ਪੰਜਾਬ ਦੀ ਰਾਜਨੀਤੀ ਬਨਾਮ ਕੁੱਬੇ ਨੂੰ ਲੱਤ

ਗੁਲਜ਼ਾਰ ਸਿੰਘ ਸੰਧੂ
ਅੱਜ ਦੇ ਦਿਨ ਪੰਜਾਬ ਦੀ ਰਾਜਨੀਤੀ ਕੁੱਬੇ ਦੇ ਲੱਤ ਵੱਜਣ ਵਾਲੇ ਦੌਰ ਵਿਚੋਂ ਲੰਘ ਰਹੀ ਹੈ। ਨਵਜੋਤ ਸਿੰਘ ਸਿੱਧੂ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠਣ ਦੇ ਸੁਪਨੇ ਟੁੱਟਣ ਤੋਂ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਦਾ ਉਸ ਕੁਰਸੀ ਨੂੰ ਛੱਡਣਾ ਇਹੀਓ ਦੱਸਦਾ ਹੈ। ਪੰਜਾਬ ਦਾ ਨਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕ ਮੰਗਾਂ ਵੱਲ ਵੀ ਫੌਰੀ ਧਿਆਨ ਦੇ ਰਿਹਾ ਤੇ ਕੇਂਦਰ ਵਲੋਂ ਥੋਪੇ ਜਾ ਰਹੇ ਖੇਤੀ ਦੇ ਕਾਲੇ ਕਾਨੂੰਨਾਂ ਨਾਲ ਵੀ ਆਢਾ ਲੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਨਾਲ ਹੱਥ ਮਿਲਾ ਕੇ ਕੇਂਦਰ ਦੀ ਸਰਕਾਰ ਨੂੰ ਇਸ ਮਾਰਗ ਉੱਤੇ ਤੁਰਨ ਲਈ ਪ੍ਰੇਰ ਰਿਹਾ ਹੈ। ਆਮ ਜਨਤਾ ਇਹ ਨਹੀਂ ਵੇਖਦੀ ਹੁੰਦੀ ਕਿ ਕਿਸ ਵਿਅਕਤੀ ਨੂੰ ਕਿਹੜੀ ਕੁਰਸੀ ਛੱਡ ਕੇ ਕਿਹੜੀ ਕੁਰਸੀ ਦੀ ਯਾਚਨਾ ਹੈ, ਉਹ ਤਾਂ ਇਹ ਵੇਖਦੀ ਹੈ ਕਿ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਕਿਹੜੀ ਸਥਿਤੀ ਰਾਸ ਆਉਂਦੀ ਹੈ।

ਜਨਤਾ ਦਾ ਇਸ ਗੱਲ ਨਾਲ ਵੀ ਕੋਈ ਵਾਹ ਵਾਸਤਾ ਨਹੀਂ ਹੁੰਦਾ ਕਿ ਕਿਸ ਹਸਤੀ ਦੀਆਂ ਲੱਤਾਂ ਕੌਣ ਖਿਚਦਾ ਹੈ। ਉਸ ਨੇ ਤਾਂ ਇਹ ਵੇਖਣਾ ਹੁੰਦਾ ਹੈ ਕਿ ਇਸ ਖਿੱਚ ਖਿਚਾਈ ਤੇ ਦਲ ਬਦਲੀ ਦੀ ਖੇਡ ਵਿਚ ਜਨਤਾ ਦੀਆਂ ਲੋੜਾਂ ਤੇ ਮੰਗਾਂ ਨੂੰ ਕਿਹੋ ਜਿਹਾ ਬੂਰ ਪੈਂਦਾ ਹੈ। ਜਨਤਾ ਲਈ ਨਵਜੋਤ ਸਿੰਘ ਸਿੱਧੂ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤਿਤਵ ਕੋਈ ਅਰਥ ਨਹੀਂ ਰੱਖਦਾ, ਜੇ ਉਨ੍ਹਾਂ ਦੀਆਂ ਲੋੜਾਂ ਵੱਲ ਧਿਆਨ ਦਿੱਤਾ ਜਾਂਦਾ ਹੈ। ਰਾਜਨੀਤੀ ਦੇ ਪੰਡਤ ਜਾਣਦੇ ਹਨ ਕਿ ਜੇ ਮੁੱਖ ਮੰਤਰੀ ਦੀ ਕੁਰਸੀ ਲਈ ਪ੍ਰਵਾਨਤ ਬਦਲ ਮਿਲ ਜਾਂਦਾ ਹੈ ਤਾਂ ਪਾਰਟੀ ਦੀ ਪ੍ਰਧਾਨਗੀ ਚਲਾਉਣ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ। ਪੰਜਾਬ ਕਾਂਗਰਸ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ’ਚ ਹਾਈ ਕਮਾਂਡ ਦੇ ਪ੍ਰਤੀਨਿਧ ਹਰੀਸ਼ ਰਾਵਤ ਅਨੁਸਾਰ ਤਾਂ ਲੁਧਿਆਣਾ ਹਲਕੇ ਦਾ ਸੰਸਦ ਮੈਂਬਰ ਰਵਨੀਤ ਬਿੰਟੂ ਇਹ ਜ਼ਿੰਮੇਵਾਰੀ ਲੈ ਸਕਦਾ ਹੈ। ਜੇ ਹਾਈ ਕਮਾਂਡ ਸੁਨੀਲ ਜਾਖੜ ਨੂੰ ਇਸ ਪਦਵੀ ਲਈ ਦੁਬਾਰਾ ਮਨਾ ਲੈਂਦੀ ਹੈ ਤਾਂ ਕੈਪਟਨ ਦੇ ਸ਼ਾਂਤ ਹੋ ਜਾਣ ਦੀ ਸੰਭਾਵਨਾ ਵਧ ਜਾਂਦੀ ਹੈ; ਹੈ ਨਾ ਕੁੱਬੇ ਨੂੰ ਵੱਜੀ ਲੱਤ ਵਾਲੀ ਖੇਡ?
ਲਖੀਮਪੁਰ ਖੇਤੀ ਦੇ ਘਟਨਾਕ੍ਰਮ ਦਾ ਸੰਦੇਸ਼: ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਅਸਫਲ ਕਰਨ ਦੇ ਜਿਹੜੇ ਹੱਥ ਕੰਡੇ ਅਪਨਾਏ ਹਨ, ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜਿਲੇ ਦੀਆਂ ਤਾਜ਼ਾ ਘਟਨਾਵਾਂ ਨੇ ਉਨ੍ਹਾਂ ਉੱਤੋਂ ਪਰਦਾ ਚੁੱਕ ਦਿੱਤਾ ਹੈ। ਇਸ ਨਾਲ ਉਹ ਗੱਲ ਵੀ ਜਿਹੜੀ ਕੇਂਦਰ ਦੇ ਰਾਜ ਮੰਤਰੀ ਅਜੇ ਮਿਸ਼ਰਾ ਨੇ ਕਈ ਦਿਨ ਪਹਿਲਾਂ ਅਖਬਾਰਾਂ ਦੀਆਂ ਸੁਰਖੀਆਂ ਬਣੀ ਹੈ। ਉਸ ਨੇ ਕਿਹਾ ਸੀ ਕਿ ਉਹ ਭਾਰਤ ਦਾ ਰਾਜ ਮੰਤਰੀ ਹੋਣ ਤੋਂ ਬਿਨਾ ਵੀ ਅਜਿਹੀ ਸ਼ਕਤੀ ਰੱਖਦਾ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਦੋ ਮਿੰਟ ਵਿਚ ਉਸ ਦਾ ਚਾਨਣ ਹੋ ਜਾਵੇ। ਵੇਖਣ ਸੁਣਨ ਵਾਲਿਆਂ ਦਾ ਮੱਤ ਹੈ, ਜਿਸ ਵਿਚ ਪੱਤਰਕਾਰ ਵੀ ਸ਼ਾਮਲ ਹਨ ਕਿ ਲਖੀਮਪੁਰ ਵਿਚ ਕਿਸਾਨਾਂ ਨੂੰ ਕੁਚਲਣ ਵਾਲੀ ਗੱਡੀ ਦੋ ਮਿੰਟ ਵਿਚ ਸਿੱਧਾ ਕਰਨ ਦੀ ਧਮਕੀ ਦੇਣ ਵਾਲੇ ਰਾਜ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੀ ਸੀ। ਇਹੀਓ ਕਾਰਨ ਹੈ ਕਿ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਤੇ ਦੀਪੇਂਦਰ ਹੁਡਾ ਤਾਂ ਕੀ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖੀਲੇਸ਼ ਯਾਦਵ ਤੇ ਰਾਸ਼ਟਰੀ ਲੋਕ ਦਲ ਦੇ ਮੁਖੀ ਜੈਅੰਤ ਚੌਧਰੀ ਸਮੇਤ ਅਨੇਕਾਂ ਨੂੰ ਤਿੰਨ ਦਿਨ ਘਟਨਾ ਸਥਲ ਉਤੇ ਪਹੁੰਚਣ ਦੀ ਆਗਿਆ ਨਹੀਂ ਦਿੱਤੀ ਗਈ।
ਇਥੇ ਹੀ ਬੱਸ ਨਹੀਂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਸ ਦੇ ਸਾਥੀਆਂ ਦੇ ਹੈਲੀਕਾਪਟਰ ਨੂੰ ਲਖੀਮਪੁਰ ਖੇਤੀ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ। ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਇੱਥੋਂ ਤੱਕ ਕਹਿਣਾ ਪਿਆ ਕਿ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਜੱਲਿਆਂ ਵਾਲਾ ਬਾਗ ਵਿਚ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਵਾਲੇ ਖਿਤਾਬ ਨਾਲ ਨਿਵਾਜਣਾ ਚਾਹੁੰਦਾ ਹੈ। ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਿਆ ਇਵਜ਼ਾਨਾ ਦੇਣ ਦਾ ਐਲਾਨ ਕਰਕੇ ਤਿੰਨ ਦਿਨ ਲੰਘ ਚੁਕਣ ਤੋਂ ਪਿੱਛੋਂ ਦੂਜੇ ਰਾਜਾਂ ਦੇ ਪ੍ਰਤੀਨਿਧਾਂ ਨੂੰ ਲਖੀਮਪੁਰ ਪਹੁੰਚਣ ਦੀ ਆਗਿਆ ਦੇਣਾ ਸਿੱਧ ਕਰਦਾ ਹੈ ਕਿ ਕਿਸਾਨਾਂ ਨਾਲ ਕੀਤੇ ਅਤਿਆਚਾਰ ਨੂੰ ਸ਼ਾਂਤ ਕਰਕੇ ਸਾਰੇ ਸਬੂਤ ਨਸ਼ਟ ਕਰ ਦਿੱਤੇ ਜਾਣ। ਇਸ ਘਟਨਾਕ੍ਰਮ ਨੇ ਲੋਕਤੰਤਰ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ਸਾਰੇ ਸਬੂਤ ਮਲੀਆਮੇਟ ਹੋਣ ਤੋਂ ਪਿੱਛੋਂ ਅਦਾਲਤ ਜਾਂ ਉਚ ਅਦਾਲਤ ਕਿਸ ਆਧਾਰ ਉੱਤੇ ਫੈਸਲਾ ਸੁਣਾਉਂਦੀ ਹੈ, ਵੇਖਣ ਵਾਲੀ ਗੱਲ ਹੈ।
ਜਿਥੋਂ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਖਦਾਣਾਂ (ਰੱਬਾ) ਦੀ ਸ਼ਕਤੀ ਦਾ ਸਬੰਧ ਹੈ, ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਪੱਛਮੀ ਬੰਗਾਲ, ਪੰਜਾਬ ਤੇ ਕੇਰਲ ਤਾਂ ਕੀ ਪ੍ਰਧਾਨ ਮੰਤਰੀ ਮੋਦੀ ਦੇ ਖੀਸੇ ਵਾਲੇ ਗੁਜਰਾਤ ਰਾਜ ਵਿਚ ਵੀ ਆਪਣੇ ਜੌਹਰ ਵਿਖਾਉਣ ਵਿਚ ਸਫਲ ਨਹੀਂ ਹੋਈ। ਹਿੰਦੀ ਭਾਸ਼ੀ ਰਾਜਾਂ ਵਿਚ ਡੰਕਾ ਵਜਾ ਕੇ ਤੇ ਫਰੰਗੀਆਂ ਵਾਲੀ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਨਾ ਕੇ ਕਿੱਥੇ ਪਹੁੰਚੇਗੀ, ਸੁਤੰਤਰਤਾ ਸੰਗਰਾਮ ਦੇ ਨਤੀਜੇ ਇਸ ਦੇ ਗਵਾਹ ਹਨ। ਉੱਤਰ ਪ੍ਰਦੇਸ਼ ਵਿਚ ਉਨ੍ਹਾਂ ਪੰਜਾਬੀ ਕਿਸਾਨਾਂ ਦਾ ਯੋਗਦਾਨ ਅਭੁੱਲ ਹੈ, ਜਿਨ੍ਹਾਂ ਨੇ ਸਦੀਆਂ ਤੋਂ ਬੰਜਰ ਪਈ ਧਰਤੀ ਦੀ ਹਿੱਕ ਪਾੜ ਕੇ ਇਸ ਨੂੰ ਲਹਿਲਹਾਉਂਦੀ ਕੀਤਾ ਤੇ ਭਾਰਤ ਦੇ ਅੰਨ-ਭੰਡਾਰ ਨੂੰ ਮਾਲਾ ਮਾਲ ਕਰ ਵਿਖਾਇਆ। ਕਚਹਿਰੀ ਇਸ ਦਾ ਮੁੱਲ ਪਾਉਂਦੀ ਹੈ ਜਾਂ ਨਹੀਂ, ਸਮੇਂ ਨੇ ਦੱਸਣਾ ਹੈ।
ਅੰਤਿਕਾ: ਸੁਲੱਖਣ ਸਰਹੱਦੀ
ਮੈਂ ਸਮਝਦਾ ਸੀ ਜਿਨ੍ਹਾਂ ਨੂੰ ਮੋਤੀਆਂ ਦੇ ਪਾਰਖੂ
ਉਹ ਵੀ ਸਾਗਰ ਕੰਡਿਓਂ ਘੋਗੇ ਉਠਾ ਕੇ ਤੁਰ ਗਏ।