ਹਰਮਿੰਦਰ ਸਿੰਘ ਸੰਧੂ ਦਾ ਕਤਲ, ਸਿੱਖ ਸੰਘਰਸ਼ ਅਤੇ ਪੰਜਾਬ ਦੀਆਂ ਭਵਿਖੀ ਚੁਣੌਤੀਆਂ

ਤੱਥ ਵਿਹੂਣੇ ਇਤਿਹਾਸਕਾਰ ਦੇ ਕੋਝੇ ਸਿਧਾਂਤਾਂ ਦਾ ਟੀਰ
ਖਾੜਕੂ ਸੰਘਰਸ਼ ਨਾਲ ਜੁੜੇ ਕਾਫੀ ਤੱਥ ਲਗਾਤਾਰ ਸਾਹਮਣੇ ਆ ਰਹੇ ਹਨ। ਕੁਝ ਧਿਰਾਂ ਇਸ ਨੂੰ ਸਦਾ ਵਾਂਗ ਖਾਸ ਰੰਗਤ ਦੇਣ ਦਾ ਯਤਨ ਕਰਦੀਆਂ ਰਹੀਆਂ ਹਨ। ਪਿੱਛੇ ਜਿਹੇ ਹਰਮਿੰਦਰ ਸਿੰਘ ਸੰਧੂ ਦੇ ਕਤਲ ਬਾਰੇ ਸ਼ੁਰੂ ਹੋਇਆ ਵਿਵਾਦ ਕਈ ਕਾਰਨਾਂ ਕਰਕੇ ਭਖ ਗਿਆ ਹੈ। ਹਰਚਰਨ ਸਿੰਘ ਪਰਹਾਰ ਨੇ ਇਨ੍ਹਾਂ ਘਟਨਾਵਾਂ ਦੇ ਪਿਛੋਕੜ ਅਤੇ ਕੁਝ ਵਿਦਵਾਨਾਂ ਦੇ ਹਵਾਲੇ ਨਾਲ ਵੱਖ-ਵੱਖ ਧਿਰਾਂ ਦੀ ਪਹੁੰਚ ਦੀ ਪੁਣਛਾਣ ਆਪਣੇ ਇਸ ਲੰਮੇ ਲੇਖ ਵਿਚ ਕੀਤੀ ਹੈ।

ਹਰਚਰਨ ਸਿੰਘ ਪਰਹਾਰ
ਫੋਨ: 403-681-8689
ਈਮੇਲ: ਹਪਅਰਹਅਰੱਰਟਿੲਰ@ਗਮਅਲਿ।ਚੋਮ

‘ਖਾਲਿਸਤਾਨ ਦਾ ਸੰਕਲਪ ਪਹਿਲੇ ਦਿਨ ਤੋਂ ਹੀ ਗੈਰ-ਸਿੱਖਾਂ ਦੀ ਸਿੱਖਾਂ ਵਿਰੁੱਧ ਵਰਤਣ ਲਈ ਘੜੀ ਗਈ ਘਾੜਤ ਸੀ। ਇਸ ਦੀਆਂ ਜੜ੍ਹਾਂ 1945 ਤੱਕ ਕਾਂਗਰਸ ਪਾਰਟੀ ਦੇ ਦਸਤਾਵੇਜ਼ਾਂ ਅਤੇ ਮਹਾਸ਼ਾ ਅਖਬਾਰਾਂ ਦੇ ਨੀਤੀ-ਲੇਖਾਂ ਤੱਕ ਪਹੁੰਚਦੀਆਂ ਹਨ। ਸਿੱਖਾਂ ਮੁਸਲਮਾਨਾਂ ਦੇ ਆਪਸੀ ਡੂੰਘੇ ਵੈਰ ਪਵਾ ਕੇ ਪੰਜਾਬ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਇਸ ਨੂੰ 1947 ਤੋਂ ਪਹਿਲਾਂ ਵਰਤਿਆ ਜਾ ਚੁੱਕਾ ਸੀ। ਉਸ ਤੋਂ ਬਾਅਦ ਇਹ ਸਿੱਖਾਂ ਅਤੇ ਪੰਜਾਬ ਨੂੰ ਬਣਦੇ ਹੱਕਾਂ ਤੋਂ ਵਾਂਝੇ ਰੱਖਣ ਲਈ ਉਸੇ ਤਰ੍ਹਾਂ ਵਰਤਿਆ ਗਿਆ ਸੀ, ਜਿਵੇਂ ਪਾਕਿਸਤਾਨ ਦੇ ਸੰਕਲਪ ਨੂੰ ਮੁਸਲਮਾਨਾਂ ਨੂੰ ਹਿੰਦ ਵਿਚ ਥਾਂ ਸਿਰ ਰੱਖਣ ਲਈ ਵਰਤਿਆ ਗਿਆ ਸੀ। 1984 ਤੋਂ ਬਾਅਦ ਸਿੱਖਾਂ ਦੇ ਅਥਾਹ ਰੋਸ ਤੇ ਜੋਸ਼ ਨੂੰ ਕੁਰਾਹੇ ਪਾਉਣ ਲਈ ਫੇਰ ਇਹੀ ‘ਖਾਲਿਸਤਾਨ` ਦਾ ਲਫਜ਼ ਵਰਤਿਆ ਗਿਆ। ਜੂਨ 1984 ਵਿਚ ਦੋ ਪੱਤਰਕਾਰ ਪੇਸ਼ ਕੀਤੇ ਗਏ ਜਿਨ੍ਹਾਂ ਨੇ ਸੰਤ ਭਿੰਡਰਾਂਵਾਲਿਆਂ ਨੂੰ ਆਖਰੀ ਸਮੇਂ ਮਿਲਣ ਦਾ ਝੂਠਾ ਦਾਅਵਾ ਕੀਤਾ ਅਤੇ ਸੰਤਾਂ ਦੇ ਏਸ ਸਬੰਧੀ ਆਪੇ ਘੜੇ ਬਿਆਨ ਜਾਰੀ ਕੀਤੇ। ਕੁਝ ਸਮੇਂ ਬਾਅਦ ਸੰਤ ਜੀ ਦੀ ਏਸ ਸਬੰਧੀ ਗੁੱਸੇ ਵਿਚ ਕੀਤੀ ਇੱਕ ਛੋਟੀ ਜਿਹੀ ਟਿੱਪਣੀ ਲੱਭ ਲਈ ਗਈ (ਜਿਸ ਦਿਨ ਅਕਾਲ ਤਖਤ ‘ਤੇ ਹਮਲਾ ਹੋਇਆ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ) ਅਤੇ ਫਿਰ ਇਸ ਨੂੰ ਸਿੱਖ ਕੌਮੀ ਰਾਜਨੀਤੀ ਦੇ ਧੁਰੇ ਦਾ ਦਰਜਾ ਦੇ ਕੇ ਪ੍ਰਚਾਰਨਾ ਸ਼ੁਰੂ ਕੀਤਾ ਗਿਆ। ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਝੰਬੀ ਸਿੱਖ ਮਾਨਸਿਕਤਾ ਦੇ ਮੁਢਲੇ ਖਾੜਕੂ ਆਗੂਆਂ ਨੇ ਖਾਲਿਸਤਾਨ ਨੂੰ ਸੁਤੇ ਸਿਧ, ਸੱਚੇ ਮਨ ਨਾਲ ਗੱਲਵੱਕੜੀ ਪਾ ਲਈ। ਉਹ ਗੁਰਸਿੱਖੀ ਰੀਤ ਅਨੁਸਾਰ ਸਿਰ ਤਲੀ ਉਤੇ ਰੱਖ ਕੇ ਜੂਝ ਗਏ।`
‘ਇਸ ਰੀਤ ਨੂੰ ਗਾਡੀ ਰਾਹ ਬਣਨ ਤੋਂ ਰੋਕਣ ਦਾ ਇੰਤਜ਼ਾਮ ਪਹਿਲਾਂ ਹੀ ਹੋ ਚੁੱਕਾ ਸੀ। ਸਿੱਖਾਂ ਵਿਰੁੱਧ ਨਫਰਤ ਭਰਿਆ, ਹਿੰਦੂਆਂ ਨੂੰ ਡਰਾਉਣ ਵਾਲਾ, ਦੁਸ਼-ਪ੍ਰਚਾਰ ਇਸ ਦਾ ਇੱਕ ਅੰਗ ਸੀ। ਖਾੜਕੂ ਭੇਸ ਵਿਚ ਪੁਲਿਸ ਮੁਖਬਰ, ਅੰਡਰਗਰਾਊਂਡ ਪੁਲਿਸ ਧਾੜਾਂ ਅਤੇ ਬੇਗਾਨੇ ਦੇਸ਼ਾਂ ਵਿਚ ਮਰਨ-ਮਾਰਨ ਨੂੰ ਤੂਲ ਦੇਣ ਵਾਲੇ ਸਰਕਾਰ ਦੇ ਹਾਮੀ ਵੱਡੀ ਗਿਣਤੀ ਵਿਚ ਭਰਤੀ ਕੀਤੇ ਗਏ। ਮਣਾਂ-ਮੂੰਹੀਂ ਧਨ ਲੁਟਾਇਆ ਗਿਆ। ਇਸ ਹਰਚੰਦਿਓਰੀ ਦੇ ਦਰਸ਼ਨ ਕਰਵਾਉਂਦਿਆਂ ਦੇਸ਼-ਵਿਦੇਸ਼ ਵਿਚ ਸਿੱਖਾਂ ਨੂੰ ਗੁਰਦੁਆਰਿਆ ਰਾਹੀਂ ਲੁੱਟਿਆ ਗਿਆ, ਬੇਦੋਸ਼ਿਆਂ ਦਾ ਮਣਾਂ-ਮੂੰਹੀਂ ਖੂਨ ਇਸ ਬਹਾਨੇ (ਖਾਲਿਸਤਾਨੀ ਲਹਿਰ ਰਾਹੀਂ) ਬਹਾਇਆ ਗਿਆ। ਇਸ ਵਿਉਂਤਬੰਦੀ ਦਾ ਆਖਰੀ ਨਿਸ਼ਾਨਾ ਸੀ, ਸਿੱਖ ਵਿਰੋਧੀ ਅਨਸਰਾਂ ਨੂੰ ਖਾੜਕੂ ਪ੍ਰਚਾਰ ਕੇ, ਗੈਰ-ਰਸਮੀ ਸਿੱਖ ਸਿਆਸਤ ਉਤੇ ਕਾਬਜ਼ ਕਰਵਾ ਕੇ, ਸਰਕਾਰੀ ਮੰਤਵ ਹੱਲ ਕਰਨਾ। ਇਸ ਤਰ੍ਹਾਂ ਸਿਰਜੇ ਮਾਹੌਲ ਵਿਚ ਭਰਾ-ਮਾਰੂ ਜੰਗ ਦਾ ਰੁਝਾਨ ਚਲਾ ਕੇ ਅਤੇ ਕੌਮ ਦੇ ਅਸਲ ਹਿੱਤਾਂ ਨੂੰ ਨਾਕਾਰ ਕੇ ਸਿੱਖੀ ਨੂੰ ਆਗੂ ਰਹਿਤ ਕਰਨ ਦਾ ਕੰਮ ਆਰੰਭ ਹੋਇਆ। ਇਸ ਵਿਚ ਚਿਰਾਂ ਤੋਂ ਚੱਲੇ ਆਉਂਦੇ ਸਥਾਪਿਤ ਸਿੱਖ ਆਗੂਆਂ, ਸਿਆਸੀ ਜਮਾਤਾਂ, ਵਿਦੇਸ਼ੀਂ ਵੱਸਦੇ ਸਰਦੇ-ਪੁੱਜਦੇ ਸਿੱਖਾਂ ਆਦਿ ਨੇ ਵੱਡਾ ਹਿੱਸਾ ਪਾਇਆ। ਕਹਿੰਦੇ-ਕਹਾਉਂਦੇ ਆਗੂਆਂ ਨੇ ਨਕਲੀ ਖਾੜਕੂ ਪਾਲੇ ਅਤੇ ਉਨ੍ਹਾਂ ਕੋਲੋਂ ਮਨਭਾਉਂਦੇ ਕੰਮ ਕਰਵਾਏ, ਜਿਹੋ-ਜਿਹੇ ਕੰਮ ਅੱਜ-ਕੱਲ੍ਹ ਦੇ ਦੌਰ ਵਿਚ ਗੈਂਗਸਟਰ ਆਖ ਕੇ ਬਦਨਾਮ ਕੀਤੇ ਨੌਜਵਾਨਾਂ ਤੋਂ ਕਰਵਾਏ ਜਾ ਰਹੇ ਹਨ? ਇਸ ਤਰ੍ਹਾਂ ਸਿੱਖੀ ਅਤੇ ਪੰਜਾਬ ਦੇ ਅਸਲ ਨਿਸ਼ਾਨਿਆਂ ਨੂੰ ਹਾਸਿਲ ਕਰਨ ਲਈ ਚੱਲੀ ਤਹਿਰੀਕ ਨੂੰ ਕੁਰਾਹੇ ਪਾਇਆ ਗਿਆ?`
ਉਪਰਲੇ ਵਿਚਾਰ ਕਿਸੇ ਕਾਮਰੇਡ, ਕਾਂਗਰਸੀ, ਭਾਜਪਈ, ਆਰ.ਐਸ.ਐਸ ਦੇ ਕਿਸੇ ਲੀਡਰ ਜਾਂ ਵਿਦਵਾਨ ਦੇ ਨਹੀਂ ਸਗੋਂ ਸਿੱਖਾਂ ਵਿਚ ਪਿਛਲੇ 40 ਕੁ ਸਾਲਾਂ ਤੋਂ ਸਥਾਪਿਤ ਟਕਸਾਲੀ ਸਿੱਖ ਵਿਦਵਾਨ, ਹਿਸਟੋਰੀਅਨ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਭ ਤੋਂ ਪਿਆਰੇ ਸਾਥੀ ਤੇ ਖਾਸ ਸਲਾਹਕਾਰ, ਸ਼੍ਰੋਮਣੀ ਕਮੇਟੀ ਤੋਂ ‘ਪ੍ਰੋਫੈਸਰ ਆਫ ਸਿੱਖਇਜ਼ਮ` ਦੀ ਉਪਾਧੀ ਨਾਲ ਸਨਮਾਨਿਤ ਤੇ ਸਿੱਖ ਕੌਮ ਤੇ ਹੋ ਰਹੇ ਧੱਕਿਆਂ ਖਿਲਾਫ ਜੂਝਣ ਲਈ ਆਈ.ਏ.ਐਸ. ਦੀ ਵੱਕਾਰੀ ਨੌਕਰੀ ਤਿਆਗਣ ਵਾਲੇ ਸਿਰਦਾਰ ਗੁਰਤੇਜ ਸਿੰਘ ਦੇ ਹਨ ਜੋ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ‘ਤੇ 3 ਸਤੰਬਰ, 2021 ਨੂੰ ਲਿਖੇ ਲੇਖ ‘ਤੱਥ ਵਿਹੂਣੇ ਇਤਿਹਾਸਕਾਰ ਦੇ ਕੋਝੇ ਸਿਧਾਂਤਾਂ ਦਾ ਤੀਰ` ਵਿਚ ਪ੍ਰਗਟ ਕੀਤੇ ਹਨ। ਗੁਰਤੇਜ ਸਿੰਘ ਦੀਆਂ ਸਿੱਖ ਸੰਘਰਸ਼ ਬਾਰੇ ਇਹ ਟਿੱਪਣੀਆਂ ਸਿੱਖ ਚਿੰਤਕ ਤੇ ਖਾਲਿਸਤਾਨ ਦੇ ਸੰਕਲਪ ਦੇ ਸਿਧਾਂਤਕ ਵਿਆਖਿਆਕਾਰ ਅਜਮੇਰ ਸਿੰਘ ਵਲੋਂ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਯੂਟਿਊਬ ਚੈਨਲ ‘ਸਿੱਖ ਵਿਊ ਪੁਆਇੰਟ` ਰਾਹੀਂ ਸੰਘਰਸ਼ ਬਾਰੇ ਸਿਰਜੇ ਜਾ ਰਹੇ ਬਿਰਤਾਂਤਾਂ, ਖਾਸਕਰ ਡਾ. ਸੋਹਣ ਸਿੰਘ ਦੀ ਅਗਵਾਈ ਵਾਲੀ ਪੰਥਕ ਕਮੇਟੀ ਅਧੀਨ ਕੰਮ ਕਰਦੀਆਂ ਪੰਜ ਖਾੜਕੂ ਜਥੇਬੰਦੀਆਂ ਵਲੋਂ ਸੰਤ ਭਿੰਡਰਾਂਵਾਲਿਆਂ ਦੇ ਖਾਸਮ-ਖਾਸ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਨੂੰ ਗਦਾਰ ਕਹਿ ਕੇ ਕੀਤੇ ਕਤਲ ਨੂੰ 30 ਸਾਲ ਬਾਅਦ ਜਾਇਜ਼ ਠਹਿਰਾਉਣ ਦੇ ਪ੍ਰਤੀਕਰਮ ਵਿਚ ਆਈਆਂ ਹਨ। ਜਿਥੇ ਅਜਮੇਰ ਸਿੰਘ ਖਾੜਕੂ ਸੰਘਰਸ਼ ਨੂੰ ਉਚੀਆਂ-ਸੁੱਚੀਆਂ ਤੇ ਇਲਾਹੀ ਸੋਚ ਵਿਚ ਲਬਰੇਜ ਕਦਰਾਂ-ਕੀਮਤਾਂ ਦਾ ਨਾਮੂਨਾ ਪੇਸ਼ ਕਰਦਾ ਹੈ, ਉਥੇ ਗੁਰਤੇਜ ਸਿੰਘ ਜੋ ਇਸ ਸੰਘਰਸ਼ ਵਿਚ ਸੰਤ ਭਿੰਡਰਾਂਵਾਲ਼ਿਆਂ ਨਾਲ ਸ਼ੁਰੂ ਤੋਂ ਜੁੜੇ ਰਹੇ ਹਨ, ਵੱਖਰੇ ਨਜ਼ਰੀਏ ਤੋਂ ਦੇਖ ਰਹੇ ਹਨ ਤੇ ਕਹਿ ਰਹੇ ਹਨ ਕਿ ਖਾਲਿਸਤਾਨ ਦਾ ਐਲਾਨ ਕਰਵਾ ਕੇ ਸਰਕਾਰੀ ਏਜੰਟਾਂ ਤੇ ਕੁਝ ਪੰਥ ਦੋਖੀ ਧਿਰਾਂ ਵਲੋਂ ਸਿੱਖਾਂ ਨੂੰ ਸਵੈ-ਘਾਤੀ ਹਿੰਸਕ ਖਾਲਿਸਤਾਨੀ ਸੰਘਰਸ਼ ਦੇ ਰਾਹ ਪਾਇਆ ਗਿਆ ਸੀ। ਜੇ ਗੁਰਤੇਜ ਸਿੰਘ ਦੀਆਂ ਉਪਰਲੀਆਂ ਗੱਲਾਂ ਨੂੰ ਬਿਨਾ ਕਿਸੇ ਟਿੱਪਣੀ ਦੇ ਸੱਚ ਮੰਨੀਏ ਤਾਂ ਸਪਸ਼ਟ ਹੁੰਦਾ ਹੈ ਕਿ ‘ਖਾਲਿਸਤਾਨ` ਦੀ ਮੰਗ ਸਿੱਖਾਂ ਦੀ ਨਹੀਂ ਸੀ, ਇਸ ਨੂੰ ਸਿੱਖਾਂ ਸਿਰ ਮੜ੍ਹਿਆ ਗਿਆ ਸੀ; ਦੂਜਾ 1984 ਤੋਂ ਬਾਅਦ ਸ਼ੁਰੂ ਹੋਇਆ ਖਾੜਕੂਵਾਦ ਦਾ ਦੌਰ ਸਿੱਖ ਵਿਰੋਧੀਆਂ ਵਲੋਂ ਜੂਨ 84 ਦੇ ਹਮਲੇ ਤੋਂ ਬਾਅਦ ਪੈਦਾ ਹੋਏ ਰੋਸ ਨੂੰ ਸਿੱਖਾਂ ਦੇ ਹੀ ਖਿਲਾਫ ਵਰਤਣ ਲਈ ਸ਼ੁਰੂ ਕਰਵਾਇਆ ਗਿਆ ਸੀ। ਅਸੀਂ ਆਪਣੇ ਪਿਛਲੇ ਲੇਖ ‘ਕੀ ਸਿੱਖਾਂ ਨੂੰ 1947 ਵਿਚ ਖਾਲਿਸਤਾਨ ਮਿਲਦਾ ਸੀ?` (ਪੰਜਾਬ ਟਾਈਮਜ਼, ਅੰਕ 32, 7 ਅਗਸਤ 2021) ਵਿਚ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਦੇ ਆਧਾਰ ‘ਤੇ ਯਤਨ ਕੀਤਾ ਸੀ ਕਿ ਖਾਲਿਸਤਾਨ ਮਿਲਣਾ ਜਾਂ ਨਾ ਮਿਲਣਾ ਤਾਂ ਬਾਅਦ ਦੀ ਗੱਲ ਸੀ, ਖਾਲਿਸਤਾਨ ਸਿੱਖਾਂ ਦੀ ਕਿਸੇ ਰਾਜਸੀ ਜਾਂ ਧਾਰਮਿਕ ਜਥੇਬੰਦੀ ਦੀ ਮੰਗ ਹੀ ਨਹੀਂ ਸੀ। ਇਸ ਮੰਗ ਨੂੰ ਸਿੱਖ ਆਗੂਆਂ ਨੇ ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ ਨੂੰ ਖੁੰਡਾ ਕਰਨ ਲਈ ਹੀ ਵਰਤਿਆ ਸੀ ਕਿ ਜੇ ਦੇਸ਼ ਨੂੰ ਧਰਮ ਦੇ ਆਧਾਰ ‘ਤੇ ਹੀ ਵੰਡਣਾ ਹੈ ਤਾਂ ਹਿੰਦੂਆਂ ਲਈ ਇੰਡੀਆ ਅਤੇ ਮੁਸਲਮਾਨਾਂ ਲਈ ਪਾਕਿਸਤਾਨ ਦੇ ਨਾਲ ਸਿੱਖਾਂ ਨੂੰ ਵੀ ਖਾਲਿਸਤਾਨ ਮਿਲਣਾ ਚਾਹੀਦਾ ਹੈ। ਜਿਨ੍ਹਾਂ ਸਿੱਖ ਵਿਦਵਾਨਾਂ ਅਤੇ ਖਾਲਿਸਤਾਨੀ ਜਥੇਬੰਦੀਆਂ ਨੂੰ ਸੰਬੋਧਨ ਕਰਕੇ ਗੁਰਤੇਜ ਸਿੰਘ ਨੇ ਇਹ ਵਿਚਾਰ ਪ੍ਰਗਟ ਕੀਤੇ ਹਨ, ਉਨ੍ਹਾਂ ਵਲੋਂ ਲਹਿਰ ‘ਤੇ ਲਗਾਏ ਗੰਭੀਰ ਦੋਸ਼ਾਂ ਦਾ ਮਹੀਨਾ ਬੀਤਣ ਬਾਅਦ ਵੀ ਪ੍ਰਤੀਕਰਮ ਨਾ ਆਉਣਾ, ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ ਕਿ ਗੁਰਤੇਜ ਸਿੰਘ ਦੀਆਂ ਗੱਲਾਂ ਵਿਚ ਜੇ ਸਾਰੀ ਨਹੀਂ ਤਾਂ ਬਹੁਤ ਸਾਰੀ ਸਚਾਈ ਜ਼ਰੂਰ ਹੈ। ਅਸੀਂ ਸਮਝਦੇ ਹਾਂ ਕਿ ਸਚਾਈ ਕੁਝ ਵੀ ਹੋਵੇ ਪਰ ਗੁਰਤੇਜ ਸਿੰਘ ਦੇ ਖਦਸ਼ਿਆਂ ਜਾਂ ਆਪਣੇ ਭਾਈਚਾਰੇ ਬਾਰੇ ਉਨ੍ਹਾਂ ਦੀ ਸੁਹਿਰਦ ਚਿੰਤਾ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਸਬੰਧਤ ਧਿਰਾਂ ਨੂੰ ਮੌਜੂਦਾ ਭਾਰਤ ਵਿਚ ‘ਸਿੱਖ ਰਾਜ ਦੇ ਸੰਕਲਪ` ਦੇ ਸਿਧਾਂਤਕ ਵਿਆਖਿਆਕਾਰ ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਾ ਦੇ ਵਾਰਿਸ ਗੁਰਤੇਜ ਸਿੰਘ ਵਲੋਂ ਉਠਾਏ ਸਵਾਲਾਂ ਦੇ ਜਵਾਬ ਜ਼ਰੂਰ ਦੇਣੇ ਬਣਦੇ ਹਨ।
ਗੁਰਤੇਜ ਸਿੰਘ ਆਪਣੇ ਇਸ ਲੇਖ ਵਿਚ ਖਾਲਿਸਤਾਨ ਦੀ ਲਹਿਰ ਬਾਰੇ ਇੱਕ ਹੋਰ ਗੰਭੀਰ ਸਵਾਲ ਉਠਾਉਂਦੇ ਹੋਏ, ਖਾਲਿਸਤਾਨੀ ਧਿਰਾਂ ਖਾਸਕਰ ਇਸ ਦੇ ਵਿਆਖਿਆਕਾਰਾਂ ਤੋਂ ਮੰਗ ਕਰਦੇ ਹਨ: ‘ਮੈਂ ਕਈ ਦਹਾਕਿਆਂ ਤੋਂ ਮੰਗ ਕਰ ਰਿਹਾ ਹਾਂ ਕਿ ਏਸ ਲਫਜ਼ (ਖਾਲਿਸਤਾਨ) ਦੀ ਏਸ ਨਾਮ ਹੇਠ ਤਹਿਰੀਕ ਚਲਾਉਣ ਵਾਲਿਆਂ ਵਲੋਂ ਕੀਤੀ ਕੋਈ ਵਿਆਖਿਆ ਸਾਹਮਣੇ ਆਉਣੀ ਚਾਹੀਦੀ ਹੈ। ਕਈਆਂ ਨੂੰ ਮਿਲ ਕੇ ਵੀ ਬੇਨਤੀਆਂ ਕੀਤੀਆਂ ਪਰ ਕੁਝ ਪੱਲੇ ਨਹੀਂ ਪਿਆ। ਐਸ ਵੇਲੇ ਤੱਕ ‘ਖਾਲਿਸਤਾਨ` ਇੱਕ ਨਾਅਰੇ ਤੋਂ ਵੱਧ ਕੁਝ ਨਹੀਂ ਜਿਸ ਦੇ ਵਰਦਾਨ ਸਦਕਾ ਕੁਝ ਲੋਕ ਮਾਲਾ-ਮਾਲ ਹਨ। ਇਹੋ ਸ਼ਬਦ ਸੱਚੇ-ਸੁੱਚੇ ਲੋਕਾਂ ਲਈ ਸਰਾਪ ਵੀ ਬਣਿਆ ਹੋਇਆ ਹੈ ਜਿਨ੍ਹਾਂ ਨੂੰ ਉਹੀ ਨਾਅਰਾ ਮਾਰਨ ਅਤੇ ਛਪੀਆਂ ਕਿਤਾਬਾਂ ਰੱਖਣ ਵਿਚ ਉਮਰ ਕੈਦ ਵੀ ਹੋ ਚੁੱਕੀ ਹੈ। ਮਾਜਰਾ ਸਮਝ ਨਹੀਂ ਪੈ ਰਿਹਾ। ਗੁੱਥੀ ਉਦੋਂ ਸੁਲਝੇਗੀ, ਜਦੋਂ ਏਸ ਨੂੰ ਮੰਨਣ ਵਾਲੇ ਲੋਕਾਂ ਨੂੰ ਭਰੋਸੇ ਵਿਚ ਲੈ ਕੇ ਏਸ ਦੀ ਖੁੱਲ੍ਹੇਆਮ ਵਿਆਖਿਆ ਕਰਕੇ ਮਨੁੱਖਾਂ ਦੇ ਹੱਕਾਂ ਅਤੇ ਕਮਿਉਨਿਸਟ ਮੈਨੀਫੈਸਟੋ ਦੀ ਤਰਜ਼ ਦਾ ਕੋਈ ਦਸਤਾਵੇਜ਼ ਜਾਰੀ ਕਰਨਗੇ?`
ਸਾਡੀ ਤਰਾਸਦੀ ਵੇਖੋ ਕਿ ਗੁਰਤੇਜ ਸਿੰਘ ਵਰਗਾ ਵਿਦਵਾਨ 40 ਸਾਲ ਬਾਅਦ ਸਵਾਲ ਕਰ ਰਿਹਾ ਹੈ ਕਿ ਸਾਨੂੰ ਦੱਸੋ ਕਿ ਤੁਹਾਡਾ ਖਾਲਿਸਤਾਨ ਕੀ ਬਲਾ ਹੈ? ਤੁਸੀਂ ਕਿਉਂ ਇੱਕ ਨਾਅਰੇ ਨੂੰ ਜਿੰਦਾ ਰੱਖਣ ਲਈ ਸਾਰੀ ਸਿੱਖ ਕੌਮ ਨੂੰ ਬਲ਼ੀ ਦੇ ਬੂਥੇ ਦੇਈ ਜਾਂਦੇ ਹੋ? ਅਸੀਂ ਕੁਝ ਮਹੀਨੇ ਪਹਿਲਾਂ ਆਪਣੇ ਇੱਕ ਲੇਖ ‘ਕੀ ਸਿੱਖ ਵਿਦਵਾਨ ਭੰਬਲਭੂਸੇ ਦਾ ਸ਼ਿਕਾਰ ਹਨ` ਵਿਚ ਜ਼ਿਕਰ ਕੀਤਾ ਸੀ ਕਿ ਸਿੱਖ ਲੀਡਰ ਤੇ ਵਿਦਵਾਨ, ਹਰ ਮੁੱਦੇ ਤੇ ਦੁਬਿਧਾ ਦਾ ਸ਼ਿਕਾਰ ਹਨ, ਕਿਤੇ ਵੀ ਖੁੱਲ੍ਹ ਕੇ ਇਮਾਨਦਾਰੀ ਨਾਲ ਆਪਣਾ ਪੱਖ ਨਹੀਂ ਰੱਖ ਸਕੇ? ਪਿਛਲੇ 70-80 ਸਾਲ ਤੋਂ ‘ਖਾਲਸਾ ਰਾਜ`, ‘ਸਿੱਖ ਰਾਜ`, ‘ਵੱਖਰੀ ਸਿੱਖ ਸਟੇਟ`, ‘ਪੂਰਨ ਆਜ਼ਾਦੀ`, ‘ਆਨੰਦਪੁਰ ਦਾ ਮਤਾ`, ‘ਸਿੱਖਾਂ ਲਈ ਵੱਧ ਅਧਿਕਾਰਾਂ ਵਾਲਾ ਵੱਖਰਾ ਸੂਬਾ`, ‘ਖਾਲਿਸਤਾਨ` ਆਦਿ ਵਿਚ ਉਲਝੇ ਹੋਏ ਹਨ। ਅਜੇ ਤੱਕ ਇਸ ਗੱਲ ਪ੍ਰਤੀ ਹੀ ਸਪਸ਼ਟ ਨਹੀਂ ਕਿ ਉਹ ਭਾਰਤ ਦੇ ਵਿਚ ਰਹਿ ਕੇ ਵੱਖਰਾ ਰਾਜ ਚਾਹੁੰਦੇ ਹਨ ਜਾਂ ਭਾਰਤ ਤੋਂ ਵੱਖ ਆਜ਼ਾਦ ਦੇਸ਼ ਚਾਹੁੰਦੇ ਹਨ। ਅਜਿਹੇ ਵਿਦਵਾਨਾਂ ਦੇ ਕਾਫਲੇ ਵਿਚ ਅਜਮੇਰ ਸਿੰਘ ਪਛੜ ਕੇ ਸ਼ਾਮਿਲ ਹੋਇਆ ਹੈ ਪਰ ਉਸ ਨੇ ਪਿਛਲੇ ਕਈ ਵਰ੍ਹਿਆਂ ਤੋਂ ਇਸ ਕਾਫਲੇ ਦਾ ਇੱਕੋ-ਇੱਕ ਅਲੰਬਰਦਾਰ ਬਣਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਲਹਿਰ ਦੀ ਨਿਰਪੱਖ ਪਰਖ-ਪੜਚੋਲ ਕਰਨ ਦੀ ਥਾਂ ਉਹ ਮਾਰੇ ਗਏ ਨੌਜਵਾਨਾਂ ਵਿਚੋਂ ਕਿਸੇ ਨੂੰ ਮਹਾਂ ਨਾਇਕ ਅਤੇ ਕਿਸੇ ਨੂੰ ਮਹਾਂ ਖਲਨਾਇਕ ਵਰਗੀਆਂ ਉਪਾਧੀਆਂ ਬਖਸ਼ ਰਿਹਾ ਹੈ ਜਦਕਿ ਖਾਲਿਸਤਾਨ ਦੇ ਖਿਆਲੀ ਸੰਕਲਪ ਬਾਰੇ ਦੂਜੇ ਵਿਦਵਾਨਾਂ ਵਾਂਗ ਉਸ ਕੋਲ ਵੀ ਕੋਈ ਠੋਸ ਆਧਾਰ ਨਹੀਂ ਹੈ ਅਤੇ ਉਹ ਵੀ ਦੁਬਿਧਾ ਦਾ ਸ਼ਿਕਾਰ ਹੈ।
ਹੁਣ ਅਜਮੇਰ ਸਿੰਘ ਦੇ ਪ੍ਰਵਚਨਾਂ ਦੇ ਉਲਟ, ਜ਼ਰਾ ਇਨ੍ਹਾਂ ਸਤਰਾਂ ਨੂੰ ਵੀ ਪੜ੍ਹ ਕੇ ਦੇਖੋ: ‘ਸਾਡੇ ਅੰਦਰ ਯੋਧੇ ਬਣਨ ਦੀ ਬੜੀ ਲਾਲਸਾ ਰਹਿੰਦੀ ਹੈ। ਸੰਘਰਸ਼ ਕਿਵੇਂ ਲੜਨਾ ਹੈ, ਬਾਰੇ ਕਦੇ ਸੋਚਿਆ ਨਹੀਂ। ਅਸੀਂ ਸਿਰਫ ਲੜਨਾ ਝਗੜਨਾ ਜਾਣਦੇ ਹਾਂ। ਕਦੇ ਲਿਆਕਤ ਨਾਲ ਅੱਗੇ ਵਧਣਾ ਨਹੀਂ ਸਿੱਖਿਆ। ਸਾਡੀ ਇਸੇ ਸੋਚ ਨੇ 84 ਲਿਆਂਦੀ। ਮੂਵਮੈਂਟ ਵਿਚ ਚੱਕ ਦਿਉ, ਸੋਧ ਦਿਉ, ਆ ਕਰਦੋ, ਅਹੁ ਕਰਦੋ, ਉਹਨੂੰ ਮਾਰਦੋ ਆਦਿ ਦੀ ਸੋਚ ਹੀ ਭਾਰੂ ਸੀ। ਕਦੇ ਸੋਚਿਆ ਹੀ ਨਹੀਂ ਸੀ ਕਿ ਕਦਮ-ਦਰ-ਕਦਮ ਆਪਣੇ ਰਾਜਸੀ ਸੰਘਰਸ਼ ਨੂੰ ਅੱਗੇ ਕਿਵੇਂ ਲਿਜਾਣਾ ਹੈ, ਅਜਿਹੀ ਕੋਈ ਸੋਚ ਨਹੀਂ ਸੀ। 84 ਵਾਲੀ ਮੂਵਮੈਂਟ ਰਾਜਨੀਤਕ ਨਾਲੋਂ ਹਿੰਸਕ ਵੱਧ ਸੀ। ਸਾਡੇ ਵਿਚ ਨਿੱਜਵਾਦ ਦੀ ਭੁੱਖ ਬਹੁਤ ਹੈ। ਚੁਰਾਸੀ ਤੋਂ ਪਹਿਲਾਂ ਸੰਤਾਂ ਦਾ ਜ਼ੋਰ ਸੀ ਤਾਂ ਹਰ ਕੋਈ ਉਨ੍ਹਾਂ ਦੇ ਪੈਰੀਂ ਪੈਂਦਾ ਸੀ ਪਰ ਕੋਈ ਹਿੰਮਤ ਨਹੀਂ ਸੀ ਕਰਦਾ ਜੋ ਉਨ੍ਹਾਂ ਨੂੰ ਦੱਸਦਾ ਕਿ ਰਾਜਨੀਤੀ ਕਿਵੇਂ ਚਲਾਉਣੀ ਹੈ। ਅਕਾਲੀ ਤੇ ਸੰਤ, ਇੱਕ ਦੂਜੇ ਤੋਂ ਤਾਕਤ ਖੋਹਣ ਦੀ ਰਾਜਨੀਤੀ ਹੀ ਕਰਦੇ ਰਹੇ। ਇਸ ਵਿਚ ਨੁਕਸਾਨ ਸਾਰੀ ਸਿੱਖ ਕੌਮ ਦਾ ਹੋਇਆ। ਨੌਜਵਾਨ ਕਦੇ ਦੂਰ-ਅੰਦੇਸ਼ ਨਹੀਂ ਹੁੰਦੇ। ਉਨ੍ਹਾਂ ਵਿਚ ਸਿਰਫ ਜ਼ੋਸ਼ ਤੇ ਜਜ਼ਬਾ ਹੁੰਦਾ। ਇਸੇ ਕਰਕੇ ਸਾਡੀ 84 ਦੀ ਸਾਰੀ ਮੂਵਮੈਂਟ ਪੂਰੀ ਤਰ੍ਹਾਂ ਹਿੰਸਕ ਹੋ ਗਈ ਸੀ। ਕਿਸੇ ਦਾ ਕਿਸੇ ‘ਤੇ ਕੋਈ ਕੰਟਰੋਲ ਨਹੀਂ ਸੀ। ਸਿਰਫ ਬਿਆਨ ਹੀ ਵੱਡੇ-ਵੱਡੇ ਆਉਂਦੇ ਸਨ ਕਿ ਸਾਡਾ ਰਾਜ ਆਇਆ ਲਉ, ਸਰਬੱਤ ਖਾਲਸਾ ਸੱਦ ਲਿਆ, ਪੰਥਕ ਕਮੇਟੀਆਂ ਬਣਾਤੀਆਂ, ਕਦੇ ਜਥੇਦਾਰ ਲਾ ਦਿੱਤੇ, ਕਦੇ ਲਾਹ ਦਿੱਤੇ, ਕਿਸੇ ਨੂੰ ਪੰਥ ‘ਚੋਂ ਛੇਕਤਾ, ਕਿਸੇ ਨੂੰ ਗਦਾਰ ਕਹਿ ਕੇ ਮਾਰਤਾ ਆਦਿ ਆਦਿ। ਇਹੀ ਸੋਚ ਲਗਾਤਾਰ ਅੱਜ ਵੀ ਹਾਵੀ ਹੈ। ਸਿੱਖ ਲੀਡਰਾਂ ਕੋਲ ਕੋਈ ਵਿਜ਼ਨ ਨਹੀਂ।`
ਉਪਰਲੇ ਵਿਚਾਰ ਵੀ ਸਿੱਖ ਕੌਮ ਜਾਂ ਖਾਲਿਸਤਾਨ ਦੇ ਖਾੜਕੂ ਸੰਘਰਸ਼ ਦੇ ਕਿਸੇ ਵਿਰੋਧੀ ਦੇ ਨਹੀਂ ਸਗੋਂ ਪਿਛਲੇ ਦਿਨੀਂ 16 ਅਗਸਤ, 2021 ਨੂੰ ਖਾਲਿਸਤਾਨੀ ਸੰਘਰਸ਼ ਵਿਚ ਰਹੇ ਮੁੱਖ ਖਾੜਕੂ ਰਣਜੀਤ ਸਿੰਘ ਕੁੱਕੀ ਨੇ ‘ਪੰਜਾਬ ਨਿਊਜ਼ ਆਨਲਾਈਨ` ਯੂਟਿਊਬ ਚੈਨਲ ਤੇ ਸੁਖਨੈਬ ਸਿੱਧੂ ਨੂੰ ਦਿੱਤੀ ਇੰਟਰਵਿਊ ਵਿਚ ਪ੍ਰਗਟ ਕੀਤੇ ਸਨ। ਰਣਜੀਤ ਸਿੰਘ ਕੁੱਕੀ ਖਾੜਕੂ ਸੰਘਰਸ਼ ਦੇ ਕੁਝ ਚੋਣਵੇਂ ਪੜ੍ਹ-ਲਿਖੇ ਨੌਜਵਾਨਾਂ ਵਿਚੋਂ ਇੱਕ ਹੈ ਜਿਸ ਨੇ ਇਸ ਸੰਘਰਸ਼ ਵਿਚ 14 ਸਾਲ ਅਮਰੀਕਾ ਅਤੇ ਫਿਰ ਕੁਝ ਸਾਲ ਭਾਰਤ ਵਿਚ ਜੇਲ੍ਹ ਕੱਟੀ। ਉਨ੍ਹਾਂ ਦੀ ਇਸ ਇੰਟਰਵਿਊ ਵਿਚ ਕੀਤੀਆਂ ਬੇਬਾਕ ਟਿੱਪਣੀਆਂ ਦੱਸਦੀਆਂ ਹਨ ਕਿ ਸਿੱਖ ਖਾੜਕੂ ਲਹਿਰ ਪੂਰੀ ਤਰ੍ਹਾਂ ਹਿੰਸਕ ਹੋ ਕੇ ਬੇਕਾਬੂ ਹੋ ਚੁੱਕੀ ਸੀ। ‘ਆਨੰਦਪੁਰ ਦੇ ਮਤੇ` ਦੇ ਰੂਪ ਵਿਚ ਕੁਝ ਰਾਜਸੀ ਤੇ ਧਾਰਮਿਕ ਮੰਗਾਂ ਲਈ ਸ਼ੁਰੂ ਹੋਇਆ ਸ਼ਾਂਤਮਈ ਸੰਘਰਸ਼ ਹਿੰਸਾ ਦੀ ਭੇਟ ਚੜ੍ਹ ਕੇ ਹਜਾਰਾਂ ਲੋਕਾਂ ਦੀਆਂ ਜਾਨਾਂ ਦਾ ਖੌਅ ਬਣ ਗਿਆ ਸੀ ਪਰ ਅਜਮੇਰ ਸਿੰਘ ਵਰਗੇ ਅਜੇ ਵੀ ਬਹੁਤ ਸਾਰੇ ਅਜਿਹੇ ਭੱਦਰਪੁਰਸ਼ ਹਨ ਜੋ ਦੇਸ਼-ਵਿਦੇਸ਼ ਵਿਚ ਬੈਠ ਕੇ ਜਜ਼ਬਾਤੀ ਨੌਜਵਾਨਾਂ ਨੂੰ ਸ਼ਹੀਦੀਆਂ ਦਾ ਪਾਠ ਪੜ੍ਹਾ ਰਹੇ ਹਨ। ਇਸ ਇੰਟਰਵਿਊ ਵਿਚ ਕੁੱਕੀ ਨੇ ਬੜਾ ਅਹਿਮ ਮੁੱਦਾ ਉਠਾਇਆ ਹੈ ਕਿ ਸਿੱਖ ਲੀਡਰਸ਼ਿਪ ਕੋਲ ਹਲਾ-ਲਲਾ ਕਰਨ ਤੋਂ ਇਲਾਵਾ ਕੋਈ ਵਿਜ਼ਨ ਨਹੀਂ ਤੇ ਜਿਸ ਖਾਲਿਸਤਾਨ ਲਈ ਲੜਨ ਦਾ ਇਹ ਦਾਅਵਾ ਕਰ ਰਹੇ ਹਨ, ਉਸ ਬਾਰੇ 40 ਸਾਲ ਬਾਅਦ ਵੀ ਦੁਨੀਆ ਅੱਗੇ ਕੋਈ ਬਲਿਊ ਪ੍ਰਿੰਟ ਨਹੀਂ ਪੇਸ਼ ਕਰ ਸਕੇ। ਇਸ ਸਬੰਧੀ ਦਰਿਆਈ ਪਾਣੀਆਂ ਦੇ ਮਾਹਰ ਬੁੱਧੀਜੀਵੀ ਪ੍ਰੀਤਮ ਸਿੰਘ ਕੁੰਮੇਦਾਨ ਦੀ ‘ਰੈਫਰੈਂਡਮ 2020` ਬਾਰੇ ਨਿਊਜ਼ 18 ਪੰਜਾਬ ਚੈਨਲ ਨੂੰ 11 ਅਗਸਤ 2018 ਨੂੰ ‘ਖਾਲਿਸਤਾਨ ਤੇ ਹਿੰਦੁਸਤਾਨ ਦਾ ਇੰਝ ਹੋਵੇਗਾ ਬਟਵਾਰਾ` ਹੈਡਿੰਗ ਹੇਠ ਦਿੱਤੀ ਇੰਟਰਵਿਊ ਵਿਚਾਰਨਯੋਗ ਹੈ ਜਿਸ ਵਿਚ ਉਹ ਖਾਲਿਸਤਾਨ ਬਾਰੇ ਅਨੇਕਾਂ ਸਵਾਲ ਉਠਾਉਂਦੇ ਹੋਏ ਕਹਿੰਦੇ ਹਨ ਕਿ ਮੌਜੂਦਾ ਪੰਜਾਬ ਦੇ ਸਾਰੇ ਹੈੱਡਵਰਕਸ ਬਹੁ-ਗਿਣਤੀ ਹਿੰਦੂ ਵਸੋਂ ਵਾਲੇ ਇਲਾਕਿਆਂ ਵਿਚ ਹਨ; ਜੇ ਪਾਕਿਸਤਾਨ ਦੀ ਤਰਜ਼ ‘ਤੇ ਵਸੋਂ ਆਧਾਰਤ ਤਬਾਦਲੇ ਨਾਲ ਖਾਲਿਸਤਾਨ ਬਣੇ ਤਾਂ ਪੰਜਾਬ ਦਾ ਰਕਬਾ ਹੋਰ ਸੁੰਘੜ ਜਾਵੇਗਾ ਅਤੇ ਪੰਜਾਬ ਦੀ ਸ਼ਾਹਰਗ ਸਮਝੇ ਜਾਂਦੇ ਪਣ-ਬਿਜਲੀ ਸੋਮੇ ਹਿੰਦੂ ਬਹੁ-ਗਿਣਤੀ ਜ਼ਿਲ੍ਹਿਆਂ ਵਿਚ ਚਲੇ ਜਾਣਗੇ। ਪਰ 3 ਸਾਲ ਬੀਤਣ ਬਾਅਦ ਵੀ ਕਦੇ ਕਿਸੇ ਖਾਲਿਸਤਾਨੀ ਲੀਡਰ ਜਾਂ ਵਿਦਵਾਨ ਨੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਹਿੰਮਤ ਨਹੀਂ ਦਿਖਾਈ। ਇਸੇ ਤਰ੍ਹਾਂ ਖਾਲਿਸਤਾਨ ਦੇ ਨਾਅਰੇ ਲਾਉਣ ਵਾਲਿਆਂ ਨੇ ਪੰਜਾਬ ਵਿਚ ਵਸਦੇ 65% ਹਿੰਦੂਆਂ ਤੇ ਦਲਿਤਾਂ ਬਾਰੇ ਕਦੇ ਨਹੀਂ ਸੋਚਿਆ ਕਿ ਉਨ੍ਹਾਂ ਨੂੰ ਵਿਸ਼ਵਾਸ ਵਿਚ ਲਏ ਬਿਨਾ ਇਹ ਮੰਗ ਕਿਵੇਂ ਪੂਰੀ ਹੋਵੇਗੀ।
ਅਜਮੇਰ ਸਿੰਘ ਵਲੋਂ ਹਰਮਿੰਦਰ ਸਿੰਘ ਸੰਧੂ ਦੇ ਕਤਲ ਨੂੰ ਜਾਇਜ਼ ਠਹਿਰਾਉਣ ਲਈ ਜੋ ਖਿਆਲੀ ਬਿਰਤਾਂਤ ਸਿਰਜਿਆ ਹੈ, ਉਸ ਦਾ ਇਨ੍ਹਾਂ ਦੇ ਆਪਣੇ ਖੇਮਿਆਂ ਵਿਚ ਵੱਡਾ ਵਿਰੋਧ ਹੋਇਆ ਹੈ। ਹਰਮਿੰਦਰ ਸਿੰਘ ਸੰਧੂ ਦੇ ਨਾਲ ਵਿਚਰਦੇ ਰਹੇ ਫੈਡਰੇਸ਼ਨ ਦੇ ਆਗੂਆਂ ਤੇਜਿੰਦਰਪਾਲ ਸਿੰਘ ਟਿੰਮਾ, ਡਾ. ਭਗਵਾਨ ਸਿੰਘ, ਪ੍ਰੋ. ਕੁਲਬੀਰ ਸਿੰਘ, ਚਿੱਤਰਕਾਰ ਭੁਪਿੰਦਰ ਸਿੰਘ ਧਨੌਲਾ ਆਦਿ ਨੇ ਇੱਕਸੁਰ ਹੋ ਕੇ ਕਿਹਾ ਹੈ ਕਿ ਹਰਮਿੰਦਰ ਸਿੰਘ ਸੰਧੂ ਦਾ ਕਤਲ ਨਿੱਜੀ ਰੰਜਿਸ਼ ਅਤੇ ਸੰਧੂ ਦੀ ਵਿਦਵਤਾ ਤੋਂ ਘਬਰਾ ਕੇ ਕੀਤਾ ਗਿਆ ਸੀ। ਇਸ ਸਬੰਧੀ ਸੰਤਾਂ ਤੇ ਬਾਬਾ ਜੁਗਿੰਦਰ ਸਿੰਘ ਦੇ ਲੰਮਾ ਸਮਾਂ ਨਜ਼ਦੀਕੀ ਰਹੇ ਅਤੇ ਬਾਅਦ ਵਿਚ ਖਾੜਕੂ ਧਿਰਾਂ ਵਲੋਂ ਨਵੰਬਰ 1989 ਦੀਆਂ ਲੋਕ ਸਭਾ ਚੋਣਾਂ ਵਿਚ ਸੰਗਰੂਰ ਤੋਂ ਐਮ.ਪੀ. ਬਣੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੀ ਯੂਟਿਊਬ ਚੈਨਲ ‘ਅਲਾਈਵ ਪੰਜਾਬ` ਅਤੇ ਜਗਜੀਤ ਸਿੰਘ ਸੰਧੂ ਨਾਲ ਇੰਟਰਵਿਊ ਵੀ ਵਿਚਾਰਨਯੋਗ ਹੈ ਜਿਸ ਵਿਚ ਉਹ ਖਾੜਕੂ ਧਿਰਾਂ ਬਾਰੇ ਅਨੇਕਾਂ ਤਰ੍ਹਾਂ ਦੇ ਅਹਿਮ ਖੁਲਾਸੇ ਕਰਦੇ ਹਨ। ਵੱਡੀ ਗੱਲ ਇਹ ਹੈ ਕਿ ਉਸ ਨੂੰ ਆਪਣੀ ਗੱਲ ਕਹਿਣ ਲਈ ਸਿੱਖ ਵਿਦਵਾਨਾਂ ਵਾਂਗੂ ਮੁਲੰਮੇ ਦੀ ਕੋਈ ਜ਼ਰੂਰਤ ਨਹੀਂ ਭਾਸਦੀ ਸਗੋਂ ਉਹ ਉਹਨੀਂ ਦਿਨੀਂ ਹੋ ਰਹੇ ਕਤਲਾਂ ਤੇ ਸ਼ਹੀਦੀਆਂ ਬਾਰੇ ਸਾਫ-ਸਾਫ ਸ਼ਬਦਾਂ ਵਿਚ ਗੱਲ ਕਰਦਾ ਹੈ ਜੋ ਉਹਨਾਂ ਸਮਿਆਂ ਵਿਚ ਪਿੰਡਾਂ ਦੀਆਂ ਸੱਥਾਂ ਵਿਚ ਆਮ ਪ੍ਰਚਲਤ ਸਨ। ਉਨ੍ਹਾਂ ਦੀ ਇੰਟਰਵਿਊ ਦੇ ਕੁਝ ਅਹਿਮ ਨੁਕਤੇ ਇਸ ਤਰ੍ਹਾਂ ਹਨ:
ਸੰਤ ਭਿੰਡਰਾਂਵਾਲਿਆਂ ਦੀ ਸੰਘਰਸ਼ ਬਾਰੇ ਕੋਈ ਯੋਜਨਾ ਨਹੀਂ ਸੀ। ਜੂਨ 84 ਵਿਚ ਬਲਿਊ ਸਟਾਰ ਮੌਕੇ ਦਰਬਾਰ ਸਾਹਿਬ ਵਿਚ ਬੈਠ ਕੇ ਲੜਾਈ ਲੜਨ ਦੀ ਕੋਈ ਤੁਕ ਨਹੀਂ ਬਣਦੀ ਸੀ। ਜਿਹੜੇ (ਅਜਮੇਰ ਸਿੰਘ ਵਰਗੇ) ਕਹਿੰਦੇ ਹਨ ਕਿ ਖਾੜਕੂ ਜੂਨ 84 ਵਿਚ ਦਰਬਾਰ ਸਾਹਿਬ ਵਿਚੋਂ ਅਗਲੀ ਲੜਾਈ ਲੜਨ ਲਈ ਬਾਹਰ ਨਿਕਲ ਗਏ ਸਨ, ਬਿਲਕੁਲ ਗਲਤ ਹੈ। ਇਹ ਲੜਾਈ ਪਹਿਲੇ ਦਿਨ ਤੋਂ ਬਿਨਾ ਸੋਚੇ-ਸਮਝੇ ਤੇ ਬਿਨਾ ਕਿਸੇ ਯੋਜਨਾ ਦੇ ਚੱਲ ਰਹੀ ਸੀ। ਉਨ੍ਹਾਂ ਅਨੁਸਾਰ 1983 ਦੇ ਅਖੀਰ ਵਿਚ ਟਕਸਾਲ ਦੇ ਸਿੰਘਾਂ ਅਤੇ ਬੱਬਰਾਂ ਵਿਚ ਟਕਰਾਅ ਇਤਨਾ ਵਧ ਗਿਆ ਸੀ ਕਿ ਸੰਤਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਜੇ ਸੰਤ ਦਸੰਬਰ 1983 ਵਿਚ ਗੁਰੂ ਨਾਨਕ ਨਿਵਾਸ ਤੋਂ ਅਕਾਲ ਤਖਤ ‘ਤੇ ਨਾ ਜਾਂਦੇ ਤਾਂ ਇਨ੍ਹਾਂ ਨੇ ਆਪਸ ਵਿਚ ਲੜ ਕੇ ਹੀ ਮਰ ਜਾਣਾ ਸੀ ਅਤੇ 84 ਵਾਲਾ ਭਾਣਾ ਵਾਪਰਨਾ ਹੀ ਨਹੀਂ ਸੀ। 1984 ਤੋਂ ਬਾਅਦ ਵੀ ਸੰਘਰਸ਼ ਸਬੰਧੀ ਕੋਈ ਯੋਜਨਾ ਨਹੀਂ ਸੀ। ਇਹ ਸਿਰਫ ਮਾਰ-ਧਾੜ ਦੀ ਲੜਾਈ ਸੀ। ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਕਰਨੀ ਹੀ ਗਲਤ ਸੀ। ਮੈਂ ਇਹ ਸਵਾਲ ਉਸ ਸਮੇਂ ਜਨਰਲ ਸ਼ੁਬੇਗ ਸਿੰਘ ਕੋਲ ਉਠਾਇਆ ਸੀ ਕਿ ਇਸ ਨਾਲ ਸਿੱਖਾਂ ਦਾ ਭਾਰੀ ਨੁਕਸਾਨ ਹੋਵੇਗਾ।
ਰਾਜਦੇਵ ਸਿੰਘ ਖਾਲਸਾ ਆਪਣੀ ਗੱਲ ਅੱਗੇ ਤੋਰਦਿਆਂ ਖਾੜਕੂ ਸੰਘਰਸ਼ ਬਾਰੇ ਆਪਣੇ ਨਿੱਜੀ ਤਜਰਬੇ ਆਧਾਰਤ ਅੰਦਰੂਨੀ ਭੇਤਾਂ ਦਾ ਨਵਾਂ ਖੁਲਾਸਾ ਕਰਦੇ ਹੋਏ ਦੱਸਦੇ ਹਨ ਕਿ ਉਸ ਸਮੇਂ ਦੇ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਨੇ ਤਾਂ ਖਾੜਕੂ ਸੰਘਰਸ਼ ਖਤਮ ਕਰਨ ਦੇ ਐਵੇਂ ਨੰਬਰ ਬਣਾ ਲਏ, ਜਦਕਿ ਕਈ ਅਹਿਮ ਖਾੜਕੂ ਤਾਂ ਆਪਸੀ ਧੜੇਬੰਦੀ ਤੇ ਆਪਣੀਆਂ ਠਾਹਰਾਂ ਦੀ ਮੁਖਬਰੀਆਂ ਨਾਲ ਮਾਰੇ ਗਏ ਸਨ, ਪੁਲਿਸ ਤਾਂ ਬਾਅਦ ਵਿਚ ਲਾਸ਼ਾਂ ਚੁੱਕ ਕੇ ਕਹਿ ਦਿੰਦੀ ਸੀ ਕਿ ਅਸੀਂ ਖਾੜਕੂ ਮੁਕਾਬਲੇ ਵਿਚ ਮਾਰੇ ਹਨ। ਉਹ ਅੱਗੇ ਇੰਕਸ਼ਾਫ ਕਰਦੇ ਹਨ ਕਿ ਇਹ ਲੜਾਈ ਸ਼ੁਰੂ ਜ਼ਰੂਰ ਪੰਜਾਬ ਦੀਆਂ ਕੁਝ ਸਾਂਝੀਆਂ ਮੰਗਾਂ ਨੂੰ ਲੈ ਕੇ ਹੋਈ ਸੀ ਪਰ ਜਲਦੀ ਹੀ ਆਪ-ਮੁਹਾਰੀ ਲੁੱਟ-ਮਾਰ ਅਤੇ ਹਿੰਸਾ ਵਿਚ ਤਬਦੀਲ ਹੋ ਗਈ ਸੀ। ਇਥੇ ਉਨ੍ਹਾਂ ਦਰਬਾਰ ਸਾਹਿਬ ਕੰਪਲੈਕਸ ਵਿਚ ਸੰਤਾਂ ਦੇ ਨਜ਼ਦੀਕੀ ਸੋਢੀ ਦੇ ਕਤਲ ਦਾ ਜ਼ਿਕਰ ਵੀ ਕੀਤਾ ਅਤੇ ਪਿਛੋਂ ਖਾੜਕੂ ਲਹਿਰ ਦੇ ਸਿਖਰ ਸਮੇਂ ਆਪਣੇ ਇਲਾਕੇ ਵਿਚ ਮਾਰੇ ਗਏ ਤਿੰਨ ਅਹਿਮ ਖਾੜਕੂ ਜਰਨੈਲਾਂ-ਡਿੰਪਲ ਸਿੰਘ ਬਰਨਾਲਾ, ਨਾਇਬ ਸਿੰਘ ਰੂੜੇਕੇ ਅਤੇ ਧਰਮ ਸਿੰਘ ਢਿੱਲਵਾਂ ਦੀਆਂ ਸ਼ਹੀਦੀਆਂ ਜਾਂ ਹਤਿਆਵਾਂ ਦਾ ਹਵਾਲਾ ਦਿੱਤਾ ਕਿ ਉਹ ਕਿਵੇਂ ਆਪਸੀ ਰੰਜਿਸ਼ਾਂ ਜਾਂ ਫਿਰੌਤੀਆਂ ਦੀ ਵੰਡ-ਵੰਡਾਈ ਵਿਚ ਮਾਰੇ ਗਏ ਸਨ। ਉਨ੍ਹਾਂ ਅਨੁਸਾਰ ਡਿੰਪਲ ਤੇ ਚਰਨ ਸਿੰਘ ਚੁੰਘ ਨੇ 1 ਕਰੋੜ ਦੀ ਫਿਰੌਤੀ ਲਈ ਸੀ। ਫਿਰੌਤੀ ਦੀ ਵੰਡ ਵਿਚ ਡਿੰਪਲ ਨੇ ਚੁੰਘ ਨੂੰ ਮਾਰ ਦਿੱਤਾ ਸੀ। ਬਾਅਦ ਵਿਚ ਚੁੰਘ ਦੇ ਬੰਦਿਆਂ ਨੇ ਡਿੰਪਲ ਨੂੰ ਮੁਖਬਰੀ ਕਰਕੇ ਮਰਵਾ ਦਿੱਤਾ ਸੀ। ਇਸੇ ਤਰ੍ਹਾਂ ਆਪਸੀ ਰੰਜਿਸ਼ ਵਿਚ ਧਰਮ ਸਿੰਘ ਢਿੱਲਵਾਂ ਨੂੰ ਨੈਬ ਸਿੰਘ ਰੂੜੇਕੇ ਨੇ ਮਾਰ ਦਿੱਤਾ ਸੀ। ਫਿਰ ਨੈਬ ਸਿੰਘ ਨੂੰ ਉਸ ਦੇ ਬੰਦਿਆਂ ਹੀ ਮਾਰ ਦਿੱਤਾ ਸੀ। ਇਸ ਤੋਂ ਅੱਗੇ ਉਹ ਸੁਖਦੇਵ ਸਿੰਘ ਬੱਬਰ ਅਤੇ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ ਹਵਾਲਾ ਦਿੰਦੇ ਹਨ ਕਿ ਸੁਖਦੇਵ ਸਿੰਘ ਬੱਬਰ ਜੋ ਨਾਭੇ ਵਾਲੀਆਂ ਬੀਬੀਆਂ ਨਾਲ ਪਟਿਆਲੇ ਅਰਬਨ ਅਸਟੇਟ ਵਿਚ ਠੇਕੇਦਾਰ ਬਣ ਕੇ ਰਹਿੰਦਾ ਸੀ, ਉਸ ਨੂੰ ਮਰਵਾਉਣ ਲਈ ਬੀਬੀਆਂ ਦੇ ਕਿਸੇ ਨੇੜਲੇ ਰਿਸ਼ਤੇਦਾਰ ਵਲੋਂ ਹੀ ਪੁਲਿਸ ਨੂੰ ਸੂਚਨਾ ਪਹੁੰਚਾਈ ਗਈ ਸੀ। ਜਿੱਥੇ ਲਹਿਰ ਦੇ ਸ਼ੁਰੂ ਵਿਚ ਲੋਕ ਖਾੜਕੂਆਂ ਨੂੰ ਆਪਣੇ ਘਰੀਂ ਠਾਹਰਾਂ ਦਿੰਦੇ ਸਨ, ਬਾਅਦ ਵਿਚ ਖਾੜਕੂਆਂ ਦੀ ਬੇਮੁਹਾਰੀ ਹਿੰਸਾ ਤੋਂ ਬਾਅਦ ਅਤੇ ਪੁਲਿਸ ਦੇ ਵਧੇ ਦਬਾਅ ਕਾਰਨ ਠਾਹਰਾਂ ਦੇਣ ਵਾਲੇ ਹੀ ਖਾੜਕੂਆਂ ਨੂੰ ਫੜਾਉਣ ਜਾਂ ਮਰਵਾਉਣ ਲੱਗੇ ਸਨ। ਬਹੁਤ ਸਾਰੇ ਖਾੜਕੂ ਵੀ ਬਲੈਕ ਕੈਟ ਬਣ ਕੇ ਇਕ ਦੂਜੇ ਨੂੰ ਫੜਾ ਜਾਂ ਮਰਵਾ ਰਹੇ ਸਨ। ਵੱਖ-ਵੱਖ ਇਲਾਕਿਆਂ ਦੇ ਲੋਕ ਉਨ੍ਹਾਂ ਸਮਿਆਂ ਬਾਰੇ ਅਨੇਕਾਂ ਕਿੱਸੇ ਸੁਣਾਉਂਦੇ ਹਨ ਕਿ ਜਿਨ੍ਹਾਂ ਘਰਾਂ ਵਿਚ ਖਾੜਕੂਆਂ ਦੀਆਂ ਠਾਹਰਾਂ ਸਨ, ਉਨ੍ਹਾਂ ਨੇ ਹੀ ਖਾੜਕੂਆਂ ਨੂੰ ਖਾਣੇ ਜਾਂ ਦੁੱਧ ਵਿਚ ਜ਼ਹਿਰ ਦੇ ਕੇ ਮਾਰ ਦਿੱਤਾ ਸੀ, ਬਾਅਦ ਵਿਚ ਪੁਲਿਸ ਨੇ ਮੁਕਾਬਲਾ ਦਿਖਾ ਦਿੱਤਾ।
ਇਸੇ ਤਰ੍ਹਾਂ ਟਾਂਡਾ ਏਰੀਏ ਦੇ ਕਈ ਲੋਕਾਂ ਅਨੁਸਾਰ ਜਨਰਲ ਲਾਭ ਸਿੰਘ ਉਰਫ ਸੁੱਖਾ ਸਿਪਾਹੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖੁੱਡੇ ਕਰਾਲੇ ਵਿਚ ਇੱਕ ਠੇਕੇਦਾਰ ਦੀ ਠਾਹਰ ‘ਤੇ ਠੇਕੇਦਾਰ ਦੀ ਪਤਨੀ ਕੋਲੋਂ ਦੁੱਧ ਵਿਚ ਨੀਂਦ ਵਾਲਾ ਪਾਊਡਰ ਜ਼ਿਆਦਾ ਪਵਾ ਕੇ ਮਰਵਾ ਦਿੱਤਾ ਸੀ ਤੇ ਬਾਅਦ ਵਿਚ ਮੁਕਾਬਲਾ ਦਿਖਾ ਦਿੱਤਾ ਸੀ। ਇਸ ਤੋਂ ਮਗਰੋਂ ਪਰਮਜੀਤ ਸਿੰਘ ਪੰਜਵੜ ਤੇ ਸਾਥੀਆਂ ਨੇ ਉਸ ਔਰਤ ਨੂੰ ਘਰ ਵਿਚ ਜਾ ਕੇ ਉਸ ਦੀ ਚੁੰਨੀ ਨਾਲ ਗਲ ਘੁੱਟ ਕੇ ਮਾਰ ਦਿੱਤਾ ਸੀ ਅਤੇ ਉਸ ਦਾ ਪਤੀ ਠੇਕੇਦਾਰ ਅਜੇ ਵੀ ਵਿਦੇਸ਼ਾਂ ਵਿਚ ਕਿਤੇ ਨਕਲੀ ਨਾਮ ਹੇਠ ਰਹਿ ਰਿਹਾ ਹੈ। ਇਸੇ ਤਰ੍ਹਾਂ ਦੇ ਮੁਕਾਬਲਿਆਂ ਬਾਰੇ ਬਹੁਤ ਸਾਰੇ ਖੁਲਾਸੇ ਸਾਬਕਾ ਪੁੁਲਿਸ ਅਧਿਕਾਰੀ ਗੁਰਮੀਤ ਪਿੰਕੀ ਨੇ ਵੀ ਆਪਣੇ ਯੂਟਿਊਬ ਚੈਨਲ ‘ਤੇ ਕੀਤੇ ਹਨ। ਗੁਰਜੰਟ ਸਿੰਘ ਬੁੱਧਸਿੰਘਵਾਲਾ ਲੁਧਿਆਣੇ ਮਾਡਲ ਟਾਊਨ ਐਕਸਟੈਂਸ਼ਨ ਵਿਚ ਕਿਸੇ ਸਾਬਕਾ ਫੌਜੀ ਦੇ ਘਰੇ ਰਹਿ ਰਿਹਾ ਸੀ, ਜਿੱਥੇ ਘਰ ਵਾਲਿਆਂ ਹੀ ਫੜਾ ਕੇ ਮਰਵਾ ਦਿੱਤਾ ਸੀ। ਇਸੇ ਤਰ੍ਹਾਂ ਦੀਪੇ ਹੇਰਾਂ ਵਾਲੇ ਨੂੰ ਉਸ ਨੂੰ ਠਾਹਰ ਦੇਣ ਵਾਲੇ ਭਾਗੇ ਸਮਗਲਰ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਤੇ ਪੁਲਿਸ ਨੇ ਮੁਕਾਬਲਾ ਦਿਖਾ ਦਿੱਤਾ ਸੀ। ਪ੍ਰਸਿੱਧ ਖਾੜਕੂ ਜਗਰੂਪ ਸਿੰਘ ਕਾਲਖ ਨੂੰ ਵੀ ਆਪਣੇ ਘਰ ਠਾਹਰ ਦੇਣ ਵਾਲੇ ਬਜ਼ੁਰਗ ਨੇ ਜ਼ਹਿਰ ਦੇ ਦਿੱਤਾ ਸੀ। ਧਰਮ ਸਿੰਘ ਕਾਸ਼ਤੀਵਾਲ ਨੂੰ ਮਾਝੇ ਦੇ ਬਦਨਾਮ ਸਮਗਲਰ ਪੰਮੇ ਮਾਦੋਕੇ ਨੇ ਜਲੰਧਰ ਆਪਣੇ ਘਰੋਂ ਰਿਕਸ਼ੇ ‘ਤੇ ਬਿਠਾ ਕੇ ਤੋਰਿਆ ਅਤੇ ਪਹਿਲਾਂ ਹੀ ਪੁਲਿਸ ਨੂੰ ਦਿੱਤੀ ਇਤਲਾਹ ‘ਤੇ ਜਲੰਧਰ ਦੇ ਡੀ.ਆਈ.ਜੀ. ਐਸ.ਐਸ. ਵਿਰਕ ਦੀ ਟੀਮ ਨੇ ਮੁਕਾਬਲੇ ਵਿਚ ਮਾਰ ਦਿੱਤਾ ਸੀ। ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਗੁਰਜੰਟ ਸਿੰਘ ਰਾਜਸਥਾਨੀ ਨੂੰ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਭਾਈ ਬੇਅੰਤ ਸਿੰਘ ਦੀ ਪਤਨੀ ਬੀਬੀ ਬਿਮਲ ਖਾਲਸਾ ਦੀ ਸੈਕਟਰੀ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਜਿਸ ਦੇ ਘਰ ਮੁਹਾਲੀ ਉਹ ਰਹਿੰਦਾ ਸੀ ਤੇ ਪੁਲਿਸ ਨੇ ਕਹਾਣੀ ਬਣਾ ਲਈ ਸੀ ਕਿ ਕਾਬੂ ਆਉਣ ਤੋਂ ਪਹਿਲਾਂ ਉਸ ਨੇ ਸਾਇਨਾਈਡ ਖਾ ਲਈ ਸੀ। ਪ੍ਰਸਿੱਧ ਖਾੜਕੂ ਮਾਨੋਚਾਹਲ ਨੂੰ ਵੀ ਠਾਹਰ ਵਾਲਿਆਂ ਹੀ ਦੁੱਧ ਵਿਚ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਤੇ ਪੁਲਿਸ ਨੇ ਮੁਕਾਬਲਾ ਦਿਖਾ ਦਿੱਤਾ ਸੀ। ਇਸ ਤਰ੍ਹਾਂ ਦੇ ਅਨੇਕਾਂ ਕੇਸ ਹਨ ਜਿਨ੍ਹਾਂ ਘਰਾਂ ਵਿਚ ਖਾੜਕੂ ਰਹਿੰਦੇ ਸਨ, ਉਨ੍ਹਾਂ ਪਰਿਵਾਰਾਂ ਨੇ ਹੀ ਖਾੜਕੂਆਂ ਅਤੇ ਪੁਲਿਸ ਤੋਂ ਦੁਖੀ ਹੋ ਕੇ ਅਜਿਹੇ ਕੰਮ ਕੀਤੇ ਸਨ। ਇਥੇ ਵਰਨਣਯੋਗ ਹੈ ਕਿ ਇੱਕ ਸਮੇਂ ਲੋਕ ਹੱਸ ਕੇ ਖਾੜਕੂਆਂ ਨੂੰ ਪਨਾਹਾਂ ਵੀ ਦਿੰਦੇ ਸਨ ਤੇ ਖਾੜਕੂ ਜੁਗਰਾਜ ਸਿੰਘ ਤੂਫਾਨ ਦੇ ਭੋਗ ‘ਤੇ ਹਜ਼ਾਰਾਂ ਲੋਕਾਂ ਦਾ ਇਕੱਠ ਵੀ ਹੁੰਦਾ ਹੈ ਪਰ ਬਾਅਦ ਵਿਚ ਠਾਹਰਾਂ ਦੇਣ ਵਾਲੇ ਲੋਕ ਹੀ ਖਾੜਕੂਆਂ ਵਿਰੁੱਧ ਹੋ ਗਏ ਸਨ ਤਾਂ ਸੈਂਕੜੇ ਵੱਡੇ-ਵੱਡੇ ਖਾੜਕੂ ਮਾਰੇ ਗਏ ਤਾਂ ਸੈਂਕੜੇ ਲੋਕ ਵੀ ਭੋਗਾਂ ‘ਤੇ ਨਹੀਂ ਗਏ।
ਰਾਜਦੇਵ ਸਿੰਘ ਖਾਲਸਾ ਆਪਣੀ ਇੰਟਰਵਿਊ ਵਿਚ ਖਾੜਕੂ ਸੰਘਰਸ਼ ਬਾਰੇ ਹੋਰ ਦੱਸਦੇ ਹਨ: ‘ਜੇ ਅਜਮੇਰ ਸਿੰਘ ਅਨੁਸਾਰ ਹਰਮਿੰਦਰ ਸਿੰਘ ਸੰਧੂ ਦਾ ਕਤਲ ਇਸ ਲਈ ਜਾਇਜ਼ ਸੀ, ਜਾਂ ਉਹ ਇਸ ਲਈ ਗੱਦਾਰ ਸੀ ਕਿ ਉਸ ਨੇ ਮੌਕੇ ਦੀ ਹਕੂਮਤ ਨਾਲ ਗੱਲਬਾਤ ਕੀਤੀ ਸੀ ਤਾਂ ਉਹ ਕਹਿੰਦੇ ਹਨ ਕਿ ਮੇਰੇ ਸਮੇਤ ਹਰ ਵੱਡੇ ਖਾੜਕੂ ਤੇ ਖਾੜਕੂ ਜਥੇਬੰਦੀਆਂ ਨਾਲ ਸਰਕਾਰ ਦੇ ਵੱਖ-ਵੱਖ ਤਰ੍ਹਾਂ ਦੇ ਅਧਿਕਾਰੀ ਜਾਂ ਮਨਿਸਟਰ ਗੱਲਬਾਤ ਕਰਦੇ ਰਹੇ ਸਨ। ਉਨ੍ਹਾਂ ਅਨੁਸਾਰ ਗੱਲਬਾਤ ਕਰਨ ਨਾਲ ਕੋਈ ਗੱਦਾਰ ਨਹੀਂ ਬਣ ਜਾਂਦਾ। ਉਹ ਕਹਿੰਦੇ ਹਨ ਕਿ ਖਾੜਕੂ ਗੁਰਬਚਨ ਸਿੰਘ ਮਾਨੋਚਾਹਲ ਦੀ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨਾਲ ਇੱਕ ਵਾਰ ਵਿਚੋਲਿਆਂ ਦੇ ਸਹਿਯੋਗ ਨਾਲ 2-3 ਘੰਟੇ ਸਿੱਧੀ ਗੱਲਬਾਤ ਹੋਈ ਸੀ ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਉਹ ਸਰਕਾਰ ਨਾਲ ਮਿਲਿਆ ਹੋਇਆ ਸੀ। ਖਾਲਸਾ ਅਨੁਸਾਰ ਖਾੜਕੂ ਲਹਿਰ ਦੌਰਾਨ ਦਮਦਮੀ ਟਕਸਾਲ, ਆਪੋ-ਧਾਪੀ ਅਤੇ ਸਾਜ਼ਿਸ਼ਾਂ ਦਾ ਅੱਡਾ ਬਣ ਚੁੱਕੀ ਸੀ। ਬੰਦੇ ਮਾਰਨੇ ਖਾੜਕੂਆਂ ਦਾ ਸ਼ੌਕ ਬਣ ਚੁੱਕਾ ਸੀ। ਉਸ ਅਨੁਸਾਰ ਅੱਜ ਦੀ ਤਾਲਿਬਾਨ ਲਹਿਰ ਉਸ ਸਮੇਂ ਦੀ ਖਾੜਕੂ ਲਹਿਰ ਨਾਲੋਂ ਕਿਤੇ ਵੱਧ ਸਿਆਣੀ ਤੇ ਵੱਧ ਅਨੁਸ਼ਾਸਨ ਵਾਲੀ ਲਹਿਰ ਹੈ। ਖਾੜਕੂ ਲਹਿਰ ਆਪੇ ਤੋਂ ਬਾਹਰ ਸੀ, ਬਿਨਾ ਕਸੂਰ ਜਾਂ ਸ਼ੱਕ ਦੇ ਆਧਾਰ ‘ਤੇ ਨਾ ਸਿਰਫ ਆਮ ਲੋਕ ਹੀ ਮਾਰੇ ਜਾ ਰਹੇ ਸਨ ਸਗੋਂ ਖਾੜਕੂ ਆਪਣੇ ਸਾਥੀਆਂ ਨੂੰ ਵੀ ਮਾਰ ਰਹੇ ਸਨ।
ਸਾਬਕਾ ਐਮ.ਪੀ. ਰਾਜਦੇਵ ਸਿੰਘ ਖਾਲਸਾ ਅਨੁਸਾਰ ਹਰਮਿੰਦਰ ਸਿੰਘ ਸੰਧੂ ਦੀ ਵਿਦਵਤਾ ਹੀ ਉਸ ਦੇ ਕਤਲ ਦਾ ਕਾਰਨ ਬਣੀ ਸੀ। ਉਨ੍ਹਾਂ ਅਨੁਸਾਰ ਸੰਧੂ ਦੀ ਜੇਲ੍ਹ ਤੋਂ ਰਿਹਾਈ ਬਾਅਦ ਰਾਜਦੇਵ ਸਿੰਘ ਹੀ ਸੰਗਰੂਰ ਤੋਂ ਅੰਮ੍ਰਿਤਸਰ ਤੱਕ ਹਜ਼ਾਰਾਂ ਲੋਕਾਂ ਦੇ ਜਲੂਸ ਵਿਚ ਸੰਧੂ ਨੂੰ ਦਰਬਾਰ ਸਾਹਿਬ ਲੈ ਕੇ ਗਿਆ ਸੀ ਜਿਸ ਤੋਂ ਉਸ ਦੀ ਲੋਕਪ੍ਰਿਯਤਾ ਦਾ ਪਤਾ ਲਗਦਾ ਹੈ। ਸਾਰੇ ਖਾੜਕੂ ਸਰਕਾਰ ਨਾਲ ਗੱਲਬਾਤ ਲਈ ਸੰਪਰਕ ਵਿਚ ਸਨ, ਸਭ ਨੂੰ ਡਰ ਸੀ ਕਿ ਕਿਤੇ ਦੂਜਾ ਗਰੁੱਪ ਜਿੱਤ ਸਿਹਰਾ ਨਾ ਬੰਨ੍ਹ ਲਵੇ। ਉਨ੍ਹਾਂ ਅਨੁਸਾਰ ਜਿਥੇ ਖਾੜਕੂਵਾਦ ਹੋ ਗਿਆ, ਉਥੇ ਗੱਲਬਾਤ ਹੋ ਹੀ ਨਹੀਂ ਸਕਦੀ। ਸੰਧੂ ਦਾ ਕਤਲ ਖਾਲਿਸਤਾਨ ਦੇ ਵਿਚਾਰ ਦਾ ਕਤਲ ਸੀ। ਉਹ ਅੱਗੇ ਦੱਸਦੇ ਹਨ ਕਿ ਉਨ੍ਹਾਂ ਨੂੰ 1988 ਵਿਚ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਤੇ ਉਸ ਦੇ ਸਾਥੀ ਜਥੇਦਾਰਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਕੋਲ ਵਿਚੋਲਗੀ ਦਾ ਮੌਕਾ ਵੀ ਮਿਲਿਆ ਸੀ ਤਾਂ ਉਨ੍ਹਾਂ ਬਾਬਾ ਠਾਕੁਰ ਸਿੰਘ ਦੀ ਲਿਖਤੀ ਆਗਿਆ ਤੋਂ ਬਗੈਰ ਇਸ ਤਰ੍ਹਾਂ ਦਾ ਕੋਈ ਪੰਗਾ ਲੈਣ ਦੀ ਨਾਂਹ ਕਰ ਦਿੱਤੀ। ਫਿਰ ਉਨ੍ਹਾਂ ਦੀ ਮੰਗ ‘ਤੇ ਟਕਸਾਲ ਦੇ ਪੰਜ ਮੋਹਤਬਰ ਸਿੰਘਾਂ ਦੀ ਹਾਜ਼ਰੀ ਵਿਚ ਬਾਬਾ ਜੀ ਦੇ ਦਸਤਖਤਾਂ ਵਾਲੀ ਚਿੱਠੀ ਲਈ ਗਈ ਜਿਸ ਵਿਚ ਉਨ੍ਹਾਂ ਜਥੇਦਾਰਾਂ ਦੀ ਰਿਹਾਈ ਲਈ ਸਹਿਮਤੀ ਦਿੱਤੀ ਸੀ। ਉਸ ਚਿੱਠੀ ਦੇ ਆਸਰੇ ਉਨ੍ਹਾਂ ਦੀ ਰਿਹਾਈ ਸੰਭਵ ਹੋਈ, ਕਿਉਂਕਿ ਉਸ ਵਕਤ ਸਰਕਾਰ ਕਿਸੇ ਵੀ ਢੰਗ ਨਾਲ ਖਾੜਕੂਆਂ ਨਾਲ ਗੱਲਬਾਤ ਰਾਹੀਂ ਕੋਈ ਰਾਹ ਲੱਭਣਾ ਚਾਹੁੰਦੀ ਸੀ ਪਰ ਪੰਜ ਸਿੰਘ ਸਾਹਿਬਾਨ ਦੀ ਰਿਹਾਈ ਤੋਂ ਪਹਿਲਾਂ ਹੀ ਟਕਸਾਲ ਦੇ ਅੰਦਰੋਂ ਹੀ ਕੁਝ ਆਪ ਹੁਦਰੇ ‘ਗੁਰਮੁਖਾਂ` ਨੇ ਅਖਬਾਰਾਂ ਵਿਚ ਬਿਆਨ ਲਗਵਾ ਦਿੱਤਾ ਕਿ ਸਾਡਾ ਰਾਜਦੇਵ ਸਿੰਘ ਨਾਲ ਕੋਈ ਸਬੰਧ ਨਹੀਂ ਪਰ ਰਾਜਦੇਵ ਸਿੰਘ ਦੇ ਦੱਸਣ ਅਨੁਸਾਰ, ਉਹ ਬਾਬਾ ਜੀ ਦੀ ਚਿੱਠੀ ਦੀ ਕਾਪੀ ਲੈ ਕੇ ‘ਪੰਜਾਬੀ ਟ੍ਰਿਬਿਊਨ’ ਵਿਚ ਆਪਣੇ ਮਿੱਤਰ ਐਡੀਟਰ ਹਰਭਜਨ ਹਲਵਾਰਵੀ ਕੋਲ ਜਾ ਪਹੁੰਚਾ ਤੇ ਉਸ ਨੇ ਇੰਨ-ਬਿੰਨ ਚਿੱਠੀ ਛਾਪ ਦਿੱਤੀ, ਫਿਰ ਉਹ ਅਖਬਾਰ ਲੈ ਕੇ ਬਾਬਾ ਜੀ ਕੋਲ ਟਕਸਾਲ ਦੇ ਹੈੱਡਕੁਆਰਟਰ ਮਹਿਤੇ ਮਿਲਣ ਗਏ ਤਾਂ ਟਕਸਾਲ ਵਿਚ ਬੈਠੀਆਂ ਫੌਜਾਂ ਨੇ ਪੱਤਰਕਾਰਾਂ ਨੂੰ ਮਿਲਣ ਨਾ ਦੇਣ ਤੋਂ ਪਤਾ ਲਗਦਾ ਹੈ ਕਿ ਉਸ ਮੌਕੇ ਟਕਸਾਲ ਦਾ ਹੈੱਡਕੁਆਰਟਰ ਕਿਸ ਕਿਸਮ ਦੀਆਂ ਸਾਜ਼ਿਸ਼ਾਂ ਦਾ ਅੱਡਾ ਬਣਿਆ ਹੋਇਆ ਸੀ। ਬਾਅਦ ਵਿਚ ਬਾਬਾ ਜੀ ਨੇ ਪੱਤਰਕਾਰਾਂ ਸਾਹਮਣੇ ਮੰਨਿਆ ਕਿ ਉਨ੍ਹਾਂ ਹੀ ਜਥੇਦਾਰਾਂ ਦੀ ਰਿਹਾਈ ਲਈ ਰਾਜਦੇਵ ਸਿੰਘ ਨੂੰ ਚਿੱਠੀ ਦਿੱਤੀ ਸੀ। ਰਾਜਦੇਵ ਸਿੰਘ ਖਾਲਸਾ ਇਸ ਇੰਟਰਵਿਊ ਵਿਚ ਭਾਰਤੀ ਖੁਫੀਆ ਏਜੰਸੀ ਆਈ.ਬੀ. ਦੇ ਸਾਬਕਾ ਜੁਆਇੰਟ ਡਾਇਰੈਕਟਰ ਐਮ.ਕੇ. ਧਰ ਦੀ ਕਿਤਾਬ ‘ਖੁੱਲ੍ਹੇ ਭੇਤ` ਦਾ ਵੀ ਹਵਾਲਾ ਦਿੰਦੇ ਹਨ। ਉਨ੍ਹਾਂ ਅਨੁਸਾਰ ਜਦੋਂ ਜਥੇਦਾਰ ਰੋਡੇ ਆਪਣੇ ਸਾਥੀ ਜਥੇਦਾਰਾਂ ਸਮੇਤ ਦਰਬਾਰ ਸਾਹਿਬ ਪਹੁੰਚੇ ਸਨ ਤਾਂ ਖਾੜਕੂ ਜਗੀਰ ਸਿੰਘ, ਨਿਰਵੈਰ ਸਿੰਘ, ਅਮਰੀਕ ਸਿੰਘ ਅਜਨਾਲਾ, ਸੁਰਜੀਤ ਸਿੰਘ ਪੈਂਟਾ ਆਦਿ ਨੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਦੀ ਆੜ ਵਿਚ ਕੀਤੇ ਜਾਣ ਵਾਲੇ ਫਾਇਰਾਂ ਵਿਚ ਸਾਰੇ ਜਥੇਦਾਰਾਂ ਨੂੰ ਕਤਲ ਕਰਨ ਦੀ ਸਕੀਮ ਬਣਾਈ ਹੋਈ ਸੀ ਜੋ ਪਹਿਲਾਂ ਪਤਾ ਲੱਗਣ ‘ਤੇ ਟਲ ਗਈ ਸੀ। ਇਸ ਤੋਂ ਸਪਸ਼ਟ ਸੀ ਕਿ ਖਾੜਕੂ ਉਸ ਵਕਤ ਕਿਸੇ ਨੂੰ ਵੀ ਸ਼ੱਕ ਦੇ ਆਧਾਰ ‘ਤੇ ਮਾਰਨ ਨੂੰ ਤਿਆਰ ਰਹਿੰਦੇ ਸਨ। ਖਾਲਸਾ ਜੀ ਇਹ ਵੀ ਦੱਸਦੇ ਹਨ ਕਿ ਸੰਧੂ ਦੇ ਭੋਗ ‘ਤੇ ਉਨ੍ਹਾਂ ਨੂੰ ਬਾਬਾ ਠਾਕੁਰ ਸਿੰਘ ਨਾਲ ਗੱਲ ਕਰਨ ਦੇ ਬਹਾਨੇ ਬੁਲਾ ਕੇ ਲੈ ਗਏ ਖਾੜਕੂ ਮਾਰਨ ਲੱਗੇ ਸਨ, ਜਦੋਂ ਉਹ ਬਾਬਾ ਠਾਕੁਰ ਸਿੰਘ ਅੱਗੇ ਸਤਿਕਾਰ ਵਜੋਂ ਝੁਕਣ ਲੱਗੇ ਸਨ ਤਾਂ ਮੌਕੇ ‘ਤੇ ਉਨ੍ਹਾਂ ਦੇ ਅੰਗ ਰੱਖਿਅਕਾਂ ਨੇ ਉਨ੍ਹਾਂ ਨੂੰ ਬਚਾ ਲਿਆ ਸੀ। ਜੇ ਉਹ ਮੇਰੇ ਵਰਗੇ ਸੰਤ ਜੀ ਦੇ ਸਾਥੀ ਅਤੇ ਖਾੜਕੂਆਂ ਦੇ ਸਮਰਥਕ ਤੇ ਲੱਖਾਂ ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦੇ ਦਾ ਬਿਨਾ ਕਿਸੇ ਕਾਰਨ ਕਤਲ ਕਰਨ ਲਈ ਤਿਆਰ ਸਨ ਤਾਂ ਉਹ ਕੁਝ ਵੀ ਕਰ ਸਕਦੇ ਸਨ। ਉਨ੍ਹਾਂ ਅਨੁਸਾਰ ਖਾੜਕੂਆਂ ਵਲੋਂ 1989 ਦੀਆਂ ਚੋਣਾਂ ਵਿਚ ਜਿੱਤੇ ਐਮ.ਪੀ. ਜਥੇਦਾਰ ਜਗਦੇਵ ਸਿੰਘ ਖੁਡੀਆ ਅਤੇ ਕਈ ਫੈਡਰੇਸ਼ਨ ਆਗੂਆਂ ਦੇ ਕਤਲ ਵੀ ਇਵੇਂ ਹੀ ਹੋਏ ਸਨ।`
ਪਿਛਲੇ ਸਮੇਂ ਵਿਚ ਖਾੜਕੂ ਸੰਘਰਸ਼ ਨਾਲ ਜੁੜੇ ਰਹੇ ਅਨੇਕਾਂ ਸਾਬਕਾ ਖਾੜਕੂ, ਸੰਘਰਸ਼ ਬਾਰੇ ਬੇਬਾਕ ਖੁਲਾਸੇ ਕਰ ਰਹੇ ਹਨ। ਜਦੋਂ ਸੰਤ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਤੇ ਖਾੜਕੂ ਸੰਘਰਸ਼ ਦੇ ਸਿਧਾਂਤਕ ਹਮਾਇਤੀ ਰਹੇ ਮਰਹੂਮ ਦਲਬੀਰ ਸਿੰਘ, ਕਰਮਜੀਤ ਸਿੰਘ, ਸੁਖਦੇਵ ਸਿੰਘ ਆਦਿ ਵਰਗੇ ਟ੍ਰਿਬਿਊਨ ਅਦਾਰੇ ਦੇ ਸੀਨੀਅਰ ਪੱਤਰਕਾਰ ਅਤੇ ਅਜਮੇਰ ਸਿੰਘ ਤੇ ਉਨ੍ਹਾਂ ਵਰਗੇ ਹੋਰ ਨਵੇਂ ਉਠੇ ਵਿਆਖਿਆਕਾਰ ਖਾੜਕੂ ਸੰਘਰਸ਼ ਬਾਰੇ ਜੋ ਆਭਾ-ਮੰਡਲ ਸਿਰਜਦੇ ਹਨ, ਉਸ ਬਾਰੇ ਰਾਜਦੇਵ ਸਿੰਘ ਜਾਂ ਹਰਦੀਪ ਸਿੰਘ ਡਿਬਡਿਬਾ ਵਰਗਿਆਂ ਵਲੋਂ ਕੀਤੇ ਜਾ ਰਹੇ ਪ੍ਰਗਟਾਵੇ, ਉਨ੍ਹਾਂ ਵਲੋਂ ਸਿਰਜੇ ਜਾ ਰਹੇ ਬਿਰਤਾਂਤਾਂ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਖੜ੍ਹਾ ਕਰਦੇ ਹਨ। ਗੁਰਤੇਜ ਸਿੰਘ ਵਲੋਂ ਅਜਮੇਰ ਸਿੰਘ ਨੂੰ ਕੀਤੇ ਸਵਾਲਾਂ ਤੋਂ ਬਾਅਦ ਡਾ. ਗੁਰਦਰਸ਼ਨ ਸਿੰਘ ਢਿੱਲੋਂ ਵਲੋਂ ਜਿਸ ਤਰ੍ਹਾਂ ਦੇ ਨਿੱਜੀ ਇਲਜ਼ਾਮ ਗੁਰਤੇਜ ਸਿੰਘ ‘ਤੇ ਲਗਾਏ ਹਨ, ਉਸ ਤੋਂ ਇਨ੍ਹਾਂ ਵਿਦਵਾਨਾਂ ਦੀ ਸਮਝ ਦਾ ਮਿਆਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਰਹਿੰਦੀ। ਅਸੀਂ ਚਾਹੁੰਦੇ ਹਾਂ ਕਿ ਜੇ ਇਹ ਲੋਕ ਪੰਜਾਬ ਅਤੇ ਸਿੱਖਾਂ ਦਾ ਭਲਾ ਚਾਹੁੰਦੇ ਹਨ ਤਾਂ ਇਮਾਨਦਾਰੀ ਨਾਲ਼ ਆਪਣੀ ਲਹਿਰ ਦਾ ਵਿਸ਼ਲੇਸ਼ਣ ਕਰਨ। ਜਿਸ ਖਾਲਿਸਤਾਨ ਦੇ ਸੰਕਲਪ ਨੂੰ ਲੈ ਕੇ ਪਿਛਲੇ ਸਮੇਂ ਵਿਚ ਹਜ਼ਾਰਾਂ ਲੋਕ (ਇਨ੍ਹਾਂ ਅਨੁਸਾਰ ਲੱਖਾਂ) ਦੋਨਾਂ ਪਾਸਿਆਂ ਤੋਂ ਮਰੇ ਹਨ, ਉਸ ਖਾਲਿਸਤਾਨ ਬਾਰੇ ਲੋਕਾਂ ਨੂੰ ਕੁਝ ਤਾਂ ਸਪਸ਼ਟ ਕਰਨ ਕਿ ਇਨ੍ਹਾਂ ਦਾ ਖਾਲਿਸਤਾਨ ਕਿਹੋ ਜਿਹਾ ਹੋਵੇਗਾ। ਆਧੁਨਿਕ ਸੰਸਾਰ ਸਿਆਸਤ ਅਨੁਸਾਰ, ਇਨ੍ਹਾਂ ਕੋਲ ਕਿਸ ਤਰ੍ਹਾਂ ਦਾ ਆਰਥਕ ਮਾਡਲ ਹੋਵੇਗਾ? ਕੀ ਇਸ ਨਵੇਂ ਦੇਸ਼ ਵਿਚ ਰਾਜਨੀਤੀ ਦਾ ਲੋਕਤੰਤਰੀ, ਧਰਮ ਆਧਾਰਿਤ ਡਿਕਟੇਟਰਸ਼ਿਪ ਜਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਜਵਾੜਾਸ਼ਾਹੀ ਰਾਜ ਹੋਵੇਗਾ? ਸਿੱਖਾਂ ਤੋਂ ਇਲਾਵਾ ਪੰਜਾਬ ਵਿਚ ਦੋ ਮੁੱਖ ਫਿਰਕਿਆਂ ਹਿੰਦੂਆਂ ਤੇ ਦਲਿਤਾਂ (ਜਿਨ੍ਹਾਂ ਦੀ ਗਿਣਤੀ 65% ਹੈ) ਦੇ ਨਾਲ-ਨਾਲ ਸਿੱਖਾਂ ਵਿਚਲੇ ਨਾਮਧਾਰੀਆਂ, ਰਾਧਾ ਸਵਾਮੀਆਂ, ਨਿਰੰਕਾਰੀਆਂ, ਕਾਮਰੇਡਾਂ ਆਦਿ ਅਨੇਕਾਂ ਘੱਟ-ਗਿਣਤੀ ਫਿਰਕਿਆਂ ਦਾ ਇਸ ਕਲਪੇ ਜਾਂਦੇ ਖਾਲਿਸਤਾਨ ਵਿਚ ਕੀ ਭਵਿੱਖ ਹੋਵੇਗਾ? ਜੇ ਸਿੱਖਾਂ ਤੋਂ ਇਲਾਵਾ ਪੰਜਾਬ ਵਿਚ ਵਸਦੇ ਬਾਕੀ ਸਾਰੇ ਫਿਰਕਿਆਂ ਨੂੰ ਇਹ ਆਪਣੇ ਵਿਰੋਧੀ ਸਮਝਦੇ ਹਨ ਤਾਂ ਉਹ ਕਿੱਥੇ ਜਾਣਗੇ? ਜੇ ਭਾਰਤ ਤੇ ਖਾਲਿਸਤਾਨ ਦੀ ਵੰਡ ਭਾਰਤ-ਪਕਿਸਤਾਨ ਵੰਡ ਵਾਂਗ ਵਸੋਂ ਦੇ ਤਬਾਦਲੇ ਆਧਾਰਿਤ ਹੋਵੇ ਤਾਂ ਭਾਰਤ ਵਿਚ ਪੰਜਾਬ ਤੋਂ ਬਾਹਰ ਵੱਸਦੇ 60 ਲੱਖ ਸਿੱਖਾਂ ਬਾਰੇ ਇਨ੍ਹਾਂ ਦੀ ਕੀ ਯੋਜਨਾ ਹੈ? 1947 ਦੀ ਵੰਡ ਵੇਲੇ ਪਾਕਿਸਤਾਨ ਵਿਚ ਰਹਿ ਗਏ ਕੁਝ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ 74 ਸਾਲ ਤੋਂ ਅਰਦਾਸ ਕਰਨ ਵਾਲੇ ਖਾਲਸੇ ਕੋਲ ਖਾਲਿਸਤਾਨ ਬਣਨ ਤੋਂ ਬਾਅਦ ਬਾਕੀ ਭਾਰਤ ਵਿਚ ਰਹਿ ਜਾਣ ਵਾਲੇ ਦੋ ਤਖਤਾਂ ਸਮੇਤ ਹਜ਼ਾਰਾਂ ਗੁਰਦੁਆਰਿਆਂ ਲਈ ਕੀ ਯੋਜਨਾ ਹੈ? ਪ੍ਰੀਤਮ ਸਿੰਘ ਕੁਮੇਦਾਨ ਦੇ ਸਵਾਲ ਕਿ ਪੰਜਾਬ ਵਿਚਲੇ ਪਣ-ਬਿਜਲੀ ਵਾਟਰ ਵਰਕਸ ਬਹੁ-ਗਿਣਤੀ ਹਿੰਦੂ ਜ਼ਿਲ੍ਹਿਆਂ (ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਪਠਾਨਕੋਟ, ਫਾਜ਼ਿਲਕਾ, ਆਨੰਦਪੁਰ ਸਾਹਿਬ, ਨੰਗਲ ਆਦਿ) ਕੋਲ ਚਲੇ ਜਾਣ ਦੀ ਸੂਰਤ ਵਿਚ ਪੰਜਾਬ ਦੇ ਪੱਲੇ ਕੀ ਰਹੇਗਾ, ਇਸ ਬਾਰੇ ਕਦੇ ਉਨ੍ਹਾਂ ਸੋਚਿਆ ਹੈ? ਕੀ ਖਾਲਿਸਤਾਨ ਵੀ ਸ਼ਰੀਅਤ ਆਧਾਰਿਤ ਮੁਸਲਮਾਨ ਦੇਸ਼ਾਂ ਵਾਂਗ ਧਰਮ ਆਧਾਰਿਤ ਸਟੇਟ ਹੋਵੇਗੀ ਜਿਥੇ ਹਰ ਇੱਕ ਨੂੰ ‘ਸਿੱਖ ਰਹਿਤ ਮਰਿਯਾਦਾ` (ਵੈਸੇ ਮਰਿਯਾਦਾਵਾਂ ਵੀ ਕਈ ਹਨ) ਦਾ ਪਾਲਣ ਕਰਨਾ ਪਵੇਗਾ? ਫਿਰ 90% ਮੋਨੇ ਤੇ ਗੈਰ-ਅੰਮ੍ਰਿਤਧਾਰੀ ਵਿਅਕਤੀ ਖਾਲਿਸਤਾਨ ਵਿਚ ਸਿੱਖ ਹੋਣਗੇ ਜਾਂ ਗੈਰ-ਸਿੱਖ? ਅਜਿਹੇ ਅਨੇਕਾਂ ਸਵਾਲ ਹਨ ਜਿਸ ਦਾ ਕਿਸੇ ਧਿਰ ਵਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ, ਸਿਰਫ ਨਾਅਰਿਆਂ ਦੀ ਜਜ਼ਬਾਤੀ ਸਿਆਸਤ ਹੀ ਭਾਰੂ ਹੈ।
ਅਜਮੇਰ ਸਿੰਘ ਆਪਣੇ ਯੂਟਿਊਬ ਚੈਨਲ ‘ਸਿੱਖ ਵਿਊ ਪੁਆਇੰਟ` ਤੇ ਆਪਣੀਆਂ ਤਾਜ਼ਾ ਮੁਲਾਕਾਤਾਂ ਵਿਚ ਸਿੱਖ ਖਾੜਕੂ ਸੰਘਰਸ਼ ਬਾਰੇ ਅਨੇਕਾਂ ਬਿਰਤਾਂਤ ਸਿਰਜਦਾ ਹੈ ਪਰ ਉਹ ਅਕਸਰ ਇਸ ਸੰਘਰਸ਼ ਨੂੰ ਉਥੇ ਦੀਆਂ ਜ਼ਮੀਨੀ ਹਕੀਕਤਾਂ ਅਤੇ ਆਧੁਨਿਕ ਸੰਸਾਰ ਦੀਆਂ ਚੁਣੌਤੀਆਂ ਦੇ ਪ੍ਰਸੰਗ ਵਿਚ ਵਿਚਾਰਨ ਦੀ ਥਾਂ ਰੂਹਾਨੀਅਤ ਦੇ ਭਾਰੀ-ਭਰਕਮ ਤੇ ਭੁਲੇਖਾ ਪਾਊ ਸੰਕਲਪਾਂ ਵਿਚ ਉਲਝਾ ਦਿੰਦਾ ਹੈ। ਆਪਣੀ ਤਾਜ਼ਾ ਇੰਟਰਵਿਊ ‘ਦੇਸ਼ ਭਗਤੀ ਤੇ ਰਾਸ਼ਟਰਵਾਦ` ਵਿਚ ਉਹ ਪੱਛਮ ਦੇ ਪੂੰਜੀਵਾਦ ਤੇ ਨੈਸ਼ਨਲਿਜ਼ਮ ਦੇ ਮਾਡਲਾਂ ਦੀ ਵਿਆਖਿਆ ਕਰਦਾ, ਜਿਥੇ ਉਸ ਨੂੰ ਮਨੁੱਖਤਾ ਵਿਰੋਧੀ ਕਹਿ ਕੇ ਨਕਾਰਦਾ ਹੈ, ਉਥੇ ਹਿੰਦੂ ਰਾਸ਼ਟਰਵਾਦ ਨੂੰ ਦੁਨੀਆ ਦਾ ਸਭ ਤੋਂ ਨਖਿਧ ਵਰਤਾਰਾ ਦੱਸਦਾ ਹੈ; ਦੂਜੇ ਪਾਸੇ ਉਸੇ ਤਰਜ਼ ਦੇ ‘ਸਿੱਖ ਰਾਸ਼ਟਰਵਾਦ` ਦੀ ਵਕਾਲਤ ਕਰਦਾ ਹੈ, ਭਾਵੇਂ ਉਸ ਕੋਲ ਸਿੱਖ ਰਾਸ਼ਟਰਵਾਦ ਦੀ ਵੀ ਕੋਈ ਗੁਰਬਾਣੀ ਆਧਾਰਿਤ ਪਰਿਭਾਸ਼ਾ ਨਹੀਂ ਹੈ? ਇਸੇ ਤਰ੍ਹਾਂ ਆਪਣੇ ‘ਸ਼ਹੀਦ ਦੀ ਪਰਿਭਾਸ਼ਾ` ਲੈਕਚਰ ਵਿਚ ਉਹ ਦੁਨੀਆ ਭਰ ਵਿਚ ਆਪਣੀਆਂ ਰਾਜਸੀ ਇਛਾਵਾਂ ਦੀ ਪੂਰਤੀ, ਆਪਣੇ ਰਾਸ਼ਟਰਾਂ ਲਈ ਲੜ ਕੇ ਮਰਨ ਵਾਲੇ ਯੋਧਿਆਂ ਨੂੰ ‘ਸ਼ਹੀਦ` ਮੰਨਣ ਲਈ ਤਿਆਰ ਨਹੀਂ, ਸਿਰਫ ਧਰਮ ਲਈ ਮਰਨ ਵਾਲਿਆਂ ਨੂੰ ਹੀ ਸ਼ਹੀਦ ਮੰਨਦਾ ਹੈ ਪਰ ਉਸੇ ਵਕਤ ਭਾਰਤ ਦੇ ਭੂਗੋਲਿਕ ਨਕਸ਼ੇ ਵਿਚ ਇੱਕ ਛੋਟੀ ਜਿਹੀ ਸਟੇਟ ‘ਪੰਜਾਬ` ‘ਤੇ ਸਿਆਸੀ ਕਬਜ਼ਾ ਕਰਨ (ਆਪਣਾ ਸਿੱਖ ਰਾਜ ਬਣਾਉਣ) ਲਈ ਮਰਨ ਵਾਲ਼ਿਆਂ ਨੂੰ ਰੂਹਾਨੀਅਤ ਵਿਚ ਲਬਰੇਜ਼ ਕਿਸੇ ਇਲਾਹੀ ਜੋਤ ਨਾਲ ਇੱਕ-ਮਿੱਕ ਹੋ ਕੇ ਲੜਨ ਵਾਲੇ ‘ਸ਼ਹੀਦ` ਕਹਿ ਕੇ ਵਡਿਆਉਂਦਾ ਹੈ। ਕਿਨ੍ਹਾਂ ਲੋਕਾਂ ਲਈ ਕੌਣ ਸ਼ਹੀਦ ਹਨ ਜਾਂ ਕੌਣ ਨਹੀਂ ਹਨ, ਇਸ ਦਾ ਫੈਸਲਾ ਉਨ੍ਹਾਂ ਲੋਕਾਂ ਨੇ ਆਪ ਕਰਨਾ ਹੁੰਦਾ ਹੈ ਨਾ ਕਿ ਕਿਸੇ ਵਿਦਵਾਨ ਦੀ ਪਰਿਭਾਸ਼ਾ ਵਿਚ ਫਿੱਟ ਆਉਣ ਵਾਲਾ ਹੀ ‘ਸ਼ਹੀਦ` ਹੋ ਸਕਦਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜੇ ਵੱਧ ‘ਸ਼ਹੀਦ` ਕਰਾਉਣ ਨਾਲ ਕੁਝ ਪ੍ਰਾਪਤ ਹੁੰਦਾ ਤਾਂ ਨੌਜਵਾਨਾਂ ਨੂੰ ‘ਸ਼ਹੀਦੀ ਸਬਕ` ਪੜ੍ਹਾਉਣ ਤੋਂ ਪਹਿਲਾਂ ਕਸ਼ਮੀਰ, ਨਾਗਾਲੈਂਡ, ਸ੍ਰੀ ਲੰਕਾ, ਸੀਰੀਆ, ਇਰਾਨ-ਇਰਾਕ ਜੰਗ, ਰਵਾਂਡਾ, ਨਾਈਜ਼ੀਰੀਆ, ਚੇਚਨੀਆ, ਅਫਗਾਨਿਸਤਾਨ, ਸਵਾਤ ਘਾਟੀ ਆਦਿ ਵਿਚ ਮਰੇ ਹਜ਼ਾਰਾਂ ਤੇ ਬੇਘਰ ਹੋਏ ਲੱਖਾਂ ਲੋਕਾਂ ਬਾਰੇ ਪੜ੍ਹ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਲੱਖਾਂ ਲੋਕ ਮਰਵਾ ਕੇ ਕੀ ਮਿਲਿਆ? ਸੀਰੀਆ ਵਿਚ ਇੱਕ ਕਰੋੜ ਤੋਂ ਵੀ ਵੱਧ ਲੋਕ ਬੇਘਰ ਹਨ ਅਤੇ 15-20 ਲੱਖ ਲੋਕ ਕੱਟੜਪੰਥੀ ਧਾਰਮਿਕ ਤੰਗ ਨਜ਼ਰੀਏ ਵਾਲੀ ਸੋਚ ਕਾਰਨ ਮਾਰੇ ਜਾ ਚੁੱਕੇ ਹਨ। ਜਦੋਂ ਸਵਾਤ ਘਾਟੀ (ਪਾਕਿਸਤਾਨ) ਵਿਚ ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ` ਦੇ ਬੈਤੁੱਲਾ ਮਹਿਸੂਦ ਉਰਫ ਰੇਡੀਓ ਮੁੱਲ੍ਹਾ ਨੇ 27 ਦਸੰਬਰ, 2007 ਨੂੰ ਬੇਨਜ਼ੀਰ ਭੁੱਟੋ ਦੀ ਹੱਤਿਆ ਤੋਂ ਤੁਰੰਤ ਬਾਅਦ ਹੈਦਰੀ ਝੰਡਾ ਝੁਲਾ ਦਿੱਤਾ ਸੀ ਅਤੇ ਅਗਲੇ ਤਿੰਨ-ਚਾਰ ਸਾਲ ਪੂਰੇ ਪਾਕਿਸਤਾਨ ਵਿਚ ਕਤਲੋਗਾਰਤ ਮਚਾਈ ਰੱਖੀ ਸੀ ਤੇ ਲਾਹੌਰ ਵਿਚਲਾ ਆਈ.ਐਸ.ਆਈ. ਦਾ ਹੈੱਡਕੁਆਰਟਰ ਉਡਾ ਦਿੱਤਾ ਸੀ, ਉਸ ਵਕਤ ਪਾਕਿਸਤਾਨੀ ਫੌਜ ਤੇ ਟੀ.ਟੀ.ਪੀ. ਦੀ ਲੜਾਈ ਵਿਚ 60 ਹਜ਼ਾਰ ਤੋਂ ਵੱਧ ਬੰਦੇ ਮਰੇ ਸਨ ਅਤੇ ਲੱਖਾਂ ਲੋਕ ਅਜੇ ਤੱਕ ਬੇਘਰ ਹਨ। ਇਥੇ ‘ਸਿੱਖ ਰਾਜ` ਦੇ ਸਿਧਾਂਤਕ ਵਿਆਖਿਆਕਾਰ ਸਿਰਦਾਰ ਕਪੂਰ ਸਿੰਘ ਦੀਆਂ ਇਹ ਲਾਈਨਾਂ ਵੀ ਪੜ੍ਹ ਲੈਣੀਆਂ ਵਾਜਿਬ ਹੋਣਗੀਆਂ ਜਿਸ ਵਿਚ ਉਹ ਕਹਿੰਦੇ ਹਨ: “ਹੁਣ ਸਿਰ ਦੇਣ ਦਾ ਨਹੀਂ, ਸਿਰ ਵਰਤਣ ਦਾ ਸਮਾਂ ਹੈ। ਜੇ ਸਿਰ ਦੇਣ ਨਾਲ ਦੇਸ਼ ਬਣਦੇ ਹੁੰਦੇ ਤਾਂ ਰੋਜ਼ਾਨਾ ਲੱਖਾਂ ਬੱਕਰੇ ਬਲੀ ਦਿੰਦੇ ਹਨ, ਫਿਰ ਤਾਂ ਕਈ ‘ਬਕਰਸਤਾਨ` ਬਣ ਚੁੱਕੇ ਹੁੰਦੇ?”
ਇਸੇ ਤਰ੍ਹਾਂ ਦੇ ਅੰਤਰ-ਵਿਰੋਧ ਅਜਮੇਰ ਸਿੰਘ ਦੀਆਂ ਕਿਤਾਬਾਂ ਵਿਚ ਵੀ ਬਹੁਤ ਮਿਲਦੇ ਹਨ। ਜਿਸ ਤਰ੍ਹਾਂ ਉਹ ਆਪਣੀ ਕਿਤਾਬ ‘ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ` ਦੇ ਚੈਪਟਰ 7 ‘ਗਿਆਨ ਦੇ ਮਾਰਗ ਦਾ ਸੱਚ ਕੀ ਹੈ` ਦੇ ਪੰਨਾ 237 ਤੇ ਲਿਖਦਾ ਹੈ: “ਉਦਾਰਵਾਦੀ ਫਲਸਫਾ, ਕਮਿਊਨਿਸਟ ਫਲਸਫਾ, ਨਾਜ਼ੀਵਾਦ, ਫਾਸ਼ੀਵਾਦ, ਈਸਾਈਅਤ, ਇਸਲਾਮ, ਬ੍ਰਾਹਮਣਵਾਦ- ਇਨ੍ਹਾਂ ਸਾਰਿਆਂ ਦੀ ਇੱਕ ਗੱਲ ਸਾਂਝੀ ਹੈ। ਇਹ ਸਾਰੇ ਹੀ ਮੂਲ ਖਾਸੇ ਪੱਖੋਂ ਇਕਤਾਵਾਦੀ (ਇੱਕ ਸ਼ਕਤੀ ਨੂੰ ਮੰਨਣ ਵਾਲੇ), ਸ੍ਰਿਸ਼ਟੀ ਦੇ ਨਿਯਮਾਂ ਦੇ ਵਿਰੋਧੀ ਹਨ। ਇਨ੍ਹਾਂ ਦੇ ਪੈਰੋਕਾਰਾਂ ਦੇ ਮਨਾਂ ਅੰਦਰ ਵੰਨ-ਸਵੰਨਤਾ ਦੀ ਕਦਰ ਪੈਦਾ ਨਹੀਂ ਹੋ ਸਕਦੀ। ਇਸ ਕਰਕੇ ਇਹ ਇਸ ਮਸਲੇ ਪ੍ਰਤੀ ਖਰੇ ਰੂਪ ਵਿਚ ਸੰਵੇਦਨਸ਼ੀਲ ਨਹੀਂ ਹੋ ਸਕਦੇ। ਖਰੀ ਸੰਵੇਦਨਸ਼ੀਲਤਾ ਦਾ ਆਧਾਰ ਨੈਤਿਕਤਾ ਹੀ ਹੋ ਸਕਦੀ ਹੈ, ਸੋ ਇਹ ਕੋਈ ‘ਖੂਨ ਦਾ ਨੁਕਸ` ਨਹੀਂ, ਸਿਧਾਂਤਕ ਅਕੀਦਿਆਂ ਤੇ ਆਦਰਸ਼ਾਂ ਦੇ ਖੋਟ ਦਾ ਮਾਮਲਾ ਹੈ।” ਇਥੇ ਅਜਮੇਰ ਸਿੰਘ ਸਿੱਖ ਫਲਸਫੇ ਦੀ ਉਚਤਾ ਦਰਸਾਉਣ ਲਈ ਦੁਨੀਆ ਭਰ ਦੇ ਸਾਰੇ ਫਲਸਫਿਆਂ ਨੂੰ ਰੱਦ ਕਰਦੇ ਹਨ ਪਰ ਪੱਛਮੀ ਫਲਸਫੇ ਨੂੰ ਰੱਦ ਕਰਨ ਲਈ ਇਸੇ ਕਿਤਾਬ ਦੇ ਪੰਨਾ 229 ‘ਤੇ ਅਜਮੇਰ ਸਿੰਘ ਨੇ ਅਕਬਰ ਅਹਿਮਦ ਦੀ ਕਿਤਾਬ ‘ਪੋਸਟ ਮੌਡਰਨਿਜ਼ਮ ਅਤੇ ਇਸਲਾਮ` ਦੇ ਪੰਨਾ 109 ਦਾ ਹਵਾਲਾ ਦਿੱਤਾ ਹੈ: ‘ਇਹ ਸਭਿਅਤਾ (ਪੱਛਮੀ) ਕਿਸੇ ਨੈਤਿਕ ਫਲਸਫੇ ਜਾਂ ਅਸੂਲਾਂ ਦੇ ਸੰਗ੍ਰਹਿ ਆਸਰੇ ਨਹੀਂ ਚੱਲਦੀ। ਇਸਦੀ ਗਤੀਸ਼ੀਲ ਊਰਜਾ ਦਾ ਸੋਮਾ ਵਿਅਕਤੀਵਾਦ ਹੈ।` ਪਰ ਇਸੇ ਕਿਤਾਬ ਅਨੁਸਾਰ ਜਿਸ ਇਸਲਾਮਿਕ ਫਲਸਫੇ ਨੂੰ ਅਜਮੇਰ ਸਿੰਘ ਪੰਨਾ 237 ‘ਤੇ ਸ੍ਰਿਸ਼ਟੀ ਵਿਰੋਧੀ, ਕੁਦਰਤ ਦੀ ਵੰਨ-ਸਵੰਨਤਾ ਦਾ ਵਿਰੋਧੀ, ਜਿਸ ਦੇ ਸਿਧਾਂਤਕ ਅਕੀਦਿਆਂ ਤੇ ਆਦਰਸ਼ਾਂ ਵਿਚ ਖੋਟ ਦੱਸਦਾ ਹੈ, ਉਸੇ ਕਿਤਾਬ ਵਿਚ ਲੇਖਕ ਅਕਬਰ ਅਹਿਮਦ ਲਿਖਦਾ ਹੈ: ‘ਕੁਰਾਨ ਕੋਲ ਹੀ ਯੂਨੀਵਰਸਲ ਵਿਜ਼ਨ ਹੈ, ਕੁਰਾਨ ਸਿਰਫ ਸਾਡੇ ਯੂਨੀਵਰਸ ਬਾਰੇ ਹੀ ਲਗਾਤਾਰ ਗੱਲ ਨਹੀਂ ਕਰਦੀ ਸਗੋਂ ਹੋਰ ਯੂਨੀਵਰਸਾਂ (ਜਿਸ ਬਾਰੇ ਸਾਇੰਸ ਨੂੰ ਅਜੇ ਪਤਾ ਨਹੀਂ) ਬਾਰੇ ਵੀ ਦੱਸਦੀ ਹੈ। ਲੇਖਕ ਅਨੁਸਾਰ ਬਾਕੀਆਂ ਕੋਲ ਤਾਂ ਗਲੋਬਲ ਵਿਊ ਹੈ ਪਰ ਮੁਸਲਮਾਨਾਂ ਕੋਲ ਕੁਰਾਨਿਕ ਯੂਨੀਵਰਸਲ ਵਿਊ ਹੈ। ਪੂਰਬ ਤੇ ਪੱਛਮ ਦੀਆਂ ਦੂਰੀਆਂ ਨੂੰ ਮਿਟਾਉਣ ਲਈ ਕੁਰਾਨਿਕ ਵਿਜ਼ਨ ਹੀ ਕੰਮ ਆ ਸਕਦਾ ਹੈ ਕਿਉਂਕਿ ਇਸ ਕੋਲ ਵੰਨ-ਸਵੰਨਤਾ ਵਾਲਾ ਯੂਨੀਵਰਸਲ ਵਿਜ਼ਨ ਹੈ।` ਸਪੱਸ਼ਟ ਹੈ ਕਿ ਹਰ ਕੋਈ ਆਪਣੇ ਫਲਸਫੇ ਨੂੰ ਹੀ ਮਹਾਨ ਦੱਸਦਾ ਹੈ ਤੇ ਬਾਕੀਆਂ ਨੂੰ ਨਖਿਧ, ਪਰ ਸਵਾਲ ਤਾਂ ਇਹ ਹੈ ਕਿ ਕਿਤਾਬਾਂ ਵਿਚ ਤਾਂ ਸਾਰੇ ਫਲਸਫੇ ਬੜੀਆਂ ਖੂਬਸੂਰਤ ਗੱਲਾਂ ਕਰਦੇ ਹਨ ਤੇ ਬੜੇ ਲੁਭਾਵਣੇ ਸਬਜ਼ਬਾਗ ਵੀ ਦਿਖਾਉਂਦੇ ਹਨ, ਅਸਲ ਗੱਲ ਤਾਂ ਇਹ ਹੈ ਕਿ ਜਦੋਂ ਉਸ ਨੂੰ ਸਮਾਜ ‘ਤੇ ਲਾਗੂ ਕਰਨਾ ਹੁੰਦਾ ਹੈ ਤਾਂ ਉਹ ਕਿੱਥੇ ਖੜ੍ਹਦਾ ਹੈ ਜਾਂ ਉਸ ਨੂੰ ਮੰਨਣ ਵਾਲੇ ਕਿੱਥੇ ਖੜ੍ਹਦੇ ਹਨ? ਜਿਸ ਤਰ੍ਹਾਂ ਅਜਮੇਰ ਸਿੰਘ ਇਸੇ ਕਿਤਾਬ ਦੇ ਪੰਨਾ 235 ‘ਤੇ ਸਿੱਖ ਧਰਮ ਦੀ ਸਰਬਉਚਤਾ ਦਾ ਦਾਅਵਾ ਕਰਦੇ ਫਰਮਾਉਂਦੇ ਹਨ: ‘ਸਿੱਖ ਧਰਮ ਦੇ ਸੰਬੰਧ ਵਿਚ ਪੂਰੇ ਮਾਣ ਨਾਲ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਸਿੱਖ ਧਰਮ ਦੇ ਪੰਜ ਸਦੀਆਂ ਦੇ ਫੈਲੇ ਸਮੁੱਚੇ ਇਤਿਹਾਸ ਵਿਚੋਂ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਿੱਥੇ ਸਿੱਖ ਸਮੂਹਿਕ ਰੂਪ ਵਿਚ ਅੰਨ੍ਹੀ ਹਿੰਸਾ ਉਤੇ ਉਤਾਰੂ ਹੋ ਗਏ ਹੋਣ ਅਤੇ ਉਨ੍ਹਾਂ ਉਕਾ ਹੀ ਨਿਰਦੋਸ਼ ਲੋਕਾਂ ਉਤੇ ਸਮੂਹਿਕ ਤੌਰ ‘ਤੇ ਵਹਿਸ਼ੀ ਜ਼ੁਲਮ ਢਾਹੇ ਹੋਣ।` ਅਜਿਹੀ ਮਾਣ ਅਤੇ ਦਾਅਵੇ ਵਾਲੀ ਸਟੇਟਮੈਂਟ ਲਿਖਣ ਤੋਂ ਤੁਰੰਤ ਬਾਅਦ ਸ਼ਾਇਦ ਉਨ੍ਹਾਂ ਨੂੰ 1947 ਦੇ ਕਤਲੇਆਮ ਦੀ ਯਾਦ ਆ ਗਈ ਤਾਂ ਉਸੇ ਪੰਨੇ ‘ਤੇ ਫੁੱਟਨੋਟ ਲਿਖ ਦਿੱਤਾ ਤੇ ਸਿੱਖਾਂ ਨੂੰ ਬਰੀ ਕਰਦੇ ਹੋਏ ਸਾਰਾ ਦੋਸ਼ ਹਿੰਦੂ ਰਾਸ਼ਟਰਵਾਦੀਆਂ ਸਿਰ ਮੜ੍ਹਦੇ ਹੋਏ ਲਿਖਦੇ ਹਨ: ‘1947 ਦੀ ਵੰਡ ਦੌਰਾਨ ਹੋਏ ਖੂਨ-ਖਰਾਬੇ ਦਾ ਮਾਮਲਾ ਵੱਖਰਾ ਹੈ। ਇਸ ਦਾ ਆਧਾਰ ਧਾਰਮਿਕ ਵੈਰ-ਵਿਰੋਧ ਨਹੀਂ ਬਣਿਆ ਸੀ। ਇਹ ਏਕਾਧਿਕਾਰ-ਮੁਖੀ ਰਾਸ਼ਟਰਵਾਦ (ਹਿੰਦੂ) ਦੀ ਵਿਚਾਰਧਾਰਾ ਤੇ ਰਾਜਨੀਤੀ ਦਾ ਕਰੂਪ ਚਿਹਰਾ ਪ੍ਰਗਟ ਹੋਇਆ ਸੀ।` ਸਵਾਲ ਪੈਦਾ ਹੁੰਦਾ ਹੈ ਕਿ ਜੇ ਬਿਨਾ ਧਾਰਮਿਕ ਵੈਰ-ਵਿਰੋਧ ਦੇ 10 ਲੱਖ ਬੰਦਾ ਮਾਰਿਆ ਜਾ ਸਕਦਾ ਹੈ ਤਾਂ ਫਿਰ ਜਿਨ੍ਹਾਂ ਨਾਲ ਵੈਰ-ਵਿਰੋਧ ਹੋਵੇਗਾ, ਉਨ੍ਹਾਂ ਨਾਲ ਕੀ ਬੀਤੇਗੀ?
ਇਸੇ ਕਿਤਾਬ ‘ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ` ਵਿਚ ਸਿੱਖ ਚਿੰਤਕ ਤੇ ਸਿੱਖ ਸੰਘਰਸ਼ ਦੇ ਸਿਧਾਂਤਕ ਵਿਆਖਿਆਕਾਰ ਪੰਨਾ 224 ਤੇ ਵਿਗਿਆਨ ਤੇ ਵਿਗਿਆਨਕ ਤਰੱਕੀ ਬਾਰੇ ਇਵੇਂ ਲਿਖਦੇ ਹਨ: ‘ਸਾਇੰਸ ਤੇ ਟੈਕਨੋਲੌਜੀ ਦੇ ਖੇਤਰ ਵਿਚ ਪੁੱਟੀ ਹਰ ਪੁਲਾਂਘ ਨਾਲ ਮਨੁੱਖੀ ਜੀਵਾਂ ਦੇ ਅਧਿਆਤਮਕ ਰੁਤਬੇ ਵਿਚ ਹੋਰ ਨਿਘਾਰ ਆਇਆ ਹੈ। ਰਵਾਇਤੀ ਸਮਾਜਾਂ ਅੰਦਰ ਦੂਜੇ ਮਨੁੱਖਾਂ ਨੂੰ ਆਪਣੇ ਸਹਿਚਾਰੀ ਹੋਣ ਦੇ ਨਾਤੇ ਸਵੀਕਾਰ ਕਰਨ ਦੀ ਭਾਵਨਾ ਨਾਲ ਦੇਖਿਆ ਜਾਂਦਾ ਸੀ ਪਰ ਆਧੁਨਿਕ ਸਭਿਅਤਾ ਅੰਦਰ ਦੂਜੇ ਮਨੁੱਖਾਂ ਨੂੰ ਸਿਰਫ ਪਦਾਰਥ ਦੇ ਤੌਰ ‘ਤੇ ਦੇਖਿਆ/ਸਮਝਿਆ ਜਾਣ ਲੱਗਾ ਹੈ। ਆਤਮ ਲਗਭਗ ਗੈਰ-ਹਾਜ਼ਿਰ ਹੈ।` ਬੇਸ਼ਕ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਇੰਸ ਦੀਆਂ ਕਾਢਾਂ ਨਾਲ ਮਨੁੱਖ ਨੂੰ ਮਿਲੀਆਂ ਸੁੱਖ-ਸਹੂਲਤਾਂ ਪਾਉਣ ਲਈ ਹਰ ਮਨੁੱਖ ਪੈਸੇ ਦੀ ਦੌੜ ਵਿਚ ਹੈ ਪਰ ਸਵਾਲ ਤਾਂ ਇਹ ਹੈ ਕਿ ਮਨੁੱਖ ਸਭਿਅਤਾ ਦੇ ਜਿਸ ਦੌਰ ਵਿਚ ਪਹੁੰਚ ਚੁੱਕਾ ਹੈ, ਕੀ ਉਥੋਂ ਚਾਰ ਪੰਜ ਸੌ ਸਾਲ ਪਿਛੇ ਜਾਇਆ ਜਾ ਸਕਦਾ ਹੈ? ਕੀ ਅੱਜ ਦਾ ਮਨੁੱਖ ਬਹੁਤ ਦੂਰ ਤਾਂ ਕੀ, 100 ਸਾਲ ਪਹਿਲਾਂ ਵਾਲੇ ਜੀਵਨ ਵਿਚ ਜੀਣ ਲਈ ਤਿਆਰ ਹੋ ਸਕਦਾ ਹੈ? ਸਾਡੇ ਪਲੈਨਿਟ ‘ਤੇ ਜਿਤਨੀ ਮਨੁੱਖੀ ਆਬਾਦੀ ਹੈ, ਕੀ ਉਸ ਨੂੰ ਸਾਇੰਸ ਦੀਆਂ ਮਸ਼ੀਨਾਂ ਤੋਂ ਬਿਨਾ ਖਾਣ ਲਈ ਦੋ ਵਕਤ ਰੋਟੀ ਵੀ ਦਿੱਤੀ ਜਾ ਸਕਦੀ ਹੈ? ਬੇਸ਼ਕ ਅੱਜ ਆਲਮੀ ਤਪਸ਼ ਅਤੇ ਪ੍ਰਦੂਸ਼ਣ ਸਾਰੀ ਦੁਨੀਆ ਲਈ ਵੱਡੀ ਚੁਣੌਤੀ ਹੈ ਪਰ ਕੀ ਅੱਜ ਦਾ ਮਨੁੱਖ ਧੂੰਆਂ ਛੱਡਣ ਵਾਲੀਆਂ ਕਾਰਾਂ, ਬੱਸਾਂ, ਟਰੇਨਾਂ, ਜਹਾਜ਼ਾਂ ਤੋਂ ਬਿਨਾ ਰਹਿਣਾ ਇੱਕ ਦਿਨ ਵੀ ਚਿਤਵ ਸਕਦਾ ਹੈ? ਸਾਨੂੰ ਅਜਮੇਰ ਸਿੰਘ ਦੇ ਵਿਗਿਆਨ ਦੇ ਵਿਰੋਧ ‘ਤੇ ਕੋਈ ਇਤਰਾਜ਼ ਨਹੀਂ ਪਰ ਉਹ ਮਨੁੱਖਤਾ ਸਾਹਮਣੇ ਗੁਰਬਾਣੀ ਜਾਂ ਸਿੱਖ ਫਲਸਫੇ ਆਧਾਰਿਤ ਕੋਈ ਮਾਡਲ ਤਾਂ ਪੇਸ਼ ਕਰਨ। ਉਹ ਅੱਜ ਦੇ ਆਧੁਨਿਕ ਸੰਸਾਰ ਵਿਚ ਲਾਗੂ ਹੋ ਸਕੇਗਾ ਜਾਂ ਨਹੀਂ, ਇਹ ਤਾਂ ਬਾਅਦ ਦਾ ਸਵਾਲ ਹੈ? ਕੀ ਸਾਡੇ ਵਿਗਿਆਨ ਵਿਰੋਧੀ ਵਿਦਵਾਨ ਦੱਸ ਸਕਦੇ ਹਨ ਕਿ ਜੇ ਪ੍ਰਦੂਸ਼ਣ ਜਾਂ ਆਲਮੀ ਤਪਸ਼ ਦੀ ਸਮੱਸਿਆ ਨੂੰ ਹੱਲ ਕਰਨਾ ਹੈ ਤਾਂ ਕੀ ਉਨ੍ਹਾਂ ਦੀ ਰੂਹਾਨੀਅਤ ਫੌਸਿਲ ਫਿਊਲ ਦੀ ਅਨਰਜੀ ਦਾ ਕੋਈ ਹੋਰ ਬਦਲ ਪੇਸ਼ ਕਰ ਸਕਦੀ ਹੈ? ਇਸ ਲਈ ਵੀ ਤਾਂ ਕੰਮ ਵਿਗਿਆਨੀ ਹੀ ਕਰ ਰਹੇ ਹਨ।
ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਗਵਰਨਰ ਬੀ.ਡੀ. ਪਾਂਡੇ ਦੀ ਲੜਕੀ ਰਤਨਾ ਐਮ. ਸੁਦਰਸ਼ਨ ਨੇ ਉਨ੍ਹਾਂ ਦੇ ਮਰਨ ਤੋਂ 12 ਸਾਲ ਬਾਅਦ ਉਨ੍ਹਾਂ ਦੀਆਂ ਯਾਦਾਂ ਆਧਾਰਿਤ ਕਿਤਾਬ ‘ਇਨ ਦੀ ਸਰਵਿਸ ਆਫ ਫਰੀ ਇੰਡੀਆ` ਛਪਾਈ ਹੈ ਜਿਸ ਵਿਚ ਉਨ੍ਹਾਂ ਦੀਆਂ ਆਪਣੇ ਸਿਆਸੀ ਤੇ ਸਿਵਲ ਸਰਵਿਸਿਜ਼ ਦੇ ਜੀਵਨ ਦੀਆਂ ਯਾਦਾਂ ਹਨ। ਯਾਦ ਰਹੇ, ਬੀ.ਡੀ. ਪਾਂਡੇ ਨੂੰ ਇੰਦਰਾ ਗਾਂਧੀ ਸਰਕਾਰ ਵਲੋਂ ਦਰਬਾਰਾ ਸਿੰਘ ਦੀ ਸਰਕਾਰ ਭੰਗ ਹੋਣ ਤੋਂ ਬਾਅਦ 10 ਅਕਤੂਬਰ, 1983 ਨੂੰ ਪੰਜਾਬ ਦਾ ਗਵਰਨਰ ਲਗਾਇਆ ਸੀ ਤੇ ਉਸ ਨੇ 27 ਜੂਨ, 1984 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਉਸ ਨੇ ਆਪਣੇ ਪਰਿਵਾਰ ਨੂੰ ਹਦਾਇਤ ਕੀਤੀ ਸੀ ਕਿ ਇਹ ਕਿਤਾਬ ਉਸ ਦੇ ਮਰਨ ਤੋਂ ਘੱਟੋ-ਘੱਟ ਪੰਜ ਸਾਲ ਬਾਅਦ ਛਾਪੀ ਜਾਵੇ। ਉਨ੍ਹਾਂ ਦੀ 2009 ਵਿਚ 92 ਸਾਲ ਦੀ ਉਮਰ ਵਿਚ ਮੌਤ ਤੋਂ 12 ਸਾਲ ਬਾਅਦ ਇਹ ਕਿਤਾਬ ਮਾਰਕੀਟ ਵਿਚ ਆਈ ਹੈ। ਬੀ.ਡੀ. ਪਾਂਡੇ ਦੇ ਗਵਰਨਰ ਕਾਲ ਵਿਚ ਹੀ ਜੂਨ 1984 ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸਨ। ਇਸ ਕਿਤਾਬ ਵਿਚ ਉਨ੍ਹਾਂ ਜੂਨ 1984 ਦੇ ਘੱਲੂਘਾਰੇ ਲਈ ਬਹੁਤ ਸਾਰੇ ਪੱਖਾਂ ਤੋਂ ਇੰਦਰਾ ਗਾਂਧੀ ਤੇ ਉਸ ਦੀ ਸਰਕਾਰ ਨੂੰ ਦੋਸ਼ੀ ਮੰਨਿਆ ਹੈ। ਉਸ ਨੇ ਇਸ ਵਿਚ ਦਰਬਾਰਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਦੀ ਸਿਆਸੀ ਖਿਚੋਤਾਣ ਨੂੰ ਵੀ ਦੋਸ਼ੀ ਗਰਦਾਨਿਆ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਓਪਰੇਸ਼ਨ ਬਲਿਊ ਸਟਾਰ ਤੋਂ 8-9 ਮਹੀਨੇ ਪਹਿਲਾਂ ਪੰਜਾਬ ਦਾ ਚਾਰਜ ਲਿਆ ਸੀ ਤਾਂ ਇੰਦਰਾ ਗਾਂਧੀ ਅਤਿਵਾਦੀਆਂ ਨੂੰ ਦਰਬਾਰ ਵਿਚੋਂ ਕੱਢਣ ਲਈ ਦ੍ਰਿੜ ਸੀ ਪਰ ਉਹ (ਪਾਂਡੇ) ਦਰਬਾਰ ਸਾਹਿਬ ਕੀਤੀ ਜਾਣ ਵਾਲੀ ਕਾਰਵਾਈ ਤੋਂ ਨਿਕਲਣ ਵਾਲੇ ਨਤੀਜਿਆਂ ਪ੍ਰਤੀ ਚਿੰਤਤ ਸੀ। ਉਸ ਦਾ ਮੰਨਣਾ ਸੀ ਕਿ ਇੰਦਰਾ ਗਾਂਧੀ ਆਪਣੇ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਕਰਦੀ ਸੀ ਤੇ ਪੰਜਾਬ ਵਿਚ ਉਸ ਦੇ ਵਿਰੋਧੀ ਅਕਾਲੀ ਸਨ। ਉਸ ਦਾ ਮੰਨਣਾ ਹੈ ਕਿ ਇਹ ਕਹਿਣਾ ਕਿ ਪੰਜਾਬ ਪੁਲਿਸ ਦੀ ਸੀ.ਆਈ.ਡੀ. ਵਲੋਂ ਫੌਜ ਨੂੰ ਦਰਬਾਰ ਅੰਦਰ ਹਥਿਆਰਾਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ (ਜਿਸ ਤਰ੍ਹਾਂ ਜਨਰਲ ਬਰਾੜ ਨੇ ਆਪਣੀ ਕਿਤਾਬ ‘ਓਪਰੇਸ਼ਨ ਬਲੂ ਸਟਾਰ: ਏ ਟਰੂ ਸਟੋਰੀ` ਵਿਚ ਕਿਹਾ ਸੀ), ਜਦਕਿ ਉਨ੍ਹਾਂ ਨੂੰ ਹਰ ਛੋਟੇ ਤੋਂ ਵੱਡੇ ਹਥਿਆਰ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਕਿਤਾਬ ਬਾਰੇ ਅਜਮੇਰ ਸਿੰਘ ਨੇ ਆਪਣੇ ਯੂਟਿਊਬ ਚੈਨਲ ਉਪਰ ‘ਤੀਜੇ ਘੱਲੂਘਾਰੇ ਬਾਰੇ ਤਤਕਾਲੀ ਰਾਜਪਾਲ ਪਾਂਡੇ ਦੇ ਅਹਿਮ ਖੁਲਾਸੇ` ਸਿਰਲੇਖ ਹੇਠਲੀ ਇੰਟਰਵਿਊ ਵਿਚ ਪਾਂਡੇ ਵਲੋਂ ਇੰਦਰਾ ਗਾਂਧੀ ਦੇ ਘੁਮੰਡ ਬਾਰੇ ਕੀਤੀ ਆਲੋਚਨਾ ਦੀ ਇਹ ਕਹਿ ਕੇ ਆਪਣੀ ਪਿੱਠ ਥਾਪੜੀ ਹੈ ਕਿ ਜੋ ਗੱਲ ਅਸੀਂ ਲੰਮੇ ਸਮੇਂ ਤੋਂ ਕਹਿ ਰਹੇ ਸੀ, ਉਹ ਸੱਚ ਸਾਬਿਤ ਹੋਈ ਹੈ। ਪਾਂਡੇ ਨੇ ਤਾਂ ਸੱਚ ਬੋਲ ਦਿੱਤਾ ਅਤੇ ਪੰਜਾਬ ਦਾ ਹਰ ਸੂਝਵਾਨ ਇਨਸਾਨ ਵੀ ਇਸ ਗੱਲ ਨਾਲ ਸਹਿਮਤ ਹੈ ਕਿ ਇੰਦਰਾ ਗਾਂਧੀ ਸਰਕਾਰ ਨੇ ਲੋਕਤੰਤਰੀ ਦੇਸ਼ ਵਿਚ ਇਸ ਤਰ੍ਹਾਂ ਦੀ ਕਰੂਰ ਫੌਜੀ ਕਾਰਵਾਈ ਕਰਕੇ ਮੁਜਰਮਾਨਾ ਬੇਵਕੂਫੀ ਕੀਤੀ ਸੀ ਪਰ ਸਵਾਲ ਤਾਂ ਇਹ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਮੋਰਚਾਬੰਦੀ ਕਰਕੇ ਬੈਠੀਆਂ ਫੌਜਾਂ ਦੇ ਵਾਰਿਸ ਸਾਡੇ ਇਹ ਵਿਦਵਾਨ ਸੱਚ ਕਦੋਂ ਕਬੂਲਣਗੇ ਕਿ ਇੰਦਰਾ ਗਾਂਧੀ ਨੂੰ ਅਜਿਹੀ ਫੌਜੀ ਕਾਰਵਾਈ ਕਰਨ ਲਈ ਮੌਕਾ ਕਿਸ ਨੇ ਮੁਹੱਈਆ ਕਰਾਇਆ ਸੀ? ਇਸ ਨੂੰ ਕਿਵੇਂ ਸਮਝਿਆ ਜਾਵੇ? ਦਰਬਾਰ ਸਾਹਿਬ ਅੰਦਰ ਬੈਠੇ ਬੱਬਰ ਖਾਲਸਾ ਦੇ ਪ੍ਰਮੁੱਖ ਖਾੜਕੂ ਅਨੋਖ ਸਿੰਘ ਬੱਬਰ ਨੇ 35 ਨਿਰੰਕਾਰੀ ਮਾਰਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੰਤ ਭਿੰਡਰਾਂਵਾਲਿਆਂ ਨੂੰ ਚੁਣੌਤੀ ਦਿੱਤੀ ਸੀ ਕਿ ਕਤਲ ਤਾਂ ਅਸੀਂ ਕਰ ਰਹੇ ਹਾਂ ਅਤੇ ਇਹ ਅੰਦਰ ਬੈਠਾ ਹੀਰੋ ਐਵੇਂ ਬਣੀ ਜਾਂਦਾ ਹੈ। ਜੇ ਰਾਜਦੇਵ ਸਿੰਘ ਖਾਲਸਾ ਜਾਂ ਗੁਰਤੇਜ ਸਿੰਘ ਅਨੁਸਾਰ ਸਿੱਖਾਂ ਨੇ ਬਿਨਾ ਵਿਚਾਰੇ ਸੰਘਰਸ਼ ਸ਼ੁਰੂ ਕਰ ਲਏ ਸਨ ਜਾਂ ਵਿਰੋਧੀਆਂ ਦੇ ਜਾਲ ਵਿਚ ਫਸ ਗਏ ਸਨ ਤਾਂ ਹੁਣ ਹੀ ਖਿਆਲੀ ਪਲਾਓ ‘ਚੋਂ ਬਾਹਰ ਨਿਕਲ ਕੇ ਕੁਝ ਵਿਚਾਰ ਲੈਣ। ਜਿਸ ਤਰ੍ਹਾਂ ਬੀ.ਡੀ. ਪਾਂਡੇ ਨੇ ਇਸ ਨਵੀਂ ਕਿਤਾਬ ਵਿਚ ਇੰਦਰਾ ਗਾਂਧੀ ਬਾਰੇ ਖਰੀਆਂ ਗੱਲਾਂ ਕੀਤੀਆਂ ਹਨ, ਉਸ ਤੋਂ ਸਿੱਖ ਵਿਦਵਾਨਾਂ ਤੇ ਲੀਡਰਾਂ ਨੂੰ ਖੁਸ਼ ਹੋਣ ਦੀ ਥਾਂ ਕੋਈ ਸਬਕ ਲੈ ਕੇ ਆਪਣੇ ਅੰਦਰ ਵੀ ਝਾਤ ਮਾਰ ਲੈਣੀ ਚਾਹੀਦੀ ਹੈ। ਕੀ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਲਈ ਸਿਰਫ ਸਰਕਾਰ ਹੀ ਦੋਸ਼ੀ ਸੀ ਜਾਂ ਦਰਬਾਰ ਸਾਹਿਬ ਅੰਦਰ ਵੱਡੇ-ਵੱਡੇ ਹਥਿਆਰ ਰੱਖ ਕੇ ਮੋਰਚਾਬੰਦੀ ਕਰਨ ਵਾਲਿਆਂ ਦਾ ਵੀ ਕੋਈ ਮਾੜਾ-ਮੋਟਾ ਕਸੂਰ ਸੀ? ਜਾਂ ਉਨ੍ਹਾਂ ਲੋਕਾਂ ਦਾ ਵੀ ਥੋੜ੍ਹਾ ਬਹੁਤਾ ਕਸੂਰ ਸੀ ਜਿਨ੍ਹਾਂ ਨੇ ਨਾ ਸਿਰਫ ਦਰਬਾਰ ਸਾਹਿਬ ਦੇ ਅੰਦਰ ਕਤਲ ਕਰਨੇ ਸ਼ੁਰੂ ਕੀਤੇ ਹੋਏ ਸਨ ਸਗੋਂ ਬਾਹਰ ਵੀ ਸਿਆਸੀ ਤੇ ਧਾਰਮਿਕ ਲੀਡਰਾਂ ਦੇ ਨਾਲ-ਨਾਲ ਪੱਤਰਕਾਰਾਂ, ਬੁੱਧੀਜੀਵੀਆਂ ਸਮੇਤ ਬੱਸਾਂ ਵਿਚੋਂ ਲਾਹ ਕੇ ਬੰਦੇ ਮਾਰੇ ਜਾ ਰਹੇ ਸਨ? ਇਥੋਂ ਤੱਕ ਕਿ ਅੰਦਰ ਹਥਿਆਰ ਜਮ੍ਹਾਂ ਕਰਨ ਬਾਰੇ ਆਲੋਚਨਾ ਕਰਨ ਬਦਲੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਨੂੰ ਘਰੇ ਜਾ ਕੇ ਗੋਲੀਆਂ ਮਾਰ ਦਿੱਤੀਆਂ ਸਨ। ਕੀ ਇਸ ਸਾਰੀ ਲਹਿਰ ਦੇ ਆਪੇ ਬਣੇ ਵਿਆਖਿਆਕਾਰ ਅਜਮੇਰ ਸਿੰਘ ਬੀ.ਡੀ. ਪਾਂਡੇ ਵਾਂਗ ਵੱਡਾ ਜਿਗਰਾ ਕਰਕੇ ਕਦੇ ਨਿਰਪੱਖਤਾ ਨਾਲ ਧਰਮ ਯੁੱਧ ਮੋਰਚੇ ਦੀ ਆੜ ਵਿਚ ਦਰਬਾਰ ਸਾਹਿਬ ਪਨਾਹ ਲਈ ਬੈਠੇ ਵੱਖ-ਵੱਖ ਖਾੜਕੂ ਧੜਿਆਂ ਵਲੋਂ ਕੀਤੀਆਂ ਭੜਕਾਊ ਕਾਰਵਾਈਆਂ ਦਾ ਵਿਸ਼ਲੇਸ਼ਣ ਕਰਨਗੇ? ਜਿਸ ਖਾਲਸਾ ਰਾਜ ਲਈ ਉਨ੍ਹਾਂ ਅਨੁਸਾਰ ਲੱਖਾਂ ਸਿੰਘ-ਸਿੰਘਣੀਆਂ ਸ਼ਹੀਦ ਹੋ ਚੁੱਕੇ ਹਨ, ਕੀ ਉਸ ਰਾਜ ਦਾ ਦੁਨੀਆ ਸਾਹਮਣੇ ਕੋਈ ਮਾਡਲ ਪੇਸ਼ ਕਰਨਗੇ ਕਿ ਆਖਿਰ ਉਹ ਚਾਹੁੰਦੇ ਕੀ ਹਨ? ਬਿਨਾ ਕਿਸੇ ਯੋਜਨਾ ਤੇ ਦੂਰਅੰਦੇਸ਼ੀ ਤੋਂ ਐਵੇਂ ਨਾਅਰਿਆਂ ਰਾਹੀਂ ਨੁਕਸਾਨ ਕਰਾਈ ਜਾਣਾ ਕੋਈ ਸਿਆਣਪ ਨਹੀਂ। ਅੱਜ ਪੰਜਾਬ ਦੇ ਲੋਕਾਂ ਲਈ ਧਰਮ ਨਾਲੋਂ ਵੱਡਾ ਮਸਲਾ ਰੋਟੀ ਰੋਜ਼ੀ ਦਾ ਬਣ ਚੁੱਕਾ ਹੈ, ਆਪਣੇ ਬੱਚਿਆਂ ਦੇ ਭਵਿੱਖ ਦਾ ਹੈ। ਇਸੇ ਕਰਕੇ ਹਰ ਪੰਜਾਬੀ ਆਪਣੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾ ਸਿਰਫ ਜ਼ਮੀਨਾਂ ਵੇਚ ਕੇ, ਸਗੋਂ ਬਹੁਤ ਵਾਰ ਜ਼ਮੀਰਾਂ ਵੇਚ ਕੇ ਵੀ ਬਾਹਰ ਭੇਜਣ ਲਈ ਤਿਆਰ ਹੈ। ਅੱਜ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਹੈ, ਮਹਿੰਗਾਈ ਤੇ ਬੇਰੁਜ਼ਗਾਰੀ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ। ਖੇਤੀਬਾੜੀ ਦਾ ਧੰਦਾ ਘਾਟੇ ਦਾ ਸੌਦਾ ਬਣ ਚੁੱਕਾ ਹੈ। ਵਧਦੀ ਆਬਾਦੀ ਨਾਲ ਜ਼ਮੀਨਾਂ ਘਟ ਰਹੀਆਂ ਹਨ। ਕੀ ਅਸੀਂ ਕਦੇ ਪੰਜਾਬ ਵਿਚ ਖੇਤੀਬਾੜੀ ਦੇ ਨਵੇਂ ਬਦਲ ਤੇ ਮਾਡਲ ਬਾਰੇ ਵੀ ਸੋਚਾਂਗੇ? ਕੀ ਸਾਡੇ ਵਿਦਵਾਨ ਕਦੇ ਅਜਿਹੇ ਲੋਕ ਮਸਲਿਆਂ ਬਾਰੇ ਵੀ ਗੰਭੀਰ ਹੋਣਗੇ?
ਪੰਜਾਬ ਦੇ ਇੱਕ ਹੋਰ ਸਿੱਖ ਚਿੰਤਕ ਅਮਰਜੀਤ ਸਿੰਘ ਗਰੇਵਾਲ ਆਪਣੀ ਲਿਖਤ ‘ਪੰਜਾਬ ਜੀਂਦਾ ਗੁਰਾਂ ਦੇ ਨਾਮ ‘ਤੇ’ ਵਿਚ ਲਿਖਦੇ ਹਨ: ‘ਅਸੀਂ ਗੁਲਾਮੀ ਦੀ ਇੱਕ ਕੈਦ ਵਿਚੋਂ ਨਿਕਲ ਕੇ ਦੂਜੀ ਕੈਦ ਵਿਚ ਫਸ ਗਏ ਹਾਂ। ਪਹਿਲਾਂ ਅਸੀਂ ਕਿਸੇ ਦੇ ਗੁਲਾਮ ਹੁੰਦੇ ਸੀ, ਹੁਣ ਅਸੀਂ ਆਪਣੀਆਂ ਹੀ ਅਕਾਂਖਿਆਵਾਂ ਦੇ ਗੁਲਾਮ ਹੋ ਗਏ ਹਾਂ।` ਇਸ ਦੇ ਉਲਟ ਸਾਡੇ ਨਵੇਂ ਚਿੰਤਕਾਂ ਅਨੁਸਾਰ ਅਸੀਂ ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀ ਤੇ ਹੁਣ ਬ੍ਰਾਹਮਣਵਾਦ ਦੇ ਗੁਲਾਮ ਹਾਂ ਜਿਸ ਤੋਂ ਆਜ਼ਾਦੀ ਲੈਣੀ ਹੈ। ਬੇਸ਼ਕ ਅਜਮੇਰ ਸਿੰਘ ਵਰਗੇ ਨਵੀਨ ਸਿੱਖ ਚਿੰਤਕ ਵੀ ਨੌਜਵਾਨਾਂ ਨੂੰ ਪ੍ਰੋ. ਪੂਰਨ ਸਿੰਘ ਦੇ ‘ਪੰਜਾਬ ਜੀਂਦਾ ਗੁਰਾਂ ਦੇ ਨਾਮ ‘ਤੇ` ਦੇ ਸੁਪਨਿਆਂ ਵਾਲੇ ਦੇਸ ਪੰਜਾਬ ਦੀ ਕਲਪਨਾ ਕਰਦੇ ਹਨ ਪਰ ਅਮਰਜੀਤ ਸਿੰਘ ਗਰੇਵਾਲ ਅਨੁਸਾਰ ਪ੍ਰੋ. ਪੂਰਨ ਸਿੰਘ ਪੰਜਾਬ ਦੇ ਵੰਨ-ਸਵੰਨੇ ਭਾਈਚਾਰਿਆਂ ਨੂੰ ਸਿੱਖ ਸਪਿਰਟ ਵਿਚ ਮੌਲਦੇ ਦੇਖਣਾ ਚਾਹੁੰਦੇ ਸਨ ਜਦਕਿ ਸਾਡੇ ਇਹ ਵਿਦਵਾਨ ਸਿੱਖ ਪਛਾਣ ਤੋਂ ਵੱਖਰੇ ਸਭ ਭਾਈਚਾਰਿਆਂ ਨੂੰ ਪੰਜਾਬ ਦੇ ਦੁਸ਼ਮਣ ਗਰਦਾਨ ਕੇ ਸਭ ਤੇ ਸਿੱਖ ਲੀਡਰਸ਼ਿਪ ਦੀ ਚੌਧਰ ਥੋਪਣਾ ਚਾਹੁੰਦੇ ਹਨ। ਇਸੇ ਲਿਖਤ ਵਿਚ ਗਰੇਵਾਲ ਲਿਖਦੇ ਹਨ: ‘ਪੰਜਾਬ ਵਿਚ ਆਪਣੀ ਚੌਧਰ ਸਥਾਪਿਤ ਕਰਨ ਲਈ ਸਿੱਖ ਭਾਈਚਾਰੇ ਕੋਲ ਦੋ ਬਦਲ ਮੌਜੂਦ ਸਨ। ਇੱਕ ਸੀ ਪ੍ਰੋ. ਪੂਰਨ ਸਿੰਘ ਦੁਆਰਾ ਸੁਝਾਇਆ, ਸਿੱਖ ਸਿਧਾਤਾਂ ਦੇ ਆਧਾਰ ‘ਤੇ ਸਿੱਖ ਸਪਿਰਟ ਵਾਲੇ ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਸੰਸਕ੍ਰਿਤਕ ਪੰਜਾਬ ਦਾ ਨਿਰਮਾਣ ਜਿਸ ਨੂੰ ਉਹ ਪੰਜਾਬ ਪਿਆਰ ਤੇ ਸਿੱਖ ਪੰਜਾਬ ਦਾ ਨਾਮ ਦਿੰਦੇ ਸਨ। ਦੂਸਰਾ ਸੀ, ਅਜਿਹੇ ਸਿੱਖ ਬਹੁ-ਗਿਣਤੀ ਵਾਲੇ ਖਿੱਤੇ ਦੀ ਸਥਾਪਨਾ ਜਿੱਥੇ ਸਿੱਖ ਪਛਾਣ ਵਾਲੀ ਲੀਡਰਸ਼ਿਪ ਆਪਣੀ ਹਕੂਮਤ ਸਥਾਪਿਤ ਕਰ ਸਕੇ ਪਰ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਬਾਦਲ, ਟੌਹੜਾ, ਬਰਨਾਲਾ, ਕੈਪਟਨ ਅਮਰਿੰਦਰ ਆਦਿ ਨੇ ਸਿੱਖ ਸਪਿਰਟ ਦੀ ਥਾਂ ਸਿੱਖ ਲੀਡਰਸ਼ਿਪ ਦੀ ਚੌਧਰ ਵਾਲਾ ਰਾਹ ਅਪਣਾ ਕੇ ਕੇਵਲ ਆਪਣੇ ਆਪ ਨੂੰ ਹੀ ਨਹੀਂ, ਸਗੋਂ ਪੰਜਾਬ ਤੇ ਪੰਜਾਬੀ ਭਾਈਚਾਰੇ ਨੂੰ ਵੀ ਮੌਜੂਦਾ ਸੰਕਟ ਵਾਲੀ ਸਥਿਤੀ ਵਿਚ ਲਿਆ ਖੜ੍ਹਾ ਕੀਤਾ ਹੈ। ਇਹੀ ਰਸਤਾ ਹੁਣ ‘ਸਿੱਖ ਰਾਜ` ਦੇ ਸਾਡੇ ਇਹ ਅਲੰਬਰਦਾਰ ਅਪਣਾ ਰਹੇ ਹਨ। ਇਹ ਅਜੇ ਵੀ ਨੌਜਵਾਨੀ ਨੂੰ ਉਨ੍ਹਾਂ ਬਿਖੜੇ ਰਾਹਾਂ ‘ਤੇ ਤੋਰਨ ਲਈ ਬਜ਼ਿਦ ਹਨ ਜਿੱਥੇ ਵਿਨਾਸ਼ ਤੋਂ ਸਿਵਾਏ ਕੁਝ ਪੱਲੇ ਪੈਣ ਵਾਲਾ ਨਹੀਂ। ਸਵਾਲ ਹੈ ਕਿ ਪੰਜਾਬ ਨੂੰ ਖੁਦ ਮੁਖਤਾਰ ਖਿੱਤਾ ਬਣਾ ਲਉ, ਖਾਲਿਸਤਾਨ ਜਾਂ ਸਿੱਖ ਰਾਜ ਬਣਾ ਲਉ ਤੇ ਚਾਹੇ ਵੱਧ ਅਧਿਕਾਰਾਂ ਵਾਲਾ ਸੂਬਾ ਬਣਾ ਲਉ ਪਰ ਚਿੰਤਨ ਤਾਂ ਇਹ ਕਰਨ ਦੀ ਲੋੜ ਹੈ ਕਿ ਪੰਜਾਬ ਵਿਚ ਵਸਦੇ 65% ਹਿੰਦੂ ਤੇ ਦਲਿਤ ਭਾਈਚਾਰੇ ਨੂੰ ਨਾਲ ਕਿਵੇਂ ਲੈਣਾ ਹੈ। ਪਿਛਲੇ ਦਿਨੀਂ ‘ਜਰਨਲ ਆਫ ਇੰਡੀਅਨ ਐਸੋਸੀਏਸ਼ਨ ਆਫ ਸੋਸ਼ਲ ਸਾਇੰਸ ਇੰਸਟੀਟਿਊਸ਼ਨ` ਵਲੋਂ ਆਪਣੇ ਜੁਲਾਈ-ਸਤੰਬਰ, 2021 ਤਿਮਾਹੀ ਪਰਚੇ ਵਿਚ ਪੰਨਾ 3 ‘ਤੇ ਆਰਥਿਕ ਮਾਹਰਾਂ ਕਿਰਿਤੀ ਜੈਨ ਤੇ ਸੁੱਚਾ ਸਿੰਘ ਗਿੱਲ ਦਾ ਖੋਜ ਪੇਪਰ ‘ਐਨਵਾਇਰਨਮੈਂਟ ਇੰਪੈਕਟਸ ਆਫ ਗਰਾਊਂਡ ਵਾਟਰ ਇਰੀਗੇਸ਼ਨ ਇਕਾਨਮੀ: ਏ ਕੇਸ ਸਟਡੀ ਆਫ ਇੰਡੀਅਨ ਪੰਜਾਬ’ ਛਾਪਿਆ ਹੈ ਜਿਸ ਵਿਚ ਉਹ ਬੜੀ ਖੋਜ ਨਾਲ ਵਿਸਥਾਰ ਵਿਚ ਦੱਸਦੇ ਹਨ ਕਿ ਪੰਜਾਬ ਦੇ ਕਿਸਾਨ ਫਸਲਾਂ ਦੇ ਵੱਧ ਝਾੜ ਲੈਣ ਲਈ ਰਸਾਇਣਕ ਖਾਦਾਂ, ਕੀਟ ਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਅਤੇ ਝੋਨੇ ਦੀ ਵੱਧ ਬਿਜਾਈ ਕਰਕੇ ਪੰਜਾਬ ਦੀ ਉਪਜਾਊ ਧਰਤੀ ਨੂੰ ਬੰਜਰ ਬਣਾਉਣ ਦੇ ਨਾਲ ਧਰਤੀ ਹੇਠਲਾ ਪਾਣੀ ਵੀ ਖਤਮ ਕਰ ਰਹੇ ਹਨ। ਸਾਡੇ ਇਹ ਅਰਥ ਸ਼ਾਸਤਰੀ ਵੀ ਸਮੱਸਿਆਵਾਂ ਬਾਰੇ ਤਾਂ ਜ਼ਰੂਰ ਵਿਸਥਾਰ ਵਿਚ ਦੱਸ ਰਹੇ ਹਨ ਪਰ ਅਫਸੋਸ ਕਿ ਅਜੋਕੇ ਪੰਜਾਬ ਦੀ ਤਿੰਨ ਕਰੋੜ ਤੋਂ ਪਾਰ ਜਾ ਚੁੱਕੀ ਵਸੋਂ ਨੂੰ ਰੋਜ਼ੀ-ਰੋਟੀ ਕਿਸ ਕਿਸਮ ਦੇ ਖੇਤੀ ਮਾਡਲ ਨਾਲ ਦੇਣੀ ਹੈ, ਉਸ ਦੀ ਕੋਈ ਠੋਸ ਰੂਪ-ਰੇਖਾ ਡਾ. ਸੁੱਚਾ ਸਿੰਘ ਗਿੱਲ ਜਾਂ ਹੋਰ ਅਰਥ ਵਿਗਿਆਨੀਆਂ ਦੀਆਂ ਲਿਖਤਾਂ ਵਿਚੋਂ ਵੀ ਨਜ਼ਰ ਨਹੀਂ ਆ ਰਹੀ।