ਫਿਲਮੀ ਖੇਤਰ ਲਈ ਬਹੁਪੱਖੀ ਆਸ ਤੇ ਧਰਵਾਸ ਕਰਨਵੀਰ ਸਿੰਘ ਸਿਬੀਆ

ਜੋਤੀ ਹੀਰ, ਜਲੰਧਰ
ਫੋਨ: 91-86997-75563
ਫਿਲਮ ਇੰਡਸਟਰੀ ਹਮੇਸ਼ਾ ਮਨੋਰੰਜਨ ਤੇ ਮੁਨਾਫੇ ਦਾ ਖੇਤਰ ਰਿਹਾ ਹੈ। ਫਿਲਮੀ ਖੇਤਰ ਵਿਚ ਕੰਮ ਕਰਨ ਵਾਲੇ ਤੋਂ ਲੈ ਕੇ ਪੈਸੇ ਲਾਉਣ ਵਾਲਿਆਂ ਤੱਕ ਹਰ ਕੋਈ ਮੁਨਾਫੇ ਲਈ ਆਉਂਦਾ ਹੈ, ਪਰ ਇਸ ਖੇਤਰ ਵਿਚ ਇਕ ਨਾਮ ਸ. ਕਰਨਵੀਰ ਸਿੰਘ ਸਿਬੀਆ ਹੈ, ਜੋ ਬਿਨਾ ਕਿਸੇ ਮੁਨਾਫੇ ਤੋਂ ਇਸ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਦਾ ਮੁੱਖ ਮੰਤਵ ਸਮਾਜ ਦੀ ਭਲਾਈ ਲਈ ਕੁਝ ਨਵਾਂ ਤੇ ਅਰਥ-ਭਰਪੂਰ ਕੰਮ ਕਰਨਾ ਹੈ। ਇਸ ਕਾਰਜ ਵਿਚ ਉਹ ਲਗਭਗ ਡੇਢ ਦਹਾਕੇ ਤੋਂ ਨਿਰਮਾਤਾ, ਨਿਰਦੇਸ਼ਕ, ਲੇਖਕ ਤੇ ਸਮਾਜ ਸੇਵੀ ਵਜੋਂ ਨਿਰੰਤਰ ਕਾਰਜਸ਼ੀਲ ਹਨ।

ਉਨ੍ਹਾਂ ਦਾ ਜਨਮ 10 ਅਕਤੂਬਰ 1954 ਨੂੰ ਪਿਤਾ ਸ. ਗੁਰਬਖਸ਼ ਸਿੰਘ ਸਿਬੀਆ ਅਤੇ ਮਾਤਾ ਬੇਅੰਤ ਕੌਰ ਦੇ ਘਰ ਸੰਗਰੂਰ ਵਿਖੇ ਹੋਇਆ। ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ `ਤੇ ਚੱਲਦਿਆਂ ਉਨ੍ਹਾਂ ਨੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਿਆ ਹੈ। ਇਨ੍ਹਾਂ ਦੇ ਪਿਤਾ ਜੀ ਸੰਤ ਅਤਰ ਸਿੰਘ ਜੀ (ਮਸਤੂਆਣਾ ਸਾਹਿਬ) ਤੋਂ ਬਹੁਤ ਪ੍ਰੇਰਿਤ ਸਨ।
ਇਸ ਸਮੇਂ ਸ. ਕਰਨਵੀਰ ਸਿਬੀਆ ਸੰਗਰੂਰ ਵਿਰਾਸਤ ਸੰਭਾਲ ਸੁਸਾਇਟੀ ਅਤੇ ਸੰਗਰੂਰ ਹੈਰੀਟੇਜ ਅਤੇ ਲਿਟਰੇਰੀ ਫੈਸਟੀਵਲ ਦੇ ਚੈਅਰਮੈਨ ਹਨ। ਉਹ ਪਟਿਆਲਾ ਦੇ ਗੂੰਗੇ, ਬੋਲੇ ਅਤੇ ਨੇਤਰਹੀਣ ਸਕੂਲ ਦੇ ਉਪ-ਪ੍ਰਧਾਨ ਹਨ। ਨੰਨ੍ਹੀ ਜਾਨ ਸੰਸਥਾ ਦੇ ਫਾਊਂਡਰ (ਬਾਨੀ) ਮੈਂਬਰ, ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ/ਅਕਾਲ ਡਿਗਰੀ ਕਾਲਜ ਫਾਰ ਵੁਮਨ ਦੇ ਟਰੱਸਟੀ ਅਤੇ ਵਿਸ਼ੇਸ਼ ਜਰੂਰਤ-ਮੰਦ ਬੱਚਿਆਂ ਲਈ ਵੱਖਰੇ ਪ੍ਰੋਗਰਾਮ ਅਤੇ ਸੰਸਥਾਵਾਂ ਵਿਚ ਸੇਵਾ ਨਿਭਾਅ ਰਹੇ ਹਨ। ਆਪਣੇ ਪਿਤਾ ਸ. ਗੁਰਬਖਸ਼ ਸਿੰਘ ਸਿਬੀਆ (ਸਾਬਕਾ ਬਿਜਲੀ ਅਤੇ ਸਿੰਚਾਈ ਮੰਤਰੀ, ਪੰਜਾਬ ਸਰਕਾਰ) ਦੀ ਸ਼ਾਨਦਾਰ ਅਤੇ ਪਰਉਪਕਾਰੀ ਜਿ਼ੰਦਗੀ ਦਾ ਜਸ਼ਨ ਮਨਾਉਣ ਲਈ, ਜਿਨ੍ਹਾਂ ਦੀ ਸਾਰੀ ਹੋਂਦ ਦੂਜਿਆਂ ਲਈ ਸੀ, ਸ. ਕਰਨਵੀਰ ਸਿੰਘ ਸਿਬੀਆ ਨੇ ਆਪਣੇ ਪਿਤਾ ਜੀ ਦੀ ਜੀਵਨੀ “ਏ ਲਾਈਫ ਵੈੱਲ ਲਿਵਡ” ਲਿਖੀ। ਸਦਭਾਵਨਾ, ਸਦਾਚਾਰ ਤੇ ਹੌਸਲਾ ਉਨ੍ਹਾਂ ਦੇ ਕਿਰਦਾਰ ਦਾ ਹਿੱਸਾ ਹਨ। ਬੇਟੀਆਂ ਦੀ ਮਦਦ ਲਈ ਉਹ ਹਮੇਸ਼ਾ ਹੀ ਅੱਗੇ ਰਹੇ ਹਨ।
ਜਦੋਂ ਪਿਤਾ ਦੀਆਂ ਜਿੰ਼ਮੇਵਾਰੀਆਂ ਸ. ਸਿਬੀਆ ਦੇ ਸਿਰ ਪਈਆਂ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੰਤ ਅਤਰ ਸਿੰਘ ਜੀ ਬਾਰੇ ਅਧਿਐਨ ਕਰਨਾ ਸ਼ੁਰੂ ਕੀਤਾ। ਉਨ੍ਹਾਂ ਬਾਰੇ ਪੜ੍ਹਨ ਤੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਨ `ਤੇ ਪਤਾ ਲੱਗਾ ਕੇ ਸੰਤ ਜੀ ਦਾ ਸਿੱਖਿਆ ਪ੍ਰਤੀ ਯੋਗਦਾਨ ਖਾਸ ਕਰ ਕੇ ਬੇਟੀਆਂ ਦੀ ਸਿੱਖਿਆ ਲਈ ਰਿਹਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਵੀ ਸੰਤ ਅਤਰ ਸਿੰਘ ਜੀ ਹੱਥੋਂ ਹੀ ਰਖਾਇਆ ਗਿਆ ਹੈ। ਇਸ ਤਰ੍ਹਾਂ ਉਨ੍ਹਾਂ ਨੇ ਸੰਤ ਅਤਰ ਜੀ ਦੇ ਜੀਵਨ ਉੱਪਰ ਸਭ ਤੋਂ ਪਹਿਲਾਂ ਇਕ ਡਾਕੂਮੈਂਟਰੀ ਫਿਲਮ ਬਣਾਈ, ਜਿਸ ਦਾ ਨਾਮ ‘ਗਿਆਨ ਜੋਤ’ ਹੈ। ਇਸ ਫਿਲਮ ਦੀ ਸ਼ੂਟਿੰਗ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ, ਬੜੂ ਸਾਹਿਬ ਆਦਿ ਸਥਾਨਾਂ `ਤੇ ਕੀਤੀ। ਫਿਲਮ ਨੂੰ ਵੱਖ-ਵੱਖ ਵਿਦਿਅਕ ਆਦਾਰਿਆਂ ਵਿਚ ਦਿਖਾਇਆ ਜਾ ਰਿਹਾ ਹੈ। ਸ. ਸਿਬੀਆ ਦਾ ਕਹਿਣਾ ਹੈ ਕਿ ਅੱਜ ਵੀ ਉਨ੍ਹਾਂ ਦਾ ਉਦੇਸ਼ ਸੰਤ ਅਤਰ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਹੀ ਅੱਗੇ ਲੈ ਕੇ ਆਉਣਾ ਹੈ ਤੇ ਉਨ੍ਹਾਂ ਦੀਆਂ ਪ੍ਰੇਰਨਾਵਾਂ ਨੂੰ ਅੱਗੇ ਤੋਰਨਾ ਹੈ।
ਇਸ ਤੋਂ ਬਿਨਾ ਉਨ੍ਹਾਂ ਨੇ ਕੁਝ ਲਘੂ ਫਿਲਮਾਂ ਤੇ ਅਰਥਪੂਰਨ ਗੀਤਾਂ ਦਾ ਨਿਰਮਾਣ ਵੀ ਕਰਵਾਇਆ। ‘ਵਿਰਾਸਤ-ਏ-ਸੰਗਰੂਰ’ ਨਾਲ ਸਬੰਧਿਤ ਗੀਤ ਵੀ ਤਿਆਰ ਕਰਵਾਇਆ। ‘ਨਿੱਕੀਆਂ ਪੈੜਾਂ’ ਸਿਰਲੇਖ ਹੇਠ ਉਨ੍ਹਾਂ ਨੇ ਆਪਣੇ ਜੀ. ਜੀ. ਐਸ. ਪਬਲਿਕ ਸਕੂਲ ਦੀ ਇਕ ਹੋਣਹਾਰ ਹਾਕੀ ਖਿਡਾਰਨ ਜਸਪ੍ਰੀਤ ਕੌਰ ਚੀਮਾ `ਤੇ ਇਕ ਲਘੂ ਫਿਲਮ ਬਣਾ ਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਸ ਦੀ ਮੌਤ ਦਿਲ ਦੀ ਬਿਮਾਰੀ ਕਾਰਨ ਦੋ ਸਾਲ (2019 ਵਿਚ) ਪਹਿਲਾਂ ਹੋਈ ਸੀ। ਜਸਪ੍ਰੀਤ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਖੇਡ ਚੁੱਕੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜਸਪ੍ਰੀਤ ਦੇ ਨਾਮ `ਤੇ ਸਕੂਲ ਵਿਚ ਇਕ ਮੈਮੋਰੀਅਲ ਵੀ ਬਣਾਇਆ ਹੈ। ਸ. ਸਿਬੀਆ ਦਾ ਉਦੇਸ਼ ਇਹੀ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖਾਰਨ ਤੇ ਅੱਗੇ ਲਿਆਉਣ ਲਈ ਉਨ੍ਹਾਂ ਦੀ ਹਰ ਪੱਖ ਤੋਂ ਮਦਦ ਕਰਨੀ ਹੈ ਤੇ ਇਸ ਨੂੰ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਵਿਚ ਨਿਰੰਤਰ ਕਾਰਜਸ਼ੀਲ ਹਨ।
ਇਸ ਸਮੇਂ ਉਨ੍ਹਾਂ ਦਾ ਸਭ ਤੋਂ ਵੱਡਾ ਪ੍ਰਾਜੈਕਟ ਡਾਕੂ-ਡਰਾਮਾ ਫਿਲਮ ‘ਦ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਹੈ। ਇਸ ਫਿਲਮ ਦੇ ਨਿਰਮਾਤਾ ਤੇ ਖੋਜ ਕਰਤਾ ਉਹ ਖੁਦ (ਸ. ਸਿਬੀਆ) ਹਨ ਅਤੇ ਇਸ ਦੇ ਲੇਖਕ ਤੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਹਨ। ਇਸ ਫਿਲਮ ਦੇ ਮੁੱਖ ਅਦਾਕਾਰ ਧਨਵੀਰ ਸਿੰਘ, ਮਹਾਂਵੀਰ ਭੁੱਲਰ, ਪਾਲੀ ਸੰਧੂ ਹਨ। ਇਸ ਫਿਲਮ ਵਿਚ ਸੂਤਰਧਾਰ ਵਜੋਂ ਆਵਾਜ਼ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਜ਼ਾਕਿਰ ਹੁਸੈਨ ਨੇ ਦਿੱਤੀ ਹੈ ਅਤੇ ਇਸ ਦੀ ਪੋਸਟ-ਪ੍ਰੋਡਕਸ਼ਨ ਦਾ ਕੰਮ ਮੁੰਬਈ ਦੇ ਤਜ਼ਰਬੇਕਾਰ ਤਕਨੀਸ਼ੀਅਨਾਂ ਵੱਲੋਂ ਕੀਤਾ ਗਿਆ ਹੈ। ਇਹ ਫਿਲਮ ਪੁਣਛ ਦੇ ਰਖਵਾਲੇ ਵਜੋਂ ਯਾਦ ਕੀਤੇ ਜਾਂਦੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਪੇਸ਼ ਕਰਦੀ ਹੈ। ਇਹ ਫਿਲਮ ਇਸ ਸਮੇਂ ਤੱਕ 15 ਰਾਸ਼ਟਰੀ ਤੇ ਅੰਤਰਰਾਸ਼ਟਰੀ ਅਵਾਰਡ ਜਿੱਤ ਚੁਕੀ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਡਾ ਨਾਂ ਲਾਸ ਏਂਜਲਸ ਫਿਲਮ ਅਵਾਰਡ ਹੈ।
ਇਸ ਸਮੇਂ ਸ. ਸਿਬੀਆ ਆਪਣੇ ਪਿਤਾ ਜੀ ਦੀ ਸੌਂਵੀ ਬਰਸੀ ਮੌਕੇ ਉਨ੍ਹਾਂ ਉੱਪਰ ਇਕ ਡਾਕੂਮੈਂਟਰੀ ਫਿਲਮ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ। ਇਹ ਡਾਕੂਮੈਂਟਰੀ ਫਿਲਮ ‘ਦ ਵਿਜ਼ਨਰੀ: ਗੁਰਬਖਸ਼ ਸਿੰਘ ਸਿਬੀਆ’ ਨਾਂ ਹੇਠ ਬਣਾਈ ਜਾ ਰਹੀ ਹੈ। ਇਸ ਵਿਚ ਉਨ੍ਹਾਂ ਦੇ ਪਿਤਾ ਜੀ ਦਾ ਰੋਲ ਮਹਾਂਵੀਰ ਭੁੱਲਰ ਕਰ ਰਹੇ ਹਨ।
ਉਹ ਨਿੱਕੇ-ਨਿੱਕੇ ਬਾਲਾਂ ਲਈ ਰੌਚਿਕ ਅਤੇ ਸਿੱਖਿਆਦਾਇਕ ਵੀਡੀਓ ਵੀ ਤਿਆਰ ਕਰਵਾ ਰਹੇ ਹਨ ਤਾਂ ਜੋ ਨਿੱਕੇ ਬਾਲਾਂ ਨੂੰ ਆਪਣੀ ਭਾਸ਼ਾ ਅਤੇ ਸਭਿਆਚਾਰ ਨਾਲ ਜੋੜ ਕੇ ਰੱਖਿਆ ਜਾ ਸਕੇ। ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੇ ਪ੍ਰਾਜੈਕਟ ਦਾ ਮੁੱਖ ਵਿਸ਼ਾ ਬੱਚਿਆਂ ਅਤੇ ਥਿਏਟਰ ‘ਤੇ ਹੈ। ਸ. ਸਿਬੀਆ ਦਾ ਕਹਿਣਾ ਹੈ ਕਿ ਬੱਚਿਆਂ ਉੱਪਰ ਪੰਜਾਬ ਵਿਚ ਅਰਥਪੂਰਨ ਕੰਮ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਸ ਦੇ ਨਾਲ ਹੀ ਬਹੁਤ ਸੋਹਣੀਆਂ ਲਿਖਤਾਂ ਜੋ ਬੱਚਿਆਂ ਲਈ ਪ੍ਰੇਰਨਾਦਾਇਕ ਹੋਣ, ਉਨ੍ਹਾਂ ਕਵਿਤਾਵਾਂ, ਕਹਾਣੀਆਂ ਨੂੰ ਆਧਾਰ ਬਣਾ ਕੇ ਬੱਚਿਆਂ ਦੁਆਰਾ ਫਿਲਮਾਈਆਂ ਜਾਣਗੀਆਂ। ਉਹ ਇਸ ਖੇਤਰ ਵਿਚ ਸਥਾਨਕ ਅਤੇ ਅੰਤਰਰਾਸ਼ਟਰੀ ਪ੍ਰਾਜੈਕਟ ਕਰ ਰਹੇ ਹਨ।
ਬੰਦਾ ਸਾਗਰ ਦੀ ਇਕ ਬੂੰਦ ਦੇ ਸਮਾਨ ਹੀ ਨਹੀਂ ਹੈ, ਸਗੋਂ ਉਹ ਇਕ ਬੂੰਦ ਵਿਚ ਹੀ ਪੂਰਾ ਸਾਗਰ ਹੈ। ਇਸ ਦੀ ਸਭ ਤੋਂ ਵਧੀਆ ਮਿਸਾਲ ਸਾਡੇ ਸਾਹਮਣੇ ਸ. ਸਿਬੀਆ ਹਨ। ਉਹ ਬੱਚਿਆਂ ਅੰਦਰ ਬੈਠੀ ਸਵੇਰ ਨੂੰ ਜੋ ਕਿ ਪ੍ਰਕਾਸ਼ ਵਿਚ ਆਉਣ ਦਾ ਇੰਤਜ਼ਾਰ ਕਰ ਰਹੀ ਹੈ, ਉਸ ਨੂੰ ਬਾਹਰ ਲੈ ਕੇ ਆਉਣ ਵਿਚ ਯਤਨਸ਼ੀਨ ਹਨ।