ਦਿੱਲੀ ਦੀ ਚਾਟੀ ਵਿਚ ਮਧਾਣੀ ਦਾ ਨਤੀਜਾ ਜਾਪਦੀਆਂ ਹਨ ਪੰਜਾਬ ਵਿਚ ਵਾਪਰੀਆਂ ਘਟਨਾਵਾਂ

ਜਤਿੰਦਰ ਪਨੂੰ
ਪੰਜਾਬ ਦੇ ਮੁੱਖ ਮੰਤਰੀ ਵਾਲੇ ਅਹੁਦੇ ਤੋਂ ਅਸਤੀਫਾ ਦੇਣ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਆਮ ਲੋਕਾਂ ਦੀ ਵਿਚਾਰ ਦੇ ਮੁੱਖ ਮੁੱਦਿਆਂ ਵਾਲੇ ਏਜੰਡੇ ਤੋਂ ਬਾਹਰ ਹੋ ਚੁਕਾ ਹੈ। ਦੂਸਰੇ ਲੋਕ ਇਸ ਏਜੰਡੇ ਲਈ ਏਨੀ ਘੜਮੱਸ ਪਾਈ ਫਿਰਦੇ ਹਨ ਕਿ ਉਨ੍ਹਾਂ ਵਿਚੋਂ ਚੋਣਵੇਂ ਮੁੱਦੇ ਬਣਨ ਵਾਲਿਆਂ ਦੇ ਨਾਂ ਚੁਣਨੇ ਔਖੇ ਹਨ। ਲੰਮਾ ਸਮਾਂ ਚੁੱਪ ਵੱਟੀ ਰੱਖਣ ਪਿੱਛੋਂ ਮਸਾਂ-ਮਸਾਂ ਚੁੱਪ ਤੋੜਨ ਪਿੱਛੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲਣ ਤੱਕ ਜਿਹੜਾ ਨਵਜੋਤ ਸਿੰਘ ਸਿੱਧੂ ਲੋਕਾਂ ਲਈ ਹੀਰੋ ਬਣ ਕੇ ਖਬਰਾਂ ਵਿਚ ਛਾਇਆ ਪਿਆ ਸੀ,

ਉਹ ਆਪਣੀਆਂ ਦੋ-ਚਾਰ ਤਿਕੜਮੀ ਚਾਲਾਂ ਨਾਲ ਵਿਚਾਰਨ ਯੋਗ ਲੀਡਰਾਂ ਦੀ ਲਿਸਟ ਤੋਂ ਬਾਹਰ ਨਿਕਲਦਾ ਜਾਂਦਾ ਦਿਖਾਈ ਦਿੰਦਾ ਹੈ। ਉਸ ਦੀ ਕੁਝ ਕਾਹਲ-ਕਦਮੀ ਅਤੇ ਕੁਝ ਅਹੁਦਾ ਹੱਥੋਂ ਨਿਕਲ ਜਾਣ ਦੀ ਕੁੜੱਤਣ ਦਾ ਪ੍ਰਭਾਵ ਆਮ ਲੋਕਾਂ ਵਿਚ ਏਨੀ ਤੇਜ਼ੀ ਨਾਲ ਫੈਲਿਆ ਹੈ ਕਿ ਉਸ ਬਾਰੇ ਕੋਈ ਗੱਲ ਕਰਨ ਵੇਲੇ ਉਸ ਦੇ ਮਿੱਤਰ ਵੀ ਕੱਚਾ ਜਿਹਾ ਹਾਸਾ ਹੱਸ ਕੇ ਮੌਕਾ ਟਾਲਣ ਲਈ ਕਿਸੇ ਦੂਸਰੀ ਚਰਚਾ ਵੱਲ ਮੁੜ ਜਾਂਦੇ ਹਨ। ਨਵਾਂ ਬਣਾਇਆ ਮੁੱਖ ਮੰਤਰੀ ਅਜੇ ਕਿੰਨੀ ਦੇਰ ਤੱਕ ਹੋਰ ਨਵਾਂ ਰਹਿਣਾ ਹੈ ਅਤੇ ਉਸ ਨੂੰ ਅਹੁਦੇ ਦੇ ਹਾਣ ਦਾ ਹੋਣ ਵਿਚ ਕਿੰਨਾ ਚਿਰ ਹੋਰ ਲੱਗਣਾ ਹੈ, ਇਹ ਗੱਲ ਖੁਦ ਉਸ ਨੇ ਤੈਅ ਕਰਨੀ ਹੈ, ਪਰ ਉਹ ਚੁਫੇਰਿਓਂ ਦਬਾਅ ਹੇਠ ਘਿਰਿਆ ਪਿਆ ਹੈ। ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਲਈ ਪਿੜ ਖਾਲੀ ਜਿਹਾ ਜਾਪ ਰਿਹਾ ਹੈ, ਪਰ ਉਹ ਰਾਜਸੀ ਪੱਖੋਂ ਗੰਭੀਰਤਾ ਵਿਖਾਉਣ ਤੋਂ ਵੱਧ ਜਨਤਕ ਰੈਲੀ ਦਾ ਠੁੱਕ ਬੰਨ੍ਹਣ ਵਾਲਾ ਬੁਲਾਰਾ ਬਣਨ ਨੂੰ ਪਹਿਲ ਦਿੰਦਾ ਅਤੇ ਏਦਾਂ ਦੀਆਂ ਗੱਲਾਂ ਕਰਦਾ ਹੈ ਕਿ ਬਣਿਆ ਪ੍ਰਭਾਵ ਵੀ ਨਹੀਂ ਸੰਭਾਲ ਸਕਦਾ। ਆਮ ਆਦਮੀ ਪਾਰਟੀ ਨੂੰ ਉਸ ਦਾ ਕਨਵੀਨਰ ਕੇਜਰੀਵਾਲ ਬੁਲੰਦੀਆਂ ਤੱਕ ਚੁੱਕਣ ਦੇ ਯਤਨ ਸਿਰਫ ਚੋਣਾਂ ਜਿੱਤਣ ਤੋਂ ਬਾਅਦ ਦੀਆਂ ਗਾਰੰਟੀਆਂ ਦੇਣ ਤੱਕ ਸੀਮਤ ਕਰੀ ਜਾਂਦਾ ਹੈ। ਜਿਸ ਟੀਮ ਨੂੰ ਅੱਗੇ ਲਾ ਕੇ ਚੋਣ ਲੜਨ ਲਈ ਲੋਕਾਂ ਦੇ ਅੱਗੇ ਪੇਸ਼ ਕਰਨਾ ਹੈ, ਉਸ ਦਾ ਨਕਸ਼ਾ ਡੌਲਣ ਦੀ ਥਾਂ ਹਰ ਵਾਰੀ ਪੰਜਾਬ ਵਿਚ ਆਣ ਕੇ ‘ਮੈਂ ਹੀ ਮੈਂ’ ਨਾਲ ਏਦਾਂ ਦਾ ਪ੍ਰਭਾਵ ਬਣਾਈ ਜਾਂਦਾ ਹੈ, ਜਿਹੜਾ ਇੱਕ ਹੱਦ ਤੋਂ ਵੱਧ ਚੱਲਣ ਵਾਲਾ ਨਹੀਂ।
ਇਹੋ ਜਿਹੇ ਰਾਜਸੀ ਮਾਹੌਲ ਵਿਚ ਉਲਝੇ ਜਾਪ ਰਹੇ ਪੰਜਾਬ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਨਾਲ ਜੁੜੀ ਟੀਮ ਦੇ ਧਨੰਤਰਾਂ ਦੀ ਬਾਜ ਅੱਖ ਪੂਰੀ ਤਰ੍ਹਾਂ ਟਿਕੀ ਹੋਈ ਹੈ। ਪੰਜਾਬ ਦੀਆਂ ਰਾਜਸੀ ਪਾਰਟੀਆਂ ਅਤੇ ਲੀਡਰਾਂ ਵਿਚ ਅਗਲੇ ਏਜੰਡੇ ਬਾਰੇ ਗੰਭੀਰਤਾ ਦੀ ਜਿੰਨੀ ਘਾਟ ਹੈ, ਉਸ ਤੋਂ ਉਲਟ ਦਿੱਲੀ ਦੇ ਅਵਾੜੇ ਦੱਸਦੇ ਹਨ ਕਿ ਉਥੋਂ ਪੰਜਾਬ ਵੱਲ ਝਾਕਣ ਵਾਲਿਆਂ ਦੇ ਏਜੰਡੇ ਉੱਤੇ ਇਹ ਅੱਜ ਕੱਲ੍ਹ ਆਈਟਮ ਨੰਬਰ ਵੰਨ ਬਣਿਆ ਪਿਆ ਹੈ। ਭਾਰਤ ਦੇ ਕੁਝ ਚੋਣਵੇਂ ਰਾਜ ਸਮੁੱਚੇ ਦੇਸ਼ ਦੀ ਰਾਜਨੀਤੀ ਵਿਚ ਖਾਸ ਥਾਂ ਰੱਖਦੇ ਹਨ ਅਤੇ ਇਨ੍ਹਾਂ ਖਾਸ ਰਾਜਾਂ ਵਿਚ ਉੱਤਰ ਪ੍ਰਦੇਸ਼ ਦਾ ਨਾਂ ਉਥੋਂ ਦੀਆਂ ਅੱਸੀ ਪਾਰਲੀਮੈਂਟ ਸੀਟਾਂ ਕਰ ਕੇ ਹੈ, ਉਸ ਦਾ ਰਾਜਸੀ ਮਹੱਤਵ ਓਨਾ ਨਹੀਂ, ਜਿੰਨਾ ਪੱਛਮੀ ਬੰਗਾਲ, ਪੰਜਾਬ, ਕੇਰਲਾ ਜਾਂ ਗੁਜਰਾਤ ਵਰਗੇ ਰੁਝਾਨ ਤੈਅ ਕਰਨ ਵਾਲੇ ਰਾਜਾਂ ਦਾ ਹੁੰਦਾ ਹੈ। ਗੁਜਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਨਾਲ ਜੁੜੀ ਟੀਮ ਪਹਿਲਾਂ ਆਪਣੀ ਜੇਬ ਵਿਚ ਪਾ ਕੇ ਤੁਰੀ ਸੀ, ਹਿੰਦੀ ਭਾਸ਼ੀ ਰਾਜਾਂ ਵਿਚ ਲਗਾਤਾਰ ਜਿੱਤਾਂ ਦਾ ਡੰਕਾ ਵਜਾਉਂਦੀ ਰਹੀ, ਪਰ ਵਡੇਰੇ ਰਾਜਸੀ ਮਹੱਤਵ ਵਾਲੇ ਰਾਜਾਂ-ਪੱਛਮੀ ਬੰਗਾਲ, ਕੇਰਲਾ ਤੇ ਪੰਜਾਬ ਵਿਚ ਛੱਤੀ ਪਾਪੜ ਵੇਲ ਕੇ ਵੀ ਇਸ ਟੀਮ ਦੇ ਪੈਰ ਅਜੇ ਤੱਕ ਨਹੀਂ ਲੱਗ ਸਕੇ। ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਇੰਦਰਾ ਗਾਂਧੀ ਦੀ ਚੜ੍ਹਤ ਵੇਲੇ ਜਿੰਨੇ ਰਾਜਾਂ ਵਿਚ ਕਾਂਗਰਸ ਪਾਰਟੀ ਦੀ ਪਕੜ ਸੀ, ਉਸ ਤੋਂ ਵੱਧ ਰਾਜਾਂ ਵਿਚ ਇਸ ਵਕਤ ਭਾਜਪਾ ਦੀ ਚੜ੍ਹਤ ਹੈ, ਇਨ੍ਹਾਂ ਤਿੰਨ ਅਹਿਮ ਰਾਜਾਂ ਵਿਚ ਜਦੋਂ ਪੈਰ ਨਹੀਂ ਲੱਗ ਰਹੇ ਤਾਂ ਉਸ ਦੀ ਰਾਤਾਂ ਦੀ ਨੀਂਦ ਖਰਾਬ ਹੋਣ ਦਾ ਇੱਕ ਵੱਡਾ ਕਾਰਨ ਪੈਦਾ ਹੋ ਜਾਂਦਾ ਹੈ। ਦੁਨੀਆਂ ਭਰ ਵਿਚ ਆਪਣੀ ਧੁੰਮ ਪੈਂਦੀ ਦਾ ਇੰਡੈਕਸ ਰੋਜ਼ ਤੜਕੇ ਉੱਠ ਕੇ ਵੇਖਣ ਦਾ ਸ਼ੌਕੀਨ ਆਗੂ ਅਮਰੀਕਾ ਵਿਚ ‘ਹਾਊਡੀ ਮੋਦੀ’ ਦੀ ਗੂੰਜ ਦੇ ਬਾਅਦ ਆਪਣੇ ਦੇਸ਼ ਵਿਚ ਇਸ ਤਰ੍ਹਾਂ ਪਛੜਨਾ ਪਸੰਦ ਨਹੀਂ ਕਰੇਗਾ।
ਪਿਛਲੇ ਕੁਝ ਹਫਤਿਆਂ ਦੇ ਪੰਜਾਬ ਦੇ ਘਟਨਾ-ਚੱਕਰ, ਜਿਸ ਵਿਚ ਪਹਿਲਾਂ ਕਾਂਗਰਸ ਦੀ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਨੂੰ ਸੌਂਪੇ ਜਾਣ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਹਾਰ ਹੋਈ ਤੇ ਫਿਰ ਉਸ ਕੋਲੋਂ ਮੁੱਖ ਮੰਤਰੀ ਦੀ ਕੁਰਸੀ ਛੁਡਾ ਲੈਣ ਦੇ ਹਾਲਾਤ ਬਣਾਏ ਗਏ ਸਨ, ਇਸ ਖੇਡ ਦੀ ਸਕਰਿਪਟ ਕਿਸੇ ਸਾਧਾਰਨ ਆਗੂ ਨੇ ਨਹੀਂ ਲਿਖੀ। ਕੇਂਦਰ ਸਰਕਾਰ ਕੋਲ ਏਦਾਂ ਦੇ ਧਨੰਤਰ ਬੈਠੇ ਹਨ, ਜਿਹੜੇ ਸੰਸਾਰ ਭਰ ਦੀ ਰਾਜਨੀਤੀ ਦੀਆਂ ਤਿਕੜਮਾਂ ਨੂੰ ਕਿਸੇ ਵੀ ਹੋਰ ਤੋਂ ਵੱਧ ਘੋਖਣ ਦੇ ਮਾਹਰ ਹਨ। ਕਿਸੇ ਸਿਆਸੀ ਧਿਰ ਵਿਚ ਬੈਠਾ ਕੌਣ ਆਗੂ ਕੀ ਖਾਹਿਸ਼ਾਂ ਰੱਖਦਾ ਹੈ ਅਤੇ ਡਿੱਗਣ ਲੱਗ ਪਵੇ ਤਾਂ ਕਿੰਨਾ ਕੁ ਡਿੱਗ ਸਕਦਾ ਹੈ, ਇਸ ਦੀ ਸਮਝ ਕਿਸੇ ਵੀ ਹੋਰ ਤੋਂ ਵੱਧ ਉਨ੍ਹਾਂ ਨੂੰ ਹੈ। ਪਿਛਲੇ ਹਫਤਿਆਂ ਦੌਰਾਨ ਕਾਂਗਰਸ ਦੀ ਕੇਂਦਰੀ ਕਮਾਨ ਦੀ ਕਮਜ਼ੋਰੀ ਕਾਰਨ ਪੰਜਾਬ ਵਿਚ ਹਰ ਨਵੇਂ ਦਿਨ ਨਵੀਂ ਉਲਝਣ ਪੈਂਦੀ ਵੇਲੇ ਉਹ ਚੁੱਪ ਬਹਿਣ ਤੇ ਘਟਨਾਵਾਂ ਦਾ ਵਹਿਣ ਵੇਖਣ ਤੱਕ ਸੀਮਤ ਨਹੀਂ ਸਨ। ਉਹ ਇਸ ਵਹਿਣ ਦੌਰਾਨ ਵੀ ਰਾਜਸੀ ਕਿਸ਼ਤੀ ਨੂੰ ਕਿਸੇ ਨਾ ਕਿਸੇ ਚੱਪੂ ਦੀ ਹੁੱਝ ਮਾਰ ਕੇ ਆਪਣੀ ਮਰਜ਼ੀ ਦੀ ਧਾਰਾ ਵੱਲ ਚਲਾਉਣ ਦਾ ਯਤਨ ਕਰਦੇ ਰਹੇ ਹੋਣਗੇ ਤੇ ਜਦੋਂ ਪੰਜਾਬ ਵਿਚ ਪਹਿਲੇ ਲੀਡਰ ਨੂੰ ਹਟਾ ਕੇ ਦੂਸਰੇ ਦੀ ਸਰਕਾਰ ਬਣੀ ਹੈ ਤਾਂ ਉਸ ਦੇ ਚੰਗੇ-ਮਾੜੇ ਦਾ ਲੇਖਾ ਵੀ ਅਗਾਊਂ ਲਾ ਚੁੱਕੇ ਹੋਣਗੇ।
ਜਦੋਂ ਸਾਡੇ ਵਰਗੇ ਪੱਤਰਕਾਰ ਇਨ੍ਹਾਂ ਬੀਤੀਆਂ ਘਟਨਾਵਾਂ ਦਾ ਕਚਰਾ ਫੋਲਣ ਰੁੱਝੇ ਸਨ, ਉਦੋਂ ਗੱਦੀ ਛੱਡ ਚੁੱਕੇ ਮੁੱਖ ਮੰਤਰੀ ਦਾ ਅਚਾਨਕ ਦਿੱਲੀ ਨੂੰ ਉਡਾਰੀ ਲਾਉਣਾ, ਉਥੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣਾ ਤੇ ਫਿਰ ਪੰਜਾਬ ਸਰਹੱਦੀ ਸੂਬਾ ਹੋਣ ਦਾ ਰਾਗ ਅਲਾਪਣਾ ਕੋਈ ਸਹਿਜ ਵਿਹਾਰ ਨਹੀਂ ਸੀ। ਦਿੱਲੀ ਦੀ ਚਾਟੀ ਕਦੀ ਵਿਹਲੀ ਨਹੀਂ ਰਹਿੰਦੀ, ਹਮੇਸ਼ਾ ਕੁਝ ਨਾ ਕੁਝ ਰਿੜਕਦੀ ਰਹਿੰਦੀ ਹੈ। ਕਦੀ ਉਹ ਮਹਾਰਾਸ਼ਟਰ ਦੀ ਰਾਜਨੀਤੀ ਨੂੰ ਮਧਾਣੀ ਨਾਲ ਹਿਲਾਉਂਦੀ ਤੇ ਸਿ਼ਵ ਸੈਨਾ ਦੇ ਮੁਖੀ ਉਧਵ ਠਾਕਰੇ ਦੇ ਕਣਾਂ ਨੂੰ ਟੋਂਹਦੀ ਹੈ, ਕਦੀ ਰਾਜਸਥਾਨ ਜਾਂ ਛੱਤੀਸਗੜ੍ਹ ਅਤੇ ਝਾਰਖੰਡ ਵਿਚਲੇ ਕੁਚੱਜਿਆਂ ਦੇ ਕੋੜਮੇ ਨੂੰ ਘੁਮਾਣੀ ਮਾਰਦੀ ਹੈ ਤੇ ਪਿਛਲੇ ਦਿਨੀਂ ਉਸ ਨੇ ਤਵਾ ਗਰਮ ਵੇਖ ਕੇ ਪੰਜਾਬ ਦੀ ਰਾਜਨੀਤੀ ਵਿਚੋਂ ਆਪਣੀ ਲੋੜ ਦੇ ਨਤੀਜੇ ਕੱਢਣ ਦਾ ਯਤਨ ਕੀਤਾ ਜਾਪਦਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਨਵਾਂ ਰੌਂਅ ਉਸ ਦਿੱਲੀ ਵਾਲੀ ਚਾਟੀ ਵਿਚ ਫਿਰਦੀ ਮਧਾਣੀ ਦੀ ਖੇਚਲ ਜਾਪਦੀ ਹੈ। ਇਹ ਖੇਚਲ ਅਗਲੇ ਸਾਲ ਤੱਕ ਪੰਜਾਬ ਨੂੰ ਨਵਾਂ ਰੰਗ ਦੇ ਸਕਦੀ ਹੈ। ਦਿੱਲੀ ਬਹੁਤ ਤੇਜ਼ ਹੈ, ਏਨੀ ਤੇਜ਼ ਕਿ ਜਦੋਂ ਇਹ ਰਾਜਨੀਤੀ ਦੀ ਸ਼ਤਰੰਜ ਉੱਤੇ ਆਪਣੀਆਂ ਚਾਲਾਂ ਚੱਲਦੀ ਹੈ, ਜਿਹੜੇ ਸੱਜਣਾਂ ਨੂੰ ਜਿੱਤਣ ਦਾ ਭਰਮ ਹੁੰਦਾ ਹੈ, ਕਈ ਸਾਲ ਬਾਅਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਹ ਜਿੱਤੇ ਨਹੀਂ ਸਨ, ਕਿਸੇ ਹੋਰ ਦੀ ਲੋੜ ਪੂਰਤੀ ਦਾ ਵਸੀਲਾ ਬਣਨ ਵਾਲੇ ਪਿਆਦੇ ਬਣੇ ਖੇਡਦੇ ਪਏ ਸਨ। ਇਹ ਕੁਝ ਪਹਿਲਾਂ ਵੀ ਬੜੀ ਵਾਰ ਹੋਇਆ ਹੈ ਅਤੇ ਇਤਿਹਾਸ ਇੱਕ ਵਾਰ ਫਿਰ ਆਪਣੇ ਆਪ ਨੂੰ ਦੁਹਰਾਉਂਦਾ ਜਾਪਦਾ ਹੈ। ਸਮਝਣ ਵਾਲੇ ਲੋਕ ਸਮਝ ਕੇ ਵੀ ਬੋਲਣ ਦੀ ਥਾਂ ਚੁੱਪ ਹਨ।