਅਜੇ ਵੀ ਇਸ ਸੜਕ ਦੇ ਦੋਹੀਂ ਪਾਸੀਂ ਵਿਰਲਾ ਟਾਵਾਂ ਰੁੱਖ ਦਿਖਾਈ ਦੇ ਦਿੰਦਾ ਹੈ।

ਅੰਗਰੇਜ਼ ਸਰਕਾਰ ਤੋਂ ਲੈ ਕੇ ਲਗਭਗ ਸੰਨ 2000 ਤੱਕ ਅੰਬਾਂ ਦੀ ਸਰਕਾਰੀ ਬੋਲੀ ਲੱਗਦੀ ਰਹੀ ਹੈ। ਅਸੀਂ ਇਤਿਹਾਸ ਪੜ੍ਹਨ ਤੋਂ ਇਲਾਵਾ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ 1922-23 ਦੌਰਾਨ ਅੰਗਰੇਜ਼ ਸਰਕਾਰ ਵਿਰੁੱਧ ਉੱਠੀ ਹਥਿਆਰਬੰਦ ਬੱਬਰ ਅਕਾਲੀ ਲਹਿਰ ਦੇ ਆਗੂਆਂ ਵਲੋਂ ਇੱਕ ਐਲਾਨਨਾਮੇ ਰਾਹੀਂ ਮੁਹਾਲੀ ਤੋਂ ਲੈ ਕੇ ਮੁਕੇਰੀਆਂ ਤੱਕ ਜਾਂਦੀ ਸੜਕ ਦੇ ਦੋਹੀਂ ਪਾਸੀਂ ਲੱਗੇ ਅੰਬਾਂ ਦੀ ਬੋਲੀ ਰੋਕ ਦਿੱਤੀ ਗਈ ਸੀ। ਇਤਿਹਾਸਕ ਤੱਥ ਹੈ ਕਿ ਉਦੋਂ 3 ਸਾਲ ਤੱਕ ਉਪਰੋਕਤ ਸੜਕ `ਤੇ ਲੱਗੇ ਅੰਬਾਂ ਦੀ ਨਿਲਾਮੀ ਨਹੀਂ ਸੀ ਹੋਈ, ਜਿਸ ਦਾ ਜ਼ਿਕਰ ਬਰਤਾਨੀਆ ਦੀ ਸੰਸਦ ਵਿਚ ਵੀ ਹੋਇਆ ਸੀ। ਇਨ੍ਹਾਂ ਬਾਗਾਂ ਦਾ ਸਾਰਾ ਹਿਸਾਬ-ਕਿਤਾਬ ਲਾਉਣ ਤੋਂ ਬਾਅਦ ਮਾਲੂਮ ਹੁੰਦਾ ਹੈ ਕਿ ਸਾਡੇ ਪਿੰਡ ਦੇ ਬਾਗ ਸਾਡੇ ਬਾਬਿਆਂ ਦੇ ਬਾਬਿਆਂ ਨੇ ਲਾਏ ਹੋਣਗੇ। ਸਾਡੇ ਬਾਬੇ ਦੱਸਦੇ ਹੁੰਦੇ ਸੀ ਕਿ ਅਸੀਂ ਆਪਣੇ ਬਾਬਿਆਂ ਨੂੰ ਮੋਢਿਆਂ ਉੱਤੇ ਪਾਣੀ ਦੇ ਘੜੇ ਚੁੱਕ ਕੇ ਅੰਬਾਂ ਨੂੰ ਪਾਣੀ ਪਾਉਂਦੇ ਦੇਖਿਆ ਹੈ। ਇਸ ਹਿਸਾਬ ਨਾਲ ਸਾਡੇ ਬਜੁਰਗਾਂ ਨੇ ਤਕਰੀਬਨ ਦੋ ਕੁ ਸੌ ਸਾਲ ਪਹਿਲਾਂ ਅੰਬਾਂ ਦੇ ਇਹ ਰੁੱਖ ਲਾਏ ਹੋਣਗੇ। ਇੱਕ ਸਵਾਲ ਕਈ ਵਾਰ ਜ਼ਿਹਨ ਵਿਚ ਆਉਂਦਾ ਹੈ ਕਿ ਅਨਪੜ੍ਹਤਾ ਦੇ ਉਸ ਦੌਰ ਵਿਚ ਕਿਸ ਨੇ ਉਨ੍ਹਾਂ ਨੂੰ ਦੱਸਿਆ ਹੋਵੇਗਾ ਕਿ ਇਹ ਧਰਤੀ ਬਰਾਨੀ ਹੋਣ ਦੇ ਬਾਵਜੂਦ ਅੰਬਾਂ ਦੇ ਬਾਗਾਂ ਲਈ ਢੁਕਵੀਂ ਹੈ, ਜਦੋਂ ਕਿ ਉਦੋਂ ਦੇਸ਼ ਗੁਲਾਮ ਸੀ। ਸਾਡੇ ਪਿੰਡ ਦੇ ਬਾਗ ਪਾਣੀ ਦੇ ਛੱਪੜ ਤੋਂ ਬਹੁਤ ਦੂਰ ਸਨ। ਫੇਰ ਵੀ ਸਾਡੇ ਬਜ਼ੁਰਗਾਂ ਨੇ ਇਨ੍ਹਾਂ ਬਾਗਾਂ ਦੀ ਸਾਂਭ-ਸੰਭਾਲ ਕੀਤੀ ਸੀ। ਇਸ ਸਮੇਂ ਅਨੇਕਾਂ ਖੇਤੀ ਵਿਸ਼ਵ ਵਿਦਿਆਲੇ ਵੀ ਹਨ, ਪਰ ਕਿਸਾਨਾਂ ਨੂੰ ਫੇਰ ਵੀ ਸਹੀ ਸੇਧ ਨਹੀਂ ਮਿਲ ਰਹੀ। ਅੰਬ ਜਾਤੀ ਦੀਆਂ ਫਸਲਾਂ ਵਿਕਸਿਤ ਕਰਨ ਦੀ ਥਾਂ ਸਾਡੇ ਮਾਹਰਾਂ ਨੇ ਇਸ ਜਰਖੇਜ਼ ਧਰਤੀ ਨੂੰ ਝੋਨੇ ਵਰਗੀਆਂ ਬੇਗਾਨੀਆਂ ਫਸਲਾਂ ਦੇ ਸਪੁਰਦ ਕਰ ਦਿੱਤਾ। ਹਾਲਾਂ ਕਿ ਇਸ ਧਰਤੀ ਵਿਚ ਬੇਰੀਆਂ, ਔਲੇ, ਐਲਾਬੀਰਾ ਆਦਿ ਸਖਤ ਜਾਨ ਫਸਲਾਂ ਪੈਦਾ ਕਰਨ ਦੀ ਕੁਦਰਤੀ ਕੁੱਬਤ ਸੀ/ਹੈ।
ਗਰਮੀਆਂ ਦੇ ਸ਼ੁਰੂ ਹੁੰਦਿਆਂ ਅੰਬਾਂ ਨੂੰ ਕੋਹਰ ਨਿਕਲਣਾ ਸ਼ੁਰੂ ਹੋ ਜਾਂਦਾ ਸੀ। ਚਾਰ-ਚੁਫੇਰਾ ਸ਼ਿਆਇਆ ਜਾਂਦਾ ਸੀ। ਕੋਇਲਾਂ ਲੰਬਾ ਸਫਰ ਤੈਅ ਕਰ ਕੇ ‘ਸਾਡੇ ਬਾਗਾਂ’ ਵਿਚ ਡੇਰੇ ਲਾ ਦਿੰਦੀਆਂ ਸਨ। ਸਾਡੇ ਪਿੰਡਾਂ ਦੀਆਂ ਜੂਹਾਂ ਵਿਚ ਸਾਰਾ ਸਾਲ ਮੋਰ ਬੋਲਦੇ ਰਹਿੰਦੇ ਸਨ। ਮੋਰਾਂ ਦੇ ਬੋਲਣ ਨੂੰ ਅਤੇ ਡੱਡੂਆਂ ਦੀ ਗੜੈਂ-ਗੜੈਂ ਨੂੰ ਬਰਸਾਤ ਦੀ ਆਮਦ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਮੋਰਾਂ ਦੀ ਸਾਡੇ ਨਾਲ ਐਨੀ ਜਾਣ-ਪਛਾਣ ਸੀ ਕਿ ਇੱਕ ਵਾਰ ‘ਆਓ… ਆਓ…’ ਕਹਿਣ `ਤੇ ਚੋਗਾ ਚੁਗਣ ਸਾਡੀਆਂ ਕੱਚੀਆਂ ਛੱਤਾਂ ਉੱਤੇ ਆ ਜਾਂਦੇ ਸਨ।
ਇਸੇ ਕੁਦਰਤੀ ਨਜ਼ਾਰੇ ਨੂੰ ਮਕਬੂਲ ਕਵੀ ਸੁਰਜੀਤ ਪਾਤਰ ਨੇ ਪੇਸ਼ ਕਰਦਿਆਂ ਲਿਖਿਆ ਹੈ, “ਪਿਆ ਅੰਬੀਆਂ ਨੂੰ ਬੂਰ ਤੇ ਕੋਇਲ ਕੂਕ ਪਈ…।”
ਉਦੋਂ ਹਰ ਸਾਲ ਅੰਬਾਂ ਨੂੰ ਪਏ ਕੋਹਰ ਦੇ ਹਿਸਾਬ ਨਾਲ ਠੇਕੇਦਾਰ ਬਾਗਾਂ ਦਾ ਸੌਦਾ ਕਰਦੇ ਸਨ। ਬਾਗ ਦੇ ਮਾਲਕ ਵਲੋਂ ਸੌਦਾ ਕਰਨ ਦੇ ਨਾਲ ਨਾਲ ਠੇਕੇਦਾਰ ਨਾਲ ਕੱਚੇ-ਪੱਕੇ ਅੰਬ ਲੈਣ ਦਾ ਇਕਰਾਰ ਵੀ ਕੀਤਾ ਜਾਂਦਾ ਸੀ। ਇਸ ਇਕਰਾਰ ਨੂੰ ਸਾਡੀ ਭਾਸ਼ਾ ਵਿਚ ਜਿਣਸ ਕਿਹਾ ਜਾਂਦਾ ਸੀ, ਜੋ ਆਮ ਤੌਰ `ਤੇ ਕੁਇੰਟਲਾਂ ਵਿਚ ਹੁੰਦੀ ਸੀ। ਸਾਡਾ ਪਿੰਡ ਤਾਂ ਕੀ, ਸਾਰੇ ਪਿੰਡ ਉਦੋਂ ਬਾਹਰਲੇ ਸੰਸਾਰ ਨਾਲ ਕੱਚੇ ਰਸਤਿਆਂ ਰਾਹੀਂ ਜੁੜੇ ਹੁੰਦੇ ਸਨ। ਸਾਡੇ ਪਿੰਡ ਦੇ ਬਾਗਾਂ ਦੀ ਪੈਦਾਵਾਰ ਪਹਿਲਾਂ ਰਾਹੋਂ ਅਤੇ ਫੇਰ ਨਵਾਂਸ਼ਹਿਰ ਦੀ ਮੰਡੀ ਵਿਚ ਜਾਂਦੀ ਸੀ। ਬਜ਼ੁਰਗਾਂ ਤੋਂ ਸੁਣਿਆ ਹੈ ਕਿ ਜਦੋਂ ਰਾਹੋਂ ਮੰਡੀ ਲਗਦੀ ਸੀ ਤਾਂ ਗੁਲਪੁਰ ਦੇ ਅੰਬਾਂ ਦਾ ਹੋਕਾ ਦਿੱਤਾ ਜਾਂਦਾ ਸੀ; ਖਾਸ ਕਰਕੇ ਰੁਲੀਏ ਦੇ ਬਾਗ ਦਾ ਨਾਂ ਲੈ ਕੇ। ਪੈਲ ਵਾਲੇ ਅੰਬ ਹੋਰ ਹੁੰਦੇ ਸਨ, ਟਪਕਾ ਅੰਬ ਹੋਰ ਅਤੇ ਪੱਕੇ ਹੋਏ ਅੰਬ ਹੋਰ ਹੁੰਦੇ ਸਨ। ਇਹ ਸਾਰੀਆਂ ਕਿਸਮਾਂ ਬਲਦ-ਰੇੜ੍ਹੀਆਂ `ਤੇ ਨਵਾਂਸ਼ਹਿਰ ਜਾਂਦੀਆਂ ਅਸੀਂ ਖੁਦ ਦੇਖੀਆਂ ਹਨ। ਇਸ ਤੋਂ ਪਹਿਲਾਂ ਗੱਡਿਆਂ ਅਤੇ ਊਠਾਂ ਉੱਤੇ ਰਾਹੋਂ ਦੀ ਮੰਡੀ ਵਿਚ ਜਾਂਦੀਆਂ ਹੁੰਦੀਆਂ ਸਨ। ਬਲਦ-ਰੇੜ੍ਹੀਆਂ ਦਾ ਇਹ ਕਾਫਲਾ ਗਈ ਰਾਤ ਚੱਲਦਾ ਹੁੰਦਾ ਸੀ। ਕਈ ਵਾਰ ਭੂਤਰੇ ਸਾਨ੍ਹ ਬਲਦਾਂ ਨੂੰ ਮਾਰਨ ਲਈ ਰੇੜ੍ਹੀਆਂ ਦੇ ਅੱਗੇ ਖੜ੍ਹ ਜਾਂਦੇ ਸਨ। ਰੇੜ੍ਹੀਆਂ ਦੇ ਅਗਲੇ ਪਾਸੇ ਲਾਲਟੈਨ ਲਮਕਦੀ ਹੁੰਦੀ ਸੀ ਅਤੇ ਕਾਫਲਾ ਪੂਰੀ ਤਰ੍ਹਾਂ ਰਵਾਇਤੀ ਹਥਿਆਰਾਂ ਨਾਲ ਲੈਸ ਹੁੰਦਾ ਸੀ। ਬਹੁਤਾ ਡਰ ਭੂਸਰੇ ਸਾਨ੍ਹਾਂ ਤੋਂ ਹੁੰਦਾ ਸੀ ਕਿ ਉਹ ਬਲਦਾਂ ਦੇ ਸੱਟ-ਫੇਟ ਨਾ ਮਾਰ ਦੇਣ।
ਜਦੋਂ ਅੰਬਾਂ ਦਾ ਮੌਸਮ ਆਉਂਦਾ ਸੀ ਤਾਂ ਸਾਡੀਆਂ ਖੁਸ਼ੀਆਂ ਨੂੰ ਖੰਭ ਲੱਗ ਜਾਂਦੇ ਸਨ। ਉਨ੍ਹੀਂ ਦਿਨੀਂ ਸਾਡੇ ਨਜ਼ਦੀਕੀ ਰਿਸ਼ਤੇਦਾਰ ਪਿੰਡ ਦਾ ਗੇੜਾ ਜ਼ਰੂਰ ਲਾਉਂਦੇ ਸਨ। ਅਸੀਂ ਆਪਣੇ ਵੱਡਿਆਂ ਨਾਲ ਉਨ੍ਹਾਂ ਨੂੰ ਸਿੱਧੇ ਆਪਣੇ ਬਾਗ ਵਿਚ ਲੈ ਜਾਂਦੇ ਸਾਂ। ਠੇਕੇਦਾਰ ਅਤੇ ਉਸ ਦੇ ਕਾਰਿੰਦੇ ਬਹੁਤ ਸਤਿਕਾਰ ਕਰਦੇ। ਉੱਥੇ ਰੱਜ ਕੇ ਅੰਬ ਚੂਪੇ ਜਾਂਦੇ ਅਤੇ ਉਨ੍ਹਾਂ ਦੀ ਕਟੌਤੀ ਸਾਡੀ ਜਿਣਸ ਵਿਚੋਂ ਕਰ ਲਈ ਜਾਂਦੀ। ਅੰਬ ਚੂਪਣ ਵਾਲੇ ਨੂੰ ਵੀ ਅਤੇ ਸਾਨੂੰ ਵੀ ਅਹਿਸਾਸ ਹੋ ਜਾਂਦਾ ਕਿ ਇਹ ਬਾਗ ਸਾਡਾ ਹੀ ਹੈ। ਅੰਬ ਤਾਂ ਸਾਰੇ ਇਲਾਕਿਆਂ ਵਿਚ ਪਾਏ ਜਾਂਦੇ ਹਨ, ਪਰ ‘ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ ਦੁਆਬਾ’ ਬੋਲੀ ਦੁਆਬੇ ਦੇ ਨਾਂ ਹੀ ਰਜਿਸਟਰ ਹੋਈ ਹੈ। ਪ੍ਰੋ. ਮੋਹਨ ਸਿੰਘ ਦੀ ਨਾਟਕੀ ਕਵਿਤਾ ‘ਅੰਬੀ ਦਾ ਬੂਟਾ’ (ਬੈਲਡ) ਨੂੰ ਕਿਸ ਨੇ ਨਹੀਂ ਪੜ੍ਹਿਆ?
ਅਫਸੋਸ ਕਿ 1980 ਤੱਕ ਪਹੁੰਚਦਿਆਂ ਅੰਬਾਂ ਦੇ ਇਹ ਬਾਗ ਸਾਡੇ ਲਈ ਬੇਲੋੜਾ ਭਾਰ ਬਣ ਗਏ ਸਨ। ਸਬਮਰਸੀਬਲ ਪੰਪਾਂ ਦੀ ਬਦੌਲਤ ਤਕਰੀਬਨ 100% ਰਕਬਾ ਸਿੰਜਾਈ ਹੇਠ ਆ ਗਿਆ ਸੀ। ਹਰੀ ਕ੍ਰਾਂਤੀ ਨੇ ਪੰਜਾਬ ਅੰਦਰ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਸਨ। ਨਵੇਂ ਬੀਜ ਅਤੇ ਰਸਾਇਣਕ ਖਾਦਾਂ ਦੇ ਆਉਣ ਸਦਕਾ ਕਣਕ ਅਤੇ ਝੋਨੇ ਦੀਆਂ ਫਸਲਾਂ ਦੇ ਝਾੜ ਵਧ ਗਏ ਸਨ। ਅੰਬਾਂ ਦੀਆਂ ਵਧੀਆ ਤੋਂ ਵਧੀਆ ਕਿਸਮਾਂ ਸਾਹਮਣੇ ਸਾਡੇ ਦੇਸੀ ਅੰਬਾਂ ਦੀ ਕੋਈ ਵੁੱਕਤ ਨਹੀਂ ਰਹੀ ਸੀ। ਨਵੀਂ ਪੀੜ੍ਹੀ ਮਾਪਿਆਂ ਉੱਤੇ ਦਬਾਅ ਬਣਾ ਰਹੀ ਸੀ ਕਿ ਇਹ ਦਰਖਤ ਵੇਚ ਦਿੱਤੇ ਜਾਣ ਅਤੇ ਇਨ੍ਹਾਂ ਦੀ ਥਾਂ ਕਣਕ ਝੋਨੇ ਵਰਗੀਆਂ ਲਾਹੇਵੰਦ ਫਸਲਾਂ ਬੀਜੀਆਂ ਜਾਣ। ਇਨ੍ਹੀਂ ਦਿਨੀਂ ਵਿਦੇਸ਼ ਜਾਣ ਦਾ ਜਾਦੂ ਵੀ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ। ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁਕੇ ਸਨ। ਲੋਕਾਂ ਦੀ ਆਰਥਿਕ ਹਾਲਤ ਵੀ ਚੰਗੀ ਨਹੀਂ ਸੀ। ਸਾਡੇ ਘਰ ਵਿਚ ਵੀ ਬਾਗ ਵੇਚਣ ਨੂੰ ਲੈ ਕੇ ਘੁਸਰ-ਮੁਸਰ ਹੋਣ ਲੱਗ ਪਈ। ਜਦੋਂ ਗੱਲ ਮੇਰੇ ਬਾਬੇ ਤੱਕ ਪਹੁੰਚੀ ਤਾਂ ਉਹਨੇ ਇਹ ਕਹਿ ਕੇ ਬਾਗ ਪੁੱਟਣ ਦੀ ਇਜਾਜ਼ਤ ਦੇ ਦਿੱਤੀ ਕਿ ਮੇਰੇ ਮਰਨ ਤੋਂ ਬਾਅਦ ਪੁਟਵਾ ਦਿਓ। ਸਾਡੇ ਬਾਪ ਅਤੇ ਉਸ ਦੇ ਚਾਚੇ-ਤਾਏ ਦੇ ਮੁੰਡਿਆਂ ਨੇ ਵੀ ਬਾਬੇ ਦੇ ਮਰਨ ਤੋਂ ਬਾਅਦ 1988 ਵਿਚ ਲੋਕਾਂ ਦੀ ਦੇਖਾ-ਦੇਖੀ ਤਕਰੀਬਨ 3-4 ਏਕੜ ਵਿਚ ਲੱਗਾ ਬਾਗ ਵੇਚ ਦਿੱਤਾ। ਪਿੰਡ ਦਾ ਚੜ੍ਹਦਾ ਪਾਸਾ ਸਫਾ ਚੱਟ ਹੋ ਗਿਆ ਸੀ। 200 ਸਾਲ ਪੁਰਾਣੀ ਵਿਰਾਸਤ ਉੱਜੜ ਗਈ ਸੀ। ਇਹ ਵਰਤਾਰਾ ਸਾਡੇ ਪਿੰਡ ਹੀ ਨਹੀਂ ਸੀ ਵਾਪਰਿਆ, ਪੂਰੇ ਉਸ ਇਲਾਕੇ ਵਿਚ ਵਾਪਰਿਆ ਸੀ, ਜਿੱਥੇ ਜਿੱਥੇ ਅੰਬਾਂ ਦੇ ਰੁੱਖ ਸਨ। ਇੰਜ ਲਗਦਾ ਹੈ ਕਿ ਇਹ ਦੇਸੀ ਅੰਬਾਂ ਅਤੇ ਦੇਸੀ ਫਸਲਾਂ ਖਿਲਾਫ ਰਚੀ ਗਈ ਕੋਈ ਸਾਜਿਸ਼ ਸੀ।