ਅਦਾਕਾਰ ਵਿੱਕੀ ਕੌਸ਼ਲ ‘ਸਰਦਾਰ ਊਧਮ`

ਨਿਰਦੇਸ਼ਕ ਸ਼ੁਜੀਤ ਸਰਕਾਰ ਨੇ ਦੱਸਿਆ ਕਿ ਉਹ ਆਪਣੀ ਆਉਣ ਵਾਲੀ ਫਿਲਮ ‘ਸਰਦਾਰ ਊਧਮ` ਡਿਜੀਟਲ ਪਲੇਟਫਾਰਮ `ਤੇ ਰਿਲੀਜ਼ ਕਰਨ ਦੀ ਚੋਣ ਨੂੰ ਕੋਈ ਗਲਤੀ ਨਹੀਂ ਸਮਝਦੇ ਸਗੋਂ ਇਹ ਫਿਲਮ ਦੇ ਹਿੱਤ ਵਿਚ ਸੋਚ-ਸਮਝ ਕੇ ਲਿਆ ਗਿਆ ਫੈਸਲਾ ਹੈ। ਇਹ ਫਿਲਮ 16 ਅਕਤੂਬਰ ਨੂੰ ਐਮਾਜ਼ੋਨ ਪ੍ਰਾਈਮ `ਤੇ ਰਿਲੀਜ਼ ਹੋਵੇਗੀ।

ਯਾਦ ਰਹੇ ਕਿ ਫਿਲਮ ‘ਸਰਦਾਰ ਊਧਮ` ਦੀ ਸ਼ੂਟਿੰਗ 2019 ਵਿਚ ਮੁਕੰਮਲ ਹੋ ਗਈ ਸੀ ਅਤੇ ਇਹ ਫਿਲਮ ਸਿਨੇਮਾ ਘਰਾਂ ਵਿਚ ਰਿਲੀਜ਼ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਕੁਝ ਕਾਰਨਾਂ ਕਰਕੇ ਇਸ ਫਿਲਮ ਦੀ ਰਿਲੀਜ਼ ਪਿੱਛੇ ਪੈਂਦੀ ਗਈ। ਫਿਰ ਕਰੋਨਾ ਵਾਇਰਸ ਕਾਰਨ ਸਾਰਾ ਕੁਝ ਠੱਪ ਹੋ ਗਿਆ। ਪਿਛਲ ੇ ਕੁਝ ਸਮੇਂ ਤੋਂ ਕੁਝ ਫਿਲਮਾਂ ਹੌਲੀ-ਹੌਲੀ ਕਰਕੇ ਰਿਲੀਜ਼ ਹੋ ਰਹੀਆਂ ਹਨ, ਭਾਵੇਂ ਦਰਸ਼ਕ ਅਜੇ ਹੁੰਗਾਰਾ ਠੀਕ-ਠੀਕ ਜਿਹਾ ਹੀ ਭਰ ਰਹੇ ਹਨ। ਫਿਲਮ ਦਾ ਟਰੇਲਰ ਰਿਲੀਜ਼ ਕਰਨ ਮੌਕੇ ਸ਼ੁਜੀਤ ਸਰਕਾਰ ਨੇ ਕਿਹਾ, “ਹਰ ਫਿਲਮ ਦੀ ਆਪਣੀ ਕਿਸਮਤ ਹੁੰਦੀ ਹੈ ਅਤੇ ‘ਸਰਦਾਰ ਊਧਮ` ਐਮਾਜ਼ੋਨ ਪ੍ਰਾਈਮ `ਤੇ ਰਿਲੀਜ਼ ਹੋਵੇਗੀ। ਜਦੋਂ ਅਸੀਂ ਫਿਲਮ ਦੀ ਸ਼ੂਟਿੰਗ ਕੀਤੀ ਸੀ ਤਾਂ ਹਾਲਾਤ ਅਜਿਹੇ ਨਹੀਂ ਸੀ। ਅਸੀਂ ਫਿਲਮ ਸਿਨੇਮਾ ਘਰਾਂ ਲਈ ਬਣਾਈ ਸੀ। ਮੈਨੂੰ ਕੋਈ ਪਛਤਾਵਾ ਨਹੀਂ ਹੈ ਕਿ ਹੁਣ ਇਸ ਨੂੰ ਅਸੀਂ ਡਿਜੀਟਲ ਪਲੇਟਫਾਰਮ `ਤੇ ਰਿਲੀਜ਼ ਕਰ ਰਹੇ ਹਾਂ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਗਲਤੀ ਹੈ ਜੋ ਮੈਂ ਕਰ ਰਿਹਾ ਹਾਂ।”
ਚੇਤੇ ਰਹੇ ਕਿ ਫਿਲਮਸਾਜ਼ ਸ਼ੁਜੀਤ ਸਰਕਾਰ ਦੀ ਡਿਜੀਟਲ ਪਲੇਟਫਾਰਮ ਐਮਾਜ਼ੋਨ ਪ੍ਰਾਈਮ `ਤੇ ਰਿਲੀਜ਼ ਹੋਈ ਪਹਿਲੀ ਫਿਲਮ ‘ਗੁਲਾਬੋ ਸੀਤਾਬੋ` ਸੀ, ਜਿਸ ਵਿਚ ਅਮਿਤਾਭ ਬੱਚਨ ਅਤੇ ਆਯੂਸ਼ਮਾਨ ਖੁਰਾਣਾ ਨੇ ਕੰਮ ਕੀਤਾ ਸੀ। ਫਿਲਮ ‘ਸਰਦਾਰ ਊਧਮ’ ਵਿਚ ਮੁੱਖ ਭੂਮਿਕਾ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਨਿਭਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਸ ਫਿਲਮ ‘ਤੇ ਉਨ੍ਹਾਂ ਦੀ ਬਹੁਤ ਮਿਹਨਤ ਲੱਗੀ ਹੈ।