ਕੀ ਸੂਰਜ ਮਰ ਗਿਆ ਹੈ…?

ਸੁਰਿੰਦਰ ਗੀਤ
ਕੈਲਗਰੀ, ਕੈਨੇਡਾ
ਤਕਰੀਬਨ ਅੱਧੀ ਸਦੀ ਹੋਣ ਵਾਲੀ ਹੈ ਸੋਹਣਾ ਦੇਸ਼ ਪੰਜਾਬ ਛੱਡ ਕੇ ਆਇਆਂ, ਪਰ ਅੱਜ ਤੱਕ ਸੁਰਤ ਓਥੇ ਹੀ ਹੈ। ਹੋਵੇ ਵੀ ਕਿਉਂ ਨਾ! ਜੜ੍ਹਾਂ ਕਦੇ ਆਪਣੀ ਮਿੱਟੀ ਨੂੰ ਨਹੀਂ ਭੁੱਲਦੀਆਂ। ਆਪਣੇ ਦੇਸ਼ ਦੇ ਲੋਕ, ਪਸ਼ੂ ਪਰਿੰਦੇ ਤੇ ਰੁੱਖ ਓਸੇ ਹੀ ਤਰ੍ਹਾਂ ਚੇਤਿਆਂ ਵਿਚ ਸਮੋਏ ਹੋਏ ਨੇ। ਅਜੇ ਵੀ ਪਿੰਡ ਦੇ ਲੋਕਾਂ ਦੀ ਯਾਦ ਰੋਜ਼ ਸਵੇਰੇ ਦਿਲ ਦੇ ਬੂਹੇ ਦਸਤਕ ਦਿੰਦੀ ਹੈ। ਅਜੇ ਵੀ ਚਿੜੀਆਂ ਦੀ ਚੀਂ ਚੀਂ ਕੋਈ ਗੀਤ ਛੇੜਨ ਲਈ ਮਜਬੂਰ ਕਰਦੀ ਹੈ। ਹਰ ਕਵਿਤਾ ਓਥੋਂ ਹੀ ਉਪਜਦੀ ਹੈ। ਅਜੇ ਵੀ ਚੁੱਲ੍ਹੇ ਮੂਹਰੇ ਬੈਠੀ ਮਾਂ, ਰੋਟੀਆਂ ਪਕਾਉਂਦੀ ਤੇ ਵਰਤਾਉਂਦੀ ਨਜ਼ਰ ਆਉਂਦੀ ਹੈ। ਹਰੀਆਂ ਭਰੀਆਂ ਫਸਲਾਂ ਤੇ ਸਰੋਂ ਦੇ ਖੇਤਾਂ `ਚੋਂ ਆਉਂਦੀ ਮਹਿਕ ਰੱਬ ਨੂੰ ਵੀ ਭੁੱਖ ਲਾਉਂਦੀ ਹੈ। ਕੁਝ ਡੂੰਘਾ ਧਿਆਨ ਧਰਾਂ ਤਾਂ ਹਵਾਵਾਂ ਵਿਚੋਂ ਨਾਨਕ ਬਾਣੀ ਸੁਣਾਈ ਦਿੰਦੀ ਹੈ। ਕਿਸ ਦਾ ਜੀਅ ਕਰਦਾ ਹੈ, ਇਸ ਠੰਡੇ ਮਿੱਠੇ ਪੰਜ ਆਬਾਂ ਵਾਲੇ ਦੇਸ਼ ਨੂੰ ਛੱਡ ਕੇ ਆਉਣ ਨੂੰ। ਕਹਿੰਦੇ ਨੇ ਜੇ ਆਪਣੇ ਦੇਸ਼ ਵਿਚ ਹੀ ਚੋਗਾ ਮਿਲੇ ਤਾਂ ਕੋਈ ਪੰਛੀ ਬੇਗਾਨੀ ਝਾਕ ਕਿਉਂ ਰੱਖੇ! ਮੈਂ ਵੀ ਚੰਗੀ ਰੋਟੀ ਦੀ ਤਾਲਾਸ਼ ਵਿਚ ਦੇਸ਼ ਛੱਡ ਉਡਾਰੀ ਮਾਰ ਲਈ।

ਮੈਂ ਰੋਜ਼ ਖਬਰਾਂ ਪੜ੍ਹਦੀ ਹਾਂ, ਰੋਜ਼ ਖਬਰਾਂ ਸੁਣਦੀ ਹਾਂ। ਅਕਸਰ ਸੋਚ ਮੇਰੇ ਮਨ ਨੂੰ ਘੇਰਾ ਪਾਈ ਰੱਖਦੀ ਹੈ ਕਿ ਓਧਰੋਂ ਕੋਈ ਚੱਜ ਦੀ ਖਬਰ ਆਵੇਗੀ, ਮਨ ਖਿੜ ਜਾਵੇਗਾ, ਪਰ ਕਦੇ ਕੋਈ ਚੰਗੀ ਖਬਰ ਨਹੀਂ ਆਉਂਦੀ। ਦੇਸ਼ ਨੂੰ ਆਜ਼ਾਦ ਹੋਇਆਂ ਪੌਣੀ ਸਦੀ ਹੋ ਗਈ ਹੈ, ਲੋਕਾਂ ਦੀਆਂ ਪੀੜਾਂ, ਤੰਗੀਆਂ ਤੁਰਸ਼ੀਆਂ ਦੇਖ ਕੇ ਇਉਂ ਲੱਗਦਾ ਹੈ ਜਿਵੇਂ ਅਜੇ ਵੀ ਦੇਸ਼ ਗੁਲਾਮ ਹੋਵੇ। ਪੰਜਾਬ ਨੇ ਆਪਣੇ ਪਿੰਡੇ `ਤੇ ਕੀ ਕੀ ਮਾਰਾਂ ਝੱਲੀਆਂ ਤੇ ਕੀ ਕੀ ਝੱਲ ਰਿਹਾ ਹੈ?
ਇਤਿਹਾਸ ਦੱਸਦਾ ਹੈ ਕਿ ਅੰਗਰੇਜ਼ਾਂ ਹੱਥੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਜੋ ਖੂਨ ਡੁੱਲ੍ਹਿਆ, ਉਸ ਵਿਚ 90% ਤੋਂ ਜਿ਼ਆਦਾ ਖੂਨ ਪੰਜਾਬੀਆਂ ਦਾ ਹੈ। ਜੱਲ੍ਹਿਆਂ ਵਾਲੇ ਬਾਗ ‘ਚ ਡੁੱਲ੍ਹੇ ਪੰਜਾਬੀਆਂ ਦੇ ਖੂਨ ਦਾ ਬਦਲਾ ਲੈਂਦਾ ਹੈ ਤਾਂ ਪੰਜਾਬ ਦਾ ਸ਼ੇਰ ਪੁੱਤ ਊਧਮ ਸਿੰਘ ਲੰਡਨ ਜਾ ਕੇ ਭਰੇ ਹਾਲ ਵਿਚ ਜਨਰਲ ਡਾਇਰ ਦੇ ਸੀਨੇ ਵਿਚ ਠਾਹ ਠਾਹ ਗੋਲੀਆਂ ਮਾਰ ਕੇ ਲੈਂਦਾ ਹੈ। ਆਜ਼ਾਦੀ ਦੀ ਪ੍ਰਾਪਤੀ ਲਈ ਗਦਰੀ ਬਾਬਿਆਂ ਦੀ ਲਾਈ ਜਾਗ, ਛੋਟੀ ਉਮਰੇ ਹੀ ਫਾਂਸੀ ਦਾ ਰੱਸਾ ਚੁੰਮ ਕੇ ਦੇਸ਼ ਦੇ ਨੌਜਵਾਨਾਂ ਦੇ ਹਿਰਦਿਆਂ ਵਿਚ ਕਰਤਾਰ ਸਿੰਘ ਸਰਾਭਾ ਨੇ ਇਕ ਚਿਣਗ ਬਾਲੀ ਤੇ ਉਸ ਚਿਣਗ `ਚੋਂ ਭਗਤ ਸਿੰਘ ਦੇ ਰੂਪ ਵਿਚ ਇਕ ਲਾਟ ਉੱਭਰੀ, ਜਿਸ ਨੇ ਬੋਲੀ ਅੰਗਰੇਜ਼ੀ ਹਕੂਮਤ ਦੇ ਕੰਨ ਖੋਲ੍ਹਣ ਲਈ ਅਸੈਂਬਲੀ `ਤੇ ਬੰਬ ਸੁੱਟਿਆ ਤੇ ਆਪਣੇ ਖੂਨ ਦਾ ਦੀਵਾ ਸਤਲੁਜ ਕੰਢੇ ਬਾਲਿਆ, ਜੋ ਆਉਣ ਵਾਲੇ ਸਮੇਂ ਵਿਚ ਆਜ਼ਾਦੀ ਦੀ ਲੜਾਈ ਵਿਚ ਜੂਝਣ ਵਾਲੇ ਮਰਜੀਵੜਿਆਂ ਦੇ ਰਾਹ ਰੁਸ਼ਨਾਉਂਦਾ ਰਿਹਾ।
ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ। ਲਾਲ ਕਿਲੇ `ਤੇ ਪਿਆਰਾ ਤਿਰੰਗਾ ਲਹਿਰਾਉਣ ਲੱਗਾ।
ਜਿਉਂ ਹੀ ਆਜ਼ਾਦੀ ਦਾ ਬਿਗਲ ਵੱਜਿਆ, ਪੰਜਾਬ ਦੀ ਹਿੱਕ `ਤੇ ਰਾਜਨੀਤੀ ਦਾ ਅਜਿਹਾ ਕੁਹਾੜਾ ਚੱਲਿਆ ਕਿ ਪੰਜਾਬ ਦੀ ਧੜ ਦੇ ਦੋ ਟੋਟੇ ਹੋ ਗਏ। ਇਕ ਪੰਜਾਬ ਰਹਿ ਗਿਆ ਤੇ ਦੂਸਰਾ ਪਾਕਿਸਤਾਨ ਦੇਸ਼ ਬਣ ਗਿਆ। ਵਾਹ ਨੀ ਰਾਜਨੀਤੀਏ! ਕੀ ਕਰ ਵਿਖਾਇਆ। ਇਕ ਸਰੀਰ ਦੇ ਦੋ ਟੋਟੇ! ਕਿਸੇ ਨੇ ਨਹੀਂ ਸੀ ਚਾਹਿਆ ਕਿ ਅਜਿਹਾ ਹੋਵੇ। ਹਿੰਦੂ, ਸਿੱਖ ਤੇ ਮੁਸਲਮਾਨ ਜੋ ਭਰਾਵਾਂ ਦੀ ਤਰ੍ਹਾਂ ਰਹਿੰਦੇ ਸਨ, ਇਕ ਦੂਸਰੇ ਦੇ ਦੁਸ਼ਮਣ ਬਣ ਗਏ। ਕਿੰਨੀ ਵੱਢ-ਟੁੱਕ ਹੋਈ, ਇਤਿਹਾਸ ਦੇ ਰੱਤੋ ਰੱਤ ਹੋਏ ਪੰਨ੍ਹਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਧੀਆਂ-ਭੈਣਾਂ ਦੀ ਇੱਜ਼ਤ ਏਧਰਲਿਆਂ ਨੇ ਵੀ ਲੁੱਟੀ ਤੇ ਓਧਰਲਿਆਂ ਨੇ ਵੀ ਕਸਰ ਨਹੀਂ ਛੱਡੀ। ਅਜਿਹਾ ਜ਼ਹਿਰੀ ਡੰਗ ਵੱਜਿਆ ਕਿ ਚਾਰੇ ਪਾਸੇ ਨਫਰਤ ਦੀ ਜ਼ਹਿਰ ਫੈਲ ਗਈ। ਧਰਤੀ ਮਾਂ ਦੀ ਆਤਮਾ ਵਿਲਕ ਉਠੀ। ਧਰਤੀ ਲਾਲੋ ਲਾਲ ਹੋ ਗਈ। ਦਰਿਆਵਾਂ ਦੇ ਪਾਣੀਆਂ ਵਿਚ ਲਹੂ ਘੁਲ ਗਿਆ। ਕਿਹਾ ਜਾਂਦਾ ਹੈ ਕਿ ਇਸ ਫਿਰਕੂ ਹਨੇਰੀ ਵਿਚ ਤਕਰੀਬਨ 5 ਲੱਖ ਲੋਕ ਮਰੇ, ਲੱਖਾਂ ਜ਼ਖਮੀ ਹੋਏ ਤੇ ਕਰੋੜਾਂ ਆਪੋ ਆਪਣੇ ਘਰੀਂ ਵਸਦੇ ਘਰੋਂ ਬੇ-ਘਰ ਹੋ ਗਏ ਤੇ ਸ਼ਰਨਾਰਥੀ ਅਖਵਾਏ।
ਸ਼ਬਦਾਂ ਵਿਚ ਇਸ ਦੁਖਾਂਤ ਨੂੰ ਬਿਆਨ ਕਰਨਾ ਬੇਹੱਦ ਮੁਸ਼ਕਿਲ ਜਾਪਦਾ ਹੈ। ਅੱਜ ਵੀ ਲੋਕ ਉਸ ਸਮੇਂ ਨੂੰ ਯਾਦ ਕਰਕੇ ਹੰਝੂ ਕੇਰਦੇ ਹਨ। ਅੱਜ ਵੀ ਅੱਖਾਂ ਲਾਲ ਹਨ। ਹੰਝੂ ਏਧਰ ਵੀ ਹਨ, ਹੰਝੂ ਓਧਰ ਵੀ ਹਨ। ਪੰਜਾਬ ਦੀ ਧੀ ਅੰਮ੍ਰਿਤਾ ਪ੍ਰੀਤਮ ਦੇ ਸੰਵੇਦਨਸ਼ੀਲ ਹਿਰਦੇ ਵਿਚੋਂ ਇਕ ਦਰਦ ‘ਚ ਗੜੁੱਚ ਹੂਕ ਨਿਕਲੀ ਤੇ ਪੌਣਾਂ ਵਿਚ ਘੁਲ ਗਈ। ਉਸ ਨੇ ਪੰਜਾਬੀਅਤ ਦੇ ਸਪੂਤ ਵਾਰਿਸ ਸ਼ਾਹ ਨੂੰ ਅਜਿਹੀਆਂ ਹਾਕਾਂ ਮਾਰੀਆਂ ਕਿ ਧਰਤੀ ਤੇ ਅੰਬਰ ਦਾ ਸੀਨਾ ਪਾਟ ਗਿਆ। ਉਸ ਦੀ ਕਲਮ ਨੇ ਲਹੂ ਦੇ ਹੰਝੂ ਕੇਰੇ।
ਵੇ ਦਰਦਮੰਦਾ ਦਿਆ ਦਰਦੀਆ
ਉੱਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ
ਤੇ ਲਹੂ ਦੀ ਭਰੀ ਚਨਾਬ।
ਪੰਜਾਬ ਦੇ ਵੱਢੇ-ਟੁੱਕੇ ਅੰਗਾਂ `ਚੋਂ ਸਿੰਮਦਾ ਲਹੂ ਸਮੇਂ ਦੀਆਂ ਸਰਕਾਰਾਂ ਨੇ ਪੀਤਾ। ਪੰਜਾਬ ਦੀ ਧਰਤੀ ਮਾਂ ਦੇ ਸਿਰ ਤੋਂ ਚੁੰਨੀ ਲਹਿ ਗਈ। ਲੀੜੇ ਪਾਟ ਗਏ। ਧਰਤੀ ਦੇ ਪੁੱਤਾਂ ਨੇ ਹੀ ਧਰਤੀ ਦੀ ਹਿੱਕ `ਤੇ ਅਜਿਹਾ ਵਹਿਸ਼ੀ ਨਾਚ ਨੱਚਿਆ ਕਿ ਉਸ ਸਭ ਕਾਸੇ ਨੂੰ ਯਾਦ ਕਰਕੇ ਸਮਾਂ ਅੱਜ ਵੀ ਰੋ ਪੈਂਦਾ ਹੈ। ਏਸੇ ਕਰਕੇ ਉਹ ਲੋਕ, ਜਿਨ੍ਹਾਂ ਨੇ ਇਹ ਵਹਿਸ਼ੀ ਮੌਸਮ ਦੀ ਦਰਿੰਦਗੀ ਆਪਣੇ ਤਨਾਂ ਤੇ ਮਨਾਂ ਤੇ ਸਹਿਣ ਕੀਤੀ ਹੈ, ਇਸ ਸਮੇਂ ਨੂੰ ਵੱਡ ਟੁੱਕ ਦੇ ਵੇਲੇ ਨਾਲ ਯਾਦ ਕਰਦੇ ਹਨ। ਪੰਜ ਆਬਾਂ ਦੀ ਧਰਤੀ ਢਾਈ ਆਬਾਂ ਦੀ ਧਰਤੀ ਰਹਿ ਗਈ।
ਮੈਂ ਜਦੋਂ ਤੋਂ ਸੁਰਤ ਸੰਭਾਲੀ ਹੈ, ਕਦੇ ਵੀ ਪੰਜਾਬ ਨਾਲ ਇਨਸਾਫ ਹੁੰਦਾ ਨਹੀਂ ਵੇਖਿਆ। ਪੰਜਾਬ ਜਿਵੇਂ ਬਣਿਆ ਹੀ ਬੇਰਹਿਮੀਆਂ ਝੱਲਣ ਲਈ ਹੋਵੇ। ਪਹਿਲੀ ਨਵੰਬਰ 1966 ਨੂੰ ਪੰਜਾਬ ਦੀ ਧੜ `ਤੇ ਫਿਰ ਆਰਾ ਚੱਲਿਆ। ਇਸ ਵਾਰ ਧਰਮ ਦਾ ਨਹੀਂ, ਬੋਲੀ ਦਾ ਆਰਾ ਸੀ। ਬੋਲੀ ਦੇ ਆਧਾਰ `ਤੇ ਪੰਜਾਬ ਦੇ ਦੋ ਟੋਟੇ ਕਰ ਦਿੱਤੇ ਗਏ। ਸੂਬਾ ਪੰਜਾਬ ਛੋਟੀ ਜਿਹੀ ਸੂਬੀ ਬਣ ਕੇ ਰਹਿ ਗਿਆ। ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਪੰਜਾਬ ਤੋਂ ਬਾਹਰ ਰੱਖਣੇ ਰਾਜਨੀਤੀ ਦਾ ਅਜਿਹਾ ਵਾਰ ਸੀ, ਜਿਸ ਦੀ ਪੀੜ ਪੰਜਾਬ ਦੇ ਅੰਗ-ਅੰਗ `ਚੋਂ ਸਦਾ ਹੀ ਨਿਕਲਦੀ ਰਹੇਗੀ। ਸਭ ਤੋਂ ਵੱਡੀ ਬਦਕਿਸਮਤੀ ਪੰਜਾਬ ਤੇ ਪੰਜਾਬੀ ਦੀ ਇਹ ਹੈ ਕਿ ਪੰਜਾਬੀ ਬੋਲੀ ਤੇ ਭਾਸ਼ਾ ਨਾਲ ਪੰਜਾਬ ਵਿਚ ਬਹੁਤ ਧੱਕਾ ਹੋ ਰਿਹਾ ਹੈ। ਜਾਂ ਇਸ ਤਰ੍ਹਾਂ ਕਹਿ ਲਵੋ ਕਿ ਪੰਜਾਬੀ ਬੋਲੀ ਦੇ ਆਧਾਰ `ਤੇ ਬਣੇ ਪੰਜਾਬੀ ਸੂਬੇ ਵਿਚ ਪੰਜਾਬੀ ਨਹੀਂ ਹੈ। ਪੰਜਾਬੀ ਨੂੰ ਇਸ ਸੂਬੇ ਦੀ ਰਾਣੀ ਹੋਣਾ ਚਾਹੀਦਾ ਸੀ, ਪਰ ਇਹ ਇਸ ਸੂਬੇ ਵਿਚ ਗੋਲੀਆਂ ਵਾਲੀ ਜੂਨ ਹੰਢਾ ਰਹੀ ਹੈ। ਪੰਜਾਬ ਅਜਿਹਾ ਸੂਬਾ ਹੈ, ਜਿੱਥੇ ਸਕੂਲਾਂ ਵਿਚ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਬੋਲਣ `ਤੇ ਜੁਰਮਾਨਾ ਹੁੰਦਾ ਹੈ। ਸ਼ਾਇਦ ਹੀ ਦੁਨੀਆਂ ਦੇ ਕਿਸੇ ਹਿੱਸੇ ਵਿਚ ਅਜਿਹੀ ਪੀੜਾ ਕਿਸੇ ਨੂੰ ਸਹਿਣੀ ਪੈ ਰਹੀ ਹੋਵੇ। ਭਾਸ਼ਾ ਦੇ ਨਾਮ `ਤੇ ਬਣੀ ਪੰਜਾਬੀ ਯੂਨੀਵਰਸਿਟੀ ਵਿਚ ਵੀ ਪੰਜਾਬੀ ਨਾਲ ਧੱਕਾ ਹੁੰਦਾ ਹੈ। ਮੈਂ ਅਕਸਰ ਹੀ ਸੋਚਦੀ ਹਾਂ ਕਿ ਜੇ ਪੰਜਾਬੀ ਭਾਸ਼ਾ ਮਰ ਗਈ ਤਾਂ ਫਿਰ ਪੰਜਾਬ ਦਾ ਨਾਮ ਕੀ ਹੋਵੇਗਾ। ਇਹ ਮੇਰਾ ਹੀ ਨਹੀਂ, ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀਆਂ ਦਾ ਤੌਖਲਾ ਹੈ। ਇਹ ਨਹੀਂ ਕਿ ਸਰਕਾਰੂ ਟੋਲੇ ਇਸ ਗੱਲ ਤੋਂ ਬੇਖਬਰ ਹਨ। ਦਰਅਸਲ ਉਹ ਏਨੇ ਢੀਠ ਤੇ ਲਾਲਚੀ ਹੋ ਗਏ ਹਨ ਕਿ ਉਨ੍ਹਾਂ ਨੂੰ ਆਪਣੀਆਂ ਕੁਰਸੀਆਂ ਤੋਂ ਸਿਵਾ ਹੋਰ ਕੁਝ ਦਿਖਾਈ ਹੀ ਨਹੀਂ ਦਿੰਦਾ।
ਕੀ ਪੰਜਾਬ ਦੀ ਧਰਤੀ ਨੂੰ ਪੰਜ ਦਰਿਆਵਾਂ ਦੀ ਰਾਣੀ ਕਹਿਣਾ ਹਾਸੋ ਹੀਣੀ ਗੱਲ ਨਹੀਂ! ਪਹਿਲੀ ਗੱਲ ਪੰਜ ਦਰਿਆ ਹੀ ਨਹੀਂ ਹਨ। ਦੂਸਰੀ ਗੱਲ ਦਰਿਆਵਾਂ ਦਾ ਪਾਣੀ ਏਨਾ ਜ਼ਹਿਰੀ ਤੇ ਗੰਧਲਾ ਹੈ ਕਿ ਕਈ ਥਾਂਵਾਂ ਤੋਂ ਲੋਕੀਂ ਨੱਕ ਘੁੱਟ ਕੇ ਲੰਘਦੇ ਹਨ। ਕਾਰਖਾਨੇਦਾਰਾਂ ਨੇ ਆਪਣੇ ਨਿੱਜੀ ਲਾਭਾਂ ਦੀ ਖਾਤਿਰ ਦੇਸ਼ ਦੇ ਸਭ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਕਾਰਖਾਨਿਆਂ ਦਾ ਗੰਦਾ ਪਾਣੀ ਸ਼ੱਰੇਆਮ ਬਿਨਾ ਕਿਸੇ ਸਾਫ ਸਫਾਈ ਦੇ ਸਿੱਧਾ ਦਰਿਆਵਾਂ ਵਿਚ ਜਾਂਦਾ ਹੈ। ਕੌਣ ਹੈ ਇਸ ਸਭ ਕਾਸੇ ਦਾ ਜਿ਼ੰਮੇਵਾਰ? ਦੋਸ਼ੀ ਸਮੇਂ ਦੀਆਂ ਸਰਕਾਰਾਂ ਹਨ। ਵੋਟਾਂ ਖਾਤਿਰ ਜਾਂ ਪਾਰਟੀ ਫੰਡਾਂ ਖਾਤਿਰ ਇਨ੍ਹਾਂ ਪੈਸੇ ਵਾਲੇ ਬੰਦਿਆਂ ਨੂੰ ਕਾਨੂੰਨ ਤੋੜਨ ਦੀ, ਦਰਿਆਵਾਂ ਦਾ ਪਾਣੀ ਗੰਧਲਾ ਕਰਨ ਦੀ ਪੂਰੀ ਖੁੱਲ੍ਹ ਹੈ।
ਇਸ ਤੋਂ ਵੀ ਮਾੜੀ ਤੇ ਮਾਰੂ ਗੱਲ ਇਹ ਕਿ ਪੰਜਾਬ ਦਾ ਪਾਣੀ ਬਿਨਾ ਕਿਸੇ ਮੁਆਵਜ਼ੇ ਦੇ ਬਿਲਕੁਲ ਮੁਫਤ ਦੂਸਰੇ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ। ਹਰਿਆਣੇ ਨਾਲ ਪਾਣੀ ਪਿੱਛੇ ਰੌਲਾ ਪੈ ਜਾਂਦਾ ਹੈ। ਰਾਜਨੀਤਕ ਲੋਕ ਵੋਟਾਂ ਸਮੇਂ ਪਾਣੀ ਨੂੰ ਮੁੱਦਾ ਬਣਾ ਕੇ ਵੋਟਾਂ ਹਥਿਆ ਲੈਂਦੇ ਹਨ ਤੇ ਗੱਦੀ `ਤੇ ਬੈਠਣ ਸਾਰ ਮੈਂ ਕੌਣ ਤੇ ਤੂੰ ਕੌਣ! ਮੁੱਦੇ ਉਭਾਰੇ ਜਾਂਦੇ ਹਨ, ਮੁੱਦੇ ਸੁਲਝਾਏ ਨਹੀਂ ਜਾਂਦੇ; ਜਿਉਂ ਹੀ ਸਰਕਾਰ ਬਣੇ ਭੁਲ ਭਲਾ ਜਾਂਦੇ ਹਨ।
ਧਰਤੀ ਹੇਠਲੇ ਪਾਣੀ ਦੀ ਤਾਂ ਹਾਲਤ ਹੋਰ ਵੀ ਮਾੜੀ ਹੈ। ਦਿਨੋਂ ਦਿਨ ਡੂੰਘਾ ਹੋ ਰਿਹਾ ਪਾਣੀ ਖਾਰਾ ਤੇ ਜ਼ਹਿਰੀ ਹੈ। ਇਹ ਪਾਣੀ ਨਾ ਸਿੰਚਾਈ ਦੇ ਯੋਗ ਹੈ ਤੇ ਨਾ ਹੀ ਪੀਣ ਲਈ ਵਧੀਆ ਹੈ। ਇਹ ਜ਼ਹਿਰੀ ਪਾਣੀ ਪੀ ਪੀ ਕੇ ਤੇ ਜ਼ਹਿਰੀ ਅੰਨ ਖਾ ਕੇ ਲੋਕ ਅਨੇਕ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਕੈਂਸਰ ਤੇ ਕਾਲਾ ਪੀਲੀਆ ਹਰ ਘਰ ਵਿਚ ਆਣ ਵੜਿਆ ਹੈ। ਰੁੱਖਾਂ ਦੀ ਵੱਢ ਵਢਾਈ ਲਗਾਤਾਰ ਜਾਰੀ ਹੈ। ਬਾਰਸ਼ ਦਾ ਪਾਣੀ ਸਾਂਭਣ ਦਾ ਕਿਸੇ ਨੂੰ ਖਿਆਲ ਨਹੀਂ। ਹੜ੍ਹਾਂ ਦੀ ਮਾਰ ਪੰਜਾਬ ਦਾ ਕੋਈ ਨਾ ਕੋਈ ਹਿੱਸਾ ਜ਼ਰੂਰ ਝੱਲਦਾ ਹੈ। ਦਰਿਆਵਾਂ `ਚੋਂ ਤਾਂ ਲੋਕਾਂ ਨੇ ਰੇਤਾ ਬਜਰੀ ਕੱਢ ਕੱਢ ਆਪਣੇ ਸ਼ਾਹੀ ਮਹਿਲ ਉਸਾਰ ਲਏ ਹਨ ਤੇ ਆਉਣ ਵਾਲੀਆਂ ਕਈ ਪੁਸ਼ਤਾਂ ਲਈ ਧਨ ਇਕੱਠਾ ਕਰ ਲਿਆ ਹੈ। ਨਾਜਾਇਜ਼ ਮਾਈਨਿੰਗ ਦਾ ਰੌਲਾ ਬਹੁਤ ਹੈ, ਪਰ ਰੋਕਦਾ ਕੋਈ ਵੀ ਨਹੀਂ। ਸਰਕਾਰੀ ਤੰਤਰ ਤੇ ਅਫਸ਼ਾਹੀ ਮਿਲ ਕੇ ਦੋਹਾਂ ਹੱਥਾਂ ਨਾਲ ਦੇਸ਼ ਦਾ ਸਰਮਾਇਆ ਲੁੱਟ ਰਹੇ ਹਨ। ਕਲ੍ਹ ਨੂੰ ਕੀ ਬਣੂੰ! ਕੋਈ ਨਹੀਂ ਜਾਣਦਾ।
ਦਰਿਆਵਾਂ ਦੀ ਗੱਲ ਕਰਦਿਆਂ ਨਸ਼ਿਆਂ ਦੇ ਦਰਿਆ ਦੀ ਗੱਲ ਕਰਨੀ ਵੀ ਅਤਿ ਜ਼ਰੂਰੀ ਹੈ। ਇਹ ਸੱਚ ਹੈ ਕਿ ਪੰਜਾਬ ‘ਚ ਅੱਜ ਕਲ੍ਹ ਏਨੀ ਕਿਸਮ ਦੇ ਨਸ਼ਿਆਂ ਨੇ ਘਰ ਬਣਾ ਲਿਆ ਹੈ ਕਿ ਰਹੇ ਰੱਬ ਦਾ ਨਾਂ। ਸ਼ਰਾਬ ਨਸ਼ਿਆਂ `ਚੋਂ ਮੁਢਲਾ ਨਸ਼ਾ ਹੈ, ਪਰ ਦੇਖੋ, ਸਾਡਾ ਪ੍ਰਬੰਧਕੀ ਢਾਂਚਾ ਜੋ ਇਸ ਨਸ਼ੇ ਨੂੰ ਨਸ਼ਾ ਹੀ ਨਹੀਂ ਸਮਝਦਾ। ਪਿੰਡਾਂ ਵਿਚ ਹਰ ਮੋੜ `ਤੇ ਮੂੰਹ ਚਿੜਾਉਂਦੇ ਠੇਕਿਆਂ ਨੇ ਸਾਡੇ ਪਿੰਡਾਂ ਦੇ ਦੁੱਧ ਲੱਸੀ ਪੀਣ ਵਾਲੇ ਸਭਿਆਚਾਰ ਨੂੰ ਕਰੀਬ ਕਰੀਬ ਖਤਮ ਕਰ ਕੇ ਰੱਖ ਦਿੱਤਾ ਹੈ। ਹੁਣ ਤਾਂ ਏਨੀ ਕਿਸਮ ਦੇ ਨਸ਼ੇ ਆ ਗਏ ਹਨ ਕਿ ਗਿਣਤੀ ਕਰਨੀ ਮੁਸ਼ਕਿਲ ਹੈ। ਸਿਨਥੈਟਿਕ ਨਸ਼ਿਆਂ `ਚੋਂ ਜਿਸ ਨੂੰ ਚਿੱਟਾ ਆਖਦੇ ਹਨ, ਉਸ ਨੇ ਤਾਂ ਚਿੱਟੇ ਰੰਗ ਨੂੰ ਹੀ ਬਦਨਾਮ ਕਰ ਦਿੱਤਾ ਹੈ। ਨੌਜਵਾਨਾਂ ਦੀਆਂ ਰਗਾਂ ਵਿਚ ਦੌੜਦੇ ਇਸ ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹਨ। ਨਾੜਾਂ ਵਿਚ ਖੁੱਭੀਆਂ ਸੂਈਆਂ ਤੇ ਗੱਭਰੂ ਪੁੱਤਾਂ ਦੀਆਂ ਲਾਸ਼ਾ ਜਦੋਂ ਮਾਪਿਆਂ ਨੂੰ ਮਿਲਦੀਆਂ ਹਨ ਤਾਂ ਧਰਤੀ ਦੀ ਹਿੱਕ ਪਾਟਦੀ ਹੈ। ਇਹ ਨਸ਼ੇ ਹੀ ਸਮਾਜ ਵਿਚ ਵਧ ਰਹੀਆਂ ਚੋਰੀਆਂ ਅਤੇ ਬਲਾਤਕਾਰਾਂ ਨੂੰ ਅੰਜ਼ਾਮ ਦਿੰਦੇ ਹਨ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਕਲ੍ਹ ਸਾਡੀਆਂ ਕੁੜੀਆਂ ਵੀ ਨਸ਼ਿਆਂ ਦੀ ਲਪੇਟ ਤੋਂ ਬਾਹਰ ਨਹੀਂ ਹਨ। ਸ਼ਰਾਬ ਦਾ ਪੀਣਾ ਤਾਂ ਮਾਡਰਨ ਕੁੜੀਆਂ ਦਾ ਫੈਸ਼ਨ ਹੈ। ਅਗਾਂਹਵਧੂ ਅਖਵਾਉਣ ਦਾ ਇਹ ਵੀ ਇਕ ਢੰਗ ਹੈ। ਜਾਂ ਮਰਦਾਂ ਦੇ ਬਰਾਬਰ ਆਪਣੇ ਹੱਕ ਜਤਾਉਣਾ ਦਾ ਬੜਾ ਹੀ ਸਰਲ ਤੇ ਮਾਰੂ ਤਰੀਕਾ ਹੈ। ਸਭ ਜਾਣਦੇ ਹਨ ਕਿ ਨਸ਼ਈ ਔਰਤ ਕਦੇ ਵੀ ਸਿਹਤਮੰਦ ਬੱਚੇ ਪੈਦਾ ਨਹੀਂ ਕਰ ਸਕਦੀ। ਆਉਣ ਵਾਲੀਆਂ ਪੀੜ੍ਹੀਆਂ ਕਿਸ ਤਰ੍ਹਾਂ ਦੀਆਂ ਹੋਣਗੀਆਂ, ਇਸ ਦਾ ਨਕਸ਼ਾ ਸਭ ਦੇ ਸਾਹਮਣੇ ਹੈ।
ਪੰਜਾਬ ਦੀ ਨਸ਼ਿਆਂ ‘ਚ ਰੁੜ੍ਹ ਰਹੀ ਜਵਾਨੀ ਨੂੰ ਬਚਾਉਣ ਦਾ ਨਾ ਸਰਕਾਰੀ ਤੌਰ `ਤੇ ਅਤੇ ਨਾ ਹੀ ਸਮਾਜਿਕ ਤੌਰ `ਤੇ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ ਹੈ। ਰੌਲਾ ਬਹੁਤ ਪੈਂਦਾ ਹੈ। ਚੋਣਾਂ ਸਮੇਂ ਵਾਅਦੇ ਕੀਤੇ ਜਾਂਦੇ ਹਨ, ਪਰ ਪੂਰੇ ਕੋਈ ਨਹੀਂ ਕਰਦਾ। ਨਸ਼ਿਆਂ ਦੀ ਤਸਕਰੀ ਵਿਚ ਆਮ ਕਰਕੇ ਵੱਡੇ ਵੱਡੇ ਸਰਕਾਰੀ ਅਹੁਦਿਆਂ `ਤੇ ਬੈਠੇ ਲੋਕਾਂ ਦਾ ਨਾਮ ਮੂਹਰੇ ਆਉਂਦਾ ਹੈ। ਸਿਰਫ ਨਾਮ ਲਏ ਜਾਂਦੇ ਹਨ, ਪਰ ਕੋਈ ਨੱਕ ਵਿਚ ਨਕੇਲ ਨਹੀਂ ਪਾਉਂਦਾ।
ਹੋਰ ਤਾਂ ਹੋਰ ਸਾਡਾ ਗੀਤ-ਸੰਗੀਤ ਵੀ ਬੰਦੂਕਾਂ ਤੇ ਨਸ਼ਿਆਂ ਦਾ ਸ਼ੱਰੇਆਮ ਪ੍ਰਚਾਰ ਕਰਦਾ ਹੈ। ਪਾਕ ਪਵਿਤਰ ਮੁਹੱਬਤੀ ਵਿਰਸਾ ਲੱਚਰਪੁਣੇ ਦੇ ਭਾਰ ਹੇਠਾਂ ਦੱਬ ਗਿਆ ਹੈ। ਇਸ ਲੱਚਰਪੁਣੇ ਤੋਂ ਖਹਿੜਾ ਛੁਡਾਉਣ ਲਈ ਸਿਖਿਆ ਦਾ ਪਾਸਾਰ ਜ਼ਰੂਰੀ ਹੈ, ਪਰ ਸਿਖਿਆ ਵੱਲ ਕਿਸੇ ਦਾ ਧਿਆਨ ਨਹੀਂ ਹੈ। ਸਰਕਾਰੀ ਸਕੂਲ ਤੇ ਕਾਲਜ ਧੜਾ ਧੜ ਬੰਦ ਹੋ ਰਹੇ ਹਨ। ਮਹਿੰਗੇ ਪ੍ਰਾਈਵੇਟ ਅਦਾਰਿਆਂ ਦੀ ਭਰਮਾਰ ਹੋ ਰਹੀ ਹੈ, ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਯੂਨੀਵਰਸਿਟੀਆਂ ਦੀ ਖਸਤਾ ਹਾਲਤ ਇਸ ਗੱਲ ਦਾ ਸੰਕੇਤ ਹੈ ਕਿ ਏਥੇ ਸਿਖਿਆ ਦੀ ਮਹੱਤਤਾ ਨੂੰ ਸਮਝਿਆ ਹੀ ਨਹੀਂ ਜਾਂਦਾ। ਅਜਿਹਾ ਵਰਤਾਰਾ ਕਿਸ ਤਰ੍ਹਾਂ ਦਾ ਭਵਿੱਖ ਸਿਰਜੇਗਾ, ਇਹ ਸਪੱਸ਼ਟ ਹੈ। ਚੰਗੇ ਦੀ ਆਸ ਨਾਮੁਮਕਿਨ ਜਾਪਦੀ ਹੈ। ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੇਸ਼ ਦੀ ਸਿਖਿਆ ਪ੍ਰਣਾਲੀ `ਤੇ ਨਿਰਭਰ ਹੁੰਦੀ ਹੈ। ਅੱਜ ਪੰਜਾਬ ਵਿਚ ਸਿਖਿਆ ਏਨੀ ਮਹਿੰਗੀ ਹੋ ਗਈ ਹੈ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਈ ਹੈ। ਸਿੱਖਿਆ ਦਾ ਨਿੱਜੀਕਰਨ ਤਾਂ ਏਨੀ ਬਰਬਾਦੀ ਕਰ ਰਿਹਾ ਹੈ ਕਿ ਕੋਈ ਆਮ ਆਦਮੀ ਆਪਣੇ ਬੱਚੇ ਦੇ ਸੁਪਨੇ ਪੂਰੇ ਨਹੀਂ ਕਰ ਸਕਦਾ। ਸਿਖਿਆ ਪੈਸੇ ਵਾਲੇ ਲੋਕਾਂ ਦੀ ਤੇ ਪੇਸੇ ਵਾਲੇ ਲੋਕ ਸਿਖਿਆ ਦੇ ਅਧਿਕਾਰੀ ਬਣ ਕੇ ਬੈਠੇ ਨੇ।
ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਉਦਯੋਗ ਦੀ ਬਹੁਤ ਕਮੀ ਹੈ। ਕਾਰਖਾਨੇ ਬੰਦ ਹੋ ਗਏ ਹਨ। ਨਵੇਂ ਕੋਈ ਖੋਲ੍ਹ ਨਹੀਂ ਰਿਹਾ। ਸਰਕਾਰ ਅਨੁਸਾਰ ਸਰਕਾਰੀ ਖਜ਼ਾਨਾ ਖਾਲੀ ਹੈ। ਖਾਲੀ ਪਈਆਂ ਆਸਾਮੀਆਂ ਭਰ ਨਹੀਂ ਹੋ ਰਹੀਆਂ। ਬੇਰੁਜ਼ਗਾਰੀ ਸਿਖਰ `ਤੇ ਹੈ ਅਤੇ ਇਹ ਬੇਰੁਜ਼ਗਾਰੀ ਅਨੇਕ ਤਰ੍ਹਾਂ ਦੇ ਅਪਰਾਧਾਂ ਦੀ ਜਨਮਦਾਤੀ ਹੈ। ਸਰਕਾਰ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਵਿਚ ਅਸਮਰੱਥ ਹੈ ਜਾਂ ਕਹਿ ਲਵੋ ਦਿਲਚਸਪੀ ਨਹੀਂ ਲੈ ਰਹੀ। ਬੇਰੁਜ਼ਗਾਰੀ ਕਾਰਨ ਹੀ ਨੌਜਵਾਨ ਕੁੜੀਆਂ ਤੇ ਮੁੰਡੇ ਧੜਾ ਧੜ ਵਿਦੇਸ਼ਾਂ ਵੱਲ ਭੱਜ ਰਹੇ ਹਨ, ਕੋਈ ਨਾ ਕੋਈ ਜੁਗਾੜ ਬਣਾ ਕੇ। ਇਨ੍ਹਾਂ ਵਿਚ ਜ਼ਿਆਦਾ ਗਿਣਤੀ ਵਿਦਿਆਰਥੀਆਂ ਦੀ ਹੈ, ਜੋ ਪੜ੍ਹਨ ਦੇ ਬਹਾਨੇ ਵਿਦੇਸ਼ਾਂ ਵਿਚ ਸੈਂਟਲ ਹੋ ਰਹੇ ਹਨ। ਹਰ ਸਾਲ ਭਾਰਤ ਦਾ ਅਰਬਾਂ ਰੁਪਇਆ ਫੀਸਾਂ ਦੇ ਰੂਪ ਵਿਚ ਬਾਹਰਲੇ ਮੁਲਕਾਂ ਨੂੰ ਜਾ ਰਿਹਾ ਹੈ। ਬਾਰ੍ਹਾਂ ਜਮਾਤਾਂ ਪਾਸ ਕਰਕੇ ਆਇਲੈੱਟਸ ਕਰਨਾ, ਲੱਖਾਂ ਰੁਪਏ ਖਰਚ ਕਰ ਕੇ ਕੈਨੇਡਾ ਦੇ ਕਿਸੇ ਮਾਮੂਲੀ ਜਿਹੇ ਪ੍ਰਾਈਵੇਟ ਕਾਲਜ ਵਿਚ ਦਾਖਲਾ ਲੈ ਲੈਣਾ ਹੀ ਪੜ੍ਹਾਈ ਦਾ ਸਿਖਰ ਸਮਝਿਆ ਜਾਣ ਲੱਗ ਪਿਆ ਹੈ। ਪੰਜਾਬ ਦੇ ਘਰਾਂ ਦੀਆਂ ਕੰਧਾਂ, ਖੇਤਾਂ ‘ਚ ਮੋਟਰਾਂ `ਤੇ ਪਾਈਆਂ ਕੋਠੜੀਆਂ ਤੇ ਜਿੱਥੇ ਵੀ ਥਾਂ ਮਿਲੇ ਆਈਲੈੱਟਸ ਦੀ ਮਸ਼ਹੂਰੀ ਦੀ ਭਰਮਾਰ ਹੈ। ਸਰਕਾਰ ਆਪਣੇ ਦੇਸ਼ ਵਿਚ ਰੁਜ਼ਗਾਰ ਪੈਦਾ ਕਰੇ ਤਾਂ ਕਿਉਂ ਲੋਕ ਬਾਹਰਲੇ ਮੁਲਕਾਂ ਵਿਚ ਵਸਣ ਨੂੰ ਤਰਜੀਹ ਦੇਣ!
ਪੰਜਾਬ ਦੀ ਖੁਸ਼ਹਾਲੀ ਪੰਜਾਬ ਦੇ ਕਿਸਾਨ ਦੀ ਖੁਸ਼ਹਾਲੀ `ਤੇ ਨਿਰਭਰ ਹੈ। ਜੇ ਪੰਜਾਬ ਦਾ ਕਿਸਾਨ ਖੁਸ਼ ਹੈ ਤਾਂ ਜਾਣੋ ਪੰਜਾਬ ਦੇ ਲੋਕ ਖੁਸ਼ ਹਨ। ਕਿਸਾਨਾਂ ਦੀ ਹਾਲਤ ਤਾਂ ਪਹਿਲਾਂ ਹੀ ਬਹੁਤ ਪਤਲੀ ਸੀ ਤੇ ਉਪਰੋਂ ਸਰਕਾਰ ਨੇ ਕਾਰਪੋਰੇਟਾਂ ਦੇ ਹੱਕ ਵਿਚ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਦਾ ਲਹੂ ਨਿਚੋੜਨ ਲੱਗੀ ਹੋਈ ਹੈ। ਸਾਲ ਭਰ ਤੋਂ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਮੋਰਚਾ ਲਾ ਕੇ ਬੈਠੇ ਹਨ। ਦਿੱਲੀ ਦੀਆਂ ਬਰੂਹਾਂ `ਤੇ ਸਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਨਾਅਰੇ ਲਾ ਰਹੇ ਹਨ, ਪਰ ਸਰਕਾਰ ਦੇ ਕੰਨਾਂ `ਤੇ ਜੂੰ ਨਹੀਂ ਸਰਕਦੀ। ਉਲਟਾ ਕਿਸਾਨਾਂ ਨੂੰ ਅਤਿਵਾਦੀ, ਪਰ-ਜੀਵੀ ਤੇ ਅੰਦੋਲਨ ਜੀਵੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਤਾਂ ਸਰਕਾਰ ਅਤੇ ਸਿਆਸਤਦਾਨਾਂ ਦੇ ਗੁੰਡਾ ਅਨਸਰ ਖੁੱਲ੍ਹੇਆਮ ਗੁੰਡਾਗਰਦੀ `ਤੇ ਉਤਾਰੂ ਹਨ। ਸੈਂਕੜੇ ਕਿਸਾਨ ਆਪਣੀਆਂ ਜਾਨਾਂ ਦੀ ਸ਼ਹਾਦਤ ਦੇ ਚੁਕੇ ਹਨ। ਇਸ ਅੰਦੋਲਨ ਵਿਚ ਮਰਦ, ਔਰਤਾਂ ਤੇ ਬੱਚੇ ਸਭ ਸ਼ਾਮਿਲ ਹਨ। ਕਿਸਾਨ ਸੰਘਰਸ਼ ਭਾਵੇਂ ਪੰਜਾਬ ਤੋਂ ਸ਼ੁਰੂ ਹੋਇਆ, ਪਰ ਹੁਣ ਇਹ ਲੋਕ ਸੰਘਰਸ਼ ਬਣ ਚੁਕਾ ਹੈ। ਭਾਰਤ ਦੇ ਵੱਖ ਵੱਖ ਰਾਜਾਂ ਦੇ ਕਿਸਾਨ ਇਕ ਮੁੱਠ ਹੋ ਕੇ ਬੈਠੇ ਹਨ।
ਇਹ ਸਿਰਫ ਕਿਸਾਨਾਂ ਦੀ ਖੇਤੀ ਜਾਂ ਜਿਨਸਾਂ ਦੇ ਮੁੱਲ ਦਾ ਮਸਲਾ ਨਹੀਂ, ਸਗੋਂ ਇਹ ਕਿਸਾਨਾਂ ਦੀ ਹੋਂਦ ਦਾ ਮਸਲਾ ਹੈ। ਨਸਲ ਦਾ ਮਸਲਾ ਹੈ। ਖੇਤੀਬਾੜੀ ਨੂੰ ਧਨਾਢਾਂ ਦੇ ਹੱਥ ਸੌਂਪਣਾ ਕਿਸਾਨੀ ਨੂੰ ਬਰਬਾਦ ਕਰਨਾ ਹੈ। ਪੰਜਾਬ ਦਾ ਕਿਸਾਨ ਕਦੇ ਵੀ ਆਪਣੇ ਖੇਤ ਵਿਚ ਦਿਹਾੜੀਆ ਬਣ ਕੇ ਨਹੀਂ ਰਹਿ ਸਕਦਾ। ਪੰਜਾਬ ਜੋ ਕਦੇ ਪਹਿਲੇ ਨੰਬਰ `ਤੇ ਹੁੰਦਾ ਸੀ, ਉਹ ਫਾਡੀ ਬਣ ਕੇ ਬੈਠਾ ਹੈ। ਇਸ ਦਾ ਕਾਰਨ ਸਰਕਾਰਾਂ ਦੀਆਂ ਗਲਤ ਨੀਤੀਆਂ ਸਨ ਅਤੇ ਇਨ੍ਹਾਂ ਕਾਰਨ ਹੋਰ ਨੁਕਸਾਨ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਤੇ ਤੁਰੰਤ ਕਾਲੇ ਕਾਨੂੰਨ ਰੱਦ ਕਰੇ ਤਾਂ ਜੋ ਨਸਲਾਂ ਤੇ ਫਸਲਾਂ ਨੂੰ ਬਚਾਇਆ ਜਾ ਸਕੇ।
ਇਨ੍ਹਾਂ ਸਾਰੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਮੈਂ ਬਹੁਤ ਭਾਵੁਕ ਹੋ ਜਾਂਦੀ ਹੈ। ਆਪਣੇ ਮਨ ਨੂੰ ਕੁਝ ਪਲਾਂ ਲਈ ਸਮਝਾਉਂਦੀ ਹਾਂ ਕਿ ਮੈਂ ਹੁਣ ਦੇਸ਼ ਵਲੋਂ ਆਈਆਂ ਖਬਰਾਂ ਨਹੀਂ ਸੁਣਨੀਆਂ, ਪਰ ਕਦੇ ਵੀ ਆਪਣੇ ਆਪ ਨਾਲ ਕੀਤਾ ਵਾਅਦਾ ਪੂਰਾ ਨਾ ਕਰ ਸਕੀ। ਮੈਂ ਫਿਰ ਖਬਰਾਂ ਸੁਣਦੀ ਹਾਂ। ਕਲ੍ਹ ਵਾਲਾ ਪੁਰਾਣਾ ਰਾਗ ਹੀ ਅੱਜ ਅਲਾਪਿਆ ਜਾਂਦਾ ਹੈ। ਕਈ ਮਹੀਨਿਆਂ ਤੋਂ ਇਕ ਹੀ ਖਬਰ ਲੋਕਾਂ ਦੇ ਦਿਲਾਂ ਦਿਮਾਗਾਂ `ਤੇ ਛਾ ਰਹੀ ਹੈ। ਇਸ ਨੇਤਾ ਦਾ ਕੀ ਬਣੇਗਾ? ਉਹ ਨੇਤਾ ਕਿਹੜਾ ਦਾਅ ਅਪਨਾਵੇਗਾ? ਕੋਈ ਪੁੱਛੇ ਕਿ ਲੋਕਾਂ ਨੇ ਕੀ ਲੈਣਾ ਦੇਣਾ ਹੈ ਦਾਅ ਪੇਚਾਂ ਤੋਂ! ਲੋਕਾਂ ਨੂੰ ਦੋ ਡੰਗ ਦੀ ਰੋਟੀ, ਦਵਾਈ, ਸਿਹਤ ਤੇ ਬੱਚਿਆਂ ਲਈ ਉੱਜਲੇ ਭਵਿੱਖ ਦੀ ਜ਼ਰੂਰਤ ਹੈ। ਲੋਕਾਂ ਨੇ ਵੋਟਾਂ ਪਾ ਕੇ ਇਨ੍ਹਾਂ ਨੂੰ ਕੁਰਸੀਆਂ ਸੌਂਪੀਆਂ, ਚੰਗੇ ਵਰਤਾਰੇ ਦੀ, ਚੰਗੇ ਭਵਿੱਖ ਦੀ, ਸਹੂਲਤਾਂ ਅਤੇ ਜੀਣ ਲਈ ਲੋੜਾਂ ਦੀ ਪੂਰਤੀ ਦੀ ਆਸ ਰੱਖੀ। ਅਫਸੋਸ! ਪਰਨਾਲਾ ਓਥੇ ਦਾ ਓਥੇ। ਪੰਜਾਬ ਦੇ ਦਰਿਆਵਾਂ ਦੇ ਪਾਣੀ ਦੀ ਤਰ੍ਹਾਂ ਰਾਜਨੀਤੀ ਵੀ ਏਨੀ ਗੰਧਲੀ ਅਤੇ ਪਲੀਤ ਹੋ ਚੁਕੀ ਹੈ ਕਿ ਸਾਡੇ ਚੁਣੇ ਹੋਏ ਨੇਤਾਵਾਂ ਨੂੰ ਆਪਣੇ ਤੋਂ ਸਿਵਾ ਕਿਉਂ ਕੁਝ ਹੋਰ ਦਿਖਾਈ ਨਹੀਂ ਦਿੰਦਾ। ਕਈ ਮਹੀਨਿਆਂ ਤੋਂ ਏਹੀ ਖਬਰਾਂ ਕਿ ਫਲਾਣੀ ਪਾਰਟੀ ਦਾ ਫਲਾਣਾ ਮੁੱਖ ਮੰਤਰੀ ਦਾ ਚਿਹਰਾ, ਫਲਾਣੀ ਪਾਰਟੀ ਦੀ ਇਸ ਪਾਰਟੀ ਨਾਲ ਸੰਧੀ, ਫਲਾਣੀ ਪਾਰਟੀ ਦੀ ਉਸ ਪਾਰਟੀ ਨਾਲੋਂ ਟੁੱਟੀ; ਕੌਣ ਜਿੱਤੂ ਤੇ ਕੌਣ ਹਾਰੂ!
ਇਕ ਪਾਰਟੀ ਐਲਾਨ ਕਰਦੀ ਹੈ ਕਿ ਅਸੀਂ ਗਰੀਬਾਂ ਨੂੰ ਆਟਾ ਤੇ ਦਾਲ ਦੇਵਾਂਗੇ, ਦੂਸਰੀ ਪਾਰਟੀ ਐਲਾਨ ਕਰਦੀ ਹੈ ਅਸੀਂ ਆਟੇ ਦਾਲ ਨਾਲ ਚਾਹ ਤੇ ਖੰਡ ਵੀ ਦੇਵਾਂਗੇ ਤੇ ਤੀਸਰੀ ਆਖਦੀ ਹੈ ਅਸੀਂ ਸੁੱਕਾ ਦੁੱਧ ਵੀ ਦੇਵਾਂਗੇ। ਕਿਤੇ ਬਿਜਲੀ ਦਾ ਮਸਲਾ, ਕਿਤੇ ਕੁਰੱਪਸ਼ਨ ਦਾ ਮਸਲਾ, ਕੋਈ ਸੋਲਾਂ ਕਰੋੜ ਦੀ ਕਣਕ ਖਾ ਗਿਆ। ਪਰ ਕੋਈ ਗਰੀਬ ਫੁੱਟ-ਪਾਥ `ਤੇ ਸੁੱਤਾ ਠੰਡ ਨਾਲ ਮਰ ਗਿਆ। ਕੋਈ ਕਰਜ਼ੇ ਦੀ ਮਾਰ ਤੋਂ ਤੰਗ ਆ ਕੇ ਰੁੱਖ ਨਾਲ ਫਾਹਾ ਲੈ ਕੇ ਮਰ ਗਿਆ। ਕੋਈ ਨੌਕਰੀ ਮੰਗਦਾ ਟੈਂਕੀ `ਤੇ ਬੈਠਾ ਹੈ। ਰੋਜ਼ ਹੱਕ ਮੰਗਦੇ ਲੋਕਾਂ ਤੇ ਡਾਂਗਾਂ ਵਰ੍ਹਦੀਆਂ ਹਨ। ਕੁੜੀਆਂ ਨੂੰ ਗੁੱਤਾਂ ਤੋਂ ਫੜ ਫੜ ਗੱਡੀਆਂ ਵਿਚ ਸੁੱਟਿਆ ਜਾ ਰਿਹਾ ਹੈ। ਲਾਹਨਤ ਹੈ ਉਨ੍ਹਾਂ ਸਰਕਾਰਾਂ `ਤੇ, ਜੋ ਧੀਆਂ ਭੈਣਾਂ ਦੀ ਇੱਜ਼ਤ ਕਰਨਾ ਨਹੀਂ ਜਾਣਦੀਆਂ।
ਕੀ ਕੀ ਕਹੀਏ। ਕਰੋਨਾ ਦੇ ਦਿਨਾਂ ਵਿਚ ਜੋ ਦੁਰਦਸ਼ਾ ਸਾਡੇ ਮਜ਼ਦੂਰਾਂ ਦੀ ਹੋਈ ਹੈ, ਉਹ ਸਾਰੇ ਸੰਸਾਰ ਨੇ ਦੇਖੀ ਹੈ। ਨੰਗੇ ਪੈਰੀਂ ਤੁਰਦੇ ਪਰਵਾਸੀ ਮਜ਼ਦੂਰਾਂ ਦੀਆਂ ਤਸਵੀਰਾਂ ਦੇਸ਼-ਵਿਦੇਸ਼ ਦੀਆਂ ਅਖਬਾਰਾਂ ਵਿਚ ਛਪੀਆਂ। ਇਥੋਂ ਤੱਕ ਕਿ ਅਸੀਂ ਕਰੋਨਾ ਦੇ ਟੀਕਿਆਂ, ਹਸਪਤਾਲਾਂ ਵਿਚ ਬੈਡਾਂ ਤੇ ਆਕਸੀਜ਼ਨ ਦੇ ਸਿਲੰਡਰਾਂ ਦੀ ਬਲੈਕ ਕਰਨੋ ਵੀ ਗੁਰੇਜ਼ ਨਹੀਂ ਕੀਤੀ।
ਵੋਟਾਂ ਦੀ ਰਾਜਨੀਤੀ ਵਿਚ ਏਨਾ ਨਿਘਾਰ ਆ ਚੁਕਾ ਹੈ ਕਿ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਵੇਲੇ ਖਜ਼ਾਨਾ ਖਾਲੀ ਹੋ ਜਾਂਦਾ ਹੈ, ਪਰ ਜਦੋਂ ਮੰਤਰੀਆਂ ਲਈ ਵੱਡੀਆਂ ਕਾਰਾਂ ਤੇ ਹੋਰ ਸੁੱਖ ਸਹੂਲਤਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਖਜ਼ਾਨੇ ਰਾਤੋ ਰਾਤ ਭਰ ਜਾਂਦੇ ਹਨ।
ਇਨਸਾਫ ਨਾਂ ਦੀ ਚੀਜ਼ ਲਾਪਤਾ ਹੋਈ ਜਾਪਦੀ ਹੈ। ਬੇਕਸੂਰੇ ਸਜ਼ਾਵਾਂ ਭੁਗਤਦੇ ਦੇਖੇ ਗਏ ਹਨ ਅਤੇ ਦੋਸ਼ੀ ਸ਼ੱਰੇਆਮ ਆਜ਼ਾਦੀ ਨਾਲ ਘੁੰਮਦੇ ਫਿਰਦੇ ਦਿਖਾਈ ਦਿੰਦੇ ਹਨ। ਡਾਢੇ ਦਾ ਸੱਤੀ ਵੀਹੀਂ ਸੌਂ। ਗੱਲ ਕੀ, ਸਭ ਕੁਝ ਵਿਕਾਊ ਹੈ। ਸਰਕਾਰਾਂ ਵਿਕਾਊ, ਲੋਕ ਵਿਕਾਉ, ਗਵਾਹ ਵਿਕਾਊ, ਅਦਾਲਤ ਵਿਕਾਊ। ਵੋਟਾਂ ਬਣ ਕੇ ਲੋਕ ਵਿਕ ਜਾਂਦੇ ਹਨ। ਵਿਕੇ ਹੋਏ ਲੋਕਾਂ ਦੀ ਆਪਣੀ ਕੋਈ ਆਵਾਜ਼ ਨਹੀਂ ਹੁੰਦੀ। ਕਦੇ ਕਦੇ ਮਹਿਸੂਸ ਹੁੰਦਾ ਹੈ ਕਿ ਅਸੀਂ ਭਾਰਤੀ ਲੋਕ ਗੁਲਾਮੀ ਸਹਿਣ ਦੇ ਆਦੀ ਹੋ ਗਏ ਹਾਂ। ਪਹਿਲਾਂ ਬਾਹਰੋਂ ਆਏ ਧਾੜਵੀਆਂ ਦੀ ਜੀ ਹਜੂਰੀ ਕਰਦੇ ਰਹੇ, ਫਿਰ ਅੰਗਰੇਜ਼ਾਂ ਦਾ ਪਾਣੀ ਭਰਦੇ ਰਹੇ ਤੇ ਹੁਣ ਆਪਣੇ ਹੀ ਚੁਣੇ ਹੋਏ ਲੀਡਰਾਂ ਮੂਹਰੇ ਸਿਰ ਨਹੀਂ ਚੁੱਕਦੇ। ਸਾਡੇ ਨੇਤਾ ਲੋਕ ਆਪਣੇ ਸਿਆਸੀ ਤੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਅਜਿਹੀਆਂ ਚਾਲਾਂ ਚੱਲ ਰਹੇ ਹਨ, ਅਜਿਹੀਆਂ ਖੇਡਾਂ ਖੇਡ ਰਹੇ ਹਨ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਖੇਡ ਕੌਣ ਖੇਡ ਗਿਆ ਹੈ ਤੇ ਕਿਹੜਾ ਫਿਰਕਾਪ੍ਰਸਤ ਕਦੋਂ ਕਿਹੜੀ ਚਾਲ ਚੱਲ ਕੇ ਸਾਡੀਆਂ ਭਾਵਨਾਵਾਂ ਨੂੰ ਚੀਰਾ ਦੇ ਜਾਂਦਾ ਹੈ। ਸਾਨੂੰ ਆਪਣੀ ਲੁੱਟ ਦਾ ਪਤਾ ਓਦੋਂ ਲੱਗਦਾ ਹੈ, ਜਦੋਂ ਅਸੀਂ ਮਰਨ ਦੇ ਰਾਹ ਪੈ ਜਾਂਦੇ ਹਾਂ। ਇਕ ਆਜ਼ਾਦ ਤੇ ਧਰਮ ਨਿਰਪੱਖ ਦੇਸ਼ ਲਈ ਅਜਿਹਾ ਵਰਤਾਰਾ ਬਹੁਤ ਖਤਰਨਾਕ ਅਤੇ ਘਾਤਕ ਹੈ।
ਚਾਰ ਚੁਫੇਰੇ ਹਨੇਰਾ ਹੀ ਹਨੇਰਾ ਹੈ। ਰੌਸ਼ਨੀ ਦਿੱਸਦੀ ਨਹੀਂ। ਕਦੇ ਕਦੇ ਇਉਂ ਜਾਪਦੈ, ਜਿਵੇਂ ਸੂਰਜ ਮਰ ਗਿਆ ਹੈ। ਅਜਿਹੇ ਹਾਲਾਤ ਦੇਖ ਮੈਂ ਇਕ ਦਿਨ ਕਵਿਤਾ ਲਿਖੀ ਸੀ, ਜੋ ਇਸ ਤਰ੍ਹਾਂ ਹੈ,
ਮੇਰੇ ਜਿਸਮ ‘ਚ ਵਸਦੀ
ਮੇਰੀ ਮਿੱਟੀ ਦੀ ਮਹਿਕ
ਸੁਣ ਕੇ ਕੋਈ ਭੈੜੀ ਖਬਰ
ਜਾਂ
ਪੜ੍ਹ ਕੋਈ ਲਹੂ ਭਿੱਜੀ ਅਖਬਾਰ
ਪੁੱਛਦੀ ਹੈ ਮੈਨੂੰ
ਕੀ ਓਥੇ
ਸੂਰਜ ਮਰ ਗਿਆ ਹੈ?
ਮੈਂ ਆਪਣੀ ਸੁਰਤ ਨੂੰ
ਝੰਜੋੜਾ ਦੇ
ਆਪਣੇ ਅੰਦਰ ਵਸਦੀ
ਮਿੱਟੀ ਦੀ ਮਹਿਕ ਨੂੰ ਆਖਦੀ ਹਾਂ
ਝੱਲੀਏ!
ਕੀ ਕਦੇ ਸੂਰਜ ਵੀ ਮਰਦਾ ਹੈ
ਸੂਰਜ ਤਾਂ ਸਦਾ ਹੀ ਮਘਦਾ ਹੈ
ਸੂਰਜ ਕਦੇ ਡੁੱਬਦਾ ਨਹੀਂ
ਕੇਵਲ ਛੁਪਦਾ ਹੈ।

ਓਥੇ ਵੀ ਸੂਰਜ ਰੋਜ਼ ਚੜ੍ਹਦਾ ਹੈ
ਸੋਹਣੀ ਸੁਨਹਿਰੀ ਧੁੱਪ
ਪੰਜ ਦਰਿਆਵਾਂ ਦੀ ਧਰਤੀ ਨੂੰ
ਆਪਣੇ ਕਲਾਵੇ ‘ਚ ਲੈਂਦੀ ਹੈ
ਪਰ
ਮੇਰੇ ਜਿਸਮ ‘ਚ ਵਸਦੀ
ਮੇਰੀ ਮਿੱਟੀ ਦੀ ਮਹਿਕ
ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੀ
ਤੇ ਪੁੱਛਦੀ ਹੈ
ਜੇਕਰ ਓਥੇ
ਸੂਰਜ ਜਿਊਂਦਾ ਹੈ
ਤਾਂ ਕੁਰਸੀਆਂ `ਤੇ ਬੈਠਿਆਂ ਨੂੰ ਕਿਉਂ
ਕੁਰਸੀਆਂ ਤੋਂ ਬਿਨਾ
ਕੁਝ ਹੋਰ ਦਿਖਾਈ ਨਹੀਂ ਦਿੰਦਾ?