ਗੁਲਜ਼ਾਰ ਸਿੰਘ ਸੰਧੂ
ਭਾਰਤੀ ਜਨਤਾ ਪਾਰਟੀ ਤੇ ਕੇਂਦਰ ਦੀ ਸਰਕਾਰ ਵਲੋਂ ਕਿਸਾਨਾਂ ਤੇ ਉਨ੍ਹਾਂ ਦੇ ਵਰਤਮਾਨ ਅੰਦੋਲਨ ਨੂੰ ਲਗਾਤਾਰ ਬਦਨਾਮ ਕਰਨ ਦੇ ਬਾਵਜੂਦ 27 ਸਤੰਬਰ ਵਾਲੇ ਭਾਰਤ ਬੰਦ ਦੀ ਸਫਲਤਾ ਨੇ ਸਿੱਧ ਕਰ ਦਿੱਤਾ ਹੈ ਕਿ ਜੇ ਦੇਸ਼ ਦਾ ਅੰਨਦਾਤਾ ਦੇਸ਼ ਵਾਸੀਆਂ ਦਾ ਢਿੱਡ ਭਰ ਸਕਦਾ ਹੈ ਤਾਂ ਉਹਦੇ ਕੋਲ ਆਮ ਜਨਤਾ ਨੂੰ ਆਪਣੇ ਨਾਲ ਤੋਰਨ ਦੀ ਅਤਿਅੰਤ ਸ਼ਕਤੀ ਵੀ ਹੈ। ਕਿਸਾਨਾਂ ਨੂੰ ਸਮਰਥਨ ਦੇਣ ਵਾਲਿਆਂ ਵਿਚ ਸਿਰਫ ਮਜ਼ਦੂਰ, ਖੇਤ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਤੇ ਵਪਾਰਕ ਅਦਾਰੇ ਹੀ ਨਹੀਂ ਸਗੋਂ ਕਲਾਕਾਰ, ਮਹਿਲਾ ਵਰਗ ਤੇ ਵਿਦਿਆਰਥੀ ਵੀ ਸ਼ਾਮਲ ਹਨ।
ਮੂਲ ਮੁੱਦਾ ਕਿਸਾਨਾਂ ਲਈ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਤੇ ਅਜੋਕੀ ਸਰਕਾਰ ਵਲੋਂ ਪਾਸ ਕੀਤੇ ਤਿੰਨੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣਾ ਹੈ। ਦੇਸ਼ ਭਰ ਦੇ ਸਾਰੇ ਰਾਜਾਂ ਲਈ ਦਲੀਲ ਇਹ ਕਿ ਜੇ ਕੇਰਲ ਦੀ ਖੱਬੇ ਪੱਖੀ ਸਰਕਾਰ ਸਬਜ਼ੀਆਂ ਵਰਗੀ ਛੇਤੀ ਖਰਾਬ ਹੋਣ ਵਾਲੀ ਫਸਲ ਵਾਸਤੇ ਘੱਟੋ ਘੱਟ ਸਮਰਥਨ ਮੁੱਲ ਨਿਰਧਾਰਤ ਕਰ ਸਕਦੀ ਹੈ ਤਾਂ ਬਾਕੀ ਦੇ ਰਾਜ ਆਪੋ ਆਪਣੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਕਿਉਂ ਨਹੀਂ ਤੈਅ ਕਰ ਸਕਦੇ! ਭਾਰਤ ਬੰਦ ਦਾ ਤੁਰੰਤ ਪ੍ਰਭਾਵ ਇਹ ਪਿਆ ਕਿ ਪੰਜਾਬ ਦੀ ਨਵੀਂ ਸਰਕਾਰ ਨੇ ਹੋਂਦ ਵਿਚ ਆਉਂਦਿਆਂ ਸਾਰ ਉਪਰੋਕਤ ਹਲਫ ਲੈ ਵੀ ਲਿਆ ਹੈ।
ਮਸਲਾ ਇਹ ਹੈ ਕਿ ਕੇਂਦਰ ਦੀ ਸਰਕਾਰ ਹਰ ਆਏ ਦਿਨ ਕਾਰਪੋਰੇਟਾਂ ਨੂੰ ਲਾਭ ਪਹੰੁਚਾਉਣ ਦੇ ਕਦਮ ਪੁੱਟਣ ਤੋਂ ਬਾਜ਼ ਨਹੀਂ ਆ ਰਹੀ; ਜੋ ਅੰਨਦਾਤਾ ਨੂੰ ਮਨਜ਼ੂਰ ਨਹੀਂ। ਏਨੇ ਲੰਮੇ ਅੰਦੋਲਨ ਦੌਰਾਨ ਕਿਸਾਨਾਂ ਦੇ ਸਲੀਕੇ, ਉੱਦਮ ਅਤੇ ਦ੍ਰਿੜਤਾ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਕੀਮਤ ਉੱਤੇ ਲੁਕਣ ਵਾਲੇ ਨਹੀਂ। 27 ਸਤੰਬਰ ਵਾਲੇ ਬੰਦ ਨੇ ਸਮੁੱਚੇ ਦੇਸ਼ ਨੂੰ ਇਸ ਤੱਥ ਤੋਂ ਚੌਕਸ ਕਰ ਦਿੱਤਾ ਹੈ ਕਿ ਇਸ ਦੇ ਵਸਨੀਕਾਂ ਕੋਲ ਅਥਾਹ ਸ਼ਕਤੀ ਹੈ ਤੇ ਉਨ੍ਹਾਂ ਨੂੰ ਇਸ ਉੱਤੇ ਪਹਿਰਾ ਦੇਣ ਲਈ ਤਤਪਰ ਰਹਿਣਾ ਚਾਹੀਦਾ ਹੈ। ਚੇਤੇ ਰਹੇ, ਭਾਰਤ ਬੰਦ ਦਾ ਪ੍ਰਭਾਵ 25 ਰਾਜਾਂ ਵਿਚ ਵੇਖਣ ਨੂੰ ਮਿਲਿਆ ਤੇ ਬੰਦ ਸਮੇਂ ਇਕੱਲੇ ਉੱਤਰੀ ਭਾਰਤ ਵਿਚ 25 ਰੇਲ ਗੱਡੀਆਂ ਰੱਦ ਹੋਈਆਂ ਜਾਂ ਉਨ੍ਹਾਂ ਦੇ ਰੂਟ ਬਦਲੇ ਗਏ।
ਅੰਦੋਲਨਕਾਰੀ ਇਹ ਗੱਲ ਸਮਝ ਚੁਕੇ ਹਨ ਕਿ ਕੇਂਦਰ ਦੇ ਖੇਤੀ ਮੰਤਰੀ ਨਰੇਂਦਰ ਤੋਮਰ ਵੱਲੋਂ ਕਿਸਾਨਾਂ ਨੂੰ ਵਾਰ ਵਾਰ ਆਹਮੋ ਸਾਹਮਣੇ ਹੋ ਕੇ ਨਵੇਂ ਕਾਨੂੰਨਾਂ ਨੂੰ ਵਿਚਾਰਨ ਦਾ ਸੱਦਾ ਕਿਸਾਨਾਂ ਨੂੰ ਮੂਰਖ ਬਣਾਉਣ ਦੇ ਤੁਲ ਹੈ। ਜੇ ਉਹ ਸੱਚ ਮੁੱਚ ਕਿਸਾਨ ਪੱਖੀ ਹੈ ਤਾਂ ਆਪਣੀ ਸਰਕਾਰ ਨੂੰ ਇਹ ਤਿੰਨੋ ਕਾਲੇ ਕਾਨੂੰਨ ਰੱਦ ਕਰਨ ਨੂੰ ਕਿਉਂ ਨਹੀਂ ਪ੍ਰੇਰ ਸਕਦਾ, ਜਿਹੜੇ ਸੰਵਿਧਾਨਕ ਮਰਿਆਦਾ ਉੱਤੇ ਪੂਰੇ ਨਹੀਂ ਉਤਰਦੇ। ਇਨ੍ਹਾਂ ਨੂੰ ਰੱਦ ਕੀਤੇ ਜਾਣ ਤੋਂ ਪਿੱਛੋਂ ਕਿਸਾਨ ਉਸ ਦੀਆਂ ਸਭ ਦਲੀਲਾਂ ਸੁਣਨ ਲਈ ਤਿਆਰ ਹਨ। ਭਾਰਤੀ ਜਨਤਾ ਪਾਰਟੀ ਤੋਂ ਬਿਨਾ ਦੇਸ਼ ਦੀਆਂ ਲਗਪਗ ਸਾਰੀਆਂ ਪਾਰਟੀਆਂ ਵਲੋਂ ਭਾਰਤ ਬੰਦ ਲਈ ਮਿਲੇ ਸਮਰਥਨ ਦਾ ਸੰਦੇਸ਼ ਇਹੀਓ ਹੈ; ਹੋਰ ਕੋਈ ਨਹੀਂ।
ਤੇਜਵੰਤ ਸਿੰਘ ਗਿੱਲ ਨੂੰ ਸਾਹਿਤ ਅਕਾਦਮੀ ਫੈਲੋਸ਼ਿਪ: ਕੇਂਦਰੀ ਸਾਹਿਤ ਅਕਾਦਮੀ ਦੀ ਸੱਜਰੀ ਇਕੱਤਰਤਾ ਵਿਚ ਪੰਜਾਬੀ ਸਾਹਿਤ ਦੇ ਸਮਰਥ ਆਲੋਚਕ ਤੇ ਪੰਜਾਬੀ ਦੀਆਂ ਚੋਣਵੀਆਂ ਸਾਹਿਤਕ ਰਚਨਾਵਾਂ ਨੂੰ ਅੰਗਰੇਜ਼ੀ ਵਿਚ ਉਲਥਾ ਕੇ ਪੂਰੀ ਦੁਨੀਆਂ ਤੱਕ ਪੁੱਜਦੀਆਂ ਕਰਨ ਵਾਲੇ ਤੇਜਵੰਤ ਸਿੰਘ ਗਿੱਲ ਨੂੰ ਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਹੈ। ਪੰਜਾਬੀ ਸਾਹਿਤ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਹਿਤ ਅਕਾਡਮੀ ਦੀ ਫੈਲੋਸ਼ਿੱਪ ਕਿਸੇ ਰਚਨਹਾਰੇ ਦੀ ਥਾਂ ਇੱਕ ਆਲੋਚਕ ਤੇ ਸਾਹਿਤ ਰਸੀਏ ਨੂੰ ਦਿੱਤੀ ਗਈ ਹੈ। ਤੇਜਵੰਤ ਗਿੱਲ ਤੋਂ ਪਹਿਲਾਂ ਇਸ ਵਡਮੁੱਲੇ ਸਨਮਾਨ ਨਾਲ ਨਿਵਾਜੇ ਜਾਣ ਵਾਲੇ ਸਿਰਫ ਚਾਰ ਮਹਾਰਥੀ ਗੁਰਬਖਸ਼ ਸਿੰਘ ਪ੍ਰੀਤ ਲੜੀ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ ਤੇ ਹਰਿਭਜਨ ਸਿੰਘ ਹੀ ਸਨ।
ਇੱਕ ਆਲੋਚਕ ਵਜੋਂ ਇਹ ਸਨਮਾਨ ਪ੍ਰਾਪਤ ਕਰਨ ਦੇ ਨਾਤੇ ਤੇਜਵੰਤ ਸਿੰਘ ਗਿੱਲ ਇੱਕ ਵਿਸ਼ੇਸ਼ ਤੇ ਵੱਡੀ ਵਧਾਈ ਦਾ ਹੱਕਦਾਰ ਹੈ। ਇਸ ਨਾਤੇ ਉਸ ਨੇ ਆਪਣੇ ਮਾਮਾ ਸੰਤ ਸਿੰਘ ਸੇਖੋਂ ਨੂੰ ਵੀ ਮਾਤ ਦੇ ਦਿੱਤੀ ਹੈ। ਤੇਜਵੰਤ ਦੀ ਇਸ ਪ੍ਰਾਪਤੀ ਨੇ ਮੈਨੂੰ ਤ੍ਰੈਮਾਸਕ ‘ਸਿਰਜਣਾ’ ਵਿਚ ਅੱਧੀ ਸਦੀ ਪਹਿਲਾਂ ਛਪੀ ਤੇਜ਼ ਤਰਾਰ ਕਵਿਤਾ ਚੇਤੇ ਕਰਵਾ ਦਿੱਤੀ ਹੈ, ਜਿਸ ਦਾ ਰਚਣਹਾਰਾ ਭੂਸ਼ਨ ਧਿਆਨਪੁਰੀ ਸੀ। ਚੇਤੇ ਰਹੇ, ਉਸ ਵੇਲੇ ਸ. ਸੇਖੋਂ ‘ਸਿਰਜਣਾ’ ਦੇ ਨਿਗਰਾਨ ਵੀ ਸਨ। ਪੇਸ਼ ਹੈ ‘ਅੰਤਿਕਾ’ ਵਜੋਂ ਉਹ ਕਵਿਤਾ:
ਅੰਤਿਕਾ: (ਕਿਰਤ ਕਵੀ ਧਿਆਨਪੁਰੀ)
ਸੰਤ ਸਿੰਘ ਸੇਖੋਂ ਆਖੇ ਤੇਜਵੰਤ ਨੂੰ
ਮੇਰੇ ਵਾਲਾ ਹਾਲ ਤੇਰਾ ਹੋਣਾ ਅੰਤ ਨੂੰ।
ਚੰਗਾ ਸਾਂਭਿਆ ਤੇ ਭਾਵੇਂ ਮੰਦਾ ਸਾਂਭਿਆ
ਮੇਰੇ ਵਾਲਾ ਪੁੱਤਰਾ ਤੰੂ ਸੰਦਾ ਸਾਂਭਿਆ।
ਜਿਊਂਦੇ ਜੀ ਹੀ ਮੇਰੇ, ਤੰੂ ਸੰਭਾਲ ਲੀਤੀ ਗੱਦੀ ਮੇਰੀ,
ਮੇਰੇ ਪਿੱਛੋਂ ਸਾਂਭੀ ਏਸ ਜੀਆ ਜੰਤ ਨੂੰ।
(-ਸੰਤ ਸਿੰਘ ਸੇਖੋਂ)
ਜਦੋਂ ਕਰੇਂ ਗੱਲ ਕਰੀਂ ਦੋ ਪਾਤਰੀ
ਇੱਕ ਹੱਥ ਹਥੌੜਾ, ਦੂਜੇ ਹੱਥ ਦਾਤਰੀ।
ਪਾਤਰ ਤੇ ਪਾਸ਼ ਨੂੰ ਬਿਠਾਈਂ ਦੋਵਾਂ ਗੋਡਿਆਂ `ਤੇ
ਸਾਰਾ ਤਾਣ ਲਾ ਕੇ ਕੈਮ ਰੱਖੀਂ ਤੀਤ ਨੂੰ।
(-ਸੰਤ ਸਿੰਘ ਸੇਖੋਂ)
ਬਹੁਤਾ ਨਹੀਓਂ ਪਾੜਾ ਸੇਖੋਂ ਅਤੇ ਗਿੱਲ ਦਾ
ਮੇਰੇ ਵਾਂਗੰੂ ਹਾਅ ਆਖ ਕੇ ਤੰੂ ਹਿੱਲਦਾ।
ਗੋਡਿਆਂ ਦੀ ਪੀੜ ਨੂੰ ਬਣਾਈ ਪੀੜ ਲੋਕਤਾ ਦੀ।
ਏਨੀ ਗੱਲ ਆਖ ਕੇ ਮੁਕਾਵਾਂ ਛੰਤ ਨੂੰ।
(-ਸੰਤ ਸਿੰਘ ਸੇਖੋਂ)