ਭਵਾਨੀਪੁਰ ਜ਼ਿਮਨੀ ਚੋਣ ਵਿਚ ਮਮਤਾ ਬੈਨਰਜੀ ਨੇ ਸਿਰਜਿਆ ਇਤਿਹਾਸ

ਕੋਲਕਾਤਾ: ਪੱਛਮੀ ਬੰਗਾਲ ਅਸੈਂਬਲੀ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨੂੰ ਸ਼ਾਨਦਾਰ ਜਿੱਤ ਦਿਵਾਉਣ ਤੋਂ ਪੰਜ ਮਹੀਨੇ ਮਗਰੋਂ ਪਾਰਟੀ ਸੁਪਰੀਮੋ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਵਾਨੀਪੁਰ ਹਲਕੇ ਦੀ ਜਿਮਨੀ ਚੋਣ ਰਿਕਾਰਡ ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ।

ਬੈਨਰਜੀ ਨੂੰ ਦੱਖਣੀ ਕੋਲਕਾਤਾ ਵਿਚ ਪੈਂਦੀ ਭਵਾਨੀਪੁਰ ਸੀਟ ਲਈ 85,253 ਵੋਟਾਂ ਪਈਆਂ ਤੇ ਉਨ੍ਹਾਂ ਆਪਣੀ ਨੇੜਲੀ ਵਿਰੋਧੀ ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਨੂੰ 58,835 ਵੋਟਾਂ ਦੇ ਰਿਕਾਰਡ ਫਰਕ ਨਾਲ ਹਰਾਇਆ। ਇਸ ਦੌਰਾਨ ਮੁਰਸ਼ਿਦਾਬਾਦ ਦੀਆਂ ਦੋ ਸੀਟਾਂ ਸ਼ਮਸ਼ੇਰਗੰਜ ਤੇ ਜਾਂਗੀਪੁਰ ‘ਤੇ ਵੀ ਸੱਤਾਧਾਰੀ ਟੀ.ਐਮ.ਸੀ. ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਜਾਕਿਰ ਹੁਸੈਨ ਨੇ 92,480 ਵੋਟਾਂ ਦੇ ਵੱਡੇ ਫਰਕ ਨਾਲ ਜਾਂਗੀਪੁਰ ਸੀਟ ਜਿੱਤ ਲਈ ਹੈ। ਹੁਸੈਨ ਨੂੰ 1,36,444 ਵੋਟਾਂ ਪਈਆਂ।
ਉਧਰ, ਸ਼ਮਸ਼ੇਰਗੰਜ ਤੋਂ ਟੀ.ਐਮ.ਸੀ. ਉਮੀਦਵਾਰ ਅਮੀਰੁਲ ਇਸਲਾਮ 26,379 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ। ਪੱਛਮੀ ਬੰਗਾਲ ਭਾਜਪਾ ਨੇ ਕਿਹਾ ਕਿ ਤਿੰਨ ਅਸੈਂਬਲੀ ਹਲਕਿਆਂ ਦੀ ਜਿਮਨੀ ਚੋਣ ਦੇ ਨਤੀਜੇ ਉਨ੍ਹਾਂ ਦੀ ਆਸ ਮੁਤਾਬਕ ਨਹੀਂ ਹਨ। ਪੰਜ ਮਹੀਨੇ ਪਹਿਲਾਂ ਨੰਦੀਗ੍ਰਾਮ ਹਲਕੇ ਤੋਂ ਆਪਣੇ ਪੁਰਾਣੇ ਸਾਥੀ ਤੇ ਹੁਣ ਭਾਜਪਾ ਵਿਚ ਸ਼ਾਮਲ ਸ਼ੁਵੇਂਦੂ ਅਧਿਕਾਰੀ ਤੋਂ ਮਿਲੀ ਹੈਰਾਨੀਜਨਕ ਹਾਰ ਮਗਰੋਂ ਭਵਾਨੀਪੁਰ ਸੀਟ ‘ਤੇ ਮਮਤਾ ਦੀ ਜਿੱਤ ਨੂੰ ਯਕੀਨੀ ਮੰਨਿਆ ਜਾ ਰਿਹਾ ਸੀ, ਪਰ ਸਿਆਸੀ ਮਾਹਿਰ ਤੇ ਵੋਟਰ, ਬੈਨਰਜੀ ਦੇ ਜਿੱਤ ਦੇ ਫਰਕ ਨੂੰ ਬੜੀ ਨੀਝ ਨਾਲ ਵਾਚ ਰਹੇ ਸਨ।
ਚੋਣ ਕਮਿਸ਼ਨ ਨੇ ਕਿਹਾ ਕਿ ਬੈਨਰਜੀ ਨੂੰ ਕੁੱਲ 85,263 ਵੋਟਾਂ ਜਦੋਂਕਿ ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਨੂੰ 26,428 ਤੇ ਸੀ.ਪੀ.ਐਮ. ਦੇ ਸ੍ਰੀਜਿਬ ਬਿਸਵਾਸ ਹਿੱਸੇ 4226 ਵੋਟਾਂ ਆਈਆਂ। ਜਿੱਤ ਮਗਰੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ‘’ਮੈਂ ਭਵਾਨੀਪੁਰ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੂੰ ਬੇਸਬਰੀ ਨਾਲ ਨਤੀਜਿਆਂ ਦੀ ਉਡੀਕ ਸੀ। ਭਵਾਨੀਪੁਰ ਦੇ ਲੋਕਾਂ ਨੇ ਮੈਨੂੰ ਨੰਦੀਗ੍ਰਾਮ ਹਲਕੇ ਤੋਂ ਹਰਾਉਣ ਲਈ ਘੜੀ ਗਈ ਸਾਜਿਸ਼ ਦਾ ਢੁਕਵਾਂ ਜਵਾਬ ਦਿੱਤਾ ਹੈ। ਮਾਮਲਾ ਕੋਰਟ ਵਿਚ ਹੋਣ ਕਰਕੇ ਮੈਂ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ। ਗਿਣਤੀ ਮੁੱਕ ਗਈ ਹੈ ਤੇ ਅਸੀਂ ਸੀਟ ਜਿੱਤ ਲਈ ਹੈ।“ ਕਾਬਲੇਗੌਰ ਹੈ ਕਿ ਇਸ ਜਿੱਤ ਨਾਲ ਮਮਤਾ ਬੈਨਰਜੀ ਦੇ ਸੂਬੇ ਦੀ ਮੁੱਖ ਮੰਤਰੀ ਬਣੇ ਰਹਿਣ ਦਾ ਰਾਹ ਪੱਧਰਾ ਹੋ ਗਿਆ ਹੈ। ਬੈਨਰਜੀ ਨੇ ਨੰਦੀਗ੍ਰਾਮ ਹਲਕੇ ਤੋਂ ਮਿਲੀ ਹਾਰ ਦੇ ਬਾਵਜੂਦ ਪਾਰਟੀ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਮਗਰੋਂ ਮੁੱਖ ਮੰਤਰੀ ਵਜੋਂ ਹਲਫ ਲਿਆ ਸੀ, ਪਰ ਇਸ ਅਹੁਦੇ `ਤੇ ਬਣੇ ਰਹਿਣ ਲਈ ਛੇ ਮਹੀਨਿਆਂ ਅੰਦਰ ਕਿਸੇ ਅਸੈਂਬਲੀ ਹਲਕੇ ਤੋਂ ਚੋਣ ਜਿੱਤਣੀ ਲਾਜ਼ਮੀ ਸੀ। ਸੂਬਾ ਸਰਕਾਰ `ਚ ਮੰਤਰੀ ਸੋਵਨਦੇਬ ਚੱਟੋਪਾਧਿਆਏ ਨੇ ਬੈਨਰਜੀ ਲਈ ਇਹ ਸੀਟ ਖਾਲੀ ਕੀਤੀ ਸੀ।
_______________________________________
ਤ੍ਰਿਣਮੂਲ ਕਾਂਗਰਸ ਨੇ ਚੋਣਾਂ ‘ਚ ਪ੍ਰਚਾਰ ‘ਤੇ 154 ਕਰੋੜ ਖਰਚੇ
ਨਵੀਂ ਦਿੱਲੀ: ਪੱਛਮੀ ਬੰਗਾਲ ਵਿਚ ਭਾਰੀ ਬਹੁਮਤ ਨਾਲ ਮੁੜ ਸੱਤਾ ‘ਚ ਆਈ ਤ੍ਰਿਣਮੂਲ ਕਾਂਗਰਸ ਵੱਲੋਂ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ‘ਤੇ 154.28 ਕਰੋੜ ਰੁਪਏ ਖਰਚੇ ਗਏ ਹਨ। ਚੋਣ ਕਮਿਸ਼ਨ ਨੇ ਪਾਰਟੀਆਂ ਵੱਲੋਂ ਦਿੱਤੀ ਚੋਣ ਖਰਚ ਦੀ ਜਾਣਕਾਰੀ ਮੁਤਾਬਕ ਦੱਸਿਆ ਕਿ ਤਾਮਿਲ ਨਾਡੂ ‘ਚ ਅੰਨਾ ਡੀ.ਐਮ.ਕੇ. ਤੋਂ ਸੱਤਾ ਹਾਸਲ ਕਰਨ ਵਾਲੀ ਦ੍ਰਾਵਿੜ ਮੁਨੇਤਰ ਕੜਗਮ (ਡੀ.ਐਮ.ਕੇ.) ਵੱਲੋਂ ਸੂਬੇ ਦੇ ਨਾਲ-ਨਾਲ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਵਿਚ ਚੋਣ ਪ੍ਰਚਾਰ ‘ਤੇ 114.14 ਕਰੋੜ ਰੁਪਏ (1,14,14,08,525 ਰੁਪਏ) ਖਰਚ ਕੀਤੇ ਗਏ ਹਨ।