ਰੈਂਬੋ

ਅਵਤਾਰ ਐਸ. ਸੰਘਾ
ਉਸ ਦਿਨ ਘਰ ਵਿਚ ਮੈਂ ਤੇ ਸਾਡਾ ਪਾਲਤੂ ਕੁੱਤਾ ਰੈਂਬੋ ਹੀ ਸਾਂ। ਮੇਰੀ ਘਰ ਵਾਲੀ ਲੜਕੀ ਪਾਸ ਕੈਨਬਰਾ ਗਈ ਹੋਈ ਸੀ ਤੇ ਮੇਰਾ ਲੜਕਾ ਆਪਣੀ ਨਵ ਵਿਆਹੁਤਾ ਪਤਨੀ ਨਾਲ ਯੂਰਪ ਘੁੰਮਣ ਵਾਸਤੇ ਗਿਆ ਹੋਇਆ ਸੀ। ਮੈਂ ਉਨ੍ਹਾਂ ਦਿਨਾਂ ਵਿਚ ਕੈਜ਼ੂਅਲ ਅਧਿਆਪਕ ਦੇ ਤੌਰ `ਤੇ ਇਕ ਕ੍ਰਿਸਚਨ ਕਾਲਜ ਵਿਚ ਪੜ੍ਹਾਉਣ ਜਾਇਆ ਕਰਦਾ ਸਾਂ। ਕਾਲਜ ਤੋਂ ਬੁਲਾਵਾ ਸਵੇਰੇ ਸਾਢੇ ਛੇ ਵਜੇ ਆਉਂਦਾ ਸੀ। ਇਹ ਬੁਲਾਵਾ ਆਉਂਦਾ ਵੀ ਹਫਤੇ ਵਿਚ ਦੋ ਜਾਂ ਤਿੰਨ ਵਾਰ ਹੁੰਦਾ ਸੀ। ਬੁਲਾਵੇ ਦੀ ਉਡੀਕ ਹਰ ਰੋਜ਼ ਕਰਨੀ ਹੁੰਦੀ ਸੀ, ਕਿਉਂਕਿ ਆਰਜ਼ੀ ਅਧਿਆਪਕ ਅਚਾਨਕ ਬੁਲਾਏ ਜਾਂਦੇ ਹਨ। ਉਨ੍ਹਾਂ ਦੀ ਤਨਖਾਹ ਦੂਜੇ ਅਧਿਆਪਕਾਂ ਜਿੰਨੀ ਹੀ ਹੁੰਦੀ ਹੈ। ਇਹ ਤਨਖਾਹ ਸਿਰਫ ਉਸ ਦਿਨ ਦੀ ਮਿਲਦੀ ਹੈ, ਜਿਸ ਦਿਨ ਦਾ ਬੁਲਾਵਾ ਆਵੇ। ਮੈਨੂੰ ਇਹ ਤਨਖਾਹ ਕੁਝ ਵੱਧ ਮਿਲਦੀ ਸੀ, ਕਿਉਂਕਿ ਮੇਰੇ ਆਸਟਰੇਲੀਆ ਆਉਣ ਤੋਂ ਪਹਿਲਾਂ ਪੰਜਾਬ ਵਿਚ ਅਧਿਆਪਨ ਦੇ ਤਜ਼ਰਬੇ ਨੂੰ ਵੀ ਧਿਆਨ ‘ਚ ਰੱਖਿਆ ਗਿਆ ਸੀ।

ਪੜ੍ਹਾਉਣ ਜਾਣ ਲਈ ਤਿਆਰ ਹਰ ਰੋਜ਼ ਹੀ ਰਹਿਣਾ ਹੁੰਦਾ ਸੀ। ਕਾਲਜ ਘਰ ਤੋਂ 20 ਕੁ ਕਿਲੋਮੀਟਰ ਦੂਰ ਸੀ। ਬੁਲਾਵਾ ਆਉਣ `ਤੇ ਸਭ ਕੰਮ ਜਲਦੀ ਜਲਦੀ ਕਰਨੇ ਹੁੰਦੇ ਸਨ। ਇਹ ਬੁਲਾਵਾ ਸਰਦੀ ਦੇ ਦਿਨਾਂ ਵਿਚ ਵਧ ਆਉਂਦਾ ਸੀ। ਸਕੂਲਾਂ ਜਾਂ ਕਾਲਜਾਂ ਦੀ ਪਹਿਲੀ ਤਿਮਾਹੀ ਵਿਚ ਇਹ ਬੁਲਾਵੇ ਘੱਟ ਹੀ ਆਉਂਦੇ ਹਨ। ਕਰੀਬ ਇਹੀ ਹਾਲ ਆਖਰੀ ਨਵੰਬਰ-ਦਸੰਬਰ ਵਾਲੀ ਤਿਮਾਹੀ ਦਾ ਹੁੰਦਾ ਏ, ਕਿਉਂਕਿ ਉਸ ਸਮੇਂ ਪਰਚੇ ਸ਼ੁਰੂ ਹੋ ਜਾਣ ਕਾਰਨ ਕਾਫੀ ਪੱਕੇ ਅਧਿਆਪਕ ਵਿਹਲੇ ਹੋ ਜਾਂਦੇ ਹਨ। ਇੰਜ ਜਿ਼ਆਦਾ ਬੁਲਾਵੇ ਮਈ ਤੋਂ ਲੈ ਕੇ ਅਕਤੂਬਰ ਤੱਕ ਹੀ ਆਉਂਦੇ ਹਨ। ਇਹੀ ਮਹੀਨੇ ਆਸਟਰੇਲੀਆ ਵਿਚ ਸਰਦੀ ਦੇ ਹੁੰਦੇ ਹਨ। ਰੋਜ਼ ਇਵੇਂ ਪ੍ਰੋਗਰਾਮ ਬਣਾਉਣਾ ਕਿ ਸਾਢੇ ਛੇ ਵਜੇ ਤੋਂ ਪਹਿਲਾਂ ਪਹਿਲਾਂ ਪਖਾਨੇ ਜਾਣ ਦਾ ਕੰਮ ਨਿਬੇੜ ਲਿਆ ਜਾਵੇ। ਬਾਕੀ ਕੰਮ ਸ਼ੇਵ ਕਰਨੀ, ਨਹਾਉਣਾ, ਭੋਜਨ ਟਿਫਨ ਵਿਚ ਪਾਉਣਾ, ਕਾਰ ਨੂੰ ਸਟਾਰਟ ਕਰਕੇ ਦੇਖਣਾ, ਕਾਗਜ਼ ਪੱਤਰ ਚੁੱਕਣਾ ਆਦਿ ਸਾਢੇ ਛੇ ਤੋਂ ਸਵਾ ਸੱਤ ਦੇ ਵਿਚਕਾਰ ਨਿਬੇੜੇ ਜਾ ਸਕਦੇ ਹੁੰਦੇ ਸਨ। ਇਸ ਤੋਂ ਬਾਅਦ ਕਾਲਜ ਪਹੁੰਚਣ ਨੂੰ ਅੱਧਾ ਕੁ ਘੰਟਾ ਲੱਗ ਜਾਂਦਾ ਸੀ। ਸਵੇਰ ਦੇ ਇਹ ਸਾਰੇ ਕੰਮ ਬਹੁਤ ਹੀ ਫੁਰਤੀ ਨਾਲ ਕਰਨੇ ਹੁੰਦੇ ਸਨ। ਜੇ ਘਰ ਇਕੱਲਾ ਹੋਵਾਂ ਤਾਂ ਹੋਰ ਵੀ ਫੁਰਤੀ ਵਰਤਣੀ ਪੈਂਦੀ ਸੀ। ਇਹੀ ਹਾਲ ਅੱਜ ਸੀ।
ਬੁਲਾਵਾ ਆ ਗਿਆ ਸੀ। ਮੈਂ ਸਾਰੇ ਕੰਮ ਨਿਯਮਿਤ ਰੂਪ ਵਿਚ ਕਰਨੇ ਸ਼ੁਰੂ ਕਰ ਦਿੱਤੇ। ਜਦ ਮੈਂ ਕੱਪੜੇ ਪਹਿਨ ਕੇ ਤਿਆਰ ਹੋ ਗਿਆ ਤਾਂ ਮੈਂ ਰੈਂਬੋ ਨੂੰ ਆਵਾਜ਼ ਮਾਰੀ। ਮੈਂ ਆਵਾਜ਼ਾਂ ਮਾਰੀ ਜਾਵਾਂ ਤੇ ਰੈਂਬੋ ਕਿਤੇ ਨਜ਼ਰ ਹੀ ਨਾ ਆਵੇ। ਅਸੀਂ ਸਾਰਿਆਂ ਨੇ ਰੈਂਬੋ ਦੀ ਸ਼ੁਰੂ ਤੋਂ ਹੀ ਇਹੀ ਆਦਤ ਬਣਾਈ ਹੋਈ ਸੀ ਕਿ ਉਹ ਘਰ ਵਿਚ ਘੁੰਮਦਾ ਫਿਰਦਾ ਹੀ ਰਹਿੰਦਾ ਸੀ। ਅਸੀਂ ਉਸ ਨੂੰ ਕਦੇ ਬੰਨ੍ਹਿਆ ਨਹੀਂ ਸੀ। ਇਹ ਛੋਟੇ ਕੱਦ ਦਾ ਮਾਲਟੀਜ਼ ਸਿਲਕੀ ਟੈਰੀਅਰ ਨਸਲ ਦਾ ਕੁੱਤਾ ਸੀ। ਮੇਰਾ ਲੜਕਾ ਇਸ ਕਤੂਰੇ ਨੂੰ ਅੱਠ ਕੁ ਸਾਲ ਪਹਿਲਾਂ ਸ਼ਾਪਿੰਗ ਸੈਂਟਰ ਤੋਂ ਖਰੀਦ ਕੇ ਲਿਆਇਆ ਸੀ।
ਮੈਂ ਆਵਾਜ਼ਾਂ ਮਾਰੀ ਗਿਆ, ਪਰ ਰੈਂਬੋ ਕਿਧਰੇ ਵੀ ਨਜ਼ਰ ਨਾ ਆਇਆ। ਉਧਰ ਮੈਨੂੰ ਸਮੇਂ ਸਿਰ ਸਕੂਲ ਪਹੁੰਚਣ ਦਾ ਫਿਕਰ। ਕੈਜ਼ੂਅਲ ਅਧਿਆਪਕ ਨੂੰ ਤਾਂ ਮਿੰਟ-ਮਿੰਟ ਦਾ ਫਿਕਰ ਹੁੰਦਾ ਏ। ਜੇ ਮਾੜੀ ਮੋਟੀ ਵੀ ਕੁਤਾਹੀ ਹੋ ਜਾਵੇ ਤਾਂ ਕਾਲਜ ਵਾਲੇ ਅੱਗੇ ਲਈ ਸੱਦਣੋਂ ਇਨਕਾਰੀ ਵੀ ਹੋ ਸਕਦੇ ਹੁੰਦੇ ਹਨ। ਮੈਨੂੰ ਇਹ ਵੀ ਡਰ ਅਤੇ ਚਿੰਤਾ ਕਿ ਰੈਂਬੋ ਕਿਤੇ ਉਸ ਸਮੇਂ ਬਾਹਰ ਨਾ ਖਿਸਕ ਗਿਆ ਹੋਵੇ, ਜਦ ਮੈਂ ਕਾਰ `ਤੇ ਨਜ਼ਰ ਮਾਰਨ ਲਈ ਮੂਹਰੇ ਵਾਲਾ ਦਰਵਾਜ਼ਾ ਖੋਲ੍ਹਿਆ ਸੀ। ਇਹ ਸੋਚ ਕੇ ਮੇਰਾ ਫਿਕਰ ਹੋਰ ਵੀ ਵਧ ਗਿਆ ਕਿ ਉਹ ਬਾਹਰ ਕਿਸੇ ਨੂੰ ਵੱਢ ਨਾ ਦੇਵੇ। ਉਹ ਭੱਜ ਕੇ ਦੂਰ ਵੀ ਜਾ ਸਕਦਾ ਸੀ। ਉਹ ਗੁਆਚ ਵੀ ਸਕਦਾ ਸੀ। ਮੈਂ ਜ਼ੋਰ ਜ਼ੋਰ ਨਾਲ ਆਵਾਜ਼ ਮਾਰੀ, “ਰੈਂਬੋ…! ਰੈਂਬੋ…!! ਰੈਂਬੋ…!!!” ਰੈਂਬੋ ਕਿਤਿਓਂ ਵੀ ਨਾ ਨਿਕਲਿਆ। ਹਾਏ ਰੱਬਾ! ਹੁਣ ਕੀ ਕੀਤਾ ਜਾਵੇ? ਜੇ ਨਾ ਦਿਖਿਆ ਤਾਂ ਮੈਂ ਕਾਲਜ ਕਿਵੇਂ ਜਾਊਂ?
ਮੈਂ ਵੈਸੇ ਵੀ ਰੈਂਬੋ ਨੂੰ ਘਰ ਵਿਚ ਘੱਟ ਹੀ ਬੁਲਾਇਆ ਕਰਦਾ ਸਾਂ। ਜੇ ਮੈਂ ਕਦੀ ਬੁਲਾਇਆ ਵੀ ਸੀ ਤਾਂ ਵੀ ਉਹ ਮੇਰੇ ਪਾਸ ਕਦੀ ਘੱਟ ਹੀ ਆਉਂਦਾ ਹੁੰਦਾ ਸੀ। ਉਸ ਸਮੇਂ ਤਾਂ ਰੈਂਬੋ ਹਮੇਸ਼ਾ ਘਰ ਦੇ ਕਿਸੇ ਖੱਲ ਖੂੰਜੇ ਲੁਕ ਹੀ ਜਾਂਦਾ ਸੀ, ਜਦ ਉਸ ਨੂੰ ਪਤਾ ਲੱਗ ਜਾਵੇ ਕਿ ਘਰ ਵਾਲੇ ਸਾਰੇ ਉਸ ਨੂੰ ਇਕੱਲਾ ਛੱਡ ਕੇ ਕਿਧਰੇ ਜਾ ਰਹੇ ਹੁੰਦੇ ਸਨ। ਇਸ ਹਾਲਤ ਵਿਚ ਉਹ ਅਕਸਰ ਕੰਬਣ ਵੀ ਲੱਗ ਜਾਂਦਾ ਹੁੰਦਾ ਸੀ। ਉਹ ਇਕੱਲਾ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਸੀ ਕਰਦਾ। ਪਹਿਲਾਂ ਜੇ ਮੈਂ ਉਸ ਨੂੰ ਇਕੱਲਾ ਛੱਡ ਕੇ ਕਿਧਰੇ ਜਾਂਦਾ ਸਾਂ ਤਾਂ ਉਹ ਮੇਰੀ ਪੈਂਟ ਫੜ੍ਹ ਫੜ੍ਹ ਕੇ ਖਿੱਚਦਾ ਵੀ ਹੁੰਦਾ ਸੀ। ਹੁਣ ਤਾਂ ਉਸ ਦੀ ਕੋਈ ਉੱਘ ਸੁੱਘ ਹੀ ਨਹੀਂ ਸੀ। ਉਸ ਨੂੰ ਲੱਭੇ ਬਿਨਾ ਮੈਂ ਕਾਲਜ ਵੀ ਨਹੀਂ ਜਾ ਸਕਦਾ ਸਾਂ। ਜੇ ਚਲਾ ਜਾਂਦਾ ਤਾਂ ਮੈਨੂੰ ਸਾਰਾ ਦਿਨ ਉਸ ਦਾ ਫਿਕਰ ਲੱਗਾ ਰਹਿਣਾ ਸੀ। ਮੈਂ ਕਾਲਜ ਵਿਚ ਚੰਗੀ ਤਰ੍ਹਾਂ ਕੰਮ ਵੀ ਨਹੀਂ ਸੀ ਕਰ ਸਕਣਾ। ਦੁਚਿੱਤੀ ‘ਚ ਬੰਦਾ ਗਲਤੀ ਵੀ ਕਰ ਸਕਦਾ ਹੁੰਦਾ ਏ। ਜੇ ਬਾਹਰ ਕਿਸੇ ਨੂੰ ਵੱਢ ਦਿੱਤਾ ਤਾਂ ਪਤਾ ਨਹੀ ਕੀ ਕਾਨੂੰਨੀ ਕਾਰਵਾਈ ਹੋ ਜਾਊ। ਇਹ ਆਸਟਰੇਲੀਆ ਹੈ, ਭਾਰਤ ਨਹੀਂ।
ਮੈਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ। ਰੈਂਬੋ ਮੇਰੇ ਵਾਸਤੇ ਬਹੁਤ ਵੱਡੀ ਸਿਰਦਰਦੀ ਬਣ ਗਿਆ ਸੀ। ਮੇਰਾ ਇੱਕ ਇੱਕ ਮਿੰਟ ਕੀਮਤੀ ਸੀ। ਮੇਰੇ ਮਨ ਵਿਚ ਆਇਆ ਕਿ ਮੈਂ ਆਪਣੇ ਲੜਕੇ ਨੂੰ ਫੋਨ ਕਰਕੇ ਮਸਲੇ ਦਾ ਕੋਈ ਹੱਲ ਲੱਭਾਂ। ਜਦ ਘੜੀ ਦੇਖੀ ਤਾਂ ਯੂਰਪ ਵਿਚ ਰਾਤ ਦਾ ਸਮਾਂ ਸੀ। ਫਿਰ ਮੇਰੇ ਮਨ ‘ਚ ਆਇਆ ਕਿ ਮੈਂ ਆਪਣੀ ਘਰਵਾਲੀ ਨੂੰ ਫੋਨ ਕਰਕੇ ਪਤਾ ਕਰਾਂ ਕਿ ਕੀ ਕੀਤਾ ਜਾਵੇ। ਮਨ ‘ਚ ਇਹ ਵੀ ਆਵੇ ਕਿ ਉਹ ਸਵੇਰੇ ਲੇਟ ਉੱਠਦੀ ਏ। ਉਸ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਆਖਰ ਘਰਵਾਲੀ ਨੂੰ ਫੋਨ ਕਰ ਹੀ ਲਿਆ। ਸੁਣ ਕੇ ਉਹ ਹੋਰ ਵੀ ਸੋਚੀਂ ਪੈ ਗਈ।
ਫਿਰ ਉਹ ਕਹਿਣ ਲੱਗੀ, “ਮੈਂ ਕੀ ਦੱਸ ਸਕਦੀ ਹਾਂ? ਤੁਹਾਨੂੰ ਸਵੇਰੇ ਮੂਹਰਲਾ ਦਰਵਾਜ਼ਾ ਬਹੁਤ ਧਿਆਨ ਨਾਲ ਖੋਲ੍ਹਣਾ ਚਾਹੀਦਾ ਸੀ। ਤੁਹਾਨੂੰ ਕਾਲਜ ਤਾਂ ਜਾਣਾ ਹੀ ਚਾਹੀਦਾ ਏ। ਤੁਸੀਂ ਜਾਣ ਲਈ ਹਾਂ ਕਰ ਚੁਕੇ ਹੋ। ਤੁਸੀਂ ਕੋਈ ਪੱਕੇ ਅਧਿਆਪਕ ਤਾਂ ਹੈ ਨਹੀਂ। ਆਰਜ਼ੀ ਹੋ। ਆਰਜ਼ੀ ਨੂੰ ਤਾਂ ਪੈਰ ਪੈਰ `ਤੇ ਧਿਆਨ ਰੱਖਣਾ ਪੈਂਦਾ ਏ। ਲੜਕੀ ਨੂੰ ਜਗਾ ਕੇ ਮੈਨੂੰ ਪੁੱਛ ਲੈਣ ਦਿਓ। ਦੋ ਚਾਰ ਮਿੰਟ ਇੰਤਜ਼ਾਰ ਕਰੋ।”
“ਬੇਟੇ, ਤੇਰੇ ਡੈਡੀ ਚੱਕਰ ਵਿਚ ਪੈ ਗਏ ਹਨ। ਰੈਂਬੋ ਦਾ ਮਸਲਾ ਬਣ ਗਿਆ ਏ, “ਮੇਰੀ ਘਰਵਾਲੀ ਨੇ ਬੇਟੀ ਨੂੰ ਜਗਾਉਂਦਿਆਂ ਇੰਜ ਕਹਿਣਾ ਸ਼ੁਰੂ ਕਰ ਦਿੱਤਾ।
ਬੇਟੀ ਜਾਗੇ ਹੀ ਨਾ। ਉਹ ਰਾਤ ਦੀ ਡਿਊਟੀ ਤੋਂ ਆ ਕੇ ਲੇਟ ਸੁੱਤੀ ਸੀ। ਦੋ-ਤਿੰਨ ਮਿੰਟ ਦੋਹਾਂ ਵਿਚ ਕਸ਼ਮਕਸ਼ ਚਲਦੀ ਰਹੀ। ਮੇਰਾ ਸਮਾਂ ਬੀਤਦਾ ਜਾ ਰਿਹਾ ਸੀ। ਮੇਰੀ ਘਰਵਾਲੀ ਨੇ ਔਖੇ ਸੌਖੇ ਮਸਲਾ ਬੇਟੀ ਦੇ ਕੰਨ ਵਿਚ ਪਾਇਆ। ਬੇਟੀ ਅੱਧੀ ਜਾਗੀ ਤੇ ਫਿਰ ਬੁੜਬੁੜਾਉਂਦੀ ਹੋਈ ਬੋਲੀ, “ਮੰਮੀ, ਗੱਲ ਸਿੱਧੀ ਪੱਧਰੀ ਏ। ਅਸੀਂ ਦੇਖਦੇ ਰਹੇ ਹਾਂ ਕਿ ਰੈਂਬੋ ਤੁਹਾਡੀ ਆਵਾਜ਼ `ਤੇ ਲੱਗਾ ਹੋਇਆ ਏ। ਜੇ ਉਹ ਆਪਣਾ ਨਾਮ ਤੁਹਾਡੀ ਸੰਗੀਤਕ ਆਵਾਜ਼ ਵਿਚ ਸੁਣ ਲਵੇ ਤਾਂ ਉਹ ਘਰ ਦੇ ਦੂਰ-ਦੁਰਾਡੇ ਦੇ ਕੋਨਿਆਂ `ਚੋਂ ਵੀ ਤੁਹਾਡੇ ਵੱਲ ਦੌੜਿਆ ਆਉਂਦਾ ਹੈ। ਤੁਸੀਂ ਉਹਨੂੰ ਪੂਰੇ ਪਿਆਰ ਨਾਲ ਆਪਣੀ ਤਰਜ਼ `ਤੇ ਆਵਾਜ਼ ਮਾਰੋ।”
“ਮੈਂ ਐਡੀ ਦੂਰ ਬੈਠੀ ਆਵਾਜ਼ ਕਿਵੇਂ ਮਾਰ ਸਕਦੀ ਹਾਂ?”
“ਮੰਮੀ, ਤੁਹਾਨੂੰ ਇਹ ਵੀ ਨਹੀਂ ਪਤਾ?”
“ਨਹੀਂ, ਮੈਨੂੰ ਤਾਂ ਸਮਝ ਨਹੀਂ ਆਉਂਦੀ।”
“ਆਪਣਾ ਫੋਨ ਡੈਡੀ ਨੂੰ ਮਿਲਾਓ। ਨਾਲੇ ਕਹੋ ਕਿ ਡੈਡੀ ਆਪਣੇ ਫੋਨ ਦੀ ਆਵਾਜ਼ ਪੂਰੀ ਉੱਚੀ ਕਰ ਲੈਣ। ਤੁਸੀਂ ਉੱਚੀ ਦੇਣੀ ਉਸੇ ਪੁਰਾਣੀ ਤਰਜ਼ ਨਾਲ ਕਹੋ, “ਰੈਂਅਅਬਬੋ!”
ਮੇਰੀ ਲੜਕੀ ਦੇ ਦੱਸੇ ਮੁਤਾਬਕ ਮੇਰੀ ਘਰਵਾਲੀ ਨੇ ਇਵੇਂ ਹੀ ਕੀਤਾ। ਮੈਂ ਵੀ ਆਪਣਾ ਫੋਨ ਪੂਰਾ ਉੱਚਾ ਕਰ ਲਿਆ। ਜਦ ਉਸ ਦੀ ਵਿਲੱਖਣ ਸੰਗੀਤਮਈ ਆਵਾਜ਼ ਘਰ ਵਿਚ ਗੂੰਜੀ ਤਾਂ ਕਮਾਲ ਹੀ ਹੋ ਗਈ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਰੈਂਬੋ ਕਿਧਰੋਂ ਨਿਕਲ ਆਇਆ। ਉਹ ਮਟਕ ਮਟਕ ਤੁਰਦਾ ਮੇਰੇ ਵੱਲ ਨੂੰ ਆ ਰਿਹਾ ਸੀ। ਉਹ ਉੱਪਰ ਨੂੰ ਮੂੰਹ ਚੁੱਕ ਚੁੱਕ ਕੇ ਰੋ ਵੀ ਰਿਹਾ ਸੀ, ਮਾਨੋ ਕਹਿ ਰਿਹਾ ਹੋਵੇ, “ਤੁਸੀਂ ਮੈਨੂੰ ਇਕੱਲੇ ਛੱਡ ਕੇ ਕਿਉਂ ਚਲੇ ਜਾਂਦੇ ਹੋ।” ਮੈਨੂੰ ਪਤਾ ਵੀ ਨਹੀਂ ਲੱਗਾ ਕਿ ਉਹ ਕਿਥੋਂ ਨਿਕਲ ਕੇ ਆਇਆ ਸੀ। ਮੇਰੇ ਮਨ ਵਿਚ ਉਸ ਮੁਹਾਵਰੇ ਦਾ ਉਲਟਾ ਰੂਪ ਆਈ ਜਾਵੇ: ਮਾਂ ਨੂੰ ਆਪਣੇ ਗੂੰਗੇ ਬੱਚੇ ਦੀ ਵੀ ਗੱਲ ਸਮਝ ਆ ਜਾਂਦੀ ਏ। ਇਸ ਹਾਲਤ ਵਿਚ ਗੂੰਗੇ ਨੂੰ ਮਾਂ ਦੀ ਰਮਜ਼ ਸਮਝ ਆ ਰਹੀ ਸੀ।
ਰੈਂਬੋ ਨੂੰ ਇਸ ਤਰ੍ਹਾਂ ਪ੍ਰਗਟ ਹੁੰਦੇ ਨੂੰ ਦੇਖ ਕੇ ਮੇਰੀ ਚਿੰਤਾ ਮੁੱਕ ਗਈ। ਮੈਂ ਉਸ ਨੂੰ ਉਸ ਦੀ ਖੁਰਾਕ ਪਾਈ। ਘਰ ਦੇ ਪਿੱਛੇ ਮਿੰਟ ਕੁ ਲਈ ਬਾਹਰ ਕੱਢਿਆ। ਇਸ ਤੋਂ ਬਾਅਦ ਮੈਂ ਨਿਸ਼ਚਿੰਤ ਹੋ ਕੇ ਕਾਲਜ ਨੂੰ ਚਲਾ ਗਿਆ।
ਬੇਟੀ ਨੇ ਜਾਨਵਰ ਦੀ ਮਨੋਬਿਰਤੀ ਬਾਰੇ ਇਕ ਨਵੀਂ ਖੋਜ ਕਰ ਦਿੱਤੀ ਸੀ। ਇਹ ਖੋਜ ਬਾਅਦ ਵਿਚ ਵੀ ਸਾਡੇ ਕੰਮ ਆਉਂਦੀ ਰਹੀ।