ਖੇਡਾਂ, ਖਿਡਾਰੀਆਂ ਤੇ ਪਹਿਲਵਾਨੀ ਦਾ ਚਮਕਦਾ ਸਿਤਾਰਾ ਪਿੰਡ ਮਾਹਿਲ ਗਹਿਲਾ

ਇਕਬਾਲ ਸਿੰਘ ਜੱਬੋਵਾਲੀਆ
ਨੌਰਾ, ਭੌਰਾ, ਉਚਾ, ਝਿੱਕਾ, ਮੋਰਾਂਵਾਲੀ, ਕਜ਼ਲਾ, ਖਮਾਚੋਂ ਪਿੰਡਾਂ ਵਿਚਾਲੇ ਘਿਰੇ ਮਾਹਿਲ ਗਹਿਲਾ ਦਾ ‘ਰਵਿੰਦਰ ਮੈਮੋਰੀਅਲ ਖੇਡ ਕੰਪਲੈਕਸ` ਪੂਰੇ ਇਲਾਕੇ `ਚ ਜਾਣਿਆ ਜਾਂਦਾ। ਉਠਦੇ ਖਿਡਾਰੀਆਂ ਲਈ ਇਹ ਜਿਮਨੇਜ਼ੀਅਮ ਵੱਡਾ ਪਲੇਟ-ਫਾਰਮ ਹੈ। ਚੜ੍ਹਦੀ ਵਰੇਸ ਦੇ ਨੌਜਵਾਨਾਂ ਨੂੰ ਨਸ਼ਿਆਂ ਬਗੈਰਾ ਤੋਂ ਦੂਰ ਰੱਖਣ ਅਤੇ ਸਿਹਤ ਬਣਾਉਣ ਲਈ ਵੱਡਾ ਸਾਧਨ ਹੈ। ਪਿੰਡ ਦੇ ਪਰਵਾਸੀ ਵੀਰਾਂ, ਖਾਸਕਰ ਕੈਲੀਫੋਰਨੀਆ ਵਸਦੇ ਦਾਨੀਆਂ ਦਾ ਵੱਡਾ ਉਪਰਾਲਾ ਹੈ। ਖੇਡਾਂ ਦੇ ਸ਼ੌਕੀਨ ਦਾਨੀ ਸੱਜਣਾਂ ਦੀਆਂ ਸੇਵਾਵਾਂ ਸਦਕਾ ਇਹ ਕਲੱਬ ਸ਼ਾਨੋ-ਸ਼ੌਕਤ ਨਾਲ ਦਿਨੋ-ਦਿਨ ਅੱਗੇ ਵਧ ਰਿਹੈ।

ਇੰਗਲੈਂਡ ਵਸਦੇ ਸ. ਸੁਰਜੀਤ ਸਿੰਘ ਮਾਹਲ ਨੇ ਜ਼ਮੀਨ ਦਾਨ ਕਰਕੇ ਆਪਣੇ ਮਰਹੂਮ ਪੁੱਤਰ ਰਵਿੰਦਰ ਸਿੰਘ ਮਾਹਲ ਦੀ ਮਿੱਠੀ ਯਾਦ ਨੂੰ ਸਮਰਪਿਤ ਰਵਿੰਦਰ ਮੈਮੋਰੀਅਲ ਖੇਡ ਕੰਪਲੈਕਸ ਦੀ ਨੀਂਹ ਰੱਖੀ। ਮਾਹਿਲ ਗਹਿਲਾ ਦੇ ਦੁਨੀਆ ਦੇ ਕੋਨੇ ਕੋਨੇ ‘ਚ ਵਸੇ ਦਾਨੀ ਪਰਿਵਾਰਾਂ, ਖਿਡਾਰੀ ਸੱਜਣਾਂ ਅਤੇ ਹੋਰ ਦਾਨੀ ਮਿੱਤਰਾਂ ਦਾ ਵੱਡਾ ਹੱਥ ਹੈ। ਆਲਮਗੀਰ ਅਖਾੜੇ ਦੇ ਕੈਲੀਫੋਰਨੀਆ ਰਹਿੰਦੇ ਪਹਿਲਵਾਨ ਧੰਨਾ ਸਿੰਘ ਦਾ ਪਿੰਡ ਤਾਂ ਭਾਵੇਂ ਖੰਨੇ ਕੋਲ ਮਹੌਣ ਹੈ ਪਰ ਮਾਹਿਲ ਗਹਿਲਾ ਖੇਡ ਕੰਪਲੈਕਸ ਵਿਚ ਤਨੋਂ, ਮਨੋਂ, ਧਨੋਂ ਹਿੱਸਾ ਪਾ ਰਿਹਾ ਹੈ ਤੇ ਹੋਰਨਾਂ ਨੂੰ ਵੀ ਉਤਸ਼ਾਹਤ ਕਰ ਰਿਹਾ ਹੈ। ਇੰਗਲੈਂਡ ਰਹਿੰਦੇ ਬਲਦੇਵ ਮਾਨ ਨੇ ਵੀ ਬੜੀ ਮਾਇਕ ਸਹਾਇਤਾ ਕੀਤੀ। ਅਫਸੋਸ, ਹੁਣ ਉਹ ਸਾਥੋਂ ਵਿਛੜ ਗਿਆ ਹੈ। ਕੰਪਲੈਕਸ `ਤੇ ਲੱਖਾਂ ਰੁਪਏ ਲੱਗ ਚੁੱਕੇ ਹਨ ਤੇ ਲੱਖਾਂ ਹਾਲੇ ਹੋਰ ਲੱਗਣੇ ਨੇ। ਬਾਬੇ ਨਾਨਕ ਦੀ ਬੜੀ ਕ੍ਰਿਪਾ ਹੈ, ਪੈਸੇ ਦੀ ਕੋਈ ਘਾਟ ਨਹੀਂ ਆ ਰਹੀ। ਜਿੰਮ `ਚ ਹਰ ਤਰ੍ਹਾਂ ਦੇ ਖਿਡਾਰੀ ਤਿਆਰ ਹੋ ਰਹੇ ਨੇ। ਕੁਸ਼ਤੀਆਂ ਵਾਲੇ ਗੱਦੇ ਹਨ। ਮਿੱਟੀ ਦਾ ਅਖਾੜਾ ਹੈ। ਫੁੱਟਬਾਲ, ਵਾਲੀਬਾਲ ਤੇ ਰੱਸਾਕਸ਼ੀ ਦੇ ਖਿਡਾਰੀ ਸਖਤ ਮਿਹਨਤ ਕਰ ਰਹੇ ਨੇ। ਛੋਟੀ ਉਮਰ ਦੇ ਵਧੀਆ ਪਹਿਲਵਾਨ ਤਿਆਰ ਹੋ ਰਹੇ ਨੇ। ਪਿੰਡ ਦੇ ਪੁਰਾਣੇ ਪਹਿਲਵਾਨ ਧੰਨਾ ਸਿੰਘ ਦੇ ਰਾਹਾਂ `ਤੇ ਚੱਲ ਰਹੇ ਨੇ। ਜਲੰਧਰ ਦਾ ਕੁਸ਼ਤੀ ਕੋਚ ਜਗਦੀਸ਼ ਨਵੇਂ ਪਹਿਲਵਾਨਾਂ ਨੂੰ ਕੁਸ਼ਤੀ ਦੀ ਟਰੇਨਿੰਗ ਦੇ ਰਿਹਾ ਹੈ। ਪੱਕੀ ਰਿਹਾਇਸ਼ ਉਹਦੀ ਕੰਪਲੈਕਸ ਵਿਚ ਹੀ ਹੈ। ਟਰੱਸਟ ਵਲੋਂ ਉਸ ਨੂੰ ਹਰ ਮਹੀਨੇ ਪੱਕੀ ਤਨਖਾਹ ਦਿਤੀ ਜਾਂਦੀ ਹੈ ਪਰ ਉਹਦੇ ਸਾਰੇ ਨਿੱਜੀ ਖਰਚੇ ਚੁੱਕਣ ਦੀ ਸੇਵਾ ਸਰਬਜੀਤ ਮਾਹਿਲ ਨੇ ਸੰਭਾਲੀ ਹੋਈ ਹੈ।
ਫੁੱਟਬਾਲ ਖਿਡਾਰੀਆਂ, ਪਹਿਲਵਾਨਾਂ, ਅਥਲੀਟਾਂ, ਖੇਡ ਪ੍ਰੋਮੋਟਰਾਂ, ਪ੍ਰੈਸ ਰਿਪੋਰਟਰਾਂ, ਲਿਖਾਰੀਆਂ ਤੇ ਸ਼ਾਇਰਾਂ ਦਾ ਬਹੁਗੁਣਾਂ ਪਿੰਡ ਹੈ। 1967-68 ‘ਚ ਮਾਹਿਲ ਗਹਿਲਾ `ਚ ਟੂਰਨਾਮੈਂਟਾਂ ਦੀ ਸ਼ੁਰੂਆਤ ਹੋਈ ਸੀ। ਪਿੰਡ ਦਾ ਪੁਰਾਣਾ ਫੁੱਟਬਾਲ ਖਿਡਾਰੀ ਦਰਸ਼ਨ ਸਿੰਘ ਮਾਹਲ ਸ਼ੁਰੂ ਤੋਂ ਲੈ ਕੇ ਅੱਜ ਤੱਕ ਪਿੰਡ ਦੀਆਂ ਖੇਡਾਂ ਨਾਲ ਜੁੜਿਆ ਹੋਇਆ ਹੈ। ਉਹ ਐਸ.ਐਨ. ਕਾਲਜ ਬੰਗਾ ਅਤੇ ਖਾਲਸਾ ਕਾਲਜ ਜਲੰਧਰ ਦਾ ਨਾਮਵਰ ਫੁੱਟਬਾਲ ਖਿਡਾਰੀ ਰਹਿ ਚੁੱਕਾ ਹੈ। 1971 ‘ਚ ਉਹ ਕੈਨੇਡਾ ਚਲੇ ਗਿਆ। ਕੈਨੇਡਾ ਰਹਿੰਦਾ ਵੀ ਪਿੰਡ ਪ੍ਰਤੀ ਹਮੇਸ਼ਾ ਫਿਕਰਮੰਦ ਰਿਹਾ। ਹੁਣ ਉਹ ਹਰ ਸਾਲ ਕੈਨੇਡਾ ਤੋਂ ਪਿੰਡ ਜਾ ਕੇ ਨੌਜਵਾਨਾਂ ਨੂੰ ਫੁੱਟਬਾਲ, ਕਬੱਡੀ ਤੇ ਹੋਰ ਖੇਡਾਂ ਲਈ ਉਤਸ਼ਾਹਤ ਕਰਦਾ ਹੈ। ਸਹਿਯੋਗੀ ਸੱਜਣਾਂ ਦੇ ਸਹਾਰੇ ਟੂਰਨਾਮੈਟਾਂ ਦੀ ਕਮਾਂਡ ਅੱਜ ਤੱਕ ਸਾਂਭੀ ਹੋਈ ਹੈ। ਇਸ ਸਾਲ 2021 ਦਾ ਟੂਰਨਾਮੈਂਟ ਮੁਲਤਵੀ ਕਰਨਾ ਪਿਆ, ਕਰੋਨਾ ਕਾਲ ਕਰਕੇ। ਉਹ ਪਿੰਡ ਦੇ ਤਕੜੇ ਖਿਡਾਰੀਆਂ ‘ਚੋਂ ਸੀ। ਉਸ ਨਾਲ ਉਸ ਵੇਲੇ ਪਿੰਡ ਦੇ ਮੋਹਣੀ ਰੇਲਵੇ ਦਾ, ਰਾਜ ਪੰਡਿਤ ਦਿੱਲੀ ਪੁਲਿਸ, ਮਿੰਦੀ, ਚੂਹੜ ਸਿੰਘ, ਮੋਹਣੀ, ਬਾਗ ਵਾਲਿਆਂ ਦੇ ਤਰਲੋਕ ਸਿੰਘ ਮਾਹਲ ਤੇ ਸੰਤੋਖ ਸਿੰਘ ਮਾਹਲ (ਦੋਵੇਂ ਭਰਾ), ਦਰਸ਼ਨ ਸਿੰਘ ਦਾਸ਼ੀ ਤੇ ਬਲਦੇਵ ਸਿੰਘ ਭਲਵਾਨ ਹੁੰਦੇ ਸਨ। ਪਿੰਡ ਦੇ ਹੋਰ ਫੁੱਟਬਾਲ ਖਿਡਾਰੀਆਂ `ਚ ਬੋਸ਼ੀ, ਤੇਲੂ, ਕਰਮਜੀਤ ਸਿੰਘ ਪਾਲ ਕੈਨੇਡਾ, ਅਵਤਾਰ ਚੰਦ, ਵੱਡਾ ਮੱਖਣ, ਛੋਟਾ ਮੱਖਣ, ਬਹਾਦੁਰ ਸਿੰਘ ਕੇਬੀ (ਫੁੱਟਬਾਲ ਖਿਡਾਰੀ ਤੇ ਰੇਸਰ) ਪਿੰਡ ਦੇ ਖਿਡਾਰੀ ਹੁੰਦੇ ਸਨ।
ਮਾਹਿਲ ਗਹਿਲਾ ਨੂੰ ਕਦੇ ਧੰਨੇ ਦੀਆਂ ਮਾਹਲਾਂ ਵੀ ਕਿਹਾ ਜਾਂਦਾ ਸੀ। ਪੁਰਾਣੇ ਬਜ਼ੁਰਗ ਇਸ ਨੂੰ ਗਹਿਲੇ ਦੀਆਂ ਮਾਹਲਾਂ ਕਰਕੇ ਵੀ ਜਾਣਦੇ ਸਨ ਪਰ ਹੁਣ ਮਾਹਿਲ ਗਹਿਲਾ ਕਰਕੇ ਇਲਾਕੇ ਭਰ ਵਿਚ ਮਸ਼ਹੂਰ ਹੈ। ਪਹਿਲਵਾਨ ਧੰਨਾ ਆਪਣੇ ਸਮੇਂ ਦਾ ਵੱਡਾ ਮੱਲ ਹੋਇਆ ਹੈ। ਉਹ ਸ਼ੰਕਰੀਏ ਗੁਰਦਾਵਰ ਦੇ ਜੋੜ ਦਾ ਪਹਿਲਵਾਨ ਸੀ। ਉਮਰ ਪੱਖੋਂ ਧੰਨਾ ਗੁਰਦਾਵਰ ਨਾਲੋਂ ਕਈ ਸਾਲ ਵੱਡਾ ਸੀ ਪਰ ਧੰਨਾ ਗੁਰਦਾਵਰ ਦੇ ਬਰਾਬਰ ਘੁਲ ਜਾਂਦਾ ਸੀ। ਗੁਰਦਾਵਰ ਕਹਿਣ ਹੁੰਦਾ ਸੀ- “ਜੱਟ ਦੀਆਂ ਬਾਹਾਂ `ਚ ਬੜਾ ਜ਼ੋਰ ਐ।” ਉਹ ਪਾਕਿਸਤਾਨ ਘੁਲਣ ਜਾਂਦੇ ਰਹੇ। ਪਾਕਿਸਤਾਨੀ ਪਹਿਲਵਾਨਾਂ `ਚ ਉਹਨਾਂ ਦੀ ਬੜੀ ਦਹਿਸ਼ਤ ਹੁੰਦੀ। ਪਹਿਲਵਾਨ ਹਰਬੰਸ ਸਿੰਘ ਰਾਏਪੁਰ ਡੱਬਾ ਦੇ ਪਹਿਲਵਾਨ ਪੁੱਤਰ ਕਸ਼ਮੀਰਾ ਸਿੰਘ ਦੇ ਦੱਸਣ ਅਨੁਸਾਰ ਉਹਨੇ ਛੋਟੇ ਹੁੰਦੇ ਧੰਨੇ ਪਹਿਲਵਾਨ ਨੂੰ ਉਹਨਾਂ ਦੇ ਪਿੰਡ ਰਾਏਪੁਰ ਡੱਬੇ ਘੋੜੀ `ਤੇ ਘੁੰਮਦਾ ਦੇਖਿਆ। ਪਿੰਡ ਵਾਸੀਆਂ ਹੁਣ ਉਸ ਦੀ ਨਿੱਘੀ ਯਾਦ ਵਿਚ ਮਾਹਿਲ ਗਹਿਲਾ ਵਿਚ ਵੱਡਾ ਗੇਟ ਬਣਾਇਆ ਹੋਇਆ ਹੈ। ਕੈਨੇਡਾ ਰਹਿੰਦਾ ਬਲਦੇਵ ਸਿੰਘ ਅਤੇ ਬੱਲੀ ਚੰਗੇ ਪਹਿਲਵਾਨਾਂ `ਚ ਰਹੇ।
ਮਾਹਿਲ ਗਹਿਲਾ ਦਾ ਹਾਈ ਸਕੂਲ ਇਲਾਕੇ ਭਰ ‘ਚ ਕਦੇ ਇਕੋ-ਇਕ ਪ੍ਰਾਈਵੇਟ ਸਕੂਲ ਹੁੰਦਾ ਸੀ ਜਿਥੇ ਦੂਰੋਂ-ਦੂਰੋਂ ਤੁਰ ਕੇ ਵਿਦਿਆਰਥੀ ਪੜ੍ਹਨ ਆਉਂਦੇ। ਹੁਣ ਤਾਂ ਪਿੰਡ-ਪਿੰਡ ਸਕੂਲ ਖੁੱਲ੍ਹ ਗਏ ਹਨ। 1947-48 ਦੇ ਲਗਭਗ ਮੇਰੇ ਪਿੰਡ ਜੱਬੋਵਾਲ ਦੇ ਵਿਦਿਆਰਥੀ ਕੱਚੇ ਰਾਹਾਂ ਵਿਚੀਂ ਤੁਰ ਕੇ ਪੜ੍ਹਨ ਜਾਂਦੇ ਫਿਰ ਨਹਿਰ ਬਣੀ ਅਤੇ ਨਹਿਰੇ-ਨਹਿਰ ਤੁਰ ਕੇ ਜਾਂਦੇ ਰਹੇ। ਡਾ. ਗੁਰਦੇਵ ਰਾਮ ਤੇ ਗੁਰਦਿਆਲ ਸਿੰਘ ਪੰਜਾਬ ਸਿਲੈਕਟਿਡ ਫੁੱਟਬਾਲ ਖਿਡਾਰੀ ਇਸੇ ਹਾਈ ਸਕੂਲ ਦੇ ਵਿਦਿਆਰਥੀ ਸਨ। ਮੇਰਾ ਵੱਡਾ ਭਾਈ ਗਿਆਨ ਸਿੰਘ ਵੀ ਇਥੋਂ ਪੜ੍ਹਿਆ ਤੇ ਫੁੱਟਬਾਲ ਖੇਡਿਆ। ਪ੍ਰਾਈਵੇਟ ਸਕੂਲ ਸਮੇਂ ਪਹਿਲਾਂ ਇਥੇ ਸ੍ਰੀ ਮਿੰਦੀ ਦਾਸ ਜੀ ਹੈੱਡਮਾਸਟਰ ਹੁੰਦੇ ਸਨ ਤੇ ਨੌਰੇ ਵਾਲੇ ਸ੍ਰੀ ਧਨਪਤ ਰਾਏ ਜੀ ਸੈਕਿੰਡ ਹੈਡਮਾਸਟਰ। ਫਿਰ ਧਨਪਤ ਰਾਏ ਸਾਹਿਬ ਜੀ ਹੈਡਮਾਸਟਰ ਬਣੇ।
1974-75 ਵਿਚ ਮੈਂ ਵੀ (ਲੇਖਕ) ਇਸੇ ਹਾਈ ਸਕੂਲ ਤੋਂ ਨੌਵੀਂ, ਦਸਵੀਂ ਦੀ ਪੜ੍ਹਾਈ ਕੀਤੀ। 1975 ਵਿਚ ਵਿਦਿਆ ਮੰਤਰੀ ਚੌਧਰੀ ਗੁਰਦੇਵ ਸਿੰਘ ਸਕਰੁਲੀ ਨੇ ਸਰਕਾਰੀ ਸਕੂਲ ਦਾ ਦਰਜਾ ਦਵਾਇਆ। ਸ੍ਰੀ ਰਾਮ ਗੋਪਾਲ ਜੀ ਉਸ ਵੇਲੇ ਜ਼ਿਲ੍ਹਾ ਡੀ.ਸੀ. ਸਨ। ਮਾਹਿਲ ਗਹਿਲਾ ਉਦੋਂ ਜ਼ਿਲ੍ਹਾ ਜਲੰਧਰ ਵਿਚ ਆਉਂਦਾ ਸੀ। ਨਵਾਂ ਸ਼ਹਿਰ ਜ਼ਿਲ੍ਹਾ ਅਜੇ ਨਹੀਂ ਸੀ। ਸਕੂਲ ਸਟਾਫ ਵਿਚ ਉਸ ਵੇਲੇ ਹੈੱਡਮਾਸਟਰ ਗੁਰਦਿਆਲ ਸਿੰਘ ਮਾਹਲ, ਮਾਸਟਰ ਮੋਹਣ ਸਿੰਘ ਰਾਏਪੁਰ ਡੱਬਾ, ਸ. ਤਰਸੇਮ ਸਿੰਘ ਨੌਰਾ, ਪੰਡਿਤ ਲੇਖ ਰਾਜ ਜੀ, ਜ਼ੋਰਾਵਰ ਸਿੰਘ ਕਰਨਾਣਾ, ਸ. ਜਸਵੰਤ ਸਿੰਘ ਉਚਾ ਲਧਾਣਾ , ਸ. ਸ਼ਮਸ਼ੇਰ ਸਿੰਘ, ਸ. ਗਿਆਨ ਸਿੰਘ, ਮੰਗਤ ਰਾਮ, ਕੇਦਾਰ ਨਾਥ ਅਤੇ ਭੌਰੇ ਵਾਲਾ ਪੀ.ਟੀ. ਮਾਸਟਰ ਕਰਨੈਲ ਸਿੰਘ ਸੀ ਜਿਸ ਨੂੰ ‘ਚੁੱਘੂ’ ਕਰਕੇ ਵੱਧ ਜਾਣਦੇ ਸਨ। ਪੀ.ਟੀ. ਭਾਵੇਂ ਚੁੱਘੂ ਸੀ ਪਰ ਸਕੂਲ ਦੀ ਫੁੱਟਬਾਲ ਟੀਂਮ ਤਿਆਰ ਕਰਨ ਦੀ ਸਾਰੀ ਜ਼ਿੰਮੇਵਾਰੀ ਸ. ਤਰਸੇਮ ਸਿੰਘ ਨੌਰਾ ਦੀ ਹੁੰਦੀ। ਸ. ਤਰਸੇਮ ਸਿੰਘ ਮਿਹਨਤੀ ਹੋਣ ਕਰਕੇ ਸਕੂਲ ਦੇ ਖਿਡਾਰੀਆਂ ਨਾਲ ਖੁਦ ਨਿੱਕਰ-ਬੁਨੈਣ ਪਾ ਕੇ ਗਰਾਊਂਡ ਵਿਚ ਜਾ ਵੜਦਾ। ਸਕੂਲਾਂ ਦੇ ਸਾਲਾਨਾ ਖੇਡ ਮੁਕਾਬਲਿਆਂ `ਚ ਮਾਹਿਲ ਗਹਿਲਾ ਟੀਮ ਦੀ ਪੂਰੀ ਚੜ੍ਹਤ ਹੁੰਦੀ। ਦੂਜੇ ਸਕੂਲਾਂ ਵਾਲੇ ਮਾਹਿਲ-ਗੈਹਲਾ ਤੋਂ ਭੈਅ ਖਾਂਦੇ। ਮੈਚ ਕਦੇ ਜਲੰਧਰ ਕਦੇ ਚੌ-ਨਗਰੇ ਅਤੇ ਕਦੇ ਐਸ.ਐਨ. ਕਾਲਜ ਬੰਗਾ ਦੀ ਗਰਾਊਂਡ ਵਿਚ ਹੁੰਦੇ। ਐਸ.ਐਨ. ਕਾਲਜ ਬੰਗਾ ਤੇ ਖਾਲਸਾ ਹਾਈ ਸਕੂਲ ਦੀ ਸਾਂਝੀ ਗਰਾਊਂਡ ਸੀ। ਖਿਡਾਰੀਆਂ ਵਿਚ ਮੋਰਾਂਵਾਲੀ ਦਾ ਸੋਹਣ, ਪਾਲੀ ਭੌਰਾ, ਸੱਤਾ ਨੌਰਾ, ਸੱਬੀ ਮੋਰਾਂਵਾਲੀ, ਸ਼ਿੰਦਰ ਮਾਹਲ, ਗੇਲਾ ਸੂਰਾਪੁਰ, ਵੀਰ੍ਹਾ ਨੌਰਾ, ਪੱਲੀਆਂ ਵਾਲਾ ਪਿੰਦਾ, ਡਾ. ਰਾਕੇਸ਼ ਕੌਸ਼ਲ ਪੱਪੂ, ਜਗਵਿੰਦਰ ਕਾਲਾ, ਜੋਗਾ ਸਿੰਘ ਭੌਰ, ਦਰਸ਼ਨ ਨੌਰਾ। ਪਾਲੀ ਤੇ ਸੱਤੇ ਦਾ ਬੜਾ ਤਾਲਮੇਲ ਸੀ। ਸੱਤੇ ਨੇ ਬਾਲ ਦਿਤਾ ਨੀ ਤੇ ਪਾਲੀ ਨੇ ਗੋਲ ਨੀ। ਪਾਲੀ ਇਲਾਕੇ ਭਰ ਦੇ ਤਕੜੇ ਖਿਡਾਰੀਆਂ ‘ਚੋਂ ਇਕ ਸੀ। 1990-91 ‘ਚ ਉਹ ਸਾਥੋਂ ਵਿਛੜ ਗਿਆ ਸੀ। ਉਹ ਨਿਊ ਯਾਰਕ ਰਹਿੰਦਾ ਸੀ। ਨਿਊ ਯਾਰਕ ਰਹਿੰਦਾ ਮੈਂ ਵੀ ਕਦੇ-ਕਦਾਈਂ ਜਾ ਕੇ ਮਿਲ ਲੈਂਦਾ ਸਾਂ।
ਮਾਹਿਲ ਗਹਿਲਾ ਸਕੂਲ ਦੀ ਦਸਵੀਂ ਦੀ ਪੜ੍ਹਾਈ ਖਤਮ ਕਰਦੇ ਹੀ ਉਚੇਰੀ ਵਿਦਿਆ ਲਈ ਅਸੀਂ ਸਾਰੇ ਐਸ.ਐਨ. ਕਾਲਜ ਬੰਗਾ ਜਾ ਦਾਖਲ ਹੋਏ। ਸ਼ਿੰਦਰ ਮਾਹਲ, ਜਗਵਿੰਦਰ ਸਿੰਘ ਕਾਲਾ, ਜੋਗਾ ਸਿੰਘ ਭੌਰ, ਰਘਵੀਰ ਸਿੰਘ, ਸ਼ਿਵਰਾਜ ਸਿੰਘ, ਸਰਬਜੀਤ ਸਿੰਘ, ਮੱਖਣ ਸਿੰਘ, ਰਛਪਾਲ ਸਿੰਘ ਪਾਲੀ, ਸਤਨਾਮ ਸਿੰਘ ਸੱਤਾ, ਨਿਰਮਲ ਸਿੰਘ ਗੜਿੰਦੀ ਭੌਰਾ ਸਾਰੇ ਦਾ ਸਾਰਾ ਗਰੁੱਪ ਉਥੇ ਚਲਾ ਗਿਆ। ਕਾਲਜ ਜਾ ਕੇ ਮਾਹਿਲ ਗਹਿਲਾ ਦੇ ਸੰਗ ਸਾਥੀਆਂ ਘੁੰਮਦਾ ਫਿਰਦਾ ਕਰਕੇ ਸਾਰੇ ਮੈਨੂੰ ਮਾਹਿਲ ਗਹਿਲਾ ਦਾ ਸਮਝਦੇ। ਫਿਰ ਹੌਲੀ-ਹੌਲੀ ਸਾਰੇ ਵਾਕਫ ਹੋ ਗਏ ਤੇ ਮੇਰੇ ਪਿੰਡ ਜੱਬੋਵਾਲ ਦਾ ਪਤਾ ਲੱਗਾ। ਸ਼ਿੰਦਰ ਮਾਹਲ ਦੀ ਖਾਸੀਅਤ ਸੀ, ਉਸ ਵਿਚ ਬੜੇ ਗੁਣ ਸਨ। ਸ਼ਰਾਰਤਾਂ, ਭੰਗੜਾ, ਫੁੱਟਬਾਲ, ਹੈਮਰ-ਥਰੋ, ਗਾਉਣਾ। ਬੰਗਾ ਕਾਲਜ ਦੀ ਬੀ.ਏ. ਦੀ ਪੜ੍ਹਾਈ ਤੋਂ ਬਾਅਦ ਐਮ.ਏ. ਦੀ ਪੜ੍ਹਾਈ ਲਈ ਉਹ ਖਾਲਸਾ ਕਾਲਜ ਜਲੰਧਰ ਜਾ ਦਾਖਲ ਹੋਇਆ ਜਿਥੇ ਪੜ੍ਹਾਈ, ਸਭਿਆਚਾਰਕ ਪ੍ਰੋਗਰਾਮਾਂ ਤੇ ਖੇਡਾਂ ਵਿਚ ‘ਮਾਹਲ-ਮਾਹਲ` ਕਰਾਈ। ਹੁਣ ਉਹ ਇੰਗਲੈਂਡ ਦੇ ਸ਼ਹਿਰ ਲੈਸਟਰ ਰਹਿ ਰਿਹਾ ਹੈ। ਪਹਿਲਾ ਉਹ ਰਾਜ ਰੇਡੀਓ ਵਿਚ ਕੰਮ ਕਰਦਾ ਸੀ, ਹੁਣ ਸਿੱਖ ਟੀ.ਵੀ. ਚੈਨਲ `ਤੇ ਪ੍ਰੋਗਰਾਮ ਵਿਚ ਖਿਡਾਰੀਆਂ, ਪਹਿਲਵਾਨਾਂ, ਗੀਤਕਾਰਾਂ, ਗਾਇਕਾਂ, ਸਿਆਸੀ ਤੇ ਧਾਰਮਿਕ ਲੋਕਾਂ ਦੀ ਇੰਟਰਵਿਊ ਬਗੈਰਾ ਕਰਦਾ ਹੈ।
ਮਾਹਿਲ ਗਹਿਲਾ ਦੇ ਮੁੱਖ ਅਧਿਆਪਕਾਂ ਤੇ ਅਧਿਆਪਕਾਂ ਵਿਚ ਗੁਰਦਿਆਲ ਸਿੰਘ ਮਾਹਲ, ਹੈੱਡਮਾਸਟਰ ਅਨਵਰ ਸ਼ੇਖ, ਪ੍ਰੋ. ਨਿਸ਼ਾਨ ਸਿੰਘ, ਸ. ਰਘਵੀਰ ਸਿੰਘ, ਸ. ਅਵਤਾਰ ਸਿੰਘ (ਸਰਬਣ ਸਿੰਘ), ਸ. ਜਸਵੀਰ ਸਿੰਘ (ਤਿੰਨੇ ਭਰਾ), ਸ੍ਰੀ ਸੁਰੇਸ਼ ਕੁਮਾਰ, ਸ. ਅਜੀਤ ਸਿੰਘ ਮਾਂਡਿਆਂ ਦੇ, ਸ੍ਰੀ ਮੰਗਤ ਰਾਮ, ਸ. ਰਾਜਿੰਦਰ ਸਿੰਘ, ਸ. ਹਰਜੀਤ ਸਿੰਘ ਤੇ ਸ. ਅਮਰਜੀਤ ਸਿੰਘ (ਤਿੰਨੇ ਭਰਾ ਸਕੇ ਭਰਾ, ਅਫਸੋਸ ਰਾਜਿੰਦਰ ਤੇ ਅਮਰਜੀਤ ਸਾਥੋਂ ਵਿਛੜ ਗਏ ਸਨ), ਸੁਰਜੀਤ ਰਾਮ ਤੇ ਉਹਦਾ ਭਰਾ ਕੇਬੀ। ਪਿੰਡ ਦੀਆਂ ਮੈਡਮ ਟੀਚਰਾਂ ਸੁਰਜੀਤ ਕੌਰ ਮਿਸਿਜ਼ ਸ. ਰਘਵੀਰ ਸਿੰਘ, ਰਛਪਾਲ ਕੌਰ ਮਿਸਿਜ਼ ਸ. ਸਰਬਣ ਸਿੰਘ ਤੇ ਸਰਬਜੀਤ ਕੌਰ ਮਿਸਿਜ਼ ਸ. ਜਸਵੀਰ ਸਿੰਘ ਤੇ ਗੁਰਦੀਪ ਕੌਰ ਮਿਸਿਜ਼ ਸ. ਨਿਸ਼ਾਨ ਸਿੰਘ।
ਆਪਣੇ ਸਮੇਂ ਦੇ ਧੱਕੜ ਸਰਪੰਚ ਮਾਧੋ ਸਿੰਘ ਨੇ ਪਿੰਡ ਲਈ ਬੜਾ ਕੁਝ ਕੀਤਾ ਹੈ। ਸਰਕਾਰੇ-ਦਰਬਾਰੇ ਪਹੁੰਚ ਰੱਖਣ ਵਾਲੇ ਸ. ਮਾਧੋ ਸਿੰਘ ਨੇ ਆਪਣੇ ਅਸਰ-ਰਸੂਖ ਸਦਕਾ ਮੰਤਰੀਆਂ ਤੇ ਹੋਰ ਸਿਆਸੀ ਲੋਕਾਂ ਦੇ ਸਹਿਯੋਗ ਨਾਲ ਪਿੰਡ ਵਿਚ ਕੋਆਪਰੇਟਿਵ ਸੁਸਾਇਟੀ ਦੀ ਸਥਾਪਨਾ ਕੀਤੀ। ਜਿਥੋਂ ਰੋਜ਼ਾਨਾ ਵਰਤੋਂ ਦੀਆਂ ਘਰੇਲੂ ਵਸਤਾਂ ਕੱਪੜਾ, ਕਰਿਆਨਾ, ਖਾਦ, ਪੈਸਾ, ਸ਼ਹਿਰਾਂ ਵਾਂਗ ਸਭ ਸਹੂਲਤਾਂ ਹਨ। ਪਿੰਡ ਦੇ ਵਿਕਾਸ ਪ੍ਰਤੀ ਉਹ ਬੜਾ ਇਮਾਨਦਾਰ ਸੀ। ਰਾਜਦੂਤ ਮੋਟਰਸਾਇਕਲ ‘ਤੇ ਘੁੰਮਣ ਵਾਲਾ ਵੱਖਰੀ ਰੋਹਬਦਾਰ ਸ਼ਖਸੀਅਤ ਦਾ ਮਾਲਕ ਸੀ। ਇਹ 1974-75 ਦੀ ਗੱਲ ਹੈ।
ਪਿੰਡ ਦੇ ਦਾਨੀ ਸੱਜਣਾਂ ਡਾ. ਮਹਿੰਦਰ ਸਿੰਘ ਗੋਗੀ ਵਲੋਂ ਪਿੰਡ ਦੇ ਹਾਈ ਸਕੂਲ ਦੀ ਇਮਾਰਤ ਲਈ ਮਾਇਆ ਦਾ ਵੱਡਾ ਯੋਗਦਾਨ ਹੈ। ਪਿੰਡ ਵੱਡਾ ਹੋਣ ਕਰਕੇ ਮਾਹਿਲ ਗਹਿਲਾ ਨੇ ਛੋਟੇ ਕਸਬੇ ਰੂਪ ਧਾਰਨ ਕੀਤਾ ਹੋਇਆ ਹੈ। ਇਥੇ ਹਰ ਸਾਲ ਛਿੰਝ ਪੈਂਦੀ ਹੈ ਤੇ ਦਸਹਿਰਾ ਵੀ ਲੱਗਦਾ ਹੈ। ਲੋਕਾਂ ਦੀ ਸਹੂਲਤ ਲਈ ਪੋਸਟ ਆਫਿਸ ਹੈ। ਸਿਹਤ ਸੇਵਾਵਾਂ ਲਈ ਪਿੰਡ ‘ਚ ਕਈ ਮੈਡੀਕਲ ਸਟੋਰ ਤੇ ਕਈ ਡਾਕਟਰਾਂ ਦੀਆਂ ਦੁਕਾਨਾਂ ਮੌਜੂਦ ਨੇ। ਡਾ. ਰਛਪਾਲ ਸਿੰਘ ਵੀ ਪ੍ਰੈਕਟਿਸ ਕਰ ਰਿਹਾ ਹੈ। ਆਪਣੇ ਸਮੇਂ ਸਕੂਲਾਂ, ਕਾਲਜਾਂ ‘ਚ ਪੜ੍ਹਦਾ ਉਹ ਵੀ ਦੌੜਾਂ ਲਾਉਂਦਾ ਰਿਹਾ ਹੈ।
ਪਿੰਡ ਦੀ ਕੋਆਪਰੇਟਿਵ ਸੁਸਾਇਟੀ ਤੋਂ ਬਾਅਦ ਦੂਜੇ ਨੰਬਰ ‘ਤੇ ਪਿੰਡ ‘ਚ ਬਿੱਟੂ ਭੱਟੀ ਦੀ ਦੁਕਾਨ ਹੈ ਜਿਥੇ ਹਰ ਤਰ੍ਹਾਂ ਦੀ ਘਰੇਲੂ ਚੀਜ਼ਾਂ ਉਪਲਬਧ ਹੈ। ਦੁਕਾਨਦਾਰੀ ਦੇ ਨਾਲ-ਨਾਲ ਉਹ ਪੱਤਰਕਾਰੀ, ਗਾਇਕਾਂ, ਗੀਤਕਾਰਾਂ ਬਾਰੇ ਬਾਖੂਬ ਲਿਖਦਾ ਹੈ। ਗੀਤਕਾਰਾਂ, ਕਲਾਕਾਰਾਂ ਤੇ ਸੰਗੀਤ ਨਾਲ ਜੁੜੀਆਂ ਹੋਰ ਹਸਤੀਆਂ ਨੇ ਉਹਨੂੰ ਮਾਣ ਬਖਸ਼ਿਆ ਅਤੇ ‘ਸੁਰਤਾਲ ਆਵਾਜ਼ ਵੈਲਫੇਅਰ ਕਮੇਟੀ’ ਜ਼ਿਲ੍ਹਾ ਨਵਾਂ ਸ਼ਹਿਰ ਦਾ ਪ੍ਰਧਾਨਗੀ ਅਹੁਦਾ ਥਾਪਿਆ ਹੈ। ਮਹਿਮਾਨਨਿਵਾਜ਼ੀ ਵਿਚ ਵੀ ਉਹਦੀ ਕੋਈ ਰੀਸ ਨਹੀਂ। ਟੋਰਾਂਟੋ ਰਹਿੰਦਾ ਇਕਬਾਲ ਮਾਹਲ ਨੇ ਗੀਤਕਾਰਾਂ ਤੇ ਕਲਾਕਾਰਾਂ ਨੂੰ ਕੈਨੇਡਾ ਸੱਦ ਕੇ ਸ਼ੋਅ ਕਰਵਾਏ। ਕਲਮ ਚਲਾਉਣ ਦੇ ਸ਼ੌਕੀਨ ਮਾਹਲ ਨੇ ਗੀਤਕਾਰਾਂ-ਕਲਾਕਾਰਾਂ ਬਾਰੇ ਕਿਤਾਬ ਵੀ ਛਪਾਈ ਸੀ। ਉਹ ਟੋਰਾਂਟੋ, ਪਾਕਿਸਤਾਨ ਅਤੇ ਹੋਰ ਹਿੱਸਿਆਂ ਦੇ ਮੁਸ਼ਾਇਰਿਆਂ ‘ਚ ਹਿੱਸਾ ਲੈਂਦਾ ਰਹਿੰਦਾ ਹੈ। ਹੈੱਡਮਾਸਟਰ ਅਨਵਰ ਸ਼ੇਖ ਦਾ ਬੇਟਾ ਬਲਰਾਜ ਸ਼ੇਖ ਗਾਉਣ ਦਾ ਝੱਸ ਪੂਰਾ ਕਰ ਲੈਂਦਾ। 1993-94 ਵਿਚ ਉਹਨੇ ਦੋ ਕੈਸਿਟਾਂ ਵੀ ਰਿਕਾਰਡ ਕਰਵਾਈਆਂ ਸਨ। ਪਹਿਲੀ- ‘ਦਿਲ ਸਾਡਾ ਲੈ ਗਈ ਲੁੱਟ ਕੇ’ ਤੇ ਦੂਜੀ ‘ਗੋਰੀਆਂ ਨੇ ਦਿਲ ਫੜ ਲਏ’। ਮਾਹਿਲ ਗਹਿਲਾ ਹਾਈ ਸਕੂਲ ਦਾ ਉਹ ਸਾਡਾ ਸਾਥੀ ਹੈ ਤੇ ਇਸ ਵਕਤ ਪਰਿਵਾਰ ਸਮੇਤ ਫਗਵਾੜਾ ਰਹਿੰਦਾ ਹੋਇਆ ਵਾਟਰ ਸਪਲਾਈ ਮਹਿਕਮੇ ਵਿਚ ਨੌਕਰੀ ਕਰ ਰਿਹਾ ਹੈ। ਉਹਦਾ ਛੋਟਾ ਭਾਈ ਅਕਬਰ ਸ਼ੇਖ ਵਧੀਆ ਪੇਂਟਰ ਸੀ। ਮਾਹਲ-ਗਹਿਲਾ ਦੇ ਹਾਈ ਸਕੂਲ ਦਾ ਸਾਡਾ ਸਾਥੀ ਜਸਵਿੰਦਰ ਸਿੰਘ ਵੀ ਨਿਊ ਯਾਰਕ ਰਹਿ ਰਿਹਾ ਹੈ।
ਮਾਹਿਲ ਗਹਿਲਾ ਦੇ ਹਾਈ ਸਕੂਲ ਨੇ ਸਮੇਂ-ਸਮੇਂ `ਤੇ ਵਧੀਆ ਖਿਡਾਰੀ ਦਿੱਤੇ। 1985 ਦਾ ਦਹਾਕਾ ਹਾਈ ਸਕੂਲ ਦੇ ਖਿਡਾਰੀਆਂ ਵਾਸਤੇ ਸੁਨਿਹਰੀ ਮੌਕਾ ਸੀ। ਜਿਥੋਂ ਉਸ ਵੇਲੇ ਪੀ.ਟੀ. ਸਰਬਜੀਤ ਸਿੰਘ ਸਰਬਾ ਮੰਗੂਵਾਲ ਨੇ ਮਿਹਨਤ ਕਰਾ ਕੇ ਤਕੜੇ ਫੁੱਟਬਾਲ ਖਿਡਾਰੀ ਤਿਆਰ ਕੀਤੇ। ਛੇ ਫੁੱਟਬਾਲ ਖਿਡਾਰੀ ਸਟੇਟ ਵਾਸਤੇ ਚੁਣੇ ਗਏ ਸਨ। ਨੈਸ਼ਨਲ ਲੈਵਲ ਦੇ ਜੁਗਵਿੰਦਰ ਸਿੰਘ ਸ਼ੇਰੀ ਕੈਨੇਡਾ (ਪੋ੍ਰ. ਨਿਸ਼ਾਨ ਸਿੰਘ ਦਾ ਪੁੱਤਰ), ਰਘਵੀਰ ਸਿੰਘ ਕਾਲਾ, ਤਜਿੰਦਰ ਸਿੰਘ ਕਿੰਦਾ, ਜਸਵਿੰਦਰ ਬਿੰਦਾ, ਸਤਵਿੰਦਰ ਪਾਲਾ ਨੌਰਾ, ਤਰਸੇਮ ਨੌਰਾ (ਨੌਂ ਸਾਲ ਜੇ.ਸੀ.ਟੀ. ਖਿਡਾਰੀ), ਸੁਰਿੰਦਰ ਪਾਲ ਪੱਪੀ (ਜੇ.ਸੀ.ਟੀ. ਪਲੇਅਰ), ਸੰਦੀਪ ਲਾਲ (ਜੇ.ਸੀ.ਟੀ.), ਮਿੰਟਾਂ (ਜੇ.ਸੀ.ਟੀ.), ਬੂਟਾ ਲਾਲ ਯੂ.ਕੇ., ਸੁਰਜੀਤ ਰਾਮ (ਸਾਬਕਾ ਸਰਪੰਚ ਮਾਹਿਲ ਗਹਿਲਾ), ਮਨੋਜ ਭਾਸਕਰ ਮੰਨੂ (ਯੂ.ਕੇ.) ਅਤੇ ਰਮਣੀਕ ਸ਼ਰਮਾ ਰੰਮੀ ਖਿਡਾਰੀ ਦਿਤੇ।
ਅਗਰ ਮਾਹਿਲ ਗਹਿਲਾ ਫੁੱਟਬਾਲ ਕਰਕੇ ਮਸ਼ਹੂਰ ਹੈ ਤਾਂ ਕਬੱਡੀ ਵਿਚ ਵੀ ਕੈਲੀਫੋਰਨੀਆ ਰਹਿੰਦੇ ਮਾਹਲ ਭਰਾਵਾਂ- ਸਰਬਜੀਤ ਤੇ ਜਸਵੀਰ ਨੇ ਧੰਨ-ਧੰਨ ਕਰਾਈ। ਕੈਲੀਫੋਰਨੀਆ ਅਤੇ ਹੋਰ ਸ਼ਹਿਰਾਂ ਵਿਚ ਆਪਣੇ ਨਾਂ ਦੀ ਪਛਾਣ ਬਣਾਈ। ਦੋਵਾਂ ਭਰਾਵਾਂ ਨੇ ਪਹਿਲਵਾਨ ਧੰਨਾ ਸਿੰਘ ਦੀ ਦੇਖ-ਰੇਖ ਹੇਠ ਕਈ ਸਾਲ ਪਹਿਲਵਾਨੀ ਦੇ ਨਾਲ-ਨਾਲ ਤਕੜੀ ਕਬੱਡੀ ਖੇਡੀ। ਸਰਬਜੀਤ ਦੇ ਪੁੱਤਰ ਰਾਜਵਿੰਦਰ ਸਿੰਘ ਰਵੀ ਮਾਹਲ ਤੇ ਗੈਰੀ ਮਾਹਲ ਫੁੱਟਬਾਲ ਦੇ ਨਾਮਵਰ ਖਿਡਾਰੀ ਰਹੇ। ਦੋਵੇਂ ਪੁੱਤਰ ਦੋ ਸਾਲ ‘ਨੇਸ਼ਨ ਕੱਪ’ ਖੇਡਣ ਕੈਨੇਡਾ ਜਾਂਦੇ ਰਹੇ। ਰਵੀ ਮਾਹਲ ਤਾਂ ਸਾਰੇ ਕੈਨੇਡਾ ‘ਚ ਖੇਡ ਆਇਆ ਹੈ। ਮਾਹਿਲ ਗਹਿਲਾ ਦੀਆਂ ਤਰੱਕੀਆਂ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ, ਉਹ ਦਿਨ ਦੂਰ ਨਹੀਂ ਜਦੋਂ ਇਥੇ ਸਕੂਟਰਾਂ, ਗੱਡੀਆਂ ਦੀਆਂ ਏਜੰਸੀਆਂ, ਵੱਡੇ-ਵੱਡੇ ਸ਼ੋਅਰੂਮ ਖੁੱਲ੍ਹਣਗੇ। ਮਾਹਿਲ ਗਹਿਲਾ ਦਿਨੋ-ਦਿਨ ਬੰਗਾ ਸ਼ਹਿਰ ਦੇ ਪੰਜੇ `ਚ ਜਾ ਰਿਹਾ ਹੈ। ਰਵਿੰਦਰ ਖੇਡ ਕੰਪਲੈਕਸ ਦੀ ਇਲਾਕੇ ਭਰ ਵਿਚ ਚਰਚਾ ਹੈ। ਉਠਦੇ ਖਿਡਾਰੀਆਂ ਦਾ ਖੇਡ ਖਜ਼ਾਨਾ ਹੈ। ਹੁਣ ਤਾਂ ਪੰਜਾਬ ਤੋਂ ਬਾਹਰ ਦੇ ਪਹਿਲਵਾਨ ਇਥੇ ਆ ਕੇ ਮਿਹਨਤ ਕਰਦੇ ਹਨ ਤੇ ਰਿਹਾਇਸ਼ ਬਗੈਰਾ ਸਭ ਖੇਡ ਕੰਪਲੈਕਸ ਵਿਚ ਹੀ ਹੈ। ਮਾਹਿਲ ਗਹਿਲਾ ਜ਼ਿੰਦਾਬਾਦ…।
ਸਿਹਤ ਬਣਾਉਣ ਦਾ ਸ਼ੌਕ ਤਾਂ ਹਰ ਕੋਈ ਰੱਖਦੈ,
ਤੜਕੇ ਉਠਦਾ ਕੋਈ ਕੋਈ ਏ।
ਪਹਿਲਵਾਨੀ ਦਾ ਸ਼ੌਕ ਤਾਂ ਰੱਖਣ ਬਹੁਤੇ,
ਅਖਾੜੇ ਜਾਂਦਾ ਕੋਈ ਕੋਈ ਏ।
ਮਿਹਰਦੀਨ ਬੁੱਧੂ ਬਿੱਲਾ ਬਣਨਾ ਹਰ ਕੋਈ ਚਾਹੁੰਦਾ,
ਸੱਚੀ ਲਗਨ ਦਾ ਪੱਕਾ ਕੋਈ ਕੋਈ ਏ।
‘ਇਕਬਾਲ ਸਿੰਹਾਂ’ ਨਸ਼ਿਆਂ ਤੋਂ ਬਚਣ ਦਾ ਹੋਕਾ ਦੇ ਦਿਉ ਨੌਜਵਾਨੀ ਨੂੰ,
ਨਹੀਂ ਤਾਂ ਜ਼ਿੰਦਗੀ `ਚ ਬਚਦਾ ਕੋਈ ਕੋਈ ਏ।