ਲਾਹੌਰ ਦੀ ਝਾਤ-ਲੱਠੇ ਲੋਕ ਲਾਹੌਰ ਦੇ

ਗੁਰਬਖਸ਼ ਭੰਡਾਲ
ਹਰਕੀਰਤ ਕੌਰ ਚਹਿਲ ਦਾ 4 ਦਿਨਾਂ ਦਾ ਪਾਕਿਸਤਾਨੀ ਸਫਰਨਾਮਾ ‘ਲੱਠੇ ਲੋਕ ਲਾਹੌਰ ਦੇ’ ਹੈ, ਜੋ ਖੂਬਸੂਰਤ ਤਸਵੀਰਾਂ ਸਮੇਤ 143 ਸਫਿਆਂ ਤੀਕ ਫੈਲਿਆ ਹੋਇਆ ਹੈ। ਆਪਣੇ ਨਾਵਲ ‘ਤੀਸਰੀ ਮਖਲੂਕ’ (‘ਆਦਮ ਗ੍ਰਹਿਣ’ ਦਾ ਸ਼ਾਹਮੁਖੀ ਸੰਸਕਰਨ) ਦੇ ਰਿਲੀਜ਼ ਸਮਾਰੋਹ ਵਿਚ ਸ਼ਾਮਲ ਹੋਣ ਜਾਣਾ, ਇਸ ਸਫਰਨਾਮੇ ਦਾ ਸਬੱਬ ਬਣਿਆ ਜਿਸ ਨਾਲ ਉਹ ਸੁਪਨਾ ਸਾਕਾਰ ਹੋਇਆ, ਜਿਹੜੇ ਉਸ ਦੇ ਅੰਤਰੀਵ ਵਿਚ ਲੰਮੇ ਸਮੇਂ ਤੋਂ ਉਸਲਵੱਟੇ ਲੈ ਰਿਹਾ ਸੀ।

ਇਹ ਸਫਰਨਾਮਾ ਰੂਹ ਵਿਚ ਵੱਸਦੀ ਉਸ ਤੜਫ ਨੂੰ ਅਕੀਦਤ ਹੈ, ਜਿਹੜੀ ਪੰਜਾਬ ਦੀ ਵੰਡ ਨੇ ਦਿੱਤੀ ਅਤੇ ਦਿਲਾਂ ਵਿਚ ਚੀਸ ਵਾਂਗ ਵੱਸਦੀ ਹੈ। ਅਸੀਂ ਇਸ ਪੀੜ ਦੀ ਰਾਹਤ ਲਈ ਪਾਕਿਸਤਾਨ ਜਾਣ ਦਾ ਸਬੱਬ ਲੱਭਦੇ ਹਾਂ। ਆਪਣੀਆਂ ਦਿਲੀ ਇੱਛਾਵਾਂ ਨੂੰ ਹਰਫਾਂ ਵਿਚ ਪਰੋ ਕੇ ਆਪਣੀਆਂ ਸੁੱਚੀਆਂ ਭਾਵਨਾਵਾਂ ਨੂੰ ਪ੍ਰਗਟਾਉਂਦੀ, ਉਹ ਨੋ ਮੈਨ ਲੈਂਡ ਤੋਂ ਜਦ ਪਾਕਿਸਤਾਨ ਵਾਲੇ ਪਾਸੇ ਪੈਰ ਧਰਦੀ ਹੈ ਤਾਂ ਉਸ ਨੂੰ ਉਹ ਲੋਕ ਆਪਣਿਆਂ ਤੋਂ ਵੱਧ ਪਿਆਰੇ ਲੱਗਦੇ ਨੇ। ਉਹ ਇਸ ਮੋਹ ਵਿਚ ਬੱਝੀ ਅਮਜਦ ਬਾਈ ਅਤੇ ਮੁਦੱਸਰ ਬਸ਼ੀਰ ਨਾਲ ਲਾਹੌਰ ਨੂੰ ਕਾਰ ਵਿਚ ਜਾਂਦੀ, ਲਾਹੌਰ ਸ਼ਹਿਰ ਨੂੰ ਨੀਝ ਨਾਲ ਨਿਹਾਰਦੀ। ਇਸ ਦੀ ਇਤਿਹਾਸਕ ਮਹੱਤਤਾ, ਸਿੱਖਾਂ ਨਾਲ ਡੂੰਘਾ ਰਿਸ਼ਤਾ ਅਤੇ ਸਿੱਖ ਧਰਮ ਨਾਲ ਜੁੜੀਆਂ ਅਕੀਦਤ ਯੋਗ ਅਸਥਾਨ ਉਸ ਦੀ ਸੋਚ-ਜੂਹ ਵਿਚ ਤੈਰਨ ਲੱਗਦੇ ਨੇ। ਉਹ ਇਸ ਸਭ ਕੁਝ ਜਲਦੀ ਤੋਂ ਜਲਦੀ ਦੇਖਣ ਅਤੇ ਆਪਣੇ ਅੰਦਰ ਵਿਚ ਸਮਾਉਣਾ ਲੋਚਦੀ ਹੈ।
ਉਸ ਦੇ ਇਸ ਸਫਰਨਾਮੇ ਵਿਚ ਪੁਸਤਕ ਦੇ ਰਿਲੀਜ਼ ਸਮਾਰੋਹ ਦਾ ਬਿਰਤਾਂਤ ਅਤੇ ਹਾਜ਼ਰ ਸਰੋਤਿਆਂ ਦਾ ਭਰਪੂਰ ਹੁੰਗਾਰਾ, ਕਾਵਿ-ਮਹਿਫਲ ਵਿਚ ਸ਼ਿਰਕਤ ਦੌਰਾਨ ਪਾਕਿਸਤਾਨੀ ਅਦੀਬਾਂ ਦੀ ਸਾਹਿਤਕ ਸਾਂਝ ਵਿਚਲੀ ਭਾਵਾਤਮਿਕਤਾ ਅਤੇ ਅਪਣੱਤ ਦਾ ਅਹਿਸਾਸ। ਸੰਗੀਤਕ ਮਹਿਫਲ ਵਿਚ ਪੰਜਾਬੀ ਅਦਬ ਅਤੇ ਗੁਰਬਾਣੀ ਦਾ ਰੂਹਾਨੀਅਤ ਭਰਿਆ ਸੰਗੀਤ ਨੂੰ ਮਾਣਨਾ। ਸਾਂਝ ਪਬਲੀਕੇਸ਼ਨ ਦੇ ਅਮਜਦ ਬਾਈ ਦੇ ਪਰਿਵਾਰ ਨਾਲ ਜੁੜੀਆਂ ਨਿੱਘੀਆਂ ਤੇ ਸਦੀਵੀ ਯਾਦਾਂ ਦਾ ਵੱਖਰਾ ਹੀ ਸੰਸਾਰ ਸਿਰਜਿਆ ਜਾਂਦਾ ਹੈ। ਅਦੀਬਾਂ ਦੇ ਅਦਬੀ ਰਿਸ਼ਤੇ ਦੀ ਪੁਖਤਗੀ ਅਤੇ ਪਾਕੀਜ਼ਗੀ ਪਾਠਕ ਨੂੰ ਮੰਤਰ-ਮੁਗਧ ਕਰਦੀ ਹੈ ਜੋ ਸਰਹੱਦਾਂ ਅਤੇ ਧਰਮਾਂ ਤੋਂ ਉਪਰ ਹੈ।
ਇਸ ਸਫਰਨਾਮੇ ਵਿਚ ਪੰਜਾਬੀ ਅਦੀਬਾਂ ਵਿਚ ਲਾਹੌਰ ਦੇ ਓਰੀਐਂਟਲ ਕਾਲਜ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ ਨਬੀਲਾ ਰਹਿਮਾਨ, ਬਾਬਾ ਨਜ਼ਮੀ, ਅਫਜ਼ਲ ਸਾਹਿਰ, ਸਰਕਾਰੀ ਕਾਲਜ ਦੇ ਪ੍ਰੋ ਕਲਿਆਣ ਸਿੰਘ ਆਦਿ ਸਮੇਤ ਬਹੁਤ ਸਾਰੇ ਪੰਜਾਬੀ ਲੇਖਕਾਂ ਨਾਲ ਨਿੱਜੀ ਮਿਲਣੀਆਂ ਅਤੇ ਪਿਆਰੀਆਂ ਯਾਦਾਂ ਨਾਲ ਝੋਲੀ ਭਰ ਅਤੇ ਉਨ੍ਹਾਂ ਦੇ ਮੋਹ ਵਿਚ ਸਰਸ਼ਾਰ ਹੋਈ ਆਪਣੀ ਧਰਤੀ ਨੂੰ ਵਾਪਸ ਪਰਤਦੀ ਹੈ।
ਇਸ ਸਫਰਨਾਮੇ ਵਿਚ ਉਸ ਵੱਲੋਂ ਮਨਾਈ ਜਾਂਦੀ ਲੋਹੜੀ ਦੇ ਪਾਕਿਸਤਾਨੀ ਰੰਗ ਨੂੰ ਮਾਣਨਾ, ਲਾਹੌਰੀਆਂ ਵੱਲੋਂ ਮਾਣੀਆਂ ਜਾਂਦੀਆਂ ਸੰਗੀਤਕ ਲਾਹੌਰ ਯਾਦਾਂ ਦਾ ਵੀ ਖੁੱਲ ਕੇ ਵਰਣਨ ਹੈ ਅਤੇ ਪੰਜਾਬੀ ਬੋਲੀ ਦੇ ਹੱਕ ਵਿਚ ਕੱਢੇ ਗਏ ਜਲੂਸ ਵਿਚ ਆਪਣੀ ਹਾਜ਼ਰੀ ਭਰਨੀ ਵੀ ਬਾਖੂਬੀ ਬਿਆਨ ਕੀਤੀ ਹੈ।
ਸਭ ਤੋਂ ਵੱਡੀ ਖੂਬਸੂਰਤੀ ਇਸ ਸਫਰਨਾਮੇ ਦੀ ਇਹ ਹੈ ਕਿ ਹਰਕੀਰਤ ਚਹਿਲ ਹਰ ਦ੍ਰਿਸ਼, ਵਰਤਾਰਾ, ਵਿਅਕਤੀ, ਖਾਸ ਥਾਵਾਂ ਅਤੇ ਆਮ ਲੋਕਾਂ ਦੀਆਂ ਉਨ੍ਹਾਂ ਪਰਤਾਂ ਨੂੰ ਫਰੋਲਨ ਦਾ ਹੁਨਰ ਬਾਖੂਬੀ ਜਾਣਦੀ ਹੈ ਜਿਹੜੀਆਂ ਆਮ ਅੱਖ ਨਾਲ ਨਜ਼ਰ ਨਹੀਂ ਆਉਂਦੀਆਂ। ਭਾਵੇਂ ਉਹ ਭਾਰਤੀ ਬਾਰਡਰ ਦੇ ਸਕਿਉਰਿਟੀ ਦਾ ਜਵਾਨ ਹੋਵੇ, ਪਾਕਿਸਤਾਨੀ ਕੁਲੀ ਹੋਵੇ ਜਾਂ ਕੈਡੀ ਕਾਰ ਦਾ ਡਰਾਈਵਰ ਹੋਵੇ। ਜਦ ਉਹ ਪੁਰਾਣੇ ਲਾਹੌਰ ਦੀਆਂ ਭੀੜੀਆਂ ਗਲੀਆਂ ਵਿਚ ਵੱਸਦੇ ਲਹੌਰੀਆਂ ਨੂੰ ਮਿਲਦੀ ਹੈ ਤਾਂ ਪਤਾ ਲੱਗਦਾ ਹੈ ਕਿ ਨਵੀਆਂ ਕਾਲੋਨੀਆਂ ਵਿਚ ਵਸੇ ਲਹੌਰੀਆਂ ਅਤੇ ਪੁਰਾਣੇ ਬਾਸ਼ਿੰਦਿਆਂ ਵਿਚ ਕਿੰਨਾ ਬਹਿੰਦਿਆਂ ਹੈ ਜਿਹੜਾ ਅਕਸਰ ਪੰਜਾਬ ਦੇ ਵਿਕਸਿਤ ਹੋ ਰਹੇ ਸ਼ਹਿਰਾਂ ਵਿਚ ਵੀ ਆਮ ਵਰਤਾਰਾ ਹੈ।
ਹਰਕੀਰਤ ਚਹਿਲ ਦੇ ਅੰਦਰ ਬੈਠੀ ਔਰਤ ਬੜੀ ਉਤਸੁਕਤਾ ਨਾਲ ਅਮਜਦ ਬਾਈ ਦੀ ਬੀਵੀ ਚੰਦਾ , ਅਫਜ਼ਲ ਸਾਹਿਰ ਦੀ ਬੀਵੀ ਸ਼ਿਫਾ ਅਤੇ ਬਾਬਾ ਨਜਮੀ ਦੀ ਬੀਵੀ ਦੇ ਅੰਦਰ ਬੈਠੀ ਉਸ ਔਰਤ ਦੇ ਮਨੋਭਾਵਾਂ ਨੂੰ ਬਾਖੂਬੀ ਬਿਆਨਦੀ ਹੈ ਜਿਸ ਨੂੰ ਮਾਣਮੱਤੇ ਪਤੀਆਂ ਦੀਆਂ ਬੀਵੀਆਂ ਹੋਣ ‘ਤੇ ਨਾਜ਼ ਹੈ। ਉਹ ਆਪਣੇ ਪਤੀਆਂ ਦੀ ਸੰਗਤ ਵਿਚ ਜ਼ਿੰਦਗੀ ਦੇ ਉਸ ਸੁਖਨ ਨੂੰ ਮਾਣਨ ਵਿਚ ਮਾਣ ਮਹਿਸੂਸ ਕਰਦੀਆਂ ਜੋ ਵਿਰਲੇ ਅਦੀਬਾਂ ਦੇ ਭਾਗੀਂ ਹੁੰਦਾ ਹੈ।
ਹਰਕੀਰਤ ਚਹਿਲ ਦੇ ਸਫਰਨਾਮੇ ਵਿਚ ਮਿਲੀਆਂ ਮੁਹੱਬਤਾਂ ਦੀ ਮਹਿਕ ਹੈ, ਅਦਬੀ ਸਾਂਝਾਂ ਦੀ ਖੁਸ਼ਬੂ ਹੈ। ਪੰਜਾਬੀ ਬੋਲੀ ਦੀ ਸ਼ਹਿਦ ਰੱਤੀ ਮਿਠਾਸ ਹੈ। ਉਹ ਇੰਨੇ ਘੱਟ ਸਮੇਂ ਵਿਚ ਬਹੁਤ ਕੁਝ ਦੇਖ ਕੇ ਵੀ ਅਸੰਤੁਸ਼ਟ ਹੀ ਵਾਪਸ ਪਰਤਦੀ ਹੈ ਜਿਸ ਦਾ ਉਸ ਨੂੰ ਹੇਰਵਾ ਹੈ। ਪਰ ਉਸ ਨੂੰ ਇਸ ਗੱਲ ਦੀ ਰੂਹਾਨੀ ਖੁਸ਼ੀ ਹੈ ਕਿ ਉਹ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋ ਸਕੀ ਜਿਸ ਲਈ ਅਮਜਦ ਬਾਈ ਅਤੇ ਚੰਦਾ ਭਾਬੀ ਦੀਆਂ ਸ਼ੁੱਭ-ਭਾਵਨਾਵਾਂ, ਚਾਹਿਲ ਦੀ ਆਸਥਾ-ਪੂਰਤੀ ਦਾ ਮੁੱਖ ਕਾਰਨ ਬਣੀਆਂ।
ਹਰਫਾਂ ਦੇ ਨਾਲ ਇਸ ਵਿਚਲੀਆਂ ਤਸਵੀਰਾਂ ਅਬੋਲ ਰਹਿ ਕੇ ਬਹੁਤ ਕੁਝ ਕਹਿ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਹਰ ਪਾਠਕ ਦੇ ਮਨ ਵਿਚ ਪਾਕਿਸਤਾਨ ਜਾਣ ਅਤੇ ਲਾਹੌਰ ਨੂੰ ਨੱਤਮਸਤਕ ਹੋਣ ਦਾ ਚਾਅ ਜ਼ਰੂਰ ਪੈਦਾ ਹੋਵੇਗਾ ਜੋ ਕਦੇ ਉਨ੍ਹਾਂ ਦਾ ਆਪਣਾ ਹੁੰਦਾ ਸੀ। ਬਜ਼ੁਰਗਾਂ ਦੀਆਂ ਯਾਦਾਂ ਦੇ ਲਾਹੌਰ ਅਤੇ ਧਾਰਮਿਕ ਅਸਥਾਨਾਂ ਨੂੰ ਦੇਖਣ ਦਾ ਉੱਦਮ ਜ਼ਰੂਰ ਕਰਨ ਵਾਲਿਆਂ ਲਈ ਇਹ ਪੁਸਤਕ ਮਾਰਗ-ਦਰਸ਼ਨਾਂ ਹੈ। ਇਸ ਬੇਸ਼ਕੀਮਤੀ ਪੁਸਤਕ ਲਈ ਹਰਕੀਰਤ ਚਾਹਲ ਨੂੰ ਮੁਬਾਰਕਾਂ।