ਖੇਡ-ਖਿਡਾਰੀ ਅਤੇ ਮਨੋਵਿਗਿਆਨ

ਰਵਿੰਦਰ ਚੋਟ, ਫਗਵਾੜਾ
ਫੋਨ: 91-98726-73703
ਕਿਸੇ ਵੀ ਅਹਿਮ ਪ੍ਰਾਪਤੀ ਲਈ ਸਰੀਰ ਤੇ ਮਨ ਦਾ ਇਕ ਮਿਕ ਹੋਣਾ ਬਹੁਤ ਜਰੂਰੀ ਹੈ। ਮਨ ਦੀ ਇਕਾਗਰਤਾ ਤੋਂ ਬਿਨਾ ਸਰੀਰ ਨੂੰ ਵੀ ਸਾਧਿਆ ਨਹੀਂ ਜਾ ਸਕਦਾ। ਇਕੱਲੀ ਸਰੀਰਕ ਸਾਧਨਾ ਉਨੀ ਦੇਰ ਪ੍ਰਾਪਤੀ ਦਾ ਕੋਈ ਦਰ ਨਹੀਂ ਖੋਲ੍ਹਦੀ, ਜਿਨੀ ਦੇਰ ਉਸ ਨੂੰ ਮਾਨਸਿਕ ਊਰਜਾ ਸਾਥ ਨਹੀਂ ਦਿੰਦੀ। ਸਰੀਰ ਤੇ ਮਨ ਦੋਹਾਂ ਨੂੰ ਸਾਧ ਕੇ ਵੱਡੇ ਸਰ ਪਾਰ ਕੀਤੇ ਜਾ ਸਕਦੇ ਹਨ, ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਨੂੰ ਨੀਚਾ ਦਿਖਾਇਆ ਜਾ ਸਕਦਾ ਹੈ ਤੇ ਕੁਦਰਤ ਦੀਆਂ ਹੋਣੀਆਂ ਨਾਲ ਵੀ ਮੱਥਾ ਲਾ ਕੇ ਕਾਬੂ ਪਾਇਆ ਜਾ ਸਕਦਾ ਹੈ।

ਮਨ ਤੇ ਸਰੀਰ ਇਕੱਠਿਆਂ ਦੀ ਇਕੋ ਸੇਧ ਵਿਚ ਤਪੱਸਿਆ ਸਿਰਫ ਨਾਥਾਂ-ਯੋਗੀਆਂ ਲਈ ਹੀ ਨਹੀਂ ਲੋੜੀਂਦੀ, ਸਗੋਂ ਅੱਜ ਵੀ ਜ਼ਿੰਦਗੀ ਦੇ ਹਰ ਖੇਤਰ ਵਿਚ ਰੰਗ ਭਰਨ ਲਈ ਜਰੂਰੀ ਹੈ। ਧਿਆਨ ਧਰ ਕੇ ਕੀਤੀ ਮਿਹਨਤ ਮਾਣ ਮੱਤੀਆਂ, ਮਾਨਵਤਾਵਾਦੀ ਪ੍ਰਾਪਤੀਆਂ ਦੇ ਰਾਹ ਖੋਲ੍ਹਦੀ ਹੈ-ਖੇਤਰ ਭਾਵੇਂ ਸਾਹਿਤ ਦਾ ਹੋਵੇ, ਆਰਥਕ ਹੋਵੇ, ਖੇਡਾਂ ਦਾ ਹੋਵੇ ਜਾਂ ਕੋਈ ਹੋਰ ਹੋਵੇ। ਮਨ ਤੇ ਸਰੀਰ ਦੀ ਇਕਾਗਰਤਾ ਹੀ ਕਿਸੇ ਮਨੁੱਖ ਨੂੰ ਆਮ ਤੋਂ ਖਾਸ ਮਨੁੱਖ ਬਣਾਉਂਦੀ ਹੈ, ਸਾਡੀਆਂ ਅੰਦਰਲੀਆਂ ਸੰਭਾਵਨਾਵਾਂ ਨੂੰ ਵਿਸਥਾਰ ਦੇ ਕੇ ਵਿਰਾਟ ਰੂਪ ਦਿੰਦੀ ਹੈ ਤਾਂ ਧੰਨ ਧੰਨ ਹੋ ਜਾਂਦੀ ਹੈ। ਖਾਸ ਕਰਕੇ ਖੇਡ ਦੇ ਮੈਦਾਨਾਂ ਵਿਚ ਵੱਡੀਆਂ ਪ੍ਰਾਪਤੀਆਂ ਲਈ ਵੱਡਾ ਰੋਲ ਅਦਾ ਕਰਦੀ ਹੈ। ਇਸ ਮੰਤਵ ਲਈ ਸਾਨੂੰ ਖੇਡ ਮਨੋਵਿਗਿਆਨ ਦਾ ਸਹਾਰਾ ਲੈਣਾ ਪੈਂਦਾ ਹੈ।
ਇਸ ਗੱਲ ਨੂੰ ਸਮਝਦਿਆਂ 1920 ਈਸਵੀ ਵਿਚ ਜਰਮਨੀ ਦੇ ਮਨੋਵਿਗਿਆਨੀ ਕਾਰਲ ਡੀਮ ਨੇ ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਇਕ ਸਪੋਰਟਸ ਮਨੋਵਿਗਿਆਨ ਦੀ ਪ੍ਰਯੋਗਸ਼ਾਲਾ ਖੋਲ੍ਹ ਕੇ ਖਿਡਾਰੀਆਂ `ਤੇ ਤਜਰਬੇ ਕਰਨੇ ਸ਼ੁਰੂ ਕੀਤੇ ਕਿ ਕਿਵੇਂ ਮਨੋਵਿਗਿਆਨ ਖਿਡਾਰੀਆਂ ਦੀ ਆਪਣੀ ਯੋਗਤਾ ਤੇ ਸਮਰੱਥਾ ਦੇ ਬਰਾਬਰ ਦੀ ਪ੍ਰਾਪਤੀ ਕਰਨ ਵਿਚ ਮਦਦ ਕਰ ਸਕਦੀ ਹੈ। ਇਸ ਤੋਂ ਬਾਅਦ 1923 ਈਸਵੀ ਵਿਚ ਇਲੀਨਾਏ ਯੂਨੀਵਰਸਿਟੀ ਵਿਚ ਮਨੋਵਿਗਿਆਨੀ ਕੋਲਮਨ ਗ੍ਰਿਫਤ ਨੇ ਵੀ ਇਸ ਵਿਸ਼ੇ ਨੂੰ ਪੜ੍ਹਾਉਣ ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਖਿਡਾਰੀਆ ਤੇ ਕੋਚਾਂ ਨੂੰ ਮਨੋਵਿਗਿਆਨਕ ਦਾਅ-ਪੇਚ ਸਿਖਾਉਣੇ ਸ਼ੁਰੂ ਕੀਤੇ। 1925 ਈਸਵੀ ਵਿਚ ਲੈਨਿਨਗ੍ਰਾਡ ਇੰਸਟੀਚਿਊਟ ਆਫ ਫਿਜ਼ੀਕਲ ਕਲਚਰ ਨਾਮ ਦੀ ਪ੍ਰਯੋਗਸ਼ਾਲਾ ਮਨੋਵਿਗਿਆਨੀ ਏ. ਜ਼ੈਡ. ਪੁਨੀ ਦੁਆਰਾ ਸ਼ੁਰੂ ਕੀਤੀ ਗਈ। ਉਸ ਨੇ ਖੇਡ ਦੇ ਸਬੰਧ ਵਿਚ ਮਨੋਵਿਗਿਆਨਕ ਤਜਰਬੇ ਕਰ ਕੇ ਕਈ ਖੇਡਾਂ ਲਈ ਲਾਭਵੰਦ ਸਿੱਟੇ ਕੱਢੇ ਅਤੇ ਇਸ `ਤੇ ਇਕ ਕਿਤਾਬ ਵੀ ਲਿਖੀ, ਪਰ ਫੰਡਾਂ ਦੀ ਘਾਟ ਕਾਰਨ ਇਹ ਕੰਮ ਉਸ ਨੂੰ 1932 ਵਿਚ ਬੰਦ ਕਰਨਾ ਪਿਆ। ਇਸ ਖੇਤਰ ਵਿਚ ਖੋਜ ਵਿਚ ਲੰਬੀ ਖੜੋਤ ਆ ਗਈ।
1965 ਵਿਚ ਅਮਰੀਕਾ ਦੇ ਮਨੋਵਿਗਿਆਨੀ ਫੈਰੂਸੀਓ ਐਂਟੇਲੀ ਨੇ ਸਪੋਰਟਸ ਸਾਇਕਾਲੋਗੀ ਇੰਟਰਨੈਸ਼ਨਲ ਸੁਸਾਇਟੀ ਬਣਾਈ, ਜੋ ਅੱਜ ਤਕ ਇਸ ਖੇਤਰ ਵਿਚ ਕੰਮ ਕਰ ਰਹੀ ਹੈ। ਭਾਰਤ ਵਿਚ ਸਪੋਰਟਸ ਸਾਇਕਾਲੋਜੀ ਐਸੋਸੀਏਸ਼ਨ ਆਫ ਇੰਡੀਆ 1977 ਈਸਵੀ ਵਿਚ ਬਣਾਈ ਗਈ। ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਵਿਚ ਇਸ ਵਿਸ਼ੇ `ਤੇ ਪੜ੍ਹਾਈ ਸ਼ੁਰੂ ਕਰਵਾਈ ਗਈ ਹੈ, ਖੋਜਾਂ ਵੀ ਹੋ ਰਹੀਆਂ ਹਨ, ਪਰ ਅਜੇ ਵੀ ਜਿੰਨੀ ਲੋੜ ਹੈ, ਉਨਾ ਕੰਮ ਨਹੀਂ ਹੋ ਰਿਹਾ। ਇੱਥੇ ਅਜੇ ਵੀ ਇਹੀ ਸਮਝਿਆ ਜਾਂਦਾ ਹੈ ਕਿ ਮਨੋਵਿਗਿਆਨ ਦੀ ਲੋੜ ਸਿਰਫ ਉਦੋ ਹੀ ਪੈਂਦੀ ਹੈ, ਜਦੋ ਕਿਸੇ ਖਿਡਾਰੀ ਨੂੰ ਕੋਈ ਮਾਨਸਿਕ ਸਮੱਸਿਆ ਹੋਵੇ। ਖਿਡਾਰੀ ਵੀ ਮਨੋਵਿਗਿਆਨੀ ਦੀ ਮਦਦ ਲੈਣ ਤੋਂ ਇਸ ਕਰਕੇ ਡਰਦੇ ਹਨ ਕਿ ਉਨ੍ਹਾਂ ਨੂੰ ਰੋਗੀ ਨਾ ਸਮਝ ਲਿਆ ਜਾਵੇ। ਅਜੇ ਵੀ ਮਾਹਰ ਸਪੋਰਟਸ ਮਨੋਵਿਗਿਆਨੀਆਂ ਦੀ ਵੱਡੀ ਘਾਟ ਹੈ ਅਤੇ ਇਹ ਸਾਡੇ ਦੇਸ਼ ਦੀਆਂ ਖੇਡਾਂ ਵਿਚ ਪ੍ਰਾਪਤੀਆਂ ਦੀ ਇਕ ਕਮਜ਼ੋਰ ਕੜੀ ਹੈ।
ਖਿਡਾਰੀਆਂ ਨੂੰ ਸਿਧਾਉਣ ਵਾਲੇ ਕੋਚਾਂ ਨੇ ਆਪਣੇ ਤਜਰਬਿਆਂ ਦੇ ਨਿਚੋੜ ਵਿਚੋਂ ਇਹ ਗੱਲ ਕੱਢੀ ਹੈ ਕਿ ਕਈ ਵਾਰੀ ਸਰੀਰਕ ਤਾਕਤ ਅਤੇ ਮਿਹਨਤ ਨੂੰ ਦਿੱਤਾ ਸਮਾਂ ਬਰਾਬਰ ਹੋਣ ਦੇ ਬਾਵਜੂਦ ਦੋ ਖਿਡਾਰੀਆਂ ਦੀ ਪ੍ਰਾਪਤੀ ਵਿਚ ਬਹੁਤ ਫਰਕ ਰਹਿ ਜਾਂਦਾ ਹੈ। ਇਸ ਦਾ ਹੱਲ ਲੱਭਣ ਲਈ ਮਨੋਵਿਗਿਆਨੀ ਮਦਦ ਲਈ ਆਉਂਦੇ ਹਨ। ਸਭ ਤੋਂ ਪਹਿਲਾਂ ਇਹ ਦੇਖਣ ਦੀ ਲੋੜ ਹੈ ਕਿ ਕੋਈ ਖਿਡਾਰੀ ਆਪਣਾ ਨਿਸ਼ਾਨਾ ਸਹੀ ਮਿੱਥਦਾ ਹੈ ਤੇ ਉਸ ਮਿਥੇ ਹੋਏ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਲੋੜੀਂਦੀ ਮਿਹਨਤ ਦੇ ਨਾਲ ਨਾਲ ਉਸ ਨਿਸ਼ਾਨੇ `ਤੇ ਆਪਣੇ ਮਨ ਨੂੰ ਵੀ ਇਕਾਗਰ ਕਰਦਾ ਹੈ। ਇਥੇ ਸਾਨੂੰ ਮਹਾਂ-ਭਾਰਤ ਵਿਚ ਅਰਜਨ ਦੇ ਮਛਲੀ ਦੀ ਅੱਖ ਵਿਚ ਤੀਰ ਮਾਰਨ ਦੇ ਵਾਕਿਆ ਵਲ ਧਿਆਨ ਦੇਣ ਦੀ ਲੋੜ ਹੈ। ਬਾਕੀ ਯੋਧਿਆਂ ਨੂੰ ਜਦੋਂ ਪੁਛਿਆ ਗਿਆ ਕਿ ਤੁਹਾਨੂੰ ਤੇਲ ਦੇ ਕੜਾਹੇ ਵਿਚ ਕੀ ਦਿਸਦਾ ਹੈ ਤਾਂ ਕਿਸੇ ਦਾ ਜਵਾਬ ਸੀ ‘ਮੱਛਲੀ ਨੂੰ ਘੁਮਾਉਣ ਵਾਲਾ ਚੱਕਰ’ ਤੇ ਕਿਸੇ ਦਾ ਜਵਾਬ ਸੀ ‘ਮੱਛਲੀ’, ਪਰ ਅਰਜਨ ਦਾ ਜਵਾਬ ਸੀ ‘ਸਿਰਫ ਮਛਲੀ ਦੀ ਅੱਖ ਦਿਸਦੀ ਹੈ।’ ਏਨੀ ਇਕਾਗਰਤਾ ਸੀ ਉਸ ਦੀ ਅਸਲ ਨਿਸ਼ਾਨੇ `ਤੇ। ਇਸੇ ਲਈ ਉਹ ਤੇਲ ਦੇ ਕੜਾਹੇ ਵਿਚ ਉਪਰ ਚਲ ਰਹੇ ਚੱਕਰ ਦੇ ਪ੍ਰਛਾਵੇ ਨੂੰ ਵੇਖ ਕੇ ਮਛਲੀ ਦੀ ਅੱਖ ਦਾ ਨਿਸ਼ਾਨਾ ਲਾ ਸਕਿਆ। ਖੇਡ ਦੇ ਮੈਦਾਨ ਵਿਚ ਵੀ ਜਦੋਂ ਸਾਡੇ ਮਨ ਦੀ ਇਕਾਗਰਤਾ ਦੀ ਸੇਧ ਵਿਚ ਸਾਡਾ ਨਿਸ਼ਾਨਾ ਹੋਵੇਗਾ ਤਾਂ ਵੱਡੇ ਮੈਡਲ ਜਰੂਰ ਜਿੱਤੇ ਜਾਣਗੇ। ਊਰਦੂ ਦੇ ਵੱਡੇ ਸ਼ਾਇਰ ਜਨਾਬ ਬਸ਼ੀਰ ਬਦਰ ਨੇ ਲਿਖਿਆ ਹੈ,
ਜਿਸ ਦਿਨ ਸੇ ਚਲਾ ਹੂੰ
ਮੇਰੀ ਮੰਜ਼ਲ ਪੇ ਨਜ਼ਰ ਹੈ,
ਆਂਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ।
ਇਹ ਆਮ ਕਰਕੇ ਵੇਖਿਆ ਗਿਆ ਹੈ ਕਿ ਸਕੂਲਾਂ, ਕਾਲਜਾਂ ਵਿਚ ਵਿਦਿਆਰਥੀਆਂ ਨੂੰ ਖੇਡਾਂ ਲਈ ਤਿਆਰ ਕਰਨ ਸਮਂ ਸਿਆਣੇ ਕੋਚ ਖਿਡਾਰੀ ਦੀ ਸਰੀਰਕ ਯੋਗਤਾ ਨੂੰ ਸਮਝਣ ਦੇ ਨਾਲ ਨਾਲ ਉਸ ਦੇ ਪਿਛੋਕੜ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਉਸ ਦੇ ਮਾਨਸਿਕ ਢਾਂਚੇ ਤੇ ਉਸ ਦੀ ਆਰਥਿਕ ਹਾਲਤ, ਸਮਾਜਿਕ ਹਾਲਤ ਦਾ ਗੂੜ੍ਹਾ ਪ੍ਰਭਾਵ ਪੈਂਦਾ ਹੈ, ਜੋ ਉਸ ਦੀ ਸਰੀਰਕ ਯੋਗਤਾ ਲਈ ਵਾਧਾ ਬਣ ਸਕਦੀ ਹੈ। ਜੇ ਕਿਸੇ ਕੌਮੀ ਜਾਂ ਕੌਮਾਂਤਰੀ ਖਿਡਾਰੀ ਨੂੰ ਰੋਜ਼ੀ ਰੋਟੀ ਲਈ ਦੂਸਰੇ ਦੇ ਖੇਤਾਂ ਵਿਚ ਝੋਨਾ ਲਾਉਣਾ ਪਵੇ ਜਾਂ ਹਮੇਸ਼ਾ ਖੇਡ ਮੈਦਾਨ ਵਿਚ ਜਾ ਕੇ ਘਰ ਦੀ ਭੁੱਖ ਦਾ ਹੀ ਫਿਕਰ ਹੋਵੇ ਤਾਂ ਉਸ ਦਾ ਮਨ ਕਿੰਨਾ ਕੁ ਖੇਡ ਵਿਚ ਲੱਗ ਸਕੇਗਾ ਤੇ ਕਿੰਨੀ ਕੁ ਵੱਡੀ ਪ੍ਰਾਪਤੀ ਹੋ ਸਕੇਗੀ! ਜੇ ਕੋਈ ਖਿਡਾਰੀ ਮੈਦਾਨ ਵਿਚ ਆ ਕੇ ਵੀ ਆਪਣੀਆਂ ਘਰੇਲੂ ਸਮੱਸਿਆਵਾਂ ਬਾਰੇ ਸੋਚਦਾ ਰਿਹਾ ਤਾਂ ਉਹ ਆਪਣੀ ਖੇਡ ਨਾਲ ਪੂਰਾ ਇਨਸਾਫ ਨਹੀਂ ਕਰ ਸਕੇਗਾ। ਉਸ ਦੀ ਸਰੀਰਕ ਤਾਕਤ ਜਿੰਨੀ ਮਰਜ਼ੀ ਵਧੀਆ ਹੋਵੇ, ਪਰ ਉਹ ਆਪਣੇ ਅੰਦਰਲੇ ਖਿਡਾਰੀ ਨੂੰ ਕੰਟਰੋਲ ਨਹੀਂ ਕਰ ਸਕੇਗਾ। ਉਹ ਆਪਣੇ ਗੋਲ `ਤੇ ਇਕਾਗਰ ਨਹੀਂ ਹੋ ਸਕੇਗਾ। ਇਹ ਵੀ ਤਜਰਬੇ ਦੱਸਦੇ ਹਨ ਕਿ ਆਮ ਕਰਕੇ ਖਿਡਾਰੀ ਆਪਣੀ ਸਰੀਰਕ ਸ਼ਕਤੀ ਦਾ ਅੱਧਾ ਹਿੱਸਾ ਵੀ ਵਰਤੋਂ ਵਿਚ ਨਹੀਂ ਲਿਆਉਂਦਾ, ਇਹ ਮਾਨਸਿਕ ਸ਼ਕਤੀ ਹੀ ਹੈ, ਜੋ ਖਿਡਾਰੀ ਨੂੰ ਪੂਰੀ ਸ਼ਕਤੀ ਲਾਉਣ ਲਈ ਪ੍ਰੇਰਦੀ ਹੈ।
ਕਿਸੇ ਵੀ ਕੰਮ ਜਾਂ ਖੇਡ ਵਿਚ ਉਨੀ ਦੇਰ ਖਿਡਾਰੀ ਆਪਣੀ ਯੋਗਤਾ ਨਾਲ ਇਨਸਾਫ ਨਹੀਂ ਕਰ ਸਕਦੇ, ਜਦੋ ਤਕ ਉਹ ਆਪਣੇ ਨਿਸ਼ਾਨੇ `ਤੇ ਕੇਂਦ੍ਰਿਤ ਨਹੀਂ ਹੁੰਦੇ। ਸਰੀਰਕ ਮਸਲਾਂ ਦੀ ਤਰ੍ਹਾਂ ਹੀ ਫੋਕਸ ਵੀ ਸਾਡਾ ਮਾਨਸਿਕ ਮਸਲ ਹੈ, ਜਿੰਨਾ ਇਹ ਤਾਕਤਵਰ ਹੋਵੇਗਾ, ਉਨੀ ਵੱਡੀ ਸਾਡੀ ਖੇਡਾਂ ਵਿਚ ਪ੍ਰਾਪਤੀ ਹੋਵੇਗੀ। ਮਾਨਸਿਕ ਮਸਲ ਨੂੰ ਵੀ ਸਾਧਨਾ ਨਾਲ ਹੀ ਤਾਕਤਵਰ ਕੀਤਾ ਜਾ ਸਕਦਾ ਹੈ। ਅਸਲ ਵਿਚ ਮੈਦਾਨ ਵਿਚ ਬਹੁਤ ਕੁਝ ਅਜਿਹਾ ਵਰਤਾਰਾ ਚੱਲ ਰਿਹਾ ਹੁੰਦਾ ਹੈ, ਜੋ ਉਸ ਨੂੰ ਆਪਣੇ ਗੋਲ ਦੀ ਪ੍ਰਾਪਤੀ ਵਿਚ ਅੜਚਣ ਬਣ ਰਿਹਾ ਹੁੰਦਾ ਹੈ। ਬਾਹਰੀ ਅੜਚਣਾਂ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਆਪਣੀ ਇਕਾਗਰਤਾ ਗੋਲ `ਤੇ ਵਧਾਉਣ ਦੀ ਲੋੜ ਹੁੰਦੀ ਹੈ। ਗੋਲ ਪ੍ਰਾਪਤੀ ਲਈ ਜਿਥੇ ਖਿਡਾਰੀ ਨੂੰ ਬਾਹਰਲੀਆਂ ਅੜਚਣਾਂ ਨਾਲ ਲੜਨਾ ਪੈਦਾ ਹੈ, ਉਥੇ ਉਸ ਨੂੰ ਆਪਣੇ ਅੰਦਰ ਚਲ ਰਹੀਆਂ ਮਾਨਸਿਕ ਅੜਚਣਾਂ ਨਾਲ ਵੀ ਜੂਝਣਾ ਪੈਦਾ ਹੈ। ਖੇਡ ਦੇ ਮੈਦਾਨ ਵਿਚ ਕੁਝ ਮਨੋਵਿਗਿਆਨਕ ਕਾਰਕ ਕਿਵੇਂ ਖਿਡਾਰੀ ਦੀ ਖੇਡ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਖਿਡਾਰੀ ਆਪਣੀ ਸਭ ਤੋਂ ਵਧੀਆ ਖੇਡ ਦਾ ਪ੍ਰਦਰਸ਼ਨ ਕਿਵੇਂ ਕਰ ਸਕਦਾ ਹੈ-ਅਸਲ ਵਿਚ ਖੇਡ ਮਨੋਵਿਗਿਆਨੀ ਇਸੇ ਦੀ ਖੋਜ ਕਰਕੇ ਖਿਡਾਰੀ ਦੀ ਮਦਦ ਕਰਦਾ ਹੈ। ਮਨੋ ਵਿਗਿਆਨੀ ਇਸ ਗੱਲ ਦਾ ਵੀ ਸਰਵੇਖਣ ਕਰਦਾ ਹੈ ਕਿ ਖਿਡਾਰੀ ਦੀ ਖੇਡ ਤੇ ਕਿਸੇ ਮਾਨਸਿਕ ਵਿਗਾੜ, ਉਦਾਸੀ, ਚਿੰਤਾ ਅਤੇ ਉਸ ਦੀ ਆਰਥਿਕ ਹਾਲਤ ਦਾ ਕੀ ਪ੍ਰਭਾਵ ਪੈਦਾ ਹੈ! ਹੋਰ ਕਾਰਕਾਂ ਵਿਚ ਉਸ ਨਾਲ ਹੋਈ ਕਿਸੇ ਧੱਕੇਸ਼ਾਹੀ ਜਾਂ ਪ੍ਰੇਸ਼ਾਨੀ, ਮੁਕਾਬਲੇ ਦੀ ਚਿੰਤਾ, ਆਪਣੇ ਹਾਣੀ ਖਿਡਾਰੀਆਂ ਦਾ ਦਬਾਅ, ਜ਼ਿੰਦਗੀ ਦੇ ਹੋਰ ਖੇਤਰਾਂ ਵਿਚ ਸਮੱਸਿਆਵਾਂ, ਪ੍ਰੇਰਨਾ ਦੀ ਘਾਟ, ਮਾਪਿਆਂ ਤੇ ਕੋਚਾਂ ਦਾ ਦਬਾਅ ਉਸ ਦੀ ਖੇਡ `ਤੇ ਅਸਰ ਪਾ ਸਕਦਾ ਹੈ। ਜੇ ਕਿਸੇ ਸਮੇਂ ਖਿਡਾਰੀ ਦੇ ਕੋਈ ਸੱਟ ਲੱਗਣ ਕਾਰਨ ਸਦਮੇ ਵਿਚ ਚਲੇ ਜਾਵੇ ਤਾਂ ਵੀ ਸਦਮੇ ਵਿਚੋਂ ਕੱਢਣ ਲਈ ਮਨੋਵਿਗਿਆਨੀ ਮਦਦ ਕਰਦੇ ਹਨ।
ਜ਼ਿੰਦਗੀ ਵਿਚ ਮਾਨਸਿਕ ਦਬਾਅ ਤਾਂ ਹਰ ਮਨੁੱਖ ਨੂੰ ਝੱਲਣਾ ਪੈਂਦਾ ਹੈ, ਪਰ ਖਿਡਾਰੀਆਂ ਵਿਚ ਇਸ ਨੂੰ ਝੱਲਣ ਦੇ ਮੌਕੇ ਅਤੇ ਤੀਬਰਤਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਉਸ ਦੀ ਸੋਚ, ਮਹਿਸੂਸ ਕਰਨ ਦੀ ਕ੍ਰਿਆ ਅਤੇ ਮੂੜ ਨੂੰ ਪ੍ਰਭਾਵਿਤ ਕਰਦੇ ਹਨ। ਸੰਨ 2013 ਵਿਚ ਫੁਟਬਾਲ ਨਾਲ ਸਬੰਧਤ ਸਾਰੇ ਸੰਸਾਰ ਪੱਧਰ ਦੀ ਇਕ ਸੰਸਥਾ ਨੇ ਇਕ ਸਰਵੇਖਣ ਕੀਤਾ। ਉਨ੍ਹਾਂ ਨੇ 607 ਫੁਟਬਾਲ ਖਿਡਾਰੀਆਂ ਦੇ ਇਕ ਗਰੁੱਪ, ਜਿਨ੍ਹਾਂ ਵਿਚ ਨਵੇਂ ਅਤੇ ਸਾਬਕਾ ਖਿਡਾਰੀ ਸ਼ਾਮਲ ਸਨ ਤੇ ਉਮਰ 27 ਤੋਂ 35 ਸਾਲ ਸੀ, ਉਨ੍ਹਾਂ ਦੀ ਖੇਡ ਦਾ ਸਮਾਂ 8 ਤੋਂ 12 ਸਾਲ ਸੀ, ਉਤੇ ਤਜਰਬੇ ਕੀਤੇ। ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਵਿਚ 15% ਤੋਂ 18% ਵਿਚ ਉਦਾਸੀ ਦੇ ਲੱਛਣ ਪਾਏ ਗਏ, 38% ਵਿਚ ਘੋਰ ਉਦਾਸੀ ਤੇ ਚਿੰਤਾ ਪਾਈ ਗਈ। ਉਨ੍ਹਾਂ ਵਿਚੋਂ ਮੌਜੂਦਾ ਖਿਡਾਰੀਆਂ ਵਿਚ 9% ਅਤੇ ਸਾਬਕਾ ਖਿਡਾਰੀਆਂ ਵਿਚੋਂ 25% ਉਦਾਸੀ ਦੂਰ ਕਰਨ ਲਈ ਅਲਕੋਹਲ ਦੀ ਵਰਤੋਂ ਕਰਦੇ ਸਨ। ਇਹ ਵੀ ਵੇਖਿਆ ਗਿਆ ਕਿ ਡਿਪ੍ਰੈਸ਼ਨ ਕਾਰਨ 23% ਤੋਂ 28% ਨੂੰ ਨੀਂਦ ਪੂਰੀ ਤਰ੍ਹਾਂ ਨਹੀਂ ਆਉਂਦੀ ਸੀ, ਜਿਸ ਕਾਰਨ ਉਹ ਆਪਣੀ ਖੇਡ ਵਿਚ ਬਣਦੀ ਪੂਰੀ ਪ੍ਰਾਪਤੀ ਨਹੀਂ ਕਰ ਸਕਦੇ ਸਨ। ਇਸੇ ਤਰ੍ਹਾਂ 2015 ਵਿਚ 540 ਫੁਟਬਾਲਰਾਂ ਦਾ ਸਰਵੇਖਣ ਕੀਤਾ ਗਿਆ, ਜੋ ਪੰਜ ਦੇਸ਼ਾਂ ਨਾਲ ਸਬੰਧਤ ਸਨ। ਨੌਰਵੇ ਦੇ 43% ਖਿਡਾਰੀਆਂ ਵਿਚ ਚਿੰਤਾ ਅਤੇ ਡਿਪ੍ਰੈਸ਼ਨ ਪਾਈ ਗਈ। ਸਪੇਨ ਦੇ 33% ਖਿਡਾਰੀ ਨੀਂਦ ਦੀਆਂ ਸਮੱਸਿਆਵਾਂ ਤੋਂ ਦੁੱਖੀ ਸਨ। ਫਿਨਲੈਂਡ, ਫਰਾਂਸ ਅਤੇ ਸਵੀਡਨ ਦੇ ਖਿਡਾਰੀਆਂ ਵਿਚ ਵੀ ਇਹੋ ਜਿਹੀਆਂ ਹੀ ਸਮੱਸਿਆਵਾਂ ਪਾਈਆਂ ਗਈਆਂ।
ਜਿਹੜੇ ਕੋਚ ਖਿਡਾਰੀ ਨੂੰ ਮੈਦਾਨ ਵਿਚ ਭੇਜਣ ਵੇਲੇ ਉਸ ਅੰਦਰਲੀ ਸਕਾਰਾਤਮਕ ਮਾਨਸਿਕ ਸ਼ਕਤੀ ਨੂੰ ਪ੍ਰਚੰਡ ਕਰ ਦਿੰਦੇ ਹਨ, ਉਹ ਖਿਡਾਰੀ ਫਤਿਹ ਪਾਉਂਦੇ ਹਨ। ਇਹ ਵੀ ਨੋਟ ਕੀਤਾ ਗਿਆ ਕਿ ਇਕ ਕਾਲਜ ਦੀ ਫੁਟਬਾਲ ਦੀ ਟੀਮ ਦੇ ਕੋਚ ਆਪਣੀ ਟੀਮ ਨੂੰ ਮੈਚ ਤੋਂ ਪਹਿਲਾਂ ਕਾਲਜ ਦੇ ਉਸ ਕਮਰੇ ਵਿਚ ਲਿਜਾ ਕੇ ਯੋਧਿਆਂ ਦੀਆਂ ਵਾਰਤਾਵਾਂ ਸੁਣਾ ਕੇ ਖਿਡਾਰੀਆਂ ਵਿਚ ਜੋਸ਼ ਭਰਦੇ ਸਨ, ਉਨ੍ਹਾਂ ਦੇ ਮਨ ਨੂੰ ਪ੍ਰਚੰਡ ਕਰਦੇ ਸਨ। ਟੀਮ ਵੱਡੇ ਕਾਰਨਾਮੇ ਕਰ ਜਾਂਦੀ ਸੀ। ਸਾਡਾ ਸਰੀਰ ਹਾਰਡਵੇਅਰ ਹੈ ਤੇ ਸਾਡਾ ਮਨ ਇਸ ਦਾ ਸੌਫਟਵੇਅਰ ਹੈ। ਜਿਹੜੇ ਖਿਡਾਰੀ ਮੈਦਾਨ ਫਤਿਹ ਕਰਦੇ ਹਨ, ਉਹ ਆਪਣੇ ਸਰੀਰ ਤੋਂ ਪੂਰਾ ਕੰਮ ਲੈਣ ਲਈ ਆਪਣੇ ਮਾਨਸਿਕ ਢਾਂਚੇ ਨੂੰ ਥੰਮ ਵਾਂਗ ਨਿਰੋਇਆ ਰੱਖਦੇ ਹਨ। ਸਾਡੇ ਦਿਮਾਗ ਤੋਂ ਲੈ ਕੇ ਸਰੀਰ ਦੇ ਸਾਰੇ ਅੰਗ ਮਨ ਸੌਫਟਵੇਅਰ ਦੇ ਇਸ਼ਾਰੇ `ਤੇ ਕੰਮ ਕਰਦੇ ਹਨ। ਹਰ ਮੈਦਾਨ ਫਤਿਹ ਕਰਨ ਲਈ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਚੜ੍ਹਦੀ ਕਲਾ ਦਾ ਫਲਸਫਾ ਇਸੇ ਕਰਕੇ ਦਿੱਤਾ ਸੀ, ਕਿਉਂਕਿ ਉਹ ਬਹੁਤ ਮਹਾਨ ਮਨੋਵਿਗਿਆਨੀ ਸਨ, ਮਨ ਦੀ ਸ਼ਕਤੀ ਨੂੰ ਸਮਝ ਕੇ ਹੀ ਉਨ੍ਹਾਂ ਨੇ ਫਰਮਾਇਆ ਸੀ, “ਮਨ ਜੀਤੈ ਜਗੁ ਜੀਤ॥”
ਜੇ ਖਿਡਾਰੀ ਨਿਰਾਸ਼ਾ, ਭੈਆ ਤੇ ਅਸੁਰੱਖਿਅਤਾ ਬਸ ਨਸ਼ਿਆਂ ਵਲ ਤੁਰਦਾ ਹੈ, ਗੈਂਗਸਟਰਾਂ ਜਾਂ ਹੋਰ ਸਮਾਜ ਵਿਰੋਧੀ ਅਨਸਰਾਂ ਦੇ ਢਹੇ ਚੜ੍ਹਦਾ ਹੈ ਤਾਂ ਇਥੇ ਵੀ ਮਨੋਵਿਗਿਆਨਕ ਪਹੁੰਚ ਦੀ ਘਾਟ ਨਜ਼ਰ ਆਉਂਦੀ ਹੈ। ਭਾਵੇ ਇੱਥੇ ਬੇਰੁਜ਼ਗਾਰੀ, ਸਮੇਂ ਤੇ ਜਿੱਤ ਦਾ ਰਿਵਾਰਡ ਤੇ ਮਾਣ ਸਤਿਕਾਰ ਨਾ ਮਿਲਣਾ, ਖੇਡਾਂ ਵਿਰੋਧੀ ਸਿਆਸਤ ਵੀ ਸਟਰੈਸ ਦਾ ਕਾਰਨ ਬਣਦੇ ਹਨ, ਪਰ ਕਿਤੇ ਨਾ ਕਿਤੇ ਉਨ੍ਹਾਂ ਪ੍ਰਤੀ ਅਪਨਾਏ ਗਏ ਅ-ਮਨੋਵਿਗਿਆਨਕ ਢੰਗ-ਤਰੀਕੇ ਵੀ ਜ਼ਿੰਮੇਵਾਰ ਬਣਦੇ ਹਨ। ਖੇਡਾਂ ਵਿਚ ਕੌਮੀ ਤੇ ਕੌਮਾਂਤਰੀ ਪੱਧਰ `ਤੇ ਵੱਡੀਆਂ ਪ੍ਰਾਪਤੀਆਂ ਕਰਨ ਲਈ ਸਰਕਾਰਾਂ ਨੂੰ ਇਸ ਪਾਸੇ ਵਲ ਬਹੁਤ ਹੀ ਧਿਆਨ ਦੇਣ ਦੀ ਲੋੜ ਹੈ।