ਭੁੱਖ ਤੇ ਸਕੂਨ

ਇੰਦਰਜੀਤ ਚੁਗਾਵਾਂ
ਟਰੱਕ ਡਰਾਈਵਰ ਦੀ ਜਿ਼ੰਦਗੀ ਅਜਿਹੀ ਹੈ ਕਿ ਕੁਝ ਵੀ ਤੈਅ ਨਹੀਂ ਹੁੰਦਾ। ਘਰੋਂ ਤੁਰਨ ਵੇਲੇ ਦਾ ਪ੍ਰੋਗਰਾਮ ਕਿਹੜੀ ਘੜੀ ਬਦਲ ਜਾਵੇ, ਕੋਈ ਪਤਾ ਨਹੀਂ ਹੁੰਦਾ। ਪਰਿਵਾਰ ਨਾਲ ਬਣਾਇਆ ਪ੍ਰੋਗਰਾਮ ਬਹੁਤੀ ਵਾਰ ਧਰਿਆ-ਧਰਾਇਆ ਰਹਿ ਜਾਂਦੈ। ਅਜਿਹੇ ਹਾਲਾਤ ਦਾ ਸਾਹਮਣਾ ਤਾਂ ਦੇਰ ਤੋਂ ਈ ਕਰਦੇ ਆ ਰਹੇ ਹਾਂ, ਪਰ ਅਮਰੀਕਾ ਆ ਕੇ ਜਦ ਇਸ ਦਾ ਸਾਹਮਣਾ ਕਰਨਾ ਪਿਆ ਤਾਂ ਸ਼ੁਰੂ ਸ਼ੁਰੂ ‘ਚ ਬਹੁਤ ਅਕੇਵੇਂ ਦਾ ਅਹਿਸਾਸ ਹੋਇਆ ਸੀ, ਪਰ ਹੁਣ ਆਦਤ ਪੈਂਦੀ ਜਾ ਰਹੀ ਐ। ਫਿਰ ਵੀ ਮਨੁੱਖ ਹਾਂ ਆਖਰ… ਦੋ ਘੜੀ ਚੈਨ ਨਾਲ ਪਰਿਵਾਰ ‘ਚ ਮਿਲ-ਬੈਠਣ ਨੂੰ ਦਿਲ ਤਾਂ ਕਰਦਾ ਈ ਐ ਨਾ!

ਆਮ ਵਰਤਾਰਾ ਇਹ ਐ ਕਿ ਸਵੇਰ ਦੇ ਪ੍ਰੋਗਰਾਮ ਦਾ ਸ਼ਾਮ ਨੂੰ ਜਾਂ ਦੇਰ ਸ਼ਾਮ ਪਤਾ ਲੱਗ ਜਾਂਦੈ। ਕੰਪਨੀ ਮਾਲਕ, ਜੋ ਮੇਰੇ ਬੱਚਿਆਂ ਸਮਾਨ ਐ, ਦਾ ਫੋਨ ਆ ਗਿਆ ਸੀ ਕਿ ਭਲਕ ਦਾ ਕੋਈ ਲੋਡ ਨਹੀਂ ਹੈ, ਤੁਸੀਂ ਚਿੱਲ ਕਰੋ! ਮਤਲਬ ਇਹ ਕਿ ਮਸਤੀ ਮਾਰੋ! ਹਮਸਫਰ ਪੰਮ ਨੂੰ ਸਵੇਰੇ ਕੰਮ ‘ਤੇ ਛੱਡਣ ਦੀ ਜਿ਼ੰਮੇਵਾਰੀ ਕੁਦਰਤੀ ਤੌਰ ‘ਤੇ ਮੇਰੀ ਸੀ। ਸਵੇਰੇ ਉੱਠੇ, ਚਾਹ ਦਾ ਕੱਪ ਪੀ ਕੇ ਪੰਮ ਨੂੰ ਕੰਮ ‘ਤੇ ਛੱਡਣ ਲਈ ਤਿਆਰ ਹੋਇਆ ਈ ਸੀ ਕਿ ਫੋਨ ਆ ਗਿਆ, “ਅੰਕਲ, ਕਿੱਥੇ ਓਂ? ਬੁਰਾ ਨਾ ਮੰਨਿਓਂ, ਇੱਕੋ ਲੋਡ ਐ। ਆਪਣੇ ਯਾਰਡ ਦੇ ਬਿਲਕੁਲ ਨਾਲ। ਹੁਣੇ ਆ ਜਾਓ, ਫੇਰ ਤੁਸੀਂ ਵਿਹਲੇ!” ਮੈਂ ਦੱਸਿਆ ਕਿ ਅਜੇ ਚਾਹ ਦਾ ਕੱਪ ਈ ਲਿਐ। ਕੁਝ ਖਾ ਪੀ ਲਵਾਂ, ਫੇਰ ਆਉਨਾਂ; ਪਰ ਨਹੀਂ, ਉਸ ਮੁਤਾਬਕ ਸਿਰਫ ਘੰਟੇ-ਡੇਢ ਘੰਟੇ ਦੀ ਸਾਰੀ ਗੱਲ ਐ।
ਪੰਮ ਨੂੰ ਕੰਮ ‘ਤੇ ਛੱਡ ਮੈਂ ਯਾਰਡ ‘ਚ ਜਾ ਪਹੁੰਚਾ ਤੇ ਲੋਡ ਸੱਚਮੁੱਚ ਸਵਾ ਕੁ ਮੀਲ ‘ਤੇ ਲਾਹੁਣਾ ਸੀ। ਵਿਹਲਾ ਵੀ ਦੋ ਘੰਟੇ ‘ਚ ਹੋ ਗਿਆ। ਇੱਕ ਸਵਾ ਇੱਕ ਵਜੇ ਘਰ ਪਹੁੰਚਾ ਈ ਸੀ ਕਿ ਫੇਰ ਫੋਨ ਆ ਗਿਆ, “ਅੰਕਲ, ਕਿੱਥੇ ਓਂ?… ਹੈ ਤਾਂ ਤੁਹਾਨੂੰ ਪ੍ਰੇਸ਼ਾਨੀ, ਪਰ ਇੱਕ ਨਿੱਕਾ ਜਿਹਾ ਕੰਮ ਐਂ, ਤੁਹਾਨੂੰ ਈ ਕਰਨਾ ਪੈਣਾ, ਹੋਰ ਡਰਾਈਵਰ ਕੋਈ ਹੈ ਨਹੀਂ।” ਮੇਰੇ ਕੋਲ ਨਾਂਹ ਕਰਨ ਦਾ ਕੋਈ ਕਾਰਨ ਈ ਨਹੀਂ ਸੀ। ਕਾਹਲੀ ‘ਚ ਇੱਕ ਸੇਬ ਹੱਥ ‘ਚ ਲੈ ਕੇ ਤੁਰ ਪਿਆ। ਇਹ ਕੰਮ ਵੀ ਦੋ ਮੀਲ ਦੇ ਅੰਦਰ ਅੰਦਰ ਈ ਸੀ। ਫੂਡ ਬੈਂਕ ‘ਚ ਦਾਨ ਵਜੋਂ ਖਾਣ-ਪੀਣ ਦਾ ਸਾਮਾਨ ਦੇ ਕੇ ਆਉਣਾ ਸੀ।
ਦਰਅਸਲ ਨਿਊ ਯਾਰਕ ਤੋਂ ਕਾਸਕੋ ਲਈ ਇੱਕ ਟ੍ਰੇਲਰ ਚਿਕਨ ਮੀਟ ਲੈ ਕੇ ਆਏ ਸੀ ਤੇ ਉਸ ਵਿਚ ਬਰੋਕਰ ਨੇ ਡੇਢ ਪੈਲਟ ਵੱਧ ਮੀਟ ਲੋਡ ਕਰ ਦਿੱਤਾ ਸੀ, ਜੋ ਕਾਸਕੋ ਮੈਨੇਜਮੈਂਟ ਨੇ ਲੈਣ ਤੋਂ ਨਾਂਹ ਕਰ ਦਿੱਤੀ ਸੀ। ਇਸ ਮੀਟ ਨੂੰ ਸੁੱਟਿਆ ਤਾਂ ਜਾ ਨਹੀਂ ਸੀ ਸਕਦਾ, ਇਸ ਲਈ ਉਨ੍ਹਾਂ ਫੂਡ ਬੈਂਕ ਨੂੰ ਦੇਣ ਦਾ ਫੈਸਲਾ ਕਰ ਲਿਆ। ਮੈਂ ਟ੍ਰੇਲਰ ਡੋਰ ‘ਤੇ ਲਾ ਕੇ ਫੂਡ ਬੈਂਕ ਦੇ ਕਾਰਿੰਦੇ ਵੱਲ ਗਿਆ, ਜਿਸ ਨੇ ਇਹ ਲੋਡ ਉਤਾਰਨਾ ਸੀ। ਉਹ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਕਹਿਣ ਲੱਗਾ, “ਇਹ ਟ੍ਰੇਲਰ ਕੱਲ੍ਹ ਵੀ ਆਇਆ ਸੀ। ਅਸੀਂ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ। ਅਸੀਂ ਸਿਰਫ ਫਰੋਜ਼ਨ ਚਿਕਨ ਹੀ ਲੈਂਦੇ ਹਾਂ, ਫਰੈੱਸ਼ ਨਹੀਂ।”
ਕੰਪਨੀ ਮਾਲਕ ਨੂੰ ਦੱਸਿਆ ਤਾਂ ਉਹ ਵੀ ਪ੍ਰੇਸ਼ਾਨ ਹੋ ਉੱਠਿਆ। ਉਸ ਨੇ ਸੋਚਿਆ ਸੀ ਕਿ ਰਾਤ ਭਰ ਰੀਫਰ ਮਨਫੀ ਟੈਂਪਰੇਚਰ ‘ਤੇ ਚਲਾ ਕੇ ਚਿਕਨ ਫਰੀਜ਼ ਹੋ ਜਾਵੇਗਾ, ਪਰ ਫੂਡ ਬੈਂਕ ਵਾਲੇ ਟੱਸ ਤੋਂ ਮੱਸ ਨਾ ਹੋਏ। …ਤੇ ਮੈਨੂੰ ਵਾਪਸ ਯਾਰਡ ‘ਚ ਆਉਣ ਲਈ ਕਹਿ ਦਿੱਤਾ ਗਿਆ। ਉਸ ਵੇਲੇ ਬਾਅਦ ਦੁਪਹਿਰ ਦੇ ਤਿੰਨ ਵੱਜ ਚੁਕੇ ਸਨ।
ਯਾਰਡ ਕੋਲ ਪਹੁੰਚਿਆ ਈ ਸੀ ਕਿ ਫੇਰ ਫੋਨ ਆ ਗਿਆ, “ਅੰਕਲ, ਤੁਹਾਨੂੰ ਇੱਕ ਹੋਰ ਐਡਰੈੱਸ ਭੇਜਿਐ, ਉੱਥੇ ਲਾਹ ਕੇ ਆਓ ਪਲੀਜ਼, ਦਰਅਸਲ ਇਹ ਟ੍ਰੇਲਰ ਆਪਾਂ ਨੂੰ ਸਵੇਰੇ ਤੜਕੇ ਚਾਹੀਦੈ।” ਭੁੱਖ ਨਾਲ ਬੁਰਾ ਹਾਲ, ਪਰ ਨਾਂਹ ਵੀ ਨਹੀਂ ਸੀ ਕਰ ਸਕਦਾ। ਰਸਤੇ ‘ਚੋਂ ਈ ਟਰੱਕ ਦੱਸੀ ਗਈ ਥਾਂ ਵੱਲ ਮੋੜ ਲਿਆ। ਫਰਿਜ਼ਨੋ ਦੇ ਅੰਦਰ ਈ ਕੋਈ ਘੰਟੇ ਕੁ ਦੀ ਦੂਰੀ ‘ਤੇ ਸੀ ਇਹ ਟਿਕਾਣਾ।
ਦੱਸੇ ਗਏ ਟਿਕਾਣੇ ‘ਤੇ ਪਹੁੰਚਿਆ ਈ ਸੀ ਕਿ ਇੱਕ ਜੋੜਾ ਨਜ਼ਰੀਂ ਪਿਆ। ਉਨ੍ਹਾਂ ਰੁਕਣ ਲਈ ਇਸ਼ਾਰਾ ਕੀਤਾ। ਮੈਂ ਸਮਝ ਗਿਆ ਕਿ ਸਾਮਾਨ ਇਨ੍ਹਾਂ ਨੂੰ ਈ ਦੇਣਾ ਐਂ। ਮੈਂ ਥੱਲੇ ਉੱਤਰਿਆ ਈ ਸੀ ਕਿ ਦੋਵੇਂ ਮੀਆਂ-ਬੀਵੀ ਭੱਜ ਕੇ ਆਏ ਤੇ ਮੇਰੇ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆ। ਪਹਿਲੀ ਨਜ਼ਰੇ ਉਹ ਮੈਨੂੰ ਜਪਾਨੀ ਮੂਲ ਦੇ ਜਾਪੇ ਤੇ ਉਨ੍ਹਾਂ ਲਈ ਮੈਂ ਅਫਗਾਨ ਸਾਂ। ਜਦ ਮੈਂ ਆਪਣੇ ਪੰਜਾਬੀ ਹੋਣ ਬਾਰੇ ਦੱਸਿਆ ਤਾਂ ਉਹ ਹੋਰ ਖੁਸ਼ ਹੋ ਗਏ, “ਯੂ ਆਰ ਅਵਰ ਏਸ਼ੀਅਨ ਬ੍ਰਦਰ…!” ਉਨ੍ਹਾਂ ਦੱਸਿਆ ਕਿ ਉਹ ਲਾਓਸ ਤੋਂ ਹਨ। ਬੀਵੀ ਦਾ ਨਾ ਰਕੇਲ ਵੂ ਤੇ ਮੀਆਂ ਦਾ ਨਾ ਬੀ ਵੂ ਸੀ।
ਇਹ ਜੋੜਾ ਪੰਦਰਾਂ-ਸੋਲਾਂ ਸਾਲ ਤੋਂ ਇੱਕ ਲੋਕ ਭਲਾਈ ਸੰਸਥਾ ਚਲਾ ਰਿਹਾ ਹੈ। ਉਨ੍ਹਾਂ ਕੋਲ ਨਾ ਤਾਂ ਸਾਮਾਨ ਰੱਖਣ ਲਈ ਥਾਂ ਸੀ ਤੇ ਨਾ ਸਾਮਾਨ ਉਤਾਰਨ ਲਈ ਕੋਈ ਢੁਕਵਾਂ ਪ੍ਰਬੰਧ ਸੀ। ਸੋਚ ਰਿਹਾ ਸੀ ਕਿ ਇਹ ਏਨਾ ਚਿਕਨ ਰੱਖਣਗੇ ਕਿੱਥੇ! ਉਹ ਹੱਥੀਂ ਸਾਮਾਨ ਉਤਾਰਨ ਲੱਗੇ ਤਾਂ ਮੈਂ ਵੀ ਉਨ੍ਹਾਂ ਦਾ ਹੱਥ ਵੰਡਾਉਣ ਲੱਗ ਪਿਆ। ਮੇਰੀ ਏਨੀ ਕੁ ਮਦਦ ਨਾਲ ਉਹ ਏਨਾ ਖੁਸ਼ ਹੋਏ ਕਿ ਮੈਨੂੰ ਵਾਰ ਵਾਰ ਜੱਫੀਆਂ ਪਾਈ ਜਾਣ, “ਓ ਮਾਈ ਫਰੈਂਡ… ਯੂ ਆਰ ਸੂ ਗੁੱਡ!” ਮੈਂ ਉਨ੍ਹਾਂ ਨੂੰ ਦੱਸਿਆ ਵੀ ਕਿ ਮੈਂ ਤਾਂ ਡਰਾਈਵਰ ਆਂ ਭਾਈ, ਸ਼ੁਕਰੀਆ ਤਾਂ ਮਾਲਕ ਦਾ ਕਰੋ, ਜਿਹਨੇ ਇਹ ਸਮੱਗਰੀ ਭੇਜੀ ਐ; ਪਰ ਨਹੀਂ… ਉਨ੍ਹਾਂ ਲਈ ਮੈਂ ਵੀ ਬਰਾਬਰ ਸਤਿਕਾਰ ਦਾ ਪਾਤਰ ਸੀ।
ਉਨ੍ਹਾਂ ਆਸ-ਪਾਸ ਦੇ ਲੋਕਾਂ ਨੂੰ ਪਹਿਲਾਂ ਈ ਫੋਨ ਕਰ ਰੱਖੇ ਸਨ। ਵੱਖੋ-ਵੱਖ ਭਾਈਚਾਰਿਆਂ ਦੇ ਲੋਕ ਆ ਕੇ ਆਪੋ ਆਪਣਾ ਹਿੱਸਾ ਲੈ ਕੇ ਤੁਰਦੇ ਜਾ ਰਹੇ ਸਨ। ਏਨੇ ਨੂੰ ਰਕੇਲ ਨੇ ਮੇਰੇ ਨਾਲ ਇੱਕ ਫੋਟੋ ਖਿਚਵਾਉਣ ਦੀ ਇੱਛਾ ਜ਼ਾਹਰ ਕੀਤੀ। ਦੋਵੇਂ ਮੀਆਂ-ਬੀਵੀ ਆਸ-ਪਾਸ ਖੜ੍ਹੇ ਹੋ ਗਏ। ਮੈਂ ਅਜਿਹੇ ਕੋਨ ਤੋਂ ਫੋਟੋ ਖਿਚਵਾਈ ਕਿ ਉਸ ਵਿਚ ਦਾਨ ਕੀਤਾ ਸਾਮਾਨ ਬਿਲਕੁਲ ਨਜ਼ਰ ਨਾ ਆਵੇ। ਇਸ ਪਲ ਮੈਨੂੰ ਯਾਦ ਆ ਰਿਹਾ ਸੀ ਕਿ ਕਿਵੇਂ ਨਾਮ ਨਿਹਾਦ ਸਮਾਜ-ਸੇਵੀ ਸੰਸਥਾਵਾਂ ਦੇ ਲੋਕ ਹਸਪਤਾਲਾਂ ‘ਚ ਜਾ ਕੇ ਮਰੀਜ਼ਾਂ ਨੂੰ ਫਲ ਵੰਡਣ ਦੀਆਂ ਤਸਵੀਰਾਂ ਖਿਚਵਾ ਕੇ ਅਖਬਾਰ ‘ਚ ਛਪਵਾਉਣ ਲਈ ਤਰਲੋਮੱਛੀ ਹੋਇਆ ਕਰਦੇ ਸਨ। ਚਿਕਨ ਲੈਣ ਆਏ ਲੋਕਾਂ ਵੱਲ ਦੇਖ ਕੇ ਮੈਨੂੰ ਆਪਣੇ ਪਿੰਡ ਦੇ ਆਲੇ ਦੁਆਲੇ ਦੇ ਭੱਠਾ ਮਜ਼ਦੂਰਾਂ ਤੇ ਗੁੱਜਰਾਂ ਦੇ ਉਹ ਨਿਆਣੇ ਵੀ ਯਾਦ ਆਏ, ਜੋ ਛਬੀਲ ਮੌਕੇ ਵੰਡੇ ਜਾ ਰਹੇ ਕੜਾਹ-ਛੋਲਿਆਂ ਦਾ ਪ੍ਰਸ਼ਾਦ ਲੈਣ ਲਈ ਬੇਚਾਰੇ ਜਿਹੇ ਬਣ ਕੇ ਖੜ੍ਹੇ ਹੁੰਦੇ ਸਨ।
ਰਕੇਲ ਹਰ ਇੱਕ ਨੂੰ ਉਸ ਦੀ ਇੱਛਾ ਮੁਤਾਬਕ ਚਿਕਨ ਵੰਡੀ ਜਾ ਰਹੀ ਸੀ। ਰਕੇਲ ਤੇ ਬੀ ਮੁੜ੍ਹਕੋ-ਮੁੜ੍ਹਕੀ ਹੋਏ ਪਏ ਸਨ, ਪਰ ਉਨ੍ਹਾਂ ਦੇ ਚਿਹਰਿਆਂ ‘ਤੇ ਇੱਕ ਵੱਖਰਾ ਜਿਹਾ ਸਰੂਰ ਨਜ਼ਰ ਆ ਰਿਹਾ ਸੀ।
ਮੈਂ ਸ਼ਾਮ ਅੱਠ ਵਜੇ ਦੇ ਕਰੀਬ ਘਰ ਪੁੱਜਾ। ਪੰਮ ਨੂੰ ਫਿਕਰ ਸੀ ਕਿ ਸਵੇਰ ਦਾ ਕੁਝ ਵੀ ਖਾਧਾ-ਪੀਤਾ ਨਹੀਂ ਸੀ। ਬਾਹਰੋਂ ਖਾਣ ਦੀ ਆਦਤ ਨਹੀਂ ਹੈ, ਪਰ ਬੀ ਵੂ ਤੇ ਰਕੇਲ ਦੀਆਂ ਜੱਫੀਆਂ ਨੇ ਮੇਰੀ ਭੁੱਖ ਗਾਇਬ ਕਰ ਦਿੱਤੀ ਸੀ। ਉਨ੍ਹਾਂ ਦੀ ਇਸ ਮਿਲਣੀ ਦੇ ਨਾਲ ਈ ਮੈਂ ‘ਨਵਾਂ ਜ਼ਮਾਨਾ’ ਵੀ ਜਾ ਆਇਆ ਸਾਂ ਤੇ ਆਪਣੇ ਪਿੰਡ ਦੇ ਨੇੜਲੇ ਭੱਠਾ ਮਜ਼ਦੂਰਾਂ ਤੇ ਗੁੱਜਰਾਂ ਦੇ ਨਿਆਣਿਆਂ ਨੂੰ ਵੀ ਮਿਲ ਆਇਆ ਸਾਂ, ਜੋ ਮੇਰੇ ਪਿੰਡ ਦੇ ਸਕੂਲੇ ਪੜ੍ਹਨ ਆਇਆ ਕਰਦੇ ਸਨ, ਜਿਨ੍ਹਾਂ ਦਾ ਮੈਂ “ਅਖਬਾਰ ਵਾਲਾ ਅੰਕਲ” ਸੀ, ਉਹ ਅੰਕਲ ਜਿਸ ਦੇ ਘਰ ਵੀ ਉਹ ਬਿਨ ਰੋਕ-ਟੋਕ ਆ ਸਕਦੇ ਸਨ।
ਅਪਾਰਟਮੈਂਟ ‘ਚ ਆ ਕੇ, ਨਹਾਅ-ਧੋ ਕੇ ਮੈਂ ਸਵੇਰ ਦੇ ਟਰਿੱਪ ‘ਤੇ ਜਾਣ ਦੀ ਤਿਆਰੀ ‘ਚ ਜੁਟ ਗਿਆ ਸੀ… ਇੱਕ ਵੱਖਰਾ ਜਿਹਾ ਸਕੂਨ ਲਈ। ਭੁੱਖ ਦਾ ਅਜੇ ਵੀ ਕੋਈ ਥਹੁ-ਪਤਾ ਨਹੀਂ ਸੀ…!