ਉਸਤਾਦ ਝੰਡੇ ਖਾਨ ਦਾ ਸੰਗੀਤ

1930ਵਿਆਂ ਦੇ ਦਹਾਕੇ ਵਿਚ ਸ੍ਰੀ ਰਣਜੀਤ ਮੂਵੀਟੋਨ ਕੰਪਨੀ ਦੀਆਂ ਪੁਰਾਣਕ, ਸਮਾਜਕ ਤੇ ਮਜ਼ਾਹੀਆ ਫਿਲਮਾਂ ਵਿਚ ਆਪਣੀਆਂ ਸੰਗੀਤਕ ਸੇਵਾਵਾਂ ਸਦਕਾ ਭਰਪੂਰ ਸ਼ੋਹਰਤ ਖੱਟਣ ਵਾਲੇ ਉਸਤਾਦ ਝੰਡੇ ਖਾਨ ਉਰਫ ਪ੍ਰੋਫੈਸਰ ਝੰਡੇ ਖਾਨ ਉਰਫ ਗੁਲਾਮ ਮੁਸਤਫਾ ਦੀ ਪੈਦਾਇਸ਼ 1871 ਨੂੰ ਜੰਮੂ ਦੇ ਪਿੰਡ ਕੋਟਲੀ ਓਖਲਾਂ ਦੇ ਪੰਜਾਬੀ ਕਸ਼ਮੀਰੀ ਪਰਿਵਾਰ ਵਿਚ ਹੋਈ। ਉਥੇ ਥੋੜ੍ਹਾ ਸਮਾਂ ਰਹਿਣ ਤੋਂ ਬਾਅਦ ਉਹ ਸਿਆਲਕੋਟ ਤੇ ਫਿਰ ਲਾਹੌਰ ਆ ਗਏ।

ਉਨ੍ਹਾਂ ਨੇ ਮੌਸੀਕੀ ਦੀ ਤਾਲੀਮ ਸਕੇ ਉਸਤਾਦ ਭਰਾਵਾਂ ਛੱਜੂ ਖਾਨ, ਨਜ਼ੀਰ ਖਾਨ, ਖਾਦਮ ਹੁਸੈਨ ਭਿੰਡੀ ਬਾਜ਼ਾਰ, ਬੰਬਈ ਵਾਲਿਆਂ ਤੋਂ ਹਾਸਲ ਕੀਤੀ। 1895 ਵਿਚ ਝੰਡੇ ਖਾਨ ਜੁਬਲੀ ਥੀਏਟਰੀਕਲ, ਕੰਪਨੀ ਵਿਚ ਸ਼ਾਮਲ ਹੋ ਗਏ, ਜਿਸ ਦੇ ਮਾਲਕ ਲਾਲਾ ਬਦਰੀ ਪ੍ਰਸ਼ਾਦ ਦਿੱਲੀ ਸਨ। ਉਸ ਵੇਲੇ ਨਾਟਕ ਕੰਪਨੀਆਂ ਪੂਰੇ ਜੋਬਨ ਉਤੇ ਸਨ ਅਤੇ ਝੰਡੇ ਖਾਨ ਵੀ ਬੰਬੇ ਦੀ ਐਲਫਰਡ ਥੀਏਟਰ ਕੰਪਨੀ ਵਿਚ ਹਾਰਮੋਨੀਅਮ ਵਾਦਕ ਵਜੋਂ ਸ਼ਾਮਲ ਹੋ ਗਏ। ਉਨ੍ਹਾਂ ਦੇ ਡਰਾਮਿਆਂ ਦੀਆਂ ਤਰਜ਼ਾਂ ਰਾਗਦਾਰੀ ਦੀਆਂ ਤਰਜ਼ਾਂ ਹੁੰਦੀਆਂ ਸਨ ਜੋ ਰੂਹ ਨੂੰ ਸਕੂਨ ਦਿੰਦੀਆਂ ਸਨ। ਫਿਰ ਉਸਤਾਦ ਝੰਡੇ ਖਾਨ ਨੇ ਥੀਏਟਰ ਛੱਡ ਕੇ ਕਲਕੱਤੇ ਵਿਚ ਸੰਗੀਤ ਸਕੂਲ ਖੋਲ੍ਹ ਲਿਆ, ਜਿੱਥੇ ਉਹ ਸੰਗੀਤ ਦੀ ਵਿੱਦਿਆ ਦਿੰਦੇ ਰਹੇ। ਹੌਲੀ-ਹੌਲੀ ਉਨ੍ਹਾਂ ਦੀਆਂ ਸੰਗੀਤਕ ਧੁੰਨਾਂ ਦੀ ਮਹਿਕ ਫਿਲਮਾਂ ਦੇ ਵੱਡੇ ਮਰਕਜ਼ ਬੰਬੇ ਤੱਕ ਵੀ ਜਾ ਪਹੁੰਚੀ।
ਜਦੋਂ ਸੇਠ ਚੰਦੂ ਲਾਲ ਸ਼ਾਹ ਨੇ ਫਿਲਮ ‘ਦੇਵੀ ਦੇਵਯਾਨੀ` (1931) ਬਣਾਈ ਤਾਂ ਸੰਗੀਤਕਾਰ ਵਜੋਂ ਉਸਤਾਦ ਝੰਡੇ ਖਾਨ ਨੂੰ ਲਿਆ ਕੀਤਾ। ਅਦਾਕਾਰਾਂ ਵਿਚ ਮਿਸ ਗੌਹਰ, ਕੁਮਾਰੀ ਕਮਲਾ, ਡੀ. ਬਿਲੀਮੋਰੀਆ, ਮਾਸਟਰ ਭਗਵਾਨ ਦਾਸ ਵਗੈਰਾ ਸ਼ਾਮਲ ਸਨ। ਚੰਦੂ ਲਾਲ ਸ਼ਾਹ ਨਿਰਦੇਸ਼ਿਤ ਫਿਲਮਾਂ ‘ਸਤੀ ਸਾਵਿੱਤਰੀ` (1932) ਦੇ ਕੁੱਲ 16 ਗੀਤਾਂ, ਫਿਲਮ ‘ਸ਼ੈਲ ਬਾਲਾ` (1932) ਵਿਚ 10 ਗੀਤਾਂ, ਫਿਲਮ ‘ਰਾਧਾ ਰਾਣੀ` ਉਰਫ ‘ਡਿਵਾਈਨ ਲੇਡੀ` (1932) ਦੇ 19 ਗੀਤਾਂ, ਫਿਲਮ ‘ਮਿਸ 1933` (1933) ਦੇ 16 ਗੀਤਾਂ, ‘ਵਿਸ਼ਵ ਮੋਹਿਨੀ` ਉਰਫ ‘ਦਿ ਟੈਂਪਟਰੈਸ` (1933) ਦੇ 7 ਗੀਤਾਂ ਅਤੇ ਫਿਲਮ ‘ਤਾਰਾ ਸੁੰਦਰੀ` (1934) ਦੇ 14 ਗੀਤਾਂ ਦਾ ਸ਼ਾਹਕਾਰ ਸੰਗੀਤ ਤਰਤੀਬ ਕੀਤਾ।
ਜੇਯੰਤ ਦੇਸਾਈ ਨਿਰਦੇਸ਼ਿਤ ਫਿਲਮਾਂ ‘ਚਾਰ ਚਕਰਮ` ਉਰਫ ‘ਫੋਰ ਰਾਸਕਲਸ` ਉਰਫ ‘ਚੰਡਾਲ ਚੌਕੜੀ` ਉਰਫ ‘ਚਾਰ ਭੌਂਦੂ` (1932) ਦੇ 7 ਗੀਤਾਂ ਦਾ ਸੰਗੀਤ, ‘ਭੋਲ਼ਾ ਸ਼ਿਕਾਰ` ਉਰਫ ‘ਐਸੇ ਵਿਕਟਮ` (1933) ਦੇ 12 ਗੀਤਾਂ ਦਾ ਸੰਗੀਤ, ਫਿਲਮ ‘ਭੂਲ ਭੁਲਈਆ` ਉਰਫ ‘ਕਾਮੇਡੀ ਆਫ ਐਰਰਸ` (1933) ਦੇ 7 ਗੀਤਾਂ ਦਾ ਸੰਗੀਤ ਅਤੇ ਫਿਲਮ ‘ਵੀਰ ਬਬਰੂਵਾਹਨ` (1934) ਦੇ 16 ਗੀਤਾਂ ਦਾ ਸੰਗੀਤ ਦਿੱਤਾ। ਚੰਦੂਲਾਲ ਸ਼ਾਹ ਨਿਰਦੇਸ਼ਿਤ ਫਿਲਮ ‘ਪ੍ਰਭੂ ਕਾ ਪਿਆਰਾ` ਉਰਫ ‘ਗੌਡਸ ਬਿਲਵਡ` (1936) ਦੇ 10 ਗੀਤਾਂ ਦਾ ਸੰਗੀਤ ਉਸਤਾਦ ਝੰਡੇ ਖਾਨ ਤੇ ਉਸਤਾਦ ਬੰਨੇ ਖਾਨ ਨੇ ਤਰਤੀਬ ਦਿੱਤਾ। ਨੰਦ ਲਾਲ-ਜਸਵੰਤ ਲਾਲ ਨਿਰਦੇਸ਼ਿਤ ਫਿਲਮ ‘ਪਰਦੇਸੀ ਪ੍ਰੀਤਮ` ਉਰਫ ‘ਸਟਰੀਟ ਐਂਜਲਸ` (1933) ਦੇ 14 ਗੀਤਾਂ ਦਾ ਦਿਲਕਸ਼ ਸੰਗੀਤ ਝੰਡੇ ਖਾਨ ਨੇ ਤਿਆਰ ਕੀਤਾ।
ਆਨੰਦ ਪ੍ਰਸ਼ਾਦ ਕਪੂਰ ਨਿਰਦੇਸ਼ਿਤ ਫਿਲਮ ‘ਦੁਖਤਰ-ਏ-ਹਿੰਦ` ਉਰਫ ‘ਡਾਟਰ ਆਫ ਇੰਡੀਆ` ਉਰਫ ‘ਭਾਰਤੀ ਬਾਲਾ` (1934) ਦੇ 14 ਗੀਤਾਂ ਦੀਆਂ ਤਰਜ਼ਾਂ ਉਸਤਾਦ ਝੰਡੇ ਖਾਨ ਤੇ ਬੀ. ਐਸ. ਹੂਗਨ ਨੇ ਤਾਮੀਰ ਕੀਤੀਆਂ। ਫਿਲਮ ‘ਭਾਰਤ ਕੀ ਬੇਟੀ` (1935) ਵਿਚ ਉਸਤਾਦ ਝੰਡੇ ਖਾਨ ਨੇ ਫਿਲਮ ਦੇ ਕੁੱਲ 12 ਗੀਤਾਂ `ਚੋਂ 9 ਗੀਤਾਂ ਦੀਆਂ ਤੇ ਬਾਕੀ 3 ਗੀਤਾਂ ਦੀਆਂ ਧੁੰਨਾਂ ਅਨਿਲ ਬਿਸਵਾਸ ਨੇ ਬਣਾਈਆਂ। ਫਿਲਮ ‘ਤਸਵੀਰ-ਏ-ਵਫਾ` ਉਰਫ ‘ਫਿਦਾ-ਏ-ਵਤਨ` (1936) ਵਿਚ ਉਸਤਾਦ ਝੰਡੇ ਖਾਨ ਤੇ ਅਨਿਲ ਬਿਸਵਾਸ ਨੇ 10 ਗੀਤਾਂ ਦਾ ਸੰਗੀਤ ਤਿਆਰ ਕੀਤਾ।
ਏ.ਪੀ. ਕਪੂਰ ਨਿਰਦੇਸ਼ਿਤ ਫਿਲਮ ‘ਆਂਸੂਓਂ ਕੀ ਦੁਨੀਆ` ਉਰਫ ‘ਸਾਰੋ ਆਫ ਮੈਨ` (1936) `ਚ ਵੀ ਉਸਤਾਦ ਝੰਡੇ ਖਾਨ ਦਾ ਸੰਗੀਤ ਸੀ, ਪਰ ਇਸ ਫਿਲਮ ਦੇ ਗੀਤਾਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ। ਇਹ ਫਿਲਮ ਬਟਾਲੇ (ਪੰਜਾਬ) ਦੇ ਗੱਭਰੂ ਸੁਰਿੰਦਰ ਨਾਥ (ਬੀ.ਏ.ਐਲ.ਐਲ.ਬੀ.) ਦੀ ਹੀਰੋ ਵਜੋਂ ਪਹਿਲੀ ਫਿਲਮ ਸੀ। ਸੀ.ਐਲ. ਲਾਲਾ ਨਿਰਦੇਸ਼ਿਤ ਫਿਲਮ ‘ਪ੍ਰੇਮ ਬੰਧਨ` ਉਰਫ ‘ਵਿਕਟਿਮਜ਼ ਆਫ ਲਵ` (1936) ਵਿਚ ਝੰਡੇ ਖਾਨ ਨੇ 9 ਗੀਤਾਂ ਵਿਚੋਂ 4 ਗੀਤਾਂ ਦੀਆਂ ਤਰਜ਼ਾਂ ਬਣਾਈਆਂ। ਦਵਾਰਕਾ ਖੋਸਲਾ ਨਿਰਦੇਸ਼ਿਤ ਫਿਲਮ ‘ਸ਼ੇਰ ਕਾ ਪੰਜਾ` (1936) ਦੇ 11 ਗੀਤਾਂ ਦਾ ਸੰਗੀਤ ਉਸਤਾਦ ਝੰਡੇ ਖਾਨ ਤੇ ਅਨਿਲ ਬਿਸਵਾਸ ਨੇ ਤਿਆਰ ਕੀਤਾ। ਅਨਿਲ ਬਿਸਵਾਸ ਦੇ ਮੁਤਾਬਕ ਫਿਲਮ ਦਾ ਸੰਗੀਤ ਅਤੇ ਗੀਤਾਂ ਦੀਆਂ ਤਰਜ਼ਾਂ ਉਨ੍ਹਾਂ ਨੇ ਬਣਾਈਆਂ ਸਨ ਅਤੇ ਝੰਡੇ ਖਾਨ ਨੇ ਸਿਰਫ ਸਾਰੰਗੀ ਵਜਾਈ ਸੀ। ਧੀਰੂਭਾਈ ਦੇਸਾਈ ਨਿਰਦੇਸ਼ਿਤ ਫਿਲਮ ‘ਪਯਾਮ-ਏ-ਹਕ` ਉਰਫ ‘ਨੀਤੀ ਵਿਜਯ` (1939) `ਚ ਉਸਤਾਦ ਝੰਡੇ ਖਾਨ ਤੇ ਸ਼ਿਆਮ ਬਾਬੂ ਨੇ 13 ਗੀਤਾਂ ਦਾ ਸੰਗੀਤ ਤਿਆਰ ਕੀਤਾ।
ਭਗਵਤੀ ਚਰਨ ਵਰਮਾ ਦੇ ਨਾਵਲ ਉਤੇ ਆਧਾਰਿਤ ਕਾਰਪੋਰੇਸ਼ਨ ਆਫ ਇੰਡੀਆ, ਕਲਕੱਤਾ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਸ਼ਾਸਤਰੀ ਸੰਗੀਤ ਪ੍ਰਧਾਨ ਫਿਲਮ ‘ਚਿੱਤਰਲੇਖਾ` (1941) `ਚ ਉਸਤਾਦ ਝੰਡੇ ਖਾਨ ਨੇ ਫਿਲਮ ਦੇ 10 ਗੀਤਾਂ ਵਿਚੋਂ 3 ਦਾ ਸੰਗੀਤ ਦਿੱਤਾ ਜਿਨ੍ਹਾਂ ਵਿਚ ‘ਨੀਲ ਕਮਲ ਮੁਸਕਾਏ ਭੰਵਰਾਂ ਝੂਠੀ ਕਸਮੇਂ ਖਾਏ` (ਭਾਗ 1/2/ਰਾਮ ਦੁਲਾਰੀ), ‘ਤੁਮ ਜਾਓ ਬੜੇ ਭਗਵਾਨ ਬੜੇ ਇਨਸਾਨ ਬਨੋ ਤੋ ਜਾਨੋ` (ਰਾਮ ਦੁਲਾਰੀ) ਗੀਤ ਬਹੁਤ ਪਸੰਦ ਕੀਤੇ ਗਏ ਜਦੋਂਕਿ ਬਾਕੀ 7 ਗੀਤਾਂ ਦਾ ਸੰਗੀਤ ਏ. ਐਸ. ਗਿਆਨੀ ਨੇ ਤਰਤੀਬ ਕੀਤਾ।
ਇਤਿਹਾਸਕ ਫਿਲਮ ‘ਸ਼ਹਿਨਸ਼ਾਹ ਅਕਬਰ` (1943) `ਚ ਝੰਡੇ ਖਾਨ ਨੇ ਫਿਲਮ ਦੇ 14 ਗੀਤਾਂ ਦਾ ਸੋਹਣਾ ਸੰਗੀਤ ਤਿਆਰ ਕੀਤਾ, ਜਿਨ੍ਹਾਂ ਦੇ ਬੋਲ ਪੰਡਤ ਇੰਦਰ, ਦੀਵਾਨ ਸ਼ਰਰ, ਅਰਸ਼ਦ ਗੁਜਰਾਤੀ, ਝੰਡੇ ਖਾਨ ਨੇ ਤਹਿਰੀਰ ਕੀਤੇ। ਫਿਲਮ `ਚ ਕੁਮਾਰ ਨੇ ‘ਅਕਬਰ` ਦਾ ਟਾਈਟਲ ਕਿਰਦਾਰ ਨਿਭਾਇਆ। 1941-42 ਵਿਚ ਉਸਤਾਦ ਝੰਡੇ ਖਾਨ ਨੇ ‘ਜੀਵਨ ਕਾ ਸਾਜ਼` ਦੇ 12 ਗੀਤਾਂ ਦਾ ਸੰਗੀਤ ਦਿੱਤਾ ਸੀ, ਜਿਨ੍ਹਾਂ ਵਿਚੋਂ ਕੁਝ ਗੀਤ ਅਮੀਰਬਾਈ ਕਰਨਾਟਕੀ ਤੇ ਸਰਸਵਤੀ ਰਾਣੇ ਨੇ ਗਾਏ ਸਨ, ਪਰ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ। ਇਸ ਤੋਂ ਬਾਅਦ ਉਸਤਾਦ ਝੰਡੇ ਖਾਨ ਨੇ ਬੰਬੇ ਤੋਂ ਲਾਹੌਰ ਦਾ ਰੁਖ ਕੀਤਾ। ਜਦੋਂ ਸੇਠ ਜਗਨਨਾਥ ਮਾਹੇਸ਼ਵਰੀ ਨੇ ਆਪਣੇ ਅਦਾਰੇ ਦੇ ਬੈਨਰ ਹੇਠ ਪੰਜਾਬੀ ਫਿਲਮ ‘ਰਾਵੀ ਪਾਰ` (1942) ਬਣਾਈ ਤਾਂ ਇਸ ਫਿਲਮ ਵਿਚ ਵਕਤ ਦੇ ਦੋ ਮਸ਼ਹੂਰ ਸੰਗੀਤਕਾਰਾਂ ਨੂੰ ਸੰਗੀਤ ਦੇਣ ਦਾ ਮੌਕਾ ਦਿੱਤਾ, ਜਿਨ੍ਹਾਂ ਵਿਚ ਉਸਤਾਦ ਝੰਡੇ ਖਾਨ ਨੇ ਫਿਲਮ ਦੇ ਦੋ ਸ਼ਾਹਕਾਰ ਗੀਤਾਂ ਦਾ ਸੰਗੀਤ ਤਾਮੀਰ ਕੀਤਾ, ਜਿਨ੍ਹਾਂ ਦੇ ਖੂਬਸੂਰਤ ਬੋਲ ਹਨ ‘ਗਾਉਣੇ ਛੱਡ ਦੇ ਗੀਤ ਪੰਛੀਆਂ` (ਸ਼ਮਸ਼ਾਦ ਬੇਗ਼ਮ) ਅਤੇ ‘ਉਠ ਜਾਗ ਮੁਸਾਫਰ ਭੋਰ ਭਈ ਤੇਰੀ ਰਾਤ ਗ਼ਮਾਂ ਵਿਚ ਬੀਤ ਗਈ` ਜੋ ਬੇਹੱਦ ਮਕਬੂਲ ਹੋਏ। ਫਿਲਮ ‘ਪਗਲੀ` (1943) `ਚ ਉਸਤਾਦ ਝੰਡੇ ਖਾਨ ਤੋਂ ਇਲਾਵਾ 3 ਸੰਗੀਤਕਾਰ ਹੋਰ ਸਨ, ਜਿਨ੍ਹਾਂ `ਚ ਪੰਡਤ ਗੋਬਿੰਦਰਾਮ ਨੇ 3 ਗੀਤ, ਅਮੀਰ ਅਲੀ ਨੇ 3 ਗੀਤ, ਰਸ਼ੀਦ ਅੱਤਰੇ ‘ਅੰਮ੍ਰਿਤਸਰੀ` ਨੇ ਇੱਕ ਗੀਤ ਦਾ ਸੰਗੀਤ ਤਿਆਰ ਕੀਤਾ। ਬਾਕੀ 3 ਗੀਤਾਂ ਦਾ ਸ਼ਾਨਦਾਰ ਸੰਗੀਤ ਝੰਡੇ ਖਾਨ ਨੇ ਤਿਆਰ ਕੀਤਾ ਜਿਨ੍ਹਾਂ ਦੇ ਖੂਬਸੂਰਤ ਬੋਲ ਹਨ- ‘ਜ਼ਮਾਨੇ ਸੇ ਰਸਮੇ ਵਫਾ ਉਠ ਗਈ`, ‘ਯੇਹ ਗੀਤ ਪਪੀਹਾ ਗਾਤਾ ਹੈ` ਤੇ ‘ਗਾ ਰੀ ਸਖੀ ਮਨ ਕੇ ਤਾਰੋਂ ਸੇ` (ਸ਼ਮਸ਼ਾਦ ਬੇਗ਼ਮ) ਜੋ ਖੂਬ ਪਸੰਦ ਕੀਤੇ ਗਏ। ਇਹ ਉਸਤਾਦ ਝੰਡੇ ਖਾਨ ਦੀ ਆਖਰੀ ਫਿਲਮ ਸੀ।
ਜ਼ਾਤੀ ਜ਼ਿੰਦਗੀ ਵਿਚ ਉਸਤਾਦ ਝੰਡੇ ਖਾਨ ਇੰਤਹਾਈ ਨਫੀਸ, ਧਾਰਮਿਕ ਖਿਆਲਾਤ ਵਾਲੇ ਨਵਾਜ਼ ਪਾਬੰਦ ਇਨਸਾਨ ਸਨ। ਉਨ੍ਹਾਂ ਨੇ ਕਦੇ ਵੀ ਆਪਣੀ ਤਸਵੀਰ ਨਹੀਂ ਖਿਚਵਾਈ ਸੀ। ਉਸਤਾਦ ਝੰਡੇ ਖਾਨ ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰਨ ਤੋਂ ਬਾਅਦ ਗੁੱਜਰਾਂਵਾਲਾ ਆਣ ਵੱਸੇ ਜਿੱਥੇ 11 ਅਕਤੂਬਰ 1951 ਨੂੰ 80 ਸਾਲ ਦੀ ਉਮਰ ਵਿਚ ਉਹ ਫੌਤ ਹੋ ਗਏ। ਜਦੋਂ ਕਦੇ ਵੀ ਭਾਰਤੀ ਸਿਨਮਾ ਦੇ ਮੁੱਢਲੇ ਦੌਰ ਦੇ ਫਿਲਮੀ ਸੰਗੀਤ ਦੀ ਗੱਲ ਹੋਵੇਗੀ ਤਾਂ ਸੰਗੀਤ ਦੇ ਬਾਬਾ ਬੋਹੜ ਉਸਤਾਦ ਝੰਡੇ ਖਾਨ ਦਾ ਨਾਮ ਅਦਬ ਨਾਲ ਲਿਆ ਜਾਵੇਗਾ।
-ਮਨਦੀਪ ਸਿੰਘ ਸਿੱਧੂ