ਸਮਾਜਕ ਬੇਲਾਗਤਾ ਦੀ ‘ਕਲਾ’ ਬਨਾਮ ਕੌਮੀ ਸ਼ਰਮਸਾਰੀ

ਦਲਜੀਤ ਅਮੀ
ਫੋਨ: 91-97811-21873
ਦਿੱਲੀ ਦੇ ‘ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦਿ ਆਰਟਸ’ ਵਿਚ ਹੁੰਦੀ ਸਰਗਰਮੀ ਵਿਚ ਮੀਡੀਆ ਦੀ ਲਗਾਤਾਰ ਦਿਲਚਸਪੀ ਰਹਿੰਦੀ ਹੈ। ਸਵਾ ਸੌ ਕਰੋੜ ਸ਼ਹਿਰੀਆਂ ਦੇ ਮੁਲਕ ਦੀ ਰਾਜਧਾਨੀ ਵਿਚ ਅਜਿਹਾ ਕਲਾ ਕੇਂਦਰ ਮੀਡੀਆ ਦੀ ਨਜ਼ਰ ਵਿਚ ਰਹਿੰਦਾ ਹੈ। ਪਤਵੰਤਿਆਂ ਦੀ ਹਾਜ਼ਰੀ ਵਿਚ ਇਸ ਕੇਂਦਰ ਵਿਚ ਕਲਾ ਪੇਸ਼ਕਾਰੀਆਂ ਅਤੇ ਨੁਮਾਇਸ਼ਾਂ ਹੁੰਦੀਆਂ ਹਨ। ਕਲਾਕਾਰਾਂ, ਕਲਾ ਰਸੀਆਂ, ਕਲਾ ਮਾਹਰਾਂ, ਕਲਾ ਪਾਰਖ਼ੂਆਂ, ਪੱਤਰਕਾਰਾਂ ਅਤੇ ਪੜਚੋਲੀਆਂ ਦੇ ਨਾਲ-ਨਾਲ ਅਹਿਲਕਾਰਾਂ ਤੋਂ ਲੈ ਕੇ ਮੰਤਰੀਆਂ-ਸੰਤਰੀਆਂ ਦੀ ਹਾਜ਼ਰੀ ਇਸ ਥਾਂ ਉੱਤੇ ਲੱਗਦੀ ਰਹਿੰਦੀ ਹੈ। ਇਸ ਥਾਂ ਤੋਂ ਕਲਾ ਜਗਤ ਦੀ ਸੁਹਜ ਅਤੇ ਸੂਝ ਦੀ ਥਾਹ ਪੈਂਦੀ ਹੈ। ਪਿਛਲੇ ਦਿਨੀਂ ਇਸ ਕੇਂਦਰ ਵਿਚੋਂ ਹੀ ਅਜਿਹੇ ਰੁਝਾਨ ਦੀ ਤਸਦੀਕ ਹੋਈ ਹੈ ਜੋ ਇਸੇ ਤਬਕੇ ਦੇ ਵਿਹਾਰ ਦੇ ਗ਼ੈਰ-ਮਨੁੱਖੀ ਪੱਖ ਨੂੰ ਉਘਾੜ ਕੇ ਪੇਸ਼ ਕਰਦਾ ਹੈ। ਇਸ ਕੇਂਦਰ ਵਿਚ 14 ਜੁਲਾਈ ਨੂੰ ਤਿੰਨ ਸਫ਼ਾਈ ਕਾਮੇ ਮਾਰੇ ਗਏ। ਇਹ ਸੀਵਰੇਜ ਸਾਫ਼ ਕਰ ਰਹੇ ਸਨ। ਇਸ ਵਾਰਦਾਤ ਦੀ ਹੌਲਨਾਕ ਤਫ਼ਸੀਲ ਮੌਕੇ ਉੱਤੇ ਬਚ ਗਏ ਕਾਮੇ ਛੋਟੂ ਅਤੇ ਉਸ ਦੀ ਮਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ।
ਛੋਟੂ ਉਸ ਦਿਨ ਸਵੇਰੇ ਤਰਲੋਕਪੁਰੀ ਤੋਂ ਆਪਣੇ ਸਾਥੀਆਂ ਨਾਲ ਕੰਮ ਕਰਨ ਆਇਆ ਸੀ। ਇਨ੍ਹਾਂ ਦਿਹਾੜੀਦਾਰ ਕਾਮਿਆਂ ਨੂੰ ਦੱਸਿਆ ਗਿਆ ਸੀ ਕਿ ਪਾਣੀ ਵਾਲਾ ਟੈਂਕ ਸਾਫ਼ ਕਰਨਾ ਹੈ, ਪਰ ਦਰਅਸਲ ਉਨ੍ਹਾਂ ਨੇ ਹੌਦੀਆਂ ਸਾਫ਼ ਕਰਨੀਆਂ ਸਨ। ਸਭ ਤੋਂ ਛੋਟਾ ਹੋਣ ਕਾਰਨ ਛੋਟੂ ਦੇ ਹਿੱਸੇ ਸਭ ਤੋਂ ਵੱਧ ਕੰਮ ਆਇਆ। ਉਨ੍ਹਾਂ ਨੇ ਸਵੇਰੇ ਸਾਢੇ ਅੱਠ ਵਜੇ ਤੋਂ ਸ਼ਾਮ ਦੇ ਪੰਜ ਵਜੇ ਤੱਕ ਪੰਜ ਹੌਦੀਆਂ ਸਾਫ਼ ਕੀਤੀਆਂ। ਛੇਵੀਂ ਹੌਦੀ ਵਿਚ ਉਤਰੇ ਛੋਟੂ ਨੂੰ ਗੈਸ ਚੜ੍ਹ ਗਈ ਅਤੇ ਉਹ ਬੇਹੋਸ਼ ਹੋ ਗਿਆ। ਉਪਰਲੇ ਕਾਮਿਆਂ ਨੇ ਉਸ ਨੂੰ ਬਾਹਰ ਖਿੱਚਿਆ ਅਤੇ ਇਸ ਖਿੱਚ-ਧੂਹ ਦੇ ਦੌਰ ਵਿਚ ਗੈਸ ਚੜ੍ਹਨ ਕਾਰਨ ਅਸ਼ੋਕ, ਸਤੀਸ਼ ਅਤੇ ਰਾਜੇਸ਼ ਬੇਹੋਸ਼ ਹੋ ਗਏ। ਇਸ ਦੌਰਾਨ ਉਨ੍ਹਾਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਪਹੁੰਚਾਇਆ ਗਿਆ। ਅਸ਼ੋਕ, ਸਤੀਸ਼ ਅਤੇ ਰਾਜੇਸ਼ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਅਤੇ ਛੋਟੂ ਨੂੰ ਹਸਪਤਾਲ ਵਿਚ ਭਰਤੀ ਕਰ ਲਿਆ ਗਿਆ। ਜਦੋਂ ਛੋਟੂ ਦੀ ਮਾਂ ਹਸਪਤਾਲ ਪਹੁੰਚੀ ਤਾਂ ਉਹ ਗੰਦ ਵਿਚ ਲਿਬੜਿਆ ਬੇਹੋਸ਼ ਪਿਆ ਸੀ। ਉਸ ਨੂੰ 15 ਜੁਲਾਈ ਦੀ ਸਵੇਰ ਨੂੰ ਹੋਸ਼ ਆਈ ਤਾਂ ਉਹ ਆਪਣੇ ਸਾਥੀਆਂ ਦਾ ਪਤਾ ਕਰਨ ਤੁਰ ਪਿਆ। ਜਦੋਂ ਉਹ ਕੁਝ ਦੇਰ ਬਾਅਦ ਵਾਪਸ ਬਿਸਤਰੇ ਉੱਤੇ ਆਇਆ ਤਾਂ ਹਸਪਤਾਲ ਦੇ ਅਮਲੇ ਨੇ ਉਸ ਨੂੰ ਚਲੇ ਜਾਣ ਦਾ ਫਰਮਾਨ ਸੁਣਾ ਦਿੱਤਾ। ਡਾਕਟਰਾਂ ਨੇ ਉਸ ਨੂੰ ਇਲਾਜ ਜਾਂ ਹਸਪਤਾਲ ਦਾ ਕੋਈ ਕਾਗ਼ਜ਼ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਉਸ ਨੂੰ ਬਾਕੀ ਤਿੰਨਾਂ ਦੀ ਮੌਤ ਦਾ ਪਤਾ ਲੱਗਿਆ। ਦਿਨੇ 12 ਵਜੇ ਤਿੰਨੇ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਗਈਆਂ। ਉਨ੍ਹਾਂ ਨੂੰ ਕਾਗ਼ਜ਼ਾਂ ਵਿਚ ਬੇਪਛਾਣਾਂ ਵਜੋਂ ਦਰਜ ਕੀਤਾ ਗਿਆ ਅਤੇ ਘਰਵਾਲਿਆਂ ਦੀ ਕੋਈ ਗੱਲ ਨਹੀਂ ਸੁਣੀ ਗਈ। ਪੋਸਟ-ਮਾਰਟਮ ਰਿਪੋਰਟ ਲੈਣ ਲਈ ਚਾਲੀ ਦਿਨ ਬਾਅਦ ਆਉਣ ਨੂੰ ਕਿਹਾ ਗਿਆ। ਉਨ੍ਹਾਂ ਨੂੰ ਜਾਰੀ ਕੀਤੇ ਗਏ ਮੌਤ ਦੇ ਪ੍ਰਮਾਣ ਪੱਤਰਾਂ ਵਿਚ ਕੋਈ ਕਾਰਨ ਦਰਜ ਨਹੀਂ ਕੀਤਾ ਗਿਆ। ਹਸਪਤਾਲ ਦੇ ਵਿਹਾਰ ਬਾਬਤ ਚਰਚਾ ਕਰਨ ਤੋਂ ਪਹਿਲਾਂ ਕੁਝ ਹੋਰ ਤੱਥ ਜਾਣ ਲੈਣੇ ਜ਼ਰੂਰੀ ਹਨ।
‘ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦਿ ਆਰਟਸ’ ਵਿਚ ਇਹ ਕੰਮ ਰਾਜੇਸ਼ ਦੀ ਨਿਗਰਾਨੀ ਵਿਚ ਹੋ ਰਿਹਾ ਸੀ। ਉਸ ਨੇ 300 ਰੁਪਏ ਦਿਹਾੜੀ ਦੇਣ ਦਾ ਵਾਅਦਾ ਕੀਤਾ ਸੀ। ਉਸ ਨੂੰ ਕਲਾ ਕੇਂਦਰ ਵਿਚ ਠੇਕਾ ਲੈਣ ਵਾਲੀ ਕਿਸੇ ਕੰਪਨੀ ਨੇ ਰੱਖਿਆ ਹੋਇਆ ਸੀ। ਉਸ ਕੰਪਨੀ ਨੇ ਦੋ ਹਫ਼ਤਿਆਂ ਬਾਅਦ ਤੱਕ ਰਾਜੇਸ਼ ਦੇ ਵਾਰਸਾਂ ਤੱਕ ਪਹੁੰਚ ਨਹੀਂ ਕੀਤੀ ਸੀ। ਕਲਾ ਕੇਂਦਰ ਦੇ ਕਿਸੇ ਨੁਮਾਇੰਦੇ ਨੇ ਹਾਲੇ ਤੱਕ ਇਸ ਬਾਬਤ ਕੋਈ ਬਿਆਨ ਨਹੀਂ ਦਿੱਤਾ। ਇਹ ਤਫ਼ਸੀਲਾਂ ਮਨੁੱਖੀ ਹਕੂਕ ਕਾਰਕੁਨ ਵਿਦਿਆ ਭੂਸ਼ਨ ਰਾਵਤ ਨੇ ਆਪਣੇ ਬਲੌਗ ਮਾਨੁਖੀ ਉੱਤੇ ਲਿਖੇ ਲੇਖ ‘ਕਦਰਾਂ-ਕੀਮਤਾਂ ਦੀ ਮੌਤ’ ਵਿਚ 26 ਜੁਲਾਈ ਨੂੰ ਦਰਜ ਕੀਤੀਆਂ ਹਨ। ਰਾਮ ਮਨੋਹਰ ਲੋਹੀਆ ਹਸਪਤਾਲ ਦਾ ਵਿਹਾਰ ਸਫ਼ਾਈ ਕਾਮਿਆਂ ਨਾਲ ਹੁੰਦੇ ਸਮਾਜਕ ਵਿਤਕਰੇ ਅਤੇ ਛੂਤ-ਛਾਤ ਦੀ ਗਵਾਹੀ ਭਰਦਾ ਹੈ। ਬਦਬੂਦਾਰ ਮਾਹੌਲ ਵਿਚ ਕੰਮ ਕਰਦੇ ਇਨ੍ਹਾਂ ਕਾਮਿਆਂ ਨੂੰ ਮਨੁੱਖ ਮੰਨਿਆ ਹੀ ਨਹੀਂ ਜਾਂਦਾ। ਇਹ ਹੋ ਸਕਦਾ ਹੈ ਕਿ ਜੇ ਡਾਕਟਰਾਂ ਜਾਂ ਹੋਰ ਅਮਲੇ ਨੂੰ ਭਿੱਟ ਨਾ ਚੜ੍ਹਦੀ, ਤਾਂ ਬਾਕੀ ਤਿੰਨੇ ਵੀ ਜਿਉਂਦੇ ਹੁੰਦੇ। ਇਹ ਵਿਹਾਰ ਹਸਪਤਾਲ ਤੱਕ ਮਹਿਦੂਦ ਨਹੀਂ ਹੈ। ਤਿੰਨ ਕਾਮਿਆਂ ਦੀ ਮੁਲਕ ਦੀ ਰਾਜਧਾਨੀ ਵਿਚ ਮੌਤ, ਜਮਹੂਰੀਅਤ ਦੇ ਕਿਸੇ ਥੰਮ੍ਹ ਨੂੰ ਆਪ-ਮੁਹਾਰੇ ਕਾਰਵਾਈ ਕਰਨ ਦਾ ਸੱਦਾ ਨਹੀਂ ਬਣ ਸਕੀ। ਇਨ੍ਹਾਂ ਦੀ ਮੌਤ ਨੂੰ ਖ਼ਬਰ ਦਾ ਰੁਤਬਾ ਵੀ ਨਹੀਂ ਮਿਲਿਆ। ਕਿਸੇ ਅਦਾਲਤ ਨੇ ਆਪ-ਮੁਹਾਰੀ ਕਾਰਵਾਈ ਨਹੀਂ ਕੀਤੀ। ਕਿਸੇ ਮਹਿਕਮੇ ਨੇ ਆਪ-ਮੁਹਾਰੇ ਹੁੰਗਾਰਾ ਨਹੀਂ ਭਰਿਆ। ਕੋਈ ਸਿਆਸੀ ਜਾਂ ਸਰਕਾਰੀ ਨੁਮਾਇੰਦਾ ਹਮਦਰਦੀ ਜਤਾਉਣ ਲਈ ਮਜਬੂਰ ਨਹੀਂ ਹੋਇਆ। ਦਿੱਲੀ ਵਿਚ ਹਰ ਤਰ੍ਹਾਂ ਦਾ ਮੀਡੀਆ ਲਗਾਤਾਰ ਇੱਕ-ਦੂਜੇ ਨਾਲ ‘ਸਭ ਤੋਂ ਪਹਿਲਾਂ’, ‘ਸਭ ਤੋਂ ਭਰੋਸੇਯੋਗ’ ਅਤੇ ‘ਹਰ ਥਾਂ ਹਾਜ਼ਰ’ ਹੋਣ ਦਾ ਦਾਅਵਾ ਕਰ ਰਿਹਾ ਹੈ। ਦਿੱਲੀ ਵਿਚ ਮਿਉਂਸਿਪਲ ਕਮੇਟੀ ਤੋਂ ਇਲਾਵਾ ਸੂਬਾ ਅਤੇ ਕੇਂਦਰ ਸਰਕਾਰ ਹੈ। ਪੂਰੇ ਮੁਲਕ ਲਈ ਜ਼ਿੰਮੇਵਾਰ ਸਮਾਜਕ ਇਨਸਾਫ਼ ਦਾ ਮੰਤਰਾਲਾ ਦਿੱਲੀ ਵਿਚ ਹੈ। ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਲਾ ਮਹਿਕਮਾ ਕਿੱਥੇ ਹੈ? ਕਾਮਿਆਂ ਲਈ ਲੋੜੀਂਦੇ ਦਸਤਾਨੇ, ਨਕਾਬ ਅਤੇ ਬਾਕੀ ਮਸ਼ੀਨੀ ਇਮਦਾਦ ਕਿੱਥੇ ਸੀ? ਹੌਦੀਆਂ, ਖੂਹਾਂ ਅਤੇ ਹੋਰ ਅਜਿਹੀਆਂ ਥਾਵਾਂ ਉੱਤੇ ਕੰਮ ਕਰਨ ਵਾਲਿਆਂ ਨੂੰ ਜ਼ਹਿਰੀਲੀ ਗੈਸ ਤੋਂ ਬਚਾਉਣ ਲਈ ਢੁਕਵੀਆਂ ਪੇਸ਼ਬੰਦੀਆਂ ਕਿੱਥੇ ਸਨ?
ਇਹ ਸਾਰੇ ਸਵਾਲ ਕੌਣ ਪੁੱਛੇਗਾ ਅਤੇ ਕਿਸ ਨੂੰ ਪੁੱਛੇਗਾ? ‘ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦਿ ਆਰਟਸ’ ਵਿਚ ਹੋਇਆ ਇਹ ਪਹਿਲਾ ਹਾਦਸਾ ਨਹੀਂ ਹੈ। ਸੂਚਨਾ ਅਧਿਕਾਰ ਕਾਨੂੰਨ ਤਹਿਤ ਮੁੰਬਈ ਕਾਰਪੋਰੇਸ਼ਨ ਨੇ ਦੱਸਿਆ ਸੀ ਕਿ ਸ਼ਹਿਰ ਦੇ ਸਿਰਫ਼ 24 ਵਾਰਡਾਂ ਵਿਚ ਅਜਿਹੀਆਂ 3495 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿਚ 22 ਅਤੇ 26 ਮਈ (2012) ਨੂੰ ਬਠਿੰਡਾ ਵਿਚ ਚਾਰ, 28 ਅਕਤੂਬਰ ਨੂੰ ਕਪੂਰਥਲਾ ਵਿਚ ਤਿੰਨ, 17 ਨਵੰਬਰ ਨੂੰ ਲੁਧਿਆਣਾ ‘ਚ ਇੱਕ, 22 ਨਵੰਬਰ ਨੂੰ ਬਰਨਾਲਾ ਵਿਚ ਦੋ ਮਜ਼ਦੂਰ ਅਜਿਹੇ ਹਾਦਸਿਆਂ ਵਿਚ ਮਾਰੇ ਗਏ ਸਨ। ਪੰਜਾਬ ਵਿਚ ਇਨ੍ਹਾਂ ਹਾਦਸਿਆਂ ਬਾਰੇ ਜਮਹੂਰੀ ਅਧਿਕਾਰ ਸਭਾ ਨੇ ਰਪਟ ਛਾਪੀ ਸੀ। ਚੇਨਈ ਵਿਚ ਅਪਰੈਲ ਮਹੀਨੇ ਦੋ ਸਫ਼ਾਈ ਕਾਮਿਆਂ ਦੀ ਮੌਤ ਇਸੇ ਤਰ੍ਹਾਂ ਹੋਈ ਸੀ। ਇਸ ਤਰ੍ਹਾਂ ਦੇ ਹਾਦਸਿਆਂ ਦਾ ਮੁਲਕ ਭਰ ਵਿਚ ਕੋਈ ਅਧਿਐਨ ਨਹੀਂ ਹੁੰਦਾ ਅਤੇ ਨਾ ਹੀ ਇਸ ਨੂੰ ਰੁਝਾਨ ਵਜੋਂ ਵੇਖਿਆ ਜਾਂਦਾ ਹੈ।
ਜ਼ਿਆਦਾਤਰ ਸਫ਼ਾਈ ਕਾਮੇ ਉਨ੍ਹਾਂ ਜਾਤੀਆਂ ਤੋਂ ਹਨ ਜੋ ਛੂਆ-ਛੂਤ ਦਾ ਸ਼ਿਕਾਰ ਰਹੀਆਂ ਹਨ। ਇਹੋ ਛੂਆ-ਛੂਤ ਕਾਨੂੰਨੀ ਪਾਬੰਦੀਆਂ ਅਤੇ ਸਮਾਜਕ ਚੇਤਨਾ ਦੇ ਬਾਵਜੂਦ ਜਿਉਂ ਦੀ ਤਿਉਂ ਜਾਰੀ ਹੈ। ਇਨ੍ਹਾਂ ਕਾਮਿਆਂ ਦੇ ਪੱਖ ਵਿਚ ਅਦਾਲਤਾਂ ਨੇ ਫ਼ੈਸਲੇ ਸੁਣਾਏ ਹਨ ਅਤੇ ਕਾਨੂੰਨੀ ਪੇਸ਼ਬੰਦੀਆਂ ਕੀਤੀਆਂ ਗਈਆਂ ਹਨ। ਹੁਣ ਤੱਕ ਇਨ੍ਹਾਂ ਪੇਸ਼ਬੰਦੀਆਂ ਨਾਲ ਇਸ ਤਬਕੇ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਆਇਆ। ਇਨ੍ਹਾਂ ਕਾਮਿਆਂ ਤੋਂ ਸਸਤੀ ਮਜ਼ਦੂਰੀ ਕਰਵਾਈ ਜਾਂਦੀ ਹੈ। ਇਨ੍ਹਾਂ ਕੋਲ ਪੱਕੀਆਂ ਨੌਕਰੀਆਂ ਨਹੀਂ ਹਨ। ਇੱਕ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਇਨ੍ਹਾਂ ਕਾਮਿਆਂ ਨੂੰ ਹੱਥਾਂ ਨਾਲ ਮੈਲਾ ਚੁੱਕਣ ਵਾਲੇ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਇਸ ਦਾ ਦੂਜਾ ਪੱਖ ਇਹ ਹੈ ਕਿ ਹਾਲੇ ਤੱਕ ਨਾਲਿਆਂ ਅਤੇ ਹੌਦੀਆਂ ਨੂੰ ਸਾਫ਼ ਕਰਨ ਦਾ ਕੰਮ ਪੂਰੀ ਤਰ੍ਹਾਂ ਮਸ਼ੀਨਾਂ ਦੇ ਘੇਰੇ ਵਿਚ ਨਹੀਂ ਆਇਆ। ਹਰ ਸਾਲ ਮੀਂਹ ਤੋਂ ਪਹਿਲਾਂ ਨਿਕਾਸੀਆਂ ਦੀ ਢੁਕਵੀਂ ਮੁਰੰਮਤ ਅਤੇ ਸਫ਼ਾਈ ਨਹੀਂ ਕੀਤੀ ਜਾਂਦੀ। ਜਦੋਂ ਮੀਂਹ ਵਿਚ ਨਿਕਾਸੀ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਤਾਂ ਰਾਜਤੰਤਰ ਦੀ ਨਾਲਾਇਕੀ ਨੂੰ ਢਕਣ ਲਈ ਇਹੋ ਕਾਮੇ ਗੰਦ ਵਿਚ ਉਤਾਰੇ ਜਾਂਦੇ ਹਨ। ਇਹ ਘਰੇਲੂ, ਸ਼ਹਿਰੀ, ਦਫ਼ਤਰੀ ਅਤੇ ਸਨਅਤੀ ਨਿਕਾਸੀਆਂ ਵਿਚ ਕੰਮ ਕਰਦੇ ਹਨ। ਇਨ੍ਹਾਂ ਦੀ ਜਾਨ ਹਮੇਸ਼ਾਂ ਖ਼ਦਸ਼ਿਆਂ ਦੀ ਜੱਦ ਵਿਚ ਰਹਿੰਦੀ ਹੈ, ਪਰ ਸਿਹਤ ਬਿਨਾਂ ਸ਼ੱਕ ਦਾਅ ਉੱਤੇ ਲੱਗਦੀ ਹੈ।
ਇਨ੍ਹਾਂ ਨੂੰ ਹਰ ਤਰ੍ਹਾਂ ਦੀ ਲਾਗ, ਚਮੜੀ ਅਤੇ ਸਾਹ ਦੀ ਬਿਮਾਰੀ ਹੋ ਸਕਦੀ ਹੈ। ਇਨ੍ਹਾਂ ਹਾਲਾਤ ਵਿਚ ਜਦੋਂ ਇਨ੍ਹਾਂ ਦੀ ਜ਼ਿੰਦਗੀ ਅਚਨਚੇਤੇ ਖ਼ਤਮ ਹੁੰਦੀ ਹੈ ਤਾਂ ਇਸ ਨੂੰ ਸਮਾਜਕ-ਸਿਆਸੀ ਅਤੇ ਰਾਜਤੰਤਰੀ ਬੇਲਾਗ਼ਤਾ ਨਾਲ ਜੋੜ ਕੇ ਵੇਖਿਆ ਜਾਣਾ ਚਾਹੀਦਾ ਹੈ। ਇਹ ਸਾਡੇ ਸਮਾਜ ਵਿਚ ਜੜ੍ਹਾਂ ਜਮਾਈ ਬੈਠੀ ਜਾਤ-ਪਾਤ ਅਤੇ ਛੂਆ-ਛਾਤ ਦੀ ਤਸਦੀਕ ਕਰਦੀ ਹੈ। ਕਾਨੂੰਨੀ ਪੇਸ਼ਬੰਦੀਆਂ ਦੀ ਆਪਣੀ ਅਹਿਮੀਅਤ ਹੈ। ਇਹ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਦਰਅਸਲ ਇਹ ਮਸਲਾ ਇਸ ਤੋਂ ਵੀ ਵੱਡਾ ਹੈ। ਇਨ੍ਹਾਂ ਕਾਮਿਆਂ ਦੀ ਬੇਕਦਰੀ ਵਿਚ ਹਰ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਾ; ਹਰ ਰਿਹਾਇਸ਼ੀ, ਸਨਅਤੀ, ਦਫ਼ਤਰੀ ਅਤੇ ਕਾਰੋਬਾਰੀ ਇਮਾਰਤ ਅਤੇ ਹਰ ਵਿਅਕਤੀ ਤੇ ਜਥੇਬੰਦੀ ਸ਼ਾਮਿਲ ਹੈ। ਮੌਜੂਦਾ ਹਾਦਸੇ ਦੀ ਜਾਂਚ ਰਾਹੀਂ ਹਰ ਕਸੂਰਵਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਨ੍ਹਾਂ ਕਾਮਿਆਂ ਨਾਲ ਹੋ ਰਹੀ ਬੇਇਨਸਾਫ਼ੀ ਅਤੇ ਮਨੁੱਖਤਾ ਦੀ ਹਤਕ ਲਈ ਸਾਡੀ ਸਾਰੀਆਂ ਦੀ ਘੇਸਲ ਅਤੇ ਬੇਲਾਗ਼ਤਾ ਕਸੂਰਵਾਰ ਹੈ। ਅਜਿਹੇ ਹਾਦਸਿਆਂ ਤੋਂ ਕੰਨੀ ਖਿਸਕਾਉਣ ਵਾਲੇ ‘ਜਮਹੂਰੀਅਤ’ ਦੇ ਥੰਮ੍ਹ ਸਮਾਜਕ ਬੇਲਾਗ਼ਤਾ ਦੀ ਹੀ ਨੁਮਾਇੰਦਗੀ ਕਰਦੇ ਹਨ। ਇਹ ਅਸੀਂ ਤੈਅ ਕਰਨਾ ਹੈ ਕਿ ‘ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦਿ ਆਰਟਸ’ ਦੀਆਂ ਹੌਦੀਆਂ ਵਿਚੋਂ ਜ਼ਾਹਰ ਹੋਈ ਬੇਲਾਗ਼ਤਾ ਨੂੰ ‘ਕਲਾ’ ਕਿਹਾ ਜਾਵੇ ਜਾਂ ਕੌਮੀ ਸ਼ਰਮਸਾਰੀ।

Be the first to comment

Leave a Reply

Your email address will not be published.