ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀਆਂ ਲਈ ਵਾਅਦਿਆਂ ਦੀ ਝੜੀ

ਲੁਧਿਆਣਾ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਦਾ ਸਿਆਸੀ ਮਾਹੌਲ ਭਖਿਆ ਹੋਇਆ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਦੂਜੀ ਗਾਰੰਟੀ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਲਈ ਮੁਫਤ ਤੇ ਚੰਗਾ ਇਲਾਜ ਦੇਣ ਦਾ ਵਾਅਦਾ ਕੀਤਾ।

ਉਨ੍ਹਾਂ ਕਿਹਾ ਕਿ ਹਰ ਪੰਜਾਬੀ ਦਾ ਹੈਲਥ ਕਾਰਡ ਬਣਾਇਆ ਜਾਵੇਗਾ ਜਿਸ ਵਿਚ ਉਸ ਦੀ ਸਿਹਤ ਸਬੰਧੀ ਹਰ ਵੇਰਵਾ ਦਰਜ ਹੋਵੇਗਾ। ਪੂਰੇ ਪੰਜਾਬ ਦੇ ਪਿੰਡਾਂ ਵਿਚ ਕਲੀਨਿਕ ਤੇ ਵਾਰਡਾਂ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਉਹ ਪਹਿਲਾਂ ਹੀ ਦਿੱਲੀ ਵਿਚ ਲਾਗੂ ਕਰ ਚੁੱਕੇ ਹਨ। ਕੇਜਰੀਵਾਲ ਨੇ ਪੰਜਾਬ ਵਿਚ ‘ਆਪ` ਦੀ ਸਰਕਾਰ ਬਣਨ `ਤੇ ਸਿਹਤ ਸੇਵਾਵਾਂ ਬਾਰੇ ਛੇ ਵੱਡੀਆਂ ਸਹੂਲਤਾਂ ਵਾਲੀ ਦੂਜੀ ਗਾਰੰਟੀ ਦਾ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਸਿਹਤ ਸੁਵਿਧਾਵਾਂ ਦਾ ਬਹੁਤ ਬੁਰਾ ਹਾਲ ਹੈ, ਇਥੋਂ ਦੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਦੇ ਨਾਂ `ਤੇ ਕੁਝ ਨਹੀਂ ਹੋ ਰਿਹਾ। ਲੋਕਾਂ ਨੂੰ ਇਲਾਜ ਕਰਵਾਉਣ ਲਈ ਪ੍ਰਾਈਵੇਟ ਹਸਪਤਾਲਾਂ ਵਿਚ ਲੱਖਾਂ ਰੁਪਏ ਖਰਚਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿਚ ‘ਆਪ` ਦੀ ਸਰਕਾਰ ਬਣਦੀ ਹੈ ਤਾਂ ਸਿਹਤ ਸੁਵਿਧਾਵਾਂ ਵਿਚ ਸੁਧਾਰ ਕੀਤਾ ਜਾਵੇਗਾ ਅਤੇ ਸੂਬੇ ਦੇ ਹਰੇਕ ਵਸਨੀਕ ਨੂੰ ਮੁਫਤ ਤੇ ਵਧੀਆ ਇਲਾਜ ਮੁਹੱਈਆ ਕਰਾਇਆ ਜਾਵੇਗਾ।
ਦੂਜੀ ਸਹੂਲਤ ਦਾ ਵੇਰਵਾ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਸਾਰੀਆਂ ਦਵਾਈਆਂ, ਟੈਸਟ ਅਤੇ ਅਪਰੇਸ਼ਨ ਮੁਫਤ ਕੀਤੇ ਜਾਣਗੇ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚਲੀ ਦਵਾਈਆਂ ਦੀ ਖਿੜਕੀ ਖੋਲ੍ਹੀ ਜਾਵੇਗੀ ਅਤੇ ਠੱਪ ਪਈ ਮੈਡੀਕਲ ਮਸ਼ੀਨਰੀ ਚਾਲੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਦਾ 10 ਤੋਂ 20 ਲੱਖ ਦਾ ਅਪਰੇਸ਼ਨ ਬਿਲਕੁਲ ਮੁਫਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਅਤੇ ਮਰੀਜ਼ ਦੇ ਇਲਾਜ ਨੂੰ ਸੌਖਾ ਬਣਾਉਣ ਲਈ ‘ਡਿਜੀਟਲ ਹੈਲਥ ਕਾਰਡ` ਦੇਣ ਦਾ ਵਾਅਦਾ ਵੀ ਕੀਤਾ, ਜਿਸ ਵਿਚ ਮਰੀਜ਼ ਬਾਰੇ ਪੂਰੀ ਜਾਣਕਾਰੀ, ਟੈਸਟ ਰਿਪੋਰਟਾਂ ਅਤੇ ਐਕਸਰੇਅ ਤੇ ਰਿਪੋਰਟਾਂ ਦਾ ਕੰਪਿਊਟਰੀਕ੍ਰਿਤ ਵੇਰਵਾ ਦਰਜ ਹੋਵੇਗਾ।
ਇਸ ਦੇ ਨਾਲ ਹੀ ਦਿੱਲੀ ਦੇ ਮੁਹੱਲਾ ਕਲੀਨਿਕ ਦੀ ਤਰਜ਼ `ਤੇ ਪੰਜਾਬ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿਚ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਅਤੇ ਇਨ੍ਹਾਂ ਮੁਹੱਲਾ ਕਲੀਨਿਕਾਂ ਵਿਚ ਆਮ ਬਿਮਾਰੀਆਂ ਦਾ ਇਲਾਜ ਹੋਵੇਗਾ। ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਮੁਫ਼ਤ ਇਲਾਜ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੀ ਤਰਜ਼ `ਤੇ ਪੰਜਾਬ ਦੇ ਨੇੜਲੇ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲਾਂ ਵਿਚ ਵੀ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ।
_________________
ਸਨਅਤਕਾਰਾਂ ਨੂੰ ਸਹੂਲਤਾਂ ਲਈ 5 ਵਾਅਦੇ
ਲੁਧਿਆਣਾ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਦੇ ਪੰਜ ਤਾਰਾ ਹੋਟਲ ਵਿਖੇ ਪੰਜਾਬ ਦੇ ਸਨਅਤਕਾਰਾਂ, ਵਪਾਰੀਆਂ ਤੇ ਕਾਰੋਬਾਰੀਆਂ ਨਾਲ ਅਹਿਮ ਮੀਟਿੰਗ ਕੀਤੀ, ਜਿਸ ‘ਚ ਸ੍ਰੀ ਕੇਜਰੀਵਾਲ ਨੇ ਪੰਜਾਬ ‘ਚ 2022 ਵਿਚ ‘ਆਪ‘ ਦੀ ਸਰਕਾਰ ਬਣਨ ਉਤੇ ਸਨਅਤਕਾਰਾਂ ਨੂੰ ਸਹੂਲਤਾਂ ਦੇਣ ਲਈ 5 ਵਾਅਦੇ ਕੀਤੇ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ ‘ਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਕਾਇਮ ਕਰਕੇ ਕਾਰੋਬਾਰ ਦਾ ਮਾਹੌਲ ਦਿੱਤਾ ਜਾਵੇਗਾ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਸਨਅਤਕਾਰਾਂ, ਕਾਰੋਬਾਰੀਆਂ ਤੇ ਵਪਾਰੀਆਂ ਨਾਲ 5 ਵਾਅਦੇ ਕੀਤੇ ਹਨ, ਜੇਕਰ ਸਰਕਾਰ ਬਣਨ ਤੋਂ ਬਾਅਦ 5 ਵਾਅਦੇ ਪੂਰੇ ਨਹੀਂ ਹੁੰਦੇ ਤਾਂ ਮੁੜ ‘ਆਪ‘ ਨੂੰ ਵੋਟਾਂ ਨਾ ਪਾਇਓ।