ਕੈਪਟਨ ਦੇ ਵਫਾਦਾਰਾਂ ਤੋਂ ਖੁੱਸੀਆਂ ਸਰਕਾਰੀ ਸਹੂਲਤਾਂ

ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਅਤੇ ਵਿਸ਼ੇਸ਼ ਕਾਰਜ ਸਾਧਕ ਅਫਸਰਾਂ (ਓ.ਐਸ.ਡੀਜ਼.) ਨਾਲ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਤੁਰਤ ਵਾਪਸ ਬੁਲਾਉਣ ਦੇ ਹੁਕਮ ਦਿੱਤੇ ਗਏ ਹਨ। ਸਾਬਕਾ ਮੁੱਖ ਮੰਤਰੀ ਦੇ ਕਰੀਬੀਆਂ ਨੂੰ ਸਰਕਾਰੀ ਗੱਡੀਆਂ ਅਤੇ ਤੇਲ ਦੀ ਮੁਫਤ ਸਹੂਲਤ ਵੀ ਦਿੱਤੀ ਗਈ ਸੀ ਤੇ ਸਰਕਾਰ ਨੇ ਸੁਰੱਖਿਆ ਵਾਹਨ ਵੀ ਵਾਪਸ ਮੰਗਵਾਉਣ ਦੇ ਹੁਕਮ ਦਿੱਤੇ ਸਨ।

ਸੂਤਰਾਂ ਦਾ ਦੱਸਣਾ ਹੈ ਕਿ ਦੋ ਦਿਨ ਪਹਿਲਾਂ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰਨਾਂ ਮੰਤਰੀਆਂ ਨੇ ਸੂਬੇ ਦੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਇਕ ਮੀਟਿੰਗ ‘ਚ ਬੁਲਾ ਕੇ ਸਾਬਕਾ ਮੁੱਖ ਮੰਤਰੀ ਅਤੇ ਹੋਰਨਾਂ ਵਿਅਕਤੀਆਂ ਨਾਲ ਤਾਇਨਾਤ ਸੁਰੱਖਿਆ ਕਰਮਚਾਰੀ ਵਾਪਸ ਬੁਲਾਉਣ ਲਈ ਕਿਹਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੀ ਖੁਦ ਦੀ ਸੁਰੱਖਿਆ ਵਿਚ ਤਾਇਨਾਤ ਕਰਮਚਾਰੀਆਂ ਦੀ ਗਿਣਤੀ ਘਟਾਉਣ ਲਈ ਵੀ ਡੀ.ਜੀ.ਪੀ. ਨੂੰ ਪੱਤਰ ਲਿਖਿਆ ਸੀ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰਾਂ ਅਤੇ ਓ.ਐਸ.ਡੀਜ਼. ਨਾਲ 500 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਸਨ। ਵਧੀਕ ਡੀ.ਜੀ.ਪੀ. (ਸੁਰੱਖਿਆ) ਵੱਲੋਂ ਇਹ ਪੱਤਰ ਡੀ.ਜੀ.ਪੀ. ਹੋਮ ਗਾਰਡ, ਪੁਲਿਸ ਕਮਿਸ਼ਨਰਾਂ, ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਵਧੀਕ ਡੀ.ਜੀ.ਪੀ. (ਸੁਰੱਖਿਆ) ਵੱਲੋਂ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ, ਉਸ ਵਿਚ ਸਾਬਕਾ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਤੇ ਸਾਬਕਾ ਫੌਜੀ ਅਫਸਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੇਜਰ ਅਮਰਦੀਪ ਸਿੰਘ, ਸਾਬਕਾ ਐਡਵੋਕੇਟ ਜਨਰਲ ਅਤੁਲ ਨੰਦਾ, ਸੰਦੀਪ ਸਿੰਘ ਬਰਾੜ, ਦਮਨਜੀਤ ਸਿੰਘ ਮੋਹੀ, ਸੰਦੀਪ ਸਿੰਘ ਸੰਧੂ, ਅੰਕਿਤ ਬਾਂਸਲ, ਜਗਦੀਪ ਸਿੰਘ ਸਿੱਧੂ, ਗੁਰਮੇਹਰ ਸਿੰਘ ਸੇਖੋਂ, ਹਨੀ ਸੇਖੋਂ, ਕਰਨਬੀਰ ਸਿੰਘ, ਨਰਿੰਦਰ ਭਾਂਬਰੀ, ਪਰਮਿੰਦਰ ਪਾਲ ਸਿੰਘ ਮਾਨ, ਵਿਮਲ ਸੁੰਬਲੀ, ਖੂਬੀ ਰਾਮ, ਜੀ.ਐਸ. ਸੋਢੀ, ਸੁਰੇਸ਼ ਕੁਮਾਰ ਅਤੇ ਭਰਤਇੰਦਰ ਸਿੰਘ ਚਹਿਲ ਦਾ ਨਾਮ ਸ਼ਾਮਲ ਹੈ। ਇਸ ਤਰ੍ਹਾਂ ਕੁੱਲ 20 ਵਿਅਕਤੀ ਹਨ। ਇਨ੍ਹਾਂ ਵਿਅਕਤੀਆਂ ਵਿਚੋਂ ਕੁਝ ਕੁ ਵਿਅਕਤੀਆਂ ਖਾਸ ਕਰ ਕੇ ਮੀਡੀਆ ਸਲਾਹਕਾਰ ਤੇ ਮੁੱਖ ਪ੍ਰਮੁੱਖ ਸਕੱਤਰ ਨੇ ਤਾਂ ਸੁਰੱਖਿਆ ਅਤੇ ਗੱਡੀਆਂ ਵਾਪਸ ਵੀ ਕਰ ਦਿੱਤੀਆਂ ਹਨ।
_________________________________________
ਲੰਮੇ ਵਕਫੇ ਬਾਅਦ ਵੱਡੇ ਬਾਦਲ ਨੇ ਸੰਭਾਲਿਆ ਸਿਆਸੀ ਮੋਰਚਾ
ਬਠਿੰਡਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੇ ਵਕਫ਼ੇ ਬਾਅਦ ਪੰਜਾਬ ਦੀ ਸਿਆਸੀ ਸਟੇਜ ‘ਤੇ ਪਰਤੇ। ਉਨ੍ਹਾਂ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਬਠਿੰਡਾ ਦੇ ਥਰਮਲ ਗਰਾਊਂਡ ਵਿਚ ਸਿਆਸੀ ਰੈਲੀ ਨੂੰ ਸੰਬੋਧਨ ਕੀਤਾ। ਸ਼੍ਰੋਮਣੀ ਅਕਾਲੀ ਦਲ, ਜੋ ਚਾਰ ਸਾਲ ਵਿਰੋਧੀ ਧਿਰ ਵਿਚ ਬੈਠਣ ਤੋਂ ਬਾਅਦ ਮੁੜ ਸੱਤਾ ਵਿਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਵੱਲੋਂ ਇਸ ਰੈਲੀ ਦੌਰਾਨ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ।
ਇਹ ਰੈਲੀ ਪੰਜਾਬ ਦੇ ਮਾਲਵਾ ਖੇਤਰ ਵਿਚ ਕਪਾਹ ਦੀ ਫਸਲ ਦੇ ਖਰਾਬੇ ਦੇ ਵਿਰੋਧ ਵਜੋਂ ਕੀਤੀ ਗਈ। ਲੰਬੇ ਸਮੇਂ ਬਾਅਦ ਸਿਆਸੀ ਸਟੇਜ ‘ਤੇ ਪਰਤੇ 93 ਸਾਲਾ ਵੱਡੇ ਬਾਦਲ ਕੋਲੋਂ ਉਨ੍ਹਾਂ ਦੇ ਭਾਸ਼ਣ ਦੇ ਸ਼ੁਰੂ ਵਿਚ ਹੀ ਗਲਤੀ ਹੋ ਗਈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ-ਬਸਪਾ ਵਰਕਰਾਂ ਦੀ ਥਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਰਕਰਾਂ ਦਾ ਜਿਕਰ ਕਰਦਿਆਂ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦਾ ਲੰਬੇ ਸਮੇਂ ਤੱਕ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਰਿਹਾ ਹੈ। ਦੋਹਾਂ ਪਾਰਟੀਆਂ ਦਾ ਇਹ ਗੱਠਜੋੜ ਪਿਛਲੇ ਸਾਲ ਖੇਤੀ ਕਾਨੂੰਨਾਂ ਕਾਰਨ ਟੁੱਟਿਆ ਸੀ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ‘ਚ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਨੇ ਤਿੰਨ ਖੇਤੀ ਆਰਡੀਨੈਂਸਾਂ ਨੂੰ ਕਾਨੂੰਨਾਂ ਵਿਚ ਬਦਲਣ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿਚ ਲੈਣ ਦੇ ਕੀਤੇ ਵਾਅਦਿਆਂ ‘ਤੇ ਉਨ੍ਹਾਂ ਨਾਲ ਤੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ, ”ਜਦੋਂ ਸੰਸਦ ਵਿਚ ਬਿੱਲ ਲਿਆ ਕੇ ਇਨ੍ਹਾਂ ਨੂੰ ਕਾਨੂੰਨਾਂ ਵਿਚ ਬਦਲਣ ਦਾ ਯਤਨ ਕੀਤਾ ਗਿਆ ਤਾਂ ਮੈਂ ਠੱਗਿਆ ਮਹਿਸੂਸ ਕੀਤਾ ਅਤੇ ਬਹੁਤ ਤਕਲੀਫ ਹੋਈ। ਜਦੋਂ ਵਿਸ਼ਵਾਸਘਾਤ ਹੋਇਆ ਤਾਂ ਅਸੀਂ ਮੰਤਰੀ ਮੰਡਲ ਤੋਂ ਅਸਤੀਫਾ ਵੀ ਦਿੱਤਾ, ਭਾਜਪਾ ਨਾਲ ਗਠਜੋੜ ਵੀ ਤੋੜਿਆ ਅਤੇ ਮੈਂ ਆਪਣਾ ਪਦਮ ਵਿਭੂਸ਼ਣ ਵੀ ਮੋੜ ਦਿੱਤਾ।“