ਅੰਮ੍ਰਿਤਸਰ: ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦਗਾਰ ਦਿੱਲੀ ਸਥਿਤ ਗੁਰਦੁਆਰਾ ਰਕਾਬ ਗੰਜ ਵਿਖੇ ਬਣਾਉਣ ਖਿਲਾਫ਼ ਦਿੱਲੀ ਹਾਈ ਕੋਰਟ ਵਿਚ ਰਿੱਟ ਦਾਇਰ ਕਰਨ ‘ਤੇ ਪੰਜ ਸਿੰਘ ਸਾਹਿਬਾਨ ਨੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੇ ਸਾਥੀ ਮਨਜੀਤ ਸਿੰਘ ਸਰਨਾ ਨੂੰ ਧਾਰਮਿਕ ਸੇਵਾ ਲਾਉਂਦਿਆਂ ਆਦੇਸ਼ ਦਿੱਤਾ ਕਿ ਇਹ ਕੇਸ ਤੁਰੰਤ ਵਾਪਸ ਲੈਣ।
ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਇਹ ਮਾਮਲਾ ਵਿਚਾਰਨ ਮਗਰੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸ਼ ਸਰਨਾ ਨੂੰ ਇਹ ਧਾਰਮਿਕ ਸੇਵਾ ਸੁਣਾਈ। ਇਸ ਸੇਵਾ ਤਹਿਤ ਉਨ੍ਹਾਂ ਨੂੰ ਗੁਰਦੁਆਰਾ ਰਕਾਬ ਗੰਜ ਦਿੱਲੀ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਸ਼ਹੀਦਾਂ ਦੀ ਯਾਦ ਵਿਚ ਅਖੰਡ ਪਾਠ ਕਰਾਉਣ, ਗੁਰਬਾਣੀ ਸੁਣਨ, ਵਿੱਤ ਮੁਤਾਬਕ ਲੰਗਰ ਲਾਉਣ, ਸੇਵਾ ਕਰਨ ਤੇ ਹੋਈਆਂ ਭੁੱਲਾਂ ਬਖਸ਼ਾਉਣ ਵਾਸਤੇ ਅਰਦਾਸ ਕਰਾਉਣ ਲਈ ਹਦਾਇਤ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਆਦੇਸ਼ ਕੀਤਾ ਕਿ ਉਹ ਤੁਰੰਤ ਅਦਾਲਤੀ ਕੇਸ ਨੂੰ ਵਾਪਸ ਲੈਣ। ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਧਾਰਮਿਕ ਸੇਵਾ ਪ੍ਰਵਾਨ ਹੈ। ਇਸ ਫੈਸਲੇ ‘ਤੇ ਸਿੱਧੀ ਟਿੱਪਣੀ ਕਰਨ ਤੋਂ ਗੁਰੇਜ਼ ਕਰਦਿਆਂ ਉਨ੍ਹਾਂ ਆਖਿਆ ਕਿ ਇਹ ਫੈਸਲਾ ਗਲਤ ਹੋਵੇ ਜਾਂ ਠੀਕ ਹੋਵੇ ਪਰ ਇਹ ਫੈਸਲਾ ਸ੍ਰੀ ਅਕਾਲ ਤਖ਼ਤ ਤੋਂ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਪ੍ਰਵਾਨ ਹੈ। ਉਨ੍ਹਾਂ ਆਖਿਆ ਕਿ ਗੁਰਦੁਆਰਿਆਂ ਵਿਚ ਮੜੀਆਂ ਤੇ ਸਮਾਧਾਂ ਬਣਾਉਣ ਬਾਰੇ ਪੰਜ ਸਿੰਘ ਸਾਹਿਬਾਨ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ ਕਿ ਗੁਰਦੁਆਰਾ ਰਕਾਬ ਗੰਜ ਜੋ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਨਾਲ ਸਬੰਧਤ ਹੈ, ਵਿਖੇ ਆਮ ਲੋਕਾਂ ਦੀ ਯਾਦਗਾਰ ਬਣਾਈ ਜਾਵੇ।
_____________________________
ਸਿੰਘ ਸਹਿਬਾਨ ਦੀ ਸੁਰ ਨਾ ਮਿਲੀ
ਅੰਮ੍ਰਿਤਸਰ: ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੇ ਸਾਥੀ ਮਨਜੀਤ ਸਿੰਘ ਸਰਨਾ ਨੂੰ ਸ੍ਰੀ ਅਕਾਲ ਤਖ਼ਤ ਤੋਂ ਸੁਣਾਈ ਗਈ ਧਾਰਮਿਕ ਸੇਵਾ ਦੇ ਮਾਮਲੇ ‘ਤੇ ਪੰਜ ਸਿੰਘ ਸਾਹਿਬਾਨ ਵਿਚ ਆਪਸੀ ਸਹਿਮਤੀ ਦੀ ਘਾਟ ਰਹੀ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਸ਼ ਸਰਨਾ ਨੂੰ ਸੁਣਾਈ ਗਈ ਤਨਖਾਹ ਨੂੰ ਧਾਰਮਿਕ ਸੇਵਾ ਦੱਸ ਰਹੇ ਸਨ। ਉਹ ਚਾਹੁੰਦੇ ਸਨ ਕਿ ਇਸ ਨੂੰ ਤਨਖਾਹ ਨਾ ਆਖ ਕੇ ਧਾਰਮਿਕ ਸੇਵਾ ਆਖਿਆ ਜਾਵੇ ਜਦੋਂਕਿ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋਂ ਜਦੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਧਾਰਮਿਕ ਸੇਵਾ ਤੇ ਤਨਖਾਹ ਵਿਚ ਕੋਈ ਵੱਡਾ ਫ਼ਰਕ ਨਹੀਂ।
ਇਸ ਤੋਂ ਪਹਿਲਾਂ ਗਿਆਨੀ ਇਕਬਾਲ ਸਿੰਘ ਨੇ ਇਸ ਗੱਲ ‘ਤੇ ਵੀ ਜ਼ੋਰ ਪਾਇਆ ਕਿ ਸੁਣਾਏ ਗਏ ਆਦੇਸ਼ ਵਿਚ ਖ਼ਿਮਾਯਾਚਨਾ ਸ਼ਬਦ ਸ਼ਾਮਲ ਨਾ ਕੀਤਾ ਜਾਵੇ। ਸਿੱਟੇ ਵਜੋਂ ਇਸ ਵਿਚ ਭੁੱਲਾਂ ਦੀ ਅਰਦਾਸ ਸ਼ਬਦ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਜਦੋਂ ਸੇਵਾ ਸੁਣਾਉਣ ਲਈ ਪੰਜ ਸਿੰਘ ਸਾਹਿਬਾਨ ਸਕੱਤਰੇਤ ਤੋਂ ਸ੍ਰੀ ਅਕਾਲ ਤਖ਼ਤ ਵਿਖੇ ਜਾਣ ਲਈ ਨਿਕਲੇ ਤਾਂ ਅਚਾਨਕ ਚਾਰ ਸਿੰਘ ਸਾਹਿਬਾਨ ਰੁਕ ਗਏ ਜਦੋਂਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅੱਗੇ ਨਿਕਲ ਆਏ ਤੇ ਸ੍ਰੀ ਅਕਾਲ ਤਖ਼ਤ ਵਿਖੇ ਜਾ ਕੇ ਇਕੱਲੇ ਬੈਠ ਗਏ। ਬਾਕੀ ਸਿੰਘ ਸਾਹਿਬਾਨ ਬਾਅਦ ਵਿਚ ਪੁੱਜੇ।
_____________________________
ਦੋਸ਼ ਸਾਬਤ ਕਰਨ ‘ਚ ਨਾਕਾਮ?
ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਭਰਾ ਹਰਵਿੰਦਰ ਸਿੰਘ ਸਰਨਾ ਦਾ ਕਹਿਣਾ ਹੈ ਕਿ ਇਕੱਤਰਤਾ ਦੌਰਾਨ ਪੰਜ ਸਿੰਘ ਸਾਹਿਬਾਨ ਕਿਸੇ ਵੀ ਤਰ੍ਹਾਂ ਉਨ੍ਹਾਂ ਦਾ ਦੋਸ਼ ਸਾਬਤ ਕਰਨ ਵਿਚ ਅਸਫਲ ਰਹੇ ਹਨ। ਉਹ ਇਹ ਨਹੀਂ ਦੱਸ ਸਕੇ ਕਿ ਸ਼ ਸਰਨਾ ਨੇ ਕੀ ਗਲਤੀ ਕੀਤੀ। ਉਨ੍ਹਾਂ ਕਿਹਾ ਕਿ ਉਹ ਸਿੱਖ ਨਸਲਕੁਸ਼ੀ ਦੀ ਯਾਦਗਾਰ ਬਣਾਉਣ ਦੇ ਵਿਰੋਧੀ ਨਹੀਂ ਪਰ ਇਹ ਢੁਕਵੇਂ ਸਥਾਨ ‘ਤੇ ਬਣਨੀ ਚਾਹੀਦੀ ਹੈ।
Leave a Reply