ਬ੍ਰਿਗੇਡੀਅਰ ਲਾਭ ਸਿੰਘ ਓਲੰਪੀਅਨ ਦੀ ਹੱਡ-ਬੀਤੀ

ਪ੍ਰਿੰ. ਸਰਵਣ ਸਿੰਘ
ਬ੍ਰਿਗੇਡੀਅਰ ਲਾਭ ਸਿੰਘ ਸੰਦੌੜ ਦੇ ਟਿੱਬਿਆਂ ਦਾ ਹੀਰਾ ਹਿਰਨ ਹੈ। ਉਹ ਓਲੰਪੀਅਨ ਹੈ, ਧਿਆਨ ਚੰਦ ਅਵਾਰਡੀ ਹੈ, ਫੌਜੀ ਤਗਮੇ ਤੇ ਏਸਿ਼ਆਈ ਖੇਡਾਂ ‘ਚੋਂ ਤਿੰਨ ਮੈਡਲ ਜਿੱਤਣ ਵਾਲਾ ਅਲੋਕਾਰ ਅਥਲੀਟ ਹੈ। ਅੰਤਾਂ ਦਾ ਸਿਦਕੀ, ਸਿਰੜੀ ਤੇ ਹੱਠੀ। ਉਸ ਨੇ ਸਕੂਲੇ ਪੜ੍ਹਦਿਆਂ ਬਿਨਾ ਕਿਸੇ ਕੋਚਿੰਗ ਦੇ ਪਹਿਲੀ ਛਾਲ ਨਾਲ ਹੀ ਪੰਜਾਬ ਸਕੂਲਾਂ ਦਾ ਰਿਕਾਰਡ ਤੋੜ ਦਿੱਤਾ ਸੀ। ਉਹਨੇ ਨਿੱਕੇ ਹੁੰਦਿਆਂ ਸੰਦੌੜ ਦੇ ਟਿੱਬਿਆਂ ‘ਤੇ ਮਿਰਗਾਂ ਦੀਆਂ ਡਾਰਾਂ ਛਾਲਾਂ ਮਾਰਦੀਆਂ ਤੱਕੀਆਂ ਸਨ, ਜਿਨ੍ਹਾਂ ਨੂੰ ਵੇਖ ਕੇ ਉਹਦਾ ਮਨ ਵੀ ਛਾਲਾਂ ਮਾਰਨ ਲਈ ਮਚਲਣ ਲੱਗ ਪਿਆ ਸੀ।

ਉਹ ਜੇਠ-ਹਾੜ੍ਹ ਦੇ ਤਪਦੇ ਦੁਪਹਿਰਿਆਂ ‘ਚ ਵੀ ਰੇਤਲੇ ਰਾਹਾਂ ਤੇ ਸੁੰਨੇ ਟਿੱਬਿਆਂ ‘ਤੇ ਛਾਲਾਂ ਮਾਰਦਾ ਫਿਰਦਾ। ਕਦੇ ਏਧਰ ਭੱਜਦਾ ਕਦੇ ਓਧਰ। ਕਦੇ ਖੜ੍ਹਾ ਖੜੋਤਾ ਟੱਪਦਾ ਜਿਵੇਂ ਮੱਖ ਲੜਦੀ ਹੋਵੇ। ਵੇਖਣ ਵਾਲੇ ਘਰ ਦਿਆਂ ਨੂੰ ਆਖਦੇ, “ਮੁੰਡਾ ਸੰਭਾਲ ਲਓ, ਇਹਨੂੰ ਕੋਈ ‘ਕਸਰ’ ਹੋਈ ਲੱਗਦੀ ਐ! ਅਸੀਂ ਇਹਨੂੰ ਟਿੱਬਿਆਂ ‘ਤੇ ਟਪੂਸੀਆਂ ਮਾਰਦਾ ਦੇਖਿਐ। ਕਦੇ ਟਿੱਬੇ ‘ਤੇ ‘ਤਾਂਹ ਚੜ੍ਹ ਜਾਂਦਾ ਸੀ, ਕਦੇ ‘ਠਾਂਹ ਉੱਤਰ ਆਉਂਦਾ ਸੀ। ਕਦੇ ਹਿਰਨਾਂ ਅੰਗੂੰ ਛਾਲਾਂ ਮਾਰਨ ਲੱਗ ਜਾਂਦਾ ਸੀ!”
ਫਿਕਰਮੰਦ ਹੋਏ ਘਰ ਦੇ ਆਪਣੇ ਲਾਡਲੇ ਨਿਆਣੇ ਨੂੰ ‘ਸਿਆਣਿਆਂ’ ਕੋਲ ਲੈ ਜਾਂਦੇ, ਮੰਨਤਾਂ ਮੰਨਦੇ, ਪੁੱਛਾਂ ਪੁਆਉਂਦੇ, ਧਾਗੇ ਤਵੀਤ ਕਰਾਉਂਦੇ ਪਰ ਉਹ ਫਿਰ ਟਿੱਬਿਆਂ `ਤੇ ਚੜ੍ਹ ਜਾਂਦਾ। ਉਦੋਂ ਕਿਸੇ ਦੇ ਖਾਬ ਖਿਆਲ `ਚ ਵੀ ਨਹੀਂ ਸੀ ਕਿ ਇਹ ‘ਕਸਰਿਆ’ ਬਾਲ ਕਿਸੇ ਦਿਨ ਏਸਿ਼ਆਈ ਖੇਡਾਂ ਦੇ ਜਿੱਤ-ਮੰਚਾਂ `ਤੇ ਚੜ੍ਹੇਗਾ ਤੇ ਛਾਲਾਂ ਦਾ ਓਲੰਪੀਅਨ ਅਤੇ ਫੌਜ ਦਾ ਬ੍ਰਿਗੇਡੀਅਰ ਬਣੇਗਾ।
ਲਾਭ ਸਿੰਘ ਨੇ ਏਸਿ਼ਆਈ ਖੇਡਾਂ ‘ਚੋਂ ਇਕ ਚਾਂਦੀ ਤੇ ਦੋ ਤਾਂਬੇ ਦੇ ਤਗਮੇ ਜਿੱਤੇ ਹਨ। ਉਹਨੇ ਭਾਰਤ ਵੱਲੋਂ ਟੋਕੀਓ ਦੀਆਂ ਓਲੰਪਿਕ ਖੇਡਾਂ-1960 ਵਿਚ ਭਾਗ ਲਿਆ ਸੀ। 1964 ਤੋਂ 72 ਤਕ ਉਹ ਕਈ ਵਾਰ ਹੌਪ ਸਟੈੱਪ ਐਂਡ ਜੰਪ ਭਾਵ ਤੀਹਰੀ ਛਾਲ ਤੇ ਲੰਮੀ ਛਾਲ ਦਾ ਨੈਸ਼ਨਲ ਚੈਂਪੀਅਨ ਬਣਿਆ। ਉਹਦਾ ਮੁਕਾਬਲਾ ਆਮ ਕਰ ਕੇ ਮਹਿੰਦਰ ਸਿੰਘ ਗਿੱਲ ਨਾਲ ਹੋਇਆ ਕਰਦਾ ਸੀ। ਕਦੇ ਮਹਿੰਦਰ ਸਿੰਘ ਅੱਗੇ ਵਧ ਜਾਂਦਾ ਕਦੇ ਲਾਭ ਸਿੰਘ। ਉਹਦੀ ਪਹਿਲੀ ਬੱਲੇ-ਬੱਲੇ ਦਸੰਬਰ 1962 ਵਿਚ ਚੰਡੀਗੜ੍ਹ ਦੀ ਅੰਤਰ-ਯੂਨੀਵਰਸਿਟੀ ਅਥਲੈਟਿਕ ਮੀਟ ਸਮੇਂ ਹੋਈ ਸੀ। ਦਸੰਬਰ ਦੀ ਠਾਰੀ ਵਿਚ ਉਸ ਨੇ ਇਕ ਨਵੇਂ ਤੇ ਅਣਜਾਣ ਅਥਲੀਟ ਨੇ ਤੀਹਰੀ ਛਾਲ ਲਾਉਂਦਿਆਂ ਪੰਦਰਾਂ ਸਾਲ ਪਹਿਲਾਂ ਦਾ ਰਿਕਾਰਡ ਤੋੜ ਦਿੱਤਾ ਸੀ। ਉਹ ਨਵਾਂ ਉਠਿਆ ਅਥਲੀਟ ਲਾਭ ਸਿੰਘ ਸੀ, ਜਿਸ ਨੂੰ ਦੋ ਦਿਨ ਪਹਿਲਾਂ ਤਕ ਕੋਈ ਨਹੀਂ ਸੀ ਜਾਣਦਾ। ਉਸ ਨੇ ਆਪਣੀ ਪਹਿਲੀ ਵਿਸ਼ੇਸ਼ ਅਥਲੈਟਿਕ ਮੀਟ ਵਿਚ ਹੀ 50 ਫੁੱਟ ਦੇ ਕਰੀਬ ਛਾਲ ਲਾ ਕੇ ਆਪਣਾ ਸੰਭਾਵਨਾਵਾਂ ਭਰਪੂਰ ਖੇਡ ਜੀਵਨ ਸ਼ੁਰੂ ਕਰ ਦਿੱਤਾ ਸੀ।
ਮੈਂ ਉਸ ਨੂੰ ਵੇਖਿਆ ਤਾਂ ਪਹਿਲਾਂ ਵੀ ਸੀ, ਪਰ ਮਿਲਿਆ ਬਾਅਦ ਵਿਚ। 1966 ਵਿਚ ਦੇਸ਼ ਦੇ ਚੈਂਪੀਅਨ ਅਥਲੀਟਾਂ ਨੂੰ ਨੇੜਿਓਂ ਜਾਣਨ ਲਈ ਮੈਂ ਕਈ ਦਿਨ ਉਨ੍ਹਾਂ ਦੇ ਕੋਚਿੰਗ ਕੈਂਪ ਵਿਚ ਰਿਹਾ। ਉਹ ਕੈਂਪ ਕਿੰਗਸਟਨ ਦੀਆਂ ਕਾਮਨਵੈਲਥ ਖੇਡਾਂ ਲਈ ਪਟਿਆਲੇ ਲੱਗਾ ਸੀ। ਆਥਣ ਸਵੇਰ ਮੈਂ ਉਨ੍ਹਾਂ ਨੂੰ ਅਭਿਆਸ ਕਰਦੇ ਵੇਖਣਾ ਤੇ ਦੁਪਹਿਰੇ ਉਨ੍ਹਾਂ ਦੀ ਚੁੰਝ ਚਰਚਾ ਸੁਣਨੀ। ਲਾਭ ਸਿੰਘ ਉਦੋਂ ਭਾਰਤੀ ਫੌਜ ‘ਚ ਲੈਫਟੀਨੈਂਟ ਸੀ। ਆਮ ਅਥਲੀਟ ਗਰਮੀਆਂ ਵਿਚ ਕੇਵਲ ਕੱਛੇ ਪਾਈ ਨੰਗ ਧੜੰਗੇ ਮੰਜਿਆਂ ‘ਤੇ ਬੈਠੇ ਜਾਂ ਪਏ ਹੁੰਦੇ, ਪਰ ਲਾਭ ਸਿੰਘ ਪਤਲਾ ਜਿਹਾ ਗਾਊਨ ਪਾਈ ਰੱਖਦਾ ਸੀ। ਉਹ ਤੇ ਉਹਦਾ ਦੋਸਤ ਅਜਮੇਰ ਸਿੰਘ ਇਕੋ ਕਮਰੇ ‘ਚ ਰਹਿੰਦੇ ਸਨ।
ਇਕ ਦਿਨ ਲਾਭ ਸਿੰਘ ਜੋਗਿੰਦਰ ਜੋਗੀ ਹੋਰਾਂ ਦੇ ਕਮਰੇ ਵਿਚ ਠੰਢਾ ਪਾਣੀ ਪੀਣ ਆਇਆ ਤਾਂ ਮੈਂ ਕੁਝ ਗੱਲਾਂ ਪੁੱਛਣ ਲਈ ਡਾਇਰੀ ਖੋਲ੍ਹ ਲਈ। ਉਹ ਗਾਊਨ ਪਾਈ ਸਟੂਲ ‘ਤੇ ਬਹਿ ਗਿਆ ਤੇ 400 ਮੀਟਰ ਹਰਡਲਜ਼ ਦੌੜ ਦੇ ਚੈਂਪੀਅਨ ਲੈਫਟੀਨੈਂਟ ਬਲਵੰਤ ਸਿੰਘ ਨੂੰ ਕਹਿਣ ਲੱਗਾ, “ਮੇਰੇ ਆਰ ਲੈਚੀ ਦੇਈਂ, ਮੈਂ ਇੰਟਰਵਿਊ ਦੇ ਲਵਾਂ।”
ਏਨੀ ਗੱਲ ਸੁਣਨ ਸਾਰ ਮੈਨੂੰ ਉਹ ਚੁੱਪਕੀਤਾ ਜਿਹਾ ਅਥਲੀਟ ਰੌਣਕੀ ਲੱਗਣ ਲੱਗਾ। ਅੱਗੋਂ ਦੁਆਬੀਏ ਬਲਵੰਤ ਨੇ ਆਖਿਆ, “ਪਹਿਲਾਂ ਲੈਚੀ ਦੀ ਅੰਗਰੇਜ਼ੀ ਦੱਸ, ਫੇਰ ਲੈਚੀ ਦਿਆਂਗੇ।”
ਏਨੇ ਨੂੰ ਦੋ ਤਿੰਨ ਅਥਲੀਟ ਹੋਰ ਆ ਗਏ। ਮੇਰੀ ਪੁੱਛ ਦਾ ਜਦੋਂ ਉਹ ਉੱਤਰ ਦੇਣ ਲੱਗਦਾ ਤਾਂ ਜੋਗਿੰਦਰ ਜੋਗੀ, ਨਿਰਮਲ ਤੇ ਬਲਵੰਤ ਵਿਚੋਂ ਆਪਣੀ ਵਾਹ ਦਿੰਦੇ। ਮੈਂ ਲਾਭ ਸਿੰਘ ਤੋਂ ਕੱਦ ਤੇ ਵਜ਼ਨ ਬਾਰੇ ਪੁੱਛਿਆ ਤਾਂ ਉਹਨੇ ਪੰਜ ਫੁੱਟ ਸਵਾ ਅੱਠ ਇੰਚ ਕੱਦ ਤੇ 145 ਪੌਂਡ ਭਾਰ ਲਿਖਵਾਇਆ। ਸਾਢੇ ਛੇ ਫੁੱਟਾ ਫੌਜੀ ਜੋਗਿੰਦਰ ਜੋਗੀ ਕਹਿਣ ਲੱਗਾ, “ਕਿਉਂ ਝੂਠ ਬੋਲਦਾਂ। ਕੱਦ ਤਾਂ ਤੇਰਾ ਪੌਣੇ ਅੱਠ ਇੰਚ ਆ, ਤੂੰ ਜੂੜੇ ਦਾ ਵੀ ਵਿਚੇ ਲਿਖਾਈ ਜਾਨੈਂ।”
ਮੈਂ ਉਹਦੀ ਖੁਰਾਕ ਪੁੱਛੀ ਤਾਂ ਉਸ ਨੇ ਦੁੱਧ, ਦਹੀਂ, ਆਂਡਿਆਂ ਤੇ ਮੀਟ ਦਾ ਨਾਂ ਲਿਆ। ਬਲਵੰਤ ਕਹਿਣ ਲੱਗਾ, “ਖਿਚੜੀ ਵੀ ਲਿਖਾ ਦੇ, ਇਕ ਦਿਨ ਆਪਾਂ ਖਿੱਚੜੀ ਵੀ ਖਾਧੀ ਸੀ।” ਉਹ ਉਹਦੇ ਹਰੇਕ ਜਵਾਬ `ਚ ਫਾਨਾ ਠੋਕੀ ਜਾਂਦੇ, ਜੋ ਉਨ੍ਹਾਂ ਦਾ ਸ਼ੁਗਲ ਸੀ। ਲਾਭ ਸਿੰਘ ਦਾ ਮੂੰਹ ਸੂਤਵਾਂ ਸੀ ਤੇ ਲੱਤਾਂ-ਬਾਹਾਂ ਸਡੌਲ। ਦੌੜਦਿਆਂ ਉਹ ਤੈਰਦਾ ਲੱਗਦਾ ਸੀ। ਛਾਲ ਲਾਉਣ ਲਈ ਦੌੜਨ ਵੇਲੇ ਉਹ ਲੱਤ ਨੂੰ ਤਿੰਨ-ਚਾਰ ਵਾਰ ਲਿਫਾ ਕੇ ਆਪਣੇ ਆਪ ਨੂੰ ਜੋਸ਼ ਵਿਚ ਲਿਆਉਂਦਾ। ਦੌੜਦਿਆਂ ਉਹਦੀ ਧੌਣ ਮੋਢਿਆਂ `ਚ ਵੜੀ ਲੱਗਦੀ ਸੀ ਤੇ ਬਾਹਾਂ ਬਹੁਤ ਅੱਗੇ ਪਿੱਛੇ ਲਿਜਾਂਦਾ ਸੀ। ਮੁਕਾਬਲੇ ਦਾ ਚੀੜ੍ਹਾ ਸੀ। ਇਹੋ ਕਾਰਨ ਸੀ ਕਿ ਪ੍ਰੈਕਟਿਸ `ਚ ਮਹਿੰਦਰ ਤੋਂ ਪਿੱਛੇ ਰਹਿਣ ਦੇ ਬਾਵਜੂਦ ਮੁਕਾਬਲੇ `ਚ ਕਈ ਵਾਰ ਜਿੱਤ ਜਾਂਦਾ ਸੀ। ਉਹਦਾ ਰੰਗ ਗੋਰਾ, ਤੱਕਣੀ ਸੰਗਾਊ ਤੇ ਆਵਾਜ਼ ਮੋਹ ਭਰੀ ਸੀ। ਮੇਰੇ ‘ਆਰ’ ਵਾਲੀ ਸੰਗਰੂਰੀ ਬੋਲੀ, ਪਰ ਉਹ ਸੀ ਨੂੰ ‘ਤੀ’ ਨਹੀਂ ਸੀ ਕਹਿੰਦਾ। ਗੱਲ ਬਾਤ ਸਮੇਂ ਉਹ ਕੰਨ ਅੱਗੇ ਕਰ ਕੇ ਅਗਲੇ ਦੀ ਗੱਲ ਗਹੁ ਨਾਲ ਸੁਣਦਾ ਤੇ ਸਿਹਲੀਆਂ ਚੜ੍ਹਾ ਕੇ ਹੈਰਾਨੀ ਪਰਗਟ ਕਰਦਾ!
1966 ਵਿਚ ਉਸ ਨੇ ਬੈਂਕਾਕ ਦੀਆਂ ਏਸਿ਼ਆਈ ਖੇਡਾਂ ‘ਚੋਂ 15.49 ਮੀਟਰ ਤੀਹਰੀ ਛਾਲ ਲਾ ਕੇ ਤਾਂਬੇ ਦਾ ਤਗਮਾ ਤੇ 1970 ਦੀਆਂ ਏਸਿ਼ਆਈ ਖੇਡਾਂ ‘ਚੋਂ 15.82 ਮੀਟਰ ਛਾਲ ਲਾ ਕੇ ਚਾਂਦੀ ਦਾ ਤਗਮਾ ਜਿੱਤਿਆ। ਉਥੇ 7.45 ਮੀਟਰ ਲੰਮੀ ਛਾਲ ਲਾ ਕੇ ਤਾਂਬੇ ਦਾ ਦੂਜਾ ਤਮਗਾ ਵੀ ਜਿੱਤ ਲਿਆ। ਇਸ ਪ੍ਰਾਪਤੀ ਕਰਕੇ ਉਸ ਨੂੰ ਅਰਜਨਾ ਅਵਾਰਡ ਨਾਲ ਨਿਵਾਜਿਆ ਗਿਆ। ਫੌਜ ‘ਚ ਤਰੱਕੀ ਕਰਦਾ ਉਹ ਬ੍ਰਿਗੇਡੀਅਰ ਬਣ ਕੇ ਰਿਟਾਇਰ ਹੋਇਆ। ਅੱਜ ਕੱਲ੍ਹ ਉਹ ਪਟਿਆਲੇ ਦੀ ਯਾਦਵਿੰਦਰਾ ਕਾਲੋਨੀ ਦਾ ਵਸਨੀਕ ਹੈ। ਗਰਮੀਆਂ ‘ਚ ਮੀਆਂ-ਬੀਵੀ ਸਿਆਟਲ ਰਹਿੰਦੇ ਆਪਣੇ ਦੋਹਾਂ ਪੁੱਤਰਾਂ ਪਾਸ ਜਾਂਦੇ-ਆਉਂਦੇ ਰਹਿੰਦੇ ਹਨ। ਪੁੱਤਰ ਕੰਪਿਊਟਰ ਕੰਪਨੀਆਂ ਵਿਚ ਚੰਗੇ ਅਹੁਦਿਆਂ ‘ਤੇ ਹਨ।
ਇਨ੍ਹੀਂ ਦਿਨੀਂ ‘ਬ੍ਰਿਗੇਡੀਅਰ ਲਾਭ ਸਿੰਘ ਉਲੰਪੀਅਨ’ ਨਾਂ ਦੀ ਕਿਤਾਬ ਮੇਰੇ ਹੱਥ ਆਈ ਹੈ, ਜੋ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ 2018 ਵਿਚ ਪ੍ਰਕਾਸਿ਼ਤ ਕੀਤੀ ਸੀ। ਇਹ ਖੇਡ ਪੁਸਤਕ ਬ੍ਰਿਗੇਡੀਅਰ ਲਾਭ ਸਿੰਘ ਨੇ ਸੰਦੌੜ ਦੇ ਪ੍ਰੋ. ਗੁਰਦੇਵ ਸਿੰਘ ਨਾਲ ਮਿਲ ਕੇ ਤਿਆਰ ਕੀਤੀ ਸੀ, ਜੋ ਮਸਤੂਆਣੇ ਕਾਲਜ ਵਿਚ ਪੜ੍ਹਾਉਂਦਾ ਰਿਹਾ ਸੀ। ਰਿਟਾਇਰ ਹੋਣ ਪਿੱਛੋਂ ਉਹ ਸੰਦੌੜ ਹੀ ਰਹਿ ਰਿਹੈ। ਇਹ ਪੁਸਤਕ ਜੀਵਨੀ ਦੀ ਥਾਂ ਸਵੈ-ਜੀਵਨੀ ਕਹੀ ਜਾ ਸਕਦੀ ਹੈ। ਇਹ ਤੱਥ ਤਤਕਰੇ ਤੋਂ ਹੀ ਸਪੱਸ਼ਟ ਹੈ, ‘ਮੇਰਾ ਪਿੰਡ ਮੇਰੇ ਲੋਕ’, ‘ਮੇਰੀਆਂ ਖੇਡ ਪ੍ਰਾਪਤੀਆਂ ਦਾ ਵਿਸ਼ਲੇਸ਼ਣ’, ‘ਸਾਡਾ ਪਰਿਵਾਰ’ ਅਤੇ ‘ਮੇਰੀ ਖੇਡ ਰਿਪੋਰਟ’ ਆਦਿ। ਇਸ ਦੇ ਚਾਰ ਭਾਗ ਹਨ, ਮੁੱਢਲਾ ਜੀਵਨ, ਖੇਡ ਜੀਵਨ, ਫੌਜੀ ਜੀਵਨ ਤੇ ਰਿਟਾਇਰ ਜੀਵਨ।
ਉਮਰ ਦੇ 82ਵੇਂ ਸਾਲ ‘ਚ ਲਾਭ ਸਿੰਘ ਦੱਸਦਾ ਹੈ ਕਿ ਉਦੋਂ ਉਹ ਛੇ-ਸੱਤ ਸਾਲਾਂ ਦਾ ਸੀ, ਜਦੋਂ ਉਹਦਾ ਬਾਬਾ ਉਹਨੂੰ ਛਪਾਰ ਦੇ ਮੇਲੇ ਲੈ ਗਿਆ। ਉਸ ਨੂੰ ਖਾਣ ਖਰਚਣ ਲਈ ਇਕ ਆਨਾ ਮਿਲਿਆ, ਜਿਸ ਨਾਲ ਉਸ ਨੇ ਉਰਦੂ ਅੱਖਰਾਂ ਵਾਲਾ ਜਪੁਜੀ ਸਾਹਿਬ ਖਰੀਦ ਲਿਆ। ਉਹ ਹਰ ਵੇਲੇ ਜਪੁਜੀ ਸਾਹਿਬ ਪੜ੍ਹਨ ਲੱਗਾ ਰਹਿੰਦਾ। ਮੰਜੇ ‘ਤੇ ਬੈਠਾ ਵੀ ਤੇ ਪੀੜ੍ਹੀ ‘ਤੇ ਬੈਠਾ ਵੀ। ਅੰਦਰ ਵੀ ਤੇ ਬਾਹਰ ਵੀ। ਪਿੰਡ ਵਾਲੇ ਕਹਿਣ ਲੱਗੇ ਇਹ ਕਿਸੇ ਦਿਨ ਨਾਮੀ ਸਾਧ ਸੰਤ ਬਣੂੰ। ਉਹ ਜਨਮ ਤੋਂ ਹੀ ਅਨੋਖਾ ਬਾਲ ਸੀ। ਆਪਣੀ ਮਾਂ ਦਾ ਦੁੱਧ ਤਾਂ ਚੁੰਘਣਾ ਹੀ ਸੀ, ਆਂਢ-ਗੁਆਂਢ ਜਿਹੜੀ ਵੀ ਮਾਂ ਚੱਕੀ ਪੀਂਹਦੀ ਜਾਂ ਦੁੱਧ ਰਿੜਕਦੀ ਨਜ਼ਰੀਂ ਪੈਂਦੀ, ਉਹ ਉਹਦੀ ਗੋਦ ‘ਚ ਦੁੱਧ ਚੁੰਘਣ ਜਾ ਲੱਗਦਾ। ਘੱਟੋ-ਘੱਟ ਚਾਰ ਮਾਂਵਾਂ ਉਸ ਨੂੰ ਹੁਣ ਤਕ ਯਾਦ ਹਨ, ਜਿਨ੍ਹਾਂ ਦਾ ਦੁੱਧ ਉਹਦੇ ਕਣ ਕਣ ਵਿਚ ਰਚਿਆ ਹੋਇਐ।
ਉਹਦਾ ਬਾਬਾ ਗੁੱਜਰ ਸਿੰਘ ‘ਮੌੜ’ ਇਲਾਕੇ ਦਾ ਮੋਹਤਵਰ ਬੰਦਾ ਸੀ। ਉਹਦਾ ਕੱਦ ਕਾਠ ਛੇ ਫੁੱਟ ਤੋਂ ਉੱਚਾ ਸੀ ਤੇ ਚੜ੍ਹਦੀ ਉਮਰੇ ਭਲਵਾਨੀ ਕਰਦਾ ਰਿਹਾ ਸੀ। ਉਹ ਮਿਹਨਤ ਮੁਸ਼ੱਕਤ ਵਾਲੀ 106 ਸਾਲਾਂ ਦੀ ਲੰਮੀ ਜਿੰ਼ਦਗੀ ਜਿਉਂ ਕੇ ਜੱਗ ਤੋਂ ਰੁਖਸਤ ਹੋਇਆ। ਬਾਪ ਬਖਸ਼ੀਸ਼ ਸਿੰਘ ਫੱਕਰ ਬੰਦਾ ਸੀ। ਉਹ ਤਿੰਨ ਵਾਰ ਘਰੋਂ ਸਾਧ ਬਣਨ ਲਈ ਭੱਜਿਆ, ਪਰ ਬਾਬਾ ਗੁੱਜਰ ਸਿਓਂ ਹਰ ਵਾਰ ਲੱਭ ਕੇ ਮੋੜ ਲਿਆਉਂਦਾ। ਉਹ 104 ਸਾਲ ਜੀਵਿਆ ਤੇ ਇਲਾਕੇ ਦਾ ਅਗਾਂਹਵਧੂ ਕਿਸਾਨ ਕਿਹਾ ਜਾਂਦਾ ਰਿਹਾ। ਉਹ ਲੰਮੀਆਂ ਵਾਟਾਂ ਮਾਰਦਾ ਨਗੌਰ ਦੀ ਮੰਡੀ `ਚੋਂ ਬਲਦ ਖਰੀਦਣ ਤੁਰ ਪੈਂਦਾ। ਮੰਜ਼ਲਾਂ ਮਾਰਦਾ ਗਾਉਂਦਾ ਆਉਂਦਾ: ਮਾੜੇ ਕੰਮ ਕਦੇ ਨੀ ਕੀਤੇ ਤਾਹੀਓਂ ਗੁੱਡੀਆਂ ਚੜ੍ਹੀਆਂ ਨੇ…। ਉਨ੍ਹਾਂ ਦਾ ਗੋਤ ਤਾਂ ਕਹਿਲ ਹੈ, ਪਰ ‘ਮੌੜ’ ਇਸ ਕਰਕੇ ਕਿਹਾ ਜਾਂਦੈ ਕਿ ਲੋਕਾਂ ਨੂੰ ਉਨ੍ਹਾਂ ਦਾ ਸੁਭਾਅ ਜਿਊਣੇ ਮੌੜ ਵਰਗਾ ਲੱਗਦੈ। ਪਿੰਡ `ਚ ਉਨ੍ਹਾਂ ਦੀ ਪਛਾਣ ‘ਮੌੜਾਂ ਦਾ ਲਾਣਾ’ ਕਰਕੇ ਹੈ।
ਲਾਭ ਸਿੰਘ ਦੀ ਬੇਬੇ ਭਾਗਾਂ ਵਾਲੀ ਮਾਂ ਭਾਗਵੰਤੀ ਸੀ। ਉਹ ਲਿਖਦਾ ਹੈ ਕਿ ਮੇਰੇ ਵੱਡੇ ਭਰਾ ਦਾ ਜਨਮ ਤੀਆਂ ਤੀਜ ਦੀਆਂ ਵਾਲੇ ਦਿਨ ਹੋਇਆ ਤੇ ਮੇਰਾ ਜਨਮ ਬਸੰਤ ਪੰਚਮੀ ਵਾਲੇ ਦਿਨ 12 ਫਰਵਰੀ 1940 ਨੂੰ ਹੋਇਆ। ਮੈਂ ਪਹਿਲੀ-ਦੂਜੀ ‘ਚ ਉਰਦੂ ਪੜ੍ਹਨਾ ਸਿੱਖਿਆ। ਰੱਬ ਦਾ ਸ਼ੁਕਰ ਹੈ, ਜਿਸ ਨੇ ਭਾਗਾਂ ਵਾਲੀ ਮਾਂ ਦੀ ਬਖਸਿ਼ਸ਼ ਕੀਤੀ। ਸਾਡੀ ਜੀਵਨ ਸ਼ੈਲੀ ਨੂੰ ਸਖਤ ਮਿਹਨਤ ਦੇ ਲੜ ਲਾਇਆ। ਬੇਬੇ ਦੇ ਪੇਕਿਆਂ ਨੇ ਬਾਂਗਰ ਦੇਸ਼ ਦੀ ਝੋਟੀ ਪਾਲ ਕੇ ਸਾਡੇ ਕੀਲੇ ਲਿਆ ਬੰਨ੍ਹੀ ਸੀ। ਸਾਡੇ ਘਰ ਆ ਕੇ ਉਸ ਮੱਝ ਨੇ 22-23 ਸਾਲ ਸਾਨੂੰ ਦੁੱਧ ਪਿਆਇਆ। ਕਿੰਨੀਆਂ ਈ ਕੱਟੀਆਂ ਸੂਅ ਕੇ ਸਾਡਾ ਘਰ ਝੋਟੀਆਂ ਤੇ ਮੱਝਾਂ ਨਾਲ ਭਰ ਦਿੱਤਾ। ਅਸੀਂ ਕਦੇ ਬਾਹਰੋਂ ਮੱਝ ਖਰੀਦ ਕੇ ਨਹੀਂ ਲਿਆਏ, ਸਗੋਂ ਬਹੁਤ ਸਾਰੀਆਂ ਕੱਟੀਆਂ ਪਾਲ ਕੇ ਵਪਾਰੀਆਂ ਨੂੰ ਵੇਚੀਆਂ। ਸਾਡੇ ਘਰ ਦੇਸੀ ਘਿਉ ਦੀਆਂ ਚਾਟੀਆਂ ਭਰੀਆਂ ਰਹਿੰਦੀਆਂ। ਦੁੱਧ-ਘਿਉ ਦਾ ਕਦੇ ਤੋੜਾ ਨ੍ਹੀਂ ਆਇਆ ਤੇ ਨਾ ਹੀ ਖੋਏ ਪੰਜੀਰੀਆਂ ਦਾ…।
ਲਾਭ ਸਿੰਘ ਫਿਲਾਸਫੀਆਂ ਵੀ ਘੋਟਦੈ: ਪਸ਼ੂ ਬੰਦੇ ਦਾ ਹੀ ਦੂਜਾ ਰੂਪ ਹੁੰਦੇ ਨੇ। ਦਿਲਾਂ ਦੀਆਂ ਜਾਣਦੇ ਨੇ ਬਈ ਕੌਣ ਕੀ ਕਰਦੈ? ਪਰ ਬੋਲ ਕੇ ਸੁਣਾ ਨ੍ਹੀਂ ਸਕਦੇ। ਪਸ਼ੂਆਂ ਨੂੰ, ਕੁੱਤਿਆਂ ਬਿੱਲਿਆਂ ਨੂੰ, ਖਰਗੋਸ਼ਾਂ ਨੂੰ, ਕੱਟਰੂਆਂ ਨੂੰ ਜਿੰਨਾ ਪਿਆਰ ਕਰੋਗੇ ਉਹ ਤੁਹਾਨੂੰ ਓਦੂੰ ਵੱਧ ਵਫਾਦਾਰੀ ਦੇਣਗੇ। ਇਹ ਗੁਣ ਗਧਿਆਂ ‘ਚ ਤੇ ਸੂਰਾਂ ‘ਚ ਸਭ ਤੋਂ ਵੱਧ ਹੈ। ਗਧੇ ਸਾਰਾ ਦਿਨ ਆਪਣੇ ਮਾਲਕ ਲਈ ਆਪਣੀ ਪਿੱਠ ‘ਤੇ ਇੱਟਾਂ ਢੋਂਦੇ ਰਹਿੰਦੇ ਨੇ, ਫੇਰ ਵੀ ਆਪਣੇ ਮਾਲਕ ਨੂੰ ਛੱਡ ਕੇ ਕਿਤੇ ਨੀ ਜਾਂਦੇ। ਰੂੜੀਆਂ ‘ਤੇ ਤੁਰ ਫਿਰ ਕੇ ਘਾਹ ਫੂਸ ਨਾਲ ਢਿੱਡ ਭਰ ਲੈਂਦੇ ਨੇ। ਪਰ ਬੰਦੇ ‘ਚ ਇਹ ਲੱਛਣ ਮੌਜੂਦ ਨਹੀਂ ਰਹੇ। ਬੰਦਾ ਤਾਂ ਪੂਰਾ ਅਕ੍ਰਿਤਘਣ ਹੋ ਗਿਆ। ਜਿਹੜਾ ਉਹਦਾ ਭਲਾ ਕਰਦਾ, ਉਹਦਾ ਈ ਉਹ ਬੁਰਾ ਕਰਦਾ। ਬੰਦਾ, ਬੰਦਾ ਨਹੀਂ ਰਿਹਾ, ਪ੍ਰੇਤ ਬਣ ਗਿਐ। ਜਿੰਨਾ ਚਿਰ ਖੂਨ ਪੀਣ ਨੂੰ ਮਿਲੀ ਜਾਂਦੈ, ਸਾਥ ਨ੍ਹੀਂ ਛਡਦਾ। ਖੂਨ ਨਿਚੋੜ ਕੇ ਚਲਦਾ ਬਣਦਾ। ਪੁਸਤਕ ਵਿਚੋਂ:
ਟਿੱਬਿਆਂ ਨਾਲ ਘਿਰਿਆ ਪਿੰਡ ਸੰਦੌੜ
ਮੈਂ ਮਲੇਰਕੋਟਲੇ ਨੇੜੇ ਪਿਛੜੇ ਇਲਾਕੇ ਦੇ ਪਿੰਡ ਸੰਦੌੜ ਵਿਚ ਪੈਦਾ ਹੋਇਆ। ਉਸ ਸਮੇਂ ਮਾਲਵੇ ਦਾ ਇਹ ਇਲਾਕਾ ਰਾਜਸਥਾਨ ਦੇ ਮਾਰੂਥਲਾਂ ਨਾਲ ਮਿਲਦਾ-ਜੁਲਦਾ ਸੀ। ਮੇਰਾ ਪਿੰਡ ਉੱਚੇ-ਉੱਚੇ ਰੇਤੀਲੇ ਟਿੱਬਿਆਂ ਨਾਲ ਚਾਰੇ ਪਾਸਿਆਂ ਤੋਂ ਘਿਰਿਆ ਹੋਇਆ ਸੀ। ਇਹ ਵਸਦਾ ਰਸਦਾ ਪਿੰਡ ਦੋ-ਦੋ ਮੀਲ ਤੋਂ ਕਿਧਰੇ ਵਿਖਾਈ ਨਹੀਂ ਸੀ ਦਿੰਦਾ। ਕਹਿ ਸਕਦੇ ਹਾਂ, ਇਹ ਪਿੰਡ ਟਿੱਬਿਆਂ ਦੇ ਸਾਮਰਾਜ ਦੀ ਰਾਜਧਾਨੀ ਸੀ।
ਜਦੋਂ ਰੇਤਲੇ ਟਿੱਬਿਆਂ ਉਤੇ ਸਾਵਨ ਦਾ ਮੀਂਹ ਵਰ੍ਹਦਾ, ਆਕਾਸ਼ ਮੌਲਦਾ, ਧਰਤੀ ਮੌਲਦੀ ਤਾਂ ਧਰਤੀ ‘ਚੋਂ ਭਿੰਨੀ-ਭਿੰਨੀ ਮਹਿਕ ਉਠਦੀ। ਹਰੀ ਕਚਨਾਰ ਪ੍ਰਕਿਰਤੀ ਦੀ ਆਭਾ ਲਿਸ਼ਕਾਂ ਮਾਰਨ ਲੱਗਦੀ। ਕਿੱਕਰਾਂ ਦੇ ਪੀਲੇ ਫੁੱਲਾਂ ਦੀਆਂ ਛਹਿਬਰਾਂ ਲੱਗ ਜਾਂਦੀਆਂ। ਕੰਡੇਦਾਰ ਝਾੜੀਆਂ ਤੇ ਬੰਨੇ ਬੰਨੇ ਲਾਈਆਂ ਬੇਰੀਆਂ ਨੂੰ ਬੂਰ ਪੈਣ ਲੱਗਦਾ। ਜੰਗਲੀ ਜਾਨਵਰ ਤੇ ਮੋਰ ਪੈਲਾਂ ਪਾਉਣ ਲੱਗਦੇ। ਹਿਰਨਾਂ ਦੀਆਂ ਡਾਰਾਂ ਚੁੰਘੀਆਂ ਭਰਦੀਆਂ ਵਾੜਾਂ ਟੱਪਦੀਆਂ।
ਪਿੰਡ ਦੀਆਂ ਕੁੜੀਆਂ, ਪਿੰਡ ਦੇ ਬਰੋਟਿਆਂ ‘ਤੇ ਪੀਂਘਾਂ ਝੂਟਦੀਆਂ। ਬੋਲੀਆਂ ਪਾਉਂਦੀਆਂ, ਪੇਕਿਆਂ ਦੇ ਸ਼ਗਨ ਮਨਾਉਂਦੀਆਂ। ਪਿੰਡ ਦੇ ਗੱਭਰੂ, ਬੁੱਢੜੇ, ਨੱਢੇ ਤੇ ਬਾਲ-ਬੱਚੇ ਪਹਿਨ-ਪੱਚਰ ਕੇ ਬੋਲੀਆਂ ਪਾਉਂਦੇ ਛਪਾਰ ਦੇ ਮੇਲੇ ‘ਤੇ ਤੁਰ ਜਾਂਦੇ। ਛਪਾਰ ਦੇ ਮੇਲੇ ‘ਤੇ ਮਲਵਈ ਗਿੱਧਾ ਪੈਂਦਾ। ਅਲਗੋਜਿ਼ਆਂ ਦੀ ਗੂੰਜ ਸੁਣਾਈ ਦਿੰਦੀ। ਲੋਕ ਗੁੱਗਾ ਮਾੜੀ ਦੀ ਪਰਿਕਰਮਾ ਕਰਦੇ। ਮਿੱਟੀ ਕੱਢਦੇ, ਸੁੱਖਾਂ ਲਾਹੁੰਦੇ। ਗੁੱਗਾ-ਮਾੜੀ ‘ਤੇ ਢੋਲੀ ਢੋਲ ਵਜਾਉਂਦੇ। ਰੌਣਕਾਂ ਲੱਗੀਆਂ ਰਹਿੰਦੀਆਂ। ਚੂਰੀਆਂ ਖਾ ਕੇ ਤਿੰਨ ਦਿਨਾਂ ਪਿੱਛੋਂ ਅਸੀਂ ਪਿੰਡ ਆ ਵੜਦੇ।
ਪਿੰਡ ਦੇ ਖੂਹ ‘ਤੇ ਸਵੇਰੇ ਸ਼ਾਮ ਰੌਣਕਾਂ ਲੱਗਦੀਆਂ। ਵੰਗਾਂ ਛਣਕਾਉਂਦੀਆਂ ਮੁਟਿਆਰਾਂ ਲੱਜ ਤੇ ਡੋਲ ਚੁੱਕੀ ਜਾਂਦੀਆਂ। ਘੜੇ ਖੂਹ ਦੀ ਮੌਣ ‘ਤੇ ਲਿਜਾ ਰੱਖਦੀਆਂ। ਗੋਰੀਆਂ ਵੀਣੀਆਂ ਵਿਚੋਂ ਰੰਗ ਬਰੰਗੀਆਂ ਚੂੜੀਆਂ ਦੀ ਛਣਕਾਰ ਸੁਣਾਈ ਦਿੰਦੀ। ਖੇਤਾਂ ‘ਚੋਂ ਹਲ ਵਾਹ ਕੇ ਆਉਂਦੇ ਹਾਲੀ, ਮੱਝੀਆਂ ਚਾਰ ਕੇ ਆਉਂਦੇ ਪਾਲੀ, ਰਾਹੇ ਰਾਹ ਜਾਂਦੇ ਰਾਹੀ, ਖੂਹ ‘ਤੇ ਡੋਲ ਖਿੱਚਦੀਆਂ ਮੁਟਿਆਰਾਂ ਅੱਗੇ ਪਾਣੀ ਪੀਣ ਲਈ ਹੱਥ ਅੱਡੀ ਆ ਬਹਿੰਦੇ। ਵੰਗਾਂ ਦਾ ਛਣਕਾਟਾ ਉਡੇ ਜਾਂਦੇ ਪੰਛੀਆਂ ਦਾ ਮਨ ਮੋਹ ਲੈਂਦਾ। ਆਪਣੀ ਤ੍ਰੇਹ ਬੁਝਾ ਕੇ ਤੇ ਮ੍ਰਿਗ ਤ੍ਰਿਸ਼ਨਾ ਮਿਟਾ ਕੇ ਰਾਹੀ ਅਗਲੇ ਪੰਧ ‘ਤੇ ਤੁਰ ਜਾਂਦੇ।
ਪਿੰਡ ਫਰਵਾਲੀ ਭਾਈ ਮੂਲੇ ਦਾ ਗਾਜਰਾਂ-ਪੱਟ ਮੇਲਾ ਲੱਗਦਾ। ਢੋਲ ਨਗਾਰੇ ਵੱਜਦੇ। ਅਖਾੜਿਆਂ ‘ਚ ਗੱਭਰੂ ਡੰਡ ਬੈਠਕਾਂ ਮਾਰਨ ਆ ਲੱਗਦੇ। ਸੰਝਾਂ ਪੈਂਦੀਆਂ, ਪੰਜ ਗਰਾਈਆਂ ਦਾ ਸ਼ੇਰਾ ਪਿੰਡੇ ‘ਤੇ ਤੇਲ ਮਲਦਾ। ਉਹਦਾ ਪਿੰਡਾ ਲਿਸ਼ਕਾਂ ਮਾਰਨ ਲੱਗਦਾ। ਝੰਡੀ ਚੁੱਕ ਕੇ ਅਖਾੜੇ ‘ਚ ਗੇੜਾ ਦਿੰਦਾ। ਰੋਡੇ ਲੰਡਿਆਂ ਦਾ ਪੰਡਤ ਕੱਪੜੇ ਲਾਹ ਕੇ ਮੈਦਾਨ ‘ਚ ਆ ਉਤਰਦਾ। ਸੌਂਚੀ ਦੀ ਖੇਡ ‘ਚ ਇਕ ਦੂਜੇ ਦੇ ਤਲੀਆਂ ਪੈਂਦੀਆਂ। ਸ਼ੇਰਾ ਫੜਿਆ ਫੜ ਨਾ ਹੁੰਦਾ। ਬਾਜ਼ੀਗਰ ਬਾਜ਼ੀ ਦੇ ਕਰਤਬ ਦਿਖਾਉਣ ਆ ਲੱਗਦੇ। ਨਾਟਕ ਮੰਡਲੀਆਂ ਪਿੰਡ ‘ਚ ਰਾਸ ਲੀਲ੍ਹਾ ਦੀ ਰਾਸ ਰਚਾ ਕੇ ਲੋਕਾਂ ਦਾ ਮਨੋਰੰਜਨ ਕਰਦੀਆਂ। ਜਲਸੇ ਦੇ ਸ਼ੌਕੀਨ ਨਚਾਰਾਂ ਨੂੰ ਅੱਡ ਸੱਦਾ ਦਿੰਦੇ। ਮਸ਼ਾਲਾਂ ਦੇ ਚਾਨਣ ‘ਚ ਨੱਚਦੇ ਨਚਾਰ ਧਮਾਲਾਂ ਪਾਉਂਦੇ। ਉਨ੍ਹਾਂ ਦੀਆਂ ਝਾਂਜਰਾਂ ਛਣਕਦੀਆਂ ਤੇ ਗੁੱਤਾਂ ਮੇਲ੍ਹਦੀਆਂ।
ਗੱਡੀਆਂ ਵਾਲੇ ਰਾਜਪੂਤ ਲੁਹਾਰ ਖੁੱਲ੍ਹੀਆਂ ਥਾਂਵਾਂ ‘ਤੇ ਕੋਕਿਆਂ ਜੜੀਆਂ ਗੱਡੀਆਂ ਲਿਆ ਖਲ੍ਹਾਰਦੇ। ਉਨ੍ਹਾਂ ‘ਤੇ ਨਿੱਕ-ਸੁੱਕ ਲੱਦਿਆ ਹੁੰਦਾ। ਦਰੀਆਂ ਤੇ ਜੁੱਲੀਆਂ। ਗੱਡੀਆਂ ਵਾਲੀਆਂ ਪਿੰਡ ‘ਚ ਤੱਕਲੇ, ਭੂਕਣੇ ਤੇ ਖੁਰਚਣੀਆਂ ਵੇਚਣ ਤੁਰ ਪੈਂਦੀਆਂ। ਆਜੜੀ ਭੇਡਾਂ ਬੱਕਰੀਆਂ ਚਾਰਦੇ ਰੇਤਲੇ ਟਿੱਬਿਆਂ ਦੀ ਪਰਿਕਰਮਾ ਕਰਦੇ। ਕੋਇਲਾਂ ਗੀਤ ਗਾਉਂਦੀਆਂ, ਘੁੱਗੀਆਂ ਘੂੰ-ਘੂੰ ਕਰਦੀਆਂ ਤੇ ਬੰਬੀਹੇ ਬੋਲਦੇ।
ਲੋਕ ਸਿ਼ਕਾਰੀ ਕੁੱਤਿਆਂ ਦੀਆਂ ਡੋਰਾਂ ਫੜ ਕੇ ਹਿਰਨਾਂ ਦਾ, ਖਰਗੋਸ਼ਾਂ ਦਾ ਸਿ਼ਕਾਰ ਕਰਨ ਤੁਰ ਪੈਂਦੇ। ਪਿੰਡ ਦੀ ਮਸੀਤ ‘ਚੋਂ ਮੌਲਵੀ ਮੀਆਂ ਬਾਂਗ ਦਿੰਦਾ। ਸੁਆਣੀਆਂ ਜੰਮੇ ਹੋਏ ਦੁੱਧ ਦੇ ਰਿੜਕਣੇ ‘ਚ ਮਧਾਣੀਆਂ ਪਾ ਦੁੱਧ ਰਿੜਕਣ ਲੱਗਦੀਆਂ। ਆਟਾ ਪੀਹਣ ਵਾਲੀਆਂ ਚੱਕੀਆਂ ਦੀ ਗੂੰਜ ਘਰਾਂ ‘ਚੋਂ ਸੁਣਾਈ ਦੇਣ ਲੱਗਦੀ। ਚੁੱਲ੍ਹਿਆਂ ‘ਚ ਅੱਗਾਂ ਬਲਦੀਆਂ। ਹਾਲੀ ਬਲਦਾਂ ਦੀਆਂ ਜੋਗਾਂ ਖੇਤਾਂ ਨੂੰ ਲੈ ਤੁਰਦੇ। ਟੱਲੀਆਂ ਦੀ ਟੁਣਕਾਰ ‘ਚ ਚਿੜੀਆਂ ਚੂਕਣ ਦੀਆਂ ਮਿੱਠੀਆਂ ਧੁਨਾਂ ਸੁਣਾਈ ਦਿੰਦੀਆਂ। ਸਵੇਰੇ ਸਵੇਰੇ ਡੇਰੇ ਵਾਲੀ ਖੂਹੀ ‘ਤੇ ਡੋਲ ਦੀ ਖੜਕਾਰ ਹੋਣ ਲੱਗਦੀ। ਮੰਦਰ ਵਾਲਾ ਬਾਬਾ ਸੰਖ ਵਜਾਉਂਦਾ। ਰਣਸਿੰਗਾ ਗੂੰਜਦਾ। ਟੱਲਾਂ ਦੀ ਟੁਣਕਾਰ ਦੂਰ ਦੂਰ ਤਕ ਸੁਣਾਈ ਦਿੰਦੀ।
ਜਦੋਂ ਮੈਂ ਸੱਤਾਂ ਸਾਲਾਂ ਦਾ ਸਾਂ ਤਾਂ 1947 ਦੀਆਂ ਗਰਮੀਆਂ ਕਹਿਰ ਲੈ ਆਈਆਂ। ਵਸਦੇ-ਰਸਦੇ, ਹੱਸਦੇ ਖੇਡਦੇ ਪੰਜਾਬ ਦੀ ਫਿਜ਼ਾ ਨੂੰ ਮਜ਼ਹਬੀ ਨਫਰਤਾਂ ਦੀ ਅੱਗ ਨੇ ਸਾੜ ਸੁੱਟਿਆ। ਤੀਆਂ ਦੇ ਗੀਤਾਂ ਨੂੰ ਵੈਣਾਂ ਵਿਚ ਬਦਲ ਦਿੱਤਾ। ਪੀਂਘਾਂ ਝੂਟਣ ਵਾਲੀਆਂ ਲੱਜਾਂ ਬਰੋਟਿਆਂ ‘ਤੇ ਲਮਕਦੀਆਂ ਰਹਿ ਗਈਆਂ। ਪਿਆਰ ਪੀਂਘਾਂ ਤੇ ਇਸ਼ਕ-ਸੁਨੇਹੇ ਅੱਧਵਾਟਿਓਂ ਟੁੱਟ ਗਏ। ਖੁਸ਼ੀਆਂ ਗਮੀਆਂ ਵਿਚ ਬਦਲ ਗਈਆਂ। ਉਸ ਕਹਿਰ ਦਾ ਵਰਣਨ ਕਰਨ ਲੱਗਿਆਂ ਜੀਭ ‘ਤੇ ਛਾਲੇ ਪੈ ਜਾਂਦੇ ਹਨ। ਸੁਰਮੇ ਵਾਲੀਆਂ ਅੱਖਾਂ ਚੋਭਲ ਸੁੱਟੀਆਂ ਗਈਆਂ। ਦੁਨੀਆਂ ਦੇ ਕਿਸੇ ਹਿੱਸੇ ‘ਚ ਵੀ ਅਜਿਹਾ ਕਹਿਰ ਕਦੇ ਨਹੀਂ ਸੀ ਵਾਪਰਿਆ…।
ਮੇਰਾ ਪਹਿਲਾ ਹਾਫ ਸਟੈੱਪ ਐਂਡ ਜੰਪ
ਮੇਰੀ ਉਮਰ ਦਾ ਸੋਲ੍ਹਵਾਂ ਵਰ੍ਹਾ ਦਸਤਕ ਦੇ ਚੁਕਾ ਸੀ। ਦਸਵੀਂ ਕਲਾਸ ਦਾ ਵਿਦਿਆਰਥੀ ਸਾਂ। ਸਰਕਾਰੀ ਹਾਈ ਸਕੂਲ ਸੰਦੌੜ ਨਵਾਂ ਨਵਾਂ ਹੋਂਦ ‘ਚ ਆਇਆ ਸੀ। ਸ. ਹਰਭਜਨ ਸਿੰਘ ਵਾਈ. ਐਮ. ਸੀ. ਏ. ਮਦਰਾਸ ਤੋਂ ਪੀ. ਟੀ. ਆਈ. ਦਾ ਕੋਰਸ ਕਰ ਕੇ ਸਾਡੇ ਸਕੂਲ ਪੜ੍ਹਾਉਣ ਲੱਗਾ ਸੀ। ਸਰਦਾਰ ਇੰਦਰਜੀਤ ਸਿੰਘ ਸਾਡੇ ਸਕੂਲ ਦੇ ਮੁੱਖ ਅਧਿਆਪਕ ਸਨ। ਮੁੱਖ ਅਧਿਆਪਕ ਤੇ ਸ. ਹਰਭਜਨ ਸਿੰਘ ਨੇ ਰਲ ਕੇ ਸਕੂਲ ‘ਚ ਸਾਲਾਨਾ ਸਪੋਰਟਸ ਕਰਾਉਣ ਦਾ ਮਤਾ ਪਕਾਇਆ। ਪੀ. ਟੀ. ਆਈ. ਹਰਭਜਨ ਸਿੰਘ ਨੇ ਇਕ ਨਵੇਂ ਈਵੈਂਟ, ਹੌਪ ਸਟੈੱਪ ਐਡ ਜੰਪ ਦੀ ਸਕੂਲ ਦੇ ਖਿਡਾਰੀਆਂ ਨੂੰ ਜਾਣਕਾਰੀ ਦਿੱਤੀ। ਇਹ ਈਵੈਂਟ ਸਾਰਿਆਂ ਲਈ ਨਵਾਂ ਤੇ ਅਨੋਖਾ ਸੀ, ਜੋ ਸਾਡੇ ਸਕੂਲ ਵਿਚ ਪਹਿਲੀ ਵਾਰ ਕਰਾਇਆ ਜਾਣਾ ਸੀ। ਕਈ ਦਿਨ ਮੈਂ ਇਸ ਨਵੇਂ ਈਵੈਂਟ ਬਾਰੇ ਆਪਣੇ ਮਨ ‘ਚ ਸੋਚਦਾ ਰਿਹਾ। ਖੇਡ ਅਣਜਾਣੀ ਸੀ, ਪਰ ਮੈਂ ਮਨ ‘ਚ ਧਾਰ ਲਿਆ ਕਿ ਇਸੇ ਵਿਚ ਭਾਗ ਲਵਾਂਗਾ ਤੇ ਕਿਸੇ ਹੋਰ ਖੇਡ ਵਿਚ ਨਹੀਂ ਪਵਾਂਗਾ। ਦ੍ਰਿੜ ਇਰਾਦਾ ਕਰ ਲਿਆ ਕਿ ਇਸ ਵਿਚ ਲਾਜ਼ਮੀ ਜਿੱਤ ਹਾਸਲ ਕਰਨੀ ਹੈ। ਮੈਂ ਇਸ ਨਵੀਂ ਚਣੌਤੀ ਨਾਲ ਜੂਝਣਾ ਸਵੀਕਾਰ ਕਰ ਲਿਆ। ਇਹ ਮੇਰੇ ਲਈ, ਹੋਰਨਾਂ ਖਿਡਾਰੀਆਂ ਲਈ, ਦਰਸ਼ਕਾਂ ਲਈ, ਸਕੂਲ ਲਈ, ਨਵੀਂ ਤੇ ਅਜੀਬ ਖੇਡ ਸੀ। ਮੁਸ਼ਕਿਲ ਸੀ, ਪਰ ਚੈਲੰਜ ਸੀ।
ਮੈਂ ਮਾਨਸਿਕ ਤੌਰ ‘ਤੇ ਇਹ ਜੰਪ ਕਈ ਵਾਰ ਲਾ ਚੁਕਾ ਸਾਂ। ਆਖਰ ਉਡੀਕ ਦੀਆਂ ਘੜੀਆਂ ਮੁੱਕੀਆਂ। ਜੰਪ ਲਾਉਣ ਦਾ ਸਮਾਂ, ਸਥਾਨ ਤੇ ਕਾਰਜ ਨੇੜੇ ਆਣ ਢੁੱਕਾ। ਅਨੇਕਾਂ ਖਿਡਾਰੀਆਂ ਨੇ ਆਪਣੀ ਕਿਸਮਤ ਅਜ਼ਮਾਈ। ਮੇਰੀ ਜੰਪ ਕਰਨ ਦੀ ਵਾਰੀ ਆਈ। ਤਾੜੀਆਂ ਦੀ ਗੂੰਜ ਵਿਚ ਮੈਂ ਪਹਿਲੇ ਨੰਬਰ ‘ਤੇ ਛਾਲ ਮਾਰ ਵਿਖਾਈ। ਛਾਲ ਮਾਪਣ ਲਈ ਫੀਤੇ ਦੀ ਵਰਤੋਂ ਕੀਤੀ ਤਾਂ ਮੇਰੀ ਛਾਲ ਸਕੂਲ ਦੇ ਸਾਰੇ ਖਿਡਾਰੀਆਂ ਨਾਲੋਂ 10 ਫੁੱਟ ਅੱਗੇ ਸੀ। ਇਉਂ ਮੈਂ ਪਹਿਲੀ ਛਾਲ ਨਾਲ ਹੀ ਪੰਜਾਬ ਸਕੂਲ ਖੇਡਾਂ ਵਿਚ ਰੱਖਿਆ ਰਿਕਾਰਡ ਤੋੜ ਦਿੱਤਾ। ਮੈਂ ਨੰਗੇ ਪੈਰੀਂ ਛਾਲ ਮਾਰੀ ਸੀ। ਇਉਂ ਨਵਾਂ ਅਜੂਬਾ ਸਥਾਪਤ ਕਰ ਵਿਖਾਇਆ। ਕਦੇ ਸੋਚਿਆ ਤਕ ਨਹੀਂ ਸੀ। ਨਵੀਂ ਖੇਡ ਨੇ, ਨਵੇਂ ਅਜੂਬੇ ਨੇ, ਮੈਨੂੰ ਸਕੂਲ ਦਾ, ਸਕੂਲ ਦੇ ਖਿਡਾਰੀਆਂ ਦਾ ਨਾਇਕ ਬਣਾ ਦਿੱਤਾ। ਇਹ ਬੜੇ ਫਖਰ ਵਾਲੀ ਗੱਲ ਸੀ। ਇਕ ਨਵੀਂ ਕਿਸਮ ਦੀ ਹਲਚਲ ਸੀ, ਅਜੂਬਾ ਸੀ। ਉਹ ਗੂੜ੍ਹ ਗਿਆਨ ਦੀਆਂ ਗੱਲਾਂ ਵੀ ਕਰਦਾ ਹੈ:
ਅਜੂਬਾ ਨਹੀਂ ਸੁਭਾਵਿਕ ਘਟਨਾ ਸੀ
ਕੈਨੇਡਾ ਦੇ ਡਾਕਟਰ ਬਲੱਈ ਨੇ ਵਿਸ਼ਵ ਨੂੰ ਲਾਂਗ-ਟਰਮ ਅਥਲੈਟਿਕ ਡਿਵੈਲਪਮੈਂਟ ਮਾਡਲ ਪਿਛਲੀ ਸਦੀ ਦੇ ਅੰਤਲੇ ਦਹਾਕੇ ਵਿਚ ਦਿੱਤਾ ਹੈ। ਇਸ ਨੂੰ ਤਕਰੀਬਨ ਸਾਰੇ ਹੀ ਦੇਸ਼ਾਂ ਨੇ ਸਵੀਕਾਰ ਕੀਤਾ ਹੈ। ਇਹ 21ਵੀਂ ਸਦੀ ਦੇ ਖਿਡਾਰੀਆਂ ਅਤੇ ਆਮ ਜੀਵਨ-ਸ਼ੈਲੀ ਦੇ ਪੂਰੀ ਤਰ੍ਹਾਂ ਅਨੁਕੂਲ ਹੈ। ਇਸ ਮਾਡਲ ਦੀਆਂ ਸਟੇਜਾਂ ਸਕੂਲ ਦੇ ਛੇ ਸਾਲਾਂ ਦੇ ਬੱਚੇ ਤੋਂ ਹੀ ਅਰੰਭ ਹੁੰਦੀਆਂ ਹਨ। ਸਕੂਲੀ ਉਮਰ ਯਾਨਿ 6-16 ਸਾਲ ਤਕ ਇਨ੍ਹਾਂ ਤੱਤਾਂ ਬਾਰੇ ਧਿਆਨ ਦੇਣਾ ਜ਼ਰੂਰੀ ਹੈ।
ਫਾਊਂਡੇਸ਼ਨ ਯਾਨਿ ਨੀਂਹ ਪੱਕੀ ਕਰਨ ਵਾਲੇ ਤੱਤ। ਬੱਚੇ ਨੂੰ ਖੇਡਾਂ ਅਤੇ ਜੀਵਨ ਵਿਚ ਵਿਚਰਨ ਲਈ ਪਹਿਲਾਂ ਨੀਂਹ ਪੱਕੀ ਕਰਨੀ ਜ਼ਰੂਰੀ ਹੈ। ਜਿਹੜਾ ਬੱਚਾ ਇਸ ਤੋਂ ਸੱਖਣਾ ਰਹਿੰਦਾ ਹੈ, ਉਹ ਇਸ ਕਮੀ ਨੂੰ ਜੀਵਨ ਭਰ ਮਹਿਸੂਸ ਕਰਦਾ ਰਹਿੰਦਾ ਹੈ। ਉਹ ਇਹ ਕਮੀ ਬਾਅਦ ਵਿਚ ਕਦੇ ਵੀ ਪੂਰੀ ਨਹੀਂ ਕਰ ਸਕਦਾ।
ਏ. ਬੀ. ਸੀ. ਐੱਸ. ਆਫ ਅਥਲੈਟਿਕਸ ਯਾਨਿ ਦੌੜਨਾ, ਕੁੱਦਣਾ, ਛੁੱਟਣਾ ਤੇ ਫੈਂਕਣਾ ਆਦਿ। ਏ-ਏਜਿ਼ਲਟੀ ਯਾਨਿ ਲਚਕ। ਬੀ-ਬੈਲੈਂਸ ਯਾਨਿ ਸਮਤੋਲਤਾ। ਸੀ-ਕੁਆਰਡੀਨੇਸ਼ਨ ਯਾਨਿ ਤਾਲ-ਮੇਲ। ਐੱਸ-ਸਪੀਡ ਯਾਨਿ ਗਤੀ ਦਾ ਅਧਿਐਨ ਹੋਣਾ ਚਾਹੀਦਾ ਹੈ। ਇਸ ਨਾਲ ਹੀ ਸਾਨੂੰ ਵਧੀਆ ਤੁਰਨਾ-ਫਿਰਨਾ, ਨੱਚਣਾ-ਟੱਪਣਾ, ਯਾਨਿ ਹਰ ਤਰ੍ਹਾਂ ਦੀਆਂ ਮੋਟਰ ਸਕਿੱਲਾਂ ਤੇ ਹਰਕਤੀ ਹੁਨਰ ਪ੍ਰਾਪਤ ਕਰਨ ਵਿਚ ਕਾਮਯਾਬੀ ਮਿਲਦੀ ਹੈ। ਫਿਰ ਅੱਗੇ ਜਾ ਕੇ ਖੇਡ ਹੁਨਰ ਵੀ ਕਮਾਲ ਦੇ ਸਿੱਖ ਜਾਂਦੇ ਹਾਂ।
ਫਿਜ਼ੀਕਲ ਲਿਟਰੇਸੀ ਯਾਨਿ ਸਰੀਰਕ ਸਾਕਸ਼ਰਤਾ। ਅੱਲ੍ਹੜ ਅਵੱਸਥਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰੀਰਕ ਸਾਕਸ਼ਰਤਾ ਪ੍ਰਾਪਤ ਕਰਨ ਦੀਆਂ ਗਤੀਵਿਧੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਇਹ ਸਾਕਸ਼ਰਤਾ ਉਮਰ ਭਰ ਲਈ ਵਿਕਸਿਤ ਹੁੰਦੀ ਰਹਿੰਦੀ ਹੈ। ਵਿਸ਼ਵ ਪੱਧਰ ਦੀਆਂ ਵੱਡੀਆਂ ਖੇਡ ਪ੍ਰਾਪਤੀਆਂ ਇਸ ਬਿਨਾ ਸੰਭਵ ਨਹੀਂ। ਮੈਂ ਬਹੁਤ ਸਰਗਰਮ ਰਹਿ ਕੇ ਆਪਣਾ ਬਚਪਨ ਬਿਤਾਇਆ ਸੀ। ਹਿਰਨਾਂ ਤੇ ਖਰਗੋਸ਼ਾਂ ਮਗਰ ਦੌੜਿਆ ਸੀ। ਟਿੱਬੇ ਗਾਹੇ ਸਨ। ਟਪੂਸੀਆਂ ਮਾਰੀਆਂ ਸਨ। ਮੁੜ੍ਹਕਾ ਵਹਾਇਆ ਸੀ। ਤਪ ਕੀਤਾ ਸੀ। ਮੈਨੂੰ ਬਹੁਤ ਉੱਚੇ ਦਰਜੇ ਦੀ ਫਿਜ਼ੀਕਲ ਲਿਟਰੇਸੀ ਆਪਣੀ 16 ਸਾਲ ਦੀ ਉਮਰ ਤਕ ਮਿਲੀ ਚੁਕੀ ਸੀ। ਇਸੇ ਕਾਰਨ ਮੈਂ ਹੌਪ, ਸਟੈੱਪ ਐਡ ਜੰਪ ਵਿਚ ਜੀਵਨ ਦੀ ਪਹਿਲੀ ਛਾਲ ਮਾਰ ਕੇ ਪੰਜਾਬ ਸਕੂਲਾਂ ਦਾ ਰਿਕਾਰਡ ਤੋੜ ਦਿੱਤਾ ਸੀ।
ਲਾਭ ਸਿੰਘ ਦੱਸਦਾ ਹੈ ਕਿ ਉਹ ਤੇ ਅਜਮੇਰ ਸਿੰਘ ਸਰਕਾਰੀ ਕਾਲਜ ਮਲੇਰਕੋਟਲੇ ਪੜ੍ਹਨ ਪਿੱਛੋਂ ਜਦੋਂ ਸਰੀਰਕ ਸਿੱਖਿਆ ਕਾਲਜ ਗਵਾਲੀਅਰ ਵਿਚ ਪੜ੍ਹਦੇ ਸਨ ਤਾਂ 1960 ਦੀਆਂ ਰੋਮ ਓਲੰਪਿਕਸ ਖੇਡਾਂ ਦੀ ਰੇਡੀਓ ਤੋਂ ਕੁਮੈਂਟਰੀ ਸੁਣੀ ਸੀ। ਉਸ ਵਿਚ ‘ਮਿਲਖਾ ਮਿਲਖਾ’ ਹੋ ਰਹੀ ਸੀ। ਅਸੀਂ ਕੁਮੈਂਟਰੀ ਸੁਣ ਕੇ ਤਹੱਈਆ ਕਰ ਲਿਆ ਕਿ ਚਾਰ ਸਾਲਾਂ ਬਾਅਦ ਆਪਾਂ ਵੀ ਮਿਲਖਾ ਸਿੰਘ ਵਾਂਗ ਟੋਕੀਓ ਦੀਆਂ ਓਲੰਪਿਕ ਖੇਡਾਂ `ਚ ਚੱਲਾਂਗੇ। ਦ੍ਰਿੜ ਇਰਾਦੇ ਤੇ ਕਠਨ ਮਿਹਨਤ ਨਾਲ ਅਸੀਂ ਸੱਚਮੁੱਚ ਟੋਕੀਓ ਓਲੰਪਿਕਸ ਵਿਚ ਗਏ। ਐਸਾ ਕੁਝ ਵੀ ਨਹੀਂ ਹੈ, ਜੋ ਬੰਦਾ ਕਰ ਨਹੀਂ ਸਕਦਾ। ਹਿੰਮਤ ਤੇ ਮਿਹਨਤ ਨਾਲ ਸਭ ਕੁਝ ਕੀਤਾ ਜਾ ਸਕਦੈ। ਓਲੰਪੀਅਨ ਲਾਭ ਸਿੰਘ ਦੀ ਇਹ ਪੁਸਤਕ ਹਿੰਮਤੀ ਗੱਲਾਂ ਨਾਲ ਭਰੀ ਪਈ ਹੈ। ਮੈਂ ਚਾਹਾਂਗਾ ਉਹ ਫਾਈਨਲ ਛਾਲ ਲਾਉਣ ਵਾਂਗ ਫਾਈਨਲ ਪੁਸਤਕ ‘ਸੰਦੌੜ ਤੋਂ ਸਿਆਟਲ’ ਵੀ ਲਿਖੇ, ਜਿਸ ਨਾਲ ਪੰਜਾਬੀ ਖੇਡ ਸਾਹਿਤ ਵਿਚ ਹੋਰ ਵਾਧਾ ਹੋਵੇ।