ਸੁਪਨਿਆਂ ਨੂੰ ਫੜਦਿਆਂ…

ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਸੀ ਕਿ ਕੁਝ ਲੋਕ ਸੱਜਣਤਾਈ ਦਾ ਮਾਣ ਹੁੰਦੇ, ਜਿਨ੍ਹਾਂ ਦੀ ਸੰਗਤ ਵਿਚ ਰੂਹ ਖਿੜ ਜਾਂਦੀ।

ਕੁਝ ਲੋਕ ਖਰੇ ਸੋਨੇ ਵਰਗੇ, ਜੋ ਖੁਦ ਨੂੰ ਲੋਕਾਈ ਤੇ ਕਾਇਨਾਤ ਲਈ ਅਰਪਿੱਤ ਕਰਦੇ ਅਤੇ ਚੰਗਿਆਈ ਦਾ ਮੁਜੱਸਮਾ ਬਣ ਲੋਕ ਭਲਿਆਈ ਵਿਚੋਂ ਮਾਨਵਤਾ ਨੂੰ ਭਾਲਦੇ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੁਪਨਿਆਂ ਨੂੰ ਫੜਨ ਦੀ ਕੋਸਿ਼ਸ਼ ਕੀਤੀ ਹੈ, “ਜਿ਼ੰਦਗੀ ਵਿਚ ਕਦੇ ਵੀ ਆਪਣੇ ਸੁਪਨੇ ਨੂੰ ਮਰਨ ਨਾ ਦਿਓ। ਸੁਪਨੇ ਵਿਚੋਂ ਹੀ ਹੋਰ ਬਹੁਤ ਸਾਰੇ ਸੁਪਨੇ ਉਗਦੇ, ਕਿਉਂਕਿ ਸੁਪਨਸਾਜ਼ੀ ਮਨੁੱਖ ਦਾ ਉਹ ਮੀਰੀ ਗੁਣ ਹੈ, ਜੋ ਮਨੁੱਖੀ ਵਿਕਾਸ ਅਤੇ ਵਿਸਥਾਰ ਨੂੰ ਜਨਮ ਦਿੰਦਾ; ਪਰ ਸੁਪਨਾ ਮੰਗਦਾ ਹੈ ਸਿਰੜ, ਸਿਦਕ, ਨਿਰੰਤਰਤਾ ਤੇ ਕੇਂਦਰਤ ਧਿਆਨ। ਖੁਦ ਨੂੰ ਸੇਧਤ ਤੇ ਪ੍ਰਤੀਬੱਧ ਕਰਨਾ ਅਤੇ ਇਸ ਦੀ ਪ੍ਰਾਪਤੀ ਤੋਂ ਘੱਟ ਕੁਝ ਵੀ ਨਾ ਮਨਜ਼ੂਰ ਕਰਨਾ।” ਉਨ੍ਹਾਂ ਦਾ ਕਹਿਣਾ ਹੈ, “ਸੁਪਨਾ ਸੱਚ ਕਰਨ ਲਈ ਜਰੂਰੀ ਹੈ ਕਿ ਸੁਪਨਿਆਂ ਦਾ ਪਿੱਛਾ ਕਰਦੇ ਰਹੀਏ, ਜਦ ਤੀਕ ਅਸੀਂ ਇਸ ਦੀ ਡਾਹ ਨਹੀਂ ਲੈਂਦੇ। ਸੋ ਲੋੜ ਹੈ, ਸੁਪਨਿਆਂ ਦੇ ਸੱਚ ਲਈ, ਸੁਪਨ-ਸਾਧਨਾ ਅਤੇ ਸਿਰੜ-ਯਾਤਰਾ ਸਦਾ ਕਰਦੇ ਰਹੀਏ।”

ਡਾ. ਗੁਰਬਖਸ਼ ਸਿੰਘ ਭੰਡਾਲ

ਸੁਪਨਾ, ਸੰਭਾਵਨਾਵਾਂ, ਸਮਰੱਥਾ, ਸਾਧਨਾ ਅਤੇ ਸਮਰਪਿਤਾ ਦਾ ਸੰਯੋਗ। ਮਨੁੱਖੀ ਮਨ ਦੀ ਉਡਾਣ ਅਤੇ ਹਿੰਮਤ ਦੀ ਪਰਪੱਕਤਾ। ਉਦੇਸ਼ ਤੇ ਮੰਜਿ਼ਲ ਨੂੰ ਮਿੱਥਣ ਅਤੇ ਇਨ੍ਹਾਂ ਨੂੰ ਪ੍ਰਾਪਤ ਕਰਨ ਦੀ ਲੋਚਾ।
ਸੁਪਨੇ ਹਰੇਕ ਲੈਂਦਾ। ਕੁਝ ਦਿਨੇ, ਕੁਝ ਰਾਤ ਨੂੰ। ਕੁਝ ਜਾਗਦਿਆਂ ਤੇ ਕੁਝ ਸੁੱਤਿਆਂ। ਕੁਝ ਸੁਪਨੇ ਪਲ ਭਰ ਦੇ, ਕੁਝ ਕੁ ਦਿਨਾਂ ਦੇ ਪ੍ਰਾਹੁਣੇ ਅਤੇ ਕੁਝ ਉਮਰਾਂ ਤੀਕ ਨਿੱਭਦੇ। ਕੁਝ ਸੁਪਨੇ ਅੱਧੇ-ਅਧੂਰੇ, ਅਤੇ ਕੁਝ ਸਿਰਫ ਸੁਪਨੇ ਲੈਣ ਲਈ ਹੀ ਹੁੰਦੇ, ਪਰ ਕੁਝ ਸੁਪਨੇ ਪੂਰੇ ਕਰਨ ਅਤੇ ਇਨ੍ਹਾਂ ਦੇ ਮੱਥਿਆਂ `ਤੇ ਨਵੀਆਂ ਪ੍ਰਾਪਤੀਆਂ ਦੇ ਨਕਸ਼ ਉਕਰਨ ਲਈ ਹੁੰਦੇ।
ਕੁਝ ਸੁਪਨੇ ਤਰਸਦੇ, ਕੁਝ ਤਿੜਕਦੇ, ਕੁਝ ਟੁੱਟਦੇ ਅਤੇ ਕੁਝ ਪੂਰਨਤਾ ਦੀ ਜੂਨ ਹੰਢਾਉਂਦੇ; ਪਰ ਕੁਝ ਸੁਪਨੇ ਪਹਿਲਾਂ ਟੁੱਟਦੇ ਤੇ ਫਿਰ ਜੁੜਦੇ। ਕੁਝ ਤਾਂ ਤਿੜਕਣ ਦੀ ਚੀਸ ਨੂੰ ਤਾਕਤ ਬਣਾ, ਸੁਪਨਿਆਂ ਦੇ ਮਚਕੋੜੇ ਅਤੇ ਮਰੋੜੇ ਖੰਭਾਂ ਦੇ ਨਾਮ ਉਚੇਰੀ ਤੇ ਲੰਮੇਰੀ ਉਡਾਣ ਕਰਦੇ।
ਕੁਝ ਸੁਪਨੇ ਅਸੀਂ ਆਪ ਲੈਂਦੇ। ਕੁਝ ਸੁਪਨੇ ਸਾਡੇ ਲਈ, ਸਾਡੇ ਮਾਪਿਆਂ ਵਲੋਂ ਲਏ ਜਾਂਦੇ। ਕੁਝ ਸੁਪਨੇ ਸਮਾਜ ਸਾਡੀਆਂ ਅੱਖਾਂ ਵਿਚ ਧਰਦਾ। ਕੁਝ ਸੁਪਨੇ ਖੁਦ ਨੂੰ ਖੂਬਸੂਰਤ ਬਣਾਉਣ ਤੇ ਕੁਝ ਸੰਸਾਰ ਨੂੰ ਸੰੁਦਰਤਾ ਤੇ ਸਦੀਵਤਾ ਬਖਸ਼ਣ ਲਈ ਹੁੰਦੇ।
ਕੁਝ ਸੁਪਨੇ ਉਹ ਹੁੰਦੇ, ਜਿਹੜੇ ਸਾਰੀ ਉਮਰ ਸੁਪਨੇ ਹੀ ਰਹਿੰਦੇ ਅਤੇ ਉਨ੍ਹਾਂ ਸੁਪਨਿਆਂ ਦੇ ਵੇਦਨਾ, ਮਾਪੇ ਆਪਣੇ ਬੱਚਿਆਂ ਦੇ ਨੈਣਾਂ ਵਿਚ ਧਰਦੇ, ਜੋ ਇਨ੍ਹਾਂ ਨੂੰ ਪੂਰੇ ਕਰਦੇ। ਬੱਚੇ, ਮਾਪਿਆਂ ਦਾ ਸਭ ਤੋਂ ਸੁੱਚਾ ਤੇ ਉਤਮ ਸੁਪਨਾ, ਜੋ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਸ਼ਰਫ ਬਣਦੇ। ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਖੁਦ ਨੂੰ ਅਰਪਿੱਤ ਕਰਨ ਵਾਲੇ ਬੱਚੇ ਪਰਿਵਾਰ ਦਾ ਉਹ ਚਿਰਾਗ ਹੁੰਦੇ, ਜਿਨ੍ਹਾਂ ਦੀ ਰੌਸ਼ਨੀ ਵਿਚ ਸਮਾਜ ਨੂੰ ਨਵੀਂ ਸੇਧ ਤੇ ਸੰਸਾਰ ਨੂੰ ਨਵੀਆਂ ਬੁਲੰਦੀਆਂ ਦਾ ਕਿਆਸ ਹੁੰਦਾ।
ਸੁਪਨੇ ਵਿਚੋਂ ਹੀ ਹੋਰ ਬਹੁਤ ਸਾਰੇ ਸੁਪਨੇ ਉਗਦੇ, ਕਿਉਂਕਿ ਸੁਪਨਸਾਜ਼ੀ ਮਨੁੱਖ ਦਾ ਉਹ ਮੀਰੀ ਗੁਣ ਹੈ, ਜੋ ਮਨੁੱਖੀ ਵਿਕਾਸ ਅਤੇ ਵਿਸਥਾਰ ਨੂੰ ਜਨਮ ਦਿੰਦਾ। ਸੁਪਨਹੀਣ ਅੱਖਾਂ ਵਿਚੋਂ ਕਿਹੜੀ ਪ੍ਰਾਪਤੀ ਤੇ ਪੈੜ ਨੂੰ ਕਿਆਸੋਗੇ? ਸਥਿੱਰ ਪੈਰਾਂ ਵਿਚ ਨਾ ਤਾਂ ਪੈੜਾਂ ਉਗਦੀਆਂ ਅਤੇ ਨਾ ਹੀ ਸਫਰ ਉਗ ਸਕਦਾ? ਸਭ ਤੋਂ ਜਰੂਰੀ ਹੁੰਦਾ ਹੈ ਸੁਪਨਹੀਣ ਨੈਣਾਂ ਵਿਚ ਸੁਪਨਾ ਧਰਨਾ ਅਤੇ ਫਿਰ ਸੁਪਨ-ਪੂਰਤੀ ਲਈ ਤਦਬੀਰ ਘੜ, ਤਕਦੀਰ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਦੇ ਯੋਗ ਕਰਨਾ।
ਸੁਪਨਿਆਂ ਨੂੰ ਕਤਲ ਨਾ ਕਰੋ। ਸੁਪਨਿਆਂ ਦੇ ਮਰਨ `ਤੇ ਬੰਦਾ ਹਰ ਪਲ ਹੀ ਮਰਦਾ ਅਤੇ ਪਲ ਪਲ ਮਰਨਾ, ‘ਕੇਰਾਂ ਮਰਨ ਨਾਲੋਂ ਜਿ਼ਆਦਾ ਦਮਨਕਾਰੀ ਤੇ ਦਰਦਮਈ ਹੁੰਦਾ।
ਸੁਪਨਾ ਮੰਗਦਾ ਹੈ ਸਿਰੜ, ਸਿਦਕ, ਨਿਰੰਤਰਤਾ ਤੇ ਕੇਂਦਰਤ ਧਿਆਨ। ਖੁਦ ਨੂੰ ਸੇਧਤ ਤੇ ਪ੍ਰਤੀਬੱਧ ਕਰਨਾ ਅਤੇ ਇਸ ਦੀ ਪ੍ਰਾਪਤੀ ਤੋਂ ਘੱਟ ਕੁਝ ਵੀ ਨਾ ਮਨਜ਼ੂਰ ਕਰਨਾ।
ਸੁਪਨਾ ਸੱਚ ਕਰਨ ਲਈ ਜਰੂਰੀ ਹੈ ਕਿ ਸੁਪਨਿਆਂ ਦਾ ਪਿੱਛਾ ਕਰਦੇ ਰਹੀਏ, ਜਦ ਤੀਕ ਅਸੀਂ ਇਸ ਦੀ ਡਾਹ ਨਹੀਂ ਲੈਂਦੇ। ਇਹ ਸਾਡੇ ਹੱਕ, ਹਾਸਲ ਅਤੇ ਹੋਂਦ ਦਾ ਗਵਾਹ ਨਹੀਂ ਬਣਦਾ। ਸੁਪਨੇ ਵਿਚੋਂ ਹੀ ਕਿਸੇ ਵਿਅਕਤੀਤਵ ਨੂੰ ਨਿਹਾਰ ਤੇ ਸਕਾਰ ਕਰਦੇ। ਸੁਪਨਿਆਂ ਤੋਂ ਹੀ ਪਤਾ ਲੱਗਦਾ ਕਿ ਮਨੁੱਖ ਦੇ ਮਨ ਵਿਚ ਕੀ ਹੈ? ਉਸ ਦੀਆਂ ਤਰਜ਼ੀਹਾਂ ਕਿਹੜੀਆਂ? ਤਾਂਘਾਂ ਕੀ ਹਨ? ਤਮੰਨਾਵਾਂ ਕਿਸ ਰੂਪ ਵਿਚ ਉਜਾਗਰ ਕਰਦਾ? ਉਸ ਦੀਆਂ ਤਕਦੀਰ ਨੇ ਕਿਹੜੀ ਤਸ਼ਬੀਹ ਬਣਨਾ? ਉਸ ਨੇ ਕਿਸ ਤਹਿਰੀਕ ਨੂੰ ਜਨਮ ਦੇਣਾ? ਉਹ ਕਿਹੜੀ ਤਵਾਰੀਖ ਦਾ ਚਸ਼ਮਦੀਦ ਹੋਵੇਗਾ?
ਸੁਪਨਾ ਸੱਚ ਵੀ ਤੇ ਝੂਠ ਵੀ। ਛਲਾਵਾ ਵੀ ਅਤੇ ਪ੍ਰਤੱਖ ਵੀ। ਦਗਾ ਵੀ ਤੇ ਦਾਗ ਵੀ। ਦਰਦ ਵੀ ਤੇ ਦਵਾ ਵੀ। ਦੁਸ਼ਮਣ ਵੀ ਤੇ ਦੋਸਤ ਵੀ। ਦਯਾ ਵੀ ਅਤੇ ਦਮਨ ਵੀ। ਬਹੁਤ ਰੂਪ ਹੁੰਦੇ ਨੇ ਸੁਪਨਿਆਂ ਦੇ।
ਜਦ ਨਿੱਕੇ ਨਿੱਕੇ ਲੋਕ ਵੱਡੇ ਸੁਪਨੇ ਲੈਣ ਲੱਗ ਪੈਣ ਅਤੇ ਉਨ੍ਹਾਂ ਦੀ ਜਿੱਦ ਵਿਚ ਪ੍ਰਾਪਤੀ ਦਾ ਜਨੂਨ ਉਗ ਪਵੇ ਤਾਂ ਸਮਾਜ ਵਿਚ ਤਰਥੱਲੀ ਪੈਦਾ ਹੁੰਦੀ। ਭੁਚਾਲ ਆਉਂਦਾ ਤੇ ਸਥਾਪਤੀ ਨੂੰ ਕੰਬਣੀ ਛਿੜਦੀ। ਦੱਬੇ-ਕੁਚਲੇ ਲੋਕਾਂ ਦੇ ਸੁਪਨੇ ਸਮਾਜਿਕ ਕ੍ਰਾਂਤੀ, ਵਿਦਰੋਹ ਤੇ ਆਜ਼ਾਦੀ ਅੰਦੋਲਨਾਂ ਦਾ ਮੂਲ ਆਧਾਰ ਬਣਦੇ। ਦੁਨੀਆਂ ਭਰ ਵਿਚ ਸਾਰੇ ਇਨਕਲਾਬ ਉਨ੍ਹਾਂ ਲੋਕਾਂ ਦੇ ਸੁਪਨਿਆਂ ਦਾ ਸੱਚ ਸਨ, ਜਿਨ੍ਹਾਂ ਨੂੰ ਹਾਕਮਾਂ ਵਲੋਂ ਅਧਿਕਾਰਾਂ ਤੇ ਹੱਕਾਂ ਤੋਂ ਵਿਰਵਾ ਕੀਤਾ ਗਿਆ ਅਤੇ ਸਾਹ ਲੈਣ ਲਈ ਵੀ ਹਾਕਮ ਦੀ ਇਜਾਜ਼ਤ ਲੈਣੀ ਪੈਂਦੀ ਸੀ।
ਜਿ਼ੰਦਗੀ ਵਿਚ ਕਦੇ ਵੀ ਆਪਣੇ ਸੁਪਨੇ ਨੂੰ ਮਰਨ ਨਾ ਦਿਓ ਅਤੇ ਨਾ ਹੀ ਜਖਮੀ ਹੋਣ ਦਿਓ। ਜੇ ਇਹ ਤਿੜਕਦਾ ਏ ਤਾਂ ਇਸ ਦੀ ਚੀਸ ਵਿਚੋਂ ਆਪਣੀਆਂ ਸਮਰੱਥਾਵਾਂ ਨੂੰ ਜਗਾਓ ਅਤੇ ਤਾਕਤ ਬਣਾਓ। ਸੁਪਨਿਆਂ ਦਾ ਸੱਚ ਤੁਹਾਡੇ ਦੀਦਿਆਂ ਵਿਚ ਲਿਸ਼ਕੇਗਾ।
ਤਿੜਕੇ ਸੁਪਨਿਆਂ ਦੀ ਚੀਸ ਬਹੁਤ ਦਰਦੀਲੀ ਅਤੇ ਮੈਂ ਇਸ ਦੇ ਦਰਦ ਨੂੰ ਬਾਖੂਬੀ ਜਾਣਦਾਂ; ਪਰ ਇਸ ਦਰਦ ਵਿਚੋਂ ਚੁਣੌਤੀ ਦਾ ਪੈਦਾ ਹੋਣਾ ਅਤੇ ਮਨ ਨੂੰ ਔਝੜ ਰਾਹਾਂ `ਤੇ ਮੁਸ਼ਕਿਲਾਂ ਦਾ ਹਾਣੀ ਬਣਾਉਣ ਦਾ ਤਹੱਈਆ ਕਰਨਾ, ਉਹ ਕਰਮ-ਧਰਮ ਜਿਹੜਾ ਸੁਪਨਿਆਂ ਦੇ ਸੱਚ ਨੂੰ ਜਾਂਦੇ ਮਾਰਗ ਦੀ ਨਿਸ਼ਾਨਦੇਹੀ।
ਸਭ ਤੋਂ ਪਹਿਲਾਂ ਬਾਪ ਦੇ ਨੈਣਾਂ ਵਿਚ ਸੰਜੋਇਆ ਸੁਪਨਾ ਉਦੋਂ ਤਿੜਕਿਆ ਜਦ ਮੈਂ ਪ੍ਰੈਪ ਵਿਚੋਂ ਫੇਲ੍ਹ ਹੋ ਗਿਆ। ਇਸ ਦੀ ਚੀਸ ਦੀ ਆਹਟ ਸੁਣ ਕੇ ਮੈਂ ਨਮੋਸ਼ੀ ਤੇ ਉਦਾਸੀ ਵਿਚ ਡੁੱਬ ਕੇ ਖਾਮੋਸ਼ ਹੋ ਗਿਆ। ਇਸ ਲਈ ਕਸੂਰਵਾਰ ਹੋਣਾ, ਮੇਰਾ ਸਭ ਤੋਂ ਵੱਡਾ ਗੁਨਾਹ ਬਣ ਗਿਆ। ਬਾਪ ਕੀ ਸੋਚਦਾ ਸੀ ਅਤੇ ਕੀ ਹੋ ਗਿਆ? ਜੇਠੇ ਪੁੱਤ ਨੂੰ ਕਾਲਜ ਵਿਚ ਭੇਜ ਕੇ ਫੁੱਲਿਆ ਨਹੀਂ ਸੀ ਸਮਾਉਂਦਾ ਅਤੇ ਮੈਂ ਪਹਿਲੇ ਸਾਲ ਹੀ ਫੇਲ੍ਹ ਹੋ ਕੇ ਉਸ ਦੇ ਚਾਵਾਂ ਨੂੰ ਠਾਰ ਦਿੱਤਾ। ਉਸ ਸਮੇਂ ਬਾਪ ਦੀ ਅੱਖ ਵਿਚ ਆ ਕੇ ਜੰਮਿਆ ਹੰਝੂ ਮੈਨੂੰ ਹੁਣ ਵੀ ਦਿਖਾਈ ਦਿੰਦਾ। ਮੈਂ ਮਨ ਵਿਚ ਉਸ ਹੰਝੂ ਦੀ ਕਸਮ ਖਾਧੀ ਕਿ ਬਾਪ ਨੂੰ ਹੋਰ ਸੁਪਨੇ ਦੀ ਚੀਸ ਹੰਢਾਉਣ ਨਹੀਂ ਦੇਵਾਂਗਾ। ਕੀ ਮੈਂ ਇੰਨਾ ਨਾਲਾਇਕ ਹਾਂ? ਕੀ ਮੈਂ ਮਿਹਨਤੀ ਨਹੀਂ? ਮੇਰੇ ਵਿਚ ਕੀ ਕਮੀ ਹੈ? ਕਿਉਂ ਨਹੀਂ ਮੈਂ ਪਾਸ ਹੋਇਆ? ਖੁਦ ਦੀ ਪੜਚੋਲ ਵਿਚੋਂ ਖੁਦ ਨੂੰ ਤਲਾਸ਼ਣ, ਤਰਾਸ਼ਣ ਅਤੇ ਭਵਿੱਖੀ ਚੁਣੌਤੀਆਂ ਦੇ ਮੁਕਾਬਲੇ ਲਈ ਤਿਆਰ ਕਰਦਿਆਂ, ਸਾਇੰਸ ਵਿਚ ਉਚੇਰੀ ਡਿਗਰੀ ਪ੍ਰਾਪਤ ਕਰਨ ਦੀ ਕਸਮ ਪਾਈ। ਇਹ ਕਸਮ ਦਾ ਹੀ ਕ੍ਰਿਸ਼ਮਾ ਸੀ ਕਿ ਬੀ.ਐਸਸੀ. (ਨਾਨ-ਮੈਡੀਕਲ) ਮੈਰਿਟ ਲਿਸਟ ‘ਤੇ ਪਾਸ ਕੀਤੀ ਅਤੇ ਐਮ.ਐਸਸੀ. (ਫਿਜਿਕਸ) ਯੂਨੀਵਰਸਿਟੀ ਵਿਚ ਦੂਸਰੇ ਸਥਾਨ `ਤੇ ਰਹਿ ਕੇ ਪਾਸ ਕੀਤੀ। ਨੌਕਰੀ ਵਿਚ ਆਉਣ ਤੋਂ ਬਾਅਦ ਫਿਰ ਪੜ੍ਹਾਈ ਵਿਚ ਜੁੱਟ ਗਿਆ। ਪੀਐਚ.ਡੀ. ਕੀਤੀ। ਪੀਐਚ.ਡੀ. ਦੇ ਐਗਜ਼ਾਮੀਨਰ ਨੇ ਜਦ ਪੁੱਛਿਆ ਕਿ ਪੀਐਚ.ਡੀ. ਕਿਉਂ ਕਰ ਰਿਹਾ ਏਂ? ਤਾਂ ਉਸ ਨੂੰ ਬਾਪ ਦੀ ਅੱਖ ਵਿਚ ਜੰਮੇ ਹੰਝੂ ਦੀ ਵਿਥਿਆ ਸੁਣਾ ਕੇ ਕਿਹਾ ਕਿ ਇਹ ਤਾਂ ਉਸ ਹੰਝੂ ਨੂੰ ਅਕੀਦਤ ਹੈ। ਭਾਵੇਂ ਕਿ ਮੈਂ ਸਰਕਾਰੀ ਕਾਲਜ ਵਿਚ ਪੜ੍ਹਾਉਂਦਾ ਹਾਂ ਅਤੇ ਟਿਊਸ਼ਨਾਂ ਨਾਲ ਬਹੁਤ ਧਨ ਕਮਾ ਸਕਦਾ ਹਾਂ, ਪਰ ਮੇਰੇ ਲਈ ਧਨ ਨਾਲੋਂ ਬਾਪ ਦੀ ਅੱਖ ਵਿਚ ਆਈ ਉਸ ਨਮੀ ਨੂੰ ਖੁਸ਼ਕ ਕਰ ਦੇਣ ਦੀ ਭਾਵਨਾ ਜਿ਼ਆਦਾ ਭਾਰੂ ਹੈ। ਇਸ ਨਾਲ ਬਾਪ ਦੇ ਸੁਪਨੇ ਵਿਚਲੇ ਤਿੜਕਣ ਜਰੂਰ ਘੱਟ ਜਾਵੇਗੀ ਅਤੇ ਉਸ ਨੂੰ ਰਾਹਤ ਮਿਲੇਗੀ।
ਵਿਅਕਤੀ ਉਮਰ ਦੇ ਹਰ ਪੜਾਅ `ਤੇ ਹੀ ਸੁਪਨੇ ਲੈਂਦਾ ਏ। ਇਨ੍ਹਾਂ ਸੁਪਨਿਆਂ ਦਾ ਵਾਰ ਵਾਰ ਆਉਣਾ ਅਤੇ ਇਨ੍ਹਾਂ ਨੂੰ ਪੂਰਾ ਕਰਨਾ ਹੀ ਜਿ਼ੰਦਗੀ ਦਾ ਵਿਕਾਸਮਈ ਅਰਥ ਹੈ। ਅਰਥਹੀਣ ਹੋ ਕੇ ਜਿਊਣਾ, ਸਾਹਾਂ ਤੋਂ ਹੀ ਮੁਨਕਰੀ। ਸਾਹਾਂ ਦੀ ਸਾਰਥਿਕਤਾ ਲਈ ਜਰੂਰੀ ਹੈ ਕਿ ਨਵਾਂ ਸੁਪਨਾ ਆਉਂਦਾ ਰਹੇ ਅਤੇ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਿਰੜ-ਸਾਧਨਾ ਦਾ ਸਾਥ ਮਾਣਦੇ ਰਹੀਏ।
ਐਮ.ਐਸਸੀ. ਕਰਨ `ਤੇ ਕੈਨੇਡਾ ਵਿਚ ਵੱਸਦੇ ਰਿਸ਼ਤੇਦਾਰ ਨੇ ਸੁਪਨਾ ਦਿਖਾਇਆ ਕਿ ਉਚੇਰੀ ਪੜ੍ਹਾਈ ਲਈ ਕੈਨੇਡਾ ਆ ਜਾ। ਇਸ ਸੁਪਨੇ ਦੀ ਪੂਰਤੀ ਲਈ ਕੋਸਿ਼ਸ਼ ਸ਼ੁਰੂ ਕੀਤੀ ਅਤੇ ਜਦ ਮੈਨੂੰ ਉਚੇਰੀ ਵਿਦਿਆ ਲਈ ਦਾਖਲਾ ਮਿਲ ਗਿਆ ਤਾਂ ਉਸੇ ਰਿਸ਼ੇਤਦਾਰ ਦੀ ਸਪਾਂਸਰਸਿ਼ਪ ਦੀ ਮੁਨਕਰੀ ਨਾਲ ਇਹ ਸੁਪਨਾ ਤਿੱਕੜ ਗਿਆ। ਉਸ ਸੁਪਨੇ ਵਿਚੋਂ ਨਿਕਲਿਆ ਤ੍ਰਾਹ ਵੀ ਉਹ ਨਾ ਸੁਣ ਸਕੇ; ਪਰ ਇਹ ਸੁਪਨਾ ਆਹ ਬਣ ਕੇ ਮੇਰੇ ਮਨ ਦੀ ਜੂਹ ਵਿਚ ਬਹਿ ਗਿਆ। ਬੰਦੇ ਨੂੰ ਸਭ ਤੋਂ ਜਿ਼ਆਦਾ ਪੀੜਤ ਕਰਦਾ ਏ ਅਪੂਰਨ ਸੁਪਨੇ ਵਿਚ ਉਗੀਆਂ ਸਿਸਕੀਆਂ ਅਤੇ ਇਨ੍ਹਾਂ ਸਿਸਕੀਆਂ ਵਿਚ ਪਿੱਘਲ ਹੀ ਜਾਂਦਾ ਏ ਸੰਵੇਦਨਸ਼ੀਲ ਵਿਅਕਤੀ। ਅਜਿਹਾ ਕੁਝ ਹੀ ਮੇਰੇ ਨਾਲ ਵਾਪਰਿਆ। ਧੁਖਦੇ ਸੁਪਨੇ ਨੂੰ ਸੁਣਦਾ ਅਤੇ ਰੋਂਦੇ ਨੂੰ ਵਰਾਉਂਦਾ ਰਿਹਾ। ਸਹੀ ਸਮੇਂ ਦੀ ਉਡੀਕ ਕਰਦਾ ਰਿਹਾ। ਫਿਰ ਜਦ ਮੈਂ ਪੀਐਚ.ਡੀ. ਸ਼ੁਰੂ ਕੀਤੀ ਤਾਂ ਮਨ ਵਿਚ ਬਾਪ ਦੇ ਸੁਪਨੇ ਦੇ ਨਾਲ-ਨਾਲ, ਆਪਣੇ ਸੁਪਨੇ ਨੂੰ ਵੀ ਸਹਿਲਾਉਣ ਅਤੇ ਇਸ ਦੀ ਪ੍ਰਾਪਤੀ ਦੀ ਪ੍ਰਮੁੱਖਤਾ ਸੀ। ਪੀਐਚ.ਡੀ. ਕਰਦਿਆਂ ਕੈਨੇਡਾ ਵਿਚ ਭੌਤਿਕ ਵਿਗਿਆਨ ਦੀ ਅੰਤਰ-ਰਾਸ਼ਟਰੀ ਕਾਨਫਰੰਸ ਵਿਚ ਭਾਗ ਲੈਣਾ, ਉਸ ਸੁਪਨੇ ਦੀ ਅੱਖ ਵਿਚ ਹੁਲਾਸ ਅਤੇ ਹੁਲਾਰ ਧਰਨਾ ਸੀ ਕਿ ਕਿਸੇ ਦੀ ਮੁਥਾਜੀ ਤੋਂ ਬਗੈਰ ਵੀ ਸੁਪਨਿਆਂ ਨੂੰ ਪਰਵਾਜ਼ ਦਿੱਤੀ ਜਾ ਸਕਦੀ ਹੈ; ਬਸ਼ਰਤੇ ਸੁਪਨਿਆਂ ਨੂੰ ਗਵਾਚਣ ਨਾ ਦਿਓ, ਸਦਾ ਚੇਤਿਆਂ ਵਿਚ ਰੱਖੋ ਅਤੇ ਇਨ੍ਹਾਂ ਦੀ ਪ੍ਰਾਪਤੀ ਲਈ ਉਦਮ ਨੂੰ ਹਾਣੀ ਬਣਾਈ ਰੱਖੋ। ਇਕ ਵਿਦਿਆਰਥੀ ਵਜੋਂ ਨਾ ਸਹੀ, ਪਰ ਇਕ ਵਿਗਿਆਨੀ ਵਜੋਂ ਤਾਂ ਮੈਂ ਕੈਨੇਡਾ ਆ ਹੀ ਗਿਆ ਸਾਂ। ਸੁਪਨੇ ਦੇ ਸੱਚ ਹੋਣ `ਤੇ ਮਨ ਨੂੰ ਕਿੰਨਾ ਧਰਵਾਸ ਮਿਲਦਾ ਅਤੇ ਅੰਤਰੀਵ ਦਾ ਬੋਝ ਕਿੰਨਾ ਘੱਟਦਾ, ਇਸ ਦਾ ਅਹਿਸਾਸ ਸੁਪਨਿਆਂ ਦੇ ਸੱਚ ਹੋਣ `ਤੇ ਹੁੰਦਾ।
ਐਮ.ਐਸਸੀ. ਤੋਂ ਬਾਅਦ ਕੈਨੇਡਾ ਜਾਣ ਦਾ ਸੋਚ ਕੇ ਮਨ ਵਿਚ ਇਹ ਵੀ ਸੁਪਨਾ ਆਉਂਦਾ ਸੀ ਕਿ ਮੈਂ ਵੇਲਾ ਆਉਣ `ਤੇ ਕਿਸੇ ਵਿਦੇਸ਼ੀ ਯੂਨੀਵਰਸਿਟੀ ਜਾਂ ਕਾਲਜ ਵਿਚ ਪੜ੍ਹਾਉਣ ਦਾ ਮੌਕਾ ਮਿਲੇਗਾ, ਜੋ ਮੇਰੀਆਂ ਤਰਜ਼ੀਹਾਂ ਨੂੰ ਨਵੀਆਂ ਤਾਘਾਂ ਅਤੇ ਤਮੰਨਾਵਾਂ ਨਾਲ ਪ੍ਰੇਰਤ ਕਰਦਾ ਰਿਹਾ, ਪਰ ਉਸ ਸਮੇਂ ਵਿਦੇਸ਼ ਨਾ ਜਾ ਸਕਣ ਕਾਰਨ, ਬਾਹਰ ਜਾ ਕੇ ਪੜ੍ਹਾਉਣ ਦਾ ਸੁਪਨਾ ਵੀ ਮਸੋਸ ਕੇ ਰਹਿ ਗਿਆ। ਇਹ ਸੁਪਨਾ ਅਚੇਤ ਵਿਚ ਹਾਜ਼ਰ ਨਾਜ਼ਰ ਰਿਹਾ। ਕੈਨੇਡਾ ਅਤੇ ਅਮਰੀਕਾ ਵਿਚ ਆਉਣ `ਤੇ ਵੀ ਟੋਂਹਦਾ, ਟੁੰਬਦਾ, ਟਟੋਲਦਾ ਤੇ ਤੜਫਾਉਂਦਾ ਰਿਹਾ, ਪਰ ਕਈ ਵਾਰ ਤੁਸੀਂ ਹਾਲਾਤ ਤੋਂ ਬੇਬੱਸ ਹੁੰਦੇ ਅਤੇ ਸਮਾਂ ਤੁਹਾਡੇ ਲਈ ਸਾਜ਼ਗਾਰ ਨਹੀਂ ਹੁੰਦਾ। ਉਹ ਤੁਹਾਨੂੰ ਉਡੀਕ ਕਰਵਾਉਂਦਾ ਤੇ ਸਬਰ ਪਰਖਦਾ। ਜਾਣਨਾ ਚਾਹੁੰਦਾ ਕਿ ਕਿੰਨਾ ਕੁ ਚਿਰ ਤੁਸੀਂ ਇਸ ਅਧੂਰੇ ਸੁਪਨੇ ਨੂੰ ਜਿਊਂਦਾ ਰੱਖ ਸਕਦੇ ਹੋ? ਇਸ ਦੀ ਪੂਰਨਤਾ ਲਈ ਕੀ ਉਦਮ ਕਰਦੇ ਹੋ ਜਾਂ ਸਿਰਫ ਹਵਾਈ ਸੋਚਾਂ ਹੀ ਪਾਲਦੇ ਹੋ?
ਦਰਅਸਲ ਕੋਸਿ਼ਸ਼ ਜਾਰੀ ਰੱਖਣਾ ਅਤੇ ਆਪਣੇ ਟੀਚੇ ਨੂੰ ਸੁਚੇਤ ਤੇ ਅਚੇਤ ਰੂਪ ਵਿਚ ਸੋਚਾਂ ਵਿਚ ਧੜਕਦਾ ਰੱਖਣਾ ਅਤੇ ਇਸ ਦੀ ਹਾਕ ਦਾ ਹੁੰਗਾਰਾ ਭਰਦੇ ਰਹਿਣਾ ਹੀ ਸੁਪਨਿਆਂ ਦਾ ਪਿੱਛਾ ਕਰਨਾ ਹੁੰਦਾ। ਬੜੀ ਲੰਮੀ ਹੁੰਦੀ ਏ ਲੱਗਭਗ ਚਾਲੀ ਸਾਲ ਲੰਮੀ ਉਡੀਕ, ਸੁਪਨੇ ਦੀ ਪੂਰਤੀ ਲਈ। 1977 ਦਾ ਲਿਆ ਇਹ ਸੁਪਨਾ, ਜਨਵਰੀ 2016 ਵਿਚ ਪੂਰਾ ਹੋਇਆ, ਜਦ ਮੈਂ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿਚ ਪੜ੍ਹਾਉਣਾ ਸ਼ੁਰੂ ਕੀਤਾ। ਇੰਨੀ ਲੰਮੀ ਉਡੀਕ ਲਈ ਜੇਰਾ-ਜਿਗਰਾ ਰੱਖਣਾ ਪੈਂਦਾ ਅਤੇ ਜਜ਼ਬਾਤ ਨੂੰ ਜ਼ਰਬ ਦੇਣੀ ਹੁੰਦੀ। ਪਹਿਲੇ ਦਿਨ ਕਲਾਸ ਵਿਚ ਜਾ ਕੇ, ਅੱਖਾਂ ਵਿਚ ਉਤਰੀ ਨਮੀ, ਮੇਰੇ ਮਾਪਿਆਂ ਦੀਆਂ ਦੁਆਵਾਂ ਨੂੰ ਲੱਗਿਆ ਉਹ ਫਲ ਸੀ, ਜਿਸ ਦੀ ਤਮੰਨਾ ਕਦੇ ਉਨ੍ਹਾਂ ਦੇ ਪੁੱਤ ਨੇ ਕੀਤੀ ਸੀ। ਸੋਚਦਾ ਰਿਹਾ ਕਿ ਭੰਡਾਲ ਬੇਟ ਦੇ ਮੰਡ ਵਿਚ ਪਸ਼ੂ ਚਾਰਨ ਵਾਲਾ ਅਤੇ ਛੋਟੇ ਜਿਹੇ ਕਿਰਸਾਨ ਦੇ ਪੁੱਤ ਦਾ ਯੂਨੀਵਰਸਿਟੀ ਵਿਚ ਪੜ੍ਹਾਉਣਾ, ਅਜਿਹਾ ਕ੍ਰਿਸ਼ਮਾ ਜਿਸ ਦਾ ਕਦੇ ਕਿਆਸ ਕੀਤਾ ਸੀ। ਸੁਪਨਾ ਲਿਆ ਸੀ। 40 ਸਾਲ ਬਾਅਦ ਪੂਰਾ ਹੋਣ ਵਾਲਾ ਸੁਪਨਾ ਕਿੰਨਾ ਖੁਸ਼ੀ ਦਿੰਦਾ ਏ, ਇਹ ਤਾਂ ਸਿਰਫ ਉਹੀ ਜਾਣ ਸਕਦਾ, ਜਿਸ ਨੇ ਚਾਲੀ ਸਾਲ ਸੁਪਨੇ ਨੂੰ ਹਿੱਕ ਵਿਚ ਸਾਂਭੀ ਰੱਖਿਆ ਹੋਵੇ। ਇਸ ਦੀ ਸੰਭਾਲ ਕੀਤੀ ਹੋਵੇ। ਇਸ ਨੂੰ ਮੁਰਝਾਉਣ ਨਾ ਦਿੱਤਾ ਹੋਵੇ। ਇਸ ਨੂੰ ਮਿਹਨਤ ਅਤੇ ਪ੍ਰਤੀਬੱਧਤਾ ਦਾ ਪਾਣੀ ਪਾਉਂਦਾ ਰਿਹਾ ਹੋਵੇ। ਕੁਦਰਤ ਕੋਸਿ਼ਸ਼ਾਂ ਤੋਂ ਪਸੀਜ ਅਜਿਹਾ ਮੌਕਾ ਅਰਪਿਤ ਕਰਨ ਵਿਚ ਮਿਹਰਬਾਨ ਰਹੀ, ਜਿਸ ਮੌਕੇ ਦੀ ਤਲਾਸ਼ ਤਾਂ ਮੈਂ ਕੈਨੇਡਾ ਵਿਚ ਵੀ ਬਹੁਤ ਕੀਤੀ ਸੀ।
ਯਾਦ ਆਇਆ ਕਿ ਜਦ 2003 ਵਿਚ ਮੈਂ ਇਮੀਗਰੇਸ਼ਨ ਲੈ ਕੇ ਕੈਨੇਡਾ ਆਇਆ ਤਾਂ ਮੇਰੀ ਮਾਂ ਦੀਆਂ ਅੱਖਾਂ ਵਿਚ ਹੰਝੂ ਸਨ। ਮਾਂ ਨੇ ਕਿਹਾ ਸੀ ਕਿ ਵੇ ਤੂੰ ਇਥੇ ਪੋ੍ਰਫੈਸਰ ਏਂ। ਉਥੇ ਜਾ ਕੇ ਫੈਕਟਰੀਆਂ ਵਿਚ ਰੁਲ ਜਾਣਾ ਏ, ਪਰ ਮਾਂ ਦੀ ਅਸੀਸ ਹੀ ਸੀ ਕਿ ਉਸ ਦਾ ਲਾਡਲਾ ਅਮਰੀਕਾ ਆ ਕੇ ਯੂਨੀਵਰਸਿਟੀ ਵਿਚ ਪੜ੍ਹਾਉਣ ਲੱਗ ਪਿਆ। ਮਾਂ ਨੂੰ ਇਹ ਕਿੰਜ ਦੱਸਦਾ, ਕਿਉਂਕਿ ਉਹ ਤਾਂ 2010 ਵਿਚ ਸਦਾ ਲਈ ਵਿਛੋੜਾ ਦੇ ਗਈ ਸੀ। ਹਾਂ! ਬਾਪ ਬਹੁਤ ਖੁਸ਼ ਹੋਇਆ ਸੀ ਕਿ ਉਸ ਦਾ ਪੁੱਤ ਫਿਰ ਆਪਣੇ ਪਹਿਲੇ ਕਿੱਤੇ ਵਿਚ ਆ ਗਿਆ ਏ ਅਤੇ ਪੜ੍ਹਾਉਣ ਲੱਗ ਪਿਆ ਏ। ਇਹ ਬਹੁਤ ਹੀ ਵਿਰਲਿਆਂ ਦਾ ਨਸੀਬ ਹੁੰਦਾ।
ਸਭ ਤੋਂ ਜਰੂਰੀ ਹੁੰਦਾ ਏ ਕਿਸੇ ਵਲੋਂ ਤ੍ਰਾਹੇ ਸੁਪਨੇ ਨੂੰ ਇਕ ਚੁਣੌਤੀ ਵਜੋਂ ਕਬੂਲ ਕਰਨਾ। ਸੁਪਨੇ ਨੂੰ ਲਾਈ ਚੋਭ ਨੂੰ ਚੰਗਿਆੜੀ ਬਣਾਉਣਾ ਅਤੇ ਇਸ ਨਾਲ ਸੁਪਨਿਆਂ ਦੇ ਸੱਚ ਦੀ ਚੰਗੇਰ ਨੂੰ ਸਮਿਆਂ ਦੇ ਨਾਮ ਲਾਉਣਾ। ਜਦ ਸੁਪਨਾ ਚੈਲੇਂਜ ਬਣ ਜਾਵੇ ਤਾਂ ਸੁਪਨੇ ਨੇ ਆਪਣੀ ਪਰਵਾਜ਼ ਤੇ ਅੰਦਾਜ਼ ਖੁਦ ਨਿਰਧਾਰਤ ਕਰਨਾ ਹੁੰਦਾ। ਕੋਈ ਵੀ ਜੰ਼ਜ਼ੀਰ, ਵਾੜ ਜਾਂ ਰੁਕਾਵਟ ਇਸ ਦੀ ਉਡਾਣ ਨੂੰ ਰੋਕ ਨਹੀਂ ਸਕਦੀ।
ਜਿ਼ੰਦਗੀ ਦੇ ਸਫਰ ਵਿਚ ਸੁਪਨੇ ਦੇਣ ਵਾਲੇ ਬਹੁਤ ਘੱਟ, ਪਰ ਸੁਪਨੇ ਖੋਹਣ ਵਾਲੇ, ਤੋੜਨ ਵਾਲੇ ਜਾਂ ਤੜਫਾਉਣ ਵਾਲੇ ਬਹੁਤ ਜਿ਼ਆਦਾ। ਜਰੂਰਤ ਹੈ ਕਿ ਜੇ ਸੁਪਨੇ ਦੇ ਨਹੀਂ ਸਕਦੇ ਤਾਂ ਕਿਸੇ ਦਾ ਸੁਪਨਾ ਤੋੜਨ ਦਾ ਗੁਨਾਹ ਨਾ ਕਰੋ। ਸੁਪਨੇ ਨੂੰ ਖੋਹਣ ਦੀ ਅਵੱਗਿਆ ਨਾ ਕਰੋ ਅਤੇ ਸੁਪਨਿਆਂ ਦੀ ਖੁਦਕੁਸ਼ੀ ਦੇ ਦੋਸ਼ੀ ਨਾ ਬਣੋ। ਇਹ ਗੁਨਾਹ ਕਿਸੇ ਵੀ ਅਦਾਲਤ ਵਿਚ ਬਖਸ਼ਣ ਯੋਗ ਨਹੀਂ।
ਸਾਹਿਤ ਪੜ੍ਹਨ ਦਾ ਸ਼ੌਕ ਮੁੱਢ ਤੋਂ ਸੀ। ਐਮ.ਐਸਸੀ. ਫਾਈਨਲ ਦੀ ਵਿਦਾਇਗੀ ਪਾਰਟੀ ਦੌਰਾਨ ਐਮਰਜੈਂਸੀ ਦੇ ਦਿਨੀਂ ਸੁਣਾਈ ਕਵਿਤਾ ਮੇਰੇ ਲਈ ਇਕ ਸਜ਼ਾ ਬਣ ਗਈ, ਜਦ ਮੈਂ ਯੂਨੀਵਰਸਿਟੀ ਵਿਚੋਂ ਪਹਿਲੇ ਸਥਾਨ `ਤੇ ਆਉਂਦਾ ਆਉਂਦਾ, ਦੂਸਰੇ ਸਥਾਨ `ਤੇ ਤਿਲਕਾ ਦਿੱਤਾ ਗਿਆ। ਇਹ ਇਕ ਅਜਿਹੀ ਠੇਸ ਸੀ, ਜਿਸ ਦੀ ਚਸਕ ਗਾਹੇ-ਬਗਾਹੇ ਮਨ ਵਿਚ ਜਰੂਰ ਪੈਂਦੀ। ਸਰਕਾਰੀ ਕਾਲਜ ਹੁਸਿ਼ਆਰਪੁਰ ਵਿਚ ਪੜ੍ਹਾਉਂਦੇ ਸਮੇਂ ਜਨ-ਸਾਹਿਤ ਵਿਚ ਛਪੀ ਆਪਣੀ ਕਵਿਤਾ, ਗਜ਼ਲਗੋ ਪੋ੍ਰਫੈਸਰ ਨੂੰ ਦਿਖਾ ਕੇ ਉਸ ਦੀ ਸਲਾਹ ਲੈਣੀ ਚਾਹੀ ਤਾਂ ਉਸ ਦਾ ਜਵਾਬ ਸੀ ਕਿ ਚੰਗਾ ਹੋਇਆ, ਤੈਨੂੰ ਪੰਝੀ ਰੁਪਏ ਮਿਲਣਗੇ। ਇਕ ਵੱਡੇ ਸਾਹਿਤਕਾਰ ਵਲੋਂ ਸਾਹਿਤ ਨੂੰ ਪੈਸੇ ਦੀ ਤੱਕੜੀ ਵਿਚ ਤੋਲਣਾ, ਅਦਬ ਦੀ ਇਸ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ? ਮਨ ਦੁਖੀ ਹੋਇਆ ਕਿ ਜਦ ਅਦਬੀ ਲੋਕ ਹੀ ਅਦਬ ਦਾ ਅਦਬ ਨਹੀਂ ਕਰਦੇ ਅਤੇ ਬੇ-ਅਦਬ ਲੋਕਾਂ ਤੋਂ ਕੀ ਆਸ ਰੱਖੀ ਜਾ ਸਕਦੀ? ਸਾਹਿਤ ਸਿਰਜਣਾ ਬਾਰੇ ਮਨ ਵਿਚ ਪਲਰਦੇ ਸੁਪਨੇ `ਤੇ ਆਈ ਝਰੀਟ ਨੇ ਤਿੱਖੀ ਚੋਭ ਲਾਈ ਅਤੇ ਮੈਂ ਕਸੀਸ ਵੱਟ ਕੇ ਰਹਿ ਗਿਆ। ਕਵਿਤਾਵਾਂ ਦੀ ਪਹਿਲੀ ਪੁਸਤਕ ਛਪਵਾਉਣ ਬਾਰੇ ਸੋਚਿਆ ਤਾਂ ਆਪਣੇ ਅਧਿਆਪਕ ਸ. ਹਰਭਜਨ ਸਿੰਘ ਹੁੰਦਲ ਨੂੰ ਕੁਝ ਸ਼ਬਦ ਲਿਖਣ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਸਮੁੱਚੀਆਂ ਕਵਿਤਾਵਾਂ ਨੂੰ ਨਕਾਰਦਿਆਂ ਮੁੱਖ ਬੰਦ ਲਿਖਿਆ, ਜੋ ਮੈਂ ਮੂਲ ਰੂਪ ਵਿਚ ਛਾਪ ਦਿੱਤਾ ਤਾਂ ਕਿ ਮੈਂ ਇਸ ਨੂੰ ਵਾਰ-ਵਾਰ ਪੜ੍ਹ ਕੇ ਖੁਦ ਦੇ ਰੂਬਰੂ ਹੁੰਦਾ ਰਹਾਂ ਅਤੇ ਸਾਹਿਤ-ਸਿਰਜਣ ਦਾ ਰਾਹੀ ਬਣਿਆ ਰਹਾਂ ਤੇ ਕੁਝ ਚੰਗਾ ਲਿਖਣ ਦੀ ਕੋਸਿ਼ਸ਼ ਕਰਦਾ ਰਹਾਂ। ਹੁਣ ਵੀ ਮੈਂ ਲਿਖਣਾ ਸਿੱਖ ਰਿਹਾ ਹਾਂ। ਕਾਸ਼! ਮੈਂ ਕੁਝ ਚੰਗਾ ਲਿਖ ਸਕਾਂ?
ਸਾਹਿਤ-ਸਿਰਜਣ ਦੇ ਸੁਪਨੇ ‘ਤੇ ਝਰੀਟਾਂ, ਤਿੜਕਣਾਂ ਅਤੇ ਲੰਗਾਰਾਂ ਨੂੰ ਸਿਉਣ ਅਤੇ ਕੁਝ ਬਿਹਤਰ ਲਿਖਣ ਦੀ ਪ੍ਰੇਰਨਾ ਵਾਸਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਪੁਰਸਕਾਰ ਨਾਲ ਸਨਮਾਨਿਤ ਕਰਨਾ, ਇਕ ਖੁਸ਼ਨਸੀਬੀ ਸੀ। ਵਿਗਿਆਨਕ ਆਧਾਰ ਹੋਣ ਕਾਰਨ, ਇਹ ਸਨਮਾਨ ਦਰਅਸਲ ਮੇਰੇ ਪਿੰਡ, ਮੇਰੇ ਮਾਪਿਆਂ ਅਤੇ ਮੇਰੀ ਮਾਂ ਬੋਲੀ ਪੰਜਾਬੀ ਦਾ ਸਨਮਾਨ ਸੀ, ਜਿਹੜੀ ਪਿੰਡ ਵਿਚ ਰਹਿੰਦਿਆਂ, ਹਲ ਵਾਹੁੰਦਿਆਂ, ਮੰਡ ਵਿਚ ਪਸ਼ੂ ਚਾਰਦਿਆਂ ਜਾਂ ਖੇਤੀ ਦਾ ਹਰ ਕੰਮ ਆਪਣੇ ਬਾਪ ਨਾਲ ਕਰਵਾਉਂਦਿਆਂ, ਮੇਰੇ ਅਚੇਤ ਵਿਚ ਬੈਠੀ ਹੈ। ਇਸ ਦੀ ਅਮੀਰੀ ਤੇ ਲਬਰੇਜ਼ਤਾ ਹੀ ਮੇਰੀਆਂ ਲਿਖਤਾਂ ਵਿਚ ਮਹਿਕ ਬਿਖੇਰਦੀ ਹੈ।
ਸਫਲ ਵਿਅਕਤੀ ਸਿਰਫ ਉਹੀ ਹੁੰਦਾ, ਜੋ ਹਮੇਸ਼ਾ ਸੁਪਨਿਆਂ ਦਾ ਪਿੱਛਾ ਕਰਦਿਆਂ, ਸੇਧਤ ਰਾਹਾਂ ਗੁਆਚਣ ਨਹੀਂ ਦਿੰਦਾ। ਨਾ ਹੀ ਆਪਣੀ ਚੇਤਨਾ ਵਿਚ ਸੁਪਨਿਅਂਾ ਦਾ ਧੁੰਦਲਕਾ ਪੈਦਾ ਕਰਦਾ। ਸੁਪਨਿਆਂ ਵਿਚ ਸੇਧ, ਸੱਚ, ਸਪੱਸ਼ਟਤਾ, ਸੰਜੀਦਗੀ, ਸਾਰਥਿਕਤਾ ਅਤੇ ਸੰਵੇਦਨਾ ਹੋਵੇ ਤਾਂ ਸੁਪਨਿਆਂ ਨੇ ਸੱਚ ਹੋਣਾ ਹੀ ਹੁੰਦਾ। ਵਰਨਾ ਸੁਪਨੇ, ਸੁਪਨੇ ਹੀ ਰਹਿ ਜਾਂਦੇ। ਸੋ ਲੋੜ ਹੈ, ਸੁਪਨਿਆਂ ਦੇ ਸੱਚ ਲਈ, ਸੁਪਨ-ਸਾਧਨਾ ਅਤੇ ਸਿਰੜ-ਯਾਤਰਾ ਸਦਾ ਕਰਦੇ ਰਹੀਏ।