ਹੰਕਾਰ ਦਾ ਸਿਰ ਨੀਵਾਂ

ਜਸਵੰਤ ਸਿੰਘ ਸੰਧੂ (ਘਰਿੰਡਾ)
ਯੂਨੀਅਨ ਸਿਟੀ (ਕੈਲੀਫੋਰਨੀਆ)
ਫੋਨ: 510-909-8204
1954 ਵਿਚ ਮੈਂ ਆਪਣੇ ਪਿੰਡ ਦੇ ਸਕੂਲ ਵਿਚੋਂ ਪੰਜਵੀਂ ਪਾਸ ਕਰਕੇ ਡੀ.ਬੀ. ਹਾਈ ਸਕੂਲ ਅਟਾਰੀ ਵਿਚ ਛੇਵੀਂ ਜਮਾਤ ਵਿਚ ਦਾਖਲ ਹੋਇਆ। ਅਟਾਰੀ ਸਕੂਲ ਸਾਡੇ ਪਿੰਡੋਂ ਪੂਰਾ ਪੰਜ ਮੀਲ ਸੀ। ਇਲਾਕੇ ਦੇ ਦਸ ਮੀਲ ਦੇ ਘੇਰੇ ਵਿਚ ਇਹੋ ਹਾਈ ਸਕੂਲ ਸੀ। ਉਸ ਵਕਤ ਸਾਰੇ ਵਿਦਿਆਰਥੀ ਤਕਰੀਬਨ ਤੁਰ ਕੇ ਹੀ ਸਕੂਲ ਆਉਂਦੇ ਸਨ ਕਿਉਂਕਿ ਲੋਕਾਂ ਦੀ ਆਰਥਕ ਦਸ਼ਾ ਸਾਈਕਲ ਖਰੀਦਣ ਯੋਗ ਵੀ ਨਹੀਂ ਸੀ। ਆਪਣੇ ਪਿੰਡ ਦੇ ਵਿਦਿਆਰਥੀਆਂ ਨਾਲ ਮੈਂ ਵੀ ਛੇਵੀਂ, ਸਤਵੀਂ ਤੇ ਅਠਵੀਂ ਜਮਾਤ ਵਿਚ ਤਿੰਨ ਸਾਲ ਦਸ ਮੀਲ ਪੈਂਡਾ ਮਾਰਦਾ ਰਿਹਾ।

ਛੇਵੀਂ ਜਮਾਤ ਵਿਚ ਬਹੁਗਿਣਤੀ ਵਿਦਿਆਰਥੀ ਫਾਂਟਾਂ ਵਾਲੇ ਪਜਾਮੇ ਵਾਲਿਆਂ ਦੀ ਸੀ ਜੋ ਆਮ ਸਾਧਾਰਨ ਘਰਾਂ ਵਿਚੋਂ ਸਨ। ਇਨ੍ਹਾਂ ਵਿਚ ਇਕ ਮੈਂ ਵੀ ਸਾਂ। ਜਮਾਤ ਵਿਚ ਕੇਵਲ ਇਕ ਮੁੰਡਾ ਸੀ ਜਿਸ ਨੇ ਪੈਂਟ-ਸ਼ਰਟ ਪਾਈ ਹੰੁਦੀ ਸੀ। ਦੋ ਤਿੰਨ ਮਹੀਨਿਆਂ ਵਿਚ ਹੀ ਪਤਾ ਲੱਗ ਗਿਆ ਕਿ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਵਧੀਆ ਤੇ ਦੂਸਰਿਆਂ ਨੂੰ ਘਟੀਆ ਸਮਝਦਾ ਹੈ। ਉਹ ਦੂਜਿਆਂ ‘ਤੇ ਆਪਣੀ ਅਮੀਰੀ ਦਾ ਰੋਅਬ ਪਾਉਣ ਲੱਗ ਪਿਆ ਜਿਸ ਕਾਰਨ ਉਸ ਦੀ ਕਈਆਂ ਨਾਲ ਲੜਾਈ ਵੀ ਹੋ ਜਾਂਦੀ। ਇਕ ਦੋ ਵਾਰ ਮੇਰੇ ਨਾਲ ਵੀ ਉਸ ਦੀਆਂ ਝੜਪਾਂ ਹੋਈਆਂ। ਸਾਧਾਰਨ ਘਰਾਂ ਦੇ ਮੁੰਡੇ ਮਿਹਨਤ ਕਰਕੇ ਚੰਗੇ ਨੰਬਰ ਪ੍ਰਾਪਤ ਕਰਦੇ ਪਰ ਉਹ ਆਪਣੇ ਕੱਪੜਿਆਂ ਵਲ ਹੀ ਦੇਖਦਾ ਰਹਿੰਦਾ ਤੇ ਪੜ੍ਹਾਈ ਵੱਲ ਘਟ ਹੀ ਧਿਆਨ ਦਿੰਦਾ। ਇਸ ਤਰ੍ਹਾਂ ਜਮਾਤਾਂ ਪਾਸ ਕਰਦੇ ਮੁੰਡੇ ਦਸਵੀਂ ਵਿਚ ਹੋ ਗਏ। ਸਾਡੇ ਸਕੂਲ ਦੇ ਹੈਡਮਾਸਟਰ ਰਘੂਨਾਥ ਸਹਾਇ ਜੀ ਤੇ ਸੈਕੰਡ ਮਾਸਟਰ ਮੁਲਖਰਾਜ ਬੜੇ ਲਾਇਕ ਤੇ ਮਿਹਨਤੀ ਸਨ। ਹੈਡਮਾਸਟਰ ਜੀ ਨੂੰ ਤਾਂ ਹਿਸਾਬ, ਅਲਜਬਰਾ ਤੇ ਜਮੈਟਰੀ ਸਾਰਾ ਮੂੰਹ-ਜ਼ਬਾਨੀ ਯਾਦ ਸਨ। ਉਨ੍ਹਾਂ ਸਾਨੂੰ ਕਦੇ ਕਿਤਾਬ ਤੋਂ ਨਹੀਂ ਸੀ ਪੜ੍ਹਾਇਆ।
1958-59 ਵਿਚ ਦਸਵੀਂ ਦੇ 39 ਵਿਦਿਅਰਥੀਆਂ ਨੇ ਇਮਤਿਹਾਨ ਦਿੱਤਾ। ਨਤੀਜੇ ਆਏ ਤਾਂ 20 ਵਿਦਿਆਰਥੀਆਂ ਦੀ ਫਸਟ ਡਵੀਜ਼ਨ, 11 ਦੀ ਹਾਈ ਸੈਕੰਡ ਅਤੇ ਬਾਕੀ 6 ਦੀ ਥਰਡ ਡਵੀਜ਼ਨ ਆਈ। ਪੈਂਟ-ਸ਼ਰਟ ਵਾਲੇ ਹੈਂਕੜਬਾਜ਼ ਦੀ ਥਰਡ ਡਵੀਜ਼ਨ ਸਭ ਤੋਂ ਘੱਟ ਨੰਬਰਾਂ ਦੀ ਸੀ। ਮੈਂ ਜਦ ਹੈਡਮਾਸਟਰ ਜੀ ਦੇ ਘਰੋਂ ਗਜ਼ਟ ਤੋਂ ਨਤੀਜੇ ਦਾ ਪਤਾ ਕਰਨ ਗਿਆ ਤਾਂ ਮੇਰੇ ਵਧੀਆ ਪ੍ਰਾਪਤ ਕੀਤੇ ਨੰਬਰਾਂ ਵਲ ਦੇਖ ਕੇ ਕਹਿੰਦੇ, ‘ਭਾਈ! ਤੂੰ ਤਾਂ ਬੜਾ ਗੁੱਝਾ ਰੁਸਤਮ ਨਿਕਲਿਆ।’ ‘ਭਾਈ’ ਆਖਣਾ ਉਨ੍ਹਾਂ ਦਾ ਤਕੀਆ ਕਲਾਮ ਸੀ।
ਦਸਵੀਂ ਤੋਂ ਬਾਅਦ ਮੈਂ ਪੁਲਿਸ ਵਿਚ ਭਰਤੀ ਹੋ ਗਿਆ। ਫਿਰ ਢਾਈ ਸਾਲਾਂ ਬਾਅਦ ਅਸਤੀਫ਼ਾ ਦੇ ਕੇ ਜੇ.ਬੀ.ਟੀ. ਕਰਕੇ ਮਈ 1965 ਵਿਚ ਮਾਸਟਰ ਲੱਗ ਗਿਆ। ਇਤਫਾਕ ਇਹ ਕਿ ਸਕੂਲ ਉਸੇ ਹੰਕਾਰੀ ਵਿਦਿਆਰਥੀ ਦੇ ਪਿੰਡ ਵਾਲਾ ਮਿਲਿਆ।
ਸਕੂਲ ਮੈਂ ਰੋਜ਼ਾਨਾ ਸਾਈਕਲ ‘ਤੇ ਜਾਂਦਾ ਸੀ। ਗਰਮੀਆਂ ਵਿਚ ਸਕੂਲ ਸਾਢੇ ਸੱਤ ਵਜੇ ਲਗਦਾ ਸੀ ਤੇ ਡੇਢ ਵਜੇ ਛੁੱਟੀ ਹੋ ਜਾਂਦੀ ਸੀ।
ਉਸ ਹੰਕਾਰੀ ਬੰਦੇ ਨੇ ਖੇਤੀਬਾੜੀ ਨਾਲ ਟਰੱਕ ਵੀ ਬਣਾ ਲਏ ਸਨ। ਪਿੰਡ ਵਿਚ ਕੋਠੀ ਵੀ ਪਾ ਲਈ। ‘ਇਕ ਕਰੇਲਾ ਦੂਜਾ ਨੀਮ ਚੜ੍ਹਾ’ ਦੀ ਕਹਾਵਤ ਮੁਤਾਬਕ ਧੌਣ ਵਿਚ ਹੰਕਾਰ ਦਾ ਕਿੱਲਾ ਹੋਰ ਵੀ ਵੱਡਾ ਹੋ ਗਿਆ। ਹਰ ਇਕ ਨੂੰ ਟਿੱਚਰਾਂ ਕਰਕੇ ਨੀਵਾਂ ਦਿਖਾਉਣਾ ਉਸ ਦੀ ਆਦਤ ਬਣ ਗਈ।
ਉਦੋਂ ਕਾਨਵੈਂਟ ਸਕੂਲਾਂ ਦੀ ਬਿਮਾਰੀ ਅੱਜਕੱਲ੍ਹ ਜਿੰਨੀ ਨਹੀਂ ਸੀ ਫੈਲੀ। ਇਸ ਲਈ ਉਸ ਦੇ ਬੱਚੇ ਸਾਡੇ ਪ੍ਰਾਇਮਰੀ ਸਕੂਲ ਪੜ੍ਹਦੇ ਸਨ। ਉਹ ਸਾਰੇ ਮਧਰੀਆਂ ਮਟੀਆਂ ਵਾਲੇ ਸਨ ਅਤੇ ਜ਼ਿਆਦਾ ਸੋਹਣੇ ਵੀ ਨਹੀਂ ਸਨ।
ਇਕ ਦਿਨ ਸਕੂਲੋਂ ਛੁੱਟੀ ਕਰਕੇ ਉਸ ਦੇ ਟਿਊਬਵੈੱਲ ਕੋਲੋਂ ਲੰਘ ਰਿਹਾ ਸਾਂ। ਉਸ ਨੇ ਮੈਨੂੰ ਟਿਊਬਵੈੱਲ ਦੇ ਦਰੱਖਤਾਂ ਦੀ ਛਾਵੇਂ ਕੁਝ ਚਿਰ ਆਰਾਮ ਕਰਨ ਦੀ ਸੁਲ੍ਹਾ ਮਾਰੀ। ਮੈਂ ਕਿਹਾ, ‘ਨਹੀਂ! ਘਰ ਚਲ ਕੇ ਆਰਾਮ ਕਰਾਂਗਾ।’ ਉਸ ਨੇ ਟਿਚਰ ਕੀਤੀ, ‘ਆਹੋ! ਘਰ ਪੱਖੇ ਥੱਲੇ ਜੂ ਆਰਾਮ ਕਰਨਾ ਹੋਣਾ ਹੈ।’ ਉਦੋਂ ਬਿਜਲੀ ਵਾਲਾ ਪੱਖਾ ਕਿਸੇ ਕਿਸੇ ਘਰ ਹੁੰਦਾ ਸੀ। ਮੈਨੂੰ ਉਸ ਦੀ ਇਹ ਟਿੱਚਰ ਬੜੀ ਚੁਭੀ (ਹਾਲਾਂਕਿ ਮੇਰੇ ਘਰ ਬਿਜਲੀ ਵਾਲਾ ਪੱਖਾ ਲੱਗਾ ਹੋਇਆ ਸੀ)।
ਉਸ ਦੀਆਂ ਧੀਆਂ ਜਵਾਨ ਹੋ ਚੁੱਕੀਆਂ ਸਨ। ਇਕ ਬਹੁਤ ਮਧਰੀ ਕੁੜੀ ਦੀ ਉਹ ਮੰਗਣੀ ਕਰਨੀ ਚਾਹੁੰਦਾ ਸੀ। ਮਾਇਆ ਦੇ ਪ੍ਰਭਾਵ ਨਾਲ ਕਰਨੀ ਵੀ ਕਿਸੇ ਤਕੜੇ ਘਰ ਚਾਹੁੰਦਾ ਸੀ ਪਰ ਮੁੰਡਾ ਨਹੀਂ ਸੀ ਲੱਭ ਰਿਹਾ। ਕਾਰ, ਚੇਨੀਆਂ, ਵੰਗਾਂ ਤੇ ਕੜਿਆਂ ਨਾਲ ਧੀ ਦੀ ਕਰੂਪਤਾ ਤੇ ਮਧਰਾਪਨ ਢਕਣਾ ਚਾਹੁੰਦਾ ਸੀ।
ਮੇਰੇ ਗਵਾਂਢ ਹੀ ਉਸ ਦੀ ਘਰਵਾਲੀ ਦੀ ਮਾਸੀ ਦੀ ਧੀ ਵਿਆਹੀ ਹੋਈ ਸੀ। ਉਹ ਹਰ ਸਾਲ ਪਤਨੀ ਸਮੇਤ ਉਸ ਨੂੰ ਮਿਲਣ ਆਉਂਦਾ ਸੀ ਪਰ ਮੈਨੂੰ ਕਦੀ ਮਿਲਣ ਨਹੀਂ ਸੀ ਆਇਆ। ਜਦੋਂ ਇਸ ਵਾਰ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਤਾਂ ਉਨ੍ਹਾਂ ਨੂੰ ਵੀ ਮੁੰਡੇ ਦੀ ਦੱਸ ਪਾਉਣ ਲਈ ਕਿਹਾ। ਉਨ੍ਹਾਂ ਨੇ ਮੇਰੇ ਮੁੰਡੇ ਦੀ ਦੱਸ ਪਾ ਦਿੱਤੀ ਜਿਸ ਨੇ ਬੀ.ਟੈੱਕ ਕੀਤੀ ਹੋਈ ਸੀ। ਉਹ ਆਪਣੀ ਹੈਂਕੜ ਦੇ ਉਲਟ ਮੈਨੂੰ ਮਿਲਣ ਆ ਗਿਆ ਤੇ ਕਿਸੇ ਮੁੰਡੇ ਦੀ ਦੱਸ ਪਾਉਣ ਲਈ ਕਿਹਾ (ਅਸਿੱਧੇ ਤੌਰ `ਤੇ ਮੇਰੇ ਮੁੰਡੇ ਵੱਲ ਧਿਆਨ ਸੀ)। ਹੰਕਾਰ ਕਾਰਨ ਉਹਨੇ ਮੇਰੇ ਮੁੰਡੇ ਦੀ ਸਿੱਧੀ ਗੱਲ ਨਹੀਂ ਸੀ ਕੀਤੀ, ਉਹਨੂੰ ਲਗਦਾ ਸੀ ਕਿ ਉਹਦੀ ਅਮੀਰੀ ਦੇਖ ਕੇ ਮੈਂ ਆਪ ਹੀ ਉਹਨੂੰ ਕਹਿ ਦੇਵਾਂਗਾ- ‘ਮੇਰਾ ਲੜਕਾ ਹੀ ਦੇਖ ਲਓ’।
ਮੈਂ ਕਿਹਾ ਕਿ ਤੁਹਾਡੇ ‘ਮੇਚ’ ਦਾ ਕੋਈ ਰਿਸ਼ਤਾ ਹੋਇਆ ਤਾਂ ਜ਼ਰੂਰ ਦੱਸਾਂਗਾ। ‘ਜ਼ਰੂਰ’, ‘ਜ਼ਰੂਰ’ ਕਹਿ ਕੇ ਉਹ ਚਲਾ ਗਿਆ।
ਮਹੀਨੇ ਕੁ ਬਾਅਦ ਮੈਂ ਉਨ੍ਹਾਂ ਦੇ ਪਿੰਡ ਭੋਗ `ਤੇ ਗਿਆ। ਭੋਗ ਤੋਂ ਬਾਅਦ ਉਸ ਨੇ ਮੈਨੂੰ ਕਿਹਾ, ‘ਸੁਣਾ ਜਸਵੰਤ ਸਿੰਹਾਂ, ਕਿਸੇ ਮੁੰਡੇ ਬਾਰੇ ਪਤਾ ਕੀਤਾ।’ ਮੈਂ ਕਿਹਾ, ‘ਭਾਜੀ ਤੁਹਾਡੇ ‘ਮੇਚ’ ਦਾ ਕੋਈ ਘਰ ਲੱਭੇਗਾ ਤਾਂ ਹੀ ਦੱਸ ਸਕਾਂਗਾ।“
ਕਹਿੰਦਾ- ‘ਕਮਾਲ ਹੋ ਗਈ, ਸਾਡੇ ਮੇਚ ਦਾ ਕੋਈ ਬੰਦਾ ਹੀ ਨਹੀਂ ਮਿਲਦਾ।’
ਇਉਂ, ਜੋ ਉਹ ਚਾਹੁੰਦਾ ਸੀ, ਉਸ ਦੀ ਖਾਹਿਸ਼ ਪੂਰੀ ਨਾ ਹੋਈ ਪਰ ਮੈਨੂੰ ਪੁਰਾਣਾ ਵੇਲਾ ਸਭ ਯਾਦ ਸੀ।
… ਕੌਣ ਜਾਣੇ, ਕਿਸ ਮੋੜ ਤੋਂ ਜ਼ਿੰਦਗੀ ਕਿਸ ਪਾਸੇ ਬਦਲ ਜਾਣੀ ਹੈ। ਇਸ ਲਈ ਕਦੀ ਕਿਸੇ ਨੂੰ ਆਪਣੇ ਤੋਂ ਮਾੜਾ ਨਾ ਸਮਝੋ। ਕਿਸੇ ਨੇ ਠੀਕ ਹੀ ਕਿਹਾ ਹੈ-ਹੰਕਾਰ ਦਾ ਸਿਰ ਨੀਵਾਂ।